ਮੱਖੀ ਤੇ ਮਨੁੱਖ (ਕਹਾਣੀ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਠੰਡੇ ਪਾਣੀ ਦੇ ਛਿਟਿਆਂ ਅਤੇ ਜਾਣੀ ਪਹਿਚਾਣੀ ਆਵਾਜ਼ “ਪਰਗਟਾ ਅਖਾਂ ਖੋਹਲ” ਨੇ ਅਧ-ਬਿਹੋਸ਼ੀ ਦੀ ਹਾਲਤ ਵਿਚੋਂ ਨਿਕਲਣ ਦੀ ਮੱਦਦ ਕੀਤੀ। ਅੱਧ ਮੀਟੀਆਂ ਅਖਾਂ ਰਾਹੀਂ ਪੈਰਾਂ ਵਲ ਖੜੇ ਇਕ ਜਾਣੇ ਪਛਾਣੇ ਚੇਹਰੇ ਦੀ ਝੱਲਕ ਨੂੰ ਨਿਹਾਰ ਰਿਹਾ ਸਾਂ, ਯਕੀਨ ਜਿਹਾ ਨਹੀਂ ਸੀ ਆ ਰਿਹਾ । ਡੋਰ ਭੋਰ ਹੋਏ ਨੂੰ ਉਸ ਫੇਰ ਆਖਿਆ “ ਪਛਾਣਿਆਂ ਨਹੀਂ ?ਮੈਂ ਹਾਂ ਗੁਰਤੇਜ। ਕਮਲਿਆ ਇਡਾ ਵਡਾ ਕਦਮ ਚੁਕਣ ਤੋਂ ਪਹਿਲਾਂ ਆਪਣੇ ਬੇਬੇ ਬਾਪੂ ਬਾਰੇ ਤਾਂ ਸੋਚਦਾ ਜਿ ਕੋਈ ਭਾਣਾ ਬੀਤ ਜਾਂਦਾ ਤਾਂ ਉਹਨਾ ਤੇ ਕੀ ਬੀਤਦੀ।ਆਹ  ਦੋਂ ਨੇ ਤਾਂ ਕਿਸੇ ਅਣ ਡਿਠੀ ਧਰਤੀ ਵਲ ਚਾਲੇ ਪਾ ਦਿਤੇ ਹਨ ਬਾਕੀ ਦੇ ਸਤ ਹਾਲੇ ਬੇਸੁਰਤ ਪਏ ਹਨ ਇਕ ਤੂੰ ਹੀ ਹੈਂ ਜਿਸ ਨੇ ਅੱਖ ਪੱਟੀ ਹੈ। ਨਾ ਕੋਈ ਚਿਠੀ ਚੁਠੀ ਨਾ ਕੋਈ ਟੈਲੀਫੂਨ ਬਸ ਮੂੰਹ ਚੁਕ ਕੇ ਅਮਰੀਕਾ ਨੂੰ ਤੁਰ ਪਿਆ ਜਿਵੇਂ ਅਮਰੀਕਾ ਵਿਚ ਮਾਸੀ ਬੈਠੀ ਆ। ਤੇਰੀ ਜੇਬ ਵਿਚ ਜੇ ਮੇਰਾ ਟੈਲੀਫੂਨ ਨੰਬਰ ਨਾ ਹੁੰਦਾ ਤਾਂ ਤੂੰ ਵੀ ਲਾਵਾਰਸ ਹੀ ਬਣ ਜਾਣਾ ਸੀ “ 
ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਗੁਰਤੇਜ ਨੇ ਇਹ ਕਹਿੰਦਿਆਂ ਰੋਕ ਦਿਤਾ “ ਤੇਰੀ ਰਾਜੀ ਖੁਸ਼ੀ ਪੁਜਣ ਦੀ ਮੈਂ ਖਬਰ ਕਰ ਦਿਤੀ ਹੈ । ਆਰਾਮ ਕਰ ਲਾ, ਗੱਲਾਂ ਕਰਨ ਨੂੰ ਬਹੁਤ ਸਮਾ ਪਿਆ ਹੈ ”  ਲਾਗੇ ਹੀ ਗੁਰਦਵਾਰਾ ਹੈ ਪਹਿਲਾਂ ਸਤਗੁਰਾਂ ਦੇ ਚਰਨਾ ਵਿਚ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ। ਤੁਰਨ ਲਗੇ ਤਾਂ ਏਜੰਟ ਨੇ ਇਕ ਕਾਗਜ਼ ਅਗੇ ਕਰਦਿਆਂ ਆਖਿਆ ‘ ਜਾਣ ਤੋਂ ਪਹਿਲਾਂ ਇਸ ਤੇ ਦਸਤਖਤ ਕਰਨੇ ਪੈਣਗੇ “
‘ਉਹ ਕਿਊਂ ?’ ਗੁਰਤੇਜ ਨੇ ਜਾਨਣਾ ਚਾਹਿਆ।
‘ਬਕਾਇਆ ਰਕਮ ਵਸੂਲਣ ਲਈ ‘ ਏਜੰਟ ਨੇ ਉਤਰ ਦਿੰਦਿਆਂ ਆਖਿਆ ‘ਆਹ ਦੋ ਮਰੇ ਨਹੀਂ, ਸਾਡੀ ਰਕਮ ਮਰੀ ਹੈ।’
‘ਕੁਝ ਸ਼ਰਮ ਕਰੋ’ ਗੁਰਤੇਜ ਨੇ ਗੁੱਸੇ ਵਿਚ ਕਿਹਾ।
‘ਸਰਦਾਰਾ ਇਹ ਮਤ ਇਹਨਾ ਨੂੰ ਦੇਉ,ਸਾਨੂੰ ਨਹੀਂ, ਸਾਡਾ ਤਾਂ ਵਿਉਪਾਰ ਆ।‘
 ਗੁਰੂ  ਦੀ ਹਜੂਰੀ ਵਿਚ ਜਾ ਕੇ ਮੇਰੀਆਂ ਧਾਂਹਾਂ ਨਿਕਲ ਗਈਆਂ ਗੁਰਤੇਜ ਨੇ ਕਲਾਵੇ ਵਿਚ ਲਿਆ ਗਿਆਨੀ ਜੀ ਨੇ ਦਿਲਾਸਾ ਦਿਤਾ। ਅਰਦਾਸ ਉਪਰੰਤ ਹੁਕਮ ਨਾਮਾ ਲਿਆ ।           
                               ਸੋਰਠ ਮਹਲਾ 5
                   ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ॥
                   ਦਰਸ਼ਣ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਬੀਚਾਰੈ॥
                   ॥ 1॥ ਮੇਰਾ ਵੈਦ ਗੁਰੂ ਗੋਵਿੰਦਾ॥ ਹਰ ਹਰ ਨਾਮ ਅਉਖਧੁ
                    ਮੁਖ ਦੇਵੈ ਕਾਟੇ ਜਮ ਕੀ ਫੰਧਾ ॥1॥ ਰਹਾਉ॥ 
                   ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੇ ਹਾਰਾ॥
                   ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥ 2 ॥ 6 ॥34॥ ਪੰਨਾ  618
ਗਿਆਨੀ ਜੀ ਨੇ ਪ੍ਰਸ਼ਾਦ ਵਰਤਾਇਆ ਅੱਤੇ ਨਾਲ ਹੀ ਆਖ ਦਿਤਾ ਲੰਗਰ ਨੂੰ ਚਲੋ ਚਾਹ ਵੀ ਤਿਆਰ ਹੈ।
ਚਾਹ ਪੀਂਦਿਆਂ ਗੁਰਤੇਜ ਨੇ ਗੱਲ ਛੇੜ ਲਈ ।“ ਮੈਂ , ਸੀ-ਮੈਨ ਵੀਜ਼ੇ ਤੇ ਆਇਆ ਸੀ ,ਖਰਚਾ ਵੀ ਘੱਟ ਹੋਇਆ ਸੀ ਰਾਹ ਵਿਚ ਕੋਈ ਖਜਲ ਖੁਆਰੀ ਵੀ ਨਹੀਂ ਸੀ ਹੋਈ ,ਪਰ ਤੇਰੇ ਦਿਲ ਵਿਚ, ਪੜ੍ਹ ਕੇ ਦੇਸ਼ ਦੀ ਸੇਵਾ ਦਾ ਭੂਤ ਸਵਾਰ ਸੀ, ਹੁਣ ਕੀ ਬਿਲੀ ਛਿੱਕ ਗਈ? ਵਾਧੂ ਖਰਚ ਵੀ ਕੀਤਾ ਜਾਨ ਦੀ ਵੀ ਬਾਜ਼ੀ ਲਾ ਦਿਤੀ “
             “ ਕਈ ਸਾਲ ਟਕਰਾਂ ਮਾਰਨ ਉਪਰੰਤ ਪ੍ਰਾਪਤ ਕੀਤੀ ਡਿਗਰੀ,  ਨੌਕਰੀ ਲਈ ਲੋੜੀਂਦੀਆਂ ਵਸਤੂਆਂ ( ਰੁਪਿਆ , ਸਫਾਰਸ਼, ਰਿਜ਼ਰਵੇਸ਼ਨ) ਵਲੋਂ ਕੋਰਾ ਹੋਣ ਕਾਰਨ ਬਸ ਗਿਦੜ ਪ੍ਰਵਾਨਾ ਹੀ ਹੋ ਨਿਬੜੀ । ਜਦ ਕਿਤੇ ਨੋਂਹ ਨਾ ਫੱਸਿਆ ਤਾਂ ਕਰਜਾਈ ਹੋਏ ਬਾਪੂ ਅਗੇ ਫੇਰ ਹੱਥ ਜੋੜੇ ਤਾਂ ਉਸਨੇ ਆਖਰੀ ਕਿਲਾ ਵੀ ਗਹਿਣੇ ਰਖ ਕੇ ਦਲਾਲ ਦੀ ਝੋਲੀ ਭਰ ਦਿਤੀ। ਚਾਰ ਮਹੀਨੇ ਨਾ ਤਾਂ ਬਾਪੂ ਨੂੰ ਮੇਰੀ ਕੋਈ ਉੱਘ ਸੁੱਘ ਸੀ ਅਤੇ ਨਾ ਹੀ ਮੈਨੂੰ ਆਪਣੇ ਹਦੂ-ਦਰਬੇ ਦਾ ਕੋਈ ਗਿਆਨ ਸੀ।ਪਤਾ ਨਹੀਂ ਕਿਥੇ ਕਿਥੇ ਭੌਂਦੇ ਰਹੇ । ਆਖਰ ਇਕ ਜੰਗਲ ਜਿਹੇ ਵਿਚ ਮਾਮੂਲੀ ਖੋਰਾਕ ਤੇ ਦਿਨ ਕਟ ਰਹੇ ਸੀ, ਫੇਰ ਇਕ ਦਿਨ ਇਕ ਵੱਡਾ ਸਾਰਾ ਟਰੱਕ ਆ ਖਲੋਤਾ ਏਜੰਟ ਨੇ ਕੰਟੇਨਰ ਦਾ ਬੂਹਾ ਖੋਲ ਆਖਿਆ ਚਲੋ  ਹੋਵੋ  ਸਵਾਰ ਬੰਦੇ ਲਗੇ ਇਕ ਦੂਸਰੇ ਵਲ ਦੇਖਣ ਤਾਂ ਏਜੰਟ ਨੇ ਕਿਹਾ  ਮੇਰਾ ਮੂੰਹ ਕੀ ਦੇਖਦੇ ਹੋ ਸਵਾਰ ਹੋਵੋ ਮੇਰੇ ਪਾਸ ਇਨਾ ਸਮਾ ਨਹੀਂ। ਦਸ ਬੰਦੇ ਜਾਨਵਰਾਂ ਵਾਂਗ ਕੰਟੇਨਰ ਵਿਚ ਤੁੱਨ ਕੇ ਜਦ ਬੂਹਾ ਬੰਦ ਕਰ ਦਿਤਾ। ਹੁਮਸ ਤਾਂ ਘੁਪ ਹਨ੍ਹੇਰਾ ਨਾਲ ਜਾਨ ਨਿਕਲਣ ਲੱਗੀ । ਬਸ ਅਗੇ ਦਸਣ ਦੀ, ਲੋੜ ਨਹੀਂ ਤੈਂ ਆਪ ਹੀ ਦੇਖ ਲਿਆ ”
  ਕੋਲ ਬੈਠੇ ਗਿਆਨੀ ਜੀ ਨੇ ਆਖਿਆ “ਬੇਟਾ ਸ਼ੁਕਰ ਕਰੋ ਕਿਸੇ ਟਿਕਾਣੇ ਤਾਂ ਲਗੇ, ਗੁਰੂ ਮਹਾਰਾਜ ਭਲੀ ਕਰਨਗੇ । ਹਰ ਰੋਜ ਡਰਾਉਣੀਆਂ ਖਬਰਾਂ ਸੁਣ ਕੇ ਦਿਲ ਦਹਿਲ ਜਾਂਦਾ ਹੈ ਬਹੁਤ ਸਾਰੇ ਤਾਂ ਸਮੁੰਦਰ ਦੀ ਭੇਟਾ ਹੋ ਜਾਂਦੇ ਹਨ । ਆਜ਼ਾਦ ਹੋਇਆਂ, ਪੌਣੀ ਸਦੀ ਹੋਣ ਵਾਲੀ ਹੈ,ਪਰ ਨਸ਼ਾ ਅਤੇ ਜਨੂੰਨ ਦੀਆਂ ਹੀ ਖਬਰਾਂ ਸੁਣੀਦੀਆਂ ਹਨ। ਸਮਝ ਨਹੀਂ ਆਉਂਦੀ, ਗੁਰੂਆਂ ਪੀਰਾਂ ਦੀ ਧੱਰਤੀ ਨੂੰ ਕਿਸ ਦਾ ਸਰਾਫ ਪੈ ਗਿਆ। ਬੇਟਾ ਹੁਣ ਆ ਗਏ ਹੋ ਤਾਂ ਜਿਨਾਂ ਚਿਰ ਕਿਤੇ ਕੰਮ ਨਹੀਂ ਮਿਲਦਾ ਗੁਰਾਂ ਦੇ ਦਰਵਾਜ਼ੇ ਖੁੱਲੇ ਹਨ, ਬਸ ਕੋਈ ਬਦਫੈਲੀ ਨਹੀਂ ਕਰਨੀ ਅਤੇ ਕੁਝ ਸਮਾਂ ਗੁਰੂ ਘਰ ਵਿਚ ਲੰਗਰ ਦੀ ਜਾਂ ਹੋਰ ਸਾਫ ਸਫਾਈ ਦੀ ਸੇਵਾ ਕਰਨੀ।“
        ਗੁਰਤੇਜ ਨੇ ਜਾਣਕਾਰੀ ਲਈ ਪੁਛਿਆ “ ਪੜ੍ਹਾਈ ੳਪਰੰਤ ਤੇਰਾ ਕੀ ਇਰਾਦਾ ਸੀ “
‘ਮੈਂ ਐਮ ੲੈ ਇੰਗਲਿਸ਼ ਦੀ ਸੈਕੰਡ ਡਵੀਜ਼ਨ ਵਿਚ ਕੀਤੀ ਆ । ਮੈਂ ਚਾਹੁੰਦਾ ਸੀ ਕਿਤੇ ਪਰੋਫੈਸਰ ਲਗ ਜਾਮਾਂ ਪਰ ਉਥੇ ਸਿਫਾਰਸ਼ ਤੋਂ ਬਗੈਰ ਤਾਂ ਪੱਤਾ ਵੀ ਨਹੀ ਹਿਲਦਾ, ਬਸ ਤੰਗ ਆ ਕੇ ਬਾਹਰ ਆਉਣ ਦੀ ਸੋਚੀ “
“ ਫੇਰ ਹੁਣ ਕੀ ਇਰਾਦਾ ਹੈ ?” ਜਾਨਣ ਲਈ ਗੁਰਤੇਜ ਨੇ ਪੁਛਿਆ।
“ ਮੈਂ ਲੈਕਚਰਾਰ ਲੰਗਣਾ ਚਾਹੁੰਦਾ ਹਾਂ “ 
ਮੇਰੇ ਉੁਤਰ ਤੇ ਗੁਰਤੇਜ ਨੇ ਕਿਹਾ “ ਮੈਨੂ ਤਾਂ ਜ਼ਿਆਦਾ ਤਜਰਬਾ ਨਹੀਂ ਤੇਰੀ ਭਰਜਾਈ ਵੀ ਪੜ੍ਹਾਂਉਦੀ ਹੈ ਉਸ ਦੀ ਰਾਏ ਲਵਾਂਗਾ।”
      ਦੋ ਹੱਫਤੇ ਲੰਘ ਗਏ ਗੁਰਤੇਜ ਨਾ ਆਪ ਆਇਆ ਅਤੇ ਨਾ ਕੋਈ ਸੁਨੇਹਾ ਹੀ ਦਿਤਾ । ਗਿਆਨੀ ਜੀ ਤੋਂ ਪੁਛਿਆ, ਕੀ ਅਮਰੀਕਾ ਵਿਚ ਦੋਸਤੀਆਂ ਰਿਸ਼ਤੇਦਾਰੀਆਂ ਵਿਚ ਇਨੀ ਖੁਸ਼ਕੀ ਆ ਗਈ ਹੈ।“
“ਬੇਟਾ ਘਬਰਾ ਨਾ ਗੁਰੂ ਮਹਾਰਾਜ ਤੇ ਡੋਰੀ ਰਖ ਸਭ ਕੁਝ ਠੀਕ ਹੋ ਜਾਵੇਗਾ। ਕਈ ਦਫਾ ਕੰਮ ਵਿਚ ਰੁਝਿਆ ਬੰਦਾ ਸੱਭ ਕੁਝ ਭੁਲ ਜਾਂਦਾ ਹੈ । ਤੈਨੂੰ ਤਾਂ ਪਤਾ ਹੀ ਹੈ ਸੰਸਾਰ ਵਿਚ ਕੱਮ ਪਿਆਰਾ ਹੈ ਚੱਮ ਨਹੀਂ। “  
ਦੋ ਹਫਤਿਆਂ ਬਾਅਦ ਗੁਰਤੇਜ ਨੇ ਆ ਕੇ ਦਸਿਆ ਤੇਰੀ ਭਰਜਾਈ ਕਹਿੰਦੀ ਹੈ ਕਿ “ਅਮਰੀਕਾ ਵਿਚ ਆ ਕੇ ਟੀਚਰ ਜਾਂ ਪ੍ਰੋਫੇਸਰ ਲਗਣ ਲਈ “ਕੁਰਡੈਂਸਲ “ ਜ਼ਰੂਰੀ ਹੈ ਜਿਸ ਲਈ ਪੜ੍ਹਨਾ ਪੈਂਦਾ ਹੈ ਫੇਰ ਅੱਗੇ ਬੰਦੇ ਦੀ ਕਿਸਮਤ ਅੰਗਰੇਜ਼ੀ ਦੇ ਟੀਚਰਾਂ ਪ੍ਰਫੈਸਰਾਂ ਦੀ ਬੁਹਤਾਤ ਹੋਣ ਕਾਰਨ  ਪਤਾ ਨਹੀਂ ਕਿਨਾ ਚਿਰ ਇੰਤਰਾਜ਼ ਕਰਨਾ ਪਵੇ । ਸਾਇਂਸ ਅਤੇ ਹਿਸਾਬ ਦੇ ਟੀਚਰਾਂ ਦੀ ਵਕਤ-ਬ-ਵਕਤ ਲੋੜ ਪੈਂਦੀ ਰਹਿੰਦੀ ਹੈ।“  ਮੇਰੀ ਸਲਾਹ ਮਨੇ ਤਾਂ ਉਨਾ ਚਿਰ ਕੋਈ ਛੋਟਾ ਮੋਟਾ ਕੰਮ ਕਰ ਲੈ । ਮੈਂ ਕੰਮ ਲਭਣ ਦਾ  ਯਤਨ ਕਰ ਰਿਹਾ ਹਾਂ ਜਿਸ ਵਿਚ ਪੜ੍ਹਾਈ ਦੀ ਇਡੀ ਜ਼ਰੂਰਤ ਨਹੀਂ । ਮੈਂ ਯੂਬਾ ਸਿਟੀ ਆਪਣੇ ਇਕ ਦੋਸਤ ਨੂੰ ਤੇਰੇ ਕੰਮ ਲਈ ਟੈਲੀਫੂਨ ਕਿਤਾ ਸੀ। ਉਸ ਨੇ ਕਿਹਾ ਖੇਤਾਂ ਦਾ ਕੰਮ ਬਹੁਤ ਸਖਤ ਹੈ ਉਸਤੋਂ ਨਹੀਂ ਹੋਣਾ ,ਖੈਰ ਘਬਰਾ ਨਾ ਮੈਂ ਕੋਈ ਨਾ ਕੋਈ ਕੰਮ  ਲੱਭ ਹੀ ਲਵਾਂਗਾ।“ ਗੁਰਤੇਜ ਨੇ ਦਿਲਾਸਾ ਦਿੰਦਿਆਂ ਆਖਿਆ।
“ਮੈਂ ਰਾਤ ਦੀ ਸ਼ਿਫਟ ਤੇ ਜਾਣਾ ਹੈ ਮੈਨੂੰ ਕੁਝ ਕਾਹਲ ਹੈ ਫੇਰ ਮਿਲਾਂਗਾ ” ਇਨੀ ਗੱਲ ਆਖ ਗੁਰਤੇਜ ਤੁਰਨ ਲਗਾ ਤਾਂ ਮੈਂ ਹੱਥ ਫੜਦਿਆਂ ਆਖਿਆ ‘ਭਰਜਾਈ ਨੂੰ ਤਾਂ ਮਿਲਾ ਦਿੰਦਾ। ‘
‘ਭਰਜਾਈ ਕਿਤੇ ਦੌੜ ਨਹੀਂ ਚਲੀ! ਸਮਾਂ ਆ ਲੈਣ ਦੇ ਰਜ ਕੇ ਮਿਲ ਲਵੀਂ ‘ ਗੁਰਤੇਜ ਨੇ ਹਸਦੇ ਹੋਇਆਂ ਉਤਰ ਦਿਤਾ।
ਗੁਰਤੇਜ ਦੇ ਜਾਣ ਉਪਰੰਤ ਗਿਆਨੀ ਜੀ ਨੇ ਆਖਿਆ ‘ਬੇਟਾ ਗੁਰਤੇਜ ਬਹੁਤ ਹੀ ਸਿਆਣਾ ਤੇ ਨੇਕ ਬੰਦਾ ਹੈ ਹਰ ਇਕ ਦੀ ਮਦਦ ਕਰਨ ਦਾ ਯਤਨ ਕਰਦਾ ਹੈ । ਜਦ ਤੇਨੂੰ ਵੀ ਕਿਤੇ ਕੰਮ ਮਿਲ ਗਿਆ ਤਾਂ ਟਬਰ ਨੂੰ ਵੀ ਮਿਲਾ ਦੇਵੇਗਾ, ਬੇਟਾ ਫੇਰ ਤੂੰ ਬੋਝ ਨਹੀਂ ਲਗੇਗਾਂ ਗੁਰਤੇਜ ਨੇ ਤੇਰੇ ਭਲੇ ਦੀ ਗੱਲ ਕੀਤੀ ਹੈ। ਉਂਜ ਉਹ  ਵੀ ਬੜੀ ਨੇਕ ਔਰਤ ਹੈ । ਜਦ ਕਦੇ ਗੁਰਤੇਜ ਨਾਲ ਗੁਰਦਵਾਰੇ ਆਉਂਦੀ ਹੈ ਤਾਂ ਬਹੁਤ ਸੇਵਾ ਕਰਦੀ ਹੈ।‘
    ਉਡੀਕਦੇ ਨੂੰ ਹਫਤਾ ਲੰਘ ਗਿਆ ਗੁਰਤੇਜ ਵਲੋਂ ਕੋਈ ਥੋਹ ਪਤਾ ਨਾ ਆਇਆ। ਦਿਨ ਰਾਤ ਸੋਚਾਂ ਵਿਚ ਲੰਘ ਰਿਹਾ ਸੀ। ਮਾਂ ਦੀ ਕਹੀ ਗੱਲ ( ਤੁਰਿਆ ਤੁਰਿਆ ਜਾਂ ਕਰਮਾ ਦਾ ਖਟਿਆ ਖਾਹ) ਦਾ ਚੇਤਾ ਆਉਂਦਿਆਂ ਹੀ ਕਰਮਾ ਨੂੰ ਕੋਸਣ ਲਗ ਜਾਂਦਾ। ਕਈ ਵੇਰ ਇਕ ਆਹ ਜਹੀ ਨਾਲ ਆਖਦਾ ਰੱਬਾ, ਮੈਂ ਤੇਰੇ ਕੀ ਮਾਂਹ ਮਾਰ ਲਏ ਜੋ ਤੈਨੂੰ ਮੇਰੇ ਤੇ ਤਰਸ ਹੀ ਨਹੀਂ ਆਉਂਦਾ। ਬਸ ਅਗਰ ਕੋਈ ਸਹਾਰਾ ਦਿਸਦਾ ਸੀ ਤਾਂ ਉਹ ਗਿਆਨੀ ਜੀ ਦਾ ਸੀ। ਦਿਨ ਵਿਚ ਇਕ ਵੇਰ ਆ ਕੇ ਦਿਲਾਸਾ ਦੇਣ ਦੇ ਨਾਲ ਨਾਲ ਕੋਈ ਨਾ ਕੋਈ ਕੰਮ  ਵੀ ਦਸ ਜਾਂਦੇ।
  ਵਡਾ ਹਾਲ ਵੈਕਿਉਮ  ਕਰ ਕੇ ਆਪਣੇ ਕਮਰੇ ਵਿਚ ਆ ਕੇ ਕੁਝ ਆਰਾਮ ਕਰਨ ਲਗਾ, ਨੀਂਦ ਦਾ ਝੂਟਾ ਜਿਹਾ ਆਇਆ ਹੀ ਸੀ ਕਿ  ਗੁਰਤੇਜ ਨੇ ਆ ਕਿ ਆਖਿਆ ‘ਆਹ ਵੀ ਕੋਈ ਸੌਣ ਦਾ ਵੇਲਾ, ’ ਮੈਂ ਸੋਚਿਆ ਤੁਹਾਡੇ ਲਈ ਕੋਈ ਫਰੂਟ ਹੀ  ਲੈ ਚਲਾਂ।‘ ‘ਫਰੂਟ ਨੇ ਖਾਧੀ ਕੜ੍ਹੀ ਮੈਨੂੰ ਕੰਮ ਚਾਹੀਦਾ ਮਹੀਨਾ ਹੋ ਚਲਿਆ ਅਮਰੀਕਾ ਆਏ ਨੂੰ ‘ ਕੁਝ ਹਿਰਖ ਕਰਦਿਆਂ ਮੈਂ ਆਖਿਆ।
‘ਕੰਮ ਪੁਛਣ ਲਈ ਹੀ ਫਰਿਜ਼ਨੋ ਗਿਆ ਸੀ ਹਾਲੇ ਗਲਬਾਤ ਸ਼ੁਰੂ ਹੀ ਕੀਤੀ ਸੀ ਕਿ ਟੈਲੀਫੂਨ ਆ ਗਿਆ ਕਿ ਅਜ ਜੇਹੜਾ ਨਵਾਂ ਮੁੰਡਾ ਕੰਮ ਤੇ ਰਖਿਆ ਉਹ ਗਰਮੀ ਨਾਲ ਬੇਹੋਸ਼ ਹੋ ਗਿਆ ਇਹ ਗੱਲ ਸੁਣਦਿਆਂ ਹੀ ਫਾਰਮਰ ਦੋਸਤ ਆਖਣ ਲਗਾ ‘ਗੁਰਤੇਜ ਬਾਈ ਮੁਆਫ ਕਰੀਂ ਨਮੇਂ ਮੁੰਡੇ ਨੂੰ ਕੰਮ ਤੇ ਰਖਣ ਦਾ ਮੈਨੂੰ ਸੱਬਕ ਮਿਲ ਗਿਆ  ਦੋ ਮਹੀਨੇ ਓਸ਼ਾ ਆਲਿਆਂ ਨਾਲ ਮਗਜ਼ ਖਪਾਈ ਨੂੰ ਥਾਂਹ ਹੋ ਗਿਆ ਕਿਦਾਂ ਨਿਬੜੂ ਪਤਾ ਨਹੀਂ ।‘
‘ ਓਸ਼ਾ ਵਾਲੇ ਉਹ ਕੌਣ?’
ਲਮੀਂ ਚੌੜੀ ਗੱਲ ਆ, ਮੈਨੂੰ ਕਾਹਲ ਆ ,ਸਮੇਂ ਨਾਲ ਤੈਨੂੰ ਆਪੇ ਪਤਾ ਲਗ ਜਾਂਣਾ।‘ ਝੋਲਾ ਅਗੇ ਕਰਦਾ ਹੋਇਆ ਆਹ ਤੁਹਾਡੇ ਲਈ ਕੂਝ ਫਰੂਟ ਹੈ ਗਿਆਨੀ ਜੀ ਨਾਲ ਸਾਂਝਾ ਕਰ ਲਈਂ ।‘
ਫਰੂਟ ਵਾਲਾ ਝੋਲਾ ਚੁਕ ਮੈਂ ਗਿਆਨੀ ਜੀ ਵਲ ਤੁਰ ਪਿਆ । ਕਦੇ ਕਦੇ ਝੋਲੇ ਵਿਚੋਂ ਮਿਨ੍ਹੀ ਜਹੀ ਗੂੰਜ ਦੀ ਆਵਾਜ਼ ਆਉਣ ਕਾਰਨ ਮੈਂਨੂੰ ਹੈਰਾਨੀ ਜਿਹੀ ਹੁੰਦੀ ਸੀ।
ਅਗੋਂ ਗਿਆਨੀ ਜੀ ਖੁਦ ਮੇਰੇ ਵਲ ਨੂੰ ਆ ਰਹੇ ਸਨ, ਆਉਂਦਿਆ ਹੀ ਸਵਾਲ ਕਰ ਦਿਤਾ । ‘ਗੁਰਤੇਜ ਆਇਆ ਸੀ ਕੀ ਆਖਦਾ ਸੀ ? 
ਗਿਆਨੀ ਜੀ ਕੰਮ ਤਾਂ ਕੋਈ ਮਿਲਿਆ ਨਹੀਂ। ਆਖਦਾ ਸੀ ਫਰਿਜ਼ਨੋ ਗਿਆ ਸੀ ਕੰਮ ਪੁਛਣ , ਹਾਲੇ ਗੱਲ ਚਲ ਹੀ ਰਹੀ ਸੀ ਤਾਂ ਫਾਰਮਰ ਦਾ ਇਕ ਕਾਮਾਂ ਗਰਮੀ ਨਾਲ; ਬੇਹੋਸ਼ ਹੋ ਗਿਆ । ਬਸ ਉਸਨੇ ਨਾਂਹ ਕਰ ਦਿਤੀ।‘
 ‘ਅਜ ਦੀ ਅਖਵਾਰ ਵਿਚ ਮੈਂ ਵੀ ਖਬਰ ਪੜ੍ਹੀ ਹੈ । ਮਾੜਾ ਹੋਇਆ।‘ ਗਿਆਨੀ ਜੀ ਨੇ ਜਾਣਕਾਰੀ ਸਾਂਝੀ ਕਿਤੀ।
‘ਗਿਆਨੀ ਜੀ ਉਸ਼ਾ ਉਸ਼ਾ ਕਰਦਾ ਸੀ ਉਹ ਕੀ ਹੈ?’ ਮੈਂ ਜਾਨਣਾ ਚਾਹਿਆ।
‘ਬੇਟਾ ਇਹ ਹਿੰਦੋਸਤਾਨ ਨਹੀਂ , ਅਮਰੀਕਾ ਹੈ ਇਥੇ ਮਜ਼ਦੂਰ ਦੀ ਹਿਫਾਜ਼ਤ ਲਈ ਬਹੁਤ ਸਖਤ ਕਾਨੂੰਨ ਹਨ। ‘
ਹੁਣ ਓਸ਼ਾ ਵਾਲੇ ਉਸ ਫਾਰਮਰ ਦਾ ਪੂਰਾ ਰਿਕਾਰਡ ਦੇਖਣਗੇ। ਨਾਲੇ ਦੇਖਣਗੇ ਕਿ ਉਸ ਨੇ ਕਾਮਿਆਂ ਦੀ ਹਿਫਾਜ਼ਤ ਲਈ ਪੂਰੇ ਇੰਤਜ਼ਾਮ ਵੀ ਕੀਤੇ ਹੋਏ ਹਨ ਜਾਂ ਨਹੀਂ । ਜੇ ਬੇਹੋਸ਼ ਹੋਣ ਵਾਲੇ ਕਾਮੇ ਪਾਸ ਕੰਮ ਦਾ ਪਰਮਿਟ ਨਾ ਹੋਇਆ ਤਾਂ ਫਾਰਮਰ ਨੂੰ ਹੋਰ ਪ੍ਰੇਸ਼ਾਨੀ ਹੋਵੇਗੀ।‘ 
ਗਿਆਨੀ ਜੀ ਗੁਰਤੇਜ ਫਰੂਟ ਦਾ ਝੋਲਾ ਦੇ ਗਿਆ ਸੀ ਆਖਦਾ ਸੀ ਗਿਆਨੀ ਜੀ ਨਾਲ ਸਾਂਝਾ ਕਰ ਲਮੀ।
ਗੁਰਤੇਜ ਅਗੇ ਵੀ ਫਰੂਟ ਦੇ ਜਾਂਦਾ ਹੈ ਚਲ ਰਸੋਈ ਵਿਚ ਜਾ ਕੇ ਫਰਿਜ ਵਿਚ ਰਖ ਦਿੰਦੇ ਹਾਂ ਬਾਹਰ ਤਾਂ ਗਰਮੀ ਵਿਚ ਖਰਾਬ ਹੋ ਜਾਂਦਾ ਹੈ।
‘ਗਿਆਨੀ ਜੀ ਇਕ ਗੱਲ ਹੋਰ ਦਸੋ, ਝੋਲੇ ਵਿਚੋਂ ਕਦੇ ਕਦੇ ਮਿਨੀ ਜਿਹੀ ਗੂਂਜ ਆਉਂਦੀ ਹੈ । ਕੀ ਅਮਰੀਕਾ ਦੇ ਫਲ ਗਾਊਂਦੇ ਵੀ ਹਨ।‘
ਹਸਦੇ ਹੋਏ ਗਿਆਨੀ ਜੀ ਆਖਣ ਲਗੇ ‘ ਕਦੇ ਸੁਣਿਆ ਤਾਂ ਨਹੀਂ ਪਰ ਇਸ ਯੁਗ ਵਿਚ ਸਭ ਕੁਝ ਸੰਭਵ  ਹੈ। ‘
ਰਸੋਈ ਦੀ ਮੇਜ਼ ਤੇ ਜਦ ਫਲ ਕਢਣ ਲਗਾ ਤਾਂ ਇਕ ਸ਼ੈਹਿਦ ਦੀ ਮੱਖੀ ਵੀ  ਬਾਹਰ ਨਿਕਲ  ਮੇਜ ਤੇ ਘੁੰਮਣ ਲਗੀ
ਤਾਂ ਮੇਰੇ ਮੂੰਹੋਂ ਸੁਤੇ ਸਿਧ ਨਿਕਲ ਗਿਆ ਤੂੰ ਵੀ ਮੇਰੀ ਸਾਥਣ ਹੀ ਹੈਂ । ਲਾਲਚ ਵਸ ਤੂੰ ਵੀ ਮੇਰੇ ਵਾਂਗ ਪਰਦੇਸ ਨੂੰ ਤੁਰ ਪਈ।  ਨਾ ਤਾਂ ਮੈਂ ਖਜਲ ਖੁਆਰੀ ਬਾਰੇ ਸੋਚਿਆ ਅਤੇ ਨਾ ਹੀ ਤੈਂ।
ਗਿਆਨੀ ਜੀ ਫਰਿਜ਼ਨੋਂ ਕਿਨੀ ਦੂਰ ਹੈ । ‘ਮੈਨੂ ਸਹੀ ਅੰਦਾਜ਼ਾ ਤਾਂ ਨਹੀਂ ਢਾਈ ਤਿਨ ਸੌ ਮੀਲ ਤਾਂ ਹੋਵੇਗਾ ਹੀ।‘
ਢਾਈ ਤਿਨ ਸੌ ਮੀਲ! ਇਹ ਮੱਖੀ ਹੁਣ ਕੀ ਕਰੇਗੀ ਸ਼ੈਹਿਦ ਦੀ ਮੱਖੀ ਤਾਂ ਆਪਣੇ ਛੱਤੇ ਤੋਂ ਸਿਰਫ ਇਕ ਮੀਲ ਦੇ ਅੰਦਰ ਅੰਦਰ ਹੀ ਉੜਦੀ ਹੈ। ਹੋਰ ਕਿਸੇ ਛੱਤੇ ਵਾਲੀਆਂ ਨੇ ਇਹਨੂੰ ਨਾਲ ਨਹੀਂ ਰਲਾਉਣਾ ਇਹ ਵਿਚਾਰੀ ਕੀ ਕਰੇਗੀ।‘
‘ਬੇਟਾ ਗੁਰਬਾਣੀ ਦਾ ਫੁਰਮਾਨ ਹੈ ( ਸਿਰ ਸਿਰਿ ਰਿਜਕੁ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ।) ਜਿਨ ਪੈਦਾ ਕੀਤਾ ਉਸ ਨੂੰ ਫਿਕਰ ਹੈ। ‘
ਇਨੇ ਨੂੰ ਗਿਆਨੀ ਜੀ ਦੇ ਫੂਨ ਦੀ ਘੰਟੀ ਖੜਕ ਗਈ ਤਾਂ ਉਹ ਉਠ ਕੇ ਉਸ ਨਾਲ ਗੱਲਾਂ ਕਰਨ ਲਗ ਪਏ । 
ਮੱਖੀ ਨੇ ਦੋ’ਕ ਵਾਰ ਪਰ ਸੰਵਾਰੇ ਤੇ ਉਡ ਗਈ। ਮੇਰੀਆਂ ਸੋਚਾਂ ਵਿਚ ਮੱਖੀ ਸੀ ਜਾਂ ਮੈਂ ਖੁਦ ਜਾਂ ਫੇਰ ਗੁਰਬਾਣੀ ਦਾ ਫੁਰਮਾਨ ( ਸਿਰਿ ਸਿਰਿ ਰਿਜ਼ਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ) ਜਿਸ ਨਾਲ ਮੈਂ ਕੁਝ ਰਾਹਤ ਮਹਸੂਸ ਕਰ ਰਿਹਾ ਸੀ।
ਗਿਆਨੀ ਜੀ ਦੀ ਆਵਾਜ਼  ਨੇ ਮੇਰੀ ਸੋਛਾ ਦੀ ਲੜੀ ਤੋੜ ਦਿਤੀ ‘ਪਰਗਟ ਸਿੰਘ ਗੁਰਤੇਜ ਸਿੰਘ ਦਾ ਟੈਲੀਫੂਨ ਸੀ, ਤੇਰੇ ਲਈ ਉਸਨੇ ਕੰਮ ਲਭ ਲਿਆ ਹੈ , ਕੁਝ ਹੀ ਮਿੰਟਾਂ ਵਿਚ ਉਹ ਪੁਜ ਰਿਹਾ ਹੈ ਆਪਣਾ ਸਮਾਨ ਇਕਠਾ ਕਰ ਲੈ।‘
ਇਨੇ ਨੂੰ ਗੁਰਤੇਜ ਵੀ ਆ ਆਵਾਜ਼ ਦਿਤੀ ‘ਤਿਆਰ ਹੈਂ ਤੇਰੇ ਲਈ ਕੰਮ ਲਭ ਲਿਆ ਹੈ । ਰਹਾਇਸ਼ ਲਈ ਜਗਾਹ, ਕੰਮ ਵਾਲੀ ਵਰਦੀ ਅਤੇ ਖਾਣ ਪੀਣ ਫਰੀ ਨਾਲ ਸਠ ਡਾਲਰ ਰੋਜ਼ਾਨਾ ਮਿਲਣ ਗੇ।‘
ਸਠ ਡਾਲਰ ਨੂੰ ਮਨ ਹੀ ਮਨ ਵਿਚ ਜਰਬਾਂ ਦੇ ਕੇ ਮੈਂ ਮਹੀਨੇ ਦਾ ਇਕ ਲੱਖ ਤੋਂ ਉਪਰ ਬਣਦਾ ਦੇਖ  ਮੁਸਕਰਾਂਉਦਿਆਂ ਹੋਇਆ ਸੋਚਿਆ ਕੰਮ ਚੰਗਾ ਹੀ ਹੋਵਿਗਾ। ਕਰਨਾ ਕੀ ਹੋਵੇਗਾ? ਜਾਨਣ ਦੀ ਕੋਸ਼ਸ਼ ਕੀਤੀ
‘ਸਫਾਈ ‘ ਗੁਰਤੇਜ ਦੇ ਇਕ ਸ਼ਬਦੀ ਉਤਰ ਤੇ ਮੈਂ ਹੈਰਾਨ ਹੋ ਕੇ ਪੁਛਿਆ । ਸਫਾਈ ! ਸਫਾਈ ! ਕਿਹੋ ਜਿਹੀ ਸਫਾਈ ?
‘ਇਕ ਰੈਸਟੋਰੈਂਟ ਵਿਚ ਬੜੀ ਮੁਸ਼ਕਲ ਨਾਲ ਕੰਮ ਮਿਲਿਆ ਹੈ । ਤੇਰਾ ਕੰਮ ਰੈਸਟੋਰੈਂਟ ਦੀਆਂ ਫਰਸ਼ਾਂ ,ਮੇਜ਼ ਕੁਰਸੀਆਂ ਅਤੇ ਬਰਤਣਾ ਦੀ ਸਫਾਈ ਹੋਵੇਗਾ।  ਰਸਟੋਰੈਂਟ ਖੁਲਣ ਤੋਂ ਲੈ ਕੇ ਬੰਦ ਹੋਣ ਤਕ ਕੰਮ ਕਰਨਾ ਹੋਵਿਗਾ’
ਮੇਰੇ ਚੇਹਰੇ ਤੇ ਉਦਾਸੀ ਦੇਖ ਕੇ ਗਿਆਨੀ ਜੀ ਨੇ ਕਿਹਾ ਪਰਗਟ ਬੇਟਾ ਕੰਮ ਕੋਈ ਵੀ ਛੋਟਾ ਬੜਾ ਨਹੀਂ ਹੁੰਦਾ।
ਦੇਸੋਂ ਆਏ ਕਈ ਡਾਕਟਰ ,ਇੰਜਨੀਅਰ ਇਥੇ ਟੈਕਸੀਆਂ ਚਲਾ ਰਹੇ ਹਨ । ਬੇਟਾ ਅਮਰੀਕਾ ਦਾ ਪਰਧਾਨ ਇਬਰਾਹੀਮ ਲਿੰਕਨ ਪੇਸਿਆਂ ਲਈ ਅਖਵਾਰਾਂ ਵੇਚਿਆ ਕਰਦਾ ਸੀ। ਘਬਰਾ ਨਾ ਜਿਨਾ ਚਿਰ ਕੰਮ ਕਰਨਾ  ਦਿਲ ਲਗਾ ਕੇ ਕਰੀਂ। ਮਾਲਕ ਨੂੰ ਸ਼ਕਾਇਤ ਕਰਨ ਦਾ ਮੌਕਾ ਨਾ ਦੇਈਂ । ਕਲ ਕਿਸ ਦੇਖਿਆ ਹੈ ਕਿਹੋ ਜਿਹਾ ਆਵੇ।‘ 
ਗਿਆਨੀ ਜੀ ਦੇ ਸ਼ਬਦਾ ਨੇ ਮੈਨੂੰ ਹੋਸਲਾ ਦਿਤਾ ਤੇ ਗੁਰੂ ਸਾਹਿਬ ਅਗੇ ਸੀਸ ਨਿਵਾ ਕੇ  ਮੈਂ ਗੁਰਤੇਜ ਦੀ ਕਾਰ ਵਿਚ ਬੈਠ ਗਿਆ।