ਤਫ਼ਤੀਸ਼ -3 (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Cell: +91 98556 31777
Address: 610, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਾਲਾ ਜੀ ਦੀਆਂ ਉਦਾਸ ਅੱਖਾਂ ਬੈਠਕ ਦਾ ਜਾਇਜ਼ਾ ਲੈਣ ਲੱਗੀਆਂ । ਕਿਸੇ ਟਾਵੇਂਟੱਲੇ ਦੇ ਹੱਥ ਵਿਚ ਚਾਹ ਵਾਲਾ ਗਲਾਸ ਫੜਿਆ ਹੋਇਆ ਸੀ । ਅੱਧਿਆਂ ਨਾਲੋਂ ਵੱਧ ਅਜਿਹੇ ਬੰਦੇ ਸਨ ਜਿਹੜੇ ਭੁੱਖੇ ਤਿਹਾਏ ਕੱਲ੍ਹ ਦੇ ਹੀ ਲਾਲਾ ਜੀ ਨਾਲ ਘੁੰਮ ਰਹੇ ਸਨ । ਲਾਲਾ ਜੀ ਤਾਂ ਵਰਤ ਰੱਖਣ ਦੇ ਆਦੀ ਸਨ । ਮਹੀਨੇ 'ਚ ਵੀਹ ਦਿਨ ਵਰਤ ਰੱਖਦੇ ਸਨ । ਇਕ ਦਿਨ ਨਹੀਂ ਖਾਣਪੀਣਗੇ, ਕੋਈ ਫ਼ਰਕ ਨਹੀਂ ਪੈਣ ਲੱਗਾ । ਬਾਕੀਆਂ ਦਾ ਹਾਲ ਬੁਰਾ ਹੋ ਸਕਦਾ  । ਕੱਪੜੇ ਵਾਲਾ ਅੰਮ੍ਰਿਤ, ਲੋਹੇ ਵਾਲਾ ਰਾਮਗੜ੍ਹੀਆ ਅਤੇ ਸੇਵਾ ਸੰਮਤੀ ਵਾਲਾ ਮਾਸਟਰ ਤਾਂ ਘੰਟੇ ਵਿਚ ਤਿੰਨਤਿੰਨ ਵਾਰ ਚਾਹ ਪੀਂਦੇ ਹਨ । ਕੈਂਪਾਂ ਵਿਚ ਲਾਲਾ ਜੀ ਉਹਨਾਂ ਨੂੰ ਤਾੜਦੇ ਵੀ ਰਹਿੰਦੇ ਹਨ । ਜਦੋਂ ਵੇਖੋ ਚਾਹ ਸੜ੍ਹਾਕਦੇ ਦੇ ਸੜ੍ਹਾਕਦੇ । ਜੇ ਲਾਲਾ ਜੀ ਭੁੱਖੇ ਬੈਠੇ ਰਹੇ ਤਾਂ ਉਹਨਾਂ ਨੇ ਵੀ ਕੁਝ ਨਹੀਂ ਖਾਣਾ ।
ਇਹ ਸਭ ਸੋਚ ਵਿਚਾਰ ਕੇ ਲਾਲਾ ਜੀ ਨੇ ਚਾਹ ਵਾਲਾ ਗਲਾਸ ਫੜ ਲਿਆ ।
ਬੰਟੀ ਦੀ ਗ਼ੈਰਹਾਜ਼ਰੀ ਵਿਚ ਭਰਿਆ ਚਾਹ ਦਾ ਘੁੱਟ ਲਾਲਾ ਜੀ ਨੂੰ ਜ਼ਹਿਰ ਵਰਗਾ ਲੱਗਾ ।
ਉਹ ਮਾਸੂਮ ਪਤਾ ਨਹੀਂ ਕਿਸ ਹਾਲਤ ਵਿਚ ਹੋਵੇਗਾ ? ਸੁੱਤਾ ਵੀ ਹੋਵੇਗਾ ਜਾਂ ਜਾਗਦਾ ਹੀ ਰਿਹਾ ਹੋਵੇਗਾ ? ਬਿਨਾਂ ਕਹਾਣੀ ਸੁਣੇ ਤਾਂ ਉਹ ਸੌਂ ਹੀ ਨਹੀਂ ਸਕਦਾ । ਜਿੰਨਾ ਚਿਰ ਸਿਰ ਵਿਚ ਗਲਾਂ  ਨਾਲ ਮਾਲਿਸ਼ ਨਾ ਕਰੋ, ਉਸ ਨੂੰ ਨੀਂਦ ਨਹੀਂ ਆਦੀ । ਕਾਂਤਾ ਦੀ ਗੋਦ ਵਿਚ ਬੈਠੇ ਬਿਨਾਂ ਉਹ ਇਕ ਬੁਰਕੀ ਵੀ ਅੰਦਰ ਨਹੀਂ ਕਰਦਾ । ਬੰਟੀ ਇਕ ਪਲ ਲਈ ਵੀ ਅੱਖ ਨਹੀਂ ਝਪਕ ਸਕਿਆ ਹੋਣਾ  । ਚੀਕਦਾ ਹੀ ਰਿਹਾ ਹੋਣਾ ਏਂ । ਗਲਾ ਬਹਿ ਗਿਆ ਹੋਣਾ  ਰੋਰੋ । ਕਿਸੇ ਨੇ ਪਾਣੀ ਦੀ ਘੁੱਟ ਵੀ ਨਹੀਂ ਦਿੱਤੀ ਹੋਣੀ ।
ਲਾਲਾ ਜੀ ਦੇ ਹੱਥ 'ਚ ਫੜਿਆ ਗਲਾਸ ਦੇਖਦੇਖ ਕੇ ਸਭ ਨੇ ਗਲਾਸ ਫੜ ਲਏ ।
ਗੁਆਂਢੀਆਂ ਨੇ ਚਾਹ ਤਾਂ ਕਈ ਵਾਰ ਬਣਾਬਣਾ ਲਿਆਂਦੀ ਸੀ ਪਰ ਕਿਸੇ ਨੇ ਵੀ ਮੂੰਹ ਨਹੀਂ ਸੀ ਲਾਈ । ਠੰਢੀ ਹੋ ਕੇ ਖ਼ਰਾਬ ਹੁੰਦੀ ਰਹੀ । ਧਰਮਪਾਲ ਨੇ ਇਸ ਵਾਰ ਚਾਹ ਥੋੜ੍ਹੀ ਹੀ ਲਿਆਂਦੀ ਸੀ । ਕੁਝ ਗਲਾਸਾਂ 'ਚ ਪੈਣ ਨਾਲ ਹੀ ਮੁੱਕ ਗਈ । ਚਾਹ ਵਰਤਦੀ ਦੇਖ ਕੇ ਕਈ ਗੁਆਂਢੀ ਘਰਾਂ ਨੂੰ ਹੋਰ ਚਾਹ ਲੈਣ ਲਈ ਦੌੜ ਪਏ ।
ਚਾਹ ਦੀਆਂ ਚੁਸਕੀਆਂ ਲਾਲਾ ਜੀ ਦੇ ਸੀਨੇ 'ਚ ਤੀਰ ਵਾਂਗ ਚੁਭ ਰਹੀਆਂ ਸਨ । ਉਹ ਚਾਹੁੰਦੇ ਸਨ, ਉਹਨ੍ਹਾਂ ਦੇ ਕੰਨ ਬੋਲੇ ਹੋ ਜਾਣ । ਇਹ ਸੰਭਵ ਨਹੀਂ ਸੀ । ਉਹਨਾਂ ਦੁਬਾਰਾ ਕੰਧ ਨਾਲ ਢਾਸਣਾ ਲਾਇਆ ਅਤੇ ਅੱਖਾਂ ਮੀਚ ਲਈਆਂ ।
ਪੁੱਤ ਜੰਮ ਕੇ ਮਾਵਾਂ ਸੌ ਵਾਰੀ ਧਰਤੀ ਨਮਸਕਾਰਦੀਆਂ ਹਨ । ਜਿਊਂਦੀ ਮਾਂ ਪੁੱਤ ਦੀ ਛਾਂ ਹੇਠਾਂ ਮੌਜਾਂ ਮਾਣਦੀ  । ਮਰ ਕੇ ਵੀ ਪੁੱਤ ਹੱਥੋਂ ਗਤੀ ਕਰਾ ਕੇ ਸਿੱਧੀ ਸੁਰਗ ਨੂੰ ਜਾਂਦੀ  । ਲਾਲਾ ਜੀ ਦੀ ਮਾਂ ਨੇ ਜਿਹੜੀਆਂ ਸੁੱਖਾਂ ਉਸ ਦੇ ਜਨਮ ਤੋਂ ਪਹਿਲਾਂ ਸੁੱਖੀਆਂ ਸਨ, ਉਹ ਮਾਂ ਦੇ ਮਰਨ ਤਕ ਵੀ ਪੂਰੀਆਂ ਨਹੀਂ ਸੀ ਹੋ ਸਕੀਆਂ । ਸਾਰੀ ਉਮਰ ਉਹਨੂੰ ਵਰਤ ਰੱਖਣੇ, ਪਾਠ, ਜਗਰਾਤੇ ਅਤੇ ਕਦੇ ਤੀਰਥ ਯਾਤਰਾਵਾਂ ਕਰਨੀਆਂ ਪਈਆਂ ਸਨ ।
ਮਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਲਾ ਜੀ ਦੀ ਖ਼ੁਸ਼ੀ ਲਈ ਲਾ ਦਿੱਤੀ । ਲਾਲਾ ਜੀ ਨੇ ਉਸ ਨੂੰ ਕੀ ਦਿੱਤਾ ? ਦੁੱਖਾਂ ਦੇ ਪਹਾੜ, ਹੰਝੂ ਤੇ ਹਉਕੇ ।
ਮਾਂ ਨੇ ਬੜੇ ਸੁਫ਼ਨੇ ਦੇਖੇ ਸਨ । ਹਰਦਿਆਲ ਵੱਡਾ ਹੋ ਕੇ ਅਫ਼ਸਰ ਬਣੇਗਾ । ਕਿਸੇ ਮਲੂਕ ਜਿਹੀ ਕੁੜੀ ਨਾਲ ਵਿਆਹ ਕਰਾਏਗਾ । ਪੋਤਿਆਂ 'ਚ ਖੇਡਦੀ ਬੁੱਢੀ ਨੂੰ ਜਵਾਨੀ 'ਚ ਗਲ ਪਿਆ ਰੰਡੇਪਾ ਭੁੱਲ ਜਾਏਗਾ ।
ਹਰਦਿਆਲ ਨੇ ਅਫ਼ਸਰ ਕਿਥੋਂ ਬਣਨਾ ਸੀ ? ਸਕੂਲ ਮਾਸਟਰ ਲਈ ਹੀ ਕਈ ਸਾਲ ਦਰਦਰ ਦੀਆਂ ਠੋਕਰਾਂ ਖਾਣੀਆਂ ਪਈਆਂ । ਮਾਂ ਵਿਧਵਾ, ਘਰ ਜਵਾਨ ਭੈਣ, ਮੁੰਡਾ ਮਾਸਟਰ । ਕੁੜੀ ਨੂੰ ਲੜ ਲਾਉਣ ਦੀ ਥਾਂ ਅਗਲਾ ਖੂਹ 'ਚ ਧੱਕਾ ਨਹੀਂ ਦੇ ਦਿਊ । ਨਣਦ ਪਹਿਲਾਂ ਭਰਜਾਈ ਨਾਲ ਆਢਾ ਰੱਖੂ । ਜਾਂਦੀ ਹੋਈ ਸਾਰਾ ਨਿੱਕਸੁੱਕ ਦਾਜ 'ਚ ਲੈ ਜਾਊ । ਮਾਸਟਰ ਦੀ ਤਨਖ਼ਾਹ ਨਾਲ ਤਾਂ ਦੋ ਡੰਗ ਦੀ ਰੋਟੀ ਵੀ ਨਹੀਂ ਪੱਕਦੀ । ਕੋਈ ਕੁੜੀ ਨੂੰ ਨਰਕਾਂ 'ਚ ਧੱਕਣ ਲਈ ਤਿਆਰ ਨਹੀਂ ਸੀ । ਹਰਦਿਆਲ ਦੇ ਵਿਆਹ ਲਈ ਵੀ ਮਾਂ ਨੂੰ ਹੀ ਕਈਆਂ ਦੇ ਪੈਰੀਂ ਚੁੰਨੀ ਧਰਨੀ ਪਈ ।
ਨੌਕਰੀ ਅਤੇ ਵਿਆਹ ਤਾਂ ਬਿਗਾਨੇ ਹੱਥ ਸੀ । ਲਾਲਾ ਤਾਂ ਮਾਂ ਦੀ ਜਵਾਕਾਂ ਨਾਲ ਵਿਹੜਾ ਭਰਨ ਦੀ ਖ਼ਾਹਿਸ਼ ਵੀ ਪੂਰੀ ਨਾ ਕਰ ਸਕਿਆ ।
ਵਿਆਹ ਦੇ ਤੀਸਰੇ ਮਹੀਨੇ ਹੀ ਬਲਦੇਵ ਆਪਣੀ ਮਾਂ ਦੇ ਪੇਟ ਆ ਪਿਆ । ਬੁੱਢੀ ਦਾ ਧਰਤੀ 'ਤੇ ਪੈਰ ਨਹੀਂ ਸੀ ਪੈਂਦਾ । ਬਹੂ ਨੂੰ ਸਾਰਾ ਦਿਨ ਮੰਦਰਾਂ, ਗੁਰਦੁਆਰਿਆਂ ਅਤੇ ਡੇਰਿਆਂ 'ਚ ਲਈ ਫਿਰਦੀ ਰਹੀ । ਕਦੇ ਧਾਗੇ ਕਰਾਦੀ, ਕਦੇ ਤਵੀਤ । ਕਦੇ ਕਿਸੇ ਪੰਡਤ ਤੋਂ ਪਾਣੀ ਕਰਾ ਲਿਆਈ ਅਤੇ ਕਦੇ ਕਿਸੇ ਸਾਧੂ ਤੋਂ ਭਬੂਤੀ । ਪੋਤੇ ਦਾ ਮੂੰਹ ਦੇਖਣ ਨੂੰ ਉਹ ਹਾਬੜੀ ਪਈ ਸੀ ।
ਸੌਧਾਂ ਦੇ ਪੇਟ ਦਾ ਦਰਦ ਉਸ ਦਾ ਖਹਿੜਾ ਨਹੀਂ ਸੀ ਛੱਡ ਰਿਹਾ । ਸਾਰਾ ਦਿਨ 'ਢੂਹੀ, ਢੂਹੀ' ਕਰਦੀ ਮੰਜਾ ਮੱਲੀ ਰੱਖਦੀ । ਲਾਲਾ ਬਥੇਰੀ ਦੁਹਾਈ ਦਿੰਦਾ ਸੀ, ਉਸ ਨੂੰ ਡਾਕਟਰ ਕੋਲ ਲਿਜਾਣਾ ਚਾਹੀਦੈ । ਮਾਂ ਪੱਟੀ ਨਹੀਂ ਸੀ ਬੰਨ੍ਹਣ ਦਿੰਦੀ ।
''ਤੈਨੂੰ ਬਹੂ ਦਾ ਹੇਰਵਾ ਮਾਰ ਗਿਐ । ਵੇ ਇਹ ਬੁੱਢੀਆਂ ਵਾਲੀਆਂ ਬੀਮਾਰੀਆਂ ਨੇ । ਬੁੱਢੀਆਂ ਹੀ ਇਹਦਾ ਇਲਾਜ ਜਾਣਦੀਆਂ ਨੇ । ਪਹਿਲਾ ਜਾਪਾ , ਬਹੂ ਦਾ ਸਰੀਰ ਨਾਜ਼ੁਕ ਜਿਹਾ  । ਆਪੇ ਠੀਕ ਹੋ ਜੂ ।''
ਨਾ ਸੌਧਾਂ ਨੇ ਠੀਕ ਹੋਣਾ ਸੀ, ਨਾ ਹੋਈ । ਸੱਸ ਦੀ ਗੋਦ 'ਚ ਚੰਦ ਵਰਗਾ ਪੋਤਾ ਪਾ ਕੇ ਨੂੰਹ ਦੁਨੀਆਂ ਤੋਂ ਕਿਨਾਰਾ ਕਰ ਗਈ ।
ਕਬੀਲਦਾਰੀ ਦਾ ਜੂਲਾ ਮਸਾਂ ਮਾਂ ਨੇ ਗਲੋਂ ਲਾਹਿਆ ਸੀ । ਸੌਧਾਂ ਦੇ ਮਰਨ ਨਾਲ ਮੁੜ ਗਲ ਆ ਪਿਆ । ਦਿਨਾਂ ਦੇ ਬੱਚੇ ਦੀ ਪਰਵਰਿਸ਼ ਅਤੇ ਉੱਤੇ ਚੁੱਲ੍ਹੇ 'ਚ ਸਿਰ ।
ਲਾਲਾ ਜੀ ਲਈ ਆਪਣਾ ਹੀ ਘਰ ਬੇਗਾਨਾ ਹੋ ਗਿਆ । ਧੋਬੀ ਦੇ ਕੁੱਤੇ ਵਾਂਗ ਉਹ ਨਾ ਘਰ ਦਾ ਰਿਹਾ, ਨਾ ਘਾਟ ਦਾ । ਘਰੇ ਆਦਾ ਤਾਂ ਕੰਧਾਂ ਵੱਢਵੱਢ ਖਾਂਦੀਆਂ । ਬਾਹਰ ਹੁੰਦਾ ਤਾਂ ਬਲਦੇਵ ਦੀਆਂ ਚੀਕਾਂ ਘਰ ਨੂੰ ਧੂੰਹਦੀਆਂ । ਮਰਜ਼ੀ ਦਾ ਖਾਣਾ ਪੀਣਾ ਮੁੱਕ ਗਿਆ । ਧੋਤਾ ਕੱਪੜਾ ਮਿਲਣੋਂ ਹਟ ਗਿਆ । ਨਾ ਕਿਸੇ ਨਾਲ ਦੁੱਖਸੁਖ ਸਾਂਝਾ ਹੋਣਾ, ਨਾ ਮਨ ਦਾ ਗੁਬਾਰ ਨਿਕਲ ਸਕਣਾ । ਚੁੱਪ ਕਰ ਕੇ ਘਰ ਆਉਣਾ, ਰੋਟੀ ਅੰਦਰ ਸੁੱਟਣੀ ਅਤੇ ਮੰਜਾ ਮੱਲ ਲੈਣਾ ।
ਬਲਦੇਵ ਨੂੰ ਕਦੇ ਬੁਖ਼ਾਰ , ਕਦੇ ਖੰਘ ਅਤੇ ਕਦੇ ਟੱਟੀਆਂ । ਕਦੇ ਗਰਮੀ ਲੱਗ ਜਾਣੀ, ਕਦੇ ਠੰਢ । ਸਾਰੀਸਾਰੀ ਰਾਤ ਜਗਰਾਤਾ ਕਰਨ ਦੀ ਮਾਂ 'ਚ ਹਿੰਮਤ ਨਹੀਂ ਸੀ । ਉਹਦੀ ਰੋਂਦੀ ਦੀ ਨਿਗਾਹ ਕਮਜ਼ੋਰ ਹੋ ਗਈ ਸੀ । ਗੋਡੇ ਵੀ ਜਵਾਬ ਦਿੰਦੇ ਜਾ ਰਹੇ ਸਨ ।
ਆਥਣਉਗਣ ਮਾਂ ਸਮਝਾਉਣ ਲੱਗਦੀ । ਮਰ ਗਿਆਂ ਨੂੰ ਦਿਲ 'ਚ ਲਈ ਫਿਰਨਾ ਕੋਈ ਸਿਆਣਪ ਨਹੀਂ ਹੁੰਦੀ । ਚੁੱਪ ਕਰ ਕੇ ਦੂਜਾ ਵਿਆਹ ਕਰਾ ਲੈ । ਮਰਦ ਕਿੰਨਾ ਕੁ ਚਿਰ ਬੱਚੇ ਦਾ ਹੱਗਣਾਮੂਤਣਾ ਕਰ ਸਕਦਾ  । ਇਹ ਕੰਮ ਤਾਂ ਔਰਤ ਹੀ ਕਰ ਸਕਦੀ  ।
ਕੁਝ ਵੀ ਸੀ । ਲਾਲਾ ਜੀ ਦਾ ਫ਼ੈਸਲਾ ਅਟੱਲ ਸੀ । ਨਾ ਉਹਨੇ ਦੂਜਾ ਵਿਆਹ ਕਰਾਉਣਾ ਸੀ, ਨਾ ਕਰਾਇਆ । ਜਦੋਂ ਪਹਿਲੀ ਹੀ ਧੋਖਾ ਦੇ ਗਈ ਤਾਂ ਦੂਜੀ ਦਾ ਕੀ ਭਰੋਸਾ ? ਨਾਲੇ ਮਤਰੇਈ ਹੱਥ ਬਲਦੇਵ ਦਾ ਕੀ ਬਣੇਗਾ ? ਉਹ ਆਪਣੇ ਸੁਖ ਲਈ ਬਲਦੇਵ ਦੀ ਜ਼ਿੰਦਗੀ ਨੂੰ ਨਰਕ ਨਹੀਂ ਬਣਾਏਗਾ ।
''ਗੁਰੂ ਦੇਵ, ਜ਼ਰਾ ਥਾਲ ਨੂੰ ਹੱਥ ਲਾ ਦਿਓ ।'' ਦਰਸ਼ਨ ਨੇ ਪਤਾਸਿਆਂ ਨਾਲ ਭਰੇ ਥਾਲ ਨੂੰ ਲਾਲਾ ਜੀ ਅੱਗੇ ਕਰ ਕੇ ਉਹਨਾਂ ਦੀ ਇਕਾਗਰਤਾ ਭੰਗ ਕੀਤੀ । ਪਤਾਸਿਆਂ ਉਪਰ ਪਿਆ ਇਕ ਤਵੀਤ ਵੀ ਚਮਕ ਰਿਹਾ ਸੀ ।
ਲਾਲਾ ਜੀ ਨੇ ਕੁਝ ਨਹੀਂ ਪੁੱਛਿਆ ਇਹ ਕੀ  ? ਉਹਨਾਂ ਦਾ ਮਨ ਕਿਸੇ ਨਾਲ ਵੀ ਗੱਲ ਕਰਨ ਨੂੰ ਤਿਆਰ ਨਹੀਂ ਸੀ । ਉਹ ਬੱਸ ਸੋਚੀ ਹੀ ਜਾਣਾ ਚਾਹੁੰਦੇ ਸਨ । ਚੁੱਪ ਕਰ ਕੇ ਉਹਨਾਂ ਥਾਲ ਨੂੰ ਹੱਥ ਲਾ ਦਿੱਤਾ ।
ਦਰਸ਼ਨ ਆਪੇ ਦੱਸਣ ਲੱਗਾ । ਸੰਤੀ ਤਵੀਤ ਕਰਾ ਕੇ ਲਿਆਈ  । ਤਵੀਤ ਨੂੰ ਚਰਖੇ ਦੇ ਮੁੰਨੇ ਨਾਲ ਬੰਨ੍ਹ ਕੇ ਚਰਖੇ ਨੂੰ ਪੁੱਠਾ ਘੁਮਾਉਣਾ  । ਮੂੰਹ ਵਿਚ ਸੌ ਵਾਰੀ ਮੰਤਰ ਦਾ ਜਾਪ ਕਰਨਾ  । ਫੇਰ ਤਵੀਤ ਨੂੰ ਮੁੰਨੇ ਨਾਲੋਂ ਲਾਹ ਕੇ ਲਾਲ ਮਿਰਚਾਂ ਵਾਲੇ ਠੀਕਰੇ ਵਿਚ ਪਾ ਕੇ ਸਾੜਨਾ  । ਇਹ ਸੇਕ ਬੰਟੀ ਨੂੰ ਚੁੱਕਣ ਵਾਲਿਆਂ ਨੂੰ ਪੁੱਜਣਾ  । ਉਹਨਾਂ ਦੇ ਸਰੀਰਾਂ ਨੇ ਉਸ ਸਮੇਂ ਤਕ ਮੱਚਦੇ ਰਹਿਣਾ , ਜਦੋਂ ਤਕ ਉਹ ਬੰਟੀ ਨੂੰ ਵਾਪਸ ਨਹੀਂ ਭੇਜਦੇ ।
ਸੰਤੀ ਨੂੰ ਉੱਡਦੀਉੱਡਦੀ ਖ਼ਬਰ ਅੱਧੀ ਰਾਤੀਂ ਮਿਲੀ ਸੀ । ਉਸੇ ਵਕਤ ਉਹ ਸੰਤਾਂ ਦੇ ਡੇਰੇ ਗਈ ਸੀ । ਪਹਿਲਾਂ ਤਾਂ ਕੱਚੀ ਨੀਂਦ ਉੱਠਣ ਕਰਕੇ ਸੰਤ ਝਈਆਂ ਲੈਲੈ ਪਏ, ਪਰ ਜਦੋਂ ਲਾਲਾ ਜੀ 'ਤੇ ਪਈ ਭੀੜ ਦੀ ਗੱਲ ਸੁਣੀ ਤਾਂ ਠੰਢੇ ਹੋ ਗਏ । ਉਹਨਾਂ ਪੂਰਾ ਜ਼ੋਰ ਲਾ ਕੇ ਤਵੀਤ ਤਿਆਾਰ ਕੀਤਾ ਸੀ । ਟੂਣੇਟਾਮਣਾ ਵਿਚ ਸੰਤ ਜੀ ਦੂਰਦੂਰ ਤਕ ਮਸ਼ਹੂਰ ਹਨ । ਉਹਨਾਂ ਦਾ ਤਵੀਤ ਆਲ੍ਹਾ ਨਹੀਂ ਜਾਂਦਾ ।
ਕੁਝ ਹੀ ਮਿੰਟਾਂ ਬਾਅਦ ਚਰਖਾ ਪੁੱਠਾ ਘੁੰਮਣ ਲੱਗਾ ।
ਪੁੱਠੀਆਂ ਚੱਕੀਆਂ ਤਾਂ ਪਹਿਲਾਂ ਹੀ ਘਰ 'ਚ ਚੱਲ ਰਹੀਆਂ ਸਨ । ਇਹ ਟੂਣਾ ਸਾਧਾਂ ਦੀ ਵੀਰੋ ਨੇ ਦੱਸਿਆ ਸੀ । ਉਹ ਆਖਦੀ ਸੀ ਜਦੋਂ aਹ ਛੋਟੀ ਸੀ ਤਾਂ ਉਹਦਾ ਮਾਮਾ ਮਾਮੀ ਨਾਲ ਲੜ ਕੇ ਘਰੋਂ ਨਿਕਲ ਗਿਆ ਸੀ । ਬੀੜ 'ਚ ਆਏ ਇਕ ਸਾਧ ਨੇ ਇਹ ਟੂਣਾ ਦੱਸਿਆ ਸੀ । ਮਾਮੀ ਨੇ ਤਿੰਨ ਦਿਨ ਪੁੱਟੀ ਚੱਕੀ ਘੁਮਾਈ । ਚੌਥੇ ਦਿਨ ਮਾਮਾ ਘਰੇ ਆ ਵੜਿਆ । ਪੁੱਠਾ ਤਵਾ ਤਾਂ ਰਾਤ ਕਾਂਤਾ ਨੇ ਆਪ ਹੀ ਚਾੜ੍ਹ ਲਿਆ ਸੀ । ਕਿਸੇ ਸਮੇਂ ਉਹਦੀ ਮਾਂ ਨੇ ਦੱਸਿਆ ਸੀ ਕਿ ਜੇ ਕਿਸੇ ਦਾ ਪਸ਼ੂ ਗੁਆਚਾ ਹੋਵੇ ਤਾਂ ਪੁੱਠੇ ਤਵੇਂ 'ਤੇ ਰੋਟੀ ਲਾਹੁਣ ਨਾਲ ਪਸ਼ੂ ਖੁਰਲੀ 'ਤੇ ਮੁੜ ਆਦੈ । ਜੇ ਜਾਨਵਰ ਮੁੜ ਸਕਦੈ ਤਾਂ ਬੰਦਾ ਕਿ ਨਹੀਂ । ਰੋਟੀਆਂ ਨਾਲ ਉਹਦਾ ਡੱਬਾ ਭਰ ਗਿਆ ਸੀ ।
ਚਰਖਿਆਂ, ਚੱਕੀਆਂ ਦੀ ਘੂਕਰ ਲਾਲਾ ਜੀ ਨੂੰ ਬੇਚੈਨ ਕਰ ਰਹੀ ਸੀ । ਸੰਤੀ ਦਾ ਉੱਚੀਉੱਚੀ ਮੰਤਰ ਪੜ੍ਹਨਾ ਉਹਨਾਂ ਨੂੰ ਹੋਰ ਵੀ ਬੁਰਾ ਲੱਗ ਰਿਹਾ ਸੀ ।
ਸੰਤੀ ਆਪਣੀ ਪੂਰੀ ਵਾਹ ਲਾ ਰਹੀ ਸੀ । ਉਹ ਲਾਲਾ ਜੀ ਦੇ ਸਾਰੇ ਅਹਿਸਾਨ ਚੁਕਾ ਦੇਣਾ ਚਾਹੁੰਦੀ ਸੀ । ਉਸ ਦਾ ਪੰਡਤ ਤਾਂ ਭਰੀ ਜਵਾਨੀ ਵਿਚ ਹੀ ਚਾਰ ਧੀਆਂ ਛੱਡ ਕੇ ਤੁਰ ਗਿਆ ਸੀ । ਕੋਠੇ ਵਰਗੀਆਂ ਧੀਆਂ ਨਾਲ ਪਤਾ ਨਹੀਂ ਕੀ ਬੀਤਦੀ । ਲਾਲਾ ਜੀ ਨੇ ਰਹਿਮ ਕੀਤਾ ਸੀ ।
ਇਕਇਕ ਕਰਕੇ ਰਾਮ ਲੀਲ੍ਹਾ ਕਮੇਟੀ ਵੱਲੋਂ ਸੀਤਾਸਵੰਬਰ ਵਾਲੇ ਦਿਨ ਸਾਰੀਆਂ ਵਿਆਹ ਦਿੱਤੀਆਂ । ਵਰ ਵੀ ਵਧੀਆ ਟੱਕਰੇ ਅਤੇ ਦਹੇਜ਼ ਵੀ ਸ਼ਰੀਕਾਂ ਨਾਲੋਂ ਵੱਧ ਇਕੱਠਾ ਹੋਇਆ ।
ਸਾਰੀਆਂ ਧੀਆਂ ਲਾਲਾ ਜੀ ਦੀ ਕਿਰਪਾ ਕਰਕੇ ਸੁਖੀ ਵੱਸਦੀਆਂ ਨੇ ।
ਸੰਤੀ ਦੇ ਮੰਤਰ ਤੋਂ ਖਹਿੜਾ ਛੁਡਾਉਣ ਲਈ ਲਾਲਾ ਜੀ ਨੇ ਆਪਣਾ ਧਿਆਨ ਫ਼ੋਟੋਆਂ 'ਚ ਲਗਾ ਦਿੱਤਾ । ਕਦੇ ਬਲਦੇਵ ਦੀ ਫ਼ੋਟੋ ਵਿਚੋਂ ਉਹਨਾਂ ਨੂੰ ਬੰਟੀ ਦੇ ਭਵਿੱਖ ਦੇ ਝਉਲੇ ਪੈਂਦੇ ਅਤੇ ਕਦੇ ਬੰਟੀ ਦੀ ਫ਼ੋਟੋ ਵਿਚੋਂ ਬਲਦੇਵ ਦੇ ਅਤੀਤ ਦੇ । ਕਦੇ ਬੰਟੀ ਬਲਦੇਵ ਬਣ ਜਾਂਦਾ ਅਤੇ ਕਦੇ ਬਲਦੇਵ ਬੰਟੀ । ਦੋਨੋਂ ਇਕਮਿੱਕ ਹੋ ਗਏ ਲੱਗਦੇ ਸਨ ।
ਬੰਟੀ ਦੀ ਉਮਰ 'ਚ ਬਲਦੇਵ ਬੰਟੀ ਵਰਗਾ ਹੁੰਦਾ ਸੀ । ਮੋਟੀਆਂਮੋਟੀਆਂ ਅੱਖਾਂ, ਗੁੰਦਵਾਂ ਸਰੀਰ ਅਤੇ ਸਾਫ਼ ਸੁਥਰੀ ਆਵਾਜ਼ ।
ਪੰਜਵੇਂ ਵਰ੍ਹੇ ਹੀ ਜੇ ਚੰਦਰੀ ਬੀਮਾਰੀ ਨਾ ਚੰਬੜੀ ਹੁੰਦੀ ਤਾਂ ਬਲਦੇਵ ਨੇ ਵੀ ਲਾਲਾ ਜੀ ਵਰਗਾ ਹੀ ਭਰ ਜਵਾਨ ਗੱਭਰੂ ਨਿਕਲਣਾ ਸੀ । ਓਪਰੇ ਦੁੱਧ ਅਤੇ ਵੇਲੇਕੁਵੇਲੇ ਦੀ ਠੰਢੀਤੱਤੀ ਰੋਟੀ ਨੇ ਉਹਦਾ ਮਿਹਦਾ ਕਮਜ਼ੋਰ ਕਰ ਦਿੱਤਾ । ਦਸੀਂਪੰਦਰੀ ਦਿਨੀ ਉਹ ਮੰਜੀ ਮੱਲ ਲੈਂਦਾ । ਪਾਣੀ ਤਕ ਨਾ ਪਚਦਾ । ਡਾਕਟਰ ਉਹਦਾ ਖਾਣਾਪੀਣਾ ਬੰਦ ਕਰ ਦਿੰਦੇ । ਕਈਕਈ ਦਿਨ ਉਹ ਹਸਪਤਾਲ ਵਿਚ ਰੁਲਦੇ ਰਹਿੰਦੇ ।
ਹਸਪਤਾਲ ਦੇ ਚੱਕਰ ਕੱਟਦੇਕੱਟਦੇ ਲਾਲਾ ਜੀ ਦੀ ਜ਼ਿੰਦਗੀ ਨੇ ਮੋੜ ਕੱਟਿਆ ਸੀ । ਬਲਦੇਵ ਲਾਲਾ ਜੀ ਦੀ ਹਾਜ਼ਰੀ ਤਾਂ ਭਾਲਦਾ ਸੀ ਪਰ ਟਹਿਲ ਸੇਵਾ ਨਹੀਂ । ਵਿਹਲਾ ਬੈਠਾ ਹਰਦਿਆਲ ਸਮਾਂ ਲੰਘਾਉਣ ਲਈ ਮਰੀਜ਼ਾਂ ਦੇ ਛੋਟੇਮੋਟੇ ਕੰਮ ਕਰਦਾ ਰਹਿੰਦਾ । ਕਿਸੇ ਨੂੰ ਦਵਾਈ ਲਿਆ ਦਿੱਤੀ, ਕਿਸੇ ਦਾ ਦੁੱਧ ਗਰਮ ਕਰਾ ਲਿਆਂਦਾ ਅਤੇ ਕਿਸੇ ਨੂੰ ਟੱਟੀ ਪੇਸ਼ਾਬ ਕਰਾ ਦਿੱਤਾ ।
ਕਈ ਵਾਰ ਅਜਿਹੇ ਮਰੀਜ਼ ਵੀ ਆਦੇ, ਜਿਨ੍ਹਾਂ ਦੀ ਉੱਘਸੁੱਘ ਲੈਣ ਵਾਲਾ ਕੋਈ ਨਾ ਹੁੰਦਾ । ਉਸ ਬਦਨਸੀਬ ਨੂੰ ਹਸਪਤਾਲ ਵਾਲੇ ਵੀ ਨਾ ਗੌਲਦੇ । ਕਈ ਦੇਖਭਾਲ ਬਾਝੋਂ ਦਮ ਤੋੜ ਜਾਂਦੇ । ਅਜਿਹੇ ਹੀ ਦੋ ਮਰੀਜ਼ਾਂ ਨੂੰ ਮੌਤ ਦੇ ਮੂੰਹੋਂ ਬਚਾ ਕੇ ਲਾਲਾ ਜੀ ਨੂੰ ਅਜੀਬ ਜਿਹਾ ਸਕੂਨ ਮਿਲਿਆ ਸੀ । ਉਹਨਾਂ ਦੇ ਗ਼ਮ, ਖ਼ੁਸ਼ੀ ਵਿਚ ਬਦਲਣ ਲੱਗੇ ਸਨ । ਉਹਨਾਂ ਨੂੰ ਖ਼ੁਸ਼ੀ ਦਾ ਰਾਹ ਦਿਸ ਗਿਆ ਸੀ ।
ਬਲਦੇਵ ਰਾਜ਼ੀ ਵੀ ਹੁੰਦਾ ਤਾਂ ਉਹ ਹਸਪਤਾਲ ਗੇੜਾ ਮਾਰਦੇ । ਮਰੀਜ਼ਾਂ ਨੂੰ ਵੀ ਉਹਦੀ ਲੋੜ ਮਹਿਸੂਸ ਹੋਣ ਲੱਗੀ ਸੀ । ਉਹ ਇਕ ਦਿਨ ਗੇੜਾ ਨਾ ਮਾਰਦਾ ਤਾਂ ਮਰੀਜ਼ਾਂ ਦੇ ਚਿਹਰੇ ਮੁਰਝਾ ਜਾਂਦੇ । ਕਿਸੇ ਦੇ ਕੱਪੜੇ ਗੰਦੇ ਰਹਿ ਜਾਂਦੇ, ਕਿਸੇ ਨੂੰ ਦੁੱਧ ਨਾ ਮਿਲਦਾ ਅਤੇ ਕਿਸੇ ਦੀ ਦਵਾਈ ਖੁੰਝ ਜਾਂਦੀ ।
ਵੱਡਾ ਹੋਇਆ ਬਲਦੇਵ ਸਕੂਲ ਜਾਣ ਲੱਗਾ । ਕਰਨ ਲਈ ਲਾਲਾ ਜੀ ਕੋਲ ਹੋਰ ਕੋਈ ਕੰਮ ਨਹੀਂ ਸੀ । ਸਕੂਲੋਂ ਮੁੜਦੇ ਉਹ ਹਸਪਤਾਲ ਰੁਕਣ ਲੱਗੇ । ਜਿੰਨਾ ਕੁ ਸਰਦਾ ਕੋਲੋਂ ਖ਼ਰਚ ਦਿੰਦੇ, ਬਾਕੀ ਇਧਰੋਂ ਉਧਰੋਂ ਮੰਗ ਲੈਂਦੇ । ਸੇਵਾ ਸੰਮਤੀ ਨਵੀਂਨਵੀਂ ਬਣੀ ਸੀ । ਲਾਲਾ ਜੀ ਦੀ ਰੀਸ ਨਾਲ ਉਹ ਵੀ ਮਰੀਜ਼ਾਂ ਵੱਲ ਧਿਆਨ ਦੇਣ ਲੱਗੀ । ਫਿਰ ਪੈਸਾ ਸੇਵਾਸੰਮਤੀ ਵਾਲੇ ਖ਼ਰਚਣ ਲੱਗੇ,
ਦੇਖਭਾਲ ਲਾਲਾ ਜੀ ਕਰ ਦਿੰਦੇ । ਮਰੀਜ਼ਾਂ ਲਈ ਤਾਂ ਲਾਲਾ ਜੀ ਮਸੀਹਾ ਹੀ ਬਣ ਗਏ । ਹਸਪਤਾਲ 'ਚ ਲਾਵਾਰਸ ਲਾਸ਼ਾਂ ਵੀ ਟੱਕਰਨ ਲੱਗੀਆਂ । ਲਾਵਾਰਸ ਲਾਸ਼ ਨੂੰ ਕਮੇਟੀ ਵਾਲੇ ਜਦੋਂ ਮਰੇ ਕੁੱਤੇ ਵਾਂਗ ਕੂੜੇ ਵਾਲੀ ਰੇਹੜੀ ਵਿਚ ਲੱਦ ਕੇ ਸ਼ਮਸ਼ਾਨ ਘਾਟ ਵੱਲ ਲਿਜਾਂਦੇ ਤਾਂ ਲਾਲਾ ਜੀ ਦੀਆਂ ਅੱਖਾਂ ਭਰ ਆਦੀਆਂ । ਕਿੰਨੀਆਂ ਆਸਾਂ ਲੈ ਕੇ ਜਿਊਂਦਾ  ਮਨੁੱਖ ! ਜਦੋਂ ਸੰਘਰਸ਼ ਹਾਰ ਜਾਂਦਾ  ਤਾਂ ਕੁੱਤਿਆਂ ਨਾਲੋਂ ਵੀ ਭੈੜੀ ਮੌਤ ਮਰਦਾ  । ਕਈਆਂ ਨੂੰ ਤਾਂ ਕਫ਼ਨ ਵੀ ਨਸੀਬ ਨਹੀਂ ਸੀ ਹੁੰਦਾ । ਕਮੇਟੀ ਵਾਲੇ ਤਾਂ ਲੱਕੜਾਂ ਵੀ ਪੂਰੀਆਂ ਨਹੀਂ ਸੀ ਪਾਦੇ । ਪਾਥੀਆਂ ਨਾਲ ਹੀ ਸਾਰ ਦਿੰਦੇ ਸਨ । ਨਾ ਕੋਈ ਕਿਰਿਆ ਕਰਮ, ਨਾ ਸ਼ਰਾਧ । ਫੁੱਲ ਗੰਗਾ ਪਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਮਰਨ ਵਾਲੇ ਦੀ ਰੂਹ ਭਟਕਦੀ  ਤਾਂ ਭਟਕਦੀ ਰਹੇ । ਕਿਸੇ ਨੂੰ ਕੀ ? ਲਾਸ਼ਾਂ ਨੂੰ ਮਾਣਇੱਜ਼ਤ ਬਖ਼ਸ਼ਣ ਲਈ ਲਾਲਾ ਜੀ ਨੂੰ ਬਹੁਤ ਭੱਜਨੱਠ ਕਰਨੀ ਪਈ ।
ਕੁਝ ਖ਼ਰਚ ਕਮੇਟੀ ਤੋਂ ਮਨਜ਼ੂਰ ਕਰਾਇਆ, ਕੁਝ ਸੇਵਾ ਸੰਮਤੀ ਤੋਂ ਅਤੇ ਬਾਕੀ ਮਹਾਂਬੀਰ ਦਲ ਤੋਂ । ਕਿਰਿਆ ਕਰਮ ਉਹ ਆਪਣੇ ਹੱਥੀਂ ਕਰਾਦੇ । ਹਰਿਦੁਆਰ ਜਾ ਕੇ ਸਾਰੇ ਬਦਨਸੀਬਾਂ ਦੇ ਫੁੱਲ ਵੀ ਗੰਗਾ ਪਾ ਆਦੇ ।
ਸ਼ਮਸ਼ਾਨ ਘਾਟ ਜਾਣ ਲੱਗੇ ਤਾਂ ਉਥੋਂ ਦੀਆਂ ਤਕਲੀਫ਼ਾਂ ਸਤਾਉਣ ਲੱਗੀਆਂ । ਮਲ੍ਹੇ, ਝਾੜੀਆਂ, ਟੁੱਟੇ ਘੜਿਆਂ ਦੀਆਂ ਠੀਕਰੀਆਂ, ਮੱਟੀਆਂ ਦੀਆਂ ਉੱਖੜੀਆਂ ਇੱਟਾਂ ਤੋਂ ਸਿਵਾ ਕੁਝ ਵੀ ਨਹੀਂ ਸੀ ਉਥੇ । ਲੱਕੜਾਂ ਲੈਣ ਲਈ ਕੋਹ ਵਾਟ ਜਾਣਾ ਪੈਂਦਾ । ਗਰਮੀਆਂ 'ਚ ਨੜੋਏ ਨਾਲ ਆਏ ਬੰਦੇ ਗਰਮੀ ਨਾਲ ਹੀ ਅਧਮੋਏ ਹੋ ਜਾਂਦੇ । ਨਾ ਬੈਠਣ ਨੂੰ ਥਾਂ, ਨਾ ਪੀਣ ਨੂੰ ਪਾਣੀ । ਕੋਈ ਚਾਰ ਦੀਵਾਰੀ ਨਹੀਂ, ਕੋਈ ਰਖਵਾਲਾ ਨਹੀਂ । ਕਈ ਵਾਰ ਕੁੱਤੇ ਤਾਜ਼ੇ ਦੱਬੇ ਬੱਚਿਆਂ ਦੀਆਂ ਲਾਸ਼ਾਂ ਕੱਢ ਲੈਂਦੇ ਅਤੇ ਲੱਤਾਂ ਬਾਹਾਂ ਘੜੀਸੀ ਫਿਰਦੇ । ਮੀਂਹ ਕਣੀ ਹੁੰਦੀ ਤਾਂ ਤਿੰਨਤਿੰਨ ਚਾਰਚਾਰ ਦਿਨ ਲਾਸ਼ ਬਿੱਲੇ ਨਾ ਲੱਗਦੀ ।
ਲਾਲਾ ਜੀ ਨੇ ਪਹਿਲਾਂ ਕਮੇਟੀ ਬਣਾਈ । ਲੱਕੜਾਂ ਸੁਟਵਾਈਆਂ, ਨਲਕਾ ਲਵਾਇਆ ਅਤੇ ਆਖ਼ਰ ਵਿਚ ਸ਼ੈੱਡ ਬਣਾਏ । ਲੋਕਾਂ ਨੂੰ ਥੋੜ੍ਹਾ ਜਿਹਾ ਸੁਖ ਦਾ ਸਾਹ ਆਉਣ ਲੱਗਾ ਤਾਂ ਆਪਣੇ ਆਪ ਦਾਨ ਦੇਣ ਲੱਗੇ ।
ਮਿੱਠੂ ਸੇਠ ਨੇ ਆਪਣੀ ਪੁਰਾਣੀ ਹਵੇਲੀ ਸ਼ਮਸ਼ਾਨ ਘਾਟ ਦੇ ਨਾਂ ਲਗਵਾ ਦਿੱਤੀ । ਉਸ ਨੂੰ ਹਵੇਲੀ ਦਾ ਕੋਈ ਫ਼ਾਇਦਾ ਨਹੀਂ ਸੀ । ਤਿੰਨ ਪੁਸ਼ਤਾਂ ਤੋਂ ਹੀ ਇਹ ਹਵੇਲੀ ਉਜਾੜ ਪਈ ਸੀ ।
ਕਦੇ ਕੋਈ ਇਥੇ ਰਹਿੰਦਾ ਵੀ ਰਿਹਾ ਸੀ ਜਾਂ ਨਹੀਂ, ਕਿਸੇ ਨੂੰ ਨਹੀਂ ਪਤਾ । ਲੋਕਾਂ ਨੂੰ ਇਸ ਹਵੇਲੀ ਬਾਰੇ ਪਰਚੱਲਤ ਦੰਦਕਥਾਵਾਂ ਦਾ ਹੀ ਪਤਾ ਸੀ । ਜਿਸ ਸੇਠ ਨੇ ਇਹ ਹਵੇਲੀ ਬਣਵਾਈ ਸੀ, ਉਹ ਚੌਦਾਂ ਧੀਆਂਪੁੱਤ ਜੰਮ ਕੇ ਵੀ ਔਤ ਮਰਿਆ ਸੀ । ਉਸ ਜੋੜੇ ਦੀ ਰੂਹ ਇਸ ਹਵੇਲੀ ਵਿਚ ਭਟਕਦੀ ਫਿਰਦੀ  । ਲੋਕਾਂ ਨੇ ਤਰ੍ਹਾਂਤਰ੍ਹਾਂ ਦੀਆਂ ਅਵਾਜ਼ਾਂ ਅਤੇ ਚੀਕਾਂ ਇਸ ਹਵੇਲੀ ਵਿਚੋਂ ਸੁਣੀਆਂ ਸਨ । ਕਈ ਆਖਦੇ ਸਨ ਇਥੇ ਕਾਲਾ ਨਾਗ ਸਾਰਾ ਦਿਨ ਫੁੰਕਾਰੇ ਮਾਰਦਾ ਰਹਿੰਦਾ  । ਹਵੇਲੀ 'ਚ ਰਹਿਣਾ ਤਾਂ ਇਕ ਪਾਸੇ ਰਿਹਾ, ਡਰਦਾ ਕੋਈ ਉਧਰ ਦੀ ਲੰਘਦਾ ਵੀ ਨਹੀਂ ਸੀ । ਅੱਧਪਚੱਧ ਹਵੇਲੀ ਢਹਿ ਚੁੱਕੀ ਸੀ, ਉਥੇ ਅੱਜਕੱਲ੍ਹ ਕਬੂਤਰ ਅਤੇ ਉੱਲੂ ਵੱਸਦੇ ਸਨ ।
ਲਾਲਾ ਜੀ ਨੇ ਹਵੇਲੀ ਢਾਹੁਣ ਦਾ ਕੰਮ ਆਪਣੇ ਜ਼ਿੰਮੇ ਲਿਆ । ਪਹਿਲਾਂ ਪੂਰੀਆਂ ਧਾਰਮਿਕ ਰਸਮਾਂ ਨਾਲ ਰੂਹਾਂ ਦੀ ਗਤੀ ਕਰਾਈ ਗਈ । ਫੇਰ ਮੰਤਰਾਂ ਦੇ ਉਚਾਰਨ ਨਾਲ ਹਵੇਲੀ ਢਾਹੁਣ ਦਾ ਕੰਮ ਸ਼ੁਰੂ ਹੋਇਆ ।
ਹਵੇਲੀ ਦੇ ਮਲਬੇ ਨਾਲ ਸ਼ਮਸ਼ਾਨ ਘਾਟ ਦੀ ਨੁਹਾਰ ਹੀ ਬਦਲ ਗਈ । ਲਾਸ਼ਾਂ ਨੂੰ ਦਫ਼ਨਾਉਣ ਲਈ ਚਬੂਤਰੇ ਬਣ ਗਏ, ਪਾਣੀ ਵਾਲੀ ਟੈਂਕੀ ਖੜੀ ਹੋ ਗਈ ਅਤੇ ਮੋਢੇ ਜਿੱਡੀ ਚਾਰ ਦੀਵਾਰੀ ਬਣ ਗਈ । ਵਾਧੂਘਾਟੂ ਸਮਾਨ ਦੇ ਪੈਸਿਆਂ 'ਚ ਟੂਟੀਆਂ ਲੱਗ ਗਈਆਂ ਅਤੇ ਬਿਜਲੀ ਦੀ ਮੋਟਰ ਆ ਗਈ । ਜੈਨੀਆਂ ਦੀ ਮਾਂ ਮਰੀ ਤਾਂ ਉਹਨਾਂ ਸ਼ਮਸ਼ਾਨ ਘਾਟ ਵਿਚ ਬਗ਼ੀਚੀ ਲਗਵਾ ਦਿੱਤੀ ।
ਵਿਚਕਾਰ ਸ਼ਿਵ ਦੀ ਮੂਰਤੀ ਦੀ ਸਥਾਪਨਾ ਕਰਾ ਦਿੱਤਾ ਅਤੇ ਬਗ਼ੀਚੀ ਦੀ ਦੇਖਭਾਲ ਲਈ ਮਾਲੀ ਰਖਵਾ ਦਿੱਤਾ ।
ਲਾਲਾ ਜੀ ਦੀ ਚੜ੍ਹਤ ਤੋਂ ਕਈਆਂ ਨੂੰ ਚਿੜ ਹੋਣ ਲੱਗੀ । ਉਹ ਮਿਹਣੇ ਮਾਰਨ ਲੱਗੇ ।
''ਮੜ੍ਹੀਆਂ ਨਾਲ ਮੋਹ ਪਾ ਕੇ ਵੀ ਕਿਸੇ ਕੁਝ ਖੱਟਿਐ ?''
ਉਸ ਸਮੇਂ ਤਾਂ ਲਾਲਾ ਜੀ ਦੇ ਕੰਨ 'ਤੇ ਜੂੰ ਨਹੀਂ ਸੀ ਸਰਕਦੀ । ਹੁਣ ਉਹ ਸੋਚ ਰਹੇ ਸਨ ।
ਸੱਚਮੁੱਚ ਉਸ ਨੇ ਮੜ੍ਹੀਆਂ 'ਚੋਂ ਕੁਝ ਨਹੀਂ ਖੱਟਿਆ, ਸਗੋਂ ਮੜ੍ਹੀਆਂ ਨੇ ਉਸ ਨਾਲ ਮੋਹ ਪਾ ਲਿਐ ।
ਪਹਿਲਾ ਬਲਦੇਵ ਗਿਆ, ਮਗਰੇ ਮਾਂ.....ਅਤੇ ਹੁਣ.....ਉਹਨਾਂ ਨੂੰ ਲੱਗਾ, aਹ ਆਪਣੀਆਂ ਬਾਹਾਂ 'ਤੇ ਬੰਟੀ ਦੀ ਲਾਸ਼ ਪਾਈ ਆਪਣੀਆਂ ਹੀ ਸਜਾਈਆਂ ਸੰਵਾਰੀਆਂ ਮੜ੍ਹੀਆਂ ਵੱਲ ਜਾ ਰਿਹਾ .....।
''ਨਹੀਂ.....ਨਹੀਂ.....।'' ਆਪ ਮੁਹਾਰੇ ਲਾਲਾ ਜੀ ਦੀਆਂ ਚੀਕਾਂ ਹਵਾ ਵਿਚ ਗੂੰਜਣ ਲੱਗੀਆਂ ।
''ਕੀ ਗੱਲ ? ਕੀ ਹੋਇਆ ?'' ਘਬਰਾਈ ਭੀੜ ਉਹਨਾਂ 'ਤੇ ਉੱਲਰ ਗਈ ।
''ਕੁਛ ਨੀ.....ਕੁਛ ਨੀ.....ਇਕ ਮਾੜਾ ਸੁਫ਼ਨਾ ਦੇਖਿਐ.....।'' ਜੋ ਕੁਝ ਉਹ ਦੇਖ ਰਹੇ ਸੀ,
ਉਹ ਇਕ ਸੁਫ਼ਨਾ ਸੀ, ਇਹ ਜਾਣ ਕੇ ਉਹਨਾਂ ਦੀ ਜਾਨ ਵਿਚ ਜਾਨ ਆਈ ।
ਆਪਣਾ ਅਤੇ ਹਮਦਰਦਾਂ ਦਾ ਧਿਆਨ ਚੰਗੇ ਪਾਸੇ ਲਾਉਣ ਲਈ ਲਾਲਾ ਜੀ ਇਤਿਹਾਸਕ ਮਿਥਿਹਾਸਕ ਕਹਾਣੀਆਂ ਛੋਹ ਕੇ ਬੈਠ ਗਏ । ਹਰੀਸ਼ ਚੰਦਰ 'ਤੇ ਆਏ ਸੰਕਟ ਦੀਆਂ । ਲਛਮਣ ਮੂਰਛਾ ਦੀਆਂ ਅਤੇ ਗੁਰੂ ਗੋਬਿੰਦ ਸਿੰਘ ਦੇ ਸ਼ਹੀਦ ਹੋਏ ਚਾਰੇ ਸਾਹਿਬਜ਼ਾਦਿਆਂ ਦੀਆਂ । ਇਹ ਕੁਝ ਘੜੀਆਂ ਦਾ ਗਰਹਿ , ਜੋ ਉਹਨਾਂ 'ਤੇ ਆਇਆ  । ਇਸ ਨੇ ਟਲ ਹੀ ਜਾਣਾ  । ਗ੍ਰਹਿਚੱਕਰ ਤਾਂ ਦੇਵੀਦੇਵਤਿਆਂ ਨੂੰ ਨਹੀਂ ਬਖ਼ਸ਼ਦਾ, ਉਹ ਤਾਂ ਮਾਮੂਲੀ ਮਨੁੱਖ ਹਨ ।
ਉਹ ਦੱਸਣ ਲੱਗੇ ਕਿ ਹਰ ਵਿਦਵਾਨ ਨੇ ਬੰਟੀ ਦੀ ਲੰਬੀ ਉਮਰ ਦੀ ਭਵਿੱਖਬਾਣੀ ਕੀਤੀ ਹੋਈ  । ਫ਼ਿਕਰ ਵਾਲੀ ਕੋਈ ਗੱਲ ਨਹੀਂ, ਪਾਂਧੇ 'ਤੇ ਉਹਨਾਂ ਨੂੰ ਮਾਣ ਸੀ ।
ਬਲਦੇਵ ਦੀ ਜਨਮਪੱਤਰੀ ਦੇਖ ਕੇ ਪਾਂਧਾ ਹਮੇਸ਼ਾ ਹੀ ਚੁੱਪ ਹੋ ਜਾਇਆ ਕਰਦਾ ਸੀ ।
ਵਾਰਵਾਰ ਪੁੱਛਣ 'ਤੇ ਇਹੋ ਆਖਦਾ ਕਿ ਮੁੰਡਾ ਸੁਖ ਨਹੀਂ ਦੇਣ ਲੱਗਾ ।
ਉਹ ਤਾਂ ਬਲਦੇਵ ਦੀਆਂ ਹਰਕਤਾਂ ਤੋਂ ਹੀ ਨਜ਼ਰ ਆਦਾ ਸੀ । ਉਹ ਲਾਲਾ ਜੀ ਵਾਲੀ ਦਿਸ਼ਾ ਤੋਂ ਉਲਟ ਦਿਸ਼ਾ ਵੱਲ ਜਾ ਰਿਹਾ ਸੀ । ਧਰਮਕਰਮ ਨੂੰ ਉੱਕਾ ਨਹੀਂ ਸੀ ਮੰਨਦਾ । ਲਾਲਾ ਜੀ ਵਾਂਗ ਧੋਤੀਕੁੜਤਾ ਨਹੀਂ ਸੀ ਪਾਦਾ। ਸਵੇਰੇਸ਼ਾਮ ਪੂਜਾਪਾਠ ਨਹੀਂ ਸੀ ਕਰਦਾ । ਕਦੇ ਕਦੇ ਬੀੜੀ ਸਿਗਰਟ ਵੀ ਪੀ ਲੈਂਦਾ ਸੀ । ਬਹੁਤਾ ਪੜ੍ਹਿਆਲਿਖਿਆ ਵੀ ਨਹੀਂ । ਦਸਵੀਂ ਕਰ ਕੇ ਪਰਾਈਵੇਟ ਸਕੂਲ ਵਿਚ ਕਲਰਕ ਲੱਗ ਗਿਆ । ਵਿਆਹ ਕੀਤਾ ਤਾਂ ਉਪਰੋਥੱਲੀ ਦੋ ਲੜਕੀਆਂ ਹੋ ਗਈਆਂ । ਤੀਜੀ ਵਾਰੀ ਬਹੂ ਨੂੰ ਲੈ ਕੇ ਅੰਮਿਰਤਸਰ ਨੂੰ ਚੜ੍ਹ ਗਿਆ । ਲਾਲਾ ਜੀ ਦੀ ਇਕ ਨਾ ਸੁਣੀ । ਰੱਬ ਦੇ ਜੀਅ ਨੂੰ ਧਰਤੀ 'ਤੇ ਆਉਣ ਦੇਣਾ ਚਾਹੀਦੈ । ਗਰਭਪਾਤ ਪਾਪ ਸੀ । ਹਰ ਜੀਅ ਆਪਣੀ ਕਿਸਮਤ ਆਪ ਲੈ ਕੇ ਆਦਾ , ਪਰ ਉਸ ਨੂੰ ਹੋਰ ਧੀਆਂ ਦੀ ਜ਼ਰੂਰਤ ਨਹੀਂ ਸੀ । ਗਰਭ ਵਿਚ ਮੁੰਡਾ  ਤਾਂ ਦੁਨੀਆਂ 'ਤੇ ਆਵੇ, ਨਹੀਂ ਤੁਰਦਾ ਬਣੇ । ਲਾਲਾ ਜੀ ਨੇ ਲੱਖ ਵਾਰ ਧਰਤੀ ਨਮਸਕਾਰੀ, ਜਦੋਂ ਪਤਾ ਲੱਗਾ, ਪੇਟ ਵਿਚ ਬੰਟੀ ਸੀ । ਉਹਨਾਂ ਦੇ ਘਰ ਜੀਵਹੱਤਿਆ ਹੋਣੋਂ ਬਚ ਗਈ ।
ਬਲਦੇਵ ਲਾਲਾ ਜੀ ਨੂੰ ਆਦਰਸ਼ਵਾਦੀ ਆਖਦਾ ਸੀ । ਉਸ ਨੂੰ ਸਾਦਾ ਖਾਣਪੀਣ ਪਸੰਦ ਨਹੀਂ ਸੀ । ਉਹ ਘਰੇ ਟਿਕ ਕੇ ਬੈਠਣਾ ਨਹੀਂ ਸੀ ਚਾਹੁੰਦਾ । ਉਹ ਧੀਆਂ ਦਾ ਬਾਪ ਸੀ । ਉਹ ਨਹੀਂ ਸੀ ਚਾਹੁੰਦਾ, ਉਸ ਦੀਆਂ ਧੀਆਂ ਨੂੰ ਰਾਮ ਲੀਲ੍ਹਾ ਕਮੇਟੀ ਵਾਲੇ ਵਿਆਹੁਣ । aਹ ਬੰਟੀ ਨੂੰ ਵੀ ਤੱਪੜਾਂ ਵਾਲੇ ਗੌਰਮਿੰਟ ਸਕੂਲ 'ਚ ਨਹੀਂ ਸੀ ਪੜ੍ਹਾ ਸਕਦਾ । ਉਹ ਧੀਆਂ ਪੁੱਤਾਂ ਨੂੰ ਉੱਚੀ ਸਿੱਖਿਆ ਦੇ ਕੇ ਅਸਮਾਨੀ ਚੜ੍ਹਾਉਣ ਦੇ ਸੁਫ਼ਨੇ ਲੈਂਦਾ ਸੀ ।
ਦਿਨ ਰਾਤ ਮਿਹਨਤ ਕਰ ਕੇ ਉਹ ਬੈਂਕ 'ਚ ਕਲਰਕ ਜਾ ਲੱਗਾ । ਬਾਰਾਂ ਸੌ ਦੀ ਥਾਂ ਅਟਾਰਾਂ ਸੌ ਤਨਖ਼ਾਹ ਮਿਲਣ ਲੱਗੀ । ਕੁਝ ਮਹੀਨੇ ਹੀ ਸੰਗਰੂਰ ਜਾਣਾ ਪੈਣਾ ਸੀ । ਫੇਰ ਇਥੋਂ ਦੀ ਬਦਲੀ ਹੋ ਜਾਣੀ ਸੀ ।
ਕਿਸੇ ਨੂੰ ਕੀ ਪਤਾ ਸੀ, ਮੌਤ ਉਸ ਨੂੰ ਹਾਕਾਂ ਮਾਰ ਰਹੀ ਸੀ । ਵਿਹੁ ਮਾਤਾ ਨੇ ਨੌਕਰੀ ਦਾ ਬਹਾਨਾ ਘੜਿਆ ਸੀ, ਉਸ ਨੂੰ ਆਪਣੇ ਮਰਨ ਵਾਲੀ ਥਾਂ 'ਤੇ ਸੱਦਣ ਦਾ । ਦੂਸਰੇ ਹੀ ਮਹੀਨੇ ਟਰੱਕ ਹੇਠਾਂ ਆ ਕੇ ਮਰ ਗਿਆ ਸੀ ।
ਇਤਿਹਾਸ ਦੁਹਰਾਇਆ ਗਿਆ । ਲਾਲਾ ਜੀ ਵਾਂਗ ਬੰਟੀ ਵੀ ਛੋਟੀ ਉਮਰੇ ਬੇਸਹਾਰਾ ਹੋ ਗਿਆ, ਪਰ ਉਸ ਲਈ ਲਾਲਾ ਜੀ ਹਾਜ਼ਰ ਸਨ । ਉਹਨਾਂ ਚੁਣੌਤੀ ਕਬੂਲ ਕੀਤੀ । ਲਾਲਾ ਜੀ ਨੇ ਤਹੱਈਆ ਕੀਤਾ ਕਿ ਉਹ ਬੰਟੀ ਨੂੰ ਬਲਦੇਵ ਦੀ ਗ਼ੈਰਹਾਜ਼ਰੀ ਮਹਿਸੂਸ ਨਹੀਂ ਹੋਣ ਦੇਣਗੇ ।ਚਾਰ ਸਾਲਾਂ ਤੋਂ ਉਹ ਆਪਣਾ ਫ਼ਰਜ਼ ਨਿਭਾਦੇ ਆ ਰਹੇ ਸਨ ।
ਯੁਵਾ ਸੰਘ ਦੀ ਸਥਾਪਨਾ ਕਰ ਕੇ ਉਹਨਾਂ ਬਹੁਤਾ ਭਾਰ ਨੌਜਵਾਨਾਂ ਦੇ ਮੋਢਿਆਂ 'ਤੇ ਪਾ ਦਿੱਤਾ ਸੀ । ਉਹਨਾਂ ਨੂੰ ਪਹਿਲਾਂ ਹੀ ਪਛਤਾਵਾ ਸੀ । ਬਲਦੇਵ ਵੱਲ ਉਹ ਬਹੁਤਾ ਧਿਆਨ ਨਹੀਂ ਸੀ ਦੇ ਸਕੇ । ਸਾਰਾ ਦਿਨ ਲੋਕਾਂ ਦੇ ਕੰਮਾਂ ਵਿਚ ਹੀ ਰੁੱਝੇ ਰਹਿੰਦੇ । ਉਹ ਇਸੇ ਗੱਲ 'ਤੇ ਉਹਨਾਂ ਨਾਲ ਗੁੱਸੇ ਰਹਿੰਦਾ ਸੀ । ਇਸ ਸ਼ਿਕਾਇਤ ਦਾ ਮੌਕਾ ਉਹ ਬੰਟੀ ਨੂੰ ਨਹੀਂ ਸੀ ਦੇਣਾ ਚਾਹੁੰਦੇ ।
ਕੀ ਪਤਾ ਸੀ ਬਲਦੇਵ ਨੂੰ ਫੇਰ ਵੀ ਸ਼ਿਕਾਇਤ ਕਰਨ ਦਾ ਮੌਕਾ ਮਿਲ ਹੀ ਜਾਏਗਾ ।
ਬਲਦੇਵ ਵਾਰਵਾਰ ਉਹਨਾਂ ਅੱਗੇ ਆ ਖੜੋਂਦਾ ਸੀ । ਉਹਨਾਂ ਨੂੰ ਉਲਾਂਭੇ 'ਤੇ ਉਲਾਂਭਾ ਦੇ ਰਿਹਾ ਸੀ । ਜਿਵੇਂ ਆਖ ਰਿਹਾ ਸੀ, ''ਚੁੱਕ ਲੈ ਆਪਣੀ ਸਮਾਜਸੇਵਾ ਨੂੰ ਮੋਢਿਆਂ 'ਤੇ । ਤੇਰਾ ਤੁਖ਼ਮ ਇਸ ਦੁਨੀਆਂ ਤੋਂ ਚੁੱਕਿਆ ਗਿਆ, ਤੈਥੋਂ ਇਕ ਬੱਚਾ ਵੀ ਨਹੀਂ ਸੰਭਾਲਿਆ ਗਿਆ ।''
ਉਹਨਾਂ ਨੂੰ ਕਈ ਵਾਰ ਝਉਲੇ ਪੈ ਰਹੇ ਸਨ, ਜਿਵੇਂ ਬਲਦੇਵ ਉਹਨਾਂ ਤੋਂ ਬੰਟੀ ਨੂੰ ਹਥਿਆ ਰਿਹਾ , ਬੰਟੀ ਨੂੰ ਗਲ ਲਾ ਕੇ ਕਿਸੇ ਅਣਪਛਾਤੀ ਥਾਂ ਵੱਲ ਲੈ ਕੇ ਜਾ ਰਿਹਾ .....। ਉਹਨਾਂ ਦੀ ਇਕ ਵਾਰ ਫੇਰ ਚੀਕ ਨਿਕਲ ਚੱਲੀ ਸੀ ਪਰ ਇਸ ਵਾਰ ਉਹਨਾਂ ਕਾਬੂ ਰੱਖਿਆ । ਦੂਜਿਆਂ ਨੂੰ ਰੱਬ ਦਾ ਭਾਣਾ ਮੰਨਣ ਦਾ ਸਬਕ ਦੇਣ ਵਾਲਾ ਆਪ ਹੀ ਡੋਲ ਗਿਆ । ਸੋਚ ਕੇ ਉਹਨਾਂ ਚੀਕ ਅੰਦਰ ਹੀ ਦਬਾ ਲਈ ।
ਨੌਂ ਵਾਲੀ ਗੱਡੀ ਜਦੋਂ ਯੁਵਾ ਸੰਘ ਦੀ ਆਖ਼ਰੀ ਟੋਲੀ ਵੀ ਖ਼ਾਲੀ ਹੱਥ ਮੁੜ ਆਈ ਤਾਂ ਸਭ ਦੇ ਮਾਪੇ ਜਿਹੇ ਮਾਰੇ ਗਏ ।
ਪੁਲਿਸ ਨੂੰ ਇਤਲਾਹ ਦੇਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ।
ਕੀ ਬੰਟੀ ਮੁੜ ਕੇ ਨਹੀਂ ਆਏਗਾ ? ਕੀ ਲਾਲਾ ਜੀ ਦੇ ਉਮਰਭਰ ਦੇ ਪੁੰਨਦਾਨ ਦਾ ਇਹੋ ਫਲ ਸੀ ? ਹਜ਼ਾਰਾਂ ਪਰਸ਼ਨ ਜਵਾਰਭਾਟੇ ਵਾਂਗ ਲਾਲਾ ਜੀ ਅੰਦਰ ਉਛਾਲੇ ਮਾਰਨ ਲੱਗੇ ।
ਸ਼ਹਿਰ 'ਚ ਕਿਹੜੀ ਭਲਾਈ ਸੀ, ਜਿਹੜੀ ਲਾਲਾ ਜੀ ਨੇ ਤਨੋਮਨੋਂ ਨਹੀਂ ਸੀ ਕੀਤੀ ।
ਅੱਜ ਕੱਲ੍ਹ ਤਾਂ ਜਣਾਖਣਾ ਅਖ਼ਬਾਰ ਵਿਚ ਫ਼ੋਟੋਆਂ ਛਪਵਾਉਣ ਲਈ ਅੱਖਾਂ ਦੇ ਮੁਫ਼ਤ ਕੈਂਪ ਲਾ ਲੈਂਦੇ । ਅਸਲ 'ਚ ਇਹ ਕਾਢ ਲਾਲਾ ਜੀ ਦੇ ਦਿਮਾਗ਼ ਦੀ  ।
ਜਦੋਂ ਤੀਹ ਸਾਲ ਪਹਿਲਾਂ ਉਹਨਾਂ ਕੈਂਪ ਲਾਇਆ ਸੀ ਤਾਂ ਆਮ ਲੋਕਾਂ ਨੂੰ ਪਤਾ ਵੀ ਨਹੀਂ ਸੀ ਕਿ ਅੱਖਾਂ ਦਾ ਅਪਰੇਸ਼ਨ ਇੰਨਾ ਸੌਖਾ ਹੋ ਜਾਂਦੈ । ਪੂਰੀ ਭੱਜਨੱਠ ਕਰ ਕੇ ਉਹ ਮਸਾਂ ਅੱਠ ਅਪਰੇਸ਼ਨ ਕਰ ਸਕੇ ਸਨ । ਜਦੋਂ ਦਸਦਸ ਸਾਲਾਂ ਤੋਂ ਅੰਨ੍ਹੇ ਹੋਏ ਬੰਦੇ ਆਪੇ ਬੱਸਾਂ ਚੜ੍ਹ ਕੇ ਪਿੰਡ ਪਹੁੰਚ ਗਏ ਤਾਂ ਲੋਕਾਂ ਨੂੰ ਤਸੱਲੀ ਹੋਈ । ਅੱਜ ਕਲ੍ਹ ਹਰ ਛਿਮਾਹੀ ਕੈਂਪ ਲੱਗਦਾ  । ਪੰਡਾਲ ਵਿਆਹ ਵਾਂਗ ਸਜ ਜਾਂਦੈ । ਹਜ਼ਾਰਾਂ ਮਰੀਜ਼ ਵਹੀਰਾਂ ਘੱਤੀ ਆਦੇ ਹਨ । ਵਧੀਆ ਤੋਂ ਵਧੀਆ ਡਾਕਟਰ ਪੁੱਜਦੇ ਹਨ । ਕੋਈ ਸੰਸਥਾ ਮੁਫ਼ਤ ਦਵਾਈਆਂ ਦਿੰਦੀ , ਕੋਈ ਐਨਕਾਂ ਲਾਦੀ  ਅਤੇ ਕੋਈ ਰਾਸ਼ਨਪਾਣੀ ਦਿੰਦੀ  । ਵਜ਼ੀਰਾਂ ਤਕ ਨੂੰ ਲਾਲਸਾ ਰਹਿੰਦੀ  ਕਿ ਉਸ ਤੋਂ ਕੈਂਪ ਦਾ ਉਦਘਾਟਨ ਕਰਾਇਆ ਜਾਵੇ । ਕੀ ਲੱਖਾਂ ਲੋਕਾਂ ਨੂੰ ਰੋਸ਼ਨੀ ਦਿਵਾਉਣ ਦਾ ਇਹੋ ਫਲ  ? ਉਸ ਤੋਂ ਆਪਣੀਆਂ ਅੱਖਾਂ ਦਾ ਨੂਰ ਖੋਹਿਆ ਜਾ ਰਿਹਾ ਸੀ ।
ਰਾਮ ਲੀਲ੍ਹਾ ਕਮੇਟੀ ਦੇ ਪਰਧਾਨ ਨੇ ਆ ਕੇ ਦੱਸਿਆ ਕਿ ਰਾਮ ਲੀਲਾ ਗਰਾਊਂਡ ਵਿਚ ਪੰਡਤਾਂ ਨੇ ਹਵਨ ਆਰੰਭ ਕੀਤਾ , ਜਿਸਜਿਸ ਪੰਡਤ ਨੂੰ ਵੀ ਪਤਾ ਲੱਗਦਾ ਜਾ ਰਿਹਾ , ਉਹੋ ਪਾਠ 'ਤੇ ਬੈਠਦਾ ਜਾ ਰਿਹਾ  । ਆਖ਼ਰ ਰਾਮ ਲੀਲ੍ਹਾ ਕਮੇਟੀ ਲਈ ਲਾਲਾ ਜੀ ਦਾ ਯੋਗਦਾਨ ਕਿਹੜਾ ਥੋੜ੍ਹਾ  । ਉਹ ਕਮੇਟੀ ਦੇ ਪਰਬੰਧਕਾਂ ਵਿਚ ਪੈ ਕੇ ਝਗੜਾ ਨਾ ਨਬੇੜਦੇ ਤਾਂ ਕਮੇਟੀ ਕਦੋਂ ਦੀ ਖਿੰਡਪੁੰਡ ਗਈ ਹੁੰਦੀ । ਉਹਨਾਂ ਦੇ ਕਮੇਟੀ ਵਿਚ ਆਦਿਆਂ ਹੀ ਰਾਮ ਲੀਲਾ ਦੀ ਨੁਹਾਰ ਹੀ ਬਦਲ ਗਈ । ਪਹਿਲਾਂ ਭੀੜ ਇਕੱਠੀ ਕਰਨ ਲਈ ਅਖਾੜੇ ਲਾਏ ਅਤੇ ਡਾਂਸ ਕਰਾਏ ਜਾਂਦੇ ਸਨ । ਰਾਮ ਲੀਲ੍ਹਾ ਕਦੇ ਚੌਂਕ ਵਿਚ ਹੁੰਦੀ, ਕਦੇ ਦਾਣਾਮੰਡੀ ਵਿਚ ਅਤੇ ਕਦੇ ਧਰਮਸ਼ਾਲਾ ਵਿਚ ।
ਕੋਈ ਸਿਗਰਟ ਪੀਵੇ ਚਾਹੇ ਸ਼ਰਾਬ, ਕੋਈ ਰੋਕਟੋਕ ਨਹੀਂ ਸੀ । ਸੀਟੀਆਂ ਅਤੇ ਕੂਕਾਂ ਆਮ ਜਿਹੀ ਗੱਲ ਸੀ । ਲਾਲਾ ਜੀ ਨੇ ਇਹ ਸਭ ਕੁਝ ਬੰਦ ਕਰਾਇਆ । ਡੀ.ਸੀ. 'ਤੇ ਜ਼ੋਰ ਪਾ ਕੇ ਕਿਲ੍ਹੇ ਦੇ ਨਾਲ ਲੱਗਦੀ ਵਿਰਾਨ ਪਈ ਜਗ੍ਹਾ ਕਮੇਟੀ ਨੇ ਅਲਾਟ ਕਰਾਈ । ਲੋਕਾਂ ਵੱਲੋਂ ਚੜ੍ਹਦੇ ਚੜ੍ਹਾਵੇ ਨੂੰ ਸਟੇਜ ਬਣਾਉਣ ਲਈ ਵਰਤਿਆ । ਚਾਰ ਦੀਵਾਰੀ ਬਣਵਾਈ ਅਤੇ ਪੱਕੇ ਕਮਰੇ । ਇਹ ਗਰਾਊਂਡ
ਹੁਣ ਹਜ਼ਾਰਾਂ ਕੰਮ ਆਦਾ  । ਇਥੇ ਹਰ ਸਾਲ ਰਾਮ ਲੀਲ੍ਹਾ ਹੁੰਦੀ , ਜਗਰਾਤੇ ਅਤੇ ਕਥਾਵਾਰਤਾਵਾਂ ਹੁੰਦੀਆਂ ਹਨ । ਕਿਸੇ ਚੰਗੀ ਪਾਰਟੀ ਨੇ ਡਰਾਮੇ ਕਰਨੇ ਹੋਣ ਤਾਂ ਸਿਨੇਮੇ ਵਾਲਿਆਂ ਦੇ ਪਿੱਛੇ ਫਿਰਨ ਦੀ ਲੋੜ ਨਹੀਂ । ਬਣੀਬਣਾਈ ਸਟੇਜ ਮਿਲ ਜਾਂਦੀ  ।
ਗੀਤਾ ਭਵਨ ਵਾਲੇ ਸਵਾਮੀ ਜੀ ਨੇ ਵੀ ਅਖੰਡ ਕੀਰਤਨ ਸ਼ੁਰੂ ਕਰ ਦਿੱਤਾ ਸੀ । ਉਹਨਾਂ ਪਰਣ ਕੀਤਾ ਸੀ, ਜਿੰਨਾ ਚਿਰ ਬੰਟੀ ਘਰ ਨਹੀਂ ਮੁੜਦਾ, ਕੀਰਤਨ ਹੁੰਦਾ ਰਹੇਗਾ । ਉਹਦੇ ਸ਼ਗਿਰਦਾਂ ਨੇ ਵੀ ਵਰਤ ਰੱਖੇ ਸਨ ।
ਲਾਲਾ ਜੀ ਭਾਣਾ ਮੰਨ ਕੇ ਸਬਰ ਕਰਨਾ ਚਾਹੁੰਦੇ ਸਨ । ਕਿਸਮਤ 'ਚ ਹੋਇਆ ਤਾਂ ਬੰਟੀ ਦਾ ਵਾਲ ਵਿੰਗਾ ਨਹੀਂ ਹੋਣਾ । ਨਾ ਹੋਇਆ ਤਾਂ ਪੁਲਿਸ ਨੇ ਕਿਹੜਾ ਉਸ ਨੂੰ ਹਰਾ ਕਰ ਦੇਣਾ  । ਯੁਵਾ ਸੰਘ ਇਸ ਗੱਲ ਨਾਲ ਸਹਿਮਤ ਨਹੀਂ ਸੀ । ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਬੰਟੀ ਕਿਸੇ ਮਾੜੇ ਅਨਸਰ ਦੇ ਹੱਥ ਲੱਗ ਚੁੱਕਾ ਸੀ । ਪੁਲਿਸ ਬਿਨਾਂ ਮਾੜੇ ਅਨਸਰ ਫੜੇ ਨਹੀਂ ਜਾ ਸਕਦੇ ।
ਉਪਰੋਂ ਮਾੜੀ ਹਵਾ ਵਗ ਰਹੀ , ਚੰਗੇਭਲੇ ਬੰਦੇ ਦਾ ਦਿਮਾਗ਼ ਫਿਰਿਆ ਪਿਐ ।
ਥਾਣੇ ਇਤਲਾਹ ਦੇਣ ਦੀ ਜ਼ਿੰਮੇਵਾਰੀ ਧਾਗਾ ਮਿੱਲ ਦੇ ਐਮ.ਡੀ. ਨੇ ਆਪਣੇ ਜ਼ਿੰਮੇ ਲਈ ।
ਨਾਲ ਫ਼ਲੋਰ ਮਿੱਲਜ਼ ਮਾਲਕ ਯੂਨੀਅਨ ਦੇ ਪਰਧਾਨ ਨੂੰ ਲਿਆ । ਸਾਰ ਦਿਨ ਉਹ ਥਾਣੇ ਦੀ ਮੈਸ ਲਈ ਵਗਾਰਾਂ ਕਰਦੇ ਨੇ । ਚੌਥੇ ਦਿਨ ਬੋਰੀ ਕਣਕ ਦੀ ਮੰਗ ਲੈਂਦੇ ਨੇ । ਬੰਟੀ ਦਾ ਨਾਂ ਪਤਾ ਅਤੇ ਹੋਰ ਜਾਣਕਾਰੀ ਲਈ ਉਹਨਾਂ ਬੰਟੀ ਦੇ ਮਾਮੇ ਸੂਰਜ ਨੂੰ ਨਾਲ ਲੈ ਲਿਆ ।
ਸੂਰਜ ਅਤੇ ਐਮ.ਡੀ. ਦੇ ਥਾਣੇ ਜਾਂਦਿਆਂ ਹੀ ਕੁਸ਼ਟ ਆਸ਼ਰਮ ਦੇ ਚੌਧਰੀ ਅਤੇ ਸਾਂਸੀਆਂ ਦੇ ਨੰਬਰਦਾਰ ਦੇ ਸਾਹ ਸੁੱਕਣ ਲੱਗੇ ।
ਬੰਟੀ ਨੂੰ ਲੱਭਣ ਲਈ ਪੁਲਿਸ ਦਾ ਪਹਿਲਾ ਹਮਲਾ ਉਹਨਾਂ ਦੀਆਂ ਕੁੱਲੀਆਂ 'ਤੇ ਹੀ ਹੋਵੇਗਾ ।
''ਅੰਨਦਾਤਾ, ਕੁਝ ਦੇਰ ਹੋਰ ਉਡੀਕ ਲਓ.....ਪੁਲਿਸ ਨੇ ਤਾਂ ਸਾਡੇ ਹੱਡਾਂ ਵਿਚ ਹੀ ਭਾਪ ਪਾਉਣੀ  ।'' ਭੀੜ ਨੂੰ ਚੀਰ ਕੇ ਲਾਲਾ ਜੀ ਤੱਕ ਅੱਪੜ ਕੇ ਪਹਿਲਾਂ ਨੰਬਰਦਾਰ ਨੇ ਬੇਨਤੀ ਕੀਤੀ । ਪਿੱਛੇ ਹੀ ਹੱਥ ਜੋੜ ਕੇ ਚੌਧਰੀ ਜਾ ਖੜੋਤਾ ।
ਕੁੱਲੀਆਂ 'ਤੇ ਟੁੱਟਣ ਵਾਲੇ ਕਹਿਰ ਤੋਂ ਉਹਨਾਂ ਨੂੰ ਲਾਲਾ ਜੀ ਹੀ ਬਚਾ ਸਕਦੇ ਸਨ । ਲਾਲਾ ਜੀ ਦੀ ਕਿਰਪਾ ਨਾਲ ਸਾਂਸੀ ਪਹਿਲੇ ਸਾਂਸੀ ਨਹੀਂ ਸੀ ਰਹੇ । ਉਹ ਆਪਣਾ ਜੱਦੀ ਪੇਸ਼ਾ–ਚੋਰੀ ਛੱਡਦੇ ਜਾ ਰਹੇ ਸਨ । ਮਰਦ ਰੇਹੜੇ ਵਾਹੁਣ ਲੱਗੇ ਸਨ, ਔਰਤਾਂ ਖੇਤਾਂ ਨੂੰ ਜਾਂਦੀਆਂ ਸਨ । ਉਹਨਾਂ ਨੇ ਸੂਰਾਂ ਅਤੇ ਗਊਆਂ ਦੀ ਗਿਣਤੀ ਵਧਾ ਲਈ ਸੀ । ਬੱਚੇ ਸਕੂਲ ਜਾਣ ਲੱਗੇ ਸਨ । ਪੁਲਿਸ ਨੇ ਚੰਗੇਮਾੜੇ ਦੀ ਪਛਾਣ ਨਹੀਂ ਸੀ ਕਰਨੀ, ਚੰਗੇਮਾੜੇ ਸਾਰੇ ਇਕੋ ਰੱਸੇ ਨੂੜ ਲੈਣੇ ਸਨ । ਕਈਆਂ ਦੀਆਂ ਦਿਹਾੜੀਆਂ ਟੁੱਟ ਜਾਣਗੀਆਂ, ਕਈਆਂ ਨੂੰ ਟੁੱਟੀਆਂ ਲੱਤਾਂਬਾਹਾਂ ਜੁੜਾਉਣ ਲਈ ਉਧਾਰ ਨਹੀਂ ਮਿਲਣਾ । ਉਨਾਂ ਨੂੰ ਨੰਬਰਦਾਰ ਦੇ ਖ਼ਿਲਾਫ਼ ਬੋਲਣ ਦਾ ਬਹਾਨਾ ਮਿਲ ਜਾਊ । ਜੇ ਇਮਾਨਦਾਰ ਰਹਿ ਕੇ ਵੀ ਪੁਲਿਸ ਤੋਂ ਮਾਰ ਖਾਣੀ  ਤਾਂ ਸਾਰਾ ਦਿਨ ਪਸੀਨਾ ਵਹਾਉਣ ਦੀ ਕੀ ਲੋੜ  ? ਪਹਿਲਾ ਕੰਮ ਕੀ ਮਾੜਾ ਸੀ ? ਸਾਰਾ ਦਿਨ ਸੁੱਤੇ ਰਹੇ, ਰਾਤ ਨੂੰ ਘਰੋਂ ਨਿਕਲੋ । ਇਕਦੋ ਘਰਾਂ ਨੂੰ ਪਾੜ ਲਾਓ, ਅੱਧਾ ਪੁਲਿਸ ਨੂੰ ਦਿਉ, ਬਾਕੀ ਨਾਲ ਮੌਜਾਂ ਕਰੋ । ਕਿਸੇ ਦੇ ਘਰੇ ਦਾਅ ਨਹੀਂ ਲੱਗਦਾ ਤਾਂ ਕਿਸੇ ਦਾ ਨਰਮਾ ਚੁੱਕ ਲਓ । ਲਾਲਾ ਜੀ ਉਹਨਾਂ ਦੀ ਰੱਖਿਆ ਕਰਨ । ਆਪਣੇ ਹੱਥੀਂ ਲਾਏ ਬੂਟੇ ਨੂੰ ਬਚਾਉਣ ।
ਇਹੋ ਡਰ ਚੌਧਰੀ ਨੂੰ ਸੀ । ਪਹਿਲਾਂ ਉਹ ਮੰਗਤੇ ਅਖਵਾਦੇ ਸਨ । ਸਟੇਸ਼ਨਾਂ, ਅੱਡਿਆਂ ਅਤੇ ਉਜਾੜਾਂ ਵਿਚ ਪਏ ਸੜਦੇ ਰਹਿੰਦੇ ਸਨ । ਉਸ ਸਮੇਂ ਉਹ ਬੱਚੇ ਵੀ ਚੁੱਕ ਲੈਂਦੇ ਸਨ ਅਤੇ ਚੋਰੀਆਂ ਵੀ ਕਰ ਲੈਂਦੇ ਸਨ । ਮੰਗਣ ਵਾਲੇ ਜਿੰਨੇ ਹੱਥ ਹੋਣਗੇ, ਓਨੇ ਹੀ ਥੋੜ੍ਹੇ । ਚੌਧਰੀ ਖ਼ੁਦ ਵੀ ਇਸੇ ਬੀਮਾਰੀ ਦਾ ਸ਼ਿਕਾਰ ਸੀ, ਉਸ ਨੂੰ ਵੀ ਕਿਤੋਂ ਚੁੱਕਿਆ ਗਿਆ ਸੀ । ਲਾਲਾ ਜੀ ਨੇ ਹਿੰਮਤ ਕੀਤੀ ਅਤੇ ਨਵੀਂ ਅਨਾਜ ਮੰਡੀ ਕੋਲ ਉਹਨਾਂ ਨੂੰ ਝੌਂਪੜੀਆਂ ਪਵਾ ਦਿੱਤੀਆਂ । ਮੰਗਣਾ ਬੰਦ, ਕੋਹੜੀਆਂ ਦੇ ਮੋਹਰੀਆਂ ਨੇ ਹਫ਼ਤੇ 'ਚ ਇਕ ਦਿਨ ਇਕ ਮੁਹੱਲੇ 'ਚ ਚੱਕਰ ਕੱਟਣਾ , ਅਗਲੇ ਦਿਨ ਦੂਜੇ ਮੁਹੱਲੇ । ਖਾਣਪੀਣ ਜੋਗੇ ਪੈਸੇ ਉਹਨਾਂ ਨੂੰ ਮੁੱਕਦੇ ਨਹੀਂ । ਪੁੰਨਦਾਨ ਕਰਨ ਵਾਲੇ ਆਸ਼ਰਮ ਪੁੱਜਣ ਲੱਗੇ ਹਨ । ਸਰਦੀਆਂ 'ਚ ਕੋਟੀਆਂ, ਕੰਬਲ ਮਿਲ ਜਾਂਦੇ ਹਨ । ਉਹਨਾਂ ਦੇ ਦਿਨ ਵਧੀਆ ਲੰਘ ਰਹੇ ਹਨ । ਬੱਚਾ ਗੁੰਮ ਜਾਣ ਦੀ ਖ਼ਬਰ ਨਾਲ ਪੁਲਿਸ ਦੀਆਂ ਗੱਡੀਆਂ ਦੇ ਮੂੰਹ ਪਹਿਲਾਂ ਆਸ਼ਰਮ ਵੱਲ ਹੀ ਮੁੜਨਗੇ ।
''ਤੁਸੀਂ ਪਰਵਾਹ ਨਾ ਕਰੋ.....ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦੇ । ਤੁਹਾਡੀ ਹਵਾ ਵੱਲ ਕੋਈ ਨਹੀਂ ਝਾਕ ਸਕਦਾ । ਚੁੱਪ ਕਰ ਕੇ ਘਰੇ ਬੈਠੋ.....।'' ਦਰਸ਼ਨ ਉਹਨਾਂ ਨੂੰ ਯਕੀਨ ਦਿਵਾਉਣ ਲੱਗਾ ।
ਇਸ ਤੋਂ ਪਹਿਲਾਂ ਕਿ ਚੌਧਰੀ ਕੋਈ ਸਫ਼ਾਈ ਪੇਸ਼ ਕਰਦਾ, 'ਰਾਮ, ਰਾਮ' ਕਰਦੀ ਜਮਾਦਾਰਨੀ ਦੇਹਲੀਆਂ ਵਿਚ ਆ ਖੜੀ ।
ਕੱਲ੍ਹ ਸ਼ਾਮ ਨੂੰ ਨਾਲੀਆਂ ਕੱਢਦੀ ਜਮਾਂਦਾਰਨੀ ਨੂੰ ਜਦੋਂ ਪਤਾ ਲੱਗਾ ਕਿ ਬੰਟੀ ਗੁਆਚ ਗਿਆ  ਤਾਂ ਉਹ ਪਤਾ ਲੈਣ ਲਾਲਾ ਜੀ ਦੇ ਘਰ ਆਈ ਸੀ । ਘਰ ਵਿਚ ਕੋਈ ਨਹੀਂ ਸੀ ।
ਸਾਰੇ ਬੰਟੀ ਨੂੰ ਲੱਭਣ ਤੁਰੇ ਹੋਏ ਸਨ । ਕੋਈ ਉਸ ਨੂੰ ਕਾਗ਼ਜ਼ ਦਾ ਟੁਕੜਾ ਫੜਾ ਗਿਆ ਸੀ । ਉਹ ਲਾਲਾ ਜੀ ਨੂੰ ਦੇਣਾ ਸੀ । ਜਮਾਂਦਾਰਨੀ ਕਾਫ਼ੀ ਦੇਰ ਬੈਠੀ ਲਾਲਾ ਜੀ ਨੂੰ ਉਡੀਕਦੀ ਰਹੀ । ਫੇਰ ਕਾਗ਼ਜ਼ ਲੜ ਬੰਨ੍ਹ ਲਿਆ । ਜਾਂਦੀ ਹੋਈ ਦੇਣਾ ਭੁੱਲ ਗਈ ।
ਸੁਬ੍ਹਾ ਯਾਦ ਆਉਣ 'ਤੇ ਉਹ ਭੱਜੀਭੱਜੀ ਆਈ ਸੀ । ਉਹ ਕਾਗ਼ਜ਼ ਲਾਲਾ ਜੀ ਦੀ ਸੇਵਾ ਵਿਚ ਹਾਜ਼ਰ ਕਰਨਾ ਚਾਹੁੰਦੀ ਸੀ ।
ਨੰਬਰਦਾਰ ਨੇ ਚਿੱਠੀ ਜਮਾਂਦਾਰਨੀ ਤੋਂ ਫੜ ਕੇ ਲਾਲਾ ਜੀ ਨੂੰ ਫੜਾ ਦਿੱਤੀ । ਕਾਗ਼ਜ਼ ਦੀਆਂ ਤੈਹਾਂ ਖੋਲ੍ਹਦਿਆਂ ਹੀ ਲਾਲਾ ਜੀ ਦੇ ਹੱਥਪੈਰ ਸੁੰਨ ਹੋਣ ਲੱਗੇ । ਉਹਨਾਂ ਦੇ ਚਿਹਰੇ 'ਤੇ ਉੱਡਦੀਆਂ ਹਵਾਈਆਂ ਦੇਖ ਕੇ ਕੁਝ ਹੋਰ ਬੰਦੇ ਵੀ ਕਾਗ਼ਜ਼ 'ਤੇ ਨਿਗਾਹ ਮਾਰਨ
ਲੱਗੇ ।
ਉਹੋ ਹੋਇਆ ਸੀ, ਜਿਸ ਦਾ ਸਭ ਨੂੰ ਡਰ ਸੀ । ਚਿੱਠੀ ਦਹਿਸ਼ਤਗਰਦਾਂ ਵੱਲੋਂ ਸੀ । ਪੰਜ ਹਜ਼ਾਰ ਰੁਪਏ ਪੰਜਵੀੜੀ ਵਾਲੇ ਟੋਭੇ ਕੋਲ ਬੋਹੜ ਹੇਠਾਂ ਰੱਖਣੇ ਸਨ । ਨਹੀਂ ਦਿਨ ਚੜ੍ਹਦੇ ਨਾਲ ਲਾਸ਼ ਉਹਨਾਂ ਦੇ ਘਰ ਪੁੱਜ ਜਾਣੀ ਸੀ ।
ਸਵੇਰ ਦੇ ਦਸ ਵੱਜ ਚੁੱਕੇ ਸਨ । ਦਿੱਤੇ ਸਮੇਂ ਨੂੰ ਲੰਘਿਆਂ ਕਈ ਘੰਟੇ ਬੀਤ ਗਏ ਸਨ ।
ਹੁਣ ਕੀ ਹੋਏਗਾ ?
ਸਾਰੀ ਭੀੜ ਰੋਹ ਭਰੀਆਂ ਅੱਖਾਂ ਨਾਲ ਜਮਾਂਦਾਰਨੀ ਨੂੰ ਘੂਰਨ ਲੱਗੀ । ਕਿਧਰੇ ਉਹ ਚਿੱਠੀ ਵਕਤ ਸਿਰ ਫੜਾ ਦਿੰਦੀ ਤਾਂ ਬੰਟੀ ਕਦੋਂ ਦਾ ਘਰ ਮੁੜ ਆਦਾ । ਉਸ ਅਨਪੜ੍ਹ ਦਾ ਕੀ ਕਸੂਰ ਸੀ ? ਡਰਦੀ ਉਹ ਸਾਰੀ ਦੀ ਸਾਰੀ ਕੰਬਣ ਲੱਗੀ ।
ਪੰਜ ਹਜ਼ਾਰ ਦੀ ਤਾਂ ਕੋਈ ਗੱਲ ਨਹੀਂ । ਇਕੱਲਾ ਬੰਦਾ ਹੀ ਦੇ ਦਿੰਦਾ । ਲੰਘਿਆ ਸਮਾਂ ਕਿਵੇਂ ਮੁੜੇ ?
''ਬੰਟੀ ਦਾ ਬਸਤਾ.....।'' ਪਿੱਤਲ ਦੇ ਟੋਪੀਏ 'ਤੇ ਪਏ ਬੰਟੀ ਦੇ ਬਸਤੇ ਨੂੰ ਦੇਖ ਕੇ ਉਸ ਦੀ ਮੈਡਮ ਦੀ ਚੀਕ ਨਿਕਲ ਗਈ । ਉਸ ਨੂੰ ਲੱਗਾ ਬੰਟੀ ਮੁੜ ਆਇਆ  । ਉਹ ਬਸਤਾ ਸੁੱਟ ਕੇ ਕਿਧਰੇ ਲੁਕ ਗਿਐ ।
ਬਸਤਾ ਦੇਖਣ ਸਾਰੀ ਭੀੜ ਚਬੂਤਰੇ 'ਤੇ ਜੁੜ ਗਈ । ਬਸਤਾ ਉਸੇ ਦਾ ਸੀ ।
ਬਸਤਾ ਸੁੱਖ ਦਾ ਸੰਕੇਤ ਨਹੀਂ ਸੀ । ਚਿੱਠੀ ਵਿਚ ਲਿਖੀ ਤਾੜਨਾ ਸਭ ਦੇ ਦਿਲਾਂ ਨੂੰ ਧੜਕਾਉਣ ਲੱਗੀ । ਟੋਪੀਏ ਹੇਠੋਂ ਬੰਟੀ ਦੀ ਨਿੱਕਰ ਦੀ ਗੈਲਸ ਵੀ ਦਿਖਾਈ ਦੇ ਰਹੀ ਸੀ ।
''ਹੋ ਸਕਦੈ ਹੇਠਾਂ ਕੋਈ ਚਿੱਠੀ ਹੋਵੇ.....ਹੋਰ ਸਮਾਂ ਦਿੱਤਾ ਹੋਵੇ ।'' ਇਕ ਰੋਣਹਾਕਾ ਹੋਇਆ ਚਿੱਲਾਇਆ ।
''ਠਹਿਰੋ.....ਇਹ ਵੀ ਹੋ ਸਕਦੈ ਉਹਨਾਂ ਆਪਣੀ ਧਮਕੀ.....।'' ਟੋਪੀਆ ਚੁੱਕਣ ਗਏ ਪਹਿਲੇ ਨੂੰ ਰੋਕਣ ਲਈ ਦੂਸਰੇ ਨੇ ਕਿਹਾ ।
''ਇਹ ਨਹੀਂ ਹੋ ਸਕਦਾ.....ਟੋਪੀਆ ਛੋਟਾ ਜਿ.....ਕਿਧਰੇ ਇਸ ਹੇਠਾਂ ਬੰਬ ਹੀ ਨਾ ਹੋਵੇ.....।''
ਸਾਬਕਾ ਕੈਪਟਨ ਧਰਮ ਸਿੰਘ ਦੀ ਰਾਏ ਸੀ । ਇਸ ਤਰ੍ਹਾਂ ਦੇ ਵਾਕੇ ਆਮ ਹੋ ਰਹੇ ਹਨ । ਦੁਸ਼ਮਣ ਪਿੱਛੇ ਪਿਆ ਹੋਵੇ ਤਾਂ ਕੋਈ ਵੀ ਹਰਕਤ ਕਰ ਸਕਦਾ  ।
''ਕੈਪਟਨ ਸਾਹਿਬ ਠੀਕ ਆਖਦੇ ਹਨ.....ਤੁਰੰਤ ਪੁਲਿਸ ਬੁਲਾਓ.....ਸਾਰੇ ਪਰ੍ਹਾਂ ਹਟ ਜਾਓ.....।'' ਸਹਿਗਲ ਵਕੀਲ ਵੀ ਜੋਸ਼ ਵਿਚ ਆ ਗਿਆ ।
ਭੀੜ ਵਿਚ ਹਫੜਾਦਫੜੀ ਮੱਚ ਗਈ । ਸਭ ਆਪਣੇਆਪਣੇ ਘਰਾਂ ਨੂੰ ਨੱਠ ਤੁਰੇ । ਕੈਪਟਨ ਸਾਹਿਬ ਅਤੇ ਸਹਿਗਲ ਔਰਤਾਂ ਅਤੇ ਬੱਚਿਆਂ ਨੂੰ ਦੂਰ ਚਲੇ ਜਾਣ ਵਿਚ ਮਦਦ ਦੇਣ ਲੱਗੇ ।
ਦਰਸ਼ਨ ਨੂੰ ਲਾਲਾ ਜੀ ਨੇ ਨਾਗਪਾਲ ਵੱਲ ਭੇਜਿਆ । ਉਸ ਤੋਂ ਫ਼ੋਨ ਕਰਾ ਕੇ ਪੁਲਿਸ ਬੁਲਾਈ ਜਾਵੇ ।
ਸਹਿਗਲ ਅਤੇ ਕੈਪਟਨ ਲਾਲਾ ਜੀ ਨੂੰ ਬੈਠਕ ਛੱਡਣ ਲਈ ਮਜਬੂਰ ਕਰਦੇ ਰਹੇ ।
ਉਹਨਾਂ ਸਗੋਂ ਚਾਦਰ ਓੜ ਲਈ ਅਤੇ ਲੰਬੀ ਤਾਣ ਕੇ ਪੈ ਗਏ ।
ਚੰਗਾ ਹੋਵੇ ਜੇ ਇਹ ਬੰਬ ਚੱਲ ਜਾਵੇ । ਉਹਨਾਂ ਨੂੰ ਦੁੱਖਾਂ ਭਰੀ ਜ਼ਿੰਦਗੀ ਤੋਂ ਛੁਟਕਾਰਾ ਤਾਂ ਮਿਲੇ ।


4

ਜਦੋਂ ਸ਼ਿਵ ਕੁਆਟਰ ਪੁੱਜਿਆ, ਤਿੰਨ ਵੱਜ ਚੁੱਕੇ ਸਨ ।
ੂੜੀ ਮਾਰਕਾ ਸ਼ਰਾਬ ਦਾ ਨਸ਼ਾ ਹਾਲੇ ਉਤਰਿਆ ਨਹੀਂ ਸੀ । ਕਦੇਕਦੇ ਸਿਰ ਝੂਟਾ ਖਾ ਹੀ ਜਾਂਦਾ । ਮੀਟ ਵੀ ਰੱਜ ਕੇ ਖਾਧਾ ਸੀ, ਪੇਟ ਆਫਰਿਆ ਪਿਆ ਸੀ । ਉਸ ਦੀ ਸ਼ਾਮ ਦੀ ਗਿਣਤੀ ਤਕ ਸੌਂ ਲੈਣ ਦੀ ਇੱਛਾ ਸੀ । ਨਾਲੇ ਨਸ਼ਾ ਲਹਿ ਜਾਏਗਾ, ਨਾਲੇ ਪੇਟ ਨੂੰ ਕੁਝ ਰਾਹਤ ਮਿਲੇਗੀ ।
ਕੁਆਟਰ 'ਚ ਵੜਨ ਲੱਗਿਆਂ ਉਸ ਨੇ ਪੂਰੀ ਸਾਵਧਾਨੀ ਵਰਤੀ ਸੀ । ਥਾਣੇ ਵਾਲਿਆਂ ਤੋਂ ਅੱਖ ਬਚਾ ਕੇ, ਡਰੰਮਾਂ ਪਿੱਛੋਂ ਦੀ ਚੋਰਾਂ ਵਾਂਗ ਲੁਕ ਕੇ ਅੰਦਰ ਆਇਆ ਸੀ । ਦੋ ਦਿਨ ਵਜ਼ੀਰ ਦੇ ਪਿੱਛੇ ਫਿਰ ਕੇ ਉਹ ਅੱਕਿਆ ਪਿਆ ਸੀ । ਕਿਸੇ ਨੇ ਸ਼ਿਵ ਨੂੰ ਥਾਣੇ ਵੜਦੇ ਦੇਖ ਲਿਆ ਤਾਂ ਪਿੱਛੇ ਹੀ ਸੁਨੇਹਾ ਆ ਜਾਣਾ ਸੀ । ਉਹ ਪੰਜਵੇਂ ਟਾਇਰ ਵਾਂਗ , ਜਿਥੇ ਕੋਈ ਹੋਰ ਨਾ ਜਾਵੇ, ਉਥੇ ਸ਼ਿਵ ਪਰਸ਼ਾਦ ਨੂੰ ਜਾਣਾ ਪੈਂਦਾ । ਕਮਰੇ ਦਾ ਬੁਰਾ ਹਾਲ ਹੋਇਆ ਪਿਆ ਸੀ । ਦੋ ਦਿਨ ਬਾਹਰ ਰਹਿਣ ਕਰਕੇ ਹਰ ਚੀਜ਼ 'ਤੇ ਮਿੱਟੀ ਚੜ੍ਹ ਗਈ ਸੀ । ਉਹਨੇ ਮੇਜ਼ ਸਾਫ਼ ਕੀਤਾ । ਪੇਟੀ ਨਾਲੋਂ ਰਿਵਾਲਰ ਲਾਹ ਕੇ ਅਨਲੋਡ ਕੀਤਾ । ਕਾਰਤੂਸ ਪੇਟੀ 'ਚ ਪਾਏ, ਪੇਟੀ ਕਿੱਲੀ 'ਤੇ ਟੰਗ ਕੇ ਬੈਲਟ ਢਿੱਲੀ ਕੀਤੀ । ਬੈਲਟ ਕੱਸ ਕੇ ਬੰਨ੍ਹੀ ਹੋਣ ਕਰਕੇ ਪੇਟ ਦੋ ਇੰਚ ਅੰਦਰ ਧਸਿਆ ਪਿਆ ਸੀ ।
ਕੁੱਲੇ ਵਾਲੀ ਪਗੜੀ ਲਾਹ ਕੇ ਮੇਜ਼ 'ਤੇ ਰੱਖੀ ਹੀ ਸੀ ਕਿ ਉਹੋ ਹੋ ਗਿਆ, ਜਿਸ ਤੋਂ ਉਹ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ । ਸੰਤਰੀ ਬਾਹਰ ਖੜਾ ਦੁਹਾਈ ਦੇ ਰਿਹਾ ਸੀ ।
''ਬਾਬੂ ਜੀ, ਵਰਦੀ ਨਾ ਲਾਹੁਣਾ । ਲਾਲਾ ਜੀ ਦਾ ਪੋਤਾ ਅਗਵਾ ਕਰ ਲਿਆ ਗਿਐ । ਕੋਈ ਬੂਹੇ ਅੱਗੇ ਟੋਪੀਆ ਰੱਖ ਗਿਐ । ਉਹਨਾਂ ਨੂੰ ਸ਼ੱਕ , ਟੋਪੀਏ ਹੇਠਾਂ ਬੰਬ  । ਮੁਨਸ਼ੀ ਨੇ ਬੰਬ ਡਿਸਪੋਜ਼ਲ ਸਕਾਡ ਨੂੰ ਵਾਇਰਲੈੱਸ ਕਰ ਦਿੱਤੀ  । ਉਨਾ ਚਿਰ ਤੁਸੀਂ ਮੌਕੇ 'ਤੇ ਜਾ ਕੇ ਨਿਗਰਾਨੀ ਕਰੋ ।''
ਸ਼ਿਵ ਦੇ ਮੱਥੇ 'ਤੇ ਤਿਊੜੀਆਂ ਚੜ੍ਹ ਗਈਆਂ । ਇਹੋ ਗੱਲ ਉਸ ਨੂੰ ਪਸੰਦ ਨਹੀਂ । ਉਸ ਦੀ ਪੋਸਟਿੰਗ ਥਾਣੇ ਵਿਚ  । ਸਿਟੀ ਨਾਲ ਕੋਈ ਤੁਅੱਲਕ ਨਹੀਂ । ਉਥੇ ਬਰਾਬਰ ਦੇ ਦੋ ਥਾਣੇਦਾਰ ਹਨ । ਹੌਲਦਾਰ ਵੀ ਨੇ । ਸਾਰੇ ਰੋਜ਼ਨਾਮਚੇ 'ਚ ਹਾਜ਼ਰ ਹੋਣਗੇ । ਘਰੋਘਰੀ ਸੁੱਤੇ ਹੋਣਗੇ । ਪਰਾਈਵੇਟ ਮਕਾਨਾਂ ਦਾ ਇਹੋ ਫ਼ਾਇਦਾ ਹੁੰਦਾ  । ਅੰਦਰ ਪਏ ਹੀ ਅਖਵਾ ਦਿਓ ਕਿ ਘਰ ਨਹੀਂ । ਸ਼ਿਵ ਨੇ ਸਰਕਾਰੀ ਕੁਆਟਰ ਚਾਰ ਪੈਸੇ ਬਚਾਉਣ ਲਈ ਲਿਆ ਸੀ ਨਾ ਕਿ ਮੁਫ਼ਤ ਦੀ ਬਲਾ ਗਲ ਪਾਉਣ ਲਈ । ਥੱਕਿਆ ਟੁੱਟਿਆ ਉਹ ਪਹਿਲਾਂ ਹੀ ਪਿਆ ਸੀ । ਘੁੱਟ ਪੀਤੀ ਵੀ ਹੋਈ ਸੀ । ਉਹ ਵਗਾਰ ਕਰਨ ਨਹੀਂ ਜਾਏਗਾ ।
''ਮੈਂ ਨਹੀਂ ਜਾਣਾ । ਕਿਸੇ ਹੋਰ ਨੂੰ ਭੇਜ ਦਿਉ । ਮੈਂ ਕਿਹੜਾ ਹਾਲੇ ਵਾਪਸੀ ਕਰਾਈ  ।''
ਝਿੜਕਾਂ ਮਾਰ ਕੇ ਉਸ ਨੇ ਸੰਤਰੀ ਨੂੰ ਵਾਪਸ ਭੇਜ ਦਿੱਤਾ ।
ਸਾਰੇ ਥਾਣੇ ਨੇ ਹਨੇਰਗਰਦੀ ਹੀ ਤਾਂ ਮਚਾ ਰੱਖੀ  । ਸ਼ਹਿਰ 'ਚੋਂ ਪੈਸੇ ਇਕੱਠੇ ਕਰਨੇ ਹੋਣ ਤਾਂ ਸਿਟੀ ਵਾਲੇ ਮੂਹਰੇ । ਸੱਟੇ ਵਾਲਿਆਂ, ਜੂਏ ਵਾਲਿਆਂ ਅਤੇ ਲੱਕੀ ਗੇਮਾਂ ਵਾਲਿਆਂ ਤੋਂ ਮਹੀਨਾ ਉਹ ਲੈਣ । ਐਫ਼.ਸੀ.ਆਈ. ਦੀ ਸਪੈਸ਼ਲ ਲੱਗੇ, ਸ਼ੈਲਰਾਂ ਵਾਲਿਆਂ ਨੇ ਸਰਕਾਰੀ ਚੌਲ ਬਲੈਕ ਵਿਚ ਵੇਚਣੇ ਹੋਣ ਜਾਂ ਫੂਡ ਸਪਲਾਈ ਵਾਲਿਆਂ ਨੇ ਗੁਦਾਮ ਖ਼ਾਲੀ ਕਰਨੇ ਹੋਣ ਤਾਂ ਹਿੱਸਾ ਉਹ ਵੰਡਾਉਣ ।
ਕੋਈ ਔਖਾ ਕੰਮ ਕਰਨਾ ਹੋਵੇ ਤਾਂ ਸਭ ਟਲ ਜਾਂਦੇ ਹਨ । ਕਈ ਥਾਣੇ ਸਾਹਮਣੀਆਂ ਦੁੱਧਚਾਹ ਦੀਆਂ ਦੁਕਾਨਾਂ ਵਿਚ ਹੀ ਛਾਈਂਮਾਈਂ ਹੋ ਜਾਂਦੇ ਹਨ । ਆਪੇ ਸ਼ਿਵ ਤੁਰ ਜਾਏਗਾ । ਇਹੋ ਉਹਨਾਂ ਹੁਣ ਸੋਚਿਆ ਹੋਣਾ  ।
ਬੰਟੀ ਦੇ ਗੁਆਚਣ ਦਾ ਤਾਂ ਉਹਨੂੰ ਕੱਲ੍ਹ ਦਾ ਪਤਾ  । ਘਰਘਰ, ਪਿੰਡਪਿੰਡ ਤਾਂ ਹਾਹਾਕਾਰ ਮੱਚੀ ਪਈ  । ਇਕ ਵਾਰ ਦਿਲ ਕੀਤਾ ਵੀ ਸੀ, ਥਾਣੇ ਇਤਲਾਹ ਦੇ ਦੇਵੇ । ਲਾਲਾ ਭਲਾਮਾਣਸ ਬੰਦਾ  । ਬੱਚੇ ਸਭ ਦੇ ਸਾਂਝੇ ਹੁੰਦੇ ਹਨ । ਲਾਲੇ ਦੀ ਸਹਾਇਤਾ ਕਰਨੀ ਚਾਹੀਦੀ  । ਫੇਰ ਉਹ ਇਹ ਸੋਚ ਕੇ ਚੁੱਪ ਕਰ ਗਿਆ ਕਿ ਉਸ ਨੂੰ ਦਸ ਮੀਲ ਦੂਰ ਬੈਠੇ ਨੂੰ ਪਤਾ ਲੱਗ ਗਿਆ ਤਾਂ ਥਾਣੇ ਵਾਲਿਆਂ ਨੂੰ ਕਿਹੜਾ ਪਤਾ ਨਹੀਂ ਹੋਣਾ ? ਥਾਣਾ ਸ਼ਹਿਰ ਦੇ ਵਿਚਕਾਰ  । ਪੁਲਿਸ ਸਾਰਾ ਦਿਨ ਸ਼ਹਿਰ 'ਚ ਗੇੜੇ ਦਿੰਦੀ ਰਹਿੰਦੀ , ਸਭ ਨੂੰ ਪਤਾ ਹੋਣਾ  । ਇਹ ਅਲੱਗ ਗੱਲ  ਕਿ ਸਭ ਨੇ ਸ਼ਿਵ ਵਾਂਗ ਇਧਰਲੇ ਕੰਨ ਪਾ ਕੇ ਉਧਰਲੇ ਰਾਹੀਂ ਕੱਢ ਦਿੱਤੀ ਹੋਣੀ  । ਪਤਾ , ਜਿਹੜਾ ਬੋਲੂ, ਉਹੋ ਕੁੰਡਾ ਖੋਹਲੂ । ਕੱਢਣ ਪਾਉਣ ਨੂੰ ਕੁਝ ਨਹੀਂ, ਸ਼ਿਕਾਇਤਾਂ ਹੋਣਗੀਆਂ, ਮਗ਼ਜ਼ ਖਪਾਈ ਹੋਵੇਗੀ । ਮੁੱਖਮੰਤਰੀ ਦਾ ਇਲਾਕਾ  । ਉੱਚ ਅਧਿਕਾਰੀ ਮਿੰਟ ਮਿੰਟ 'ਤੇ ਇਤਲਾਹ ਮੰਗਣ ਲੱਗਦੇ ਹਨ । ਸਾਰੇ ਸ਼ਹਿਰ ਨੇ ਸ਼ਿਵ ਦੇ ਸਿਰ ਚੜ੍ਹੇ ਰਹਿਣਾ  । ਦੋ ਕੌਡੀ ਦਾ ਬੰਦਾ ਵੀ ਆਖਣ ਲੱਗੂ ਪੁਲਿਸ ਕੁਝ ਨਹੀਂ ਕਰਦੀ । ਉਸਤਾਦ ਦੀ ਦਿੱਤੀ ਸਿੱਖਿਆ ਸ਼ਿਵ ਨੇ ਲੜ ਬੰਨ੍ਹੀ ਹੋਈ ਸੀ, ਵਗਾਰ
ਦੀ ਤਫ਼ਤੀਸ਼ ਤੋਂ ਜਿੰਨਾ ਬਚਿਆ ਜਾ ਸਕੇ, ਬਚਣਾ ਚਾਹੀਦਾ  । ਉਹ ਸਾਫ਼ ਸ਼ਬਦਾਂ ਵਿਚ ਆਖਦਾ ਹੁੰਦਾ ਸੀ ਕਿ ਜੇ ਕਿਸੇ ਸੂਏ ਖਾਲ ਵਿਚ ਕੋਈ ਗਲੀਸੜੀ ਲਾਸ਼ ਟੱਕਰ ਜਾਵੇ ਤਾਂ ਠੁੱਡਾ ਮਾਰ ਕੇ ਅਗਾਂਹ ਰੋੜ੍ਹ ਦੇਈਦੀ ਐ । ਕੱਢ ਦੇ ਤਫ਼ਤੀਸ਼ ਨਹੀਂ ਸ਼ੁਰੂ ਕਰੀਦੀ । ਮਰਿਆ ਸੱਪ ਆਪ ਹੀ ਕੌਣ ਗੱਲ ਪਾਵੇ ।
ਅਖੇ ਮੁੱਲਾਂ ਭੱਜਾ ਮੌਤ ਤੋਂ ਅੱਗੇ ਮੌਤ ਖੜੀ ।
ਹੋਰ ਕੱਪੜੇ ਲਾਹੇ ਬਿਨਾਂ ਹੀ ਸ਼ਿਵ ਮੰਜੇ 'ਤੇ ਲੇਟ ਗਿਆ । ਪਤਾ ਸੀ ਜਾਣਾ ਤਾਂ ਪੈਣਾ ਹੀ , ਜਿੰਨਾ ਹੋ ਸਕੇ ਆਰਾਮ ਕਰ ਲਏ ।
ਰੱਬ ਮੋਟਾ ਸਰੀਰ ਵੀ ਕਿਸੇ ਨੂੰ ਨਾ ਦੇਵੇ । ਸਾਰੀ ਉਮਰ ਦੀ ਸਜ਼ਾ  । ਉਹਦਾ ਵਜ਼ਨ ਵੀ ਸਵਾ ਕੁਇੰਟਲ ਤੋਂ ਉਪਰ ਸੀ । ਪੇਟ ਢੋਲ ਵਾਂਗ ਬਾਹਰ ਨੂੰ ਨਿਕਲਿਆ ਪਿਐ । ਕਈ ਵਾਰ ਸਹੁੰ ਖਾਧੀ , ਘੱਟ ਖਾਵੇ ਅਤੇ ਕਸਰਤ ਵੱਧ ਕਰੇ, ਪਰ ਸ਼ਰਾਬ ਉਹਦੀ ਕਮਜ਼ੋਰੀ ਬਣ ਚੁੱਕੀ  । ਨਾਲ ਮਸਾਲੇਦਾਰ ਮੀਟ ਬਣਿਆ ਹੋਵੇ ਤਾਂ ਸਭ ਕਸਮਾਂ ਭੁੱਲ ਜਾਂਦੀਆਂ ਹਨ । ਖਾ ਪੀ ਕੇ ਖੜ੍ਹਨਾ ਔਖਾ
ਹੋ ਜਾਂਦਾ , ਪੇਟ ਵਿਚ ਹਵਾ ਭਰ ਜਾਂਦੀ  । ਕਈਕਈ ਦਿਨ ਕਬਜ਼ ਰਹਿੰਦੀ  । ਦਵਾਈਆਂ ਵੀ ਅਸਰ ਨਹੀਂ ਕਰਦੀਆਂ ।
ਬਦਹਜ਼ਮੀ ਤੋਂ ਡਰਦਾ aਹ ਪਹਿਲੇ ਦੋ ਪੈੱਗ ਨੀਟ ਹੀ ਪੀਂਦਾ  । ਆਚਾਰ ਦੀ ਫਾੜੀ ਤੱਕ ਨੂੰ ਬਿਨਾਂ ਮੂੰਹ ਲਾਇਆਂ । ਜਦੋਂ ਅੰਦਰ ਅੱਗ ਦਾ ਭਾਂਬੜ ਮੱਚਣ ਲੱਗ ਜਾਏ, ਫੇਰ ਉਹ ਮੀਟ ਵੱਲ ਹੁੰਦਾ  । ਇੰਝ ਪੀਣ ਨਾਲ ਹਾਜ਼ਮਾ ਦਰੁੱਸਤ ਰਹਿੰਦਾ  । ਪਿੱਛੋਂ ਭਾਵੇਂ ਦੋ ਮੁਰਗ਼ੇ ਹਜ਼ਮ ਕਰ ਜਾਏ, ਕੁਝ ਨਹੀਂ ਹੁੰਦਾ । ਬਿਨਾਂ ਘੁੱਟ ਪੀਤੇ ਜੇ ਇਕ ਟੁਕੜੀ ਬਰਫ਼ੀ ਦੀ ਵੀ ਖਾ ਲਏ ਤਾਂ ਸਾਰਾ ਦਿਨ ਪੇਟ ਭਾਰਾ ਰਹਿੰਦਾ  । ਜਿੰਨਾ ਚਿਰ ਅੱਧੀਆ ਅੰਦਰ ਨਾ ਸੁੱਟ ਲਏ, ਹਜ਼ਮ ਨਹੀਂ ਹੁੰਦਾ ।
ਬਹੁਤੀ ਪਿਆ ਕੇ ਸਹਿਜੜੇ ਵਾਲੇ ਸਰਪੰਚ ਨੇ ਉਹਦੇ ਨਾਲ ਧੱਕਾ ਕੀਤਾ ਸੀ । ਗਲਾਸੀ ਤੇ ਗਲਾਸੀ ਭਰਭਰ ਦੇਈ ਗਿਆ । ਸ਼ਿਵ ਨੇ ਬਥੇਰਾ ਸਮਝਾਇਆ, ਵਜ਼ੀਰ ਸਾਹਿਬ ਸ਼ਰਾਬ ਦੇ ਖ਼ਿਲਾਫ਼ ਹਨ, ਕਿਸੇ ਨੇ ਮੁਖ਼ਬਰੀ ਕਰ ਦਿੱਤੀ ਜਾਂ ਉਹਨਾਂ ਨੂੰ ਹਵਾੜ ਆ ਗਈ ਤਾਂ ਖੜੇ ਹੀ ਸ਼ਿਵ ਦਾ ਸਟਾਰ ਲੁਹਾ ਦੇਣਗੇ । ਸਰਪੰਚ ਨੇ ਇਕ ਨਾ ਸੁਣੀ । ਹਾਥੀ ਦੇ ਦੰਦਾਂ ਵਾਂਗ ਕਹਿਣਾ ਕੁਝ ਹੋਰ ਹੁੰਦਾ  ਅਤੇ ਕਰਨਾ ਕੁਝ ਹੋਰ । ਇਸੇ ਦਾ ਨਾਂ ਸਿਆਸਤ  । ਇਹ ਵਜ਼ੀਰ ਕਛਹਿਰੇ ਪਾਉਣ ਵਾਲਾ ਜਥੇਦਾਰ ਨਹੀਂ , ਕੋਟਪੈਂਟ ਵਾਲਾ  । ਪੰਜ ਸਾਲ ਪਰੋਫ਼ੈਸਰ ਰਿਹਾ , ਕੱਟੜ ਨਹੀਂ ।
ਵੇਲੇਕੁਵੇਲੇ ਛਿੱਟ ਲਾ ਲੈਂਦਾ  । ਸ਼ਿਵ ਦਾ ਮੂੰਹ ਸੁੰਘਣ ਦੇ ਉਹ ਕਾਬਲ ਹੀ ਨਹੀਂ । ਉਹ ਆਪ ਵੀ ਮੂੰਹ ਲੁਕੋ ਕੇ ਬੈਠੇਗਾ ਅਤੇ ਚੰਡੀਗੜ੍ਹ ਤਕ ਘੁਰਾੜੇ ਮਾਰਦਾ ਜਾਵੇਗਾ ।
ਸ਼ਿਵ ਸ਼ਰਮੋਂਸ਼ਰਮੀਂ ਪੀਂਦਾ ਰਿਹਾ । ਸਰਪੰਚ ਵਜ਼ੀਰ ਦਾ ਲੰਗੋਟੀਆ ਯਾਰ ਸੀ । ਜਿੰਨਾ ਚਿਰ ਜੱਟ ਨਾਲ ਬੈਠ ਕੇ ਹਮਪਿਆਲਾ ਨਾ ਹੋਇਆ ਜਾਵੇ, ਉਹ ਤੁਹਾਨੂੰ ਯਾਰ ਹੀ ਨਹੀਂ ਮੰਨਦਾ ।
ਜਿੰਨਾ ਚਿਰ ਯਾਰੀ ਨਾ ਹੋਵੇ, ਕੰਮ ਕਾਹਦਾ ? ਕੰਮ ਦਾ ਕੀ ਪਤਾ  ਕਦੋਂ ਨਿਕਲ ਆਵੇ ? ਇਹੋ ਸੋਚ ਕੇ ਉਹ ਸਰਪੰਚ ਨਾਲ ਗਲਾਸ ਖੜਕਾਖੜਕਾ ਕੇ ਪੀਂਦਾ ਰਿਹਾ ਸੀ । ਅੱਜਕੱਲ੍ਹ ਦੇ ਸਿਆਸੀ ਮਾਹੌਲ ਵਿਚ ਇਕਅੱਧ ਵਜ਼ੀਰ ਹੱਥ ਵਿਚ ਹੋਣਾ ਹੀ ਚਾਹੀਦਾ  । ਕੋਈ ਅੰਗਲੀ ਸੰਗਲੀ ਨਾਲ ਭਿੜਦੀ ਹੋਵੇ ਤਾਂ ਜ਼ੋਰਵਾਰ ਥਾਣੇਦਾਰ ਸ਼ਿਵ ਵਰਗੇ ਨੂੰ ਚੌਥੇ ਦਿਨ ਲਾਈਨ ਹਾਜ਼ਰ ਕਰਾ ਕੇ ਆਪ ਥਾਣੇ ਆ ਲੱਗਦੇ ਹਨ । ਸ਼ਿਵ ਦਾ ਕਿਹੜਾ ਕੁਝ ਪੱਲਿਓਂ ਜਾਦਾ ਸੀ, ਉਹਨਾਂ ਦੀਆਂ ਜੁੱਤੀਆਂ, ਉਹਨਾਂ ਦਾ ਹੀ ਸਿਰ ।
ਵੱਤਰ ਹੋਣ ਲਈ ਸ਼ਿਵ ਨੂੰ ਘੰਟੇਦੋ ਘੰਟੇ ਦਾ ਆਰਾਮ ਜ਼ਰੂਰੀ ਸੀ ।
ਉਹਦੀ ਵਰਦੀ ਵੀ ਗੰਦੀ ਸੀ । ਵਜ਼ੀਰ ਦਾ ਪਰੋਗਰਾਮ ਇਕ ਦਿਨ ਦਾ ਸੀ । ਉਹ ਵਾਧੂ ਵਰਦੀ ਨਹੀਂ ਸੀ ਲੈ ਕੇ ਗਿਆ । ਵਜ਼ੀਰ ਤਾਂ ਮਰਾਸੀਆਂ ਦੇ ਜਵਾਈ ਵਾਂਗੂੰ ਡੇਰਾ ਹੀ ਲਾ ਕੇ ਬੈਠ ਗਿਆ । ਕੁੜਤੇ ਦੇ ਕਾਲਰ ਅਤੇ ਕਫ਼ਾਂ 'ਤੇ ਕਾਲਖ ਦੂਰੋਂ ਹੀ ਦਿਖਾਈ ਦਿੰਦੀ ਸੀ ਗੰਦੀ ਵਰਦੀ ਪਾਉਣ ਦਾ ਸ਼ਿਵ ਆਦੀ ਨਹੀਂ ਸੀ । ਗੰਦੇ ਕੱਪੜਿਆਂ 'ਚ ਪੁਲਿਸ ਅਫ਼ਸਰ ਦਾ ਰੋਹਬ ਨਹੀਂ ਰਹਿੰਦਾ । ਸਾਰੇ ਸਰੀਰ 'ਚੋਂ ਪਸੀਨੇ ਦੀ ਬੂ ਆ ਰਹੀ ਸੀ । ਮੋਟੇ ਬੰਦੇ ਨੂੰ ਪਸੀਨਾ ਵੀ ਜ਼ਿਆਦਾ ਆਦਾ  ।
ਸ਼ਿਵ ਦੀ ਇੱਛਾ ਸੀ ਕਿ ਉਹ ਘੜੀ ਪਲ ਆਰਾਮ ਕਰੇ, ਨਹਾਵੇ ਅਤੇ ਨਵੀਂ ਵਰਦੀ ਪਾ ਕੇ ਬਾਹਰ ਨਿਕਲੇ । ਇਕ ਵਾਰ ਤੁਰ ਪਿਆ ਤਾਂ ਪਤਾ ਨਹੀਂ ਕਦੋਂ ਵਾਪਸੀ ਹੋਵੇ । ਮੁਕਾਬਲਾ ਹੋ ਸਕਦਾ , ਮੁਜਰਮਾਂ ਨੂੰ ਘੇਰਾ ਪਾਇਆ ਜਾ ਸਕਦਾ  ਜਾਂ ਪਿੱਛਾ ਕਰਦੇਕਰਦੇ ਕਿਧਰੇ ਦੂਰ ਵੀ ਨਿਕਲਿਆ ਜਾ ਸਕਦਾ  । ਪੁਲਿਸ ਦੀ ਨੌਕਰੀ ਦਾ ਇਹੋ ਕੁੱਤਖ਼ਾਨਾ  । ਚੌਵੀ ਘੰਟੇ ਸੂਲੀ ਚੜ੍ਹੇ ਰਹੋ ।
ਬਾਕੀ ਕੰਮਾਂ ਲਈ ਤਾਂ ਵਕਤ ਕਿਥੇ ? ਪੇਟ ਦੀ ਹਵਾ ਰਿਸਕਾਉਣ ਲਈ ਓਨਾ ਚਿਰ ਪਾਸੇ ਪਰਤਦਾ ਰਿਹਾ, ਜਿੰਨਾ ਚਿਰ ਮੁਨਸ਼ੀ ਖ਼ੁਦ ਨਾ ਆ ਧਮਕਿਆ ।
''ਕਮਾਲ ਦੀ ਗੱਲ  ਬਾਬੂ ਜੀ ? ਰਿਪੋਰਟ ਡੀ.ਜੀ. ਤਕ ਜਾ ਚੁੱਕੀ  ਤੇ ਤੁਸੀਂ ਆਰਾਮ ਨਾਲ ਪਏ ਹੋ ।.....ਕੋਈ ਵੀ ਮਾੜੀ ਘਟਨਾ ਵਾਪਰ ਸਕਦੀ .....ਝੱਟਪਟ ਮੌਕੇ 'ਤੇ ਜਾਓ । ਮੈਂ ਤੁਹਾਡੀ ਵਾਪਸੀ ਕਰਕੇ ਮੌਕੇ ਲਈ ਰਵਾਨਗੀ ਕਰ ਦਿੱਤੀ  ।.....ਚੌਂਕ 'ਚੋਂ ਦੋ ਸਿਪਾਹੀ ਹਟਾ ਕੇ ਉਥੇ ਭੇਜ ਦਿੱਤੇ ਹਨ । ਮੈਂ ਤੁਹਾਨੂੰ ਇਤਲਾਹ ਦੇ ਦਿੱਤੀ । ਅੱਗੋਂ ਤੁਹਾਡੀ ਮਰਜ਼ੀ ।'' ਮੁਨਸ਼ੀ ਹਫ਼ਿਆ ਪਿਆ ਸੀ । ਉਹਦੀ ਆਵਾਜ਼ ਵਿਚ ਘਬਰਾਹਟ ਸੀ, ਤਰਲਾ ਸੀ ਅਤੇ ਥੋੜ੍ਹਾ ਜਿਹਾ ਰੋਹਬ ਵੀ ।
''ਚੱਲ ਮਨਾ ਚੱਲੀਏ । ਨੌਕਰੀ ਕੀ ਤੇ ਨਖ਼ਰਾ ਕੀ ?'' ਮਨ ਨੂੰ ਸਮਝਾ ਕੇ ਸ਼ਿਵ ਉੱਠਿਆ । ਬੈਲਟ ਕੱਸੀ । ਪਸੀਨੇ ਅਤੇ ਤੇਲ ਨਾਲ ਥਿੰਦੀ ਹੋਈਹੋਈ ਪਗੜੀ ਹੀ ਸਿਰ 'ਤੇ ਰੱਖੀ । ਰਿਵਾਲਵਰ ਵਿਚ ਛੇ ਗੋਲੀਆਂ ਪਾਈਆਂ ਅਤੇ ਹੱਥ 'ਚ ਡੰਡਾ ਫੜ ਕੇ ਬਾਹਰ ਨੂੰ ਤੁਰ ਪਿਆ ।
ਥਾਣੇ ਦੇ ਗੇਟ 'ਤੇ ਆ ਕੇ ਇਧਰਉਧਰ ਤੱਕਿਆ । ਉਸ ਨੂੰ ਆਸ ਸੀ ਜ਼ਰੂਰ ਕੋਈ ਬਾਹਰ ਖੜਾ ਉਸ ਦੀ ਇੰਤਜ਼ਾਰ ਕਰ ਰਿਹਾ ਹੋਣਾ  । ਲਾਲਾ ਜੀ ਦਾ ਘਰ ਕੋਈ ਬਹੁਤਾ ਦੂਰ ਨਹੀਂ ।
ਤੁਰ ਕੇ ਜਾਈਏ ਤਾਂ ਵੀ ਦਸ ਮਿੰਟ ਤੋਂ ਵੱਧ ਨਹੀਂ ਲੱਗਦੇ । ਫਿਰ ਵੀ ਤੁਰ ਕੇ ਉਹ ਆਪਣਾ ਬਲੱਡ ਪਰੈਸ਼ਰ ਹਾਈ ਕਿ ਕਰੇ ?
ਭਾਰੀ ਦੇਹ ਕਰ ਕੇ ਸਾਈਕਲ ਸ਼ਿਵ ਨੇ ਰੱਖਿਆ ਹੀ ਨਹੀਂ ਸੀ । ਕਦੇ ਸਾਈਕਲ 'ਤੇ ਚੜ੍ਹਨਾ ਪੈਂਦਾ ਤਾਂ ਦੇਖਦੇਖ ਲੋਕ ਮੁਸ਼ਕੜੀਏ ਹੱਸਦੇ । ਬਿਨਾਂ ਵਰਦੀ ਤੋਂ ਹੁੰਦਾ ਤਾਂ ਬੱਚੇ ਛੇੜਖ਼ਾਨੀ ਕਰਨ ਤੋਂ ਵੀ ਗੁਰੇਜ਼ ਨਾ ਕਰਦੇ । ਕੁੜੀਆਂਕੱਤਰੀਆਂ ਤਾਂ ਵਰਦੀ ਦੀ ਵੀ ਪਰਵਾਹ ਨਾ ਕਰਦੀਆਂ, ਟਿੱਚਰ ਕਰ ਹੀ ਜਾਦੀਆਂ । ਮੋਟਰਸਾਈਕਲ ਤੋਂ ਉਸ ਨੂੰ ਪਹਿਲੇ ਦਿਨੋਂ ਹੀ ਡਰ ਲੱਗਦਾ  ।
ਇਕ ਵਾਰ ਸਿੱਖਦਾਸਿੱਖਦਾ ਅਜਿਹਾ ਡਿੱਗਿਆ ਕਿ ਮੁੜ ਮੋਟਰਸਾਈਕਲ ਨੂੰ ਹੱਥ ਲਾਉਣ ਦੀ ਹਿੰਮਤ ਨਾ ਪਈ । ਨਾਲੇ ਮਹਿੰਗੇ ਭਾਅ ਦਾ ਤੇਲ ਫੁਕਣ ਦੀ ਉਸ ਨੂੰ ਕੀ ਚੱਟੀ ਪਈ  ? ਸਾਈਕਲ ਚਲਾਵੇ ਤਾਂ ਗੋਡਿਆਂ 'ਚ ਦਰਦ ਹੋਣ ਲੱਗਦੈ, ਸਾਹ ਅੱਡ ਚੜ੍ਹ ਜਾਂਦੈ । ਬਲੱਡ ਪਰੈਸ਼ਰ ਤਾਂ ਵਧਣਾ ਹੀ ਹੋਇਆ । ਜਿਸ ਨੂੰ ਕੰਮ ਹੋਊ, ਆਪੇ ਸਵਾਰੀ ਦਾ ਇੰਤਜ਼ਾਮ ਕਰੂ ।
ਨਾ ਕੋਈ ਸ਼ਿਵ ਨੂੰ ਲੈਣ ਆਇਆ ਸੀ, ਨਾ ਸਵਾਰੀ ਦਾ ਇੰਤਜ਼ਾਮ ਸੀ । ਵਾੜ 'ਚ ਫਸੇ ਬਿੱਲੇ ਵਾਂਗ ਉਹ ਬਿਟਰਬਿਟਰ ਤੱਕਦਾ ਰਿਹਾ ।
ਕੋਈ ਗੱਲ ਨਹੀਂ, ਸਵਾਰੀ ਨਹੀਂ ਤਾਂ ਨਾ ਸਹੀ । ਚੌਂਕ 'ਚ ਖੜੇ ਰਿਕਸ਼ੇ ਵਾਲੇ ਤਾਂ ਕਿਤੇ ਨਹੀਂ ਗਏ । ਪੁਲਿਸ ਨੂੰ ਡਿਊਟੀ ਵਾਲੀ ਥਾਂ 'ਤੇ ਪਹੁੰਚਾਉਣਾ ਉਹਨਾਂ ਦਾ ਪਹਿਲਾ ਫ਼ਰਜ਼  ।
ਸ਼ਿਵ ਨੂੰ ਆਪਣੇ ਵੱਲ ਆਦਾ ਦੇਖ ਕੇ ਚੌਂਕ 'ਚ ਖੜੇ ਰਿਕਸ਼ੇ ਵਾਲੇ ਖਿਸਕਣ ਲੱਗੇ ।
ਦੋ ਕੁ ਸਟੇਸ਼ਨ ਵੱਲ ਤੁਰ ਪਏ, ਚਾਰ ਕੁ ਪੁਰਾਣੇ ਸ਼ਹਿਰ ਵੱਲ । ਜਿਹਨਾਂ ਨੂੰ ਰਤਾ ਅਟਕ ਕੇ ਅਕਲ ਆਈ, ਉਹ ਰਿਕਸ਼ੇ ਛੱਡ ਕੇ ਦੁਕਾਨਾਂ ਵਿਚ ਜਾ ਵੜੇ । ਵਗਾਰ ਤਾਂ ਕਰਨੀ ਹੀ  । ਜਿਹੜਾ ਫਸ ਗਿਆ, ਫਸ ਗਿਆ । ਮੀਲ ਦੋ ਮੀਲ ਜਾਣਾ ਹੋਵੇ ਤਾਂ ਰਿਕਸ਼ੇ ਵਾਲੇ ਮੱਥੇ ਵੱਟ ਨਹੀਂ ਪਾਦੇ, ਜਦੋਂ ਸਾਰੀ ਦਿਹਾੜੀ ਭੁੱਖਣਭਾਣਿਆਂ ਨੂੰ ਧੂਹਿਆ ਜਾਂਦਾ  ਤਾਂ ਉਹ ਖਿਝਦੇ ਹਨ । ਇਸੇ ਬੀਮਾਰੀ
ਤੋਂ ਡਰਦੇ ਉਹ ਖਿੰਡਪੁੰਡ ਰਹੇ ਸਨ ।
ਸ਼ਿਵ ਨੂੰ ਗੁੱਸਾ ਚੜ੍ਹ ਗਿਆ । ਇਹ ਸਰਾਸਰ ਬਦਤਮੀਜ਼ੀ ਸੀ । ਪੁਲਿਸ ਦੀ ਤੌਹੀਨ ਸੀ ।
ਚੌਂਕ 'ਚ ਪਹੁੰਚ ਕੇ ਸਭ ਤੋਂ ਪਹਿਲਾਂ ਉਹਨੇ ਸਾਰੇ ਰਿਕਸ਼ਿਆਂ ਵਿਚੋਂ ਹਵਾ ਕੱਢ ਦਿੱਤੀ, ਵਾਲ ਅਤੇ ਢਿਬਰੀਆਂ ਜੇਬ ਵਿਚ ਪਾ ਲਈਆਂ । ਦੋਦੋ ਰੁਪਏ ਵੀ ਖ਼ਰਚ ਹੋਣਗੇ ਅਤੇ ਘੰਟਾਘੰਟਾ ਖ਼ਰਾਬ ਵੀ ਹੋਏਗਾ ।
ਜਿਹੜਾ ਇਕ ਖਿਸਕਣੋਂ ਰਹਿ ਗਿਆ, ਉਸ ਨੂੰ ਸ਼ਿਵ ਨੇ ਕਾਬੂ ਕਰ ਲਿਆ ।
''ਪਿਓ ਵਾਲਾ ਚੌਂਕ ਸਮਝਿਐ ਲੱਗਦੈ ? ਭੂਤਨੀ ਦਿਆ, ਦਿੱਸਦਾ ਨਹੀਂ, ਸਾਰੀ ਟਰੈਫ਼ਿਕ ਜਾਮ ਹੋ ਗਈ ।'' ਇਸ ਤੋਂ ਪਹਿਲਾਂ ਕਿ ਸ਼ਿਵ ਧੌਲਧੱਫਾ ਕਰਦਾ, ਰਿਕਸ਼ੇ ਵਾਲਾ ਪਹਿਲਾਂ ਹੀ ਬੋਲ ਪਿਆ :
''ਕਿਥੇ ਜਾਓਗੇ ਬਾਬੂ ਜੀ.....?'
''ਟੈਗੋਰ ਸਟਰੀਟ ।'' ਮੁੱਛਾਂ ਨੂੰ ਵੱਟ ਦਿੰਦੇ ਸ਼ਿਵ ਨੇ ਆਪਣੀ ਮੰਜ਼ਲ ਦੱਸੀ ।
''ਉਹ ਡਾਕਟਰ ਵਾਲੇ ਮੋੜ 'ਤੇ ਰੋਕੀਂ ਜ਼ਰਾ.....ਕੰਜਰ ਦਾ ਪੁੱਤ ਪਾਨਾਂ ਵਾਲਾ ਹਰ ਰੋਜ਼ ਇਸ ਮੋੜ 'ਤੇ ਖੜੋ ਜਾਂਦੈ । ਗਲੀ ਪਹਿਲਾਂ ਹੀ ਦੋ ਫੁੱਟ ਦੀ ਮਸਾਂ .....।''
ਸ਼ਿਵ ਨੂੰ ਵਹਿਮ ਸੀ, ਉਹਦੇ ਮੂੰਹ ਵਿਚੋਂ ਬੂ ਮਾਰ ਰਹੀ ਹੋਏਗੀ । ਰੂੜੀ ਮਾਰਕਾ ਸ਼ਰਾਬ ਦਾ ਨਸ਼ਾ ਤਾਂ ਭਾਵੇਂ ਘੰਟੇ ਬਾਅਦ ਹੀ ਉਤਰ ਜਾਂਦਾ  ਪਰ ਬੂ ਅਗਲੇ ਦਿਨ ਤਕ ਆਦੀ ਰਹਿੰਦੀ  । ਉਹਨੂੰ ਡਕਾਰ 'ਤੇ ਡਕਾਰ ਆ ਰਹੇ ਸਨ । ਡਕਾਰ ਨਾਲ ਬੂ ਸਾਰੇ ਵਾਯੂਮੰਡਲ ਵਿਚ ਫੈਲ ਰਹੀ ਸੀ । ਯੁਵਾ ਸੰਘ ਸ਼ਰਾਬ ਦੇ ਖ਼ਿਲਾਫ਼  । ਰਾਮਲੀਲ੍ਹਾ 'ਚ ਕਈ ਵਾਰ ਉਹਨੇ ਸੰਘ ਵਾਲਿਆਂ ਨੂੰ ਸ਼ਰਾਬੀਆਂ ਨਾਲ ਝਗੜਦੇ ਦੇਖਿਐ । ਰਾਮ ਸਰੂਪ, ਦਰਸ਼ਨ ਅਤੇ ਨਰਾਤਾ ਝ ਤਾਂ ਸਭ ਪਿਆਕੜ ਹਨ । ਸ਼ਿਵ ਨਾਲ ਕਈ ਵਾਰ ਬੈਠ ਚੁੱਕੇ ਹਨ, ਪਰ ਲੁਕਛਿਪ ਕੇ ਅਤੇ ਸਮਾਂ ਵਿਚਾਰ ਕੇ । ਵੈਸੇ ਡਿਊਟੀ 'ਤੇ ਖੜਾ ਸਿਪਾਹੀ ਵੀ ਜੇ ਸ਼ਰਾਬੀ ਹੋ ਗਿਐ ਤਾਂ ਉਹਨਾਂ ਝੱਟ ਜਲੂਸ ਕੱਢ ਦੇਣੈ । ਬਹੁਤੀ ਦੇਰ ਨਹੀਂ ਹੋਈ ਉਸ ਗੱਲ ਨੂੰ, ਜਦੋਂ ਟਰੱਕ ਯੂਨੀਅਨ ਵਿਚ ਗੋਲੀ ਚੱਲੀ ਸੀ । ਉਥੇ ਕਈ ਘੰਟੇ ਹੱਲਾਗੁੱਲਾ ਹੁੰਦਾ ਰਿਹਾ । ਡਿਪਟੀ ਨੂੰ ਸੰਘ ਵਾਲੇ ਭਾਲਦੇ ਰਹੇ, ਉਹ ਕਿਧਰੇ ਨਾ ਲੱਭਾ । ਪੁਲਿਸ ਘੰਟਾ ਬਾਅਦ ਮੌਕੇ 'ਤੇ ਪੁੱਜੀ । ਕਿਸੇ ਨੇ ਸੰਘ ਨੂੰ ਸੂਹ ਦੇ ਦਿੱਤੀ, ਡਿਪਟੀ ਡਾਕਟਰ ਦੀ ਕੋਠੀ ਬੈਠਾ ਦਾਰੂ ਪੀ ਰਿਹਾ  । ਉਹਨਾਂ ਡਾਕਟਰ ਦੀ ਕੋਠੀ ਦਾ ਘਿਰਾਓ ਕਰ ਲਿਆ । ਆਖਣ ਦੋਹਾਂ
ਦਾ ਮੁਆਇਨਾ ਕਰਾਉਣਾ  । ਘਿਰੇ ਡਿਪਟੀ ਨੂੰ ਮੁਆਫ਼ੀ ਮੰਗ ਕੇ ਜਾਣ ਬਚਾਉਣੀ ਪਈ । ਸ਼ਰਮ ਦਾ ਮਾਰਿਆ ਦਸਾਂ ਦਿਨਾਂ ਬਾਅਦ ਬਦਲੀ ਕਰਵਾ ਕੇ ਭੱਜ ਗਿਆ । ਡਿਪਟੀ ਦਾ ਇਹ ਹਾਲ ਹੋ ਸਕਦੈ ਤਾਂ ਸ਼ਿਵ ਕਿਸ ਦਾ ਵਿਚਾਰਾ  ? ਜਿਸ ਦਾ ਨਾ ਅੱਗਾ ਨਾ ਪਿੱਛਾ ।
ਸ਼ਿਵ ਦਾ ਥੋੜ੍ਹਾ ਜਿੰਨਾ ਵੀ ਕਿੱਲੇ ਦਾ ਜ਼ੋਰ ਹੁੰਦਾ ਤਾਂ ਉਹ ਛੇ ਸਾਲ ਸਸਪੈਂਡ ਹੋ ਕੇ ਘਰੇ ਨਾ ਬੈਠਾ ਰਹਿੰਦਾ । ਹੋਰ ਥਾਣੇਦਾਰਾਂ ਵਾਂਗ ਤੀਜੇ ਦਿਨ ਇਨਕੁਆਇਰੀ ਫ਼ਾਈਲ ਕਰਵਾ ਕੇ ਬੜ੍ਹਕਾਂ ਮਾਰਦਾ ਫਿਰਦਾ ।
ਅਠਾਈ ਸਾਲਾਂ ਦੀ ਨੌਕਰੀ 'ਚ ਉਹਨੇ ਪਹਿਲੀ ਵਾਰ ਦਲੇਰੀ ਫੜੀ ਸੀ । ਪਹਿਲੀ ਚੋਰੀ ਵਿਚ ਹੀ ਉਹਨੂੰ ਫਾਹਾ ਲੱਗਣ ਲੱਗਾ ਸੀ । ਪਹਿਲੇ ਅਠਾਈ ਸਾਲ ਉਹਨੇ ਡਰ ਕੇ ਹੀ ਨੌਕਰੀ ਕੀਤੀ ਸੀ । ਲੋਕ ਸੱਚ ਆਖਦੇ ਹਨ, ਉਸ ਵਿਚ ਪੈਸੇ ਲੈਣ ਵਾਲਾ ਗੁਰਦਾ  ਹੀ ਨਹੀਂ । ਲੱਖ ਚਾਹੁੰਦਾ ਹੋਇਆ ਵੀ ਉਹ ਕਦੇ ਵੱਡੀ ਮਾਰ ਨਹੀਂ ਸੀ ਮਾਰ ਸਕਿਆ । ਇਹ ਗੱਲ ਨਹੀਂ ਕਿ ਉਸ ਨੂੰ ਕਦੇ ਵੱਡੀ ਫ਼ੀਸ ਲੈਣ ਦਾ ਮੌਕਾ ਨਹੀਂ ਮਿਲਿਆ । ਅਜਿਹੇ ਬਥੇਰੇ ਮੌਕੇ ਆਏ, ਕਈ ਸਾਲ ਉਹ ਬਾਰਡਰ 'ਤੇ ਰਿਹਾ ਸੀ । ਉਥੋਂ ਅਫ਼ੀਮ, ਡੋਡਿਆਂ ਦੇ ਟਰੱਕਾਂ ਦੇ ਟਰੱਕ ਲੰਘਦੇ ਸਨ । ਚਾਹੁੰਦਾ ਤਾਂ ਲੱਖਾਂ ਰੁਪਿਆ ਕਮਾ ਲੈਂਦਾ । ਫੜਿਆ ਟਰੱਕ aਹ ਕਦੇ ਵੀ ਨਾ ਛੱਡ ਸਕਿਆ । ਇਹ ਅਲੱਗ ਗੱਲ ਸੀ ਕਿ ਟਰੱਕਾਂ ਵਾਲਿਆਂ 'ਤੇ ਕਦੇ ਮੁਕੱਦਮੇ ਵੀ ਨਹੀਂ ਸੀ ਬਣੇ । ਕਿਸੇ ਨਾ ਕਿਸੇ ਵੱਡੇ ਅਫ਼ਸਰ ਨੇ ਵਿਚ ਪੈ ਜਾਣਾ ਅਤੇ ਪੈਸੇ ਲੈ ਕੇ ਛੱਡ ਦੇਣਾ ।
ਇਕ ਵਾਰ ਦੀਵਾਲੀ ਵਾਲੇ ਦਿਨ ਜੂਆ ਖੇਡਦੇ ਸੇਠ ਹੱਥ ਲੱਗ ਗਏ । ਸੱਠਸੱਠ ਸਾਲ ਦੇ ਬੁੱਢੇ । ਸ਼ੁਗਲ ਮੇਲੇ ਲਈ ਤਾਸ਼ ਖੇਡਣ ਬੈਠ ਗਏ । ਪੰਜਾਹ ਹਜ਼ਾਰ ਪਿੜ ਵਿਚ ਪਿਆ ਸੀ ।
ਇਸ ਤੋਂ ਵੱਧ ਉਹਨਾਂ ਦੇ ਗੋਡਿਆਂ ਹੇਠ । ਸ਼ਿਵ ਨੂੰ ਦੇਣ ਲਈ ਡਰਦੇ ਸੇਠਾਂ ਨੇ ਕੜੇ ਮੁੰਦਰੀਆਂ ਵੀ ਲਾਹ ਲਈਆਂ, ਪਿੜਾਂ ਵਾਲੇ ਪੈਸੇ ਵੀ ਉਹ ਰੱਖੇ, ਕੜੇ ਮੁੰਦਰੀਆਂ ਵੀ ਲਵੇ, ਉਹਨਾਂ ਦੀ ਇੱਜ਼ਤ ਬਚਾਏ । ਸਾਰੇ ਇੱਜ਼ਤਦਾਰ ਬੰਦੇ ਹਨ । ਧੀਆਂਪੁੱਤ ਵੀ ਚੰਗੇਚੰਗੇ ਥਾਂ ਵਿਆਹੇ ਹੋਏ ਹਨ ।
ਇਕ ਵਾਰ ਥਾਣੇ ਜਾਣਾ ਪੈ ਗਿਆ, ਸਾਰੀ ਇੱਜ਼ਤ ਮਿੱਟੀ 'ਚ ਰੁਲ ਜਾਏਗੀ । ਇਹ ਫ਼ੀਸ ਵੀ ਘੱਟ ਲੱਗਦੀ  ਤਾਂ ਮੂੰਹਮੰਗੇ ਪੈਸੇ ਕਾਰਖ਼ਾਨਿ ਭੇਜ ਦਿੰਦੇ ਹਾਂ । ਇੰਨੀ ਰਕਮ ਹਜ਼ਮ ਕਰਨ ਦੀ ਸ਼ਿਵ ਦੀ ਹਿੰਮਤ ਨਹੀਂ ਸੀ ਪਈ । ਕਿਸੇ ਨਾ ਕਿਸੇ ਪਾਸਿ ਗੱਲ ਨਿਕਲ ਜਾਣੀ ਸੀ । ਨਾਲ ਦੇ ਸਿਪਾਹੀਆਂ ਨੇ ਬਥੇਰੀਆਂ ਮਿੰਨਤਾਂ ਕੀਤੀਆਂ । ਸ਼ਿਵ ਨਾ ਲਵੇ ਪਰ ਸਿਪਾਹੀਆਂ ਦੀ ਭੁੱਖ ਤਾਂ
ਮਿਟਾ ਦੇਵੇ । ਡਰੇ ਸ਼ਿਵ ਨੇ ਉਹਨਾਂ ਨੂੰ ਇਕ ਪੈਸਾ ਨਹੀਂ ਲੈਣ ਦਿੱਤਾ । ਉਹ ਮਾਰ ਡਿਪਟੀ ਮਾਰ ਗਿਆ । ਸ਼ਿਵ ਨੂੰ ਝਿੜਕਾਂ ਵੀ ਪਈਆਂ । ਸੇਠ ਉਸ ਨੂੰ ਮੁਜਰਮ ਲੱਗਦੇ ਹਨ ? ਕੋਠੀ 'ਚ ਤਾਸ਼ ਖੇਡਣਾ ਕੋਈ ਜੁਰਮ  ? ਇਹ ਤਾਂ ਮੋਚੀਆਂ, ਰਿਕਸ਼ੇ ਵਾਲਿਆਂ ਜਾਂ ਮਜ਼ਦੂਰਾਂ ਲਈ ਹੁੰਦੈ, ਜਿਹੜੇ ਸ਼ਰੇਆਮ ਜੂਆ ਖੇਡਦੇ ਹਨ ।
ਉਸ ਪਿੱਛੋਂ ਸਿਪਾਹੀ ਸ਼ਿਵ ਨਾਲ ਗਸ਼ਤ 'ਤੇ ਜਾਣੋ ਹਟ ਗਏ । ਆਪ ਵੀ ਭੁੱਖਾ ਮਰਦਾ , ਨਾਲ ਦਿਆਂ ਨੂੰ ਵੀ ਮਾਰਦਾ  ।
ਸ਼ਿਵ ਦੀ ਫ਼ੀਸ ਸੌਦੋ ਸੌ ਰੁਪਏ ਹੀ ਸੀ । ਬਹੁਤਾ ਜ਼ੋਰ ਲਾ ਕੇ ਮੰਗੇ ਤਾਂ ਵੀ ਹਜ਼ਾਰ ਤੋਂ ਵੱਧ ਨਹੀਂ ਮੰਗਦਾ । ਅੱਧੇ ਪਚੱਧੇ ਨਾਲ ਦੇ ਸਿਪਾਹੀਆਂ ਨੂੰ ਦੇ ਦਿੰਦਾ  । ਕੁਝ ਸਰਕਾਰੀ ਵਕੀਲ ਅਤੇ ਜੱਜਾਂ ਦੀ ਵਗਾਰ ਲਈ ਰੱਖ ਲੈਂਦਾ  । ਪੈਸੇ ਥੋੜ੍ਹੇ ਲਏ ਹੋਣ ਤਾਂ ਸ਼ਿਕਾਇਤ ਨਹੀਂ ਹੁੰਦੀ ।
ਸ਼ਿਵ ਨੂੰ ਆਪਣੀ ਸੀਅਤ ਦਾ ਪਤਾ ਸੀ । ਉਹ ਇਕ ਹਟਵਾਣੀਏ ਦਾ ਮੁੰਡਾ ਸੀ । ਨਾ ਕਿਸੇ ਡਿਪਟੀ ਦਾ ਜਵਾਈ ਸੀ, ਨਾ ਕਿਸੇ ਵਜ਼ੀਰ ਦਾ ਭਤੀਜਾ, ਭਾਣਜਾ । ਅਧਵਾਟੇ ਨੌਕਰੀ ਵੀ ਨਹੀਂ ਛੱਡ ਸਕਦਾ । ਵਿਉਪਾਰ ਲਈ ਨਾ ਉਹਦੇ ਕੋਲ ਤਜਰਬਾ  ਨਾ ਪੈਸੇ । ਨੌਕਰੀ ਹਰ ਹਾਲਤ ਵਿਚ ਕਰਨੀ ਹੀ ਪੈਣੀ  । ਜਿਸ ਨੇ ਡਰ ਕੇ ਨੌਕਰੀ ਕਰਨੀ ਹੋਵੇ, ਉਹ ਪੈਸਾ ਨਹੀਂ ਕਮਾ ਸਕਦਾ ।
ਪੁਲਿਸ 'ਚ ਪੈਸੇ ਕਮਾਉਣ ਦਾ ਦੂਜਾ ਤਰੀਕਾ ਡੰਡਾ ਪਰੇਡ  । ਬੇਰੀ ਨੂੰ ਜਿੰਨੇ ਵੱਧ ਵੱਟੇ ਪੈਣ, ਓਨੇ ਵੱਧ ਬੇਰ ਦਿੰਦੀ  । ਇਹੋ ਅਸੂਲ ਪੁਲਿਸ ਦਾ  । ਜਿਜਿ ਡੰਡਿਆਂ ਦੀ ਗਿਣਤੀ ਵਧਦੀ ਜਾਊ, ਤਿਤਿ ਪੈਸਿਆਂ ਦਾ ਢੇਰ ਉੱਚਾ ਹੁੰਦਾ ਜਾਊ । ਡੰਡਾ ਪਰੇਡ ਕਰਦਿਆਂ ਸ਼ਿਵ ਨੂੰ ਪਸੀਨੇ ਛੁੱਟਦੇ ਹਨ । ਇਕ ਵਾਰ ਉਸ ਤੋਂ ਕਿਸੇ ਬਾਜ਼ੀਗਰ ਦੀ ਟੰਗ ਟੁੱਟ ਗਈ ਸੀ । ਸ਼ਿਵ ਨੇ ਉਸੇ ਦਿਨ ਦੇਵੀ ਅੱਗੇ ਸਹੁੰ ਖਾ ਲਈ । ਇਕ ਵਾਰ ਖਲਾਸੀ ਹੋ ਜਾਵੇ, ਮੁੜ ਕਿਸੇ ਨੂੰ ਹੱਥ ਨਹੀਂ ਲਾਉਣਾ । ਮਾਈ ਦੀ ਕਿਰਪਾ ਨਾਲ ਬਾਜ਼ੀਗਰ ਪੰਜ ਸੌ ਲੈ ਕੇ ਚੁੱਪ ਹੋ ਗਿਆ । ਕੋਈ ਹੋਰ ਹੁੰਦਾ ਤਾਂ ਸਜ਼ਾ ਕਰਾ ਕੇ ਹਟਦਾ । ਬਥੇਰੇ ਥਾਣੇਦਾਰਾਂ ਨੂੰ ਸਜ਼ਾ ਹੋ ਚੁੱਕੀ  । ਨੌਕਰੀ ਤੋਂ ਬਰਖ਼ਾਸਤ ਤਾਂ ਹੁੰਦੇ ਹੀ ਰਹਿੰਦੇ ਹਨ । ਮੌਜੂਦ ਐਸ.ਐਚ.ਓ. ਤੋਂ ਸਾਲ ਪਹਿਲਾਂ ਇਕ ਬੰਦਾ ਮਰ ਗਿਆ ਸੀ ।
ਵਾਰਿਸ ਬੰਦੂਕਾਂ ਲੈ ਕੇ ਆ ਖੜੇ । ਉਹ ਤਾਂ ਇਸ ਦਾ ਰਸੂਖ਼ ਹੀ ਬਹੁਤ ਤਕੜਾ ਸੀ ਅਤੇ ਰਿਸ਼ਤੇਦਾਰ ਤਕੜੇ ਸਨ । ਵਜ਼ੀਰ ਨੇ ਵਿਚ ਪੈ ਕੇ ਰਾਜ਼ੀਨਾਮਾ ਕਰਵਾ ਦਿੱਤਾ । ਫੇਰ ਵੀ ਲੱਖ ਰੁਪਿਆ ਹਰਜਾਨਾ ਦੇਣਾ ਪਿਆ । ਸ਼ਿਵ ਕੋਲ ਇੰਨੀ ਪਰੋਖੋਂ ਨਹੀਂ । ਉਸ ਲਈ ਚੁੱਪ ਹੀ ਭਲੀ ਸੀ ।
ਪੈਸੇ ਕਮਾਉਣ ਦੀ ਕਲਾ ਨਾ ਆਉਣ ਕਰਕੇ ਹੀ ਸ਼ਿਵ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਸੀ । ਕੋਈ ਪੈਸਿਆਂ ਵਾਲੀ ਤਫ਼ਤੀਸ਼ ਹੁੰਦੀ ਤਾਂ ਉਸ ਤੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ । ਵਾਧੂਘਾਟੂ ਕੰਮ ਉਸ ਨੂੰ ਫੜਾ ਦਿੱਤਾ ਜਾਂਦਾ । ਜਿਵੇਂ ਹੁਣ ਉਹ ਬੰਟੀ ਦੀ ਤਲਾਸ਼ ਲਈ ਚਲਾ ਗਿਆ ਸੀ । ਪੈਸੇ ਬਣਨ ਜਾਂ ਨਾ । ਇਕ ਮੌਜ ਜ਼ਰੂਰ ਸੀ, ਕੋਈ ਸਿਰ ਦਰਦ ਨਹੀਂ, ਕਿਸੇ ਸ਼ਿਕਾਇਤ, ਪੜਤਾਲ ਦਾ ਡਰ ਨਹੀਂ ।
ਸਾਰੀ ਨੌਕਰੀ 'ਚ ਇਕੋ ਸ਼ਿਕਾਇਤ ਹੋਈ ਸੀ, ਉਸੇ 'ਚ ਨਾਨੀ ਯਾਦ ਆ ਗਈ ਸੀ ।
ਉਸ ਕੇਸ ਵਿਚ ਵੀ ਸ਼ਿਵ ਨੇ ਇੰਨੇ ਪੈਸੇ ਨਹੀਂ ਸਨ ਲੈਣੇ ਜੇ ਕਈ ਗੱਲਾਂ ਦਾ ਮੇਲ ਨਾ ਹੋਇਆ ਹੁੰਦਾ । ਪਹਿਲੀ ਤਾਂ ਇਹ ਕਿ ਉਸ ਸਮੇਂ ਕਪਤਾਨ ਦੀ ਰਿਟਾਇਰਮੈਂਟ ਵਿਚ ਸਾਰੇ ਛੇ ਮਹੀਨੇ ਰਹਿੰਦੇ ਸਨ । ਕਪਤਾਨ ਨੇ ਝਾੜੂ ਫੜਿਆ ਹੋਇਆ ਸੀ । ਉਸ ਨੂੰ ਪੈਸੇ ਚਾਹੀਦੇ ਸਨ ।
ਤੁਸੀਂ ਚਾਹੇ ਖੂਹ ਪੁੱਟਿਆ , ਉਸ ਨੂੰ ਕੋਈ ਪਰਵਾਹ ਨਹੀਂ । ਦਸਖ਼ਤ ਵੀ ਅੱਖਾਂ ਮੀਚ ਕੇ ਕਰ ਦਿੰਦਾ, ਜਿਥੇ ਮਰਜ਼ੀ ਕਰਾ ਲਓ । ਕਤਲ 'ਚੋਂ ਬੰਦੇ ਕੱਢ ਦਿੰਦਾ । ਭਦੌੜ ਵਾਲੇ ਕਤਲ ਕੇਸ 'ਚ ਸਰਦਾਰਾਂ ਨੂੰ ਕੱਢ ਕੇ ਉਸੇ ਮਹੀਨੇ ਚਰਨ ਸਿੰਘ ਨੇ ਪੰਜਾਹ ਹਜ਼ਾਰ ਰੁਪਏ ਲਏ ਸਨ । ਅਗਾਂਹ ਦਸ ਹਜ਼ਾਰ ਦੇ ਕੇ ਚਾਲੀ ਡਕਾਰ ਗਿਆ ਸੀ । ਭੁੱਕੀ, ਅਫ਼ੀਮ ਤਾਂ ਦੁਕਾਨਾਂ 'ਤੇ ਹੀ ਵਿਕਣ ਲੱਗ ਪਈ ਸੀ । ਮੁਨਸ਼ੀਆਂ ਨੇ ਸਾਰੇ ਮਾਲਖ਼ਾਨੇ ਵੇਚ ਦਿੱਤੇ । ਭੁੱਕੀ ਤਾਂ ਵੇਚੀ ਹੀ, ਖ਼ਾਲੀ ਬੋਤਲਾਂ, ਬੋਰੀਆਂ ਅਤੇ ਪੀਪੀਆਂ ਵੀ ਵੇਚ ਛੱਡੀਆਂ । ਮੁਨਸ਼ੀ ਹਜ਼ਾਰਾਂ ਰੁਪਏ ਇਸ ਕੰਮ ਵਿਚ ਹੀ ਕਮਾ ਗਏ । ਸਿਪਾਹੀ ਤਕ ਨੂੰ ਖੁੱਲ੍ਹ ਸੀ । ਬਾਹਰੋਂ ਬੰਦਾ ਫੜੋ, ਫ਼ੀਸ ਲਓ ਅਤੇ ਬੰਦਾ ਛੱਡ ਦਿਉ । ਵਰੰਟ ਤਾਮੀਲ ਕਰਾਉਣ ਗਏ ਸੌਦਾ ਕਰ ਆਦੇ । ਦੋਸ਼ੀ ਪੈਸੇ ਦਿੰਦਾ  ਤਾਂ ਛੱਡ ਦਿਉ, ਨਹੀਂ ਹੱਥਕੜੀ ਲਾ ਕੇ ਅੰਦਰ
ਤੁੰਨ ਦਿਓ । ਚਾਰੇ ਪਾਸੇ ਨੋਟਾਂ ਦਾ ਮੀਂਹ ਪੈਂਦਾ ਸੀ ।
ਇੰਨੀ ਖੁੱਲ੍ਹ ਦੇਖ ਕੇ ਹੀ ਸ਼ਿਵ ਨੇ ਹਿੰਮਤ ਕੱਢੀ ਸੀ ।
ਇਕ ਤਾਂ ਕਪਤਾਨ ਦਾ ਕੋਈ ਡਰ ਨਹੀਂ ਸੀ, ਦੂਜਾ ਦੋਸ਼ੀ ਜੈਨੀ ਸੇਠ ਸਨ । ਉਹਨਾਂ ਕੋਲ ਜਿੰਨਾ ਪੈਸਾ ਆਖ ਲਓ, ਉਨਾ ਹੀ ਥੋੜ੍ਹਾ  । ਮੁੰਡੇ ਦਾ ਚਾਚਾ ਕਈ ਕਾਰਖ਼ਾਨਿਆਂ ਦਾ ਮਾਲਕ ਸੀ । ਸ਼ਹਿਰ ਦੀ ਸਭ ਤੋਂ ਵੱਡੀ ਕੱਪੜੇ ਦੀ ਦੁਕਾਨ ਉਸੇ ਦੀ ਸੀ । ਭਤੀਜਾ ਮਾਲੀ ਤੌਰ 'ਤੇ ਕਮਜ਼ੋਰ ਸੀ । ਕਿਸੇ ਦੁਕਾਨ 'ਤੇ ਮੁਨੀਮ ਸੀ । ਚਾਚੇ ਨੂੰ ਦਸਪੰਜ ਹਜ਼ਾਰ ਚਿੱਤ ਚੇਤੇ ਨਹੀਂ ਸੀ । ਮਾਮਲਾ ਇੱਜ਼ਤ ਦਾ ਵੀ ਸੀ ਅਤੇ ਡੇਢ ਕਿੱਲੋ ਸੋਨੇ ਦਾ ਵੀ ।
ਚਾਚਾ ਆਖਦਾ ਸੀ ਝਗੜੇ ਵਾਲਾ ਸੋਨਾ ਉਸ ਦੀ ਨਿੱਜੀ ਜਾਇਦਾਦ ਸੀ । ਇਹ ਗਹਿਣੇ ਉਹਦੀ ਮਾਂ ਨੂੰ ਉਹਦੇ ਨਾਨਕਿਆਂ ਨੇ ਵਿਆਹ ਵੇਲੇ ਦਾਜ 'ਚ ਦਿੱਤੇ ਸਨ । ਮਰਨ ਤੋਂ ਪਹਿਲਾਂ ਇਹ ਗਹਿਣੇ ਮਾਂ ਉਸ ਦੀ ਪਤਨੀ ਨੂੰ ਦੇ ਗਈ । ਭਤੀਜਾ ਕਹਿੰਦਾ ਸੀ ਇਹ ਉਸ ਦੀ ਜਾਇਦਾਦ ਸੀ । ਗਹਿਣੇ ਉਸ ਦੀ ਮਾਂ ਦੇ ਸਨ । ਗਹਿਣੇ ਉਹਦੇ ਪਿਓ ਦੇ ਕਬਜ਼ੇ ਵਿਚ ਸਨ । ਜਦੋਂ ਉਹ ਮਰਿਆ
ਭਤੀਜਾ ਛੋਟਾ ਸੀ, ਮਾਂ ਪਹਿਲਾਂ ਹੀ ਮਰ ਗਈ ਸੀ । ਘਰ ਦਾ ਮੋਢੀ ਹੋਣ ਕਰਕੇ ਹੋਰ ਜਾਇਦਾਦ ਦੇ ਨਾਲਨਾਲ ਗਹਿਣੇ ਵੀ ਚਾਚੇ ਨੂੰ ਮਿਲ ਗਏ ਸਨ । ਮੋੜਨ ਲੱਗਿਆਂ ਉਹ ਬੇਈਮਾਨ ਹੋ ਗਿਐ ।
ਭਾਈਚਾਰਾ ਚਾਚੇ ਨਾਲ ਸੀ । ਚਾਚਾ ਦਾਨੀ ਪੁਰਸ਼  । ਦਸ ਹਜ਼ਾਰ ਰੁਪਿਆ ਆਏ ਸਾਲ ਤਾਂ ਉਹ ਇਕੱਲੀ ਗਊਸ਼ਾਲਾ ਨੂੰ ਦਿੰਦਾ  । ਉਹ ਦੂਜੇ ਦੀ ਜਾਇਦਾਦ 'ਤੇ ਧਾਰ ਨਹੀਂ ਮਾਰਦਾ ।
ਮੁੰਡੇ ਦਾ ਹੱਥ ਤੰਗ , ਇਸ ਲਈ ਲਾਲਚ ਕਰ ਰਿਹਾ  ।
ਵੱਡੀ ਗੱਲ ਇਹ ਕਿ ਡੀ.ਸੀ. ਦਾ ਜੀ.ਏ. ਚਾਚੇ ਦੇ ਸਾਲੇ ਦਾ ਸਾਂਢੂ ਸੀ । ਉਸ ਨੇ ਸ਼ਿਵ ਨੂੰ ਦਫ਼ਤਰ ਬੁਲਾ ਕੇ ਚਾਚੇ ਦੀ ਮਦਦ ਦਾ ਹੁਕਮ ਦਿੱਤਾ ਸੀ ।
ਦਬਕਾ ਧਮਕਾ ਕੇ ਸ਼ਿਵ ਨੇ ਸਾਰੇ ਗਹਿਣੇ ਕਾਬੂ ਕਰ ਲਏ । ਡੱਬੇ 'ਚ ਪਾ ਕੇ ਮੋਹਰਾਂ ਜੜ ਦਿੱਤੀਆਂ । ਕੋਈ ਹੋਰ ਤਫ਼ਤੀਸ਼ੀ ਹੁੰਦਾ ਤਾਂ ਇਕ ਦੋ ਗਹਿਣੇ ਖਿਸਕਾ ਲੈਂਦਾ ਜਾਂ ਅਸਲੀ ਕੱਢ ਕੇ ਨਕਲੀ ਪਾ ਦਿੰਦਾ । ਮੋਹਰਾਂ ਲਾਉਣਾ ਤਾਂ ਐਵੇਂ ਅਦਾਲਤ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੁੰਦੀ  । ਸਾਰੇ ਕਾਗ਼ਜ਼ ਪੱਤਰ ਆਪਣੇ ਹੱਥ 'ਚ ਰੱਖੀਦੇ ਹਨ । ਜਦੋਂ ਜੀਅ ਕਰੇ ਮੋਹਰਾਂ ਤੋੜ ਕੇ ਨਵੀਆਂ ਲਾ ਦਿਓ । ਖ਼ਾਲੀ ਕਾਗ਼ਜ਼ਾਂ 'ਤੇ ਪਹਿਲਾਂ ਹੀ ਦਸਖ਼ਤ ਕਰਵਾ ਲਈਦੇ ਹਨ । ਪਿੱਚੋਂ ਫਸਿਆ ਮਾਲਕ ਮੁੱਕਰ ਨਹੀਂ ਸਕਦਾ । ਮੁੱਕਰੇਗਾ ਤਾਂ ਜਿਹੜੇ ਥੋੜ੍ਹੇ ਬਹੁਤੇ ਅਸਲੀ ਗਹਿਣੇ ਡੱਬੇ ਵਿਚ ਬਚ ਰਹਿੰਦੇ ਹਨ, ਉਹਨਾਂ ਤੋਂ ਵੀ ਹੱਥ ਧੋ ਬੈਠੇਗਾ । ਸ਼ਿਵ ਨੇ ਇਸ ਤਰ੍ਹਾਂ ਦੀ ਕੋਈ ਹੇਰਾਫੇਰੀ ਨਹੀਂ ਸੀ ਕੀਤੀ । ਚਾਚੇ ਨਾਲ ਉੱਕਾਪੁੱਕਾ ਸੌਦਾ ਕੀਤਾ ਸੀ । ਵੀਹ ਹਜ਼ਾਰ ਲਿਆ ਸੀ । ਸੌ ਵਾਰ ਸਹੁੰਆਂ ਖੁਆ ਕੇ ਕਿ ਜੀ.ਏ. ਨੂੰ ਨਹੀਂ ਦੱਸਣਾ ।
ਭਤੀਜਾ ਜਦੋਂ ਦੋ ਦਿਨ ਥਾਣੇ ਬੈਠ ਕੇ ਵੀ ਟੱਸ ਤੋਂ ਮੱਸ ਨਾ ਹੋਇਆ ਤਾਂ ਸ਼ਿਵ ਨੇ ਦੋ ਕਿੱਲੋ ਅਫ਼ੀਮ ਫਿੱਟ ਕਰ ਦਿੱਤੀ । ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ । ਹਫ਼ਤਾ ਜ਼ਮਾਨਤ ਨਾ ਹੋਣ ਦਿੱਤੀ ।
ਭਤੀਜਾ ਜਦੋਂ ਅੱਠਦਸ ਦਿਨ ਜੇਲ੍ਹ 'ਚ ਕੱਟ ਕੇ ਬਾਹਰ ਆਇਆ ਤਾਂ ਪਾਸਾ ਪਲਟ ਚੁੱਕਾ ਸੀ । ਸਾਰੀ ਜੈਨ ਬਰਾਦਰੀ ਮੁੰਡੇ ਦੇ ਹੱਕ 'ਚ ਹੋ ਚੁੱਕੀ ਸੀ । ਪੈਸੇ 'ਚ ਅੰਨ੍ਹੇ ਹੋਏ ਚਾਚੇ ਨੇ ਤਾਂ ਹੱਦ ਹੀ ਕਰ ਦਿੱਤੀ । ਗਊ ਵਰਗੇ ਮੁੰਡੇ ਨੂੰ ਜੱਲਾਦਾਂ ਹੱਥ ਵੇਚ ਦਿੱਤਾ । ਅੱਗ ਲੱਗੇ ਅਜਿਹੇ ਪੈਸੇ ਨੂੰ । ਇਹ ਪਹਿਲੀ ਵਾਰ ਸੀ ਕਿ ਕਿਸੇ ਜੈਨੀਆਂ ਦੇ ਮੁੰਡੇ ਨੂੰ ਕੈਦ ਕੱਟਣੀ ਪਈ ਸੀ ।
ਚਾਚਾ ਵੀ ਪਸੀਜ ਗਿਆ । ਭਤੀਜੇ ਨੂੰ ਜੇਲ੍ਹ ਭੇਜ ਕੇ ਉਹਦੀ ਨੱਕ ਕੱਟੀ ਗਈ ਸੀ । ਬਾਹਰ ਆਦਿਆਂ ਹੀ ਉਸ ਨੇ ਸਾਰੇ ਗਹਿਣੇ ਉਸ ਨੂੰ ਦੇਣ ਦਾ ਐਲਾਨ ਕਰ ਦਿੱਤਾ ।
ਰਾਜ਼ੀਨਾਮਾ ਹੋ ਗਿਆ ਤਾਂ ਮੁੰਡਾ ਕੇਸ ਵਿਚੋਂ ਬਰੀ ਵੀ ਹੋਣਾ ਚਾਹੀਦਾ ਸੀ । ਸਜ਼ਾ ਹੋ ਗਈ ਤਾਂ ਧੀਆਂ ਪੁੱਤ ਵਿਆਹੁਣੇ ਰਹਿ ਜਾਣਗੇ । ਬਰਾਦਰੀ ਨੂੰ ਦਾਗ਼ ਲੱਗ ਜਾਏਗਾ । aੁਹੋ ਚਾਚਾ ਜਿਹੜਾ ਭਤੀਜੇ ਨੂੰ ਸਜ਼ਾ ਕਰਾਉਣ ਲਈ ਨੋਟ ਚੁੱਕੀ ਫਿਰਦਾ ਸੀ, ਉਸ ਨੂੰ ਬਰੀ ਕਰਾਉਣ ਲਈ ਤਰਲੋਮੱਛੀ ਹੋਣ ਲੱਗਾ ।
ਬਰੀ ਕਰਾਉਣ ਲਈ ਸ਼ਿਵ ਕੋਲ ਕੋਈ ਜਾਦੂ ਦਾ ਡੰਡਾ ਤਾਂ  ਨਹੀਂ ਸੀ । ਚਾਰ ਤਰੀਕਾਂ ਪੈ ਕੇ ਹੀ ਮੁੰਡੇ ਨੇ ਬਰੀ ਹੋਣਾ ਸੀ, ਦੂਜਾ ਤਰੀਕਾ ਸੀ ਮੁੰਡਾ ਜੁਰਮ ਦਾ ਇਕਬਾਲ ਕਰ ਲਏ ।
ਨੇਕਚਲਨੀ ਕਰਾ ਕੇ ਖਹਿੜਾ ਛੁੱਟ ਜਾਣਾ ਸੀ ।

---ਚਲਦਾ---