ਤੀਆਂ ਬਿਨ ਕਾਹਦਾ 'ਸਾਉਣ ਮਹੀਨਾ'
(ਲੇਖ )
ਸਾਉਣ ਮਹੀਨੇ ਨਾਲ ਪੰਜਾਬੀਆਂ ਦਾ ਇੱਕ ਵੱਖਰਾ ਹੀ ਰਿਸ਼ਤਾ ਹੈ। ਸਾਉਣ ਦਾ ਮਹੀਨਾ ਦੇਸੀ ਮਹੀਨਾ ਮੰਨਿਆ ਗਿਆ ਹੈ ਜੋ ਕਿ ਅੱਧੀ ਜੁਲਾਈ ਤੋਂ ਸ਼ੁਰੂ ਹੋ ਕੇ ਅੱਧ ਅਗਸਤ ਤੱਕ ਚਲਦਾ ਹੈ। ਜੇਠ-ਹਾੜ ਦੀ ਗਰਮੀ 'ਚ ਤਪਦੀਆਂ ਲੋਆਂ ਸਰੀਰ ਨੂੰ ਝੰਬ ਸੁੱਟਦੀਆਂ ਹਨ, ਜਿਸ ਕਰਕੇ ਹਰ ਕੋਈ ਸਾਉਣ ਦੇ ਮਹੀਨੇ ਦੀ ਉਡੀਕ ਕਰਦਾ ਹੈ ਕਿਉਂਕਿ ਇਸ ਮਹੀਨੇ ਮੀਂਹ ਜਿਆਦਾ ਪੈਂਦਾ ਹੈ। ਸਾਉਣ ਦੀ ਪਹਿਲੀ ਬਰਸਾਤ ਨਾਲ ਸਾਰਿਆਂ ਦੇ ਚਿਹਰੇ ਖਿੜ ਜਾਂਦੇ ਹਨ, ਖੂਹ ਟੋਭੇ ਸਭ ਪਾਣੀ ਨਾਲ ਭਰੇ ਵਿਖਾਈ ਦਿੰਦੇ ਹਨ ਅਤੇ ਮਿੱਟੀ ਭਰੇ ਦਰੱਖਤ ਮੀਂਹ ਨਾਲ ਧੋਤੇ ਜਾਣ ਕਰਕੇ ਲਿਸ਼ਕ ਉੱਠਦੇ ਹਨ। ਸਾਉਣ ਦੇ ਮਹੀਨੇ ਦੀ ਨਿੱਕੀ-ਨਿੱਕੀ ਕਣੀ ਦੇ ਮੀਂਹ ਵਿੱਚ ਭਿੱਜਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਇਸ ਮਹੀਨੇ ਚਾਰ ਚੁਫ਼ੇਰੇ ਚੜੀਆਂ ਕਾਲੀਆਂ ਘਟਾਂ ਨੂੰ ਦੇਖ਼ ਕੇ ਪਿੰਡਾਂ ਵਿੱਚ ਬੱਚੇ ਆਮ ਹੀ ਕਹਿੰਦੇ ਹਨ ਕਿ : ''ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਵਰਸਾ ਦੇ ਜ਼ੋਰੋ ਜ਼ੋਰ।''
ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸਾਉਣ ਦਾ ਮਹੀਨਾ ਆਉਣ ਤੋਂ ਪਹਿਲਾਂ ਕੱਚੇ ਘਰਾਂ ਨੂੰ ਮਿੱਟੀ ਨਾਲ ਚੰਗੀ ਤਰ•ਾਂ ਲਿੱਪਾ ਪੋਚੀ ਕੀਤੀ ਜਾਂਦੀ ਸੀ ਤਾਂ ਜੋ ਮੀਂਹ ਆਉਣ ਨਾਲ ਛੱਤਾਂ ਆਦਿ ਨਾ ਚਿਉਂਣ। ਸਾਉਣ ਮਹੀਨੇ ਅਸਮਾਨ ਵਿੱਚ ਕਾਲੀਆਂ ਘਟਾਵਾਂ ਬਨਣ ਤੇ ਭਾਵ ਮੀਂਹ ਆਉਣ ਤੋਂ ਪਹਿਲਾਂ ਮੋਰ ਵੀ ਪੈਲਾਂ ਪਾ ਕੇ ਮੌਸਮ ਦਾ ਅਨੰਦ ਮਾਣਦੇ ਹਨ। ਇਸ ਮਹੀਨੇ ਹਰ ਪਾਸੇ ਹਰਿਆਲੀ ਹੁੰਦੀ ਹੈ।
ਸਾਉਣ ਮਹੀਨੇ ਦੀ ਸਭ ਤੋਂ ਵੱਧ ਖੁਸ਼ੀ ਨਵ-ਵਿਆਹੀਆਂ ਕੁੜੀਆਂ ਨੂੰ ਹੁੰਦੀ ਹੈ, ਕਿਉਂਕਿ ਪਹਿਲਾ ਸਾਉਣ ਹੋਣ ਕਾਰਨ ਉਹ ਆਪਣੇ ਵੀਰ ਜਾਂ ਪਿਉ ਨੂੰ ਉਡੀਕਦੀਆਂ ਹਨ ਕਿ ਉਹ ਉਸਨੂੰ ਪੇਕੇ ਘਰ ਲੈ ਕੇ ਜਾਣ। ਇਸ ਮਹੀਨੇ ਮਾਪੇ ਆਪਣੀ ਧੀ ਲਈ ਜੋ ਫ਼ਲ, ਕੱਪੜੇ ਆਦਿ ਸਮਾਨ ਲੈ ਕੇ ਜਾਂਦੇ ਸਨ ਉਸਨੂੰ ਸੰਧਾਰਾ ਕਿਹਾ ਜਾਂਦਾ ਹੈ ਪਰ ਅਜੋਕੇ ਰੁਝੇਵਿਆਂ ਭਰੇ ਜ਼ਮਾਨੇ 'ਚ ਇਹ ਰਿਵਾਜ਼ ਖ਼ਤਮ ਹੁੰਦਾ ਜਾ ਰਿਹਾ ਹੈ।
ਪੇਕੇ ਘਰ ਜਾ ਕੇ ਨਵ-ਵਿਆਹੀ ਕੁੜੀ ਆਪਣੀਆਂ ਸਹੇਲੀਆਂ ਨਾਲ ਮਿਲਕੇ ਦੁਖ-ਸੁਖ ਕਰਦੀ ਹੈ। ਪਹਿਲੇ ਸਮਿਆਂ 'ਚ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਆਪਣੇ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਕਿਸੇ ਖੁੱਲ•ੀ ਹਵੇਲੀ, ਪਿੜ ਜਾਂ ਕਿਸੇ ਵੱਡੇ ਦਰੱਖਤ ਹੇਠ ਇਕੱਠੀਆਂ ਹੋ ਕੇ ਸਾਉਣ ਦੀਆਂ ਤੀਆਂ ਲਾਉਂਦੀਆਂ ਸਨ। ਸਾਰੀਆਂ ਇਕ ਦੂਜੀ ਤੋਂ ਵੱਧ ਕੇ ਗਿੱਧਾ, ਬੋਲੀਆਂ ਅਤੇ ਕਿੱਕਲੀ ਪਾ ਕੇ ਤੀਆਂ ਦਾ ਅਨੰਦ ਮਾਣਦੀਆਂ, ਦਰੱਖਤਾਂ ਦੇ ਵੱਡੇ ਟਾਹਣਿਆਂ ਤੇ ਪੀਘਾਂ ਪਾਉਂਦੀਆਂ ਅਤੇ ਇਕ ਦੂਜੀ ਤੋਂ ਵੱਧ ਪੀਂਘ ਝਟਾ ਕੇ ਦਰੱਖਤ ਦਾ ਪੱਤਾ ਤੋੜਨ ਦੀਆਂ ਸ਼ਰਤਾਂ ਲਾਉਂਦੀਆਂ। ਤੀਆਂ ਦੀਆਂ ਬੋਲੀਆਂ ਵਿੱਚ ਸੱਸਾਂ ਨੂੰ ਮੇਹਣੇ ਮਾਰਨੇ, ਨਕਲਾਂ ਕਰਨੀਆਂ ਆਮ ਹੀ ਸੀ। ਇਸ ਤਰ•ਾਂ ਉਹ ਹਰ ਰੋਜ਼ ਆਪਣੇ ਸਮੇਂ ਤੇ ਪਹੁੰਚ ਕੇ ਤੀਆਂ ਦੀਆਂ ਰੌਣਕਾਂ ਲਾਉਂਦੀਆਂ ਸਨ। ਜੇਕਰ ਸਾਉਣ ਦੇ ਮਹੀਨੇ ਕਿਸੇ ਮੁਟਿਆਰ ਦਾ ਮਾਹੀ ਉਸਨੂੰ ਲੈਣ ਵਾਸਤੇ ਆ ਜਾਂਦਾ ਤਾਂ ਉਹ ਉਸ ਨਾਲ ਮਿੱਠੀ ਨੋਕ-ਝੋਕ ਕਰਦੀ ਕਹਿੰਦੀ :-
''ਸਾਉਣ ਦਾ ਮਹੀਨਾ ਵੇ ਤੂੰ ਆਇਆਂ ਗੱਡੀ ਜੋੜ ਕੇ,
ਮੈਂ ਨੀਂ ਸਹੁਰੇ ਜਾਣਾ ਲੈਜਾ ਖਾਲੀ ਗੱਡੀ ਮੋੜ ਕੇ।''
ਸਾਉਣ ਮਹੀਨੇ ਪਿੰਡਾਂ ਦੇ ਘਰਾਂ 'ਚ ਖ਼ੀਰਾਂ ਅਤੇ ਮਾਲ•-ਪੂੜੇ ਬਣਦੇ, ਪਰ ਅਜੋਕੇ ਸਮੇਂ ਇਹਨਾਂ ਵਿਰਾਸਤੀ ਖਾਣਿਆਂ ਨੂੰ ਛੱਡ ਕੇ ਹਰ ਕੋਈ ਬਰਗਰ, ਪੀਜ਼ਾ, ਨਿਊਡਲ ਅਤੇ ਗੋਲਗੱਪਿਆਂ ਨੂੰ ਹੀ ਪਸੰਦ ਕਰਦਾ ਹੈ। ਅੱਜ ਮਨੁੱਖ ਦੀ ਅਣਗਹਿਲੀ ਕਾਰਨ ਨਾ ਕਿਤੇ ਖੁੱਲ•ੇ ਪਿੜ ਅਤੇ ਨਾ ਹੀ ਕਿਤੇ ਵੱਡੇ ਦਰੱਖ਼ਤ ਰਹੇ। ਜਿਸ ਕਰਕੇ ਤੀਆਂ ਮਨਾਉਣ ਦਾ ਰਿਵਾਜ਼ ਘਟਦਾ ਹੁੰਦਾ ਜਾ ਰਿਹਾ ਹੈ। ਅੱਜਕੱਲ ਸ਼ਹਿਰਾਂ 'ਚ ਕੁਝ ਔਰਤਾਂ ਕਿਸੇ ਪਾਰਕ ਆਦਿ ਵਿੱਚ ਤੀਆਂ ਮਨਾਉਂਦੀਆਂ ਹਨ, ਜੋ ਕਿ ਬਨਾਉਟੀ ਜਿਹਾ ਜਾਪਦਾ ਹੈ।
ਇਸ ਤਰ•ਾਂ ਦਿਨ ਲੰਘਦੇ ਜਾਂਦੇ। ਅੰਤ ਸਾਉਣ ਦਾ ਮਹੀਨਾ ਖ਼ਤਮ ਹੋਣਾ ਹੁੰਦਾ ਹੈ ਅਤੇ ਪੂਰਨਮਾਸ਼ੀ ਨੂੰ ਰੱਖੜੀ ਹੁੰਦੀ ਹੈ। ਮੁਟਿਆਰਾਂ ਆਪਣੇ ਵੀਰਾਂ ਦੇ ਗੁੱਟਾਂ ਤੇ ਰੱਖੜੀ ਬੰਨ• ਕੇ ਆਪਣੇ ਵੀਰਾਂ ਦੀ ਉਮਰ ਲੰਮੀ ਦੀਆਂ ਦੁਆਵਾਂ ਕਰਦੀਆਂ ਹਨ। ਅੰਤ ਤੀਆਂ ਅਤੇ ਰੱਖੜੀ ਦਾ ਤਿਉਹਾਰ ਮਨਾ ਕੇ ਵਿਆਂਦੜਾਂ ਆਪਣੇ ਮਾਹੀਏ ਨਾਲ ਆਪਣੇ ਸਹੁਰੇ ਪਿੰਡ ਨੂੰ ਚੱਲ ਪੈਂਦੀਆਂ ਹਨ। ਅਗਲੇ ਮਹੀਨੇ ਭਾਦੋਂ ਦਾ ਮਹੀਨਾ ਸ਼ੁਰੂ ਹੁੰਦਾ ਹੈ 'ਤੇ ਮੁਟਿਆਰ ਕਹਿੰਦੀ ਹੈ : ''ਸਾਉਣ ਇਕੱਠੀਆਂ ਕਰੇ 'ਤੇ ਭਾਦੋਂ ਚੰਦਰੀ ਵਿਛੋੜੇ ਪਾਵੇ।''