ਪੰਜਾਬੀ ਬੋਲੀ ਤੇ ਸੱਭਿਆਚਾਰ ਵਿਦੇਸ਼ੀਆਂ ਦੇ ਦਿਲਾਂ ਨੂੰ ਵੀ ਧੂਹ ਪਾ ਸਕਦੈ, ਇਸ ਸੰਦਲੀ ਸੱਚ ਦਾ ਲੁਤਫ ਮੈਂ ਆਪਣੀ ਕੈਨੇਡਾ-ਅਮਰੀਕਾ ਦੀ ਯਾਤਰਾ ਸਮੇਂ ਮਾਣਿਆ ਤੇ ਜਿੱਥੇ ਵੀ ਕਿਤੇ ਹੋ ਸਕਿਆ ਪੰਜਾਬੀ ਵੰਝਲੀ ਛੇੜ ਕੇ ਗੋਰੀਆਂ ਪੌਣਾਂ ਵਿਚ ਪੰਜਾਬੀਅਤ ਦੇ ਪਤਾਸੇ ਖੋਰਨ ਦੀ ਕੋਸ਼ਿਸ਼ ਕੀਤੀ ।
ਅਸੀਂ ਕੈਨੇਡਾ ਦੇ ਸ਼ਹਿਰ ਲੰਡਨ ਉਂਟਾਰੀਓ ਵਿੱਚ ਬੇਟੀ ਦਿਲਦੀਪ ਕੋਲ ਠਹਿਰੇ ਹੋਏ ਸਾਂ,ਇਸ ਇਲਾਕੇ ਵਿਚ ਅੰਗਰੇਜ਼ੀਅਤ ਹੀ ਹਾਵੀ ਹੈ,ਡਾਊਨਟਾਊਨ ਦੇ ਮਲਾਈ ਵਰਗੇ ਫੁਟਪਾਥਾਂ 'ਤੇ ਰਵਾਂ-ਰਵੀਂ ਤੁਰਦੀ ਗੋਰਿਆਂ ਦੀ ਭੀੜ ਵਿਚ ਦਹੀਂ ਅੰਦਰ ਕਾਲੀਆਂ ਮਿਰਚਾਂ ਵਾਂਗ ਕੋਈ ਕੋਈ ਕਾਲਾ ਦਿਸ ਜਾਂਦੈ,ਪੰਜਾਬੀ ਤਾਂ ਕਿਤੇ ਟਾਵਾਂ ਟਾਵਾਂ ਹੀ ਲੱਭਦਾ ਹੈ। ਇਕ ਦਿਨ ਸਾਡੀ ਬੇਟੀ, ਜਿਹੜੀ 'ਰੋਬਾਰਟ ਰਿਸਰਚ ਸੈਂਟਰ' ਵਿੱਚ ਕਲੀਨੀਕਲ ਰਿਸਰਚ ਐਸੋਸੀਏਟ ਵਜੋਂ ਕਾਰਜਸ਼ੀਲ ਹੈ, ਦਾ ਉੱਚ-ਅਧਿਕਾਰੀ ਮਾਈਕਲ ਤੇ ਉਹਦੀ ਬੀਵੀ ਲੈਸਲੀ ਸਾਨੂੰ ਮਿਲਣ ਆਏ। ਅਸਲ ਵਿੱਚ ਉਹ ਲੋਕ ਆਪਣੇ ਅਧੀਨ-ਕਰਮਚਾਰੀਆਂ ਨੂੰ ਵੀ ਸਹਿਕਰਮੀ ਹੀ ਸਮਝਦੇ ਹਨ, ਬਰਾਬਰ ਦਾ ਮਾਣ ਦਿੰਦੇ ਹਨ,ਘੱਟ ਤੋਂ ਘੱਟ ਸਾਨੂੰ ਤਾਂ ਉੱਥੇ ਇਹੋ ਅਹਿਸਾਸ ਹੋਇਆ..ਤੇ ਫਿਰ ਬੇਟੀ ਦੀ ਆਪਣੀ ਸੰਸਥਾ ਵਿੱਚ ਉਹਦੇ ਕੰਮ-ਕਾਜ ਕਰਕੇ ਵਾਹਵਾ ਪੈਂਠ ਬਣੀ ਹੋਈ ਹੈ। ਪਨੀਰ, ਪਿਆਜ਼ ਤੇ ਗੋਭੀ ਦੇ ਪਕੌੜਿਆਂ ਨਾਲ ਚਾਹ ਪੀਂਦਿਆਂ ਗੱਲਾਂ ਉਹਨਾਂ ਦੇ ਦਫਤਰੀ ਕਾਰ-ਵਿਹਾਰ ਤੇ ਸਾਡਾ ਦਿਲ ਲੱਗਣ ਤੋਂ ਤੁਰ ਕੇ ਮੌਸਮ'ਤੇ ਹੁੰਦੀਆਂ ਹੁੰਦੀਆਂ ਦਿਲਦੀਪ ਦੇ ਵਿਆਹ ਤੇ ਪੰਜਾਬੀ ਰਸਮਾਂ-ਰਿਵਾਜਾਂ ਤੱਕ ਪਹੁੰਚ ਗਈਆਂ, ਮੈਂ ਉਹਦੇ ਸੁਹਾਗ-ਸੰਗੀਤ ਦੀ ਸੀਡੀ ਲਗਾ ਦਿੱਤੀ।ਮਾਮੀ ਜਾਗੋ ਚੁੱਕ ਕੇ ਗਿੱਧੇ ਦੀ ਜ਼ੈਲਦਾਰਨੀ ਬਣੀ ਹੋਈ ਸੀ, ਪੰਜਾਬੀ ਫਿਲਮਾਂ ਤੇ ਰੰਗ-ਮੰਚ ਦੀ ਸੁਪ੍ਰਸਿੱਧ ਅਦਾਕਾਰਾ ਜਸਵੰਤ ਦਮਨ ਬੰਬੀਹਾ ਖੜਕਾ ਰਹੀ ਸੀ, ਰੰਗ-ਬਿਰੰਗੇ ਘੱਗਰਿਆਂ-ਕੁਰਤੀਆਂ ਤੇ ਹਾਰਾਂ ਹਮੇਲਾਂ ਨਾਲ ਸਜੀਆਂ ਮੇਲਣਾਂ ਨੱਚ-ਨੱਚ ਧਰਤੀ ਪੁੱਟ ਰਹੀਆਂ ਸਨ, ਵਿੱਚੇ ਦਿਲਦੀਪ ਵੀ…
ਦਿਲਦੀਪ ਅਤੇ ਪੰਜਾਬੀ ਸੱਭਿਆਚਾਰ ਦੀ ਆਸ਼ਿਕ ਉਹਦੀ ਅੰਗਰੇਜ਼ ਸਖੀ
" ਨੀ ਮੇਰੀ ਵਾਰੀ ਇਉਂ ਪਤੀਲਾ ਖੜਕੇ, ਨੀ ਮੇਰੀ ਵਾਰੀ ਇਉਂ ਪਤੀਲਾ ਖੜਕੇ…."
ਸੋਫੇ ਨੂੰ ਢੋਅ ਲਾ ਕੇ ਬੈਠੀ ਲੈਸਲੀ ਅੱਗੇ ਨੂੰ ਹੋ ਕੇ ਨਾਲ-ਨਾਲ ਤਾਲ ਦੇਣ ਲੱਗੀ,ਮਾਈਕਲ ਨੇ ਵੀ ਮੁਸਕਾਂਦੇ ਹੋਏ ਕੌਫੀ ਦਾ ਕੱਪ ਮੇਜ਼'ਤੇ ਰੱਖ ਕੇ ਟੈਲੀਵਿਜ਼ਨ ਦੇ ਪਰਦੇ ਉੱਤੇ ਅੱਖਾਂ ਗੱਡ ਦਿੱਤੀਆਂ…
" ਜੇ ਤੈਨੂੰ ਧੁੱਪ ਲੱਗਦੀ,ਤਾਣ ਚਾਦਰਾ ਮੇਰਾ…"
ਕੁੜੀ ਦੀ ਲੰਮ-ਸਲੰਮੀ ਭਾਬੀ ਨੇ ਫੁਲਕਾਰੀ ਵਾਲੀ ਚੁੰਨੀ ਸਿਰ ਉੱਤੇ ਤਾਣ ਕੇ ਜਿਉਂ ਹੀ ਗੇੜਾ ਦਿੱਤਾ, ਗਿੱਧਾ ਪੂਰੇ ਜੋਬਨ'ਤੇ ਆ ਗਿਆ, ਕੁਝ ਬੋਲੀਆਂ ਗੇੜੇ ਹੋਰ ਤੇ ਮੈਂ ਸੀ.ਡੀ ਕੱਢ ਲਈ।
" ਆਊਚ..………" ਲੈਸਲੀ ਹੈਰਾਨੀ ਜਿਹੀ ਨਾਲ ਮੇਰੇ ਵੱਲ ਤੱਕੀ। ਮੈਂ ਅਚਾਨਕ ਇੰਜ ਕਰਕੇ ਉਸ ਦੀ ਉਤਸੁਕਤਾ ਨੂੰ ਜਰਬਾਂ ਦੇਣੀਆਂ ਚਾਹੁੰਦੀ ਸੀ ਤੇ ਉਹ ਹੋ ਗਿਆ ਸੀ।
" ਨਾਓ ਯੂ ਕੈਨ ਹੈਵ ਇਟ, ਇੰਜੁਆਇ ਇਨ ਯੂਅਰ ਫਰੀ ਮੋਮੈਂਟਸ, ਸਪੈਸ਼ਲੀ ਆਵਰ ਮਿਊਜ਼ਿਕ ਐਂਡ ਡਾਂਸ……"
" ਓ..ਦੈਟ'ਸ ਵੰਡਰਫੁਲ..ਆਈ ਲਵ ਡਾਂਸਿੰਗ..ਕੈਨ ਆਈ ਕੀਪ ਇਟ?" ਲੈਸਲੀ ਸੋਫੇ'ਤੇ ਉੱਛਲੀ।
" ਸ਼ੁਅਰ..ਦਿਸ ਇਜ਼ ਐਕਸਟਰਾ ਕਾਪੀ…ਦਿਸ ਇਜ਼ ਫਾਰ ਯੂ aਨਲੀ"
" ਥੈਂਕ ਯੂ..ਥੈਂਕ ਯੂ ਸੋ ਮੱਚ.." ਉਹ ਤਾਂ ਜਿਵੇਂ ਸ਼ੁਕਰੀਆ ਕਰਦੀ ਦੂਹਰੀ ਹੋ ਰਹੀ ਸੀ।
ਬਾਅਦ ਵਿੱਚ ਮਾਈਕਲ ਨੇ ਦਿਲਦੀਪ ਨੂੰ ਦੱਸਿਆ,"ਯੂ ਨੋਅ ਡਿਲਡਿਪ! ਲੈਸਲੀ ਡਾਂਸਜ਼ ਆਨ ਯੂਅਰ ਮਿਊਜ਼ਿਕ ਆਲਮੋਸਟ ਡੇਲੀ.."
ਕ੍ਰਿਸਮਿਸ ਵਿੱਚ ਅਜੇ ਵਾਹਵਾ ਦੇਰ ਸੀ, ਪਰ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਬਜ਼ਾਰ ਸੁਗਾਤਾਂ ਨਾਲ ਲੱਦੇ ਪਏ ਸਨ, ਖਰੀਦ-ਦਾਰੀ ਜੋਰਾਂ-ਸ਼ੋਰਾਂ 'ਤੇ ਸੀ। ਦੁਕਾਨਾਂ ਤੇ ਦਫਤਰਾਂ ਵਿੱਚ 'ਸੈਂਟਾਕਲੌਜ਼' ਅਤੇ 'ਕ੍ਰਿਸਮਿਸ-ਟਰੀ' ਝਮ-ਝਮ ਕਰਨ ਲੱਗੇ। ਸਰਕਾਰੀ ਬੰਦੇ ਖੰਭਿਆਂ ਉੱਤੇ ਜਗਮਗਾਉਂਦੇ ਫੁੱਲਾਂ ਦੀਆਂ ਟੋਕਰੀਆਂ ਟੰਗ ਗਏ। ਵਿਰਲੇ-ਵਿਰਲੇ ਮਕਾਨਾਂ ਦੇ ਬਾਹਰ ਰੰਗ-ਬਿਰੰਗੇ ਲਾਟੂ ਟਿਮਟਿਮਾਉਂਦੇ, ਕਿਸੇ ਕਿਸੇ ਨੇ ਚਮਕੀਲੀਆਂ ਝੰਡੀਆਂ,ਬਨਾਵਟੀ ਫੁੱਲਾਂ, ਕਾਗਜ਼ੀ-ਭੰਬੀਰੀਆਂ ਨਾਲ ਦਰੀਚੇ ਸਜਾ ਲਏ। ਵਿਕਟੋਰੀਆ ਪਾਰਕ ਦਾ ਆਪਣਾ ਨਜ਼ਾਰਾ ਸੀ, ਹਰ ਰੁੱਖ ਉੱਤੇ ਅਲੱਗ-ਅਲੱਗ ਰੰਗਾਂ ਦੇ ਸੈਂਕੜੇ ਲਾਟੂ ਵਿਸ਼ੇਸ਼ ਹੁਨਰ ਨਾਲ ਗੁੰਦੇ ਹੋਏ, ਸੱਤ-ਰੇਡੀਅਰਾਂ ਵਾਲੀ ਬੱਘੀ ਵਿੱਚ ਹਸੂੰ-ਹਸੂੰ ਕਰਦਾ ਸੈਂਟਾ-ਕਲੌਜ਼, ਸ਼ਾਮ ਦੇ ਛੇ ਵੱਜਦਿਆਂ ਹੀ ਸਵਿੱਚ ਦੱਬੀ ਜਾਂਦੀ ਤਾਂ ਸਾਰਾ ਪਾਰਕ ਚਾਨਣ ਵਿੱਚ ਨਹਾ ਜਾਂਦਾ, ਲਾਲ, ਨੀਲੇ, ਤੋਤੀਆ, ਸੰਤਰੀ, ਜਾਮਨੀ ਰੁੱਖ ਅੰਤਾਂ ਦੇ ਖੂਬਸੂਰਤ ਲੱਗਦੇ, ਬੱਚੇ ਠੰਢ ਦੀ ਪਰਵਾਹ ਕੀਤੇ ਬਿਨਾਂ ਦੁੜੰਗੇ ਮਾਰਦੇ ਫਿਰਦੇ, ਆਈਸਕਰੀਮ ਖਾਂਦੇ, ਹਰ ਕੈਨੇਡੀਅਨ ਜ਼ੇਹਨ ਉੱਤੇ ਕ੍ਰਿਸਮਿਸ ਦਾ ਨਸ਼ਾ,ਹਰ ਦਿਲ ਉੱਤੇ ਜਸ਼ਨਾਂ ਦਾ ਰਾਜ,ਇਹੋ ਜਿਹੇ ਰੰਗਲੇ ਦਿਨਾਂ ਵਿੱਚ ਦਿਲਦੀਪ ਦੀਆਂ ਸਖੀਆਂ ਲੀਸ ਤੇ ਜੋਡੀ ਆ ਗਈਆਂ,
" ਇਹਨਾਂ ਨੂੰ ਪੰਜਾਬੀ ਚੋਗਾ ਪਾਈਏ?" ਮੈਂ ਬੇਟੀ ਨੂੰ ਪੁੱਛਿਆ
" ਮਤਲਬ….?"
" ਮਤਲਬ .. ਪੰਜਾਬੀ ਖਾਣੇ ਖੁਆਈਏ?"
" ਨੇਕੀ ਕੀ ਤੇ ਪੂਛ ਪੂਛ ਕੀ?..ਇਹ ਲੋਕ ਤਾਂ ਬੜੇ ਫੈਨ ਨੇ ਆਪਣੇ ਖਾਣੇ ਦੇ..ਦੇਖਿਆ ਨਹੀਂ ਜਿਹੜੇ ਮਾੜੇ-ਮੋਟੇ ਤਿੰਨ ਇੰਡੀਅਨ ਰੈਸਟੋਰੈਂਟ ਨੇ ਏਥੇ,ਕਿਵੇਂ ਗੋਰਿਆਂ ਨਾਲ ਭਰੇ ਹੁੰਦੇ ਐ?"
" ਚਲੋ!ਫਿਰ ਹੋਈਏ ਸ਼ੁਰੂ..ਇਹਨਾਂ ਨੂੰ ਵੀ ਪਤਾ ਲੱਗੇ ਅਸੀਂ ਕੌਣ ਹੁੰਨੇ ਆਂ.."
ਸਾਗ ਤਾਂ ਪਹਿਲਾਂ ਹੀ ਫਰਿਜ ਵਿਚ ਪਿਆ ਸੀ, ਨਾਲ ਮੱਕੀ ਦੀ ਰੋਟੀ, ਮਟਰ-ਪੁਲਾਓ, ਘੀਏ ਦਾ ਰਾਇਤਾ ਤੇ ਹਲਵਾ, ਉਹ ਤਾਂ ਤਾਰੀਫ ਕਰਨੋਂ ਨਾ ਹਟਣ, ਮੁੜ-ਮੁੜ ਕੇ ਮੰਗਣ,ੀ eਹਨਾਂ ਦੇ ਨਾਂ ਪੁੱਛਣ, ਬਣਾਉਣ ਦੀ ਵਿਧੀ ਪੁੱਛਣ, ਦੋ ਤਿੰਨ ਪਕਵਾਨਾਂ ਦੇ ਨਾਂ ਉਹਨਾਂ ਔਖੇ-ਸੌਖੇ ਸਿੱਖ ਲਏ, ਫਿਰ ਸਤਿ ਸ੍ਰੀ ਆਕਾਲ ਕਹਿਣਾ ਸਿੱੱਖਿਆ..ਬੋਲਦੀਆਂ ਬੇਸ਼ੱਕ aਪਰੀਆਂ ਜਿਹੀਆਂ ਲੱਗਦੀਆਂ, ਪਰ ਪਿਆਰੀਆਂ ਲੱਗਦੀਆਂ। ਕ੍ਰਿਸਮਿਸ ਮਨਾਉਣ ਦੀਆਂ ਸਕੀਮਾਂ ਦੱਸਦਿਆਂ ਉਹਨਾਂ ਸਾਡੇ ਤਿਉਹਾਰਾਂ ਬਾਰੇ ਪੁੱਛਿਆ,
" ਵੀ ਨੋ ਪੈਂਗੜਾ(ਭੰਗੜਾ).. ਟੈਲ ਅਬਾਊਟ ਸਮਥਿੰਗ ਐਲਸ "
ਅਸੀਂ ਭੰਗੜੇ ਦੇ ਵਿਸਾਖੀ ਨਾਲ ਸਬੰਧ ਬਾਰੇ ਦੱਸਿਆ, ਵਿਸਾਖੀ ਦੇ ਕਣਕਾਂ ਨਾਲ ਰਿਸ਼ਤੇ ਬਾਰੇ ਦੱਸਿਆ, ਨੇੜੇ ਹੀ ਦੀਵਾਲੀ ਆਉਣ ਵਾਲੀ ਸੀ..ਦੀਵੇ, ਮੋਮਬੱਤੀਆਂ ਤੇ ਬਿਜਲਈ ਰੌਸ਼ਨੀਆਂ ਨਾਲ ਉਸ ਰਾਤ ਸਾਰੇ ਭਾਰਤ ਦੇ ਜਗਮਗਾਉਣ ਬਾਰੇ ਜਾਣਕਾਰੀ ਦਿੱਤੀ, ਆਤਿਸ਼ਬਾਜ਼ੀਆਂ ਦੇ ਅੰਬਰ ਵਿੱਚ ਲਿਸ਼ਕਦੀਆਂ ਠਾਹ-ਠਾਹ ਇਬਾਰਤਾਂ ਲਿਖਣ ਬਾਰੇ ਵੀ, ਬੜੀਆਂ ਖੁਸ਼ ਹੋਈਆਂ ਤੇ ਹੈਰਾਨ ਵੀ.." ਦੈਟ ਇਜ਼ ਸਮਵਟ ਲਾਈਕ ਆਰ ਕ੍ਰਿਸਮਿਸ.."
" ਸਮਵਟ..ਬਟ ਇਨ ਇੰਡੀਆ ਇਟ'ਜ਼ ਆਨ ਮੱਚ ਲਾਰਜਰ ਸਕੇਲ" ਮੈਂ ਅੰਦਰੋਂ ਪੰਜ ਦੀਵੇ ਲਿਆ ਕੇ ਦਿਖਾਏ, ਜਿਹੜੇ ਭਾਰਤੀ-ਦੁਕਾਨ ਤੋਂ ਦੀਵਾਲੀ ਦਾ ਸਗਨ ਕਰਨ ਲਈ ਲਿਆਂਦੇ ਸੀ।
" ਮੰਮਾ!ਮਾਚਸ ਤਾਂ ਹੈਨੀ ਆਪਣੇ..ਨਾ ਲਾਈਟਰ ਐ.."
" ਡੌਂਟ ਵਰੀ ਡਿਲਡਿਪ!ਦੈਟ ਵੁਡ ਬੀ ਡੀਵਾਲੀ ਗਿਫਟ ਫਰਾਮ ਮੀ " ਲੀਸ ਫੌਰਨ ਬੋਲੀ।
ਅਗਲੇ ਦਿਨ ਉਹਨੇ ਦਿਲਦੀਪ ਦੇ ਹੱਥ ਧੰਨਵਾਦੀ ਕਾਰਡ ਦੇ ਨਾਲ ਇੱਕ ਕੀਮਤੀ ਲਾਈਟਰ ਭੇਜ ਦਿੱਤਾ। ਉਹਨੇ ਤਾਂ ਬੇਟੀ ਤੋਂ ਪੰਜਾਬੀ ਦੇ ਕਈ ਲਫਜ਼ ਵੀ ਸਿੱਖ ਲਏ, ਫੋਨ 'ਤੇ ਸਾਡਾ ਹਾਲ ਪੁੱਛਦੀ,".. 'ਸੱਟ ਸੀ ਕੌਲ'..ਕੀ ਹੌਲ਼ ਹੇ?" ਰਮਤੇ ਰਮਤੇ ਉਹਦੇ ਤਲੱਫੁਜ਼ ਉੱਤੇ ਵੀ ਪੰਜਾਬੀ ਰੰਗ ਚੜ੍ਹ ਗਿਆ। ਜਾਣ ਲੱਗੀਆਂ ਨੂੰ ਅਸੀਂ ਕੱਪੜੇ ਦੀਆਂ ਗੋਟੇਦਾਰ ਰੰਗ-ਬਿਰੰਗੀਆਂ ਚਿੜੀਆਂ ਤੇ ਸ਼ੀਸ਼ਿਆਂ ਦੀਆਂ ਟੁਕੜੀਆਂ ਵਾਲੇ ਵੰਦਨਬਾਰ ਦਿੱਤੇ। ਲੀਸ ਨੇ ਆਪਣੇ ਬੂਹੇ ਉੱਤੇ ਟੰਗੇ ਵੰਦਨਬਾਰ ਦੀ ਫੋਟੋ ਸਾਡੇ ਆਈਫੋਨ 'ਤੇ ਭੇਜੀ।
ਇਕ ਦਿਨ ਬਰਫ ਦੀ ਭੂਰ ਪੈ ਰਹੀ ਸੀ, ਸਾਡੇ ਲਈ ਅਸਲੋਂ ਹੀ ਨਵਾਂ, ਸੀਤਲ-ਸੁਹਾਵਣਾ ਮੌਸਮ, ਜਿਵੇਂ ਕੋਈ ਸਫੈਦ ਸੁਫਨਾ ਜਿਹਾ, ਰੂੰ ਵਰਗੇ ਫੰਭੇ ਸਾਡੀਆਂ ਜੈਕਟਾਂ ਦਸਤਾਨਿਆਂ'ਤੇ ਨਮੂਨੇ ਪਾ ਰਹੇ, ਰੁੱਖਾਂ ਦੀਆਂ ਟਾਹਣੀਆਂ ਤੇ ਝਾੜੀਨੁਮਾ ਬੂਟਿਆਂ ਨੂੰ ਬਰਫ ਦੇ ਫੁੱਲ ਲੱਗਦੇ ਜਾ ਰਹੇ, ਸੜਕਾਂ 'ਤੇ ਬਰਫ ਦੇ ਗਲੀਚੇ ਵਿਛ ਰਹੇ, ਇਮਾਰਤਾਂ ਦੇ ਵਾਧਰਿਆਂ ਤੋਂ ਚਿੱਟੀਆਂ ਸਲਾਖਾਂ ਹੇਠਾਂ ਵੱਲ ਲਮਕ ਰਹੀਆਂ, ਕੋਲੋਂ ਲੰਘਦੀਆਂ ਕਾਰਾਂ ਡੱਬ-ਖੜੱਬੀਆਂ ਹੋ ਰਹੀਆਂ, ਅਸੀਂ 'ਮੈਸਨਵਿਲ ਮਾਲ' ਨੂੰ ਜਾਣ ਵਾਲੀ ਬੱਸ ਉਡੀਕ ਰਹੇ ਸਾਂ ਕਿ ਬੇਟੇ ਦਾ ਫੋਨ ਆ ਗਿਆ, ਮੈਂ ਸ਼ੈੱਡ ਅੰਦਰ ਬਹਿ ਕੇ ਕਾਫੀ ਦੇਰ ਗੱਲਾਂ ਕਰਦੀ ਰਹੀ, ਲਾਗਲੇ ਬੈਂਚ 'ਤੇ ਬੈਠੀ ਜੱਤਦਾਰ ਟੋਪ ਵਾਲੇ ਮੇਮ ਬੜੇ ਧਿਆਨ ਨਾਲ ਮੇਰੇ ਵੱਲ ਦੇਖ ਰਹੀ ਸੀ, ਫੋਨ ਬੰਦ ਕੀਤਾ ਤਾਂ ਮੁਸਕੁਰਾ ਕੇ ਬੋਲੀ,
" ਆਈ ਵਾਜ਼ ਟਰਾਇੰਗ ਟੂ ਅੰਡਰਸਟੈਂਡ ਯੂਅਰ ਲੈਂਗੁਏਜ..ਯੂ ਸੈਡ ਪਾਪਾ ਮੈਨੀ ਟਾਈਮਜ਼.. ਆਈ ਇੰਜੁਆਇਡ.. ਵਿੱਚ ਇਜ਼ ਦਿਸ ਲੈਂਗੂਏਜ..ਇਟ ਸਾਊਂਡਜ਼ ਟੂ ਬੀ ਵੈਰੀ ਸਵੀਟ?"
" ਥੈਂਕ ਯੂ! ਦਿਸ ਇਜ਼ ਪੰਜਾਬੀ..ਆਈ ਵਾਜ਼ ਟਾਕਿੰਗ ਟੂ ਮਾਈ ਸਨ.."
" ਸੋ ਯੂ ਆਰ ਫਰਾਮ ਵਿੱਚ ਕੰਟਰੀ.?"
" ਇੰਡੀਆ..ਵੁਈ ਆਰ ਵਿਜ਼ਿਟਰਸ.."
" ਫੰਜਾਬੀ … ਦਾ ਲੈਂਗੁਏਜ ਆਫ ਯੂਅਰ ਕੰਟਰੀ..?
" ਇਟ ਇਜ਼ ਲੈਂਗੁਏਜ ਆਫ ਪੰਜਾਬ..ਦਿਸ ਇਜ਼ ਏ ਸਟੇਟ ਇਨ ਇੰਡੀਆ?"
" ਗਰੇਟ..ਕੈਨ ਆਈ ਲਰਨ ਫੰਜਾਬੀ..ਦਿਸ ਇਜ਼ ਸੋ ਮਿਊਜ਼ੀਕਲ.." ਅਸਲ ਵਿੱਚ ਮੈਂ ਬੇਟੇ ਨੂੰ ਉਹਦੀ ਆਪਣੇ ਬਾਲਾਂ ਦੇ ਤੰਗ ਕਰਨ ਬਾਰੇ ਸੁਣਾਈ ਵਿਥਿਆ 'ਤੇ ਗੁਣਗੁਣਾ ਕੇ ਕਿਹਾ ਸੀ,
" ਬਾਪੂ ਬਾਪੂ ਕਹਿੰਦੇ ਸੀ,ਤਾਂ ਬੜੇ ਸੁਖਾਲੇ ਰਹਿੰਦੇ ਸੀ…"
" ਆਫ ਕੋਰਸ ਯੂ ਕੈਨ..ਥਰੂ ਇੰਟਰਨੈਟ..ਔਰ ਮੇ ਬੀ ਦੇਅਰ ਇਜ਼ ਸਮ ਅਕੈਡਮੀ..ਆਈ ਕੈਨ ਹੈਲਪ ਯੂ ਇਫ ਯੂ ਵਿਸ਼ ਸੋ…"
" ਓ ਥੈਂਕਸ.. ਆਈ ਵਿਲ ਬੀ ਅਵੇ ਫਾਰ ਸਮਟਾਈਮ..ਵੈਨ ਆਈ ਰਿਟਰਨ.."
" ਬਟ ਵੁਈ ਆਰ ਗੋਇੰਗ ਬੈਕ ਨੈਕਸਟ ਵੀਕ.."
" ਨੋ ਪਰਾਬਲਮ..ਆਈ ਵਿੱਲ ਸਰਚ ਫਰਾਮ ਨੈਟ..ਐਕਚੁਅਲੀ ਆਈ ਐਮ ਫੌਂਡ ਆਫ ਲਰਨਿੰਗ ਵੇਰੀਅਸ ਲੈਂਗੁਏਜਜ਼.."
" ਐਕਸੀਲੈਂਟ.."
ਮੈਂ ਉਹਦੀ ਸਹੂਲਤ ਲਈ ਰੋਮਨ ਵਿੱਚ ਪੰਜਾਬੀ ਦੀਆਂ ਵੈਬਸਾਈਟਾਂ ਬਾਰੇ ਲਿਖ ਕੇ ਪਰਚੀ ਫੜਾਈ ਹੀ ਸੀ ਕਿ ਉਹਦੀ ਬੱਸ ਆ ਗਈ,ਮੁਸਕਾਨ ਭਿੱਜਾ ਥੈਂਕਯੂ ਕਹਿੰਦੀ ਉਹ ਅੱਖੋਂ aਝਲ ਹੋ ਗਈ। ਤੇ ਇੱਕ ਦਿਨ ਅਸੀਂ ਗੋਰੇ ਕੰਨਾਂ ਨੂੰ ਪੰਜਾਬੀ ਲੋਕ ਗੀਤਾਂ ਦੀ ਛਣਕਾਰ ਦਾ ਜਲਵਾ ਦਿਖਾਇਆ।ਮਾਲਟਨ,ਮਿਸਿਸਸਾਗਾ ਵਸਦੀ ਇੱਕ ਬਹੁਤ ਹੀ ਉੱਦਮੀ ਤੇ ਸਿਦਕਵਾਨ ਮੁਟਿਆਰ ਲਵੀਨ ਗਿੱਲ,ਜਿਹੜੀ 'ਅਮਰ ਕਰਮਾ ਅੰਗਦਾਨ ਸੋਸਾਇਟੀ'ਰਾਹੀਂ ਲੋੜਵੰਦਾਂ ਨੂੰ ਅੰਗ ਮੁਹੱਈਆ ਕਰਨ ਦਾ ਮਹਾਨ-ਕਾਰਜ ਕਰਦੀ ਹੈ,ਤੇ ਜਿਸਨੇ ਮੇਰੇ ਨਾਲ ਵਿਚਾਰ-ਵਟਾਂਦਰਾ ਕਰਕੇ ਉਥੇ ਕੰਨਿਆ-ਭਰੂਣ ਹੱਤਿਆ ਖਿਲਾਫ ਮੁਹਿੰਮ ਵਿੱਢੀ ਹੈ, ਢਾਈ ਘੰਟੇ ਕਾਰ ਚਲਾ ਕੇ ਸਾਨੂੰ ਲੈਣ ਆਈ, "ਮੈਅਮ!ਤੁਹਾਨੂੰ ਇੱਕ ਜਗਾਹ ਦਿਖਾਉਣੀ ਹੈ…ਆਈ ਐਮ ਸ਼ੁਅਰ.. ਤੁਹਾਨੂੰ ਬਹੁਤ ਪਸੰਦ ਆਊਗੀ.."
ਲਵੀਨ ਦਾ ਆਪਣਾ ਘਰ ਵੀ ਪੰਜਾਬ ਦਾ ਇਕ ਛੋਟਾ ਜਿਹਾ ਟੁਕੜਾ ਹੈ..ਬਾਹਰ ਖੜ੍ਹਾ ਨਿੱਕਾ ਜਿਹਾ ਟਰੈਕਟਰ,ਅੰਦਰ ਟਾਂਡ 'ਤੇ ਸਜੇ ਹੋਏ ਕੰਗਣੀ ਵਾਲੇ ਗਲਾਸ, ਛੰਨੇ-ਕਟੋਰੇ, ਥਾਲ. .ਤਰ੍ਹਾਂ-ਤਰ੍ਹਾਂ ਦੇ ਕੁੱਕੜਾਂ ਦੇ ਮਾਡਲ, ਜਿਵੇਂ ਹੁਣੇ ਜਾਗ ਕੇ ਬਾਗਾਂ ਦੇਣ ਲੱਗ ਪੈਣਗੇ, ਖੁੱਡੇ ਵਿੱਚ ਛਾਲਾਂ ਮਾਰਦੇ ਸੱਚੀਂ-ਮੁਚੀਂ ਦੇ ਚੂਚੇ ਤੇ ਉਹੋ ਜਿਹੀ ਜਗਾਹ ਹੀ ਉਹ ਸਾਨੂੰ ਲੈ ਕੇ ਗਈ, ਨਾਲ ਉਹਦਾ ਜੀਵਨ-ਸਾਥੀ ਅਜੀਤ,ਆਤਮਿਕ-ਬੁਲੰਦੀਆਂ ਦੀ ਸ਼ਾਇਰਾ ਤੇ ਬਲੌਗ-ਮੈਗਜ਼ੀਨ 'ਸਿਰਜਣਹਾਰੀ' ਦੀ ਸੰਪਾਦਕ ਸੁਰਜੀਤ ਕੌਰ ਅਤੇ ਜਾਣੀ-ਪਛਾਣੀ ਸਾਹਿਤਿਕ ਸ਼ਖਸ਼ੀਅਤ ਤੇ ਅਦਾਕਾਰਾ ਕੰਵਲਜੀਤ ਢਿੱਲੋਂ ਵੀ ਸਨ।ਇਹ ਜਗਾਹ ਇੱਕ ਵਿਰਾਸਤੀ ਪਿੰਡ'ਪਾਇaਨੀਅਰ ਵਿਲੇਜ'ਸੀ, ਜਿੱਥੇ ਗੁਜ਼ਰੇ ਵਕਤਾਂ ਦੀ ਜੀਵਨ-ਜਾਚ ਅਤੇ ਰਹਿਤਲ ਨੂੰ ਪੂਰੀ ਤਰ੍ਹਾਂ ਜਿਉਂਦੀ-ਜਾਗਦੀ ਰੱਖਿਆ ਗਿਆ ਹੈ..ਇਉਂ ਜਾਪਦਾ ਸੀ ਕਿ ਅਸੀਂ ਸੈਂਕੜੇ ਸਾਲ ਪੁਰਾਣੇ ਯੁੱਗ ਵਿੱਚ ਆ ਗਏ ਹਾਂ।ਉਸ ਸਮੇਂ ਦੇ ਆਟਾ ਪੀਹਣ ਵਾਲੇ ਘਰਾਟ,ਰੋਟੀ-ਟੁੱਕ ਪਕਾਉਣ ਵਾਲੇ ਚੁੱਲ੍ਹੇ,ਲੁਹਾਰਾਂ-ਦਰਜ਼ੀਆਂ,ਬਜਾਜਾਂ ਦੀਆਂ ਦੁਕਾਨਾਂ,ਪੁਰਾਣਾ ਦਵਾਖਾਨਾ, ਡਾਕ-ਘਰ, ਪ੍ਰੈਸ ਤੇ ਹੋਰ ਸਭ ਕੁਝ..aਦੋਂ ਦੇ ਹੀ ਰਵਾਇਤੀ ਪਹਿਰਾਵਿਆਂ ਵਿੱਚ ਸਾਰੇ ਆਹਰ-ਪਾਹਰ ਕਰ ਕੇ ਸੈਲਾਨੀਆਂ ਨੂੰ ਦਿਖਾਉਂਦੇ ਕਾਮੇ,ਅਸੀਂ ਜਦੋਂ ਉਹਨਾਂ ਨੂੰ ਦਰੀਆਂ ਬੁਣਦਿਆਂ,ਸੂਤ ਅਟੇਰਦਿਆਂ ਦੇਖਿਆ ਤਾਂ ਫੌਰਨ ਬੋਲੀਆਂ,"ਦਿਸ ਇਜ਼ ਜਸਟ ਲਾਈਕ ਆਵਰ ਪੰਜਾਬ.."
ਗਾਗਰਾਂ,ਛੰਨਿਆਂ ਨਾਲ ਮਿਲਦੇ-ਜੁਲਦੇ ਭਾਂਡੇ ਦੇਖ ਕੇ ਮੂੰਹੋਂ ਨਿੱਕਲਿਆ,"ਵੁਈ ਆਲਸੋ ਹੈਵ ਸੱਚ ਯੁਟੈਂਸਿਲਜ਼ ਇਨ ਆਵਰ ਵਿਲੇਜਜ਼ .."
" ਓਹ..ਰੀਅਲੀ..?" ਉਹ ਹੈਰਾਨ ਹੋ ਕੇ ਆਖਦੇ, "ਵਿੱਚ ਵਿਲੇਜਜ਼..?"
"ਵਿਲੇਜਜ਼ ਆਫ ਪੰਜਾਬ..ਆਵਰ ਮਦਰਲੈਂਡ.." ਮੈਂ ਤੇ ਕੰਵਲਜੀਤ ਆਖਦੀਆਂ।
" ਵਾਓ!..ਗਰੇਟ ਟੂ ਨੋ ਦੈਟ.."ਜਿਵੇਂ ਸਾਡਾ ਉਹਨਾਂ ਨਾਲ ਸਹੇਲਪੁਣਾ ਜਿਹਾ ਪੈ ਜਾਂਦਾ,ਉਹਨਾਂ ਨਾਲ ਤਸਵੀਰਾਂ ਵੀ ਖਿਚਾਈਆਂ ਅਸੀਂ।
ਉਹ ਥਾਂ ਸੱਚਮੁਚ ਆਪਣੇ ਅੰਦਰ ਮਨੁੱਖਤਾ ਦਾ ਇਤਿਹਾਸ ਸਮੋਈ ਬੈਠੀ ਸੀ, ਇਨਸਾਨ ਦੀ ਕਦਮ-ਦਰ-ਕਦਮ ਤਰੱਕੀ ਦਾ ਜਿਉਂਦਾ-ਜਾਗਦਾ ਸਬੂਤ.. ਖੁਦ ਨੂੰ ਉਹਨਾਂ ਬੀਤੇ ਸਮਿਆਂ ਵਿੱਚ ਮਹਿਸੂਸ ਕਰਦੇ ਅਸੀਂ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਜਾ ਰਹੇ ਸਾਂ।ਸਾਵੀਆਂ ਟਿੱਬੀਆਂ ਦੀਆਂ ਪਗਡੰਡੀਆਂ'ਤੇ ਚੜ੍ਹਦੇ ਉੱਤਰਦੇ ਅਸੀਂ ਤਬੇਲਿਆਂ ਤੇ ਪਸ਼ੂਆਂ ਦੇ ਵਾੜਿਆਂ ਵੱਲ ਵੀ ਹੋ ਆਏ …ਘੋੜੇ,ਭੇਡਾਂ,ਬੱਤਖਾਂ,ਮੁਰਗੀਆਂ ਸਭ ਕਿਸੇ ਪੁਰਾਣੇ ਜਨਮ ਦੀ ਗਵਾਹੀ ਭਰ ਰਹੇ ਸਨ।ਸਿਉਨੇ-ਰੰਗੀ ਧੁੱਪ ਜਦੋਂ ਲੂਹਣ ਲੱਗਦੀ ਤਾਂ ਅਸੀਂ ਕਿਸੇ ਸੰਘਣੇ ਛਾਂ-ਦਾਰ ਬਿਰਖ ਹੇਠਾਂ ਪੈਰ ਮਲ਼ ਲੈਂਦੇ।ਫਿਰ ਥੱਕ-ਟੁੱਟਕੇ ਇੱਕ ਮਕਾਨ ਦੇ ਵਿਹੜੇ ਵਿੱਚ ਘਾਹ ਉੱਤੇ ਚਾਦਰਾਂ ਵਿਛਾ ਲਈਆਂ,ਨਲਕਾ ਗੇੜ ਕੇ aਕ ਨਾਲ ਪਾਣੀ ਪੀਤਾ ਤੇ ਨਾਲ ਲਿਆਂਦੇ ਆਲੂ-ਮੂਲੀਆਂ ਦੇ ਪਰੌਂਠਿਆਂ,ਅੰਬ ਦੇ ਅਚਾਰ ਤੇ ਦੁੱਧ-ਸੇਵੀਂਆਂ'ਤੇ ਟੁੱਟ ਪਏ।ਇਹੋ ਜਿਹਾ
ਰੂਹ ਦਾ ਰੱਜ! ਜਿਵੇਂ ਕਿਸੇ ਬਹਿਸ਼ਤ ਵਿੱਚ ਪ੍ਰੀਤੀ-ਭੋਜ ਕੀਤਾ ਹੋਵੇ..ਤੇ ਫਿਰ ਫਲਾਂ ਦੇ ਆਹੂ ਲਹਿਣ ਲੱਗੇ, ਬਲਦੇਵ ਸੰਤਰੇ ਛਿੱਲ-ਛਿੱਲ ਦਈ ਜਾਂਦਾ..ਅਸੀਂ 'ਸ਼ੁਕਰੀਆ' ਕਹਿ-ਕਹਿ ਖਾਈ ਜਾਂਦੇ।ਉਹ ਪਲ ਬੜੀ ਸ਼ਿੱਦਤ ਨਾਲ ਯਾਦ ਆਏ ਜਦੋਂ ਅਸੀਂ ਕਪਾਹ ਚੁਗਦਿਆਂ ਏਵੇਂ ਹੀ ਥੱਕ-ਟੁੱਟ ਕੇ ਇੱਕ ਬੰਨੇ ਖੜ੍ਹੀ ਕਿੱਕਰ ਦੀ ਡੱਬ-ਖੜੱਬੀ ਛਾਵੇਂ ਪੋਣੇ ਵਿਚੋਂ ਮਿੱਸੀਆਂ ਰੋਟੀਆਂ ਕੱਢ,ਅਚਾਰ ਤੇ ਗੰਢਿਆਂ ਨਾਲ ਖਾਂਦੇ ਹੋਏ ਮੱਘੇ ਵਿੱਚੋਂ ਘੁੱਟੋ-ਵੱਟੀ ਲੱਸੀ ਪੀਂਦੇ ਸਾਂ ਤੇ ਸਾਰੀ ਥਕਾਵਟ ਛਿਣਾਂ ਵਿੱਚ ਛਾਈਂ-ਮਾਈਂ ਹੋ ਜਾਂਦੀ ਸੀ।
ਅਚਾਨਕ ਲਵੀਨ ਬੋਲੀ," ਮੈਅਮ! ਕੋਈ ਗੀਤ ਸੁਣਾਓ.."
" ਮੈਨੂੰ ਕਿੱਥੇ ਆਉਂਦੇ ਨੇ ਗੀਤ ਗਾਉਣੇ.."
" ਪੰਜਾਬ ਦੇ ਗੀਤਾਂ ਦੀ ਬਹੁਤ ਪਿਆਸ ਲੱਗੀ ਐ ਮੈਅਮ!.."
" ਆ ਜਾ ਕੰਵਲਜੀਤ!ਏਥੇ ਕਿਹੜਾ ਆਪਾਂ ਨੂੰ ਜਾਣਦਾ ਕੋਈ,ਇਹਦਾ ਰਾਂਝਾ ਰਾਜੀ ਕਰੀਏ, ਆਪਣਾ ਵੀ.." ਤੇ ਅਸੀਂ ਦੋਵਾਂ ਨੇ ਬੋਲ ਚੁੱਕਿਆ,
"ਵਣ-ਵਣ ਪੀਲ੍ਹਾਂ ਪੱਕੀਆਂ ਨੀ ਮੇਰੀ ਰਾਣੀਏ ਮਾਏ! ਕੋਈ ਖੱਟੀਆਂ,ਲਾਲ-ਗੁਲਾਲ ਨੀ ਭਲੀਏ!
ਧੀਆਂ ਨੂੰ ਸਹੁਰੇ ਤੋਰ ਕੇ ਨੀ ਮੇਰੀ ਰਾਣੀਏ ਮਾਏ!ਤੇਰਾ ਕੇਹਾ ਕੁ ਲੱਗਦਾ ਜੀਅ ਨੀ ਭਲੀਏ.."
" ਔ..ਸ..ਮ! ਹੁਣ ਚਿੜੀਆਂ ਦਾ ਚੰਬਾ ਵੀ ਸੁਣਾ ਦਿਓ.." ਲਵੀਨ ਬੋਲੀ
ਅਸੀਂ ਗੀਤ ਛੋਹਿਆ ਤਾਂ ਦਿਲਦੀਪ ਨੇ ਵੀ ਬੋਲ ਰਲ਼ਾ ਲਿਆ,ਸੁਰਜੀਤ ਨੇ ਵੀ… ..ਤੇ ਹੌਲੀ-ਹੌਲੀ ਲਵੀਨ ਨੇ ਵੀ..। ਫਿਰ ਇੱਕ ਗੀਤ ਦੂਜਾ ਗੀਤ, ਬਿਨਾਂ ਕਿਸੇ ਝਿਜਕ ਤੋਂ, ਮਨ-ਚਾਹੀ ਉੱਚੀ ਹੇਕ ਨਾਲ…ਵੇ..ਹੇ..
ਪਤਾ ਨਹੀਂ ਇਹ 'ਪਾਇਉਨੀਅਰ ਵਿਲੇਜ' ਵਿੱਚ ਦੇਖੀਆਂ ਆਪਣੇ ਪਿੰਡਾਂ ਵਰਗੀਆਂ ਚੀਜ਼ਾਂ-ਵਸਤਾਂ ਦਾ ਟੂਣਾ ਸੀ ਕਿ ਸਾਡੇ ਅੰਦਰਲੀ ਪੰਜਾਬੀਅਤ ਨੇ ਸਿਰ ਚੁੱਕਿਆ ਸੀ, ਅਸੀਂ ਆਲੇ-ਦਵਾਲੇ ਤੋਂ ਬੇਪਰਵਾਹ ਗਾਉਂਦੀਆਂ ਹੀ ਜਾ ਰਹੀਆਂ ਸਾਂ। ਖਾਮੋਸ਼ ਹੋਈਆਂ ਤਾਂ ਤਾੜੀਆਂ ਦੀ ਗੂੰਜ ਨਾਲ ਤ੍ਰਭਕ ਗਈਆਂ, ਆਪਣੀ ਲੋਰ ਵਿਚ ਸਾਨੂੰ ਖਬਰ ਹੀ ਨਾ ਹੋਈ ਕਿ ਗੋਡੇ-ਗੋਡੇ ਵਾੜ ਦੇ ਬਾਹਰ ਕਿੰਨੇ ਸਾਰੇ ਗੋਰੇ, ਮੇਮਾਂ ਬੱਚੇ ਖੜ੍ਹੇ ਸਨ, ਇਕ ਦੋ ਦੱਖਣ-ਭਾਰਤੀ ਜੋੜੇ ਵੀ, ਅਸੀਂ ਉਹਨਾਂ ਵੱਲ ਧੰਨਵਾਦੀ ਹੱਥ ਹਿਲਾ ਦਿੱਤੇ।
ਕੱਪੜੇ ਝਾੜ ਨਿੱਕ-ਸੁੱਕ ਇਕੱਠਾ ਕਰ ਬਾਹਰ ਆਏ ਤਾਂ ਇਕ ਮੋਟੀ-ਥੁਲਥੁਲੀ ਮੇਮ ਮੇਰੇ ਵੱਲ ਅਹੁਲੀ,
" ਇੰਜੁਆਇਡ ਯੂਅਰ ਸਿੰਗਿੰਗ. ਕੁਡ ਨਾਟ ਅੰਡਰਸਟੈਂਡ ਇਟ..ਬਟ ਦਾ ਮਿਊਜ਼ਿਕ…ਓ!.. ਯੂ ਆਲ ਆਰ ਐਕਸੀਲੈਂਟ…ਯੂ ਬੀਲੌਂਗ ਟੂ….?"
" ਵੁਈ ਬੀਲੌਂਗ ਟੂ ਇੰਡੀਆ..ਦੀਜ਼ ਆਰ ਸੌਂਗਜ਼ ਆਫ ਪੰਜਾਬ..ਆਵਰ ਫੋਕ ਸੌਂਗਜ਼.."
" ਪੈਂਜਾਬ? ਲੈਂਡ ਆਫ ਗੋਲਡਨ ਟੈਂਪਲ..?"
" ਯਾਹ! ਯੂ ਨੋ ਅਬਾਊਟ ਦਿਸ ਹੋਲੀ ਪਲੇਸ?"
" ਹੀ ਬਿਨ ਟੂ.."ਉਹਨੇ ਮੰਦ-ਮੰਦ ਮੁਸਕੁਰਾ ਰਹੇ ਆਪਣੇ ਸਿਆਹਫਾਮ ਸਾਥੀ ਵੱਲ ਇਸ਼ਾਰਾ ਕੀਤਾ।
" ਯੂ ਮਸਟ ਆਲਸੋ ਵਿਜ਼ਿਟ ..ਯੂ ਵੁਡ ਲਵ ਇਟ.."
" ਡੈਫੀਨੇਟਲੀ..ਵੈੱਲ!..ਇਟ ਵਾਜ਼ ਆਲ ਨਾਈਸ..ਯੂ ਮੇਡ ਆਰ ਡੇ" ਉਹਨੇ ਅੰਗੂਠਾ ਖੜ੍ਹਾ ਕਰਕੇ ਸਾਡੇ ਗਾਉਣ ਦੀ ਦਾਦ ਦਿੱਤੀ। ਉਹਨੂੰ ਬਾਇ ਕਹਿ ਕੇ ਪਰ੍ਹੇ ਫੋਟੋਆਂ ਖਿਚਾ ਰਹੇ ਸਾਥੀਆਂ ਵੱਲ ਜਾਂਦੀ ਦੇ ਮੇਰੇ ਪੱਬ ਧਰਤੀ'ਤੇ ਨਹੀਂ ਲੱਗ ਰਹੇ ਸਨ।
ਕੁਝ ਮਹੀਨੇ ਹੋਰ ਤੇ ਹੁਣ ਅਸੀਂ ਬੇਟੇ ਰਿਸ਼ਮਦੀਪ ਕੋਲ ਸਰੀ ਸਾਂ।
" ਮੰਮੀ! ਵਾਈਟ-ਰੌਕ ਬੀਚ 'ਤੇ ਸਨਸੈਟ ਦਾ ਸੀਨ ਦੇਖਣ ਵਾਲਾ ਹੁੰਦੈ..ਫਟਾਫਟ ਤਿਆਰ ਹੋ ਜਾਓ" ਇਕ ਦਿਨ ਉਹ ਕੰਮ ਤੋਂ ਆਉਂਦਾ ਹੀ ਬੋਲਿਆ।
ਸੱਚਮੁਚ ਉਹ ਨਜ਼ਰਾ ਕਮਾਲ ਸੀ..ਨੀਲਾ ਸਮੁੰਦਰ..ਦੂਰ ਪਰ੍ਹੇ ਹਰੀਆਂ ਹਰੀਆਂ ਪਹਾੜੀਆਂ ਤੇ ਉਪਰ ਸੋਨੇ-ਰੰਗਾ ਸੂਰਜ ਪੂਰੀ ਮੜਕ ਨਾਲ ਪੱਛਮ ਦੀਆਂ ਪੌੜੀਆਂ ਉੱਤਰ ਰਿਹਾ। ਲੱਕੜ ਦਾ ਲੰਬਾ ਜਿਹਾ ਪੁਲ਼ ਸਮੁੰਦਰ ਦੇ ਅੰਦਰ ਨੂੰ ਜਾਂਦਾ ਹੋਇਆ..ਤੇ ਐਨ ਸਿਰੇ'ਤੇ ਬੜੇ ਸੁਰੱਖਿਅਤ ਇੰਤਜ਼ਾਮ ਵਿੱਚ ਨੌਜੁਆਨ ਮੁੰਡੇ ਕੁੜੀਆਂ ਠੰਢੇ-ਠਾਰ ਪਾਣੀ ਵਿੱਚ ਛਲਾਂਗਾਂ ਮਾਰ ਰਹੇ.. ਕਿਸ਼ਤੀਆਂ ਪਾਣੀ ਦੀ ਹਿੱਕ 'ਤੇ ਮੁਰਗਾਬੀਆਂ ਵਾਂਗ ਤਰ ਰਹੀਆਂ..ਦੂਰ ਮਕਾਨਾਂ ਦੇ ਸ਼ੀਸ਼ਿਆਂ 'ਤੇ ਪੈ ਰਹੀਆਂ ਢਲਦੇ ਸੂਰਜ ਦੀਆਂ ਕਿਰਨਾਂ ਖਿੜਕੀਆਂ ਨੂੰ ਚੌਰਸ ਦੀਵਿਆਂ ਵਾਂਗ ਜਗਾ ਰਹੀਆਂ..ਪਲ-ਪਲ ਅਸਮਾਨ ਰੰਗ ਬਦਲ ਰਿਹਾ..ਪਲ-ਪਲ ਪਾਣੀ ਰੰਗ ਬਦਲ ਰਹੇ..ਨੀਲਾ ਸਮੁੰਦਰ ਫੀਰੋਜ਼ੀ ਹੋ ਗਿਆ,ਫਿਰ ਹਲਕਾ ਜਾਮਨੀ ਤੇ ਅਚਾਨਕ ਗੁਲਾਬੀ..
"ਹੈਂ.?.ਇਹ ਕੀ?" ਅਸੀਂ ਸਾਰਿਆਂ ਨੇ ਅਚੰਭੇ ਜਿਹੇ ਨਾਲ ਉੱਪਰ ਦੇਖਿਆ..ਸੂਰਜ ਕੁਝ ਇਸ ਅਦਾ ਨਾਲ ਛੁਪਿਆ ਸੀ ਕਿ ਪੂਰਾ ਅਸਮਾਨ ਗੁਲਾਬੀ ਹੋ ਗਿਆ ਸੀ ਤੇ ਉਸੇ ਦੇ ਅਕਸ ਨੇ ਸਮੁੰਦਰ ਦੇ ਪਾਣੀਆਂ ਵਿੱਚ ਇਹ ਜਾਦੂਗਰੀ ਘੋਲ ਦਿੱਤੀ ਸੀ..ਮੈਂ ਤਾਂ ਜਿਵੇਂ ਕਾਲਜਾ ਫੜ ਕੇ ਬਹਿ ਗਈ..ਕਦੀ ਉੱਪਰ ਦੇਖਾਂ..ਕਦੀ ਹੇਠਾਂ..ਏਨਾ ਅਲੌਕਿਕ ਨਜ਼ਾਰਾ ਕਦੀ ਦੇਖਿਆ ਨਾ ਸੁਣਿਆ ਤੇ ਜਿਹੜਾ ਸ਼ਬਦਾਂ ਦੇ ਵਿਚ ਤਾਂ ਬੰਨ੍ਹਿਆ ਹੀ ਨਹੀਂ ਜਾ ਸਕਦਾ..ਬਥੇਰੀਆਂ ਤਸਵੀਰਾਂ ਖਿੱਚੀਆਂ..ਪਰ ਉਸ ਅਦਿੱਖ ਚਿਤੇਰੇ ਦੀ ਚਿਤਰਕਾਰੀ ਨੂੰ ਉਹਦੇ ਅਸਲੀ ਰੂਪ ਵਿਚ ਕੈਮਰਾ ਕਦੋਂ ਫੜ ਸਕਿਐ! ਵਾਪਿਸ ਜਾਂਦਿਆਂ ਮੈਂ ਮੁੜ-ਮੁੜ ਕੇ ਪਿੱਛੇ ਦੇਖਾਂ..
" ਤੇਰੀ ਮੰਮੀ ਨੂੰ ਏਥੇ ਈ ਛੱਡ ਜਾਨੇ ਆਂ.."ਬਲਦੇਵ ਮਿੱਠਾ ਜਿਹਾ ਛੇੜ ਕੇ ਮੁਸਕੁਰਾਇਆ।
" ਸਤਿ ਸਿਰੀ ਅਕਾਲ ਜੀ.."
ਇਸ ਤਲਿਸਮ ਵਿਚੋਂ ਕੋਈ ਇਹੋ ਜਿਹੀ ਆਵਾਜ਼ ਹੀ ਕੱਢ ਸਕਦੀ ਸੀ।ਅਸੀਂ ਪਿਛੇ ਮੁੜ ਕੇ ਦੇਖਿਆ, ਕੋਈ ਜਾਣੂ ਚਿਹਰਾ ਨਹੀਂ ਸੀ। ਹਾਲਾਂ ਕਿ ਏਥੇ ਪੰਜਾਬੀਆਂ ਦਾ ਮੇਲਾ ਲੱਗਿਆ ਹੋਇਆ ਸੀ ਤੇ ਚੁੰਨੀਆਂ ਦਸਤਾਰਾਂ ਵਾਲਿਆਂ ਦੀ ਵੀ ਘਾਟ ਨਹੀਂ ਸੀ।
" ਸਿੰਘ ਸਾਹਬ!ਮੈਂ ਏਦਰ ਹਾਂ.." ਇਕ ਦੁਕਾਨ ਅੱਗੇ ਵਾਇਲਨ ਵਜਾ ਰਿਹਾ ਅੰਗਰੇਜ਼ ਸਾਨੂੰ ਮੁਖਾਤਿਬ ਸੀ।ਅਸੀਂ ਕੋਲ ਗਏ ਤਾਂ ਉਹਨੇ ਬੜਾ ਹੁੱਬ ਕੇ ਬਲਦੇਵ ਨਾਲ ਹੱਥ ਮਿਲਾਇਆ, "ਤੁਹਾਡੇ ਅਮ੍ਰਿਤਸਰ ਮੈਂ ਪੰਜ ਸਾਲ ਰਿਹਾ ਹਾਂ..ਪੰਜਾਬੀ ਬਹੁਤ ਫਾਈਨ ਬੋਲ ਸਕਦਾ ਹਾਂ.."
" ਅਰੇ ਵਾਹ!..ਕਿੰਨੀ ਖੁਸ਼ੀ ਹੋਈ ਹੈ ਅਸੀਂ ਦੱਸ ਨਹੀਂ ਸਕਦੇ" ਬਲਦੇਵ ਬੋਲਿਆ। ਏਨੇ ਨੂੰ ਕਾਫੀ ਅੱਗੇ ਨਿੱਕਲ ਗਏ ਰਿਸ਼ਮ ਹੋਰੀਂ ਵੀ ਪਰਤ ਆਏ।
" ਕਿਉਂ ਬਈ ਤੁਹਾਡੇ ਪਹਿਲੇ ਗੁਰੁ ਦਾ ਕੀ ਨਾਂ ਸੀ?" ਉਹਨੇ ਸੱਤ ਤੇ ਦਸ ਸਾਲ ਦੇ ਸਾਡੇ ਪੋਤਰਿਆਂ ਨੂੰ ਪੁੱਛਿਆ
" ਸ੍ਰੀ ਗੁਰੁ ਨਾਨਕ ਦੇਵ ਜੀ.." ਸੁਣਦਿਆਂ ਹੀ ਉਹਨੇ ਸਵਾਲਾਂ ਦੀ ਝੜੀ ਲਾ ਦਿੱਤੀ,
" ਸਾਹਿਬਜ਼ਾਦਿਆਂ ਦੇ ਨੇਮਜ਼ ਪਤਾ ਹਨ ਤੁਹਾਨੂੰ?"
" ਜਿਹੜੇ ਗੁਰੁ ਤੱਤੀ ਤਵੀ'ਤੇ ਸ਼ਹੀਦ ਹੋਏ ਉਹਨਾਂ ਦਾ ਕੀ ਨਾਂ ਸੀ?"
" ਪੰਜ ਪਿਆਰੇ ਕੌਣ ਸਨ?"
ਬੱਚੇ ਉੱਕਦੇ ਤਾਂ ਉਹ ਉਹਨਾਂ ਦੇ ਸਿਰ ਨੂੰ ਪਲੋਸਦਾ ਖੁਦ ਜਵਾਬ ਦੇ ਦਿੰਦਾ।ਅਸੀਂ ਇਕ ਨਵੇਂ ਕ੍ਰਿਸ਼ਮੇ ਵਿੱਚ ਬੱਝੇ ਖੜ੍ਹੇ ਸਾਂ।ਦੁਕਾਨ ਉਹਦੇ ਪੋਤੇ ਦੀ ਸੀ..ਉਹਨੇ ਸਾਨੂੰ ਅੰਦਰ ਬਹਿਣ ਲਈ ਵੀ ਕਿਹਾ ਪਰ ਸਮਾਂ ਵੱਸੋਂ ਬਾਹਰ ਸੀ।
" ਮੈਂ ਬਿਆਲੀ ਜ਼ੁਬਾਨਾਂ ਬੋਲ ਸਕਦਾ ਹਾਂ.." ਉਹ, ਜਿਸਦਾ ਨਾਂ ਪਾਵਲ ਜੈਨੂਲ਼ਸ ਸੀ, ਬੈਗ 'ਚੋਂਂ ਆਪਣੇ ਬਾਰੇ ਛਪੇ ਇਕ ਆਰਟੀਕਲ ਦੀ ਫੋਟੋਕਾਪੀ ਦਿੰਦਾ ਬੋਲਿਆ, ਉਹਦੇ ਨਾਲ ਫੋਟੋ ਖਿਚਾ ਕੇ ਅਸੀਂ ਵਿਦਾ ਲੈ ਲਈ।
ਲੇਖਿਕਾ ਨਾਲ ਪੰਜਾਬੀ ਬੋਲਣ ਵਾਲੇ ਪਾਵਲ ਜੈਨੂਲ਼ਸ
ਪਰ ਹੁਣ ਅੱਖਾਂ ਵਿਚ ਵਸੇ ਗੁਲਾਬੀ ਸਮੁੰਦਰ ਦੇ ਨਾਲ ਇਕ ਗੁਲਾਬੀ ਅਹਿਸਾਸ ਮੇਰੇ ਸੀਨੇ ਵਿਚ ਠਹਿਰ ਗਿਆ ਸੀ…ਅਸੀਂ ਪੰਜਾਬੀ ਲੱਖ ਆਪਣੀ ਬੋਲੀ 'ਤੇ ਮਾਣ ਨਾ ਕਰੀਏ..ਤੇ ਉਹਨੂੰ ਆਪਣੀ ਜ਼ਿੰਦਗੀ ਵਿਚੋਂ ਮਨਫੀ ਕਰਨ ਦੀ ਕੋਸ਼ਿਸ਼ ਕਰੀਏ..ਪਰ ਇਹ ਵਿਦੇਸ਼ੀਆਂ ਦੇ ਦਿਲਾਂ ਵਿਚ ਮਾਣ ਲੈ ਰਹੀ ਹੈ..ਇਹ ਗਿਣਤੀ ਨਿਗੂਣੀ,ਬਹੁਤ ਨਿਗੂਣੀ ਹੀ ਸਹੀ..ਪਰ ਮਾਂ-ਬੋਲੀ ਨੂੰ ਨੀਵਾਂ ਸਮਝਣ ਵਾਲਿਆਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਛਮਕਾਂ ਮਾਰਨ ਲਈ ਕਾਫੀ ਹੈ।ਇਹ ਸਭ ਪੜ੍ਹਕੇ ਸ਼ਾਇਦ ਕਿਸੇ ਨੂੰ ਚਾਨਣ ਹੋ ਜਾਵੇ ਕਿ ਸਿਰਫ ਅੰਗਰੇਜ਼ੀ ਬੋਲ ਕੇ ਵੱਡੇ ਨਹੀਂ ਬਣੀਦਾ,ਵਧੀਆ ਇਨਸਾਨ ਬਣਨਾ ਵੱਡੀ ਗੱਲ ਹੁੰਦੀ ਹੈ,ਵਧੀਆ ਪੁੱਤ-ਧੀਆਂ ਬਣਨਾ ਵੱਡੀ ਗੱਲ ਹੁੰਦੀ ਹੈ।ਜਿਹੜੇ ਬੱਚੇ ਆਪਣੀ ਮਾਂ ਨੂੰ ਭੁੱਲ ਜਾਂਦੇ ਨੇ,ਮਾਂ-ਬੋਲੀ ਨੂੰ ਭੁੱਲ ਜਾਂਦੇ ਨੇ,ਉਹ ਭਲਾ ਵਧੀਆ ਇਨਸਾਨ ਕਿਵੇਂ ਬਣ ਸਕਦੇ ਨੇ,ਉੱਤਮਤਾ ਦੀ ਸਿਖਰ ਨੂੰ ਕਿਵੇਂ ਛੋਹ ਸਕਦੇ ਨੇ?ਕੀ ਕਿਸੇ ਕੰਨ ਵਿੱਚ ਇਸ ਵੰਝਲੀ ਦੀ ਹੂਕ ਪਈ ਹੈ?