ਨਰੈਂਣਿਆਂ ਚਾਹ ਪੀ ਲੈ…ਸਵੇਰੇ ੪ ਕੁ ਵਜੇ 'ਤਾਈ ਨਿਹਾਲੀ' ਨੇ ਸੁੱਤੇ ਪਏ 'ਤਾਏ ਨਰੈਂਣੇ' ਨੂੰ ਹੌਲੀ ਕੁ ਦੇਣੇਂ ਪੋਲੀ ਜਿਹੀ ਅਵਾਜ਼ ਮਾਰਦਿਆਂ ਕਿਹਾ… ।
ਉਹ ਮੈਂਖਿਆ ਲਾਣੇਦਾਰਨੀਏ, ਬੱਸ ਚਾਹ-ਚੂਹ ਦੀ ਲੋੜ ਨਈਂ, ਪਰ ਮੈਨੂੰ ਵੋਟ ਜ਼ਰੂਰ ਪਾਇਓ, ਵੋਟ…।
ਵੇ ਉੱਠ ਕੇ ਚਾਹ ਪੀ ਲੈ ਚਾਹ…ਕਿੱਧਰ ਰਾਮ-ਰਾਮ, ਕਿੱਧਰ ਟੈਂਅ..ਟੈਂਅ…। ਤਾਈ ਨੇ ਫੇਰ ਦੁਬਾਰਾ ਤਾਏ ਦੇ ਪੈਰ ਨੂੰ ਥੋੜ੍ਹਾ ਝਟਕਾ ਜਿਹਾ ਮਾਰਿਆ…।
ਉ..ਹ ਬੱਸ ਮੈਂ ਥੋਨੂੰ ਬੇਨਤੀ ਕਰਦੈਂ..ਕਿ ਚਾਹ-ਚੂਹ ਨਾਲ ਤਾਂ ਬੱਸ ਸਭ ਟੈਂਕੀਆਂ ਫੁੱਲ ਨੇ…ਤੁਸੀ ਜ਼ਰਾ ਵੋਟ ਦਾ ਖਿਆਲ ਰੱਖਿਓ…ਭਾਵੇਂ ਅੱਧੀਆ ਹੀ ਪਾ ਦਿਓ…!
ਵੇ ਨਰੈਂਣਿਆਂ ਦੁੱਧ ਰਿੜਕਣ ਦਾ ਟੈਮ ਹੋ ਗਿਐ, ਧਾਰਾਂ ਕੱਢਣ ਵਾਲੀਆਂ ਪਈਆਂ ਨੇ…ਆਹ ਫੜ੍ਹ ਉੱਠਕੇ ਜਲਦੀ-ਜਲਦੀ ਚਾਹ ਦੀ ਘੁੱਟ ਡੱਫ ਲੈ…ਕਿਵੇਂ ਲੀਡਰਾਂ ਵਾਂਗੂੰ ਸੁਫਨੇ ਸਕਾਰਨ ਲੱਗਾ ਐਂ…ਨਾਲੋਂ ਨਾਲ ਹੀ ਤਾਈ ਨੇ ਇਸ ਵਾਰ ਤਾਏ ਨੂੰ ਗੁੱਟੋਂ ਫੜ੍ਹ ਝੰਜੋੜਾ ਜਿਹਾ ਮਾਰਦਿਆਂ ਉੱਠਾ ਕੇ ਬਿਠਾ ਦਿੱਤਾ।
ਉਹੋ…ਹੋ…ਨਿਹਾਲੀਏ, ਤੂੰ ਤਾਂ ਮੇਰੀ ਜ਼ਿੰਦਗੀ ਦਾ ਸੁਗਾਤਾਂ ਭਰਿਆ ਸੁਪਨਾ ਅੱਧ ਵਿਚਾਲੇ ਹੀ ਤੋੜ ਕੇ ਰੱਖ ਦਿੱਤੈ…!
ਨਰੈਂਣਿਆਂ… ਕੀਹਦੇ ਲਈ ਸੁਫਨੇ 'ਚ ਵੋਟਾਂ ਵਾਸਤੇ ਬੁੜਬੁੜਾਈ ਜਾਂਦਾ ਸੈਂ…।
ਉਏ ਨਿਹਾਲੀਏ ਕਮਲੀਏ…ਮੈਂ ਹੋਰ ਕੀਹਦੇ ਲਈ ਵੋਟਾਂ ਮੰਗਣੀਆਂ ਸੀ…ਮੈਂ ਤਾਂ ਆਪਣੇ ਬਾਰੇ ਹੀ ਅਰਜ਼ ਕਰਦਾ ਸੈਂ, ਸੁਪਨੇ 'ਚ ਤੇਰੇ ਪਤੀ ਨੂੰ ਐਮ.ਐਲ.ਏ. ਦੀ ਟਿਕਟ ਮਿਲਗੀ ਸੀ ਟਿਕਟ…।
ਵੇ ਫੋਟ ਨਰੈਂਣਿਆਂ, ਅਖੇ ਸੌਣਾਂ ਪਾਟੀਆਂ ਜੁੱਲੀਆਂ, ਤੇ ਉਪਰੋਂ ਸੁਪਨੇ ਲੈਣੇਂ ਸ਼ੀਸ਼ ਮਹਿਲ ਦੇ… ਤੈਨੂੰ ਤਾਂ ਕਿਸੇ ਨੇ ਪਿੰਡ ਦਾ ਜਮਾਂਦਾਰ ਵੀ ਨਹੀਂ ਲੱਗਣ ਦੇਣਾਂ, ਜਮਾਂਦਾਰ…, ਲੋਕ ਤਾਂ ਤੇਰੀ ਸਰਬਰਾ ਨੰਬਰਦਾਰੀ ਤੇ ਦੰਦੀਆਂ ਵੱਡਦੇ ਨੇ ਦੰਦੀਆਂ…ਜਿੱਦੇ ਦਾ ਤੂੰ ਤੇਜੂ ਨੰਬਰਦਾਰ ਦੇ ਵਿਦੇਸ਼ ਜਾਣ ਤੇ ਉਹਦੇ ਥਾਂ 'ਤੇ ਸਰਬਰਾ ਨੰਬਰਦਾਰ ਚੁਣਿਆ ਗਿਆ ਐਂ… ਸਾਡੇ ਆਪਣੇ ਸ਼ਰੀਕ ਤੇ ਬਾਕੀ ਤੈਨੂੰ ਨਾ ਚਾਹੁੰਣ ਵਾਲੇ ਕਾਫਰ ਲੋਕ ਉਦੇਂ ਦੇ ਅੰਦਰੋਂ-ਅੰਦਰ ਸੜ੍ਹ ਕੇ ਕੋਲੇ ਹੋਏ ਪਏ ਐ ਕੋਲੇ…! ਆਹ ਚਾਹ ਚੱਕ ਤੇ ਪੀ ਲੈ… ਫੇਰ ਹਲ ਜੋੜ ਕੇ ਟਾਈਮ ਨਾਲ ਪੈਲੀ ਵਾਹ ਆਵੀਂ…
ਉਏ ਨਿਹਾਲੀਏ ਚਾਹ-ਚੂਹ ਦੇ ਮਾਰ ਗੋਲੀ, ਇਹ ਤਾਂ ਸਾਰੀ ਦਿਹਾੜੀ ਪੀ ਹੀ ਜਾਣੀਂ ਐਂ…। ਜੇ ਤੂੰ ਚਾਹਵੇਂ ਤਾਂ ਮੈਂ ਤੈਨੂੰ ਹੁਣ ਵਾਲਾ ਸੱਜਰਾ-ਸੱਜਰਾ ਸੁਪਨਾ ਸੁਣਾ ਦੇਵਾਂ, ਤਾਂ ਤੂੰ ਦੰਗ ਰਹਿ ਜਾਵੇਂਗੀ ਦੰਗ…!
ਨਰੈਂਣਿਆਂ…ਫਟਾਫਟ ਕਰ, ਸੁਣਾ ਦੇ..ਉਤੋਂ ਚਿੜੀਆਂ ਚੀ ਚਹਿ-ਚਹਿ ਹੋਈ ਜਾਂਦੀ ਐ, ਕੰਮ ਨੂੰ ਕੁਵੇਲਾ ਹੋਈ ਜਾਂਦਾ…
ਨਿਹਾਲੀਏ ਤੈਨੂੰ ਪਤੈ…ਕਿ ਉਤੋਂ ਐਮ.ਐਲ.ਏ. ਦੀਆਂ ਵੋਟਾਂ ਨੇੜੇ ਆ ਰਹੀਆਂ ਹਨ ਮੇਰੇ ਸਾਰੇ ਯਾਰ-ਬੇਲੀ ਸੁਪਨੇ 'ਚ ਕੱਠੇ ਹੋ ਕੇ ਮੈਨੂੰ ਕਹਿੰਦੇ… ਕਿ ਤਾਇਆ ਇਸ ਵਾਰ ਤੈਨੂੰ ਆਪਣੇ ਹਲਕੇ ਤੋਂ ਇਲੈਕਸ਼ਨ ਲੜਾਉਨੈਂ… ਤੇ ਨਿਹਾਲੀਏ ਮੈਂ ਸੁਪਨੇ 'ਚ ਫਟਾਫਟ ਟਿਕਟ ਲੈਣ ਵਾਸਤੇ ਹਾਈਕਮਾਂਡ ਨੂੰ ਪੱਤਰ ਲਿਖਿਆ ਤੇ ਟਰੇਨ ਚੜ ਕੇ ਸੰਸਦ ਭਵਨ 'ਚ ਪਹੁੰਚ ਗਿਆ, ਜਿਉਂ ਹੀ ਉਥੇ ਮੈਂ ਆਪਣਾ ਲਿਖਿਆ ਪੱਤਰ ਅੰਦਰ ਭੇਜਿਆ…ਤਾਂ ਚੰਨ ਮਿੰਟਾਂ 'ਚ ਹੀ ਮੈਨੂੰ ਲਿਫਾਫਾ ਬੰਦ ਟਿਕਟ ਮੇਰੇ ਕੋਲ ਆ ਗਈ, ਤੇ ਨਾਲੇ ਟਿਕਟ ਫੜਾਉਣ ਆਏ ਸੰਤਰੀ ਨੇ ਮੈਨੂੰ ਦੱਸਿਆ, ਕਿ ਬਾਬਾ ਜੀ… ਇਹ ਲਿਫਾਫਾ ਤੁਸੀਂ ਰੇਲ ਗੱਡੀ ਦੇ ਪਲੇਟ ਫਾਰਮ ਤੇ ਪਹੁੰਚ ਕੇ ਹੀ ਖੋਲ੍ਹਣਾ ਹੈ ਫਟਾਫਟ ਵਾਪਸ ਪਲੇਟ ਫਾਰਮ ਤੇ ਪਹੁੰਚ ਜਾਵੋ। ੧੨ ਵਜੇ ਹਾਵੜਾ ਮੇਲ ਦਾ ਟੈਮ ਐ…
…ਤੇ ਨਰੈਂਣਿਆਂ ਫੇਰ…?
ਤੂੰ ਸੁਣੀਂ ਚੱਲ ਇੱਕ ਮਨ ਹੋ ਕੇ…ਕਿ ਨਿਹਾਲੀਏ ਮੈਂ ਜਿਉਂ ਹੀ ਪਲੇਟ ਫਾਰਮ ਤੇ ਪਹੁੰਚ ਕੇ ਸੰਸਦ ਭਵਨ 'ਚੋਂ ਪ੍ਰਾਪਤ ਹੋਇਆ ਟਿਕਟ ਵਾਲਾ ਬੰਦ ਲਿਫਾਫਾ ਖੋਲ੍ਹਿਆ…ਤਾਂ ਹੈਰਾਨ ਪ੍ਰੇਸ਼ਾਨ ਰਹਿ ਗਿਆ। ਕਿ ਮੈਨੂੰ ਟਿਕਟ ਮਿਲ ਗਈ।
ਵੇ ਨਰੈਂਣਿਆਾਂ ਤੂੰ ਕੋਈ ਸਿਫਾਰਸ਼ ਵੀ ਲਾਈ ਸੀ ਕਿ ਐ ਤੈਨੂੰ ਫਟਾਫਟ ਟਿਕਟ ਮਿਲਗੀ, ਉਹ ਵੀ ਮੁਫਤ…?
ਉਏ ਨਿਹਾਲੀਏ, ਉਹ ਟਿਕਟ ਜ਼ਰੁਰ ਸੀ ਪ੍ਰੰਤੂ ਉਹ ਉਮੀਦਵਾਰ ਟਿਕਟ ਥੋੜੋ ਸੈਂ…ਉਹ ਤਾਂ ਹਾਵੜਾ ਮੇਨ ਦੀ ਰਿਜ਼ਰਵ ਟਿਕਟ ਸੀ…।
ਉਏ ਹੋਏ…ਵੇ ਨਰੈਂਣਿਆਂ… ਫੇਰ ਤਾਂ ਤੇਰੇ ਨਾਲ ੪੨੦ ਹੋਈ…ਨਰੈਂਣਿਆ ਜ਼ਰੂਰ ਤੇਰੇ ਲਿਖੇ ਪੱਤਰ 'ਚ ਕੋਈ ਨਾਂ ਕੋਈ ਊਣਤਾਈ ਰਹਿਗੀ ਹੋਣੀਂ ਐ…ਕੀ ਲਿਖਿਆ ਸੀ ਤੂੰ ਪੱਤਰ 'ਚ…?
ਨਿਹਾਲੀਏ…ਮੈਨੂੰ ਲੱਗਦੈ…ਤੂੰ ਵੀਂ ਜ਼ਰੂਰ ਅੰਤਰਯਾਮੀ ਦੀ ਧੀਐ…।
ਨਰੈਂਣਿਆ ਕਿਵੇਂ…?
ਨਿਹਾਲੀਏ ਉਹ ਇਹ ਕਿ ਜਿਹੜਾ ਮੈਂ ਹਾਈਕਮਾਂਡ ਨੂੰ ਆਪਣੇ ਬਾਰੇ ਅਤੇ ਮੈਨੀਫੈਸਟੋ ਬਾਰੇ ਪੱਤਰ ਲਿਖਿਆ ਸੀ ਕਿ ਮੈਂ ਇੱਕ ਚੰਗੀ ਸੂਝ-ਬੂਝ ਰੱਖਣ ਵਾਲਾ ਨੇਕ ਇਨਸਾਨ ਹਾਂ, ਇਲਾਕੇ 'ਚ ਮੇਰੀ ਚੰਗੀ ਠਾਠ-ਬਾਠ ਬਣੀ ਹੋਈਐ, ਪੁਰਾਣੇ ਸਮੇਂ ਦੀਆਂ ੫ ਜਮਾਤਾਂ ਪਾਸ ਹਾਂ, ਆਦਿ-ਆਦਿ। ਜੇਕਰ ਤੁਸੀਂ ਮੈਨੂੰ ਟਿਕਟ ਦੀ ਕ੍ਰਿਪਾ ਕਰ ਦੇਵੋ, ਤਾਂ ਮੈਂ ਆਪਣਾ ਮੈਨੀਫੈਸਟੋ ਹੋਵੇਂਗਾ ਕਿ ਮੈਂ ਸਭ ਤੋਂ ਪਹਿਲਾਂ ਸਮਾਜ ਸੁਧਾਰ ਦੇ ਕੰਮ ਸ਼ੁਰੂ ਕਰਾਂਗਾ, ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾ ਕੇ ਰੱਖਾਂਗਾ, ਜਨ ਲੋਕਪਾਲ ਬਣਾਂਵਾਂਗਾ, ਮੇਰੇ ਵੱਲੋਂ ਆਪਨੂੰ ਕੋਈ ਸ਼ਿਕਾਇਤ ਨਹੀਂ ਆਵੇਗੀ……ਆਦਿ…ਵਿਸ਼ੇ…।
…ਤੇ ਨਰੈਂਣਿਆਂ ਇਹਦੇ 'ਚ ਤਾਂ ਕੋਈ ਵੀ ਮਾੜੀ ਗੱਲ ਨਹੀਂ ਐ…ਪਰ ਨਾਲੇ ਤੂੰ ਕਹਿੰਨੈ, ਕਿ ਮੈਨੂੰ ਟਿਕਟ ਰੇਲ ਦੀ ਮਿਲੀ, ਨਾਲੇ ਸੁਪਨੇ 'ਚ ਵੋਟਾਂ ਮੰਗਦਾ ਫਿਰਦਾ ਸੈਂ…!
ਉਏ ਸੁਣ ਤਾਂ ਲੈ ਪੂਰੀ ਗੱਲ…ਵਿਚਾਲਿਓ ਹੀ ਘੋੜਾ ਦਵੱਲ ਤੁਰਦੀ ਐਂ…! ਤੇ ਫੇਰ ਨਿਹਾਲੀਏ, ਇਹ ਗੱਲ ਮੈਂ ਆਪਣੇ ਦੋਸਤ ਸਰਵਣ ਪਤੰਗ ਨਾਲ ਸਾਂਝੀ ਕੀਤੀ…ਉਹ ਪਤੰਦਰ ਉਦੂੰਂ ਚੋਂਦਵੀ ਦਾ ਚੰਨ ਐ…ਮੈਨੂੰ ਕਹਿੰਦਾ ਕਿ ਤਾਇਆ, ਜੇ ਤੂੰ ਪੱਤਰ 'ਚ ਆਹ-ਆਹ ਮੈਨੀਫੈਸਟੋ ਪਾਵੇਂਗਾ, ਫੇਰ ਤੈਨੂੰ ਟਿਕਟ ਦੇ ਚਾਂਸ ਸੌ ਫੀਸਦੀ ਐ… ਭਾਵੇਂ ਮੇਰੇ ਨਾਲ ਸ਼ਰਤ ਲਗਾ ਲੈ…। ਫੇਰ ਨਿਹਾਲੀਏ, ਉਹਦੇ ਦਿੱਤੇ ਹੋਏ ਫਾਰਮੂਲੇ ਤੇ ਮੈਂ ਜਿਉਂ ਹੀ ਘਰ ਬੈਠ ਕੇ ਡਾਕ ਰਾਹੀਂ ਦੁਬਾਰਾ ਹਾਈਕਮਾਂਡ ਨੂੰ ਪੱਤਰ ਲਿਖਿਆ…ਤਾਂ ਕਮਾਲ ਹੀ ਹੋਗੀ, ਪੱਤਰ ਹਾਈਕਮਾਂਡ ਕੋਲ ਮਗਰੋਂ ਪਹੁੰਚਿਆਂ ਹੋਵੇਗਾ। ਪਰ ਟਿਕਟ ਆਪਾਂ ਨੂੰ ਘਰ ਬੈਠਿਆਂ ਨੂੰ ਪਹਿਲਾਂ ਹੀ ਪਹੂੰਚਗੀ…।
ਵੇ ਨਰੈਂਣਿਆਂ, ਫੇਰ ਤਾਂ ਕਮਾਲ ਹੋਗੀ, ਪਰ ਐਹੋ ਜਿਹੀ ਕਿਹੜੀ ਬੀਨ ਨਾਲ ਤੂੰ ਹਾਈਕਮਾਂਡ ਨੂੰ ਕੀਲ ਲਿਆ, ਕਿ ਤੈਨੂੰ ਪੱਤਰ ਲਿਖਣ ਨਾਲ ਹੀ ਘਰੇ ਬੈਠੇ ਨੂੰ ਟਿਕਟ ਆ ਗਈ, ਜ਼ਰਾ ਮੈਨੂੰ ਵੀ ਚਾਨਣਾ ਪਾ ਦੇ…!
ਨਿਹਾਲੀਏ ਪੱਤਰ 'ਚ ਮੈਂ ਲਿਖਿਆ ਸੀ ਕਿ ਸ਼੍ਰੀ ਮਾਨ ਜੀ, ਮੈਂ ਇੱਕ ਅਨਪੜ੍ਹ ਧੋਖੇਬਾਜ਼, ਜੁਆਰੀਆਂ ਤੇ ਦੇਸ਼ ਧਰੋਹੀ ਇਨਸਾਨ ਹਾਂ। ਮੈਂ ਇਸ ਹਲਕੇ ਤੋਂ ਚੋਣ ਲੜਨੀ ਹੈ। ਮੇਰਾ ਮੈਨੀਫੈਸਟੋ ਹੋਵੇਗਾ, ਕਿ ਮੈਂ ਆਪਣੇ ਏਰੀਏ 'ਚ ਵੱਧ ਤੋਂ ਵੱਧ ਗੁੰਡਾਗਰਦੀ, ਬਦਫੈਲੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ, ਨਸ਼ਾ ਗਰੀਬੀ, ਜ਼ਬਰ-ਜਨਾਹ ਅੰਧਵਿਸ਼ਵਾਸ-ਕੁਨਬਾਪ੍ਰਸਤੀ, ਅਰਾਜ਼ਕਤਾ ਅਤੇ ਹੋਰ ਸਮਾਜਿਕ ਵਿਸ਼ਿਆਂ ਨੂੰ ਬੜਾਵਾ ਦੇਣ ਲਈ ਤੱਤਪਰ ਰਹਾਂਗਾ, ਆਦਿ ਤੇ ਮੈਨੂੰ ਟਿਕਟ ਹਾਸਲ ਗਈ, ਪਰ ਪਤੰਦਰਾ ਨੇ ਚੋਣ ਨਿਸ਼ਾਨ ਨਹੀਂ ਚੱਜਦਾ ਦਿੱਤਾ…।
ਵਾਹ..ਨਰੈਂਣਿਆਂ..ਵਾਹ…! ਇਹ ਸੀ ਤੇਰੇ ਪੱਤਰ ਦੀ ਕਮਾਲ ਭਰੀ ਆਤਮਕਥਾ, ਪਰ ਕੀ ਐ…ਤੇਰਾ ਚੋਣ ਨਿਸ਼ਾਨ…। ਤੇ ਪਾਰਟੀ ਦਾ ਕੀ ਨਾਂਅ…?
ਨਿਹਾਲੀਏ…ਪਾਰਟੀ ਭਾਂਵੇਂ ਕੋਈ ਵੀ ਹੋਵੇ, ਸਵਾਦ ਸਾਰੀਆਂ ਦਾ ਇੱਕੋ ਜਿਹਾ ਹੀ ਹੁੰਦਾ ਹੈ ਪਰ ਚੋਣ ਨਿਸ਼ਾਨ ਹੈ "ਗੁੱਲੀ-ਡੰਡਾ…"! ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਮੈਂ ਕਿਹੜਾ ਜਵਾਕ ਐ..ਕਿ ਤੁਸੀਂ ਮੈਨੂੰ ਚੋਣ ਨਿਸ਼ਾਨ ਗੁੱਲੀ-ਡੰਡਾ ਦੇਈ ਜਾਂਦੇ ਹੋ…ਮੈਂ ਗੁੱਲੀ-ਡੰਡੇ ਨਾਲ ਖੇਡ ਖੇਡਣੀ ਐ…?
ਵੇ ਨਰੈਂਣਿਆਂ ਤੂੰ ਜਵਾਕ ਤਾਂ ਨਹੀਂ… ਪਰ ਤੇਰੀਆਂ ਗੱਲਾਂ ਜ਼ਰੂਰ ਜਵਾਕਾਂ ਵਰਗੀਆਂ ਨੇ…ਕਿ ਜਿਹੜਾ ਤੈਨੂੰ ਚੋਣ ਨਿਸ਼ਾਨ ਮਿਲਿਆ ਹੈ। ਉਸਦਾ ਅਸਲੀ ਮਕਸਦ ਇਹ ਹੈ ਕਿ ਜੋ ਸਾਡੇ ਦੇਸ਼ ਦੀ ਜੰਨਤਾ ਹੈ, ਉਹ ਹੈ ਗੁੱਲੀ ਤੇ ਤੁਸੀਂ ਹੋਵੋਂਗੇ ਖੁਦ ਡੰਡਾ, ਚੋਣ ਜਿੱਤਣ ਤੋਂ ਬਾਅਦ ਤੁਸੀਂ ੫ ਸਾਲ ਜੰਨਤਾ ਨੂੰ ਡੰਡੇ ਨਾਲ ਟੋਣਾ ਲਗਾ ਕੇ ਮੂਹਰੇ-ਮੂਹਰੇ ਘੁੰਮਾਈ ਜਾਣਾ ਹੈ।
ਬੱਲੇ-ਬੱਲੇ ਨਿਹਾਲੀਏ, ਤੂੰ ਫੜੀ ਐ ਅਸਲੀ ਰਮਜ਼…!
ਬੂਹ ਨਰੈਂਣਿਆਂ ਬਾਹਰ ਵੱਲ ਨੂੰ ਝਾਤੀ ਮਾਰ ਕੇ ਦੇਖ… ਤੇਰੇ ਸੁਫਨੇ ਨੇ ਤਾਂ ਅੱਜ ਮੈਨੂੰ ਚਿੱਟੇ ਨਸ਼ੇ ਵਰਗਾ ਚਿੱਟਾ ਦਿਨ ਚੜ੍ਹਾ ਕੇ ਰੱਖ ਦਿੱਤੈ…!