ਕੋਹਾਂ ਦੂਰ (ਕਹਾਣੀ)

ਨਾਇਬ ਸਿੰਘ ਮੰਡੇਰ   

Email: manderratia@gmail.com
Cell: +91 94162 84153
Address: ਸਤਨਾਮ ਭਵਨ ਮੇਨ ਬਾਜਾਰ
ਰਤੀਆ (ਹਰਿਆਣਾ) India 125051
ਨਾਇਬ ਸਿੰਘ ਮੰਡੇਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਹਨਾਂ ਨੇ ਕੋਠੇ ਤੇ ਮੰਜੇ ਚਾੜ੍ਹ ਲਏ, ਹੇਠਾਂ ਵਿਹੜਾ ਭਾਵੇਂ ਕਾਫੀ ਵੱਡਾ ਸੀ ਪਰ ਲਾਈਟ ਦੇ ਰਾਤ ਨੂੰ ਨਾ ਆਉਣ ਤੇ ਗਰਮੀ ਦੀ ਤਪਸ਼ ਨਾਲ ਰਾਤ ਨੂੰ ਚੈਣ ਨਹੀਂ ਸੀ ਆਉਂਦੀ । 
  ''ਮੰਮੀ ਮੈਂ ਤਾਂ ਮੰਜਾ ਵਿਚਾਲੇ ਡਾਂਹੂਗੀ । ਲਾਹਮੀਂ ਡਾਉਣ ਨਾਲ ਤਾਂ ਮੈਨੂੰ ਡਰ ਲਗਦੈ ।''
  ''ਕੋਈ ਨੀ ਪੁੱਤ, ਵਿਚਾਲੇ ਡਾਹ ਲੈ, ਡਰ ਤੇਰੀ ਮੰਮੀ ਨੂੰ ਵੀ ਬਹੁਤ ਲਗਦਾ ਹੁੰਦਾ ਸੀ । ਇਹ ਤਾਂ ਹੁਣ ਡਰਨੋ ਹਟੀ ਐ, ਨਾਲੇ ਦਿਨ ਰਾਤ ਦਾ ਕੋਈ ਬਹੁਤਾ ਫ਼ਰਕ ਨਹੀਂ ਹੁੰਦਾ, ਰਾਤ ਨੂੰ ਤਾਂ ਵੱਸ ਹਨੇਰਾ ਹੋ ਜਾਂਦੈ, ਦਿਨ ਨੂੰ ਚਾਨਣ,''ਬਜੂਰਗ ਕਰਮ ਸਿੰਘ ਨੇ ਆਪਣੀ ਦੋਹਤੀ ਨੂੰ ਸਮਝਾਇਆ ।
  ‘ਮੰਮੀ ਤੈਨੂੰ ਵੀ ਰਾਤ ਨੂੰ ਡਰ ਲਗਦੈ ?’
 ‘‘ਹੂੰ, ਲਗਦੈ  ।’’ ਇਹਨਾਂ ਕਹਿ ਗੁਰਜੀਤ ਲੰਮੀਆਂ ਸੋਚਾਂ ’ਚ ਗੁਆਚ ਗਈ । 
ਘਰ ਵਿੱਚ ਸਿਰਫ਼ ਤਿੰਨ ਤਾਂ ਜੀਅ ਸਨ ਰੋਜ਼ੀ ਦੀ ਨਾਨੀ ਆਪਣੀ ਧੀ ਦੇ ਦੁਖੋਂ ਹੀ ਕਈ ਸਾਲ ਪਹਿਲਾਂ ਤੁਰ ਗਈ ਸੀ । ਉਸਦਾ ਇੱਕੋ-ਇੱਕ ਮਾਮਾ ਵਲੈਤ ਚਲਾ ਗਿਆ ਸੀ। ਗੁਰਜੀਤ ਕੌਰ, ਰੋਜ਼ੀ ਤੇ ਉਸਦਾ ਨਾਨਾ ਕਰਮ ਸਿੰਘ ਹੀ ਹੁਣ ਐਨੇ ਵੱਡੇ ਭਾਂਅ-ਭਾਂਅ ਕਰਦੇ ਘਰ 'ਚ ਰਹਿੰਦੇ । ਗੁਰਜੀਤ ਨੂੰ ਆਪਣੇ ਥਾਨੇਦਾਰ ਭਰਾ ਤੇ ਬੜਾ ਮਾਨ ਸੀ । ਉਹ ਅਪਣੀ ਸੱਸ ਨੂੰ ਤਾਂ ਦਬਕਿਆਂ ਨਾਲ ਹੀ ਡਰਾਈ ਰੱਖਦੀ । ਕਈ ਬਾਰ ਉਸਦਾ ਭਰਾ ਵੀ ਥਾਨੇਦਾਰੀ ਦਾ ਰੋਅਬ ਝਾੜ ਆਇਆ ਸੀ । ਉਸਨੇ ਮੁੱਛਾਂ ਨੂੰ ਤਾਅ ਦਿੰਦਿਆਂ ਗੁਰਜੀਤ ਦੀ ਸੱਸ ਨੂੰ ਅੱਖਾਂ ਦਿਖਾਉਂਦਿਆਂ ਆਖਿਆ ਸੀ,''ਬੁੜ੍ਹੀਏ, ਤੁੰ ਜਾਣਦੀ ਐਂ ਗੁਰਜੀਤ ਕੀਹਦੀ ਭੈਣ ਐਂ ? ਸਾਰੇ ਟੱਬਰ ਨੂੰ ਪੁੱਠਾ ਲਮਕਾ ਦੇਉਂ, ਜੇ ਕੁੜੀ ਨੂੰ ਅੱਖਾਂ ਭਰ ਕੇ ਵੀ ਦੇਖਿਐ'' । ਭਰਾ ਗੁਰਜੀਤ ਨੂੰ ਨਾਲ ਲੈ ਕੇ ਪਿੰਡ ਆ ਗਿਆ ਸੀ ਤਾਂ ਮਾਂ ਨੇ ਬਹੁਤ ਤਾੜਿਆ ਸੀ,''ਤੂੰ ਕੁੱੜੀ ਨੂੰ ਕਿਉਂ ਲੈ ਕੇ ਆਇਐ, ਕਿਤੇ ਥਾਨੇਦਾਰੀ ਦੀ ਫੂਕ 'ਚ ਤਾ ਨ੍ਹੀ ਕੁੜੀ ਨੂੰ ਉਸਦੇ ਸਹੁਰਿਆਂ ਤੋਂ ਲਿਆਇਆ । ਧੀਏ, ਤੂੰ ਕਿਉਂ ਇਹਦੇ ਨਾਲ ਆ ਗਈ ।'' ਵੱਸ ਉਸ ਦਿਨ ਤੋਂ ਲੈ ਕੇ ਸਹੁਰਿਆਂ ਨਾਲ ਟੁੱਟ ਭੱਜ ਹੋ ਗਈ ਸੀ । ਰੋਜ਼ੀ ਉਸ ਸਮੇਂ ਮਸਾਂ ਹੀ ਇੱਕ ਸਾਲ ਦੀ ਸੀ ਬੀਤੇ ਪੰਦਰਾਂ ਸਾਲ ਦੇ ਹਟਕੋਰੇ ਉਸਦੀਆਂ ਅੱਖਾਂ ਅੱਗੇ ਘੁੰਮ ਗਏ । ਥਾਨੇਦਾਰੀ ਦਾ ਰੋਅਬ ਦੇਣ ਵਾਲਾ ਭਰਾ ਵੀ ਦੋ ਤਿੰਨ ਸਾਲਾਂ ਬਾਅਦ ਹੀ ਮੂੰਹ ਮੋੜ ਗਿਆ ਸੀ ਜੋ ਕਿਸੇ ਮੇਮ ਨਾਲ ਵਿਆਹ ਕਰਵਾਕੇ ਵਲੈਤ ਚਲਾ ਗਿਆ ਸੀ ।
  ''ਮੰਮੀ, ਕਿੰਨਾ ਸੋਹਣਾ ਚੰਨ ਖਿੜਿਐ, ਜਿਵੇਂ ਦਿਨ ਚੜ ਗਿਆ ਹੋਵੇ
  ''ਹੂੰ'' ਗੁਰਜੀਤ ਨੇ ਸਿਰਫ਼ ਹੰਗੂਰਾ ਹੀ ਭਰਿਆ । ਉਹ ਅਤੀਤ ਵਿੱਚ ਗੁਆਚ ਗਈ ਸੀ । ਵਿਆਹ ਹੋਣ ਸਮੇ ਸ਼ਰਨਦੀਪ ਨੇ ਉਹਨੂੰ ਕਿਹਾ ਸੀ, ''ਤੇਰਾ ਮੁਖੜਾ ਚੌਹਦਵੀਂ ਦੇ ਚੰਨ ਵਰਗਾ ਲਗਦੈ'' । ਉਹ ਦੋ ਮੰਜੀਆਂ ਜੋੜੀਂ ਕੋਠੇ ਤੇ ਪਏ ਆਕਾਸ਼ ਵਿੱਚ ਖਿੜੇ ਹੋਏ ਚੰਨ ਤੇ ਉਸਦੀ ਚਾਨਣੀ 'ਚ ਖਿੜੀ-ਖਿੜੀ ਰਾਤ ਦੀ ਸੁੰਦਰਤਾ 'ਚ ਗੁਆਚ ਗਏ ਸਨ ਤੇ ਪਾਸਾ ਪਰਤਿਆ ਹੀ ਸੀ ਕਿ ਪਤਾ ਨਹੀਂ ਆਕਾਸ਼ ਵਿੱਚ ਬਦਲ ਕਿੱਥੋ ਆ ਗਿਆ ਸੀ ਤੇ ਚਾਰੇ ਪਾਸੇ ਇੱਕ ਦਮ ਹਨੇਰਾ ਛਾ ਗਿਆ ਸੀ । ਗੁਰਜੀਤ ਨੇ ਚੁੰਨੀ ਦੇ ਪਲ੍ਹੇ ਨਾਲ ਮੂੰਹ ਪੂLੰਝਿਆ ਤਾਂ ਚੁੰਨੀ ਹੰਝੂਆਂ ਨਾਲ ਗੱਚ ਹੋ ਗਈ ਸੀ । ਉਸਦੀ ਧੀ ਰੋਜੀ ਤੇ ਬਾਪੂ ਕਰਮ ਸਿੰਘ ਘੂਕ ਸੁੱਤੇ ਪਏ ਸਨ ਪਰ ਉਸਨੂੰ ਨੀਂਦ ਨਹੀਂ ਸੀ ਆ ਰਹੀ। ਪਾਸੇ ਪਲਟਦਿਆਂ ਰਾਤ ਦਾ ਪਿਛਲਾ ਪਹਿਰ ਹੋ ਗਿਆ ਸੀ 'ਤੇ ਚੰਨ ਵੀ ਪਤਾ ਨਹੀਂ ਕਿਹੋ ਜਿਹੇ ਬਦਲਾਂ 'ਚ ਗੁਆਚ ਗਿਆ ਸੀ ਕਿ ਮੁੜ ਦਿਖਾਈ ਹੀ ਨਾ ਦਿੱਤਾ ।
''ਉੱਠ ਪੁੱਤ, ਦਿਨ ਚੜ੍ਹ ਗਿਆ'' ਕਰਮ ਸਿੰਘ ਨੇ ਆਪਣੀ ਧੀ ਨੂੰ ਕਿਹਾ ।
''ਮੈਂ ਤਾਂ ਜਾਗਦੀ ਹੀ ਹਾਂ ਬਾਪੂ'' ਗੁਰਜੀਤ ਨੇ ਜੁਆਬ ਦਿੱਤਾ ।
''ਆਪਾਂ ਨੂੰ ਟੈਮ ਨਾਲ ਈ ਜਾਣਾ ਪਉ, ਕਿਤੇ ਪਹਿਲਾ ਹੀ ਬੋਲ ਨਾ ਵੱਜ ਜਾਵੇ । ਵਕੀਲ ਕਹਿੰਦਾ ਸੀ ਏਸ ਤਰੀਕ ਤੇ ਹੋ ਜਾਊ ਥੋਡਾ ਕੰਮ'' ।
''ਗੱਡੀ ਵਾਲੇ ਨੂੰ ਕਹਿ ਦਿੱਤਾ ਸੀ ? ਟੈਮ ਨਾਲ ਆਉਣ ਨੂੰ'' ਗੁਰਜੀਤ ਨੇ ਕਿਹਾ । 
''ਹਾਂ, ਉਹ ਤਾਂ ਆਉਣ ਹੀ ਵਾਲੈ'' ਕਰਮ ਸਿੰਘ ਨੇ ਮੰਜੇ ਤੋਂ ਕੱਪੜੇ ਇੱਕਠੇ ਕਰਦਿਆਂ ਕਿਹਾ ।
''ਚਲੀਏ ਜੀ,'' ਡਰਾਈਵਰ ਨੇ ਗੇਟ ਦੇ ਬਾਹਰੋਂ ਹੀ ਅੰਦਰ ਆਉਂਦਿਆਂ ਕਿਹਾ ।
''ਆਜਾ ਰੋਟੀ ਖਾ ਲੈ, ਕੀ ਪਤਾ ਕਚਿਹਰੀ 'ਚ ਕਿੰਨਾ ਟੈਮ ਲਗ ਜੇ'' ਬਜੂਰਗ ਨੇ ਕਿਹਾ ।
''ਨਹੀਂ ਜੀ, ਮੈਂ ਤਾਂ ਰੱਜ ਕੇ ਤੁਰਦਾ ਘਰੋਂ, ਇਹ ਤਾਂ ਰੋਜ਼ ਦਾ ਹੀ ਕੰਮ ਐ, ਜੇ ਕੋਈ ਹੋਟਲ-ਹਾਟਲ ਤੇ ਰੋਟੀ ਖਾਂਦੈ ਤਾਂ ਖਾ ਲਈ ਦੀ ਐ, ਨਹੀਂ ਤਾਂ ਐਵੇ ਹੀ ਸਾਰ ਲਈਦੈ ਆਥਣ ਤੱਕ'' ।
''ਚੰਗਾ, ਬੱਸ ਤਿਆਰ ਈ ਆ ਸਾਰੇ''
ਗੁਰਜੀਤ ਨੂੰ ਅੱਜ ਗੱਡੀ 'ਚ ਪੈਰ ਧਰਨਾ ਹੀ ਔਖਾ ਹੋ ਗਿਆ ਸੀ । ਉਹ ਮਨ ਹੀ ਮਨ ਸੋਚ ਰਹੀ ਸੀ ਅੱਜ ਮੈਨੂੰ ਕੀ ਹੋ ਗਿਆ । ਗੱਡੀ 'ਚ ਬੈਠ ਸਾਰੇ ਜਦੋਂ ਘਰੋਂ ਤੁਰੇ ਤਾਂ ਗੁਰਜੀਤ ਨੂੰ ਲੱਗਿਆ ਜਿਵੇ ਅੱਜ ਉਹਦੇ ਹੱਥੋਂ ਜਿੰਦਗੀ ਦਾ ਬਹੁਤ ਵੱਡਾ ਹਿੱਸਾ ਖੁੱਸਣ ਵਾਲਾ ਹੋਵੇ । ਸੜਕ ਤੇ ਤੇਜ ਰਫ਼ਤਾਰ 'ਚ ਭੱਜ ਰਹੀ ਗੱਡੀ 'ਚੋਂ ਬਾਹਰ ਦੇਖਿਆ ਤਾਂ ਗੁਰਜੀਤ ਨੂੰ ਸਾਰਾ ਕੁਝ ਹੀ ਘੁੰਮਦਾ ਨਜ਼ਰ ਆਇਆ ਤੇ ਉਸਨੇ ਅੱਖਾਂ ਬੰਦ ਕਰ ਲਈਆਂ ਉਸਨੂੰ ਲਗਿਆ ਕਿ ਹਰੇਕ ਚੀਜ਼ ਹੀ ਉਸਦਾ ਸਾਥ ਛੱਡ ਰਹੀ ਐ । ਗੱਡੀ 'ਚ ਬੜੀ ਮੱਧਮ ਜਿਹੀ ਸਟੀਰੀਓ ਦੀ ਆਵਾਜ਼ ਉਸਦੇ ਕੰਨਾਂ 'ਚ ਪਈ,         
''ਸਕਾ ਸੰਬੰਧੀ ਸਭ ਤਜ ਗਏ, ਕੋ ਨਾ ਨੀਭਿਓ ਸਾਥ'' ਤਾਂ ਉਸਨੇ ਕੰਨ੍ਹਾਂ ਤੇ ਹੱਥ ਧਰ ਲਏ । ਉਸਦੇ ਅੰਦਰ ਹਲਚਲ ਪੈਦਾ ਹੋ ਗਈ ਡਰਾਈਵਰ ਨੇ ਗੱਡੀ ਨੂੰ ਕਚਿਹਰੀ ਵਾਲੇ ਪਾਸੇ ਮੋੜ ਲਿਆ । ਗੱਡੀ ਮੁੜਦਿਆਂ ਹੀ ਉਹਦੇ ਸਰੀਰ ਵਿਚੋਂ ਸੀਤ ਜਿਹਾ ਨਿਕਲ ਗਿਆ ।
ਗੱਡੀ 'ਚੋਂ ਉਤਰਦਿਆਂ ਹੀ ਉਸਨੇ ਆਲੇ-ਦੁਆਲੇ ਦੇਖਿਆ ਅੱਜ ਉਸਦੇ ਚਿਹਰੇ ਤੇ ਘਬਰਾਹਟ ਸਾਫ਼ ਝਲਕਦੀ ਸੀ । ਉਸ ਨਾਲ ਆਈ ਉਸਦੀ ਸੋਲਾਂ ਵਰ੍ਹਿਆਂ ਦੀ ਬੇਟੀ ਰੋਜੀ ਨੇ ਗੱਡੀ ਵਿੱਚ ਬੈਠਿਆ ਹੀ ਕਿਹਾ,''ਮੰਮੀ ਗੱਡੀ ਅੱਗੇ ਨਹੀਂ ਜਾਂਦੀ ? ਐਨਾ ਪਿੱਛੇ ਹੀ ਕਿਉਂ ਰੋਕ ਦਿੱਤੀ ? ਪਹਿਲਾਂ ਤਾਂ ਆਪਾਂ ਉਧਰ ਪਾਰਕ ਕੋਲ ਰੋਕਦੇ ਹੁੰਦੇ ਸੀ ।''
  ''ਉੱਥੇ ਭੀੜ ਜਿਆਦਾ ਹੁੰਦੀ ਐ, ਏਥੇ ਇੱਕ ਪਾਸੇ ਹੀ ਠੀਕ ਐ'' ਨਾਲ ਹੀ ਬੈਠੇ ਰੋਜੀ ਦੇ ਨਾਨੇ ਨੇ ਕਿਹਾ ।
''ਚੱਲ, ਉਤਰ ਬੇਟੇ, ਏਥੇ ਹੀ ਠੀਕ ਐ ਇੱਕ ਪਾਸੇ'' ਰੋਜੀ ਦੀ ਮੰਮੀ ਨੇ ਉਖੜੇ ਜਿਹੇ ਮਨ ਨਾਲ ਕਿਹਾ।
   ਕਾਹਲੇ ਕਦਮਾਂ ਨਾਲ ਚਲਦਿਆਂ ਉਹ ਵਕੀਲ ਦੇ ਚੈਂਬਰ 'ਚ ਹੋ ਕੇ ਅਦਾਲਤ ਵਿੱਚ ਇੱਕ ਪਾਸੇ ਪੱਥਰ ਦੀਆਂ ਬਣੀਆਂ ਕੁਰਸੀਆਂ ਤੇ ਬੈਠ ਗਏ । ਵੱਖ-ਵੱਖ ਕੇਸਾਂ ਦੀ ਮਾਰ ਝੱਲ ਰਹੇ ਲੋਕ ਭੰਮੀਰੀ ਵਾਂਗ ਏਧਰ-ਓਧਰ ਘੁੰਮ ਰਹੇ ਸਨ। ਕੁਰਬਲ - ਕੁਰਬਲ ਫਿਰਦੇ ਲੋਕਾਂ ਵੱਲ ਵਿਰਤੀ ਲਾਉਦਿਆਂ ਗੁਰਜੀਤ ਨੇ ਮਨ ਹੀ ਮਨ ਸੋਚਿਆ, ਇਹ ਲੋਕ ਵੀ ਘਰਾਂ ਦੇ ਝਗੜਿਆਂ 'ਚ ਫਸੇ ਹੋਏ ਨੇ ? ਕੀ ਇਹਨਾਂ ਦੀ ਜਿੰਦਗੀ ਵੀ ਮੇਰੇ ਵਰਗੀ ਐ ? ਕੀ ਇਹ ਵੀ ਮੇਰੇ ਵਾਂਗੂ ਹਟਕੋਰਿਆਂ ਦੀ ਜਿੰਦਗੀ ਜਿਉਂਦੇ ਨੇ'' ? ਹੋਰ ਵੀ ਪਤਾ ਨਹੀਂ ਕਿਹੜੀਆਂ ਉਲਝਣਾਂ ਭਰੀਆਂ ਗੱਲਾਂ ਉਸਦੇ ਮਨ ਨੂੰ ਝੰਝੋੜ ਰਹੀਆਂ ਸਨ ਉਹ ਸੋਚਾਂ ਸੋਚਦੀ ਪਥਰ ਦੀ ਕੁਰਸੀ ਤੇ ਬੈਠੀ ਬੇਚੈਨ ਹੋ ਰਹੀ ਸੀ। ਉਸਦੇ ਵਿਆਹ ਸਮੇਂ ਮਾਂ ਦੀ ਕਹੀ ਗੱਲ ਉਸਨੂੰ ਚੇਤੇ ਆਈ,''ਪੁੱਤ,ਤੀਵੀਂ ਤਾਂ ਮਰਦ ਦੇ ਕਹੇ ਮੁਤਾਬਕ ਚਲਦੀ ਹੁੰਦੀ ਐ, ਜੇ ਕਦੇ ਉਹ ਗੁੱਸੇ ਹੋ ਵੀ ਜਾਵੇ ਤਾਂ ਮੁਆਫੀ ਮੰਗਣ ਵਿੱਚ ਵੀ ਕੋਈ ਹਰਜ਼ ਨਹੀਂ ਹੁੰਦਾ । ਤੀਵੀਂ ਤੇ ਮਰਦ ਦਾ ਤਾਂ ਹਰ ਰੋਜ਼ ਕੋਈ ਨਾ ਕੋਈ ਝਗੜਾ ਹੁੰਦਾ ਹੀ ਰਹਿੰਦੈ । ਦੇਖੀ, ਕਿਤੇ ਮੁਹਰੇ ਬੋਲਣ ਲੱਗ ਜੇ ਫੇਰ ਨੀ ਘਰ ਬਸਦਾ । ਇਹ ਗੱਲਾਂ ਹਰੇਕ ਚੰਗੀ ਮਾਂ ਧੀ ਨੂੰ ਸਮਝਾ ਕੇ ਸਹੁਰੇ ਤੋਰਦੀ ਐ । ਮੈਨੂੰ ਵੀ ਤੇਰੀ ਨਾਨੀ ਨੇ ਇਹੀ ਸਮਝਾਇਆ ਸੀ । ਤਾਈਓ ਤਾਂ ਮੈਂ ਐਨੇ ਅੜਬ ਬੰਦੇ ਨਾਲ ਜਿੰਦਗੀ ਗੁਜਾਰ ਲਈ,'' । 
  ਗੁਰਜੀਤ ਦੇ ਮੂੰਹੋ ਅਚਨਚੇਤ ਨਿਕਲ ਗਿਆ,''ਮੈਂ ਕਿਉਂ ਨਹੀਂ ਮਾਂ ਦੀਆਂ ਗੱਲਾਂ ਵੱਲ ਧਿਆਨ ਦਿੱਤਾ ?'' 
 ''ਕਿਹੜੀਆਂ ਗੱਲਾਂ ਬੇਟੇ'' ਗੁਰਜੀਤ ਦੇ ਪਿਤਾ ਨੇ ਹੈਰਾਨੀ 'ਚ ਪੁੱਛਿਆ । 
 ''ਨਹੀਂ, ਕੋਈ ਨੀ ਬਾਪੂ । ਐਵੇਂ ਹੀ ਮਨ ਭਰ ਆਇਆ ਸੀ'' ਗੁਰਜੀਤ ਨੇ ਗੱਲ ਟਾਲਦਿਆਂ ਕਿਹਾ ।
 ''ਨਾਨਾ, ਮੇਰੇ ਡੈਡੀ ਨਾਲ ਅੱਜ ਨਬੇੜਾ ਹੋਜੂਗਾ ?'' ਰੋਜੀ ਨੇ ਕਿਹਾ ।
 ''ਹਾਂ, ਪੁੱਤ ਵਕੀਲ ਕਹਿੰਦਾ ਸੀ ਅੱਜ ਇੱਕ ਪਾਸਾ ਹੋਜੂ'' ।
 ''ਨਾਨਾ, ਮੈਂ ਅੱਜ ਮੇਰੇ ਡੈਡੀ ਨੂੰ ਮਿਲਕੇ ਦੇਖ ਲਵਾਂ, ਫੇਰ ਤਾਂ...'' ਰੋਜ਼ੀ ਦੇ ਅੱਖਾਂ 'ਚੋਂ ਹੰਝੂ ਵਹਿ ਤੁਰੇ ।
 ''ਹੁਣ ਉਹ ਕੀ ਲਗਦੈ ਆਪਣਾ ? ਉਹਨੂੰ ਮਿਲਣ ਦਾ ਕੀ ਫਾਇਦਾ ?'' ਬਜੂਰਗ ਨੇ ਦਬਵੀਂ ਆਵਾਜ 'ਚ ਕਿਹਾ।
  ਗੁਰਜੀਤ ਨੇ ਆਪਣੀ ਬੇਟੀ ਰੋਜ਼ੀ ਤੇ ਪਿਤਾ ਦੀਆਂ ਗੱਲਾਂ ਦਾ ਕੋਈ ਹੰਗੂਰਾ ਨਾ ਭਰਦਿਆਂ ਦੂਜੇ ਪਾਸੇ ਮੂੰਹ ਕਰ ਲਿਆ । ਆਪਣੀ ਚੂੰਨੀ ਦੇ ਪਲ੍ਹੇ ਨਾਲ ਅੱਖਾਂ ਪੂੰਝ ਕੇ ਉਹ ਆਪਣੀ ਬਾਰੀ ਆਉਣ ਦਾ ਪਤਾ ਕਰਨ ਲਈ  ਹਾਕ ਮਾਰਨ ਵਾਲੇ ਅਰਦਲੀ ਕੋਲ ਚਲੀ ਗਈ । ਉੱਥੇ ਹੀ ਉਸਦਾ ਪਤੀ ਸ਼ਰਨਦੀਪ ਖੜਾ ਸੀ ਉਸਨੇ ਅਲਸਾਈਆਂ ਅੱਖਾਂ ਨਾਲ ਗੁਰਜੀਤ ਨੂੰ ਅੱਜ ਕਈ ਵਰ੍ਹਿਆਂ ਬਾਅਦ ਰੱਜ ਕੇ ਤਕਿਆ । ਜਿਹੜੇ ਚਿਹਰੇ ਨੂੰ ਉਹ ਪਹਿਲਾਂ ਦੇਖਣਾ ਵੀ ਪਸੰਦ ਨਹੀਂ ਸੀ ਕਰਦਾ ਜੇ ਅਦਾਲਤ ਵਿੱਚ ਮੇਲ ਹੁੰਦਾ ਵੀ ਤਾਂ ਮੂੰਹ ਦੂਜੇ ਪਾਸੇ ਕਰ ਲੈਂਦਾ, ਅੱਜ ਪਤਾ ਨੀ ਕੀ ਕਰਿਸ਼ਮਾ ਹੋ ਗਿਆ ਸੀ ਗੁਰਜੀਤ ਵੀ ਅਚਨਚੇਤ ਆ ਕੇ ਉਸ ਵੱਲ ਤਕ ਰਹੀ ਸੀ । ਜਿਵੇਂ ਕੁਝ ਗੁਆਚਿਆ ਹੋਇਆ ਲਭ ਰਹੀ ਹੋਵੇ । ਦੂਸਰੇ ਹੀ ਪਲ ਉਹ ਦੋਵੇਂ ਆਪਣੀ ਬਿਰਤੀ ਤੋੜ ਘੂਰੀ ਵੱਟ ਦੂਸਰੇ ਪਾਸੇ ਚਲੇ ਗਏ । ਦੋਵਾਂ ਦੇ ਅੰਦਰ ਖਲਵਲੀ ਜਿਹੀ ਮੱਚ ਉਠੀ ਸੀ । ਗੁਰਜੀਤ ਕੁਰਸੀ ਤੇ ਬੈਠਦਿਆਂ ਹੀ ਕਹਿ ਉੱਠੀ ਸੀ ''ਨਹੀਂ, ਉਂਝ ਦੋਸ਼ ਤਾਂ ਮੇਰਾ ਹੀ ਸੀ ਉਹ ਤਾਂ ਬਸ...'' ।
''ਕੀ ਆਖਿਆ ਪੁੱਤ'' ? ਬਜੂਰਗ ਨੇ ਕਿਹਾ । 
''ਨਹੀਂ, ਕੁਸ਼ ਨਹੀਂ, ਮੈਂ ਤਾਂ ਐਵੇ ਹੀ ਬਸ'' ਗੁਰਜੀਤ ਦਾ ਗੱਚ ਭਰ ਆਇਆ । 
  ''ਹਾਂ ਬਈ, ਗੁਰਜੀਤ ਬਨਾਮ ਸ਼ਰਨਦੀਪ ਆ ਜਾਉ'' ਹਾਕ ਵਜਦਿਆਂ ਹੀ ਅਦਾਲਤ ਦੇ ਕਟਿਹਰੇ ਵਿੱਚ ਗੁਰਜੀਤ ਤੇ ਸ਼ਰਨਦੀਪ ਚਲੇ ਗਏ ਉਹਨਾਂ ਨਾਲ ਰੋਜ਼ੀ ਵੀ ਗਈ । ਰੋਜ਼ੀ ਨੇ ਆਪਣੀ ਮੰਮੀ ਤੋਂ ਅੱਖ ਬਚਾਕੇ ਡੈਡੀ ਨੂੰ ਰੱਜਕੇ ਤਕਿਆ ਤਾਂ ਸ਼ਰਨਦੀਪ ਦੀ ਵਿਰਤੀ ਜੱਜ ਵਾਲੇ ਪਾਸੋਂ ਟੁੱਟ ਆਪਣੀ ਮੁਟਿਆਰ ਹੋਈ ਧੀ ਰੋਜ਼ੀ ਤੇ ਟਿਕ  ਗਈ ਤੇ ਉਸਦਾ ਹੱਥ ਰੋਜ਼ੀ ਦੇ ਸਿਰ ਤੇ ਆਪ ਮੁਹਾਰੇ ਜਾ ਟਿਕਿਆ ।
  ''ਹਾਂ, ਗੁਰਜੀਤ ਬਨਾਮ ਸ਼ਰਨਦੀਪ ਤੁਸੀਂ ਹੋ'' ਰੀਡਰ ਨੇ ਜ਼ੋਰ ਦੇ ਕੇ ਕਿਹਾ । 
''ਹਾਂ ਜੀ'' ਦੋਹਾਂ ਇਕਠਿਆਂ ਹੀ ਕਿਹਾ ।
ਕਾਗਜਾਂ ਦੀ ਫਾਇਲ ਫਰੋਲਦਿਆਂ ਜੱਜ ਨੇ ਆਪਣਾ ਚਸ਼ਮਾ ਠੀਕ ਕਰਦਿਆਂ ਕਿਹਾ ''ਹਾਂ, ਕੀ ਚਾਹੁੰਦੇ ਹੋ ਤੁਸੀਂ ? ''ਤਲਾਕ'' ।
'ਤਲਾਕ' ਸ਼ਬਦ ਸੁਣਦਿਆਂ ਹੀ ਦੋਹਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਚੁੱਪ ਹੋ ਗਏ।ਉਹਨਾਂ ਨੂੰ ਲਗਿਆ ਕਿ ਜਿਵੇ ਉਹਨਾਂ ਦੇ ਅੰਦਰੋਂ ਕਿਸੇ ਨੇ ਰੁੱਗ ਭਰ ਲਿਆ ਹੋਵੇ ।
 ''ਠੀਕ ਹੈ, ਮੈਨੂੰ ਉਮੀਦ ਹੈ ਕਿ ਤੁਸੀਂ ਤਲਾਕ ਤੋਂ ਬਾਅਦ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੋਗੇ'' ।
    ਨਵੀਂ ਜਿੰਦਗੀ ?'' ਦੋਹਾਂ ਦੀ ਆਵਾਜ ਸੀ ।
   ''ਸਰ, ਨਵੀਂ ਜਿੰਦਗੀ ਤਾਂ ਕੋਹਾਂ ਦੂਰ ਰਹਿ ਗਈ'' ਨਿਵੀਂ ਪਾ ਦੋਵੇ ਅਦਾਲਤ ਦੇ ਕਟਿਹਰੇ 'ਚੋਂ ਬਾਹਰ ਹੋ ਗਏ।