ਚਾਚੇ ਦੀ ਬੇਚੈਨੀ ਦੇਖ ਕੇ ਸ਼ਿਵ ਵੀ ਘਬਰਾ ਗਿਆ । ਜੀ.ਏ. ਦੇ ਸੁਨੇਹੇ ਆਉਣ ਲੱਗੇ ।
ਸ਼ਿਵ ਡਰ ਰਿਹਾ ਸੀ, ਜੇ ਉਹਨਾਂ ਜੀ.ਏ. ਨੂੰ ਦੱਸ ਦਿੱਤਾ ਤਾਂ ਸ਼ਿਵ ਦੀ ਖ਼ੈਰ ਨਹੀਂ । ਸ਼ਿਵ ਨੂੰ ਇਕੋ ਰਾਹ ਦਿਖਾਈ ਦੇ ਰਿਹਾ ਸੀ । ਰੋਜ਼ਨਾਮਚੇ ਅਤੇ ਉੱਨੀ ਨੰਬਰ ਰਜਿਸਟਰ (ਸਟਾਕ ਰਜਿਸਟਰ) ਵਿਚ ਅਦਲਾ ਬਦਲੀ । ਦੋ ਕਿੱਲੋ ਦੀ ਥਾਂ ਸੌ ਗਰਾਮ ਬਣਾ ਦੇਵੇ । ਦੋ ਕਿੱਲੇ ਅਫ਼ੀਮ ਦਾ ਇਕਬਾਲ ਜੱਜ ਨੇ ਲੈਣਾ ਨਹੀਂ । ਦੋ ਸੌ ਗਰਾਮ ਦਾ ਝੱਟ ਹੋ ਜਾਣਾ ਸੀ ।
ਇਕਬਾਲ ਲਈ ਚਾਚਾ ਵੀ ਸਹਿਮਤ ਸੀ ਅਤੇ ਭਤੀਜਾ ਵੀ । ਮੁਨਸ਼ੀ ਨੇ ਪੰਜ ਸੌ ਲੈ ਕੇ ਰੋਜ਼ਨਾਮਚੇ ਦੇ ਵਰਕੇ ਬਦਲ ਦਿੱਤੇ । ਉੱਨੀ ਨੰਬਰ 'ਚ ਇਕ ਰਿਮੂਵਰ ਨਾਲ ਕੰਮ ਚੱਲ ਗਿਆ ।
ਕਚਹਿਰੀ ਇਕਬਾਲ ਕਰਨ ਗਏ ਤਾਂ ਵਕੀਲ ਨੇ ਢੁੱਚਰ ਅੜਾ ਦਿੱਤੀ । ਇਕਬਾਲ ਕਰ ਕੇ ਸਜ਼ਾਯਾਫ਼ਤਾ ਹੋ ਜਾਣਾ ਸੀ, ਸਾਰੀ ਉਮਰ ਦਾ ਮਿਹਣਾ । ਜੇ ਜੀ.ਏ. ਰਿਸ਼ਤੇਦਾਰ ਤਾਂ ਕਾਹਦਾ ਡਰ ? ਮੁਕੱਦਮਾ ਤਾਂ ਝੂਠਾ ਹੀ, ਉਪਰੋਂ ਰਿਕਾਰਡ 'ਚ ਹੇਰਾਫੇਰੀ ਹੋ ਗਈ । ਪੜਤਾਲ ਕਰਵਾ ਕੇ ਮੁਕੱਦਮਾ ਖ਼ਾਰਜ ਕਰਵਾ ਲਓ ।
ਉਨ੍ਹਾਂ ਵਕੀਲ ਵਾਲੀ ਗੱਲ ਜਦੋਂ ਜੀ.ਏ. ਨੂੰ ਦੱਸੀ ਤਾਂ ਉਹਨੇ ਪਿਆਰਪੁਚਕਾਰ ਕੇ ਸਾਰੀ ਕਹਾਣੀ ਸੁਣ ਲਈ । ਉਹਨੂੰ ਸ਼ਿਵ 'ਤੇ ਗੁੱਸਾ ਚੜ੍ਹ ਗਿਆ । ਜਦੋਂ ਜੀ.ਏ. ਨੇ ਸਿਫ਼ਾਰਸ਼ ਕਰ ਦਿੱਤੀ ਸੀ ਤਾਂ ਉਸ ਦਾ ਪੈਸੇ ਲੈਣ ਦਾ ਕੀ ਮਤਲਬ ? ਪਰਚਾ ਉਹ ਕੈਂਸਲ ਕਰਵਾ ਦੇਵੇਗਾ । ਸ਼ਿਵ 'ਤੇ ਰਿਸ਼ਵਤ ਲੈਣ ਦੀ ਦਰਖ਼ਾਸਤ ਦੇਣੀ ਜ਼ਰੂਰੀ ਸੀ । ਇਨਕੁਆਰੀ ਕਾਹਦੀ ਸ਼ੁਰੂ ਹੋਈ, ਸ਼ਿਵ ਨੂੰ ਦਿਨੇ ਤਾਰੇ ਦਿਖਾਈ ਦੇਣ ਲੱਗੇ ।
ਵੀਹ ਹਜ਼ਾਰ ਵਿਚੋਂ ਦਸ ਤਾਂ ਉਹ ਕਪਤਾਨ ਨੂੰ ਹੀ ਦੇ ਆਇਆ ਸੀ । ਦੋਤਿੰਨ ਬਾਕੀ ਮਾਤਹਿਤਾਂ ਵਿਚ ਵੰਡਿਆ ਜਾ ਚੁੱਕਾ ਸੀ । ਜੈਨੀ ਸਾਰੇ ਪੈਸੇ ਵਾਪਸ ਮੰਗਦੇ ਸਨ । ਕਪਤਾਨ ਦੇ ਸਿਰ 'ਤੇ ਪਹਿਲਾਂ ਉਹਨੇ ਬਹੁਤੀ ਪਰਵਾਹ ਨਾ ਕੀਤੀ ।
ਪੜਤਾਲ ਪਹਿਲਾਂ ਡਿਪਟੀ (ੱਡਕੁਆਰਟਰ) ਨੇ ਸ਼ੁਰੂ ਕੀਤੀ । ਸੌਦਾ ਪੰਜ ਹਜ਼ਾਰ 'ਚ ਤਹਿ ਹੋਇਆ । ਉਹਦੇ ਦੋਚਾਰ ਬਿਆਨ ਲਿਖ ਕੇ ਰਿਪੋਰਟ ਸ਼ਿਵ ਦੇ ਹੱਕ ਵਿਚ ਕਰ ਦਿੱਤੀ । ਜੀ.ਏ. ਦੇ ਸੱਤੀਂ ਕੱਪੜੀਂ ਅੱਗ ਲੱਗ ਗਈ । ਉਹਨੇ ਡੀ.ਸੀ. ਤੋਂ ਉਹ ਰਿਪੋਰਟ ਨਾਮਨਜ਼ੂਰ ਕਰਾ ਦਿੱਤੀ ।
ਦੂਜੀ ਵਾਰ ਐਸ.ਪੀ. (ਡੀ) ਆਇਆ । ਉਹ ਸਖ਼ਤੀ ਲਈ ਮਸ਼ਹੂਰ ਸੀ । ਨਵਾਂਨਵਾਂ ਨੌਕਰ ਹੋਇਆ ਸੀ । ਰਿਸ਼ਵਤ ਦੇ ਕੋਲ ਦੀ ਨਹੀਂ ਸੀ ਲੰਘਦਾ । ਭੱਜਨੱਠ ਕਰ ਕੇ ਮਸਾਂ ਸ਼ਿਵ ਨੇ ਉਹਦਾ ਸਾਲਾ ਫੜਿਆ । ਸਾਲੇ ਨੇ ਦਸ ਹਜ਼ਾਰ ਤਾਂ ਲਿਆ ਪਰ ਰਿਪੋਰਟ ਸ਼ਿਵ ਦੀ ਮਨਮਰਜ਼ੀ ਦੀ ਕਰਵਾ ਦਿੱਤੀ । ਸ਼ਿਵ ਨੇ ਸੁਖ ਦਾ ਸਾਹ ਲਿਆ । ਚਲੋ ਮਾਮਲਾ ਰਫ਼ਾਦਫ਼ਾ ਹੋਇਆ ।
ਜੀ.ਏ. ਨੇ ਫਿਰ ਟੰਗ ਅੜਾ ਦਿੱਤੀ । ਇਨਕੁਆਰੀ ਵਿਜੀਲੈਂਸ ਨੂੰ ਭਿਜਵਾ ਦਿੱਤੀ । ਨਾਲੇ ਕਪਤਾਨ ਨੂੰ ਮੁਅੱਤਲੀ ਲਈ ਲਿਖ ਦਿੱਤਾ । ਜਿੰਨਾ ਚਿਰ ਸ਼ਿਵ ਬਹਾਲ , ਪੜਤਾਲ ਸਹੀ ਨਹੀਂ ਹੋ ਸਕਦੀ ।
ਵਿਜੀਲੈਂਸ ਦੇ ਡੀ.ਆਈ.ਜੀ. ਨਾਲ ਸ਼ਿਵ ਕਦੇ ਰੀਡਰ ਰਿਹਾ ਸੀ । ਰਿਪੋਰਟ ਉਹਦੇ ਹੱਕ ਵਿਚ ਹੋਏਗੀ, ਇਹ ਸ਼ਿਵ ਨੂੰ ਆਸ ਸੀ । ਕੁੱਤੇ ਦਾ ਕੁੱਤਾ ਵੈਰੀ ਵਾਂਗ ਉਸ ਨੇ ਸਗੋਂ ਰੋਜ਼ਨਾਮਚਾ ਅਤੇ ਰਜਿਸਟਰ ਡਾਕੂਮੈਂਟ ਐਕਸਪਰਟ ਨੂੰ ਭੇਜ ਦਿੱਤੇ । ਰਿਪੋਰਟ ਸ਼ਿਵ ਦੇ ਖ਼ਿਲਾਫ਼ ਆਉਣੀ ਹੀ ਸੀ । ਰਿਪੋਰਟ ਠੀਕ ਕਰਾਉਣ ਲਈ ਡੀ.ਆਈ.ਜੀ. ਨੇ ਵੀਹ ਹਜ਼ਾਰ ਮੰਗਿਆ । ਮਰਦੇ ਸ਼ਿਵ ਨੇ
ਇਹ ਅੱਕ ਵੀ ਚੱਬਿਆ । ਮਾੜੀ ਕਿਸਮਤ ਹੋਵੇ ਤਾਂ ਬਣੇ ਕੰਮ ਵੀ ਵਿਗੜ ਜਾਂਦੇ ਹਨ । ਰਿਪੋਰਟ ਲਿਖਣ ਤੋਂ ਪਹਿਲਾਂ ਹੀ ਉਹ ਡੀ.ਆਈ.ਜੀ. ਚਲਾਣਾ ਕਰ ਗਿਆ । ਹੋਰ ਪੈਰਵਾਈ ਦੀ ਸ਼ਿਵ 'ਚ ਹਿੰਮਤ ਨਹੀਂ ਸੀ । ਜਿੰਨੇ ਪੈਸੇ ਪੱਲੇ ਸੀ, ਸਭ ਲੱਗ ਗਏ ਸਨ ।
ਉਹ ਚੁੱਪ ਕਰ ਕੇ ਘਰ ਬੈਠ ਗਿਆ, ਤਨਖ਼ਾਹ ਅੱਧੀ ਰਹਿ ਗਈ ਸੀ । ਖ਼ਰਚਾ ਪੂਰਾ ਕਰਨ ਲਈ ਸ਼ਿਵ ਨੇ ਟਾਈਪਰਾਈਟਰ ਕਚਹਿਰੀ ਜਾ ਧਰਿਆ । ਲਿਖਣਪੜ੍ਹਨ ਦਾ ਉਹ ਮਾਹਿਰ ਸੀ । ਨਵੇਂ ਵਕੀਲਾਂ ਨਾਲੋਂ ਵੱਧ ਕੰਮ ਜਾਣਦਾ ਸੀ ।
ਜੀ.ਏ. ਨੇ ਜ਼ੋਰ ਪਾ ਕੇ ਅਫ਼ੀਮ ਦਾ ਮੁਕੱਦਮਾ ਤਾਂ ਖਾਰਜ ਕਰਵਾਇਆ ਹੀ, ਸ਼ਿਵ 'ਤੇ ਵੀ ਰਿਸ਼ਵਤ ਦਾ ਮੁਕੱਦਮਾ ਦਰਜ ਕਰਵਾ ਦਿੱਤਾ । ਉਹ ਆਥਣਉਗਣ ਜੈਨੀਆਂ ਦੀਆਂ ਮਿੰਨਤਾਂ ਕਰਨ ਜਾਂਦਾ । ਚਾਰ ਸਾਲ ਧੱਕੇ ਖਾ ਕੇ ਮਸਾਂ ਬਰੀ ਹੋਇਆ ।
ਦੁੱਧ ਦਾ ਫੂਕਿਆ ਜਿਵੇਂ ਲੱਸੀ ਨੂੰ ਵੀ ਫੂਕਾਂ ਮਾਰਦਾ , ਇਵੇਂ ਹੀ ਸ਼ਿਵ ਨਹੀਂ ਸੀ ਚਾਹੁੰਦਾ ਕਿ ਦਾਰੂ ਪੀ ਕੇ ਲਾਲਾ ਜੀ ਦੇ ਘਰ ਜਾਵੇ । ਯੁਵਾ ਸੰਘ ਦੇ ਧੱਕੇ ਚੜ੍ਹ ਕੇ ਮੁੜ ਉਸੇ ਘੁੰਮਣਘੇਰੀ ਵਿਚ ਫਸੇ । ਤਿੰਨ ਸਾਲ ਰਿਟਾਇਰ ਹੋਣ ਨੂੰ ਰਹਿੰਦੇ ਸਨ, ਉਹ ਸੁੱਖੀਂਸਾਂਦੀ ਪੈਨਸ਼ਨ ਲੈ ਕੇ ਘਰ ਜਾਣਾ ਚਾਹੁੰਦਾ ਸੀ ।
ਪਾਨ ਖਾਣ ਦੀ ਨੀਯਤ ਨਾਲ ਉਹਨੇ ਰਿਕਸ਼ਾ ਪਾਨਫ਼ਰੋਸ਼ ਦੀ ਰੇਹੜੀ ਕੋਲ ਰੁਕਵਾਇਆ ।
''ਤੈਨੂੰ ਹਜ਼ਾਰ ਵਾਰ ਆਖਿਐ ਇਸ ਰਸਤੇ ਜੱਜ ਸਾਹਿਬ ਦੀ ਕਾਰ ਨੇ ਲੰਘਣਾ ਹੁੰਦੈ, ਤੂੰ ਇਸ ਮੋੜ ਦਾ ਖਹਿੜਾ ਹੀ ਨਹੀਂ ਛੱਡਦਾ.....।'' ਰਿਕਸ਼ੇ 'ਚ ਬੈਠੇਬੈਠੇ ਹੀ ਉਹਨੇ ਰੇਹੜੀ ਦੀ ਟੀਨ ਦੀ ਛੱਤ 'ਤੇ ਡੰਡਾ ਖੜਕਾਇਆ ।
ਪਾਨਫ਼ਰੋਸ਼ ਨੂੰ ਹੱਥਾਂਪੈਰਾਂ ਦੀ ਪੈ ਗਈ । ਜਲਦੀਜਲਦੀ ਸਾਮਾਨ ਇਕੱਠਾ ਕਰਦੇ ਦੇ ਉਸ ਦੇ ਹੱਥ ਕੰਬਣ ਲੱਗੇ ।
''ਇਕਦੋ ਖ਼ੂਬਸੂਰਤ ਪਾਨ.....ਲੈਚੀਆਂ ਦੀ ਪੁੜੀ.....ਅਤੇ ਸਿਗਰਟਾਂ ਦੀ ਇਕ ਡੱਬੀ ਦੇ ਸਾਹਿਬ ਨੂੰ.....।'' ਰਿਕਸ਼ੇ ਵਾਲਾ ਸ਼ਿਵ ਦਾ ਭੇਤੀ ਸੀ । ਪਾਨਫ਼ਰੋਸ਼ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਦਿਆਂ ਉਸ ਨੇ ਸ਼ਿਵ ਦੀਆਂ ਲੋੜਾਂ ਦੱਸੀਆਂ ।
ਪੈਸਿਆਂ ਲਈ ਸ਼ਿਵ ਜੇਬ 'ਚ ਹੱਥ ਪਾਉਣ ਲੱਗਾ ਤਾਂ ਪਾਨਫ਼ਰੋਸ਼ ਹੱਥ ਬੰਨ੍ਹ ਕੇ ਖੜੋ ਗਿਆ ।
''ਚੰਗਾ, ਅੱਜ ਤਾਂ ਖੜਾ ਰਹਿ, ਕੱਲ੍ਹ ਨੂੰ ਕੋਈ ਹੋਰ ਇੰਤਜ਼ਾਮ ਕਰ ਲਈਂ । ਨਹੀਂ ਮੈਥੋਂ ਬੁਰਾ ਕੋਈ ਨਹੀਂ ।'' ਇਕ ਪਾਨ ਮੂੰਹ 'ਚ ਪਾ ਕੇ ਅਤੇ ਦੂਜਾ ਜੇਬ 'ਚ ਤੁੰਨ ਕੇ ਉਹ ਅੱਗੇ ਵਧਿਆ ।
''ਮੁਰਗੀ ਚੋਰ.....ਮੁਰਗੀ ਚੋਰ.....'' ਸ਼ਿਵ ਨੂੰ ਲੱਗਾ ਜਿਵੇਂ ਰਿਕਸ਼ੇ ਵਾਲਾ ਇਹ ਸ਼ਬਦ ਗੁਣਗੁਣਾ ਰਿਹਾ । ਇਕਦੋ ਵਾਰ ਸ਼ਿਵ ਨੇ ਕੰਨ ਲਾ ਕੇ ਸੁਣਿਆ ਵੀ, ਇਹ ਉਸਦੇ ਮਨ ਦਾ ਭਰਮ ਸੀ । ਉਹ ਤਾਂ ਕੋਈ ਫ਼ਿਲਮੀ ਧੁਨ ਗਾ ਰਿਹਾ ਸੀ ।
ਹੋਰ ਕੌਣ ਸੀ ਫੇਰ, ਜਿਹੜਾ ਸ਼ਿਵ ਦੀ ਇਸ ਖਿਝ ਨੂੰ ਜਾਣਦਾ ਸੀ ? ਪੰਝੀ ਸਾਲ ਪੁਰਾਣੀ ਗੱਲ ਸੀ । ਸਾਂਸੀਆਂ ਦੀਆਂ ਕੁੱਲੀਆਂ 'ਚ ਗਿਆਂ ਨੂੰ ਉਹਨਾਂ ਨੂੰ ਇਕ ਮੁਰਗੀ ਪਸੰਦ ਆ ਗਈ ਸੀ । ਮੁਰਗੀ ਦਾ ਝ ਤਾਂ ਸੌਦਾ ਨਾ ਬਣਿਆ, ਉਹਨਾਂ ਕਿਸੇ ਖ਼ਾਸ ਬੰਦੇ ਰਾਹੀਂ ਖਿਸਕਾ ਲਈ ।
ਸਾਂਸੀਆਂ ਨੂੰ ਪਤਾ ਨਹੀਂ ਕਿਥੋਂ ਪਤਾ ਲੱਗਾ, 'ਮੁਰਗੀ ਚੋਰ, ਮੁਰਗੀ ਚੋਰ' ਕਰਦੇ ਥਾਣੇ ਅੱਗੇ ਆ ਬੈਠੇ । ਉਸ ਦਿਨ ਤੋਂ ਅੱਜ ਤਕ ਲੋਕ ਉਸ ਨੂੰ 'ਮੁਰਗੀ ਚੋਰ' ਆਖ ਕੇ ਚਿੜਾਦੇ ਹਨ । ਮੁਫ਼ਤ ਦੀਆਂ ਸਿਗਰਟਾਂ ਅਤੇ ਪਾਨ ਲੈ ਕੇ ਉਸ ਅੰਦਰਲਾ ਸ਼ਿਵ ਹੀ ਸ਼ਾਇਦ ਬਾਗ਼ੀ ਹੋ ਗਿਆ ਸੀ ।
ਆਪਣੇ ਅਤੀਤ ਤੋਂ ਖਹਿੜਾ ਛੁਡਾਉਣ ਲਈ ਸ਼ਿਵ ਆਲੇਦੁਆਲੇ ਦੀਆਂ ਇਮਾਰਤਾਂ ਤੇ ਲਟਕਦੇ ਬੋਰਡ ਅਤੇ ਨੇਮਪਲੇਟਾਂ ਪੜ੍ਹਨ ਲੱਗਾ ।
ਤੀਸਰੀ ਗਲੀ ਟੈਗੋਰ ਸਟਰੀਟ ਸੀ । ਗਲੀ ਦੀ ਸਾਰੀ ਆਬਾਦੀ ਮੋੜ 'ਤੇ ਆ ਖੜੋਤੀ ਸੀ ।
ਸਭ ਦੇ ਚਿਹਰਿਆਂ 'ਤੇ ਡਰ ਅਤੇ ਮਾਤਮ ਸੀ ।
ਪਹਿਲੇ ਪਹੁੰਚੇ ਸਿਪਾਹੀ ਨੇ ਕਾਫ਼ੀ ਕੰਮ ਨਿਬੇੜ ਲਿਆ ਸੀ । ਮੁਨਸ਼ੀ ਨੇ ਉਹਨਾਂ ਨੂੰ ਸਮਝਾ ਕੇ ਭੇਜਿਆ ਸੀ । ਜਾਂਦੇ ਹੀ ਟੋਪੀਏ ਦੁਆਲੇ ਰੇਤੇ ਦੀਆਂ ਬੋਰੀਆਂ ਲਗਵਾ ਦੇਣਾ । ਕੋਈ ਹੋਰ ਥਾਂ ਹੁੰਦਾ ਤਾਂ ਰੇਤਾ ਲੱਭਣਾ ਹੀ ਔਖਾ ਹੋ ਜਾਂਦਾ । ਇਥੇ ਲਾਲਾ ਜੀ ਦੇ ਉਪਾਸ਼ਕਾਂ ਵਿਚ ਲੱਭੂ ਰੇਤੇ ਬੱਜਰੀ ਵਾਲਾ ਹਾਜ਼ਰ ਸੀ । ਉਹਨੇ ਝੱਂਟ ਬਰੇਤੀ ਨਾਲ ਭਰੀਆਂ ਬੋਰੀਆਂ ਦਾ ਰੇਹੜਾ ਮੰਗਵਾ ਲਿਆ ।
ਯੁਵਾ ਸੰਘ ਦੇ ਵਰਕਰਾਂ ਨੇ ਮਿੰਟਾਂ ਵਿਚ ਬੋਰੀਆਂ ਚਿਣ ਦਿੱਤੀਆਂ ।
ਸ਼ਿਵ ਦੇ ਪੁੱਜਣ ਤਕ ਸਿਪਾਹੀ ਵਿਹਲੇ ਹੋ ਚੁੱਕੇ ਸਨ । ਘਰਾਂ ਦੀਆਂ ਛੱਤਾਂ 'ਤੇ ਲੋਕ ਇਕੱਟੇ ਹੋਏਹੋਏ ਸਨ । ਬੁੱਢੇ ਅਤੇ ਕੀ ਬੱਚੇ, ਸਭ ਦੇ ਸਭ ਟੋਪੀਏ, ਬਸਤੇ ਅਤੇ ਉਸ ਦੁਆਲੇ ਚਿਣੀਆਂ ਬੋਰੀਆਂ ਨੂੰ ਰਾਨੀ ਨਾਲ ਦੇਖ ਰਹੇ ਸਨ ।
ਆਦਿਆਂ ਹੀ ਸ਼ਿਵ ਨੂੰ ਲਿਮਕਾ ਭੇਟ ਕੀਤਾ ਗਿਆ । ਇਕ ਗੁਆਂਢੀ ਸ਼ਿਵ ਲਈ ਕੁਰਸੀ ਤਕ ਚੁੱਕ ਲਿਆਇਆ ।
''ਨਹੀਂ ਬਈ ਨਹੀਂ, ਮੈਂ ਬੈਠਣ ਥੋੜ੍ਹਾ ਆਇਆ ਹਾਂ ।'' ਜੇਬ 'ਚੋਂ ਦੂਜਾ ਪਾਨ ਕੱਢ ਕੇ ਮੂੰਹ 'ਚ ਪਾਦੇ ਸ਼ਿਵ ਨੇ ਗੁਆਂਢੀ ਦਾ ਧੰਨਵਾਦ ਕੀਤਾ ।
ਸ਼ਿਵ ਕੁਰਸੀ 'ਤੇ ਬੈਠਣਾ ਚਾਹੁੰਦਾ ਸੀ, ਪਰ ਕਰਸੀ ਬਾਹਾਂ ਵਾਲੀ ਸੀ । ਸ਼ਿਵ ਨੂੰ ਪਤਾ ਸੀ ਉਹਦੀ ਦੇਹ ਕੁਰਸੀ 'ਚ ਫਸ ਨਹੀਂ ਸਕਦੀ । ਸ਼ਿਵ ਦੇ ਵਾਕਫ਼ਕਾਰਾਂ ਨੂੰ ਤਾਂ ਇਸ ਔਕੜ ਦਾ ਪਤਾ ਸੀ । ਉਹ ਸ਼ਿਵ ਨੂੰ ਬੈਠਣ ਲਈ ਸੋਫ਼ਾ ਭੇਟ ਕਰਦੇ ਜਾਂ ਬਿਨ ਬਾਹਾਂ ਵਾਲੀ ਕੁਰਸੀ । ਦੋਹਾਂ ਵਿਚੋਂ ਕੁਝ ਵੀ ਨਾ ਲੱਭਦਾ ਤਾਂ ਮੰਜਾ ਸਹੀ । ਹਾਸੇ ਦਾ ਪਾਤਰ ਬਣਨ ਨਾਲੋਂ ਤਾਂ ਖੜੇ ਰਹਿਣਾ ਹੀ ਚੰਗਾ ਸੀ । ਸੋ ਸ਼ਿਵ ਖੜਾ ਰਿਹਾ ।
ਆਪਣੇ ਮੋਟਾਪੇ 'ਤੇ ਸ਼ਿਵ ਨੂੰ ਅਕਸਰ ਰਾਨੀ ਹੁੰਦੀ ਸੀ । ਮੀਟ ਅਤੇ ਸ਼ਰਾਬ ਨੇ ਕੋਈ ਮਣ ਪੱਕੀ ਚਰਬੀ ਉਹਦੇ ਸਰੀਰ 'ਚ ਜਮ੍ਹਾਂ ਕਰ ਦਿੱਤੀ ਸੀ । ਕੋਈ ਉਹ ਦਿਨ ਵੀ ਸਨ, ਜਦੋਂ ਸ਼ਿਵ ਪਤਲਾ ਪਤੰਗ ਵਰਗਾ ਹੁੰਦਾ ਸੀ, ਉਹਦੀ ਕਬੱਡੀ ਪੰਜਾਹਪੰਜਾਹ ਕੋਹਾਂ 'ਚ ਮਸ਼ਹੂਰ ਸੀ । ਉਸ ਦੀ ਕਬੱਡੀ ਦੀ ਖੇਡ ਨੇ ਹੀ ਉਸ ਨੂੰ ਪੁਲਿਸ 'ਚ ਭਰਤੀ ਕਰਾਇਆ ਸੀ । ਉਹਨਾਂ ਸਮਿਆਂ 'ਚ ਪੁਲਿਸ 'ਚ ਭਰਤੀ ਹੋਣ ਲਈ ਅੱਜਕੱਲ੍ਹ ਵਾਂਗ ਨਾ ਸਰਟੀਫ਼ਿਕੇਟਾਂ ਦੀ ਲੋੜ ਹੁੰਦੀ ਸੀ ਨਾ ਸਿਫ਼ਾਰਸ਼ਾਂ ਦੀ ਅਤੇ ਨਾ ਹੀ ਨੋਟਾਂ ਦੀ । ਲੋੜ ਹੁੰਦੀ ਸੀ ਉੱਚੇਲੰਬੇ ਕੱਦ ਦੀ, ਚੌੜੇ ਜੁੱਸੇ ਦੀ ਅਤੇ ਪਹਾੜ ਜਿੱਡੇ ਜਿਗਰੇ ਦੀ । ਤਿੰਨਤਿੰਨ ਖਿਡਾਰੀਆਂ ਨੂੰ ਮੋਢਿਆਂ 'ਤੇ ਚੁੱਕੀ ਫਿਰਦੇ ਸ਼ਿਵ ਨੂੰ ਦੇਖ ਕੇ ਹੀ ਡਿਪਟੀ ਖ਼ੁਸ਼ ਹੋਇਆ ਸੀ । ਕਬੱਡੀ ਵਿਚੇ ਰੋਕ ਕੇ ਹੀ ਉਸ ਨੇ ਸ਼ਿਵ ਨੂੰ ਪੁਲਿਸ 'ਚ ਭਰਤੀ ਕਰਨ ਦਾ ਐਲਾਨ ਕਰ ਦਿੱਤਾ ਸੀ ।
ਬਾਣੀਆਂ ਦਾ ਮੁੰਡਾ ਅਤੇ ਪੁਲਿਸ ? ਘਰ ਦੇ ਕਈ ਦਿਨ ਸੋਚੀਂ ਪਏ ਰਹੇ । ਉਹਦੇ ਬਾਪ ਨੂੰ ਇਕ ਵੀ ਰਿਸ਼ਤੇਦਾਰ ਯਾਦ ਨਹੀਂ ਸੀ ਆ ਰਿਹਾ, ਜਿਹੜਾ ਪੁਲਿਸ 'ਚ ਨੌਕਰ ਰਿਹਾ ਹੋਵੇ ।
ਬਾਣੀਆਂ ਬਰਾਹਮਣਾਂ ਦਾ ਪੁਲਿਸ 'ਚ ਕੀ ਕੰਮ ? ਪੁਲਿਸ ਨੂੰ ਮਾਰਧਾੜ ਕਰਨੀ ਪੈਂਦੀ । ਉਹਨਾਂ ਦਾ ਮੁੰਡਾ ਤਾਂ ਗਊਆਂ ਭਿੜਦੀਆਂ ਦੇਖ ਕੇ ਡਰ ਜਾਂਦੈ, ਗੋਲੀ ਕਿਥੋਂ ਚਲਾਏਗਾ ? ਕਿਸੇ ਨੇ ਸ਼ਿਵ ਨੂੰ ਕੁੜੀ ਨਹੀਂ ਦੇਣੀ । ਪੁਲਸੀਆਂ ਦਾ ਹੱਥ ਖੁਲ੍ਹ ਜਾਂਦਾ । ਘਰ 'ਚ ਡੰਡਾ ਫੇਰਨ ਲੱਗਾ, ਫੇਰ ਕੀ ਬਣੂ ?
ਸਾਰਾ ਪਿੰਡ ਵਧਾਈਆਂ ਦੇਦੇ ਜਾਵੇ । ਉਹਦੇ ਬਾਈ ਨੂੰ ਸ਼ਰਮ ਆਵੇ । ਨੰਬਰਦਾਰਾਂ ਦੇ ਸਮਝਾਉਣ 'ਤੇ ਉਸ ਨੇ ਮਸਾਂ ਹਾਂ ਕੀਤੀ । ਜੱਟਾਂ ਦਾ ਮੁੰਡਾ ਪੁਲਿਸ 'ਚ ਭਰਤੀ ਹੋ ਜਾਵੇ ਤਾਂ ਰਿਸ਼ਤੇਦਾਰ ਮਹੀਨਾਮਹੀਨਾ ਜਸ਼ਨ ਮਨਾਦੇ ਹਨ । ਦੂਰੋਂ ਰਿਸ਼ਤੇਦਾਰ ਵਧਾਈਆਂ ਦੇਣ ਆਦੇ ਹਨ । ਇਕ ਰਿਸ਼ਤੇਦਾਰ ਵੀ ਪੁਲਿਸ ਵਿਚ ਹੋਵੇ ਤਾਂ ਕਈ ਖ਼ਾਨਦਾਨਾਂ ਦੇ ਮਸਲੇ ਹੱਲ ਹੋ ਜਾਂਦੇ ਹਨ । ਡਰਦੇ ਸ਼ਰੀਕ ਕੋਠੜੀ 'ਚ ਮੂੰਹ ਦੇਣ ਲਈ ਮਜਬੂਰ ਹੋ ਜਾਂਦੇ ਹਨ ।
ਇਹ ਫ਼ਾਇਦਾ ਉਸ ਦੇ ਬਾਪ ਨੂੰ ਵੀ ਹੋਇਆ । ਪਹਿਲਾਂ ਹਰ ਕਿਸੇ ਲਈ ਉਹ 'ਕਰਾੜ' ਸੀ । ਧੀਆਂਭੈਣਾਂ ਦਾ ਬਾਹਰ ਨਿਕਲਣਾ ਔਖਾ ਸੀ । ਐਰਗ਼ੈਰ ਖੰਘੂਰਾ ਮਾਰ ਜਾਂਦਾ । ਉਹਨੇ ਵਰਦੀ ਪਾ ਕੇ ਜਦੋਂ ਪਹਿਲਾ ਗੇੜਾ ਪਿੰਡ 'ਚ ਦਿੱਤਾ ਤਾਂ ਮੁੰਦਰ ਵਰਗੇ ਬਦਮਾਸ਼ ਵੀ ਉਹਦੇ ਬਾਈ ਨੂੰ 'ਲਾਲਾ ਜੀ' ਆਖਣ ਲੱਗੇ, ਸਾਰਾ ਉਧਾਰ ਨਿਕਲ ਆਇਆ । ਜਿਹੜੀਆਂ ਅਸਾਮੀਆਂ ਮਰੀਆਂ ਸਮਝ ਕੇ ਬਾਈ ਨੇ ਨਾਮੇ 'ਤੇ ਕਾਟਾ ਮਾਰ ਦਿੱਤਾ ਸੀ, ਉਹ ਵੀ ਸਣੇ ਵਿਆਜ ਖਰੀਆਂ ਹੋ ਗਈਆਂ ।
ਉਗਰਾਹੀ ਲੈਣ ਗਏ ਨੂੰ ਲੋਕ ਅੱਖਾਂ ਕੱਢਣੋਂ ਹਟ ਗਏ । ਨਾਲ ਦੇ ਦੁਕਾਨਦਾਰ ਵੀ ਸੁਸਰੀ ਵਾਂਗ ਸੌਂ ਗਏ । ਪਹਿਲਾਂ ਗਾਹਕ ਖ਼ਰਾਬ ਕਰਦੇ ਰਹਿੰਦੇ, ਸਾਰਾ ਮਾਹੌਲ ਹੀ ਬਦਲ ਗਿਆ । ਬਾਈ ਨੇ ਚੰਗੇ ਪੈਸੇ ਕਮਾਏ ।
ਪਿੰਡ 'ਚ ਉਹਨਾਂ ਦੇ ਅਜਿਹੇ ਪੈਰ ਜੰਮੇ ਕਿ ਅੱਜ ਉਹਦੇ ਭਰਾ ਲੱਖਾਂ ਦੇ ਮਾਲਕ ਬਣੇ ਬੈਠੇ ਨੇ । ਚਾਰ ਪੈਸੇ ਜੁੜੇ ਤਾਂ ਸ਼ਹਿਰ ਆ ਕੇ ਕੱਪੜੇ ਦੀ ਦੁਕਾਨ ਖੋਲ੍ਹ ਲਈ । ਕੱਪੜੇ ਦਾ ਕੰਮ ਚੱਲਿਆ ਤਾਂ ਕਪਾਹ ਦਾ ਕਾਰਖ਼ਾਨਾ ਜੜ ਦਿੱਤਾ । ਇਲਾਕੇ 'ਚ ਝੋਨਾ ਹੋਣ ਲੱਗਾ ਤਾਂ ਸਭ ਤੋਂ ਪਹਿਲਾਂ ਸ਼ੈਲਰ ਗੱਡ ਦਿੱਤਾ । ਸ਼ਿਵ ਨੂੰ ਉਹ ਭਾਵੇਂ ਟਿੱਚ ਕਰਕੇ ਜਾਣਦੇ ਸਨ, ਕਿਰਪਾ ਸਾਰੀ ਸ਼ਿਵ ਦੀ ਹੀ ਸੀ ।
ਉਹਦੇ ਭਰਾ ਅਮੀਰ ਹੋ ਗਏ ਤਾਂ ਕੀ ? ਘਾਟਾ ਉਸ ਨੂੰ ਵੀ ਕਿਸੇ ਚੀਜ਼ ਦਾ ਨਹੀਂ ।ਸਭ ਤੋਂ ਵੱਧ ਫ਼ਿਕਰ ਔਲਾਦ ਦਾ ਹੁੰਦਾ । ਖ਼ਾਸ ਕਰ ਪੁਲਿਸ ਵਾਲਿਆਂ ਨੂੰ । ਬੱਚੇ ਜਿਹੜੇ ਮਰਜ਼ੀ ਖੂਹ ਪੁੱਟਦੇ ਰਹਿਣ, ਕੋਈ ਨਹੀਂ ਟੋਕਦਾ । ਸਕੂਲ 'ਚ ਥਾਣੇਦਾਰ ਤੋਂ ਡਰਦਾ ਮਾਸਟਰ ਨਹੀਂ ਝਿੜਕਦਾ ।
ਗਲੀਗੁਆਂਢ ਦੇ ਕਿਸੇ ਜਵਾਕ ਨੂੰ ਕੁੱਟ ਦੇਣ, ਡਰਦਾ ਕੋਈ ਉਲਾਂਭਾ ਨਹੀਂ ਦਿੰਦਾ । ਸਿਨੇਮੇ 'ਚ ਜਾਣ ਜਾਂ ਹੋਟਲ 'ਚ, ਕੋਈ ਪੈਸੇ ਨਹੀਂ ਮੰਗਦਾ । ਪੁਲਸੀਆਂ ਦੇ ਬੱਚੇ ਵਿਗੜਨ ਦੀਆਂ ਸ਼ਿਵ ਸਾਹਮਣੇ ਹਜ਼ਾਰਾਂ ਉਦਾਹਰਣਾਂ ਸਨ । ਜਿੰਨੇ ਸੰਤਾ ਸਿੰਘ ਨੇ ਪੈਸੇ ਕਮਾਏ ਸਨ, ਸ਼ਾਇਦ ਹੀ ਕਿਸੇ ਨੇ ਕਮਾਏ ਹੋਣ । ਮਹੀਨੇ ਪਿੱਛੋਂ ਪਿੰਡ ਜਾਂਦਾ । ਬਰੀਫ਼ਕੇਸ ਨੋਟਾਂ ਦਾ ਭਰ ਕੇ ਲਿਜਾਂਦਾ । ਸੈਂਕੜੇ ਦੁਕਾਨਾਂ ਬਣਾ ਰੱਖੀਆਂ ਨੇ, ਕਈ ਫ਼ਾਰਮ ਲੱਖ ਰੁਪਿਆ ਕਿਰਾਏ ਦਾ ਆਦਾ ਹੋਊ । ਧੀਆਂ ਪੁੱਤਰ ਸਭ ਲੰਡਰ । ਵੱਡਾ ਦਿਨ ਚੜ੍ਹਦਿਆਂ ਹੀ ਪੀਣੀ ਸ਼ੁਰੂ ਕਰ ਦਿੰਦਾ , ਛੋਟਾ ਜੂਏਬਾਜ਼ । ਦੂਜੇ ਦਿਨ ਮਾਂ ਨਾਲ ਰੁੱਸ ਕੇ ਘਰੋਂ ਨਿਕਲ ਜਾਂਦੈ । ਸੰਤਾ ਸਿੰਘ ਮਿੰਨਤਾਂ ਕਰਕਰ ਲਿਆਦੈ ।
ਭਾਨ ਸਿੰਘ ਨੇ ਵੀ ਕਮਾਈ ਦੀ ਕਸਰ ਨਹੀਂ ਛੱਡੀ । ਪਰ ਬਾਪ ਵਾਂਗ ਔਲਾਦ ਵੀ ਜ਼ਨਾਨੀ ਬਾਜ਼ੀ ਦੀ ਸ਼ੌਕੀਨ । ਵੀਹ ਵਾਰ ਪੁਲਿਸ ਨੇ ਕੁੱਟੇ ਹਨ । ਕੋਈ ਮੁੰਡਾ ਮਾਸਟਰਨੀ ਨੂੰ ਘਰ ਖਵਾਈ ਜਾਂਦਾ , ਕੋਈ ਨਰਸ ਨੂੰ । ਕੁੜੀਆਂ ਉਹਨਾਂ ਤੋਂ ਵੀ ਦੋ ਚੰਦੇ ਵੱਧ ਹਨ । ਇਕ ਕਿਸੇ ਮਾਸਟਰ ਨਾਲ ਨਿਕਲ ਗਈ ।
ਸ਼ਿਵ ਦੇ ਤਿੰਨ ਬੱਚੇ ਲਾਇਕ ਹਨ । ਇਕ ਡਾਕਟਰ ਬਣ ਗਿਆ, ਦੂਜਾ ਓਵਰਸੀਅਰ, ਕੁੜੀ ਪਰੋਫ਼ੈਸਰ ਬਣ ਗਈ । ਸੇਲਟੈਕਸ ਇੰਸਪੈਕਟਰ ਨਾਲ ਵਿਆਹੀ ਗਈ । ਕਾਰ ਲੈ ਲਈ ? ਹੋਰ ਸ਼ਿਵ ਨੂੰ ਕੀ ਚਾਹੀਦਾ ? ਮੀਆਂਬੀਵੀ ਰਹਿ ਗਏ । ਤਨਖ਼ਾਹ ਹੀ ਕਾਫ਼ੀ । ਨਾਨਾ ਕਰਦਿਆਂ ਵੀ ਦੋਤਿੰਨ ਹਜ਼ਾਰ ਹੋਰ ਬਣ ਜਾਂਦੈ ।
ਸਿਆਣੇ ਸਿਪਾਹੀ ਨੇ ਇਕ ਗੁਆਂਢੀ ਨੂੰ ਇਸ਼ਾਰਾ ਕੀਤਾ । ਉਹ ਸ਼ਿਵ ਦੇ ਬੈਠਣ ਲਈ ਮੰਜਾ ਚੁੱਕ ਲਿਆਇਆ । ਨਾਲੇ ਦੋ ਚਿੱਟੇ ਸਿਰਹਾਣੇ ।
ਸ਼ਿਵ ਨੂੰ ਮੰਜੇ 'ਤੇ ਕਿਹੜਾ ਆਰਾਮ ਮਿਲ ਰਿਹਾ ਸੀ ? ਕਦੇ ਉਹ ਸਾਰਾ ਬੋਝ ਖੱਬੇ ਪਾਸੇ ਸੁੱਟਦਾ ਕਦੇ ਸੱਜੇ ਪਾਸੇ ।
ਸ਼ਿਵ ਪਾਣੀ ਦਾ ਜੱਗ ਪੀ ਚੁੱਕਾ ਸੀ । ਪਿਆਸ ਸਗੋਂ ਵਧਦੀ ਹੀ ਜਾ ਰਹੀ ਸੀ । ਖੱਟੇ ਡਕਾਰ ਵੀ ਵਧ ਗਏ ਸਨ । ਬਿੰਦੇ ਝੱਟੇ ਮਸਾਲੇਦਾਰ ਤਰੀ ਢਿੱਡ 'ਚੋਂ ਨਿਕਲ ਕੇ ਜੀਭ 'ਤੇ ਆ ਜਾਂਦੀ ।
ਕੋਈ ਹੋਰ ਥਾਂ ਹੁੰਦਾ, ਉਹ ਅਧੀਆ ਸੁੱਟ ਕੇ ਟੁੱਟੇ ਨਸ਼ੇ ਦਾ ਇਲਾਜ ਕਰਦਾ । ਇਥੇ ਕੁਝ ਵੀ ਸੰਭਵ ਨਹੀਂ ਸੀ ।
ਬੰਬ ਡਿਸਪੋਜ਼ਲ ਦਸਤੇ ਦਾ ਕੀ ਪਤਾ ਕਦੋਂ ਆਵੇ ? ਉਹਦੀ ਉਡੀਕ ਵਿਚ ਸ਼ਿਵ ਆਪਣੇ ਆਪ ਨੂੰ ਫਾਹੇ ਟੰਗ ਕੇ ਨਹੀਂ ਰੱਖ ਸਕਦਾ ।
ਮਾਹੌਲ ਤਨਾਅਪੂਰਨ ਸੀ । ਯੁਵਾ ਸੰਘ ਵਾਲੇ ਸੰਤਰੀ ਅਤੇ ਮੁਨਸ਼ੀ ਨੂੰ ਵਾਰਵਾਰ ਗਾਲ੍ਹਾਂ ਕੱਢ ਰਹੇ ਸਨ । ਸਮੇਂ ਸਿਰ ਕਾਰਵਾਈ ਹੋਈ ਹੁੰਦੀ ਤਾਂ ਇਹ ਝੰਜਟ ਨਾ ਪੈਂਦਾ । ਵਰਕਰ ਡਾਂਗਾਂ ਚੁੱਕੀ ਫਿਰਦੇ ਸਨ । ਸ਼ਿਵ ਨੇ ਹਿੰਦੂਭਰਾ ਹੋਣ ਦਾ ਵਾਸਤਾ ਪਾ ਕੇ ਜਾਨ ਛੁਡਾਈ । ਹੁਣ ਬੰਬ ਸਕਾਡ 'ਤੇ ਖਿਝ ਰਹੇ ਸਨ । ਆਉਣ ਦਾ ਨਾਂ ਹੀ ਨਹੀਂ ਲੈਂਦਾ । ਕੋਈ ਨੁਕਸਾਨ ਹੋ ਗਿਆ ਤਾਂ ਪਿੱਛੋਂ ਆਉਣ ਜਾਂ ਨਾ । ਕਈ ਵਾਰ ਉਹ ਸੰਗਰੂਰ ਕਪਤਾਨ ਨੂੰ ਫ਼ੋਨ ਖੜਕਾ ਚੁੱਕੇ ਸਨ ।
''ਤੁਸੀਂ ਜ਼ਰਾ ਦੇਖੋ ਤਾਂ ਸਹੀ ਕਿ ਬੋਰੀਆਂ ਠੀਕ ਤਰ੍ਹਾਂ ਹੀ ਲੱਗੀਆਂ ਨੇ ?'' ਮੰਜੇ 'ਤੇ ਲਿਟੇ ਸ਼ਿਵ ਨੂੰ ਦੇਖ ਕੇ ਰਾਮ ਸਰੂਪ ਖਿਝ ਗਿਆ ਸੀ । ਉਹਨੇ ਸ਼ਿਵ ਨੂੰ ਕੰਮ ਲਾਉਣਾ ਚਾਹਿਆ ।
''ਹਾਂ ਹਾਂ ਚੱਲੋ.....।'' ਸ਼ਿਵ ਨੂੰ ਵੀ ਗ਼ਲਤੀ ਦਾ ਅਹਿਸਾਸ ਹੋਇਆ । ਉਹਦਾ ਫ਼ਰਜ਼ ਬਣਦਾ ਸੀ, ਆਦਾ ਹੀ ਮੌਕੇ ਦੀ ਪੜਤਾਲ ਕਰਦਾ । ਬਸਤੇ ਅਤੇ ਟੋਪੀਏ ਦਾ ਜਾਇਜ਼ਾ ਲੈਂਦਾ । ਉਹ ਆਦਾ ਹੀ ਮੰਜਾ ਮੱਲ ਕੇ ਬੈਠ ਗਿਆ ।
ਪੂਰਾ ਜ਼ੋਰ ਲਾ ਕੇ ਵੀ ਮਿਣਿਆ ਜਾਵੇ ਤਾਂ ਵੀ ਟੋਪੀਏ ਦਾ ਵਿਆਸ ਗਿੱਠ ਤੋਂ ਵੱਧ ਨਹੀਂ ਸੀ । ਛੋਟੇ ਜਿਹੇ ਬੈਗ ਹੇਠਾਂ ਉਹ ਪੂਰੀ ਤਰ੍ਹਾਂ ਛੁਪਿਆ ਹੋਇਆ ਸੀ । ਟੋਪੀਏ ਦੇ ਇਕ ਪਾਸਿ ਨਿੱਕਰ ਦੀ ਗੈਲਸ ਬਾਹਰ ਨਿਕਲੀ ਹੋਈ ਸੀ । ਗੈਲਸ ਤਾਂ ਨਿੱਕਰ ਤਾਂ ਹੋਏਗੀ ਹੀ । ਸ਼ਰਟ ਵੀ ਹੋ ਸਕਦੈ । ਬਸਤਾ ਅਤੇ ਕੱਪੜਾ ਭੇਜਣ ਦਾ ਮਤਲਬ ਬੰਟੀ ਦੀ ਹਿਰਾਸਤ ਦਾ ਸਬੂਤ ਦੇਣਾ ।
ਬੰਬ ਦਾ ਕੋਈ ਮਤਲਬ ਨਹੀਂ । ਲਾਸ਼ ਵੀ ਨਹੀਂ ਹੋ ਸਕਦੀ । ਹੁੰਦੀ ਤਾਂ ਖ਼ੂਨ ਸਿੰਮ ਪੈਂਦਾ । ਕੀੜੇ ਲੱਗ ਜਾਂਦੇ, ਮੱਖੀਆਂ ਭਿਣਕਣ ਲੱਗਦੀਆਂ ।
ਸ਼ਿਵ ਨੂੰ ਆਪਣੀ ਅਕਲ 'ਤੇ ਪਰਦਾ ਪਿਆ ਲੱਗਾ । ਮੁਨਸ਼ੀ ਨੇ ਵੀ ਸਿਆਣਪ ਤੋਂ ਕੰਮ ਨਹੀਂ ਸੀ ਲਿਆ । ਬਿਨਾਂ ਪੜਤਾਲ ਕੀਤੇ ਬੰਬ ਸਕਾਡ ਨੂੰ ਬੁਲਾ ਲਿਆ ਸੀ । ਸ਼ਿਵ ਨੇ ਵੀ ਉਹੋ ਗ਼ਲਤੀ ਦੁਹਰਾਈ ਸੀ । ਘੰਟਾ ਸ਼ਿਵ ਨੇ ਗੱਲਾਂ ਵਿਚ ਲੰਘਾ ਦਿੱਤਾ । ਟੋਪੀਏ ਹੇਠਾਂ ਕੁਝ ਨਹੀਂ ਸੀ । ਵੱਧੋਵੱਧ ਕੋਈ ਧਮਕੀਪੱਤਰ ਹੋਏਗਾ ।
ਸ਼ਿਵ ਨੇ ਇਕ ਵੱਡਾ ਬਾਂਸ ਮੰਗਵਾਇਆ । ਇਕ ਸਿਰੇ 'ਤੇ ਮੇਖ ਗੱਡ ਕੇ ਕੋਠੇ 'ਤੇ ਜਾ ਚੜ੍ਹਿਆ ।
ਪੂਰੀ ਸਾਵਧਾਨੀ ਨਾਲ ਮੇਖ ਬੈਗ ਦੇ ਕਲਿੱਪ ਵਿਚ ਅੜਾਈ ਅਤੇ ਬਸਤਾ ਉੱਪਰ ਖਿੱਚ ਲਿਆ ।
ਧੜਕਦੇ ਦਿਲ ਨਾਲ ਇਕ ਵਾਰ ਫੇਰ ਬਾਂਸ ਹੇਠਾਂ ਕੀਤਾ । ਇਸ ਵਾਰ ਮੇਖ ਗੈਲਸ ਵਿਚ ਅੜਾਈ ।
ਗੈਲਸ ਥੋੜ੍ਹੀ ਜਿਹੀ ਉੱਪਰ ਉਠਦਿਆਂ ਹੀ ਟੋਪੀਆ ਮੂਧਾ ਹੋ ਗਿਆ । ਨਿੱਕਰ ਸ਼ਿਵ ਨੇ ਉੱਪਰ ਖਿੱਚ ਲਈ । ਸ਼ਰਟ ਇਕ ਪਾਸੇ ਜਾ ਗਿਰੀ ।
ਆਪਣੀ ਸਫ਼ਲਤਾ 'ਤੇ ਫੁੱਲ ਕੇ ਕੁੱਪਾ ਹੋਏ ਸ਼ਿਵ ਨੇ ਜੇਤੂ ਨਜ਼ਰਾਂ ਨਾਲ ਸੰਘ ਦੇ ਵਰਕਰਾਂ ਵੱਲ ਤੱਕਿਆ । ਸਭ ਦੀਆਂ ਅੱਖਾਂ ਵਿਚ ਖ਼ੁਸ਼ੀ ਦੀ ਚਮਕ ਸੀ ।
ਰੇਤੇ ਦੀਆਂ ਬੋਰੀਆਂ ਹਟਾ ਦਿੱਤੀਆਂ ਗਈਆਂ । ਸੰਘ ਵਾਲੇ ਕੱਪੜੇ ਅਤੇ ਬੈਗ ਨੂੰ ਕੋਲ ਰੱਖਣਾ ਚਾਹੁੰਦੇ ਸਨ । ਇਹ ਸ਼ਿਵ ਦੀ ਮਜਬੂਰੀ ਸੀ । ਸਾਰੀਆਂ ਚੀਜ਼ਾਂ ਥਾਣੇ ਲੈ ਜਾਣੀਆਂ ਜ਼ਰੂਰੀ ਸਨ । ਇਹਨਾਂ ਤੋਂ ਮੁਜਰਮਾਂ ਦਾ ਭੇਤ ਖੁੱਲ੍ਹ ਸਕਦਾ ਸੀ । ਗਲਾਂ ਦੇ ਨਿਸ਼ਾਨ ਮਿਲ ਸਕਦੇ ਸਨ ।
ਕੋਈ ਟੋਪੀਆ ਪਛਾਣ ਕੇ ਮੁਜਰਮਾਂ ਦੀ ਸ਼ਨਾਖ਼ਤ ਕਰ ਸਕਦਾ ।
ਨਿੱਕਰ ਦੀ ਜੇਬ 'ਚੋਂ ਨਿਕਲੀ ਚਿੱਠੀ ਉਹਨੇ ਰਾਮ ਸਰੂਪ ਨੂੰ ਪੜ੍ਹਾ ਦਿੱਤੀ । ਉਹੋ ਪਹਿਲਾਂ ਵਾਲੀਆਂ ਗੱਲਾਂ ਦੁਹਰਾਈਆਂ ਗਈਆਂ ਸਨ । ਪਹਿਲੀ ਚਿੱਠੀ ਲੇਟ ਮਿਲਣ ਦਾ ਉਹਨਾਂ ਨੂੰ ਇਲਮ ਸੀ । ਇਸ ਲਈ ਇਕ ਹੋਰ ਮੌਕਾ ਦਿੱਤਾ ਗਿਆ ਸੀ । ਸਮਾਂ ਅਤੇ ਸਥਾਨ ਪਹਿਲਾਂ ਵਾਲਾ ਹੀ ਸੀ ।
ਪੁਲਿਸ ਨੂੰ ਇਤਲਾਹ ਦੇਣ ਤੋਂ ਰੋਕਿਆ ਗਿਆ ਸੀ । ਇਹ ਆਖ਼ਰੀ ਮੌਕਾ ਸੀ ।
ਉਹਨਾਂ ਕੋਲ ਪੁੱਜਣ ਤੋਂ ਪਹਿਲਾਂ ਹੀ ਚਿੱਠੀ ਪੁਲਿਸ ਦੇ ਹੱਥ ਲੱਗ ਚੁੱਕੀ ਸੀ । ਇਹ ਮੌਕਾ ਵੀ ਹੱਥੋਂ ਖੁੰਝ ਜਾਣ 'ਤੇ ਸੰਘ ਫਿਰ ਨਿਰਾਸਤਾ ਦੀ ਖੱਡ ਵਿਚ ਜਾ ਡਿੱਗਾ ।
ਸ਼ਿਵ ਖ਼ੁਸ਼ ਸੀ, ਬੰਬ ਸਕਾਡ ਨੇ ਪਤਾ ਨਹੀਂ ਕਦੋਂ ਆਉਣਾ ਸੀ, ਆ ਕੇ ਉਹਨਾਂ ਵੀਹ ਨਾਟਕ ਕਰਨੇ ਸਨ ।
ਸ਼ਿਵ ਦੇ ਹੱਡ ਛੁੱਟੇ । ਹੁਣ ਉਹ ਕੁਆਰਟਰ 'ਚ ਜਾ ਕੇ ਮੌਜ ਨਾਲ ਅਧੀਆ ਅੰਦਰ ਸੁੱਟੇਗਾ ਅਤੇ ਬਦਹਜ਼ਮੀ ਦਾ ਇਲਾਜ ਕਰੇਗਾ ।
5
ਆਖ਼ਿਰ ਉਹ ਮੌਕਾ ਆ ਹੀ ਗਿਆ, ਜਿਸ ਦੀ ਸਿਟੀ ਇਨਚਾਰਜ ਮਨਬੀਰ ਸਿੰਘ ਭੁੱਲਰ ਨੂੰ ਕਾਫ਼ੀ ਅਰਸੇ ਤੋਂ ਉਡੀਕ ਸੀ ।
ਜਦੋਂ ਦਾ ਉਸ ਦੇ ਬੈਚ ਦਾ ਸਭ ਤੋਂ ਘਟੀਆ ਥਾਣੇਦਾਰ ਡਿਪਟੀ ਬਣਿਆ ਸੀ, ਓਦੋਂ ਦਾ ਉਹ ਦਹਿਸ਼ਤਗਰਦਾਂ ਨਾਲ ਟੱਕਰਨ ਲਈ ਤਰਲੋਮੱਛੀ ਹੋ ਰਿਹਾ ਸੀ । ਇਕਦੋ ਵਾਰ ਉਸ ਨੇ ਅਫ਼ਸਰਾਂ ਕੋਲ ਬੇਨਤੀ ਵੀ ਕੀਤੀ ਸੀ । ਉਸ ਨੂੰ ਕਿਸੇ ਸਰਹੱਦੀ ਜ਼ਿਲ੍ਹੇ ਵਿਚ ਭੇਜਿਆ ਜਾਵੇ । ਮੁੱਖ ਮੰਤਰੀ ਮਨਬੀਰ ਨੂੰ ਇਥੋਂ ਤਬਦੀਲ ਕਰਨ ਲਈ ਤਿਆਰ ਨਹੀਂ ਸੀ । ਉਹ ਭੁੱਲਰ 'ਤੇ ਪੁੱਤਰਾਂ ਜਿੰਨਾ ਵਿਸ਼ਵਾਸ ਕਰਦਾ ਸੀ । ਚੰਗਾਮਾੜਾ ਕੋਈ ਵੀ ਕੰਮ ਹੋਵੇ, ਮੁੱਖ ਮੰਤਰੀ ਸਿੱਧਾ ਹੀ ਮਨਬੀਰ ਨੂੰ ਆਖ ਦਿੰਦਾ ਸੀ । ਕਿਸੇ ਉੱਚ ਅਧਿਕਾਰੀ ਕੋਲ ਪੜਦਾ ਚੁੱਕਣ ਦੀ ਲੋੜ ਨਹੀਂ ਸੀ ਪੈਂਦੀ ।
ਮਨਬੀਰ ਤਰੱਕੀ ਲਈ ਹੀ ਅੱਗ ਦੇ ਮੂੰਹ ਵਿਚ ਜਾਣਾ ਚਾਹੁੰਦਾ ਸੀ । ਉਹ ਸਬਰ ਰੱਖੇ । ਜਿ ਹੀ ਮੁੱਖ ਮੰਤਰੀ ਨੂੰ ਮੌਕਾ ਲੱਗਾ, ਉਹ ਇਕ ਹੋਰ ਸਟਾਰ ਮਨਬੀਰ ਦੇ ਮੋਢੇ 'ਤੇ ਸਜਾ ਦੇਵੇਗਾ ।
ਨਿੰਦਰ ਬਾਰੇ ਸੋਚਸੋਚ ਮਨਬੀਰ ਨੂੰ ਚਿੜ੍ਹ ਚੜ੍ਹ ਜਾਂਦੀ । ਟ੍ਰੇਨਿੰਗ ਸਮੇਂ ਉਸ ਮਾੜਚੂ ਜਿਹੇ ਤੋਂ ਰੱਸਾ ਨਹੀਂ ਸੀ ਚੜ੍ਹਿਆ ਜਾਂਦਾ, ਨਾ ਉਹਦੇ ਅਕਲ ਪੱਲੇ ਸੀ, ਨਾ ਕੱਦਕਾਠ ਸੀ । ਲੱਗਦਾ ਸੀ ਨੋਟਾਂ ਦੀ ਪੰਡ ਦੇ ਕੇ ਭਰਤੀ ਹੋਇਐ ।
ਪਹਿਲਾਂ ਸਰਹੱਦੀ ਜਿਲ੍ਹਿਆਂ ਵਿਚ ਰਹਿ ਕੇ ਉਸ ਨੇ ਨੋਟਾਂ ਦੇ ਬੋਹਲ ਲਾਏ । ਪਿੱਛੋਂ ਦੋ ਵਾਰ ਅਤਿਵਦੀਆਂ ਨੂੰ ਮਾਰ ਕੇ ਦੋ ਤਰੱਕੀਆਂ ਲੈ ਲਈਆਂ । ਮੌਜ ਨਾਲ ਡਿਪਟੀ ਬਣਿਆ ਬੈਠਾ ।
ਪਿਛਲੀ ਵਾਰ ਜਦੋਂ ਮਨਬੀਰ ਨੂੰ ਮਿਲਿਆ ਤਾਂ ਪਛਾਣ 'ਚ ਹੀ ਨਾ ਆਵੇ । ਮਨਬੀਰ ਨੇ ਉਸੇ ਦਿਨ ਸਹੁੰ ਖਾਧੀ, ਜਿੰਨਾ ਚਿਰ ਡਿਪਟੀ ਨਹੀਂ ਬਣਦਾ, ਉਹ ਟਿਕ ਕੇ ਨਹੀਂ ਬੈਠੇਗਾ । ਉਸ ਨੂੰ ਚਾਹੇ ਪੰਜਾਹ ਦਹਿਸ਼ਤਗਰਦ ਮਾਰਨੇ ਪੈਣ ।
ਇਕੱਲਾ ਨਿੰਦਰ ਹੀ ਨਹੀਂ, ਸਰਹੱਦੀ ਜ਼ਿਲ੍ਹਿਆਂ ਵਿਚ ਤਾਂ ਉਸ ਨਾਲ ਦੇ ਕਈ ਹੋਰ ਇੰਸਪੈਕਟਰ ਬਣੇ ਫਿਰਦੇ ਹਨ । ਪੰਜਚਾਰ ਸਾਲਾਂ ਨੂੰ ਡਿਪਟੀ ਬਣ ਜਾਣਗੇ । ਇਕ ਮਨਬੀਰ ਕਿ ਹਾਲੇ ਸਬਇੰਸਪੈਕਟਰ ਵੀ ਕਨਫ਼ਰਮ ਨਹੀਂ ਹੋਇਆ । ਜੇ ਇਸੇ ਜ਼ਿਲ੍ਹੇ ਵਿਚ ਬੈਠਾ ਰਿਹਾ ਤਾਂ ਡਿਪਟੀ ਤਾਂ ਕੀ ਇੰਸਪੈਕਟਰ ਵੀ ਨਹੀਂ ਬਣ ਹੋਣਾ ।
ਸ਼ਿਵ ਪਰਸ਼ਾਦ ਨੇ ਜਦੋਂ ਦਾ ਦੱਸਿਆ ਸੀ ਕਿ ਬੰਟੀ ਨੂੰ ਦਹਿਸ਼ਤਗਰਦਾਂ ਨੇ ਅਗਵਾ ਕਰ ਲਿਆ ਤਾਂ ਭੁੱਲਰ ਨੂੰ ਲੱਗਾ, ਉਹਦੀ ਅਰਦਾਸ ਪਰਵਾਨ ਚੜ੍ਹ ਗਈ । ਬਿਨਾਂ ਹੋਰ ਕੁਝ ਸੋਚੇ ਉਹਨੇ ਤਫ਼ਤੀਸ਼ ਆਪਣੇ ਹੱਥ 'ਚ ਲੈ ਲਈ ਅਤੇ ਵੱਖਵੱਖ ਪਹਿਲੂਆਂ 'ਤੇ ਸੋਚਣ ਲੱਗਾ ।
ਸਰਹੱਦੀ ਜ਼ਿਲ੍ਹੇ ਦਹਿਤਸ਼ਗਰਦੀ ਦੀ ਲਪੇਟ ਵਿਚ ਆਏ ਹੋਏ ਸਨ । ਇਹ ਜ਼ਿਲ੍ਹਾ ਇਸ ਬੀਮਾਰੀ ਤੋਂ ਬਚਿਆ ਹੋਇਆ ਸੀ । ਇਹ ਕਾਰਵਾਈ ਦਹਿਸ਼ਤਗਰਦਾਂ ਦੀ ਨਹੀਂ ਸੀ ਲੱਗਦੀ ।
ਪੈਸਾ ਤਾਂ ਉਹਨਾਂ ਨੂੰ ਬੈਂਕਾਂ ਵਿਚੋਂ ਬਥੇਰਾ ਮਿਲ ਜਾਂਦਾ । ਇਹ ਸ਼ਰਾਰਤ ਕਿਸੇ ਜਰਾਇਮਪੇਸ਼ਾ ਗਰੋਹ ਦੀ ਲੱਗਦੀ ਸੀ । ਹਰ ਕਿਸੇ ਨੇ ਲੈਟਰਪੈਡ ਛਪਵਾ ਲਿਆ । ਜਿਸ ਨੂੰ ਦਿਲ ਕੀਤਾ ਚਿੱਠੀ ਕੱਢ ਦਿੱਤੀ । ਪੈਸੇ ਮਿਲ ਗਏ ਤਾਂ ਠੀਕ, ਨਹੀਂ ਆਪ ਚੁੱਪ ਕਰ ਗਏ । ਮਨਬੀਰ ਨੇ ਥੋੜ੍ਹੀ ਜਿਹੀ ਵੀ ਸਖ਼ਤੀ ਕੀਤੀ ਤਾਂ ਸੁਰਾਗ਼ ਮਿਲ ਜਾਣਾ । ਇਕ ਵਾਰ ਬੰਟੀ ਮਿਲਿਆ ਨਹੀਂ ਕਿ ਉਸ ਨੂੰ ਤਰੱਕੀ ਮਿਲੀ ਨਹੀਂ ।
ਮੁੱਖ ਮੰਤਰੀ ਤਾਂ ਉਸ 'ਤੇ ਖ਼ੁਸ਼ ਸੀ ਹੀ । ਸੌ ਬੰਦਿਆਂ 'ਚੋਂ ਪਛਾਣ ਕੇ ਹਾਲਚਾਲ ਪੁੱਛਦਾ । ਹੁਣ ਉਹ ਨਾਂਹ ਨਹੀਂ ਕਰਨ ਲੱਗਾ ।
ਮਨਬੀਰ ਨੇ ਵੀ ਸਰਦਾਰ ਲਈ ਪੂਰੇ ਤਨ, ਮਨ ਅਤੇ ਧਨ ਨਾਲ ਕੰਮ ਕੀਤਾ ਸੀ । ਆਪਣਾ ਸਭ ਕੁਝ ਦਾਅ 'ਤੇ ਲਾ ਕੇ ਸਰਦਾਰ ਦੀ ਡੋਲਦੀ ਕਿਸ਼ਤੀ ਨੂੰ ਪਾਰ ਲਾਇਆ ਸੀ ।
ਚੋਣਾਂ ਸਮੇਂ ਇਕ ਵਾਰ ਤਾਂ ਉਹ ਮੌਕਾ ਵੀ ਆ ਗਿਆ ਸੀ ਕਿ ਸ਼ਹਿਰ ਵਿਚ ਉਹਨਾਂ ਦਾ ਕੋਈ ਝੰਡਾ ਵੀ ਲਾਉਣ ਨੂੰ ਤਿਆਰ ਨਹੀਂ ਸੀ । ਹਜ਼ਾਰ ਕੋਸ਼ਿਸ਼ ਕਰਨ 'ਤੇ ਵੀ ਸ਼ਹਿਰ ਵਿਚ ਕੋਂਈ ਚੋਣ ਜਲਸਾ ਨਹੀਂ ਸੀ ਹੋ ਸਕਿਆ । ਵਿਰੋਧੀ ਗਲੀਗਲੀ ਮੀਟਿੰਗਾਂ ਕਰ ਰਿਹਾ ਸੀ । ਸਾਰੇ ਸ਼ਹਿਰ ਨੂੰ ਰੋਸਾ ਸੀ, ਸਰਦਾਰ ਚੋਣਾਂ ਜਿੱਤਦੇ ਹੀ ਚੰਡੀਗੜ੍ਹ ਜਾ ਬੈਠਦਾ , ਵਜ਼ੀਰ ਵੀ ਬਣ ਜਾਂਦਾ , ਕੋਈ ਕੰਮ ਲਈ ਜਾਵੇ ਤਾਂ ਵਕੀਲਾਂ ਵਾਲੀਆਂ ਘੁੰਡੀਆਂ ਕੱਢ ਕੇ ਟਾਲ ਦਿੰਦਾ । ਇਸ ਵਾਰ ਉਹ ਅਜਿਹਾ ਉਮੀਦਵਾਰ ਚੁਣਨਗੇ, ਜਿਹੜਾ ਉਹਨਾਂ ਦੇ ਅੰਗਸੰਗ ਰਹੇ । ਦੁੱਖਸੁਖ ਵੇਲੇ ਮੋਢਾ ਜੋੜ ਕੇ ਨਾਲ ਖਲੋਵੇ । ਬਾਬੂ ਜੀ ਅਜਿਹੇ ਹੀ ਬੰਦੇ ਸਨ । ਅੱਧੇ ਬੋਲ ਥਾਣੇ ਕਚਹਿਰੀ ਜਾਂਦਾ ।
ਲੋਕਾਂ ਨੇ ਸਰਦਾਰ ਦੀ ਸਰਦਾਰੀ ਤੋਂ ਕੀ ਲੈਣਾ ।
ਭਾਰਤੀ ਜਨਤਾ ਪਾਰਟੀ ਸੂਬਾ ਪੱਧਰ 'ਤੇ ਹੀ ਅਕਾਲੀ ਦਲ ਦਾ ਵਿਰੋਧ ਕਰ ਰਹੀ ਸੀ । ਅੱਗੇ ਸ਼ਹਿਰ ਦਾ ਕੰਮ ਭਾਰਤੀ ਜਨਤਾ ਪਾਰਟੀ ਹੀ ਸੰਭਾਲਦੀ ਸੀ । ਸ਼ਹਿਰ ਦੀ ਵੋਟ ਬਿਨਾਂ ਅਕਾਲੀ ਉਮੀਦਵਾਰ ਦਾ ਜਿੱਤਣਾ ਅਸੰਭਵ ਸੀ । ਸ਼ਹਿਰ ਸੀ ਕਿ ਸਾਰੇ ਦਾ ਸਾਰਾ ਮੁੱਖ ਮੰਤਰੀ ਦੇ ਖ਼ਿਲਾਫ਼ ਹੋਇਆ ਪਿਆ ਸੀ ।
ਕਿਸੇ ਨੇ ਸਰਦਾਰ ਨੂੰ ਸਲਾਹ ਦਿੱਤੀ ਕਿ ਮਨਬੀਰ ਬੇੜਾ ਬੰਨੇ ਲਾ ਸਕਦਾ । ਵਿਉਪਾਰ ਮੰਡਲ ਦੇ ਪਰਧਾਨ ਰਾਮ ਲਾਲ ਅਤੇ ਮਾਸਟਰ ਵਰਗੇ ਬੰਦਿਆਂ ਨੂੰ ਉਹ ਸਰਦਾਰ ਵੱਲ ਲਿਆ ਸਕਦਾ । ਦੋਹਾਂ ਨਾਲ ਉਹਦਾ ਖਾਣਪੀਣ । ਦੋਵੇਂ ਭਾਰਤੀ ਜਨਤਾ ਪਾਰਟੀ ਵਿਚ ਸਿੱਧੇ ਆਏ ਹਨ । ਜਨਸੰਘ ਕੇਡਰ 'ਚੋਂ ਨਹੀਂ ਆਏ । ਉਹ ਬਹੁਤੇ ਆਦਰਸ਼ਵਾਦੀ ਨਹੀਂ । ਪਾਰਟੀ ਵਾਲੇ ਉਹਨਾਂ ਤੋਂ ਦੁਖੀ ਹਨ ਅਤੇ ਉਹ ਪਾਰਟੀ ਤੋਂ । ਲੋਕ ਉਹਨਾਂ ਪਿੱਛੇ ਲੱਗਦੇ ਹਨ । ਉਹਨਾਂ ਦੇ ਸਰਦਾਰ ਦੇ ਕੈਂਪ ਵਿਚ ਆਉਣ ਨਾਲ ਜਿੱਤ ਸੌਖੀ ਹੋ ਸਕਦੀ ।
ਮਾਸਟਰ ਸਕੱਤਰ ਦੀਆਂ ਚੋਣਾਂ ਤੋਂ ਪਹਿਲਾਂ ਸਕੂਲ ਮਾਸਟਰ ਸੀ । ਤਨਖ਼ਾਹ ਵਿਚ ਗੁਜ਼ਾਰਾ ਨਾ ਹੁੰਦਾ ਵੇਖ ਕੇ ਉਹਨੇ ਬਸਾਤੀ ਦੀ ਦੁਕਾਨ ਖੋਲ੍ਹ ਲਈ । ਹਿੱਸੇਦਾਰ ਆਰ.ਐਸ.ਐਸ. ਦਾ ਸਰਗਰਮ ਮੈਂਬਰ ਸੀ । ਸੰਘ ਦੀ ਹਦਾਇਤ 'ਤੇ ਹਿੱਸੇਦਾਰ ਜਨਤਾ ਪਾਰਟੀ ਵਿਚ ਚਲਾ ਗਿਆ ਸੀ । ਆਪਣੇ ਗਰੁੱਪ ਦਾ ਦਬਾਅ ਬਣਾਈ ਰੱਖਣ ਲਈ ਉਸ ਨੇ ਮਾਸਟਰ ਨੂੰ ਵੀ ਪਾਰਟੀ ਦਾ ਮੈਂਬਰ ਬਣਾ ਲਿਆ ।
ਪਾਰਟੀ ਨਵੀਂ ਬਣੀ ਸੀ । ਦਫ਼ਤਰ ਹਾਲੇ ਬਣਾਇਆ ਨਹੀਂ ਸੀ । ਨਵੀਂਨਵੀਂ ਹਕੂਮਤ ਬਣੀ ਸੀ, ਕੰਮਾਂ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ । ਜ਼ਿਆਦਾ ਇਕੱਠ ਮਾਸਟਰ ਦੀ ਦੁਕਾਨ 'ਤੇ ਹੀ ਰਹਿੰਦਾ । ਲਿਖਣਪੜ੍ਹਨ ਦਾ ਮਾਹਿਰ ਸੀ । ਤਰੱਕੀ ਕਰਦਾਕਰਦਾ ਪਾਰਟੀ ਦਾ ਸਕੱਤਰ ਬਣ ਗਿਆ । ਅਫ਼ਸਰਾਂ ਨਾਲ ਜਾਣਪਹਿਚਾਣ ਹੋ ਗਈ । ਅੰਦਰਖਾਤੇ ਲੈਣਦੇਣ ਕਰਾ ਦਿੰਦਾ । ਅਫ਼ਸਰ ਵੀ ਇੱਜ਼ਤ ਕਰਨ ਲੱਗੇ ਅਤੇ ਲੋਕ ਵੀ । ਵਰਕਰਾਂ ਪਿੱਛੇ ਚੱਕਰ ਕੱਟਣ ਨਾਲੋਂ ਤਾਂ ਪੈਸੇ ਦੇ ਕੇ ਕੰਮ ਕਰਾਉਦਾ ਅਸਾਨ ਸੀ । ਅਫ਼ਸਰਾਂ ਦੇ ਮਸ਼ਵਰੇ ਅਤੇ ਵਜ਼ੀਰਾਂ ਦੀ ਸਿਫ਼ਾਰਸ਼ 'ਤੇ ਮਾਸਟਰ ਨੇ ਕਈ ਕੋਟੇ ਲਗਵਾ ਲਏ, ਲੋਨ ਲੈ ਲਏ ਅਤੇ ਛੋਟੀਆਂ ਛੋਟੀਆਂ ਫ਼ੈਕਟਰੀਆਂ ਅੜਕਾ ਲਈਆਂ ।
ਦੂਜੇ ਵਰਕਰਾਂ ਨੂੰ ਮਾਸਟਰ ਦਾ ਅਮੀਰ ਹੋਣਾ ਪਸੰਦ ਨਹੀਂ ਸੀ । ਕਈ ਵਾਰ ਉਸ 'ਤੇ ਇਲਜ਼ਾਮ ਲੱਗ ਚੁੱਕੇ ਸਨ । ਉਹਦੇ ਖ਼ਿਲਾਫ਼ ਮਤੇ ਪਾਸ ਹੋ ਚੁੱਕੇ ਸਨ । ਇਕ ਵਾਰ ਮੁਅੱਤਲ ਵੀ ਕੀਤਾ ਗਿਆ ।
ਚੋਣਾਂ ਨੇੜੇ ਆਈਆਂ ਦੇਖ ਕੇ ਫੇਰ ਬਹਾਲ ਕਰ ਦਿੱਤਾ । ਮਾਸਟਰ ਪਾਰਟੀ ਵਿਚ ਤਾਂ ਆ ਗਿਆ ਪਰ ਬਦਲੇ ਦੀ ਤਾਕ ਵਿਚ ਸੀ ।
ਇਹੋ ਹਾਲ ਪਰਧਾਨ ਦਾ ਸੀ । ਉਹ ਬਚਪਨ ਤੋਂ ਹੀ ਖੱਦਰ ਪਾਦਾ ਸੀ । ਸ਼ਹਿਰ 'ਚ ਕਾਂਗਰਸੀਆਂ ਦੀ ਗਿਣਤੀ ਸੈਂਕੜਿਆਂ ਵਿਚ ਸੀ । ਪੁਰਾਣੇ ਘੁਲਾਟੀਏ ਦੀ ਹਾਜ਼ਰੀ ਵਿਚ ਉਸ ਦੀ ਕੋਈ ਪੁੱਛ ਨਾ ਪਈ, ਉਹ ਵੀ ਪੂਰਾ ਢੀਠ ਸੀ । ਕੋਈ ਸੱਦੇ ਜਾਂ ਨਾ, ਜਿਥੇ ਵੀ ਕਿਸੇ ਵਜ਼ੀਰ ਨੇ ਆਉਣਾ ਹੁੰਦਾ, ਆਪ ਹੀ ਸਟੇਜ 'ਤੇ ਜਾ ਬੈਠਦਾ । ਕਾਂਗਰਸ ਦੋਫਾੜ ਹੋਈ ਤਾਂ ਉਹਦਾ ਦਾਅ ਲੱਗ ਗਿਆ । ਇਕ ਗਰੁੱਪ ਦਾ ਖ਼ਜ਼ਾਨਚੀ ਬਣ ਗਿਆ । ਐਮਰਜੈਂਸੀ ਲੱਗੀ ਤਾਂ ਰੱਜ ਕੇ ਪੈਸੇ ਕਮਾਏ ।
ਕਾਰ ਖ਼ਰੀਦ ਲਈ । ਖਾਦ ਦੀਆਂ ਦੋ ਅਤੇ ਟਰੈਕਟਰਾਂ ਦੀ ਇਕ ਏਜੰਸੀ ਲੈ ਲਈ । ਪੈਸੇ ਦੇ ਸਿਰ 'ਤੇ ਬੱਲੇਬੱਲੇ ਹੋਣ ਲੱਗੀ ।
ਕਾਂਗਰਸ ਦਾ ਸਫ਼ਾਇਆ ਹੋਇਆ ਤਾਂ ਖੱਦਰ ਲਾਹ ਕੇ ਔਹ ਮਾਰਿਆ । ਬਿਰਜਭਾਨ ਰਾਹੀਂ ਜਨਤਾ ਪਾਰਟੀ ਵਿਚ ਚਲਿਆ ਗਿਆ । ਪਾਰਟੀ ਵਿਚ ਜੰਮ ਤਾਂ ਨਾ ਸਕਿਆ ਪਰ ਦਬੜੂਘੁਸੜੂ ਕਰਦਾ ਰਿਹਾ ।
ਜਨਤਾ ਪਾਰਟੀ ਦੋਫਾੜ ਹੋਈ ਤਾਂ ਭਾਰਤੀ ਜਨਤਾ ਪਾਰਟੀ ਵਿਚ ਟਿਕ ਗਿਆ । ਉਹ ਕਾਂਗਰਸੀਆਂ ਵੱਲੋਂ 'ਘਰਵਾਪਸੀ' ਦੇ ਸੱਦੇ ਦੀ ਉਡੀਕ ਵਿਚ ਸੀ । ਕਾਂਗਰਸੀਆਂ ਨੂੰ ਪਹਿਲਾਂ ਹੀ ਕੁਰਸੀਆਂ ਦੀ ਘਾਟ ਮਹਿਸੂਸ ਹੋ ਰਹੀ ਸੀ । ਦਲਬਦਲੂ ਤੋਂ ਉਹਨਾਂ ਨੇ ਕੀ ਲੈਣਾ ਸੀ । ਇਕਦੋ ਵਾਰ ਆਪਣੇ ਬੰਦੇ ਪਰਧਾਨ ਨੇ ਘੱਲੇ ਵੀ ਪਰ ਦਾਲ ਨਾ ਗਲੀ । ਦੜ ਵੱਟੀ ਬੈਠੇ ਰਹੇ ।
ਉਹਦੀ ਚੰਗੀ ਕਿਸਮਤ । ਭਾਰਤੀ ਜਨਤਾ ਪਾਰਟੀ ਦੇ ਪਰਧਾਨ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ । ਪਾਰਟੀ ਵਿਚ ਪਰਧਾਨ ਨੂੰ ਗੁੱਠੇ ਲਾਉਣ ਵਾਲਾ ਉਹੋ ਸੀ । ਉਹ ਪੁਰਾਣਾ ਘੁਲਾਟੀਆ ਸੀ । ਕੇਂਦਰ ਤਕ ਪਹੁੰਚ ਸੀ । ਬਾਕੀ ਮੁੰਡੇਖੁੰਡੇ ਸਨ । ਦਾਰੂਸਿੱਕਾ ਪੀ ਲੈਂਦੇ ਸਨ । ਪੁਰਾਣਾ ਬੰਦਾ ਤਾਂ ਕੋਈ ਪਹਿਲੇ ਪਰਧਾਨ ਨੇ ਪਾਰਟੀ ਵਿਚ ਟਿਕਣ ਹੀ ਨਹੀਂ ਦਿੱਤਾ । ਜਿਸ ਨੇ ਪਰਧਾਨ ਦੀ ਬਰਾਬਰੀ ਕਰਨੀ ਚਾਹੀ, ਉਸ ਦਾ ਪੱਤਾ ਕੱਟ ਦਿੱਤਾ ।
ਉਹ ਮਰਿਆ ਤਾਂ ਸਭ ਦੀਆਂ ਅੱਖਾਂ ਪਰਧਾਨਗੀ 'ਤੇ ਲੱਗ ਗਈਆਂ । ਪਰਧਾਨ ਚਾਹੇ ਜੇਲ੍ਹ ਨਹੀਂ ਗਿਆ ਪਰ ਕੰਮ ਕਰਾਉਣ ਵਿਚ ਮਾਹਿਰ । ਅਫ਼ਸਰ ਉਹਦੀ ਮੰਨਦੇ ਹਨ । ਕਾਰ , ਪੈਸਾ , ਵੇਲੇਕੁਵੇਲੇ ਖ਼ਰਚ ਵੀ ਕਰ ਦਿੰਦਾ । ਬਾਕੀ ਵਰਕਰਾਂ ਕੋਲ ਤਾਂ ਚੰਡੀਗੜ੍ਹ ਤਕ ਜਾਣ ਦਾ ਕਿਰਾਇਆ ਵੀ ਨਹੀਂ ਹੁੰਦਾ । ਮੈਂਬਰ ਉਸ ਨੂੰ ਪਰਧਾਨ ਬਣਾਉਣ ਲਈ ਪੂਰੀ ਤਰ੍ਹਾਂ ਸਹਿਮਤ ਸਨ, ਪਰ ਹਾਈ ਕਮਾਂਡ ਅੜ ਗਈ । ਉਹ ਕੇਡਰ ਵਿਚ ਆਏ ਬੰਦੇ ਨੂੰ ਹੀ ਪਰਧਾਨ ਬਣਾਉਣਾ ਚਾਹੁੰਦੇ ਸਨ । ਉਮਰ ਛੋਟੀ ਜਾਂ ਵੱਡੀ, ਕੋਈ ਫ਼ਰਕ ਨਹੀਂ ਪੈਂਦਾ । ਕੇਡਰ ਵਿਚੋਂ ਆਇਆ ਬੰਦਾ ਅਨੁਸ਼ਾਸਨ ਵਿਚ ਤਾਂ ਰਹਿੰਦਾ ਹੀ , ਪਾਰਟੀ ਅਸੂਲਾਂ 'ਤੇ ਵੀ ਚੱਲਦਾ । ਪਾਰਟੀ ਦੀ ਪਰਧਾਨਗੀ ਤਾਂ ਰਾਮ ਲਾਲ ਨੂੰ ਨਾ ਮਿਲ ਸਕੀ ਪਰ ਵਿਉਪਾਰ ਮੰਡਲ ਦੀ ਪਰਧਾਨਗੀ ਹੱਥ ਲਗ ਹੀ ਗਈ । ਉਸ ਦਿਨ ਤੋਂ ਉਹ ਇਸ ਪਦਵੀ 'ਤੇ ਕਬਜ਼ਾ ਕਰੀ ਬੈਠਾ ।
ਪਿਛਲੀ ਵਾਰ ਜਦੋਂ ਦਰਬਾਰਾ ਸਿੰਘ ਦੀ ਵਜ਼ਾਰਤ ਬਣੀ ਤਾਂ ਉਹ ਪਾਰਟੀ ਤੋਂ ਉਪਰਾਮ ਹੋ ਗਿਆ । ਉਹਨਾਂ ਦੀ ਪਾਰਟੀ ਨੂੰ ਕੋਈ ਪੁੱਛਦਾ ਹੀ ਨਹੀਂ ਸੀ । ਸਾਰੇ ਵੀਹਤੀਹ ਮੈਂਬਰ ਸਨ ।
ਸਾਲਸਾਲ ਪਾਰਟੀ ਦੀ ਮੀਟਿੰਗ ਨਹੀਂ ਸੀ ਹੁੰਦੀ । ਕਾਂਗਰਸ ਦੀ ਮੈਂਬਰਸ਼ਿਪ ਤਾਂ ਨਹੀਂ ਲਈ ਪਰ ਡੱਕਾ ਉਧਰ ਹੀ ਸੁੱਟਣ ਲੱਗੇ । ਇਸੇ ਗੱਲ 'ਤੇ ਭਾਰਤੀ ਜਨਤਾ ਪਾਰਟੀ ਨਰਾਜ਼ ਸੀ । ਅਹਿਮ ਮਸਲਿਆਂ 'ਤੇ ਵਿਚਾਰਾਂ ਸਮੇਂ ਉਸ ਨੂੰ ਘੱਟ ਹੀ ਬੁਲਾਇਆ ਜਾਂਦਾ । ਇਕ ਵਾਰੀ ਇਕ ਵਰਕਰ ਤੋਂ ਈ.ਟੀ.ਓ. ਨੂੰ ਪੈਸੇ ਕਾਹਦੇ ਦਿਵਾ ਦਿੱਤੇ, ਪਾਰਟੀ ਨੇ ਉਹਦਾ ਜਲੂਸ ਹੀ ਕੱਢ ਦਿੱਤਾ ।
ਅਜਿਹੇ ਹਾਲਾਤਾਂ ਵਿਚ ਮਾਸਟਰ ਅਤੇ ਰਾਮ ਲਾਲ ਨੂੰ ਆਪਣੇ ਵੱਲ ਲਿਆਉਣਾ ਕੋਈ ਔਖਾ ਕੰਮ ਨਹੀਂ ਸੀ ।
ਪਰ ਇਹ ਕੰਮ ਮਨਬੀਰ ਹੀ ਕਰ ਸਕਦਾ ਸੀ ।
ਮਨਬੀਰ ਨੂੰ ਸਰਦਾਰ ਨੇ ਬੁਲਾਇਆ ਅਤੇ ਕੋਲ ਬਿਠਾ ਕੇ ਆਪ ਗੱਲ ਕੀਤੀ । ਉਮਰ ਭਰ ਅਹਿਸਾਨਮੰਦ ਰਹਿਣ ਦਾ ਤਰਲਾ ਲਿਆ ।
ਮਨਬੀਰ ਕੋਈ ਬੁੱਧੂ ਥਾਣੇਦਾਰ ਨਹੀਂ ਸੀ । ਉਹ ਪੋਲੀਟੀਕਲ ਸਾਇੰਸ ਦਾ ਐਮ.ਏ. ਸੀ ।
ਸਿਆਸਤ ਦੇ ਉਤਰਾਵਾਂਚੜ੍ਹਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ । ਉਸ ਨੂੰ ਯਕੀਨ ਸੀ, ਕੇਂਦਰ ਨੇ ਅਗਲਾ ਮੁੱਖ ਮੰਤਰੀ ਸਰਦਾਰ ਨੂੰ ਹੀ ਬਣਾਉਣਾ । ਇਕ ਵਾਰ ਮਨਬੀਰ ਉਹਨਾਂ ਦੀ ਨਜ਼ਰ ਵਿਚ ਆ ਗਿਆ ਤਾਂ ਪੰਜੇ ਗਲਾਂ ਘਿਓ ਵਿਚ ਸਮਝੋ । ਇਸੇ ਵਿਚਾਰ ਨੂੰ ਮੁੱਖ ਰੱਖ ਕੇ ਮਨਬੀਰ ਨੇ ਦੋਹਾਂ 'ਤੇ ਜ਼ੋਰ ਪਾ ਦਿੱਤਾ ।
ਅੰਨ੍ਹਾ ਕੀ ਭਾਲੇ, ਦੋ ਅੱਖਾਂ ? ਉਹ ਦੋਵੇਂ ਇਹੋ ਚਾਹੁੰਦੇ ਸਨ । ਇੱਜ਼ਤ ਨਾਲ ਸਰਦਾਰ ਬੁਲਾ ਰਿਹਾ ਸੀ, ਉਹ ਝੱਟ ਮੰਨ ਗਏ । ਬਲਕਿ ਪੂਰਾ ਯਕੀਨ ਦਿਵਾਇਆ, ਉਹ ਪਾਰਟੀ 'ਤੇ ਜ਼ੋਰ ਪਾਉਣਗੇ ਕਿ ਸਰਦਾਰ ਦੀ ਮਦਦ ਕੀਤੀ ਜਾਵੇ । ਜੇ ਗੱਲ ਨਾ ਬਣੀ ਤਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਹਿਲਾਂ ਸਿਟੀਜ਼ਨ ਕੌਂਸਲ ਦਾ ਗਠਨ ਕਰਨਗੇ ਅਤੇ ਫੇਰ ਸਰਦਾਰ ਦੀ ਹਮਾਇਤ ਦਾ ਐਲਾਨ ।
ਇੰਝ ਹੀ ਹੋਇਆ । ਬੜੀ ਧੂਮਧਾਮ ਨਾਲ ਕੌਂਸਲ ਬਣਾਈ ਗਈ । ਬਜ਼ਾਰ ਦੇ ਵਿਚਾਲੇ ਦਫ਼ਤਰ ਖੁੱਲ੍ਹਾ । ਸਰਦਾਰ ਨੇ ਝੱਟ ਝੰਡਿਆਂ, ਪੋਸਟਰਾਂ ਅਤੇ ਬੈਨਰਾਂ ਨਾਲ ਦਫ਼ਤਰ ਭਰ ਦਿੱਤਾ ।
ਦੋ ਦਿਨਾਂ ਵਿਚ ਹੀ ਸ਼ਹਿਰ ਦੀ ਹਵਾ ਬਦਲ ਗਈ । ਥਾਂਥਾਂ ਝੰਡੇ ਲੱਗ ਗਏ, ਗਲੀਗਲੀ ਮੀਟਿੰਗਾਂ ਹੋਈਆਂ । ਘਰ ਵਿਚ ਸਰਦਾਰ ਨੂੰ ਹਾਰ ਪਏ । ਅੰਦਰਖਾਤੇ ਇਕੱਲੇ ਰਹਿ ਗਏ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਸਰਦਾਰ ਨਾਲ ਸਹਿਮਤ ਹੋ ਗਏ । ਉਹਨਾਂ ਸਰਦਾਰ ਦਾ ਵਿਰੋਧ ਕਰਨਾ ਛੱਡ ਦਿੱਤਾ । ਚੋਣਾਂ ਤੋਂ ਦੋ ਦਿਨ ਪਹਿਲਾਂ ਹੋਰ ਹਲਕਿਆਂ ਨੂੰ ਤੁਰ ਗਏ ।
ਇਸ ਸਿਆਸੀ ਉਥਲਪੁੱਥਲ ਤੋਂ ਬਿਨਾਂ ਵੀ ਮਨਬੀਰ ਨੇ ਸਰਦਾਰ ਦੇ ਬਹੁਤ ਕੰਮ ਕੀਤੇ ।
ਪੰਜਾਹ ਹਜ਼ਾਰ ਰੁਪਿਆ ਨਕਦ ਦਿੱਤਾ । ਪੰਜ ਕਾਰਾਂ ਮੰਗਵਾ ਕੇ ਦਿੱਤੀਆਂ, ਪੈਟਰੋਲ ਵੀ ਆਪਣੇ ਜ਼ਿੰਮੇ ਲਿਆ ।
ਸਰਦਾਰ ਨੇ ਜਿਸ ਕੰਮ ਲਈ ਵੀ ਫ਼ੋਨ ਕੀਤਾ, ਮਨਬੀਰ ਨੇ ਝੱਟ ਹੁਕਮ ਦੀ ਪਾਲਣਾ ਕੀਤੀ ।
ਚੋਣਾਂ ਦੇ ਦਿਨਾਂ ਵਿਚ ਸੱਟੇਬਾਜ਼ਾਂ ਨੂੰ ਖੁੱਲ੍ਹੀ ਛੁੱਟੀ ਰਹੀ । ਮੋੜਮੋੜ 'ਤੇ ਖਲੋ ਕੇ ਉਹਨਾਂ ਸੱਟਾ ਲਗਵਾਇਆ । ਠੇਕੇਦਾਰਾਂ ਨੂੰ ਖੁੱਲ੍ਹ ਸੀ । ਨਾਜਾਇਜ਼ ਸ਼ਰਾਬ ਦੇ ਉਹਨਾਂ ਦਰਿਆ ਹੀ ਵਹਾ ਦਿੱਤੇ ।
ਸਮੱਗਲਰਾਂ ਨੂੰ ਹਰੀ ਝੰਡੀ ਸੀ । ਉਹਨਾਂ ਰਾਜਸਥਾਨ ਦੀ ਸਾਰੀ ਅਫ਼ੀਮ ਢੋਅ ਲਈ । ਮਨਬੀਰ ਦੀ ਇਕੋ ਸ਼ਰਤ ਸੀ, ਉਹ ਸਾਰੇ ਸਰਦਾਰ ਦੀ ਡਟ ਕੇ ਮਦਦ ਕਰਨ ।
ਵੋਟਾਂ ਵਾਲੇ ਦਿਨ ਮਨਬੀਰ ਨੇ ਖ਼ਾਸ ਚੌਕਸੀ ਰੱਖੀ । ਜਿਸਜਿਸ ਬੂਥ 'ਤੇ ਸਰਦਾਰ ਦੀ ਪੋਜ਼ੀਸ਼ਨ ਕਮਜ਼ੋਰ ਸੀ, ਉਥੇ ਮਨਬੀਰ ਨੇ ਆਪਣੇ ਖ਼ਾਸਖ਼ਾਸ ਬੰਦੇ ਤਾਇਨਾਤ ਕੀਤੇ । ਜਦੋਂ ਵੀ ਸਰਦਾਰ ਦਾ ਪੋਲਿੰਗ ਏਜੰਟ ਇਸ਼ਾਰਾ ਕਰਦਾ, ਉਹ ਜਾਅਲੀ ਵੋਟਾਂ ਭੁਗਤਾਉਣ ਵਾਲਿਆਂ ਦੇ ਨਾਲ ਜਾਂਦਾ । ਕੋਈ ਵਿਰੋਧੀ ਦੇ ਹੱਕ ਵਿਚ ਜਾਅਲੀ ਵੋਟ ਭੁਗਤਣੀ ਹੁੰਦੀ ਤਾਂ ਉਹ ਡਰਾ ਕੇ ਭਜਾ ਦਿੰਦਾ । ਹਜ਼ਾਰਾਂ ਵੋਟਾਂ ਉਹਨਾਂ ਜਾਅਲੀ ਭੁਗਤਾਈਆਂ ।
ਮਨਬੀਰ ਦੇ ਖ਼ਿਲਾਫ਼ ਫ਼ੋਨ ਵੀ ਹੋਏ ਅਤੇ ਤਾਰਾਂ ਵੀ ਦਿੱਤੀਆਂ ਗਈਆਂ । ਇਕਦੋ ਥਾਵਾਂ 'ਤੇ ਨਾਅਰੇਬਾਜ਼ੀ ਵੀ ਹੋਈ । ਇਸ ਸਭ ਕਾਸੇ ਨੇ ਸਗੋਂ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ । ਅਫ਼ਸਰਾਂ ਨੂੰ ਵੀ ਪਤਾ ਲੱਗ ਗਿਆ ਕਿ ਮਨਬੀਰ ਸਰਦਾਰ ਦਾ ਬੰਦਾ । ਸਰਦਾਰ ਨੂੰ ਵੀ ਯਕੀਨ ਹੋ ਗਿਆ ਕਿ ਮਨਬੀਰ ਨੇ ਉਹਦੀ ਨੰਗੇ ਚਿੱਟੇ ਹੋ ਕੇ ਮਦਦ ਕੀਤੀ ।
ਫੇਰ ਬੰਟੀ ਅਤੇ ਉਹਦੇ ਅਗਵਾਕਾਰਾਂ ਨੂੰ ਲੱਭ ਕੇ ਉਹ ਸਰਦਾਰ ਤੋਂ ਆਪਣੀ ਸੇਵਾ ਦਾ ਫ਼ਲ ਕਿ ਨਾ ਲਵੇ ?
ਸਭ ਤੋਂ ਪਹਿਲਾਂ ਉਸ ਨੇ ਸ਼ਹਿਰ ਦੀਆਂ ਸਾਰੀਆਂ ਪਰੈਸਾਂ ਦੇ ਮਾਲਕਾਂ, ਉਹਨਾਂ ਦੇ ਨੌਕਰਾਂ, ਭਾਂਡਿਆਂ ਵਾਲਿਆਂ, ਸਕੂਲਾਂ ਦੇ ਸਟਾਫ਼ ਅਤੇ ਰਿਕਸ਼ੇਬੱਘੀਆਂ ਵਾਲਿਆਂ ਨੂੰ ਪੁੱਛਗਿੱਛ ਲਈ ਬੁਲਾਇਆ ।
ਹੋ ਸਕਦੈ ਲੈਟਰਪੈਡ ਕਿਸੇ ਸਥਾਨਕ ਪਰੈਸ ਵਿਚੋਂ ਹੀ ਛਪਿਆ ਹੋਵੇ । ਸਹਿਮਤੀ ਨਾਲ ਨਾ ਸਹੀ, ਡਰਾਧਮਕਾ ਦੇ ਛਪਵਾ ਲਿਆ ਹੋਵੇ । ਪਰੈਸ ਦਾ ਕੋਈ ਵਰਕਰ ਵੀ ਕਿਸੇ ਗਰੋਹ ਨਾਲ ਹਮਦਰਦੀ ਰੱਖ ਸਕਦੈ । ਉਸਨੇ ਵੇਲੇਕੁਵੇਲੇ ਛਾਪ ਲਿਆ ਹੋਵੇ ।
ਟੋਪੀਆ ਨਵਾਂ ਨਕੋਰ । ਨਵਾਂ ਖ਼ਰੀਦਿਆ ਹੋਣਾ । ਹੋ ਸਕਦੈ ਕੋਈ ਦੁਕਾਨਦਾਰ ਖ਼ਰੀਦਦਾਰ ਨੂੰ ਪਛਾਣ ਲਏ ।
ਕਿਸੇ ਅਧਿਆਪਕ ਨੇ ਬੰਟੀ ਨੂੰ ਕਿਸੇ ਅਜਨਬੀ ਨਾਲ ਗੱਲਾਂ ਕਰਦੇ, ਕਿਸੇ ਨਾਲ ਜਾਂਦੇਆਦੇ ਦੇਖਿਆ ਹੋ ਸਕਦੈ ।
ਬੱਘੀ ਵਾਲਿਆਂ ਨੂੰ ਫੇਰੀਆਂ ਵਾਲਿਆਂ ਦੀ ਪਛਾਣ ਹੁੰਦੀ । ਕੋਈ ਨਵਾਂ ਫੇਰੀ ਵਾਲਾ ਉਸ ਦਿਨ ਆਇਆ ਹੋਵੇ ? ਕਿਸੇ ਨੇ ਬੰਟੀ ਨੂੰ ਕਿਸੇ ਰੇਹੜੀ ਜਾਂ ਛਾਬੇ ਵਾਲੇ ਕੋਲ ਖੜਾ ਦੇਖਿਆ ਹੋਵੇ ?
ਆਖ਼ਿਰ ਬੰਟੀ ਕੋਈ ਸੂਈ ਤਾਂ ਨਹੀਂ ਸੀ ਕਿ ਕੋਈ ਜੇਬ ਵਿਚ ਪਾ ਕੇ ਲੈ ਗਿਆ । ਪੁਲਿਸ ਕੋਲ ਕੋਈ ਜਾਦੂ ਵਾਲਾ ਝੁਰਲੂ ਤਾਂ ਨਹੀਂ ਕਿ ਫੇਰਦਿਆਂ ਹੀ ਮੁਜਰਮ ਹਾਜ਼ਰ ਹੋ ਜਾਣ । ਸੁਰਾਗ਼ ਮਿਲਦਾ ਹੀ ਮਿਲਦਾ । ਸੁਰਾਗ ਲੱਭਣ ਲਈ ਇਹੋ ਢੁਕਵੇਂ ਬੰਦੇ ਸਨ ।
ਬੱਘੀਆਂ ਵਾਲੇ ਤਾਂ ਜਿਵੇਂ ਪਹਿਲਾਂ ਹੀ ਤਾੜ ਗਏ । ਤਿੰਨਚਾਰ ਤਾਂ ਬਿਹਾਰੀ ਭਈਏ ਸਨ । ਭਾਂਡਾ ਠੀਕਰ ਇਥੇ ਹੀ ਛੱਡ ਕੇ ਗੱਡੀ ਜਾ ਚੜ੍ਹੇ । ਇਕ ਬਾਜ਼ੀਗਰਾਂ ਦਾ ਮੁੰਡਾ । ਉਸ ਦੀ ਸ਼ਰਾਫ਼ਤ ਦੇ ਸਾਰੇ ਗਵਾਹ ਹਨ । ਅੱਠ ਸਾਲਾਂ ਤੋਂ ਬੱਚੇ ਲਿਜਾ ਰਿਹਾ । ਕਦੇ ਕੋਈ ਸ਼ਿਕਾਇਤ ਨਹੀਂ ਆਈ । ਉਸ ਦੀ ਸਿਫ਼ਾਰਸ਼ ਐਸ.ਡੀ.ਐਮ. ਨੇ ਖ਼ੁਦ ਕੀਤੀ ।
ਸਕੂਲ ਦੇ ਸਟਾਫ਼ 'ਚ ਬਹੁਤੀਆਂ ਔਰਤਾਂ ਸਨ । ਉਹਨਾਂ ਦਾ ਥਾਣੇ ਆਉਣਾ ਸ਼ਹਿਰ ਵਾਲਿਆਂ ਨੂੰ ਪਸੰਦ ਨਹੀਂ ਸੀ । ਥਾਣਾ ਜਿਵੇਂ ਕੋਈ ਕੰਜਰਖ਼ਾਨਾ ਕਿ ਇਥੇ ਪੈਰ ਪਾਦਿਆਂ ਹੀ ਉਹਨਾਂ ਦਾ ਸਤ ਭੰਗ ਹੋ ਜਾਣਾ ।
ਮੁਸ਼ਕਲ ਨਾਲ ਬੰਟੀ ਦੀ ਇਕ ਟੀਚਰ ਅਤੇ ਚਪੜਾਸੀ ਨੂੰ ਹੀ ਥਾਣੇ ਬੁਲਾਇਆ ਜਾ ਸਕਿਆ । ਟੀਚਰ ਤਾਂ ਥਾਣੇ ਵੜਦੀ ਹੀ ਬੇਹੋਸ਼ ਹੋ ਗਈ । ਚਪੜਾਸੀ ਬੁਖਲਾ ਗਿਆ । ਉਲਟੇਸਿੱਦੇ ਜਵਾਬ ਦੇਣ ਲੱਗਾ । ਭੁੱਲਰ ਨੇ ਦਬਕਾ ਮਾਰਿਆ ਤਾਂ ਉਹਦਾ ਪਿਸ਼ਾਬ ਨਿਕਲ ਗਿਆ ।
ਬਾਕੀ ਸਟਾਫ਼ ਲਾਲਾ ਜੀ ਦੇ ਘਰ ਜਾ ਵੜਿਆ । ਬੰਟੀ ਲਈ ਉਹ ਹਰ ਕੁਰਬਾਨੀ ਦੇਣ ਨੂੰ ਤਾਂ ਤਿਆਰ ਸਨ ਪਰ ਥਾਣੇ ਨਹੀਂ ਜਾਣਗੇ । ਲਾਲਾ ਜੀ ਨੇ ਵੀ ਉਹਨਾਂ ਦੀ ਹਮਾਇਤ ਕੀਤੀ । ਸਟਾਫ਼ 'ਤੇ ਸਖ਼ਤੀ ਦੀ ਜ਼ਰੂਰਤ ਨਹੀਂ । ਤਫ਼ਤੀਸ਼ ਠੀਕ ਢੰਗ ਨਾਲ ਕਰੋ ।
ਇਹ ਗੁੰਝਲ ਹਾਲੇ ਮਨਬੀਰ ਸੁਲਝਾ ਵੀ ਨਹੀਂ ਸੀ ਸਕਿਆ ਕਿ ਮਾਸਟਰ ਅਤੇ ਪਰਧਾਨ ਦੇ ਫ਼ੋਨ ਕੰਨ ਖਾਣ ਲੱਗੇ ।
ਸਕੂਲ ਵਾਲਿਆਂ ਤੋਂ ਕੁਝ ਮਿਲਣ ਦੀ ਆਸ ਨਹੀਂ ਸੀ । ਪਰੈਸ ਅਤੇ ਭਾਂਡਿਆਂ ਵਾਲਿਆਂ ਨੂੰ ਧੂਣ ਦਾ ਉਹਨੇ ਹੁਕਮ ਦਿੱਤਾ । ਸਿਪਾਹੀਆਂ 'ਤੇ ਭਰੋਸਾ ਨਹੀਂ ਸੀ । ਦਸਦਸ ਰੁਪਏ ਲੈ ਕੇ ਛੱਡ ਆਉਣਗੇ । ਉਹਨੇ ਹੌਲਦਾਰ ਭੇਜੇ ਸਨ ।
ਉਹ ਵੀ ਦੋ ਬੰਦਿਆਂ ਨੂੰ ਹੀ ਕਾਬੂ ਕਰ ਸਕੇ । ਇਕ ਨੂੰ ਘਰੋਂ, ਦੂਜੇ ਨੂੰ ਪਰੈਸ ਵਿਚੋਂ । ਬਾਕੀਆਂ ਨੂੰ ਪਤਾ ਲੱਗ ਗਿਆ, ਉਹ ਫ਼ਰਾਰ ਹੋ ਗਏ ।
ਭਗੌੜੇ ਬੰਦੇ ਮਾਸਟਰ ਅਤੇ ਪਰਧਾਨ ਕੋਲ ਪੁੱਜ ਗਏ ਸਨ । ਪਰੈਸਾਂ ਵਾਲੇ ਪਰਧਾਨ ਦੇ ਚੁਬਾਰੇ ਵਿਚ ਬੈਠੇ ਸਨ ਅਤੇ ਭਾਂਡਿਆਂ ਵਾਲੇ ਮਾਸਟਰ ਦੀ ਦੁਕਾਨ ਵਿਚ । ਦੋਹਾਂ ਦਾ ਵਿਚਾਰ ਸੀ ਕਿ ਲੈਦੇ ਕਰ ਕੇ ਉਹਨਾਂ ਦਾ ਖਹਿੜਾ ਛੱਡ ਦਿੱਤਾ ਜਾਵੇਗਾ ।
ਮਨਬੀਰ ਉਹਨਾਂ ਨਾਲ ਸਹਿਮਤ ਨਹੀਂ ਸੀ । ਪੈਸਾ ਉਸ ਨੇ ਬਥੇਰਾ ਕਮਾਇਆ । ਪੰਦਰਾਂ ਸਾਲ ਹੋ ਗਏ ਉਸ ਨੂੰ ਥਾਣੇਦਾਰ ਭਰਤੀ ਹੋਇਆਂ । ਰੱਬ ਦੀ ਕਿਰਪਾ ਨਾਲ ਇਕ ਦਿਨ ਵੀ ਮਾੜੀ ਮੱਦ 'ਤੇ ਨਹੀਂ ਰਿਹਾ । ਮਨਭਾਦੇ ਥਾਣੇ ਰਿਹਾ । ਕਾਰਨ ? ਉਸਤਾਦ ਦਾ ਸਬਕ । ਰਿਸ਼ਵਤ ਵੰਡ ਕੇ ਖਾਓ । ਉਹ ਹਮੇਸ਼ਾ ਦਸੌਂਦ ਕੱਢਦਾ ਰਹਿੰਦਾ । ਅਫ਼ਸਰਾਂ ਮਾਤਹਿਤਾਂ ਦਾ ਬਣਦਾ ਹਿੱਸਾ ਉਹਨਾਂ ਨੂੰ ਪਹੁੰਚਦਾ ਰਹਿੰਦਾ ।
ਸਿਪਾਹੀ ਤੋਂ ਡਿਪਟੀ ਤਕ ਸਭ ਉਸ ਨੂੰ ਕੁਰਸੀ ਦਿੰਦੇ ਹਨ । ਉਹਦੀ ਡੀ.ਆਈ.ਜੀ. ਦੇ ਬੈੱਡਰੂਮ ਤਕ ਪਹੁੰਚ । ਬੀਵੀ ਵਿਦੇਸ਼ੀ ਸਾੜ੍ਹੀਆਂ ਦੀ ਸ਼ੌਕੀਨ । ਦੋਚਾਰ ਮਹੀਨਿਆਂ ਬਾਅਦ ਵਿਦੇਸ਼ੀ ਸਾੜ੍ਹੀਆਂ ਦਾ ਸੂਟਕੇਸ ਭਰ ਕੇ ਸਲੂਟ ਮਾਰ ਆਦਾ । ਉਹ ੀ.ਆਈ.ਜੀ. ਨਾਲੋਂ ਵੀ ਵੱਧ ਫੁਰਤੀ ਨਾਲ ਆਰਡਰ ਕਰਾਦੀ । ਕੀ ਮਜਾਲ ਸਾਹਿਬ ਨਾਂਹਨੁੱਕਰ ਜਾਂ ਟਾਲਮਟੋਲ ਕਰ ਜਾਵੇ ।
ਕਪਤਾਨ ਉਸ ਨੂੰ ਛੋਟਾ ਵੀਰ ਸਮਝਦੇ ਹਨ । ਨਵੇਂ ਆਏ ਸਾਹਿਬ ਦੀ ਹਜ਼ੂਰੀ 'ਚ ਪੇਸ਼ ਹੋਣ ਤੋਂ ਪਹਿਲਾਂ ਹੀ ਉਹ ਉਸ ਦੇ ਸ਼ੌਕਾਂ ਦੀ ਸੂਚੀ ਤਿਆਰ ਕਰਦਾ । ਫੇਰ ਉਸੇ ਮੁਤਾਬਕ ਚੱਲਦਾ । ਪਹਿਲਾਂ ਸ਼ਰਮਾ ਆਇਆ, ਮਨਬੀਰ ਨੇ ਉਹਨੂੰ ਪਹਿਲੇ ਹਫ਼ਤੇ ਹੀ ਵਲਾਇਤੀ ਰਿਵਾਲਰ ਲਿਆ ਦਿੱਤਾ । ਦੁੱਗਲ ਆਇਆ ਤਾਂ ਪਤਾ ਲੱਗਾ, ਉਹਦੀ ਚੰਡੀਗੜ੍ਹ ਕੋਠੀ ਬਣਦੀ । ਇੱਟਾਂ, ਸੀਮਿੰਟ ਅਤੇ ਲੋਹਾ ਇਥੋਂ ਭੇਜਦਾ ਰਿਹਾ । ਜਿੰਨਾ ਚਿਰ ਉਹ ਰਿਹਾ ਮਨਬੀਰ ਨੂੰ ਇਨਾਮ 'ਤੇ ਇਨਾਮ ਦਿੰਦਾ ਰਿਹਾ । ਕੈਂਥ ਆਇਆ ਤਾਂ ਸ਼ਹਿਰ ਦੀਆਂ ਸਭ ਤੋਂ ਸੋਹਣੀਆਂ ਤੀਵੀਆਂ ਮਨਬੀਰ ਨੇ ਉਹਦੇ ਪੇਸ਼ ਕੀਤੀਆਂ । ਔਰਤਾਂ ਦੇ ਨਖ਼ਰਿਆਂ ਦਾ ਕੀਲਿਆ ਕੈਂਥ ਹਰ ਤੀਸਰੇ ਦਿਨ ਰੈਸਟ ਹਾਊਸ ਡੇਰਾ ਲਾ ਲੈਂਦਾ । ਰਾਤੋਰਾਤ ਮਨਬੀਰ ਮਨਮਰਜ਼ੀ ਦੇ ਆਰਡਰ ਕਰਾ ਲੈਂਦਾ । ਗੁਪਤੇ ਨੂੰ ਪੈਸਾ ਚਾਹੀਦਾ ਸੀ । ਮਨਬੀਰ ਨੇ ਤਿੰਨਚਾਰ ਵੱਡੇ ਸਮੱਗਲਰ ਉਹਦੇ ਮੱਥੇ ਲਾ ਦਿੱਤੇ । ਨਾਲੇ ਸਾਹਿਬ ਖ਼ੁਸ਼ ਨਾਲੇ ਸਮੱਗਲਰ ।
ਫੇਰ ਮਨਬੀਰ ਦੀ ਤਰੱਕੀ ਵਿਚ ਕਿਸੇ ਨੇ ਕੀ ਟੰਗ ਅੜਾਉਣੀ ਸੀ ? ਇਕ ਵਾਰ ਤਰੱਕੀ ਦਾ ਮੌਕਾ ਬਣੇ ਸਹੀ, ਮਿਸਲ ਤਾਂ ਭੰਬੀਰੀ ਵਾਂਗ ਘੁੰਮੇਗੀ ।
ਮਨਬੀਰ ਨੂੰ ਕੇਵਲ ਬੰਟੀ ਦੀ ਲੋੜ ਸੀ । ਅਗਵਾਕਾਰਾਂ ਦੀ ਕੋਈ ਪਰਵਾਹ ਨਹੀਂ । ਅਸਲੀ ਨਾ ਵੀ ਲੱਭੇ ਤਾਂ ਕੀ । ਦੋਚਾਰ ਹੋਰਾਂ ਨੂੰ ਹੀ ਗੱਡੀ ਚੜ੍ਹਾ ਦੇਵੇਗਾ । ਅੱਗੇ ਕਿਹੜਾ ਅਫ਼ਸਰਾਂ ਦੇ ਇਸ਼ਾਰਿਆਂ 'ਤੇ ਬੰਦੇ ਮਾਰੇ ਨਹੀਂ । ਇਕਦੋ ਆਪਣੇ ਲਈ ਮਾਰ ਦਿੱਤੇ ਤਾਂ ਕਿਹੜਾ ਪਹਾੜ ਡਿੱਗ ਪੈਣੈ ।
ਮਨਬੀਰ ਦਾ ਮਨ ਤਰੱਕੀ ਲੈਣ 'ਤੇ ਤੁਲਿਆ ਹੋਇਆ ਸੀ । ਸਬਇੰਸਪੈਕਟਰੀ ਦੀ ਕੀ ਵੁੱਕਤ ? ਸਭ ਦੇ ਥੱਲੇ ਲੱਗੇ ਰਹੋ । ਡਿਪਟੀ ਲੱਗੇਗਾ ਤਾਂ ਮੜਕ ਨਾਲ ਅਫ਼ਸਰੀ ਕਰੇਗਾ । ਛੇਛੇ ਥਾਣੇ ਥੱਲੇ । ਮਹੀਨੇ ਹੀ ਨਹੀਂ ਮਾਣ ।
ਇਸੇ ਲਈ ਉਹ ਵਾਰਵਾਰ ਦੋਹਾਂ ਨੂੰ ਨਾਂਹ ਕਰ ਰਿਹਾ ਸੀ । ਪੁੱਛਪੜਤਾਲ ਮਨਬੀਰ ਨੇ ਕਰਨੀ ਹੀ । ਮਾਰੇਕੁੱਟੇ ਬਿਨਾਂ ਕੋਈ ਸੱਚ ਨਹੀਂ ਬੋਲਦਾ । ਉਹਨਾਂ ਦੇ ਆਖਣ ਕਰਕੇ ਮਨਬੀਰ ਇਕ ਰਿਆਇਤ ਕਰ ਸਕਦਾ । ਜੇ ਕੋਈ ਇਕਬਾਲ ਕਰ ਲਏ ਤਾਂ ਉਹ ਬਾਕੀਆਂ ਨੂੰ ਛੱਡ ਸਕਦਾ । ਇਕਬਾਲ ਕਰਨ ਵਾਲੇ ਨੂੰ ਵੀ ਨਾ ਹੱਥ ਲਾਏਗਾ ਅਤੇ ਨਾ ਹੀ ਉਸ ਦਾ ਨਾਂ ਕਿਸੇ ਨੂੰ ਦੱਸੇਗਾ । ਬੰਟੀ ਦਾ ਕੇਸ ਉਸ ਨੇ ਹਰ ਹਾਲਤ ਵਿਚ ਸਿਰੇ ਚਾੜ੍ਹਨਾ । ਪੈਸਿਆਂ ਦਾ ਲਾਲਚ ਨਹੀਂ ਕਰਨਾ ।
ਲਾਲਚ 'ਚ ਆ ਕੇ ਤਰੱਕੀ ਦਾ ਮੌਕਾ ਗਵਾਉਣ ਨੂੰ ਉਹ ਕਿਹੜਾ ਮਲੰਗਾਂ ਦਾ ਮੁੰਡਾ ?
ਪੰਜਾਹ ਏਕੜ ਜ਼ਮੀਨ ਤਾਂ ਉਹਦੀ ਭਰਤੀ ਹੋਣ ਤੋਂ ਪਹਿਲਾਂ ਹੀ ਸੀ । ਇੰਨੀ ਹੁਣ ਬਣ ਗਈ । ਦੋ ਭਰਾ ਕੈਨੇਡਾ ਵਿਚ ਇੰਜੀਨੀਅਰ ਹਨ । ਇਕੋਇਕ ਭੈਣ ਇੰਗਲੈਂਡ ਵਿਆਹੀ ਹੋਈ ।
ਭਰਾ ਕੈਨੇਡਾ ਆਉਣ ਲਈ ਜ਼ੋਰ ਪਾਦੇ ਹਨ, ਬਾਪੂ ਨਹੀਂ ਮੰਨਦਾ । ਕੋਈ ਜੱਦੀ ਜਾਇਦਾਦ ਸਾਂਭਣ ਵਾਲਾ ਵੀ ਪਿੱਛੇ ਚਾਹੀਦਾ । ਪੜ੍ਹਾਈ ਵਿਚ ਉਹ ਭਰਾਵਾਂ ਵਾਂਗ ਮਾਅਰਕੇ ਨਹੀਂ ਮਾਰ ਸਕਿਆ ।
ਐਮ.ਏ. ਹੀ ਕਰ ਸਕਿਆ । ਚੰਗੇ ਕਰਮਾਂ ਨੂੰ ਥਾਣੇਦਾਰਾਂ ਦੀਆਂ ਨੌਕਰੀਆਂ ਨਿਕਲ ਆਈਆਂ ।
ਪੰਜਾਹ ਹਜ਼ਾਰ ਮੱਥੇ ਮਾਰ ਕੇ ਭਰਤੀ ਹੋ ਗਿਆ । ਹੁਣ ਭਰਾਵਾਂ ਨਾਲੋਂ ਘੱਟ ਨਹੀਂ । ਕਮਾਈ ਤਾਂ ਮਨਬੀਰ ਨੂੰ ਜ਼ਮੀਨ ਦੀ ਹੀ ਘੱਟ ਨਹੀਂ, ਉੱਤੋਂ ਥਾਣੇਦਾਰੀ । ਬਹੁਤੇ ਲਾਲਚ ਦੀ ਲੋੜ ਨਹੀਂ ।
ਵੈਸੇ ਵੀ ਲਾਲਾ ਜੀ ਭਲੇ ਬੰਦੇ ਹਨ । ਬੰਟੀ ਲੱਭਣਾ ਹੀ ਚਾਹੀਦਾ । ਇਹ ਮਨਬੀਰ ਦਾ ਇਖ਼ਲਾਕੀ ਫ਼ਰਜ਼ ਵੀ ।
ਯੁਵਾ ਸੰਘ ਤੋਂ ਵੀ ਡਰ ਲੱਗਦਾ । ਉਹ ਮਾੜੀ ਜਿਹੀ ਗੱਲ 'ਤੇ ਹੀ ਅੜ ਜਾਂਦੇ ਹਨ ।
ਇਹ ਤਾਂ ਉਹਨਾਂ ਦਾ ਆਪਣਾ ਕੰਮ ਸੀ । ਲਾਲਾ ਜੀ ਲਈ ਤਾਂ ਸੰਘ ਦਾ ਹਰ ਮੈਂਬਰ ਜਾ ਦੀ ਬਾਜ਼ੀ ਤੱਕ ਲਾਉਣ ਨੂੰ ਤਿਆਰ । ਮਨਬੀਰ ਨੂੰ ਉਹ ਘਟਨਾ ਯਾਦ ਆਈ ਜਦੋਂ ਇਹਨਾਂ ਦੇ ਇਕ ਸਰਗਰਮ ਵਰਕਰ ਦੀ ਪਤਨੀ ਸੜ ਕੇ ਮਰ ਗਈ ਸੀ । ਰਾਮੂ ਬੂਟਾਂ ਵਾਲੇ ਦੇ ਮੁੰਡਿਆਂ ਨੂੰ ਨਵੇਂ ਕਮਾਏ ਪੈਸੇ ਦਾ ਹੰਕਾਰ ਸੀ । ਮੁੰਡੇ ਦੇ ਵਿਆਹ ਨੂੰ ਛੇ ਮਹੀਨੇ ਵੀ ਪੂਰੇ ਨਹੀਂ ਸੀ ਹੋਏ ਕਿ ਸੱਸਨੂੰਹ ਵਿਚ ਖੜਕਣ ਲੱਗ ਪਈ । ਰਾਮ ਲਾਲ ਦਾ ਲਾਡਲਾ ਸੋਹਣ ਮਾਂ ਦਾ ਜ਼ਿਆਦਾ ਆਗਿਆਕਾਰ ਅਖਵਾਦਾ ਸੀ । ਘੁੱਟ ਪੀ ਕੇ ਕਰਵਾ ਚੌਥ ਵਾਲੇ ਦਿਨ ਸਹੁਰੇ ਚਲਾ ਗਿਆ ।
ਪਤਨੀ ਨੇ ਵਰਤ ਰੱਖਿਆ ਹੋਇਆ ਸੀ । ਜ਼ਿਦ ਫੜ ਕੇ ਬੈਠ ਗਿਆ, ਹੁਣੇ ਲੈ ਕੇ ਜਾਣੀ ।
ਤੈਸ਼ 'ਚ ਆ ਕੇ ਪਤਨੀ ਨਾਲ ਝਗੜ ਪਿਆ । ਅੱਜਕੱਲ੍ਹ ਦੀਆਂ ਕੁੜੀਆਂ ਕਿਹੜਾ ਘੱਟ ਹਨ ।
ਆਦੀ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ । ਰਾਮੂ ਨੂੰ ਮਾਣ ਸੀ, ਉਹਦੀ ਥਾਣੇ ਕਚਹਿਰੀ ਚੱਲਦੀ ਸੀ । ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਏਗਾ । ਬੂਟਾਂ ਦੀ ਦੁਕਾਨ ਤਾਂ ਉਹਦੀ ਤੀਹ ਸਾਲ ਪਹਿਲਾਂ ਹੁੰਦੀ ਸੀ । ਇਹਨੀਂ ਦਿਨੀਂ ਤਾਂ ਉਹ ਸ਼ਹਿਰ ਦਾ ਸਿਰਕੱਢ ਬਿਜ਼ਨਸਮੈਨ । ਗੈਸ ਦੀ ਏਜੰਸੀ ਤੋਂ ਲੈ ਕੇ ਟੀ.ਵੀ., ਫਰਿੱਜ ਤਕ ਦੀਆਂ ਏਜੰਸੀਆਂ ਉਸੇ ਕੋਲ ਹਨ । ਪੰਜ ਟਰੱਕ ਚੱਲਦੇ ਹਨ । ਟਰੱਕ ਯੂਨੀਅਨ ਦੇ ਪਰਧਾਨ ਜੱਗੇ ਨਾਲ ਉਸ ਦੀ ਇਕੋ ਗੱਲ । ਬਦਮਾਸ਼ਾਂ ਦੀ ਭਰੀ ਜੀਪ ਸਾਰਾ ਦਿਨ ਉਸ ਦੇ ਬਾਰ 'ਚ ਖੜੀ ਰਹਿੰਦੀ । ਐਸ.ਐਚ.ਓ. ਨਾਲ ਗੱਲ ਕਰਕੇ ਉਹ ਆਪਣੀ ਨੂੰਹ ਨੂੰ ਉਹਦੇ ਮਾਪਿਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ਮਸ਼ਾਨ ਘਾਟ ਲੈ ਗਏ । ਸੰਘ ਦੇ ਕਿਸੇ ਵਰਕਰ ਦੇ ਕੰਨੀਂ ਖ਼ਬਰ ਪਈ ਤਾਂ ਉਹਨੇ ਝੱਟ ਮੀਟਿੰਗ ਬੁਲਾ ਲਈ । ਇਹ ਤਾਂ ਧੱਕਾ ਸੀ, ਬੇਇਨਸਾਫ਼ੀ ਸੀ । ਰਾਮੂ ਨੇ ਬਹੁਤ ਤਰਲੇ ਲਏ । ਸੋਹਣ ਵੀ ਤਾਂ ਸੰਘ ਦਾ ਮੈਂਬਰ । ਕਿਸੇ ਨੇ ਇਸ ਦਲੀਲ ਦੀ ਪਰਵਾਹ ਨਾ ਕੀਤੀ । ਲਾਸ਼ ਨੂੰ ਅੱਗ ਲਾਉਣੋਂ ਰੋਕ ਲਿਆ ਗਿਆ ।
ਕੁੜੀ ਦੇ ਮਾਪੇ ਆਏ, ਪੋਸਟ ਮਾਰਟਮ ਹੋਇਆ । ਓਨਾ ਚਿਰ ਹੜਤਾਲ ਜਾਰੀ ਰਹੀ, ਜਿੰਨਾ ਚਿਰ ਰਾਮੂ ਦੇ ਸਾਰੇ ਟੱਬਰ ਨੂੰ ਹੱਥਕੜੀ ਨਾ ਲੱਗ ਗਈ । ਮਾੜੀ ਜਿਹੀ ਹਵਾ ਵੀ ਨਿਕਲ ਗਈ ਤਾਂ ਮਨਬੀਰ ਦੇ ਨਾਲਨਾਲ ਹੀ ਪਰਧਾਨ ਤੇ ਮਾਸਟਰ ਦਾ ਜਲੂਸ ਵੀ ਨਿਕਲਣਾ ਸੀ । ਇਹ ਗੱਲ ਉਹਨਾਂ ਨੂੰ ਪਤਾ ਨਹੀਂ ਕਿ ਸਮਝ ਨਹੀਂ ਸੀ ਆ ਰਹੀ ।
ਪਰਧਾਨ ਵਾਰਵਾਰ ਵਾਲਕੱਟੀ ਵਾਲੇ ਕੇਸ ਦੀ ਯਾਦ ਦਿਵਾ ਰਿਹਾ ਸੀ । ਉਦੋਂ ਮਨਬੀਰ ਇਥੇ ਬਦਲ ਕੇ ਆਇਆ ਹੀ ਸੀ । ਆਦਿਆਂ ਹੀ 'ਵਾਲਕੱਟੀ' ਨਾਂ ਨਾਲ ਮਸ਼ਹੂਰ ਇਕ ਕੁੜੀ 'ਤੇ ਨਿਗਾਹ ਪਈ । ਉਹ ਸਾਰਾ ਦਿਨ ਸ਼ਹਿਰ 'ਚ ਘੁੰਮਦੀ ਰਹਿੰਦੀ ਸੀ । ਮਲੂਕੜੀ ਜਿਹੀ, ਹੱਥ 'ਚ ਲਾਲ ਜਾਪਾਨੀ ਛਤਰੀ । ਧੁੰਨੀ ਤੋਂ ਖ਼ਾਸੀ ਹੇਠਾਂ ਕਰਕੇ ਬੰਨ੍ਹੀ ਬਨਾਰਸੀ ਸਾੜ੍ਹੀ । ਤੇਜ਼ਤਰਾਰ ਮੇਕਅੱਪ । ਉੱਚੀ ਅੱਡੀ ਵਾਲੇ ਸੈਂਡਲ । ਇਕ ਵਾਰ ਤਾਂ ਮਨਬੀਰ ਦਾ ਮਨ ਡੋਲਿਆ । ਕੋਈ ਅਪੱਸਰਾ ਹੀ ਤਾਂ ਸੀ ਉਹ । ਕਿਸੇ ਅਫ਼ਸਰ ਦੇ ਪੇਸ਼ ਹੋ ਸਕੇ ਤਾਂ ਕਿਆ ਕਹਿਣੈ ।
ਪੜਤਾਲ ਕੀਤੀ ਤਾਂ ਪਤਾ ਲੱਗਾ, ਉਹ ਡੇਹਰਾਦੂਨ ਦੀ ਜੰਮਪਲ ਸੀ । ਚੰਗੇ ਸਕੂਲਾਂ ਵਿਚ ਪੜ੍ਹੀ ਸੀ । ਉਹਦਾ ਬਾਪ ਇਕ ਰਈਸ ਸੀ, ਜੇ ਬੰਬੇ ਠੇਕੇਦਾਰੀ ਕਰਦਾ ਸੀ । 'ਵਾਲ ਕੱਟੀ' ਦੀ ਮਾਂ ਉਹਦੀ ਰਖੇਲ ਸੀ, ਜਿਹੜੀ ਉਸ ਨੇ ਗਰਮੀਆਂ ਦੀਆਂ ਛੁੱਟੀਆਂ ਲਈ ਡੇਹਰਾਦੂਨ ਰੱਖੀ ਹੋਈ ਸੀ । ਗ਼ਲਤੀ ਨਾਲ ਵਾਲ ਕੱਟੀ ਪੇਂਡੂ ਹਟਵਾਣੀਏ ਨਾਲ ਵਿਆਹੀ ਗਈ । ਕੱਪੜਿਆਂ ਦੀ ਦੁਕਾਨ 'ਤੇ ਕੈਂਚੀ ਚਲਾਦਾ ਮੁੰਡਾ ਉਹਦੇ ਰਾਸ ਨਹੀਂ ਸੀ । ਮੁੰਡੇ ਨੂੰ ਵੀ ਉਹਦਾ ਸੂਰਜ ਚੜ੍ਹਨ ਤਕ ਸੁੱਤੇ ਰਹਿਣਾ, ਅੱਧਨੰਗੇ ਲਿਬਾਸ ਵਿਚ ਇਧਰਉਧਰ ਘੁੰਮਣਾ, ਫ਼ਿਲਮਾਂ ਦੇਖਣਾ ਅਤੇ ਨਾਵਲ ਪੜ੍ਹਦੇ ਰਹਿਣਾ ਪਸੰਦ ਨਹੀਂ ਸੀ । ਛੋਟੀਛੋਟੀ ਗੱਲ 'ਤੇ ਹੁੰਦਾ ਤਕਰਾਰ ਤਲਾਕ ਤਕ ਪਹੁੰਚ ਗਿਆ ।
ਅਣਖੀਲੀ ਕੁੜੀ ਨੇ ਸਹੁਰਿਆਂ ਨੂੰ ਸਬਕ ਸਿਖਾਉਣ ਲਈ ਸ਼ਹਿਰ ਵਿਚ ਹੀ ਡੇਰੇ ਲਾ ਲਏ ।
ਸਹੁਰਿਆਂ ਨੂੰ ਉਸ ਦਾ ਸ਼ਰੇਆਮ ਸੜਕਾਂ 'ਤੇ ਘੁੰਮਣਾ ਵੀ ਪਸੰਦ ਨਹੀਂ ਸੀ । ਸ਼ਾਇਦ ਇਸੇ ਲਈ ਉਹ ਵਾਲ ਕੱਟੀ 'ਤੇ ਕਈ ਤਰ੍ਹਾਂ ਦੇ ਦੂਸ਼ਣ ਲਾ ਰਹੇ ਸਨ ।
ਆਪਣੀ ਤਸੱਲੀ ਲਈ ਮਨਬੀਰ ਨੇ ਛੇੜਖ਼ਾਨੀ ਲਈ ਇਕਦੋ ਬੰਦੇ ਉਹਦੇ ਪਿੱਛੇ ਵੀ ਲਾਏ ।
ਜਦੋਂ ਉਹ ਛਿੱਤਰ ਖਾ ਕੇ ਮੁੜੇ ਤਾਂ ਮਨਬੀਰ ਨੇ ਉਹਦਾ ਖਹਿੜਾ ਛੱਡ ਦਿੱਤਾ ।
ਭਲਾ ਹੋਵੇ ਇਕ ਵਕੀਲ ਦਾ । ਉਹ ਵਾਲ ਕੱਟੀ ਦਾ ਗੁਆਂਢੀ ਸੀ । ਉਹਦਾ ਕਹਿਣਾ ਸੀ ਕਿ ਉਹ ਵੇਸਵਾ । ਮੁਹੱਲੇ ਵਿਚ ਸਾਰਾ ਦਿਨ ਗੁੰਡਾਗਰਦੀ ਹੁੰਦੀ । ਅੱਧਾ ਮੁਹੱਲਾ ਕੁੜੀ ਦੇ ਨਾਲ ਸੀ । ਵਕੀਲ ਦੀ ਦਾਲ ਨਹੀਂ ਗਲੀ, ਇਸ ਲਈ ਝੂਠੇ ਇਲਜ਼ਾਮ ਲਾ ਰਿਹਾ । ਵਕੀਲ ਹਿੰਮਤ ਹਾਰਨ ਵਾਲਾ ਨਹੀਂ ਸੀ । ਲੋਕਾਂ ਦੀਆਂ ਅੱਖਾਂ ਉਸ ਸਮੇਂ ਖੁੱਲ੍ਹੀਆਂ ਜਦੋਂ ਇਕ ਐਫ਼.ਸੀ.ਆਈ. ਦੇ ਮੈਨੇਜਰ ਨੂੰ ਉਸ ਨੇ ਰੰਗੇ ਹੱਥੀਂ ਕਾਬੂ ਕੀਤਾ ।
ਮੈਨੇਜਰ ਐਸ.ਪੀ. ਵਿਜੀਲੈਂਸ ਦਾ ਛੋਟਾ ਭਰਾ ਸੀ । ਉਹ ਪੁਲਿਸ ਨੂੰ ਛੱਡਣਾ ਪਿਆ, ਪਰ ਵਾਲ ਕੱਟੀ ਉਹਨਾਂ ਦੇ ਕਾਬੂ ਆ ਗਈ ।
ਆਸ਼ਕਾਂ ਦੀ ਜਿਹੜੀ ਲਿਸਟ ਵਾਲ ਕੱਟੀ ਨੇ ਦਿੱਤੀ, ਉਹ ਰਾਨੀਜਨਕ ਸੀ । ਡਾਕਟਰ, ਵਕੀਲ ਅਤੇ ਜੱਜ, ਮੌਜੂਦਾ ਐਸ.ਡੀ.ਐਮ. ਵੀ । ਸਨਅਤਕਾਰਾਂ ਅਤੇ ਸਿਆਸਤਦਾਨਾਂ ਨੇ ਤਾਂ ਹੋਣਾ ਹੀ ਸੀ ।
ਪਹਿਲਾਂ ਝੁਰਲੂ ਮਨਬੀਰ ਨੇ ਸਾਬਣ ਵਾਲੇ ਕਾਲੂ ਰਾਮ 'ਤੇ ਫੇਰਿਆ । ਵਾਲ ਕੱਟੀ ਨੇ ਜਦੋਂ ਤਾੜਤਾੜ ਉਹਦੇ ਕੁਕਰਮਾਂ ਦੇ ਭਾਂਡੇ ਭੰਨੇ ਤਾਂ ਸਾਹਮਣੇ ਬੈਠੇ ਕਾਲੂ ਰਾਮ ਨੂੰ ਗਸ਼ ਪੈ ਗਈ ।
ਝੱਟ ਵੀਹ ਹਜ਼ਾਰ ਦੇ ਨੋਟ ਹਾਜ਼ਰ ਹੋ ਗਏ ।
ਆਪਣੇ ਖ਼ਾਸਖ਼ਾਸ ਬੰਦਿਆਂ ਰਾਹੀਂ ਮਨਬੀਰ ਨੇ ਇਹ ਗੱਲ ਫੈਲਾਈ । ਆਸ਼ਕਾਂ ਨੂੰ ਫ਼ਿਕਰ ਪੈ ਗਿਆ । ਕੋਈ ਐਸ.ਡੀ.ਐਮ. ਵੱਲ ਭੱਜਾ, ਕੋਈ ਜੱਜ ਵੱਲ । ਪਹਿਲਾਂ ਅਫ਼ਸਰਾਂ ਨੇ ਰੋਹਬ ਮਾਰਨਾ ਚਾਹਿਆ, ਪੁਲਿਸ ਇਕ ਸ਼ਰੀਫ਼ ਕੁੜੀ ਨੂੰ ਤੰਗ ਕਰ ਰਹੀ ।
ਜਦੋਂ ਉਹਨਾਂ ਦੇ ਸੁਣਨ ਲਈ ਮਨਬੀਰ ਨੇ ਟੇਪਾਂ ਭੇਜਣੀਆਂ ਚਾਹੀਆਂ ਤਾਂ ਸਭ ਦੇ ਹੋਸ਼ ਉੱਡ ਗਏ । ਐਸ.ਡੀ.ਐਮ. ਤਾਂ ਆਪ ਹੀ ਥਾਣੇ ਪੁੱਜ ਗਿਆ, ਜੱਜ ਨੇ ਸਰਕਾਰੀ ਵਕੀਲ ਭੇਜਿਆ ।
ਮਾਮਲਾ ਠੱਪ ਹੋਣਾ ਚਾਹੀਦਾ । ਐਸ.ਡੀ.ਐਮ. ਨੇ ਮਨਬੀਰ ਦੇ ਖ਼ਿਲਾਫ਼ ਚੱਲਦੀਆਂ ਪੜਤਾਲਾਂ ਦਾਖ਼ਲ ਦਫ਼ਤਰ ਕਰਨ ਦਾ ਵਾਅਦਾ ਕੀਤਾ ਅਤੇ ਜੱਜ ਨੇ ਇਸਤਗਾਸੇ ਖ਼ਾਰਜ ਕਰਨ ਦਾ । ਅਫ਼ਸਰ ਅਫ਼ਸਰ ਹੀ ਹੁੰਦੇ ਹਨ । ਪੁਲਿਸ ਨੇ ਕੰਮ ਲੈਣਾ ਹੁੰਦਾ । ਮਨਬੀਰ ਚੁੱਪ ਕਰ ਗਿਆ ।
ਉਸ ਸਮੇਂ ਪਰਧਾਨ ਨਾਲ ਕਈ ਵਾਰ ਵਾਹ ਪਿਆ ਸੀ । ਵਾਲ ਕੱਟੀ ਦੇ ਆਸ਼ਕਾਂ ਤੋਂ ਪੈਸੇ ਇਕੱਠੇ ਕਰਨ ਦਾ ਕੰਮ ਉਸੇ ਨੇ ਕੀਤਾ ਸੀ । ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਰਾਫ਼ ਤੋਂ ਕਿੰਨੇ ਪੈਸੇ ਲੈਣੇ ਹਨ, ਠੁੱਲੀਵਾਲ ਵਾਲੇ ਆਤਮੇ ਤੋਂ ਕਿੰਨੇ ਅਤੇ ਸਿਨੇਮੇ ਵਾਲੇ ਭਾਨ ਤੋਂ ਕਿੰਨੇ । ਤਿੰਨ ਦਿਨ ਵਾਲ ਕੱਟੀ ਪੁਲਿਸ ਹਿਰਾਸਤ ਵਿਚ ਰਹੀ । ਪੂਰੇ ਢਾਈ ਲੱਖ ਮਨਬੀਰ ਨੇ ਬਣਾਏ ।
ਪੰਜਾਹਸੱਠ ਪਰਧਾਨ ਲੈ ਗਿਆ । ਸਾਲ ਹੋ ਗਿਆ ਉਹਨਾਂ ਗੱਲਾਂ ਨੂੰ, ਮੁੜ ਕਿਸੇ ਨੇ ਚੂੰ ਨਹੀਂ ਕੀਤੀ । ਪਰਧਾਨ ਬੰਦਾ ਭਰੋਸੇ ਵਾਲਾ ਸੀ । ਇਹੋ ਨਹੀਂ, ਪੰਜਾਹ ਵਾਰ ਪਰਖਿਆ ਸੀ ਮਨਬੀਰ ਨੇ ।
ਹਰ ਤਿੱਥ ਤਿਉਹਾਰ ਨੂੰ ਬੰਨ੍ਹੇਬੰਨ੍ਹਾਏ ਪੈਸੇ ਮਿਲ ਜਾਦੇ ਹਨ । ਦੀਵਾਲੀ ਨੂੰ ਪਟਾਖੇ ਵੇਚਣ ਦੀ ਮਨਾਹੀ ਹੁੰਦੀ । ਚੁੱਪ ਕਰ ਕੇ ਪੰਜ ਹਜ਼ਾਰ ਦੇ ਨੋਟ ਫੜਾ ਗਿਆ । ਦੁਕਾਨਦਾਰ ਪਟਾਖੇ ਵੇਚਦੇ ਰਹਿਣ, ਪੁਲਿਸ ਨੂੰ ਕੀ ?
ਬੰਦਾ ਮਾਸਟਰ ਵੀ ਠੀਕ ਸੀ । ਉਸ ਨੇ ਉਸ ਸਮੇਂ ਜੌਹਰ ਦਿਖਾਏ, ਜਦੋਂ ਕਾਲਾ ਪੁਲਿਸ ਦੇ ਹੱਥ ਲੱਗਾ ਸੀ । ਕਾਲਾ ਚੋਰੀ ਤਾਂ ਸਾਰੇ ਇਲਾਕੇ ਵਿਚ ਕਰ ਜਾਂਦਾ ਪਰ ਹੱਥ ਕਦੇ ਨਾ ਆਦਾ ।
ਮਨਬੀਰ ਦੇ ਭਾਗਾਂ ਨੂੰ ਇਕ ਵਾਰ ਉਹ ਬਟੇਰਾ ਬਣ ਕੇ ਪੈਰ ਹੇਠਾਂ ਆ ਗਿਆ । ਪੁਲਿਸ ਨੂੰ ਚੋਰਾਂ ਕੋਲੋਂ ਖੱਟਣ ਨੂੰ ਕੁਝ ਨਹੀਂ ਹੁੰਦਾ । ਚੋਰ ਮਾਲ ਨੂੰ ਸੰਭਾਲੀ ਰੱਖਣ ਲਈ ਤਾਂ ਚੋਰੀ ਕਰਦੇ ਨਹੀਂ । ਮਾਲ ਖ਼ਰੀਦਣ ਵਾਲੇ ਉਹਨਾਂ ਨਾਲੋਂ ਵੀ ਤੇਜ਼ ਹਨ । ਚੋਰ ਅੱਗੇਅੱਗੇ,
ਮਾਲ ਖ਼ਰੀਦਣ ਵਾਲੇ ਪਿੱਛੇਪਿੱਛੇ ।
ਪੁਲਿਸ ਦਾ ਘਰ ਉਹਨਾਂ ਦੁਕਾਨਦਾਰਾਂ ਤੋਂ ਪੂਰਾ ਹੁੰਦਾ , ਜਿਹੜੇ ਭੁੱਲਭੁਲੇਖੇ ਚੋਰਾਂ ਤੋਂ ਮਾਲ ਖ਼ਰੀਦ ਲੈਂਦੇ ਹਨ । ਨਾਲੇ ਮਾਲ ਬਰਾਮਦ ਕਰੋ, ਨਾਲੇ ਚੋਰੀ ਦਾ ਮਾਲ ਖ਼ਰੀਦਣ ਦੇ ਜੁਰਮ ਤੋਂ ਬਰੀ ਕਰਨ ਦੀ ਫ਼ੀਸ ਲਵੋ । ਕਾਲੇ ਨੇ ਚੋਰੀਆਂ ਥੋਕ ਦੇ ਭਾਅ ਕੀਤੀਆਂ ਸਨ । ਪੱਖੇ, ਰੇਡੀਓ, ਟੀ.ਵੀ., ਕੈਮਰੇ, ਕੱਪੜਾ ਅਤੇ ਘੜੀਆਂ । ਸ਼ਹਿਰ ਦਾ ਕੋਈ ਦੁਕਾਨਦਾਰ ਅਜਿਹਾ ਨਹੀਂ ਸੀ, ਜਿਸ ਕੋਲ ਉਸ ਨੇ ਕੋਈ ਨਾ ਕੋਈ ਚੀਜ਼ ਨਹੀਂ ਸੀ ਵੇਚੀ । ਕਾਲਾ ਜਿਸ ਦੁਕਾਨ ਅੱਗੇ ਜਾ ਕੇ ਰੁਕਦਾ, ਉਸੇ ਦੁਕਾਨਦਾਰ ਨੂੰ ਕੰਬਣੀ ਛਿੜ ਜਾਦੀ । ਕਾਲਾ ਕਈ ਸਾਲ ਪਹਿਲਾਂ ਵੇਚੀ ਚੀਜ਼ ਦੀ ਯਾਦ ਦਿਵਾਦਾ । ਦੁਕਾਨਦਾਰ ਨੂੰ ਕੁਝ ਯਾਦ ਆਦਾ ਜਾਂ ਨਾ ਪਰ ਪੁਲਿਸ ਤੋਂ ਡਰਦਾ ਹਾਂ ਜ਼ਰੂਰ ਕਰ ਦਿੰਦਾ । ਉਸ ਸਮੇਂ ਦੁਕਾਨਦਾਰਾਂ ਤੋਂ ਪੈਸੇ ਇਕੱਠੇ ਕਰਨ ਦਾ ਕੰਮ ਮਾਸਟਰ ਨੇ ਬੜੀ ਹੁਸ਼ਿਆਰੀ ਨਾਲ ਕੀਤਾ ਸੀ ।
ਚੰਗੀ ਫ਼ੀਸ ਦੇ ਲਾਲਚ 'ਚ ਆ ਕੇ ਅਤੇ ਮਿੱਤਰਾਂ ਦੇ ਮਜਬੂਰ ਕਰਨ 'ਤੇ ਮਨਬੀਰ ਪਰੈਸ ਅਤੇ ਭਾਂਡਿਆਂ ਵਾਲਿਆਂ ਨੂੰ ਛੱਡਣ ਲਈ ਮੰਨ ਗਿਆ । ਚਲੋ ਬੰਟੀ ਦੇ ਹੋਰ ਸੁਰਾਗ਼ ਬਥੇਰੇ । ਘਰ ਆਈ ਮਾਇਆ ਨੂੰ ਧੱਕਣਾ ਨਹੀਂ ਚਾਹੀਦਾ ।
ਮਾਮਲਾ ਤੈਅ ਹੋਏ ਨੂੰ ਦੋ ਘੰਟੇ ਵੀ ਨਹੀਂ ਸੀ ਹੋਏ ਕਿ ਬਜ਼ਾਰ ਵਿਚ ਘੁਸਰਮੁਸਰ ਹੋਣ ਲੱਗ ਪਈ । ਮਨਬੀਰ ਦੇ ਦੋਸਤਾਂ ਨੇ ਉਸ ਨੂੰ ਸਾਵਧਾਨ ਕੀਤਾ । ਚੰਗਾ ਹੋਵੇ ਜੇ ਪੈਸੇ ਵਾਪਸ ਕਰ ਦਿੱਤੇ ਜਾਣ । ਕੁਝ ਬੰਦੇ ਮਾਲੀ ਤੌਰ 'ਤੇ ਕਮਜ਼ੋਰ ਸਨ । ਪਰਧਾਨ ਨੇ ਜ਼ਿਆਦਾ ਪੈਸੇ ਬਟੋਰ ਲਏ । ਮਨਬੀਰ ਨੇ ਮਾਸਟਰ ਨੂੰ ਫ਼ੋਨ ਕੀਤਾ । ਪਹਿਲਾਂ ਜਵਾਬ ਮਿਲਿਆ, ਘਰ ਨਹੀਂ । ਦੁਬਾਰਾ ਕੀਤਾ ਤਾਂ ਪਤਾ ਲੱਗਾ ਕੋਈ ਉਸ ਨੂੰ ਚੰਡੀਗੜ੍ਹ ਲੈ ਗਿਆ । ਤਿੰਨ ਦਿਨਾਂ ਦਾ ਪਰੋਗਰਾਮ ਸੀ । ਸੀ.ਆਈ.ਡੀ. ਵਾਲਿਆਂ ਦਾ ਫ਼ੋਨ ਆਇਆ । ਹੜਤਾਲ ਦੀ ਤਿਆਰੀ ਹੋ ਰਹੀ ਸੀ । ਘਬਰਾਏ ਮਨਬੀਰ ਨੇ ਪਰਧਾਨ ਨੂੰ ਫ਼ੋਨ ਕੀਤਾ । ਜਵਾਬ ਮਿਲਿਆ, ਉਹ ਮਨਬੀਰ ਦੇ ਕੰਮ ਹੀ ਕਿਧਰੇ ਗਿਆ ਹੋਇਆ ।
ਮਨਬੀਰ ਪਛਤਾਉਣ ਲੱਗਾ । ਕਿਧਰੇ ਲੈਣੇ ਦੇ ਦੇਣੇ ਨਾ ਪੈ ਜਾਣ । ਤਰੱਕੀ ਦੀ ਥਾਂ ਰਿਵਰਟ ਨਾ ਹੋ ਜਾਵੇ । ਉਹਦੇ ਖ਼ਿਲਾਫ਼ ਜਲਸੇ ਹੋਏ ਤਾਂ ਮੁੱਖ ਮੰਤਰੀ ਕੀ ਸੋਚੇਗਾ ? ਵਾਲ ਕੱਟੀ ਅਤੇ ਚੋਰੀਆਂ ਵੇਲੇ ਗੱਲ ਹੋਰ ਸੀ । ਉਸ ਸਮੇਂ ਦੇਣ ਵਾਲੇ ਕਸੂਰਵਾਰ ਸਨ । ਇਹ ਸਭ ਬੇਕਸੂਰ । ਪੈਸੇ ਕਾਹਦੇ ਦੇਣ ? ਪਰਧਾਨ ਦਾ ਵੱਟਾ ਵੀ ਭਾਰਾ । ਜ਼ਰੂਰ ਮੋਟੀ ਫ਼ੀਸ ਲਈ ਹੋਏਗੀ । ਅਗਲਿਆਂ ਨੇ ਤੜਫਣਾ
ਹੀ ਸੀ ।
ਯੁਵਾ ਸੰਘ ਵਿਚ ਮਨਬੀਰ ਦੀ ਬਹੁਤੀ ਸ਼ਾਖ਼ ਨਹੀਂ । ਸੰਘ ਨੂੰ ਪੁਲਿਸ ਖ਼ਿਲਾਫ਼ ਬੋਲਣ ਦਾ ਬਹਾਨਾ ਹੀ ਚਾਹੀਦਾ । ਉਹਨਾਂ ਨੂੰ ਚੁੱਪ ਕਰਾਉਣ ਵਾਲਾ ਮਨਬੀਰ ਦੇ ਹੱਥ ਵਿਚ ਕੋਈ ਬੰਦਾ ਨਹੀਂ । ਮਨਬੀਰ ਮੁੱਖ ਮੰਤਰੀ ਦਾ ਬੰਦਾ ਅਖਵਾਦਾ । ਮੁੱਖ ਮੰਤਰੀ ਦਾ ਵੀ ਕੋਈ ਬੰਦਾ ਮਨਬੀਰ ਦੀ ਮਦਦ ਨਹੀਂ ਸੀ ਕਰ ਸਕਦਾ ।
ਦਰਵੇਸ਼ ਨੂੰ ਥਾਣੇ ਬੁਲਾਉਣ ਲਈ ਮਨਬੀਰ ਨੇ ਗੱਡੀ ਭੇਜੀ । ਉਹਨੇ ਸਾਫ਼ ਨਾਂਹ ਕਰ ਦਿੱਤੀ । ਪੁਲਿਸ ਨੂੰ ਪੈਸੇ ਬਣਾਉਣ ਦੀ ਲੱਗੀ ਹੋਈ । ਦਰਵੇਸ਼ ਤਿੰਨਾਂ ਦਿਨਾਂ ਦਾ ਚੀਖ ਰਿਹਾ ਕਿ ਸਕੂਲ ਦਾ ਇਕ ਚਪੜਾਸੀ ਉਸੇ ਦਿਨ ਦਾ ਫ਼ਰਾਰ । ਉਸ ਦਿਨ ਬੰਟੀ ਨੂੰ ਕੁਲਫ਼ੀ ਦਿੰਦਾ ਦੇਖਿਆ ਗਿਆ । ਦਰਵੇਸ਼ ਦੇ ਆਖਣ 'ਤੇ ਜਦੋਂ ਪੁਲਿਸ ਇਕ ਵਾਰ ਵੀ ਉਸ ਦੀ ਘਰਵਾਲੀ ਨੂੰ ਥਾਣੇ ਬੁਲਾਉਣ ਦੀ ਤਕਲੀਫ਼ ਨਹੀਂ ਕਰ ਸਕਦੀ ਤਾਂ ਉਹ ਕਿ ਪੁਲਿਸ ਦਾ ਪੱਖ ਪੂਰੇ ? ਫ਼ੋਨ 'ਤੇ ਨਾਗਪਾਲ ਨਾਲ ਗੱਲ ਹੋਈ । ਥਾਣੇ ਆਉਣ 'ਚ ਉਸ ਨੂੰ ਵੀ ਇਤਰਾਜ਼ ਸੀ । ਮਸਲਾ ਗੰਭੀਰ ਹੁੰਦਾ ਜਾ ਰਿਹਾ ਸੀ । ਨਾਗਪਾਲ ਵੀ ਸ਼ਹਿਰ ਵਿਚ ਕੁਝ ਥਾਂ ਰੱਖਦਾ । ਖੁੱਲ੍ਹਮਖੁੱਲ੍ਹਾ ਪੁਲਿਸ ਦੀ ਮਦਦ ਕਰਨ 'ਤੇ ਨਾਗਪਾਲ ਦਾ ਵੀ ਜਲੂਸ ਨਿਕਲ ਸਕਦਾ । ਮਨਬੀਰ ਦੇ ਖ਼ਿਲਾਫ਼ ਉਹ ਸਾਰੇ ਬੰਦੇ ਉੱਠ ਖੜੇ ਹੋਏ ਹਨ, ਜਿਨ੍ਹਾਂ ਤੋਂ ਕਦੇ ਨਾ ਕਦੇ ਉਸ ਨੇ ਪੈਸੇ ਬਟੋਰੇ ਸਨ । ਪੁਲਿਸ ਦੇ ਹੱਕ ਦੀ ਗੱਲ ਕਰਨ ਵਾਲੇ ਨੂੰ ਉਹ ਸੂਈ ਬਘਿਆੜੀ ਵਾਂਗ ਪੈਂਦੇ ਹਨ ।
ਇਕੋ ਰਾਹ ਸੀ, ਗਿਰਫ਼ਤਾਰੀ ਦੇ ਬਹਾਨੇ ਪੁਲਿਸ ਨਾਗਪਾਲ ਕੋਲ ਆਵੇ । ਦੁਕਾਨ 'ਤੇ ਆ ਕੇ ਥੋੜ੍ਹਾਬਹੁਤਾ ਉੱਚਾਨੀਵਾਂ ਬੋਲਣ । ਧੱਕੇ ਨਾਲ ਜੀਪ 'ਚ ਬਿਠਾ ਕੇ ਥਾਣੇ ਲੈ ਜਾਣ । ਇਸੇ ਬਹਾਨੇ ਜਦੋਂ ਨਾਗਪਾਲ ਨੂੰ ਥਾਣੇ ਲਿਆਂਦਾ ਗਿਆ ਤਾਂ ਸਾਰੀ ਪੁਲਿਸ ਨੂੰ ਹੀ ਫ਼ਿਕਰ ਪੈ ਗਿਆ ।
ਗੁੱਸੇ 'ਚ ਮਨਬੀਰ ਦੀਆਂ ਮੁੱਠੀਆਂ ਕਈ ਵਾਰ ਬੰਦ ਹੋਈਆਂ । ਉਹੋ ਕੰਜਰ ਜਿਹੜੇ ਵਾਲ ਕਟੀ ਦੇ ਕੇਸ ਵਿਚੋਂ ਨਿਕਲਣ ਲਈ ਆਪਣੀ ਇਜ਼ਤ ਦਾ ਵਾਸਤਾ ਪਾਦੇ ਸਨ, ਟੋਪੀਆਂ, ਪਗੜੀਆਂ ਲਾਹ ਕੇ ਮਨਬੀਰ ਦੇ ਪੈਰੀਂ ਧਰਦੇ ਸਨ, ਹੁਣ ਉਸ ਖ਼ਿਲਾਫ਼ ਬੋਲਣ ਦੀ ਹਿੰਮਤ ਕਰ ਰਹੇ ਹਨ ।
ਸਭ ਤੋਂ ਮੂਹਰੇ ਬਾਂਸ ਬਾਹੀਆਂ ਵਾਲਾ ਪਰੇਮ ਸੀ । ਵਾਲ ਕੱਟੀ ਦਾ ਸਭ ਤੋਂ ਚਹੇਤਾ ਆਸ਼ਕ ।
ਉਹ ਆਖਦਾ ਕਿ ਇਸ ਥਾਣੇਦਾਰ ਨੂੰ ਬਾਣੀਏ ਲੁੱਟਣ ਦਾ ਭੁੱਸ ਪੈ ਗਿਐ । ਬਹਾਨੇ ਨਾਲ ਕੋਈ ਨਾ ਕੋਈ ਝੂਠੀ ਕਹਾਣੀ ਘੜ ਲੈਂਦਾ , ਫੇਰ ਥੋਕ ਦੇ ਭਾਅ ਪੈਸੇ ਬਟੋਰਦਾ । ਇਸ ਥਾਣੇਦਾਰ ਨੇ ਚੋਰਾਂ, ਠੱਗਾਂ ਨੂੰ ਤਾਂ ਖੁੱਲ੍ਹੀਆਂ ਛੁੱਟੀਆਂ ਦੇ ਰੱਖੀਆਂ ਹਨ, ਸ਼ਰੀਫ਼ਾਂ ਦੇ ਗਲ ਅੰਗੂਠਾ ਦੇ ਰੱਖਿਆ ।
ਸੀਤਾ ਸਰਾਫ਼ ਉਸ ਨਾਲ ਮੋਢਾ ਜੋੜੀ ਫਿਰਦਾ । ਸਭ ਤੋਂ ਵੱਧ ਚੋਰੀ ਦਾ ਮਾਲ ਉਹੋ ਖ਼ਰੀਦਦਾ । ਹੁਣ ਧੰਦਾ ਠੱਪ । ਅੱਕਿਆ ਆਖਦਾ ਕਿ ਮਨਬੀਰ ਸਿੱਖਾਂ ਦਾ ਸਮਰਥਕ ।
ਸਰਦਾਰ ਦਾ ਬੰਦਾ ਹੋਣ ਕਰਕੇ ਹਿੰਦੂਆਂ ਨੂੰ ਤੰਗ ਕਰਦਾ । ਸ਼ਹਿਰ ਵਿਚ ਹਿੰਦੂ ਥਾਣੇਦਾਰ ਲਾਇਆਾ ਜਾਵੇ ।
ਬੰਦੂਕਾਂ ਵਾਲੇ ਸ਼ਿੰਦੇ ਨੂੰ ਕੀ ਗਿਲਾ, ਇਹ ਸਮਝ ਨਹੀਂ ਆਈ । ਥੋੜ੍ਹਾਮੋਟਾ ਸਿਆਸਤ ਵਿਚ ਪੈਰ ਧਰਦਾ । ਚੋਣਾਂ ਦੇ ਦਿਨਾਂ ਵਿਚ ਜਿਸ ਉਮੀਦਵਾਰ ਦਾ ਪੱਲੜਾ ਭਾਰੀ ਹੋਵੇ, ਪੈਸੇ ਦੇ ਕੇ ਉਸ ਨਾਲ ਹੋ ਜਾਂਦਾ । ਇਕਦੋ ਫ਼ੋਟੋਆਂ ਖਿਚਵਾ ਲੈਂਦਾ , ਪਿੱਛੋਂ ਚੁੱਪ । ਥਾਣੇ ਕਦੇ ਨਹੀਂ ਆਇਆ, ਅਸਲੇ ਦਾ ਕੰਮ ਬੰਦ । ਕੋਈ ਠੱਗੀਠੋਰੀ ਕਰਨੀ ਹੋਊ । ਸੋਚਦਾ ਹੋਊ ਇੰਨੇ ਵਿਚ ਪੁਲਿਸ ਚੁੱਪ ਰਹੂ ਜਾਂ ਮੁੱਖ ਮੰਤਰੀ ਤੋਂ ਕਿਸੇ ਕੋਟੇ ਦੀ ਝਾਕ ਹੋਊ । ਸਿਆਸਤ ਵਿਚ ਸਰਗਰਮ ਰਹੇਗਾ ਤਾਂ ਹੀ ਮੰਤਰੀ ਦੀਆਂ ਨਜ਼ਰਾਂ ਵਿਚ ਆ ਸਕੇਗਾ ।
ਨਾਗਪਾਲ ਦੀ ਰਾਏ ਸੀ, ਜਿੰਨਾ ਜਲਦੀ ਹੋ ਸਕੇ ਦਰਵੇਸ਼ ਨੂੰ ਕਾਬੂ ਕੀਤਾ ਜਾਵੇ । ਉਹ ਹਲਫ਼ੀਆ ਬਿਆਨ ਇਕੱਠੇ ਕਰ ਰਿਹਾ । ਖ਼ਬਰਾਂ ਤਾਂ ਛਪਵਾਏਗਾ ਹੀ, ਨਾਲ ਪੜਤਾਲ ਵੀ ਕਰਾਏਗਾ ।
ਪਰੈਸਾਂ ਵਾਲੇ ਤਾਂ ਧੜਾਧੜ ਪੋਸਟਰ ਛਾਪ ਰਹੇ ਸਨ । ਪੋਸਟਰਾਂ ਤੋਂ ਵੀ ਘੱਟ ਖ਼ਤਰਾ ਨਹੀਂ ।
ਹਰ ਪੋਸਟਰ ਵਿਚ ਨਵਾਂ ਕਿੱਸਾ ਛਾਪਿਆ ਗਿਆ । ਕਿਸੇ ਵਿਚ ਵਾਲ ਕੱਟੀ ਵਾਲਾ ਅਤੇ ਕਿਸੇ ਵਿਚ ਚੋਰਾਂ ਵਾਲਾ । ਮੁੱਖ ਮੰਤਰੀ ਨੂੰ ਵੀ ਵਿਚੇ ਘੜੀਸਿਆ ਗਿਆ । ਇਹ ਪੋਸਟਰ ਕੰਧਾਂ 'ਤੇ ਲੱਗ ਗਏ ਤਾਂ ਮੁੱਖ ਮੰਤਰੀ ਖ਼ੁਦ ਹੀ ਨੁਕਸਾਨ ਕਰ ਸਕਦਾ । ਸਿਆਸਤਦਾਨਾਂ ਦਾ ਕੀ ?
ਕੰਮ ਲੈਣ ਵੇਲੇ ਹੋਰ, ਦੇਣ ਵੇਲੇ ਹੋਰ । ਪੁਲਿਸ ਵਾਂਗ ਇਹ ਵੀ ਕਿਸੇ ਦੇ ਮਿੱਤ ਨਹੀਂ ਹੁੰਦੇ । ਮਨਬੀਰ ਮਾਸਟਰ ਤੇ ਪਰਧਾਨ 'ਤੇ ਚਿੜ ਰਿਹਾ ਸੀ । ਇਕ ਚੰਡੀਗੜ੍ਹ ਤੁਰ ਗਿਆ, ਦੂਜਾ ਗ਼ਾਇਬ । ਕਿਸੇ ਨੇ ਹਾਲੇ ਪੈਸੇ ਨਹੀਂ ਦਿੱਤੇ । ਇਹ ਵੀ ਨਹੀਂ ਦੱਸਿਆ, ਕਿਸ ਤੋਂ ਕਿੰਨੇ ਲਏ ਹਨ । ਉਹਨਾਂ ਬਿਨਾਂ ਮੋੜਮੁੜਾਈ ਵੀ ਨਹੀਂ ਹੋ ਸਕਦੀ ।
ਪਰਧਾਨ ਨਾਲ ਗੱਲ ਹੋਈ ਤਾਂ ਉਹ ਅੱਖਾਂ ਫੇਰ ਗਿਆ । ਨਾ ਥਾਣੇ ਆਉਣ ਨੂੰ ਤਿਆਰ , ਨਾ ਮਨਬੀਰ ਨੂੰ ਘਰੇ ਬੁਲਾਉਣ ਨੂੰ । ਆਖਦਾ ਇਸ ਤਰ੍ਹਾਂ ਪਰਧਾਨ ਦੀ ਹੋਰ ਬਦਨਾਮੀ ਹੋਏਗੀ ।
ਮਨਬੀਰ ਨੂੰ ਚੁੱਪ ਕਰ ਕੇ ਬੈਠਣ ਦੀ ਸਲਾਹ ਦੇ ਰਿਹਾ । ਇਕਦੋ ਬੰਦੇ ਹੀ ਮਾੜੇ ਹਨ । ਪਰਧਾਨ ਆਪੇ ਸਾਂਭ ਲਏਗਾ । ਮਨਬੀਰ ਦਾ ਕੀ ? ਅੱਜ ਇਥੇ, ਕੱਲ ਉਥੇ । ਪਰਧਾਨ ਨੇ ਤਾਂ ਸ਼ਹਿਰ ਵਿਚ ਹੀ ਰਹਿਣਾ । ਇਕ ਵਾਰ ਉਹਦੀ ਬਦਨਾਮੀ ਹੋ ਗਈ ਤਾਂ ਲੀਡਰੀ ਖੁੱਸ ਜਾਏਗੀ ।
ਕੋਈ ਪਰਧਾਨ ਨੂੰ ਪੁੱਛੇ ਨੌਕਰੀ ਕੋਈ ਸੁਖਾਲੀ ਹੀ ਮਿਲ ਜਾਂਦੀ ? ਮਨਬੀਰ ਚੁੱਪ ਕਰ ਕੇ ਕਿਵੇਂ ਬੈਠ ਸਕਦਾ ?
ਜੇ ਸ਼ਹਿਰ ਵਾਲੇ ਹਿੰਦੂ ਸਿੱਖ ਦਾ ਸਵਾਲ ਬਣਾ ਲੈਣ, ਫੇਰ ਮਨਬੀਰ ਦਾ ਬਚਾਅ ਹੋ ਸਕਦਾ । ਜਥੇਦਾਰਾਂ ਨਾਲ ਮਨਬੀਰ ਦੀ ਪੂਰੀ ਯਾਰੀ । ਉਹ ਝੱਟ ਇਸ ਮਸਲੇ ਨੂੰ ਤੂਲ ਦੇ ਕੇ ਉਛਾਲ ਦੇਣਗੇ । ਹੱਥ ਮਜ਼ਬੂਤ ਕਰਨ ਲਈ ਮਨਬੀਰ ਨੇ ਆਪਣੇ ਖ਼ਾਸਖ਼ਾਸ ਸਿਪਾਹੀ ਬੁਲਾਏ ਅਤੇ ਹਦਾਇਤਾਂ ਜਾਰੀ ਕੀਤੀਆਂ । ਕਿਸਕਿਸ ਪਿੰਡ ਜਾਣਾ , ਕਿਹੜੇਕਿਹੜੇ ਜਥੇਦਾਰ ਨੂੰ ਮਿਲਣਾ । ਕੀਕੀ ਕਹਿਣਾ ? ਉਹ ਤਿਆਰੀ ਵਿਚ ਰਹਿਣ । ਛੋਟੇਮੋਟੇ ਜਲੂਸ ਦੀ ਲੋੜ ਕਿਸੇ ਸਮੇਂ ਵੀ ਪੈ ਸਕਦੀ ।
ਸੰਤਰੀ ਨੇ ਇਤਲਾਹ ਦਿੱਤੀ । ਅੱਧਾ ਬਜ਼ਾਰ ਬੰਦ ਹੋ ਗਿਆ । ਸੰਘ ਵਾਲੇ ਬਜ਼ਾਰ ਬੰਦ ਕਰਾਦੇ ਸਟੇਸ਼ਨ ਵੱਲੋਂ ਇਧਰ ਨੂੰ ਆ ਰਹੇ ਹਨ । ਕਈ ਟੋਲੀਆਂ ਬਣੀਆਂ ਹੋਈਆਂ ਹਨ । ਪੋਸਟਰ ਵੀ ਲੱਗ ਰਹੇ ਹਨ ।
ਮਨਬੀਰ ਨੇ ਪਰਧਾਨ ਨੂੰ ਆਖ਼ਰੀ ਵਾਰ ਫ਼ੋਨ ਮਿਲਾਇਆ । ਪਰਧਾਨ ਨੂੰ ਬੇਨਤੀ ਕੀਤੀ, ਕਿਵੇਂ ਨਾ ਕਿਵੇਂ ਪੈਸੇ ਵਾਪਸ ਕਰ ਦੇਵੇ ਜਾਂ ਸਾਰੇ ਪੈਸੇ ਮਨਬੀਰ ਕੋਲ ਭੇਜ ਦੇਵੇ । ਉਹ ਵਾਪਸ ਕਰਨ ਦਾ ਆਪੇ ਪਰਬੰਧ ਕਰ ਲਏਗਾ ।
ਪਰਧਾਨ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੰਦਾ । ਇਸ ਵੇਲੇ ਪੈਸੇ ਵਾਪਸ ਕਰਨੇ ਬਲਦੀ 'ਤੇ ਤੇਲ ਪਾਉਣ ਦੇ ਬਰਾਬਰ ਹੋਏਗਾ । ਪਰਧਾਨ ਇਕੋ ਰਟ ਲਾਈ ਬੈਠਾ ਸੀ । ਮਨਬੀਰ ਪਰਵਾਹ ਨਾ ਕਰੇ, ਪਰਧਾਨ ਆਪੇ ਸੰਭਾਲ ਲਏਗਾ । ਸੰਭਾਲੇਗਾ ਕਦੋਂ ? ਉਦੋਂ ਜਦੋਂ ਮਨਬੀਰ ਮੁਅੱਤਲ ਹੋ ਗਿਆ ।
''ਪਰਧਾਨ ਇਹ ਤੂੰ ਠੀਕ ਨਹੀਂ ਕਰ ਰਿਹਾ.....ਮੈਨੂੰ ਫਸਾ ਕੇ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ.....ਮੈਂ ਵੀ ਥਾਣੇਦਾਰ ਹਾਂ.....ਲੋੜ ਪੈਣ 'ਤੇ ਤੈਨੂੰ ਮੇਰੇ ਨਾਂ 'ਤੇ ਪੈਸੇ ਲੈਣ ਦੇ ਦੋਸ਼ ਵਿਚ ਗਿਰਫ਼ਤਾਰ ਵੀ ਕਰ ਸਕਦਾ ਹਾਂ.....।'' ਮਨਬੀਰ ਆਪੇ ਤੋਂ ਬਾਹਰ ਹੋ ਕੇ ਜੋ ਮੂੰਹ ਆਇਆ ਬੋਲੀ ਗਿਆ ।
''ਤੇਰੇ ਵਰਗੇ ਵੀਹ ਥਾਣੇਦਾਰ ਦੇਖੇ ਨੇ.....ਜੇ ਇਹੋ ਗੱਲ ਤਾਂ ਦੇਖ ਲਈਂ.....ਪਹਿਲਾਂ ਆਪਣੀ ਜਾਨ ਬਚਾ.....।'' ਪਰਧਾਨ ਦੀ ਆਵਾਜ਼ ਵੀ ਉਨੀ ਹੀ ਕੁਰੱਖਤ ਸੀ । ਨਾਅਰੇ ਉੱਚੀ ਹੁੰਦੇ ਜਾ ਰਹੇ ਸਨ । ਭੀੜ ਥਾਣੇ ਵੱਲ ਵਧਣ ਲੱਗੀ ਸੀ ।
....ਚਲਦਾ....