ਮੱਝ ਦਾ ਸਗਨਾਂ ਨਾਲ ਸਵਾਗਤ
(ਪਿਛਲ ਝਾਤ )
ਸਾਡਾ ਪੰਜਾਬੀ ਵਿਰਸਾ ਬਹੁਤ ਅਮੀਰ ਹੈ । ਦੁੱਖ ਸੁੱਖ ਦੀਆਂ ਰਸਮਾਂ ਲਈ ਬਹੁਤ ਵਿਹਾਰ ਬਣੇ ਹੋਏ ਹਨ। ਬੱਚੇ ਦੇ ਜਨਮ ਤੋ ਲੈ ਕੇ ਵਿਆਹ ਤੱਕ ਬਹੁਤ ਵੀ ਸ਼ਗਨ ਵਿਚਾਰੇ ਜਾਂਦੇ ਹਨ। ਰਸਮਾਂ ਕੀਤੀਆਂ ਜਾਂਦੀਆਂ ਹਨ। ਤੇ ਇਹ ਕੋਸਿਸ ਕੀਤੀ ਜਾਂਦੀ ਹੈ ਕਿ ਇਹਨਾ ਰਸਮਾਂ ਵਿੱਚ ਸਮਾਜ, ਕੁਨਬੇ ਤੇ ਰਿਸ਼ਤੇਦਾਰਾਂ ਦੀ ਸਮੂਲੀਅਤ ਯਕੀਨੀ ਬਨਾਈ ਜਾਵੇ। ਨਾਨਕਿਆਂ ਦਾਦਕਿਆਂ ਭੈਣ ਭਨੋਈਏ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਤੌ ਇਲਾਵਾ ਪਿੰਡ ਦੇ ਰਾਜੇ (ਨਾਈ) ਤੇ ਬ੍ਰਾਹਮਣ ਨੂੰ ਵੀ ਸਾਮਿਲ ਕੀਤਾ ਜਾਵੇ।ਇਹ ਰਸਮਾਂ ਸਾਡੇ ਖੇਤਾਂ, ਫਸਲਾਂ, ਪਸੂਆਂ ਤੇ ਹੋਰ ਕਾਰੋਬਾਰ ਨਾਲ ਵੀ ਜੁੜੀਆਂ ਹੁੰਦੀਆਂ ਹਨ।
ਮੈਨੂੰ ਯਾਦ ਹੈ ਜਦੋ ਅਸੀ ਪਿੰਡ ਰਹਿੰਦੇ ਹੁੰਦੇ ਸੀ ਤੇ ਮੈ ਅਜੇ ਪੰਜਵੀ ਛੇਵੀ ਵਿੱਚ ਹੀ ਪੜ੍ਹਦਾ ਸੀ। ਗਰਮੀ ਦੇ ਦਿਨ ਸਨ ਜਦੋ ਮੇਰੀ ਮਾਤਾ ਨੇ ਮੇਰੇ ਛੋਟੇ ਭਰਾ ਨੂੰ ਦੁੱਧ ਦਾ ਗਿਲਾਸ ਦਿੱਤਾ ਤਾਂ ਮੈ ਵੀ ਦੁੱਧ ਪੀਣ ਦੀ ਜਿਦ ਕਰ ਲਈ। ਉਸ ਸਮੇ ਘਰੇ ਹੋਰ ਦੁੱਧ ਨਹੀ ਸੀ। ਨਾਲ ਲੱਗਦੇ ਮੇਰੇ ਚਾਚਾ ਜੀ ਘਰੋ ਦੁੱਧ ਪੁੱਛਿਆ ਗਿਆ ਉਹਨਾ ਦੇ ਵੀ ਦੁੱਧ ਨਹੀ ਸੀ।aਹਨਾ ਘਰੋ ਵੀ ਦੁੱਧ ਵਲੋ ਜਬਾਬ ਮਿਲਣ ਤੇ ਪਿੰਡ ਵਿਚਲੀਆਂ ਇਕ ਦੋ ਦੁਕਾਨਾ ਤੋ ਦੁੱਧ ਲੈਣ ਲਈ ਗਏ ਪਰ ਕੁਦਰਤੀ ਦੁੱਧ ਕਿਤੋ ਨਾ ਮਿਲਿਆ। ਇਹ ਵੇਖਕੇ ਮੇਰੇ ਪਾਪਾ ਜੀ ਪ੍ਰੇਸ਼ਾਨ ਹੋ ਗਏ। ਉਹਨੀ ਦਿਨੀ ਉਹ ਹਰਿਆਣੇ ਦੇ ਜਿਲ੍ਹਾ ਹਿਸਾਰ ਦੇ ਸੇਖੂਪੁਰ ਦੜੋਲੀ ਹਲਕੇ ਵਿੱਚ ਮਾਲ ਪਟਵਾਰੀ ਲੱਗੇ ਹੋਏ ਸਨ।ਫਿਰ ਜਦੋ ਉਹ ਆਪਣੇ ਹਲਕੇ ਵਿੱਚ ਗਏ ਤਾਂ ਰੋਜਮਰਾ ਅਨੁਸਾਰ ਨੰਬਰਦਾਰ ਹਜਾਰੀ ਰਾਮ ਬਿਸ਼ਨੋਈ ਨੇ ਰਾਤ ਨੂੰ ਦੁੱਧ ਪੀਣ ਲਈ ਆਖਿਆ। ਪਰ ਮੇਰੇ ਪਾਪਾ ਜੀ ਨੇ ਦੁੱਧ ਪੀਣ ਤੌ ਇਨਕਾਰ ਕਰ ਦਿੱਤਾ ਅਤੇ ਪ੍ਰੇਸ਼ਾਨ ਜਿਹੇ ਹੋ ਗਏ। ਨੰਬਰਦਾਰ ਦੇ ਬਾਰ ਬਾਰ ਪੁੱਛਣ ਤੇ ਉਹਨਾ ਦੱਸਿਆ ਕਿ ਮੈ ਤਾਂ ਇੱਥੇ ਦੁੱਧ ਪੀ ਲੈਂਦਾ ਹਾਂ ਪਰ ਮੇਰੇ ਬੱਚੇ ਦੁੱਧ ਤੌ ਤਰਸਦੇ ਹਨ ਉਹਨਾ ਨੂੰ ਮੁੱਲ ਵੀ ਦੁੱਧ ਨਹੀ ਮਿਲਦਾ। ਫਿਰ ਮੇਰਾ ਦੁੱਧ ਪੀਣ ਦਾ ਕੀ ਫਾਇਦਾ।ਚਲੋ ਆਪਾਂ ਘਰ ਵਾਸਤੇ ਮੱਝ ਹੀ ਖਰੀਦ ਲੈਂਦੇ ਹਾਂ। ਨੰਬਰਦਾਰ ਦੇ ਇਸ ਸੁਝਾਉ ਤੇ ਪਾਪਾ ਜੀ ਦਾ ਚੇਹਰਾ ਖਿੜ੍ਹ ਗਿਆ। ਪਿੰਡ ਵਿਚੋ ਇੱਕ ਸੱਜਰ ਸੂਈ ਮੱਝ ਦੇਖਕੇ ਪਸੰਦ ਕਰ ਲਈ ਗਈ।ਮਾਲਿਕ ਨੇ ਮੱਝ ਦਾ ਮੁੱਲ ਇਕ ਹਜਾਰ ਮੰਗਿਆ ਤੇ ਕਰ ਕਰਾ ਕੇ ਨੋ ਸੋ ਰੁਪਏ ਵਿੱਚ ਸੋਦਾ ਹੋ ਗਿਆ। ਹੁਣ ਮੱਝ ਨੁੰ ਉਹ ਤੋਰਕੇ ਹੀ ਸਾਡੇ ਪਿੰਡ ਲਿਆਉਣਾ ਸੀ। ਦੋ ਆਦਮੀ ਕੋਈ ਡੇਢ ਦੋ ਸੋ ਕਿਲੋਮੀਟਰ ਮੱਝ ਨਾਲ ਆਉਣੇ ਸਨ। ਪਾਪਾ ਜੀ ਸਾਨੂੰ ਘਰੇ ਇਹ ਖੁਸਖਬਰੀ ਦੇਣ ਲਈ ਬੱਸ ਰਾਹੀ ਪਹਿਲਾ ਹੀ ਪਿੰਡ ਆ ਗਏ। ਉਹਨਾ ਬੰਦਿਆ ਨੂੰ ਰਸਤੇ ਵਿੱਚ ਕੋਈ ਟਰੈਕਟਰ ਟਰਾਲੀ ਮਿਲ ਗਈ ਜਿਸ ਨਾਲ ਉਹਨਾ ਦਾ ਕੁਝ ਸਫਰ ਘੱਟ ਗਿਆ। ਤੇ ਕੁਝ ਰਸਤੇ ਵਿੱਚ ਹੀ ਉਹਨਾ ਨੂ ਇੱਕ ਟੈਪੂ ਮਿਲ ਗਿਆ ਜਿਸ ਨੇ ਉਹਨਾ ਦਾ ਕੁਝ ਪੰਧ ਹੋਰ ਸੋਖਾ ਕਰ ਦਿੱਤਾ।ਇਸ ਨਾਲ ਉਹਨਾ ਬੰਦਿਆ ਤੇ ਮੱਝ ਨੂੰ ਕਾਫੀ ਆਰਾਮ ਮਿਲ ਗਿਆ।
ਹੁਣ ਘਰੇ ਮੱਝ ਦੇ ਸਵਾਗਤ ਤੇ ਸੰਭਾਲ ਦੀਆਂ ਤਿਆਰੀਆਂ ਸੁਰੂ ਸਨ। ਵਿਹੜੇ ਦੀ ਇਕ ਨੁਕਰ ਚ ਇਕ ਮਜਬੂਤ ਜਿਹਾ ਕਿੱਲਾ ਗੱਡਿਆ ਗਿਆ। ਕਿਉਕਿ ਖੁਰਲੀ ਇੰਨੀ ਜਲਦੀ ਬਣ ਨਹੀ ਸੀ ਸਕਦੀ ਸੋ ਗੁਆਢ ਤੌ ਇਕ ਟੋਕਰੇ ਦਾ ਪ੍ਰਬੰਧ ਕੀਤਾ ਗਿਆ। ਗੁਆਢੀਆਂ ਦੇ ਹੀ ਇੱਕ ਪੰਡ ਤੂੜੀ ਤੇ ਕੁਝ ਹਰਾ ਚਾਰਾ ਲਿਆਦਾ ਗਿਆ। ਸਭ ਤੌ ਜਰੂਰੀ ਕੰਮ ਮੱਝ ਦੀ ਆਮਦ ਤੇ ਉਸ ਦੇ ਸ਼ਗਨ ਮਨਾਉਣੇ ਤੇ ਰਸਮਾਂ ਅਨੁਸਾਰ ਸਵਾਗਤ ਕਰਨਾ। ਇਕ ਛੱਜ ਵਿੱਚ ਕੁਝ ਵੜੇਵੇਂ ਚਾਂਦੀ ਦਾ ਰੁਪਈਆ, ਗੁੜ ਤੇ ਪਾਣੀ ਦੀ ਗੜਵੀ ਭਰਕੇ ਰੱਖੀ ਗਈ।ਦੋ ਦਿਨਾਂ ਦੇ ਚੱਲੇ ਉਹ ਦੋਵੇ ਬੰਦੇ ਮੱਝ ਲੈਕੇ ਸਵੇਰੇ ਚਾਰ ਸਾਢੇ ਚਾਰ ਵਜੇ ਦੇ ਕਰੀਬ ਸਾਡੇ ਘਰੇ ਪਹੁੰਚੇ। ਉਹਨਾ ਦੇ ਕੁੰਡਾ ਖੜਕਾਉਣ ਤੇ ਅਸੀ ਸਾਰਾ ਟੱਬਰ ਉਠ ਖੜਾ। ਮੇਰੀ ਮਾਂ ਨੇ ਮੱਝ ਦੇ ਸ਼ਗਨ ਮਨਾਏ। ਚਾਂਦੀ ਉਸ ਦੇ ਮੱਥੇ ਨਾਲ ਛੁਹਾਈ।ਮੱਝ ਦੇ ਮਗਰ Lਿੰਕ ਪਿਆਰਾ ਜਿਹਾ ਕੱਟਾ ਸੀ ਜ਼ੋ ਬਹੁਤ ਥੱਕਿਆ ਲੱਗਦਾ ਸੀ। ਫਿਰ ਮੱਝ ਨੂੰ ਪਾਣੀ ਪਿਲਾਇਆ ਤੇ ਖਾਣ ਲਈ ਹਰਾ ਚਾਰਾ ਪਾਇਆ। ਇਸ ਤਰਾਂ ਮੱਝ ਦੀ ਆਮਦ ਸਾਡੇ ਪਰਿਵਾਰ ਲਈ ਖੁਸੀਆਂ ਲਿਆਈ।ਅਸੀ ਕਈ ਸਾਲ ਉਸ ਮੱਝ ਦਾ ਦੁੱਧ ਪੀਂਦੇ ਰਹੇ।ਮੇਰੀ ਮਾਂ ਦੀ ਦੁੱਧ ਤੇ ਪੁੱਤ ਵਾਲੀ ਰੀਝ ਵੀ ਪੂਰੀ ਹੋ ਗਈ।ਇਸ ਤਰਾਂ ਘਰੇ ਆਈ ਮੱਝ ਦਾ ਸਗਨ ਮਨਾਕੇ ਕੀਤਾ ਗਿਆ ਸਵਾਗਤ ਮੇਰੀਆਂ ਯਾਂਦਾ ਦਾ ਹਿੱਸਾ ਬਣ ਗਿਆ।