ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਲੱਚਰਤਾ ਦੇ ਮੱਕੜ ਜਾਲ ਵਿੱਚ ਫ਼ਸੀ ਹੋਈ ਹੈ। ਇਸ ਖੇਤਰ ਵਿੱਚ ਆਉਣ ਵਾਲਾ ਹਰ ਇਨਸਾਨ ਰਾਤੋ ਰਾਤ ਸ਼ੌਹਰਤ ਦੇ ਅੰਬਰ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਭਾਂਵੇ ਕੋਈ ਵੀ ਸਮਝੌਤਾ ਕਿਉਂ ਨਾ ਕਰਨਾ ਪਵੇ। ਪਰ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ। ਜੇਕਰ ਸਮਾਜ ਵਿੱਚ ਮਾੜੇ ਲੋਕ ਹਨ ਤਾਂ ਚੰਗੇ ਵੀ ਹਨ।
ਅੱਜ ਦੇ ਸਮੇਂ ਵਿੱਚ ਵੀ ਅਨੇਕਾਂ ਨਵੇਂ ਗਾਇਕ, ਗਾਇਕਾਵਾਂ ਦੇ ਅੰਦਰ ਆਪਣੇ ਵਿਰਸੇ ਨਾਲ ਮੋਹ ਠਾਠਾਂ ਮਾਰਦਾ ਹੈ। ਅਜਿਹਾ ਹੀ ਇੱਕ ਨਾਮ ਹੈ ਸੁਰ ਤੇ ਖ਼ੂਬਸੂਰਤੀ ਦਾ ਸੁਮੇਲ ਗਾਇਕਾ ਰਮਜ਼ਾਨਾ ਹੀਰ ਦਾ।
ਰਮਜ਼ਾਨਾ ਹੀਰ
ਜਿਲ•ਾ ਨਵਾਂ ਸ਼ਹਿਰ (ਮੌਜੂਦਾ ਸ਼ਹੀਦ ਭਗਤ ਸਿੰਘ ਨਗਰ) ਵਿਖੇ 24 ਕੁ ਸਾਲ ਪਹਿਲਾਂ ਮਾਤਾ ਸੁਖਵਿੰਦਰ ਕੌਰ ਅਤੇ ਪਿਤਾ ਤਰਸੇਮ ਚੰਦ ਦੇ ਗ੍ਰਹਿ ਵਿਖੇ ਪੈਦਾ ਹੋਈ ਰਮਜ਼ਾਨਾ ਦਾ ਅਸਲ ਨਾਮ ਰੇਣੂ ਬਾਲਾ ਹੈ।
ਰਮਜ਼ਾਨਾ ਹੀਰ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਇਸ ਲਈ ਉਹ ਆਪਣੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ 25 ਸਾਲਾਂ ਤੋਂ ਸੰਗੀਤ ਦੀ ਸੇਵਾ ਕਰ ਰਹੇ ਬੰਗਾ ਦੇ ਗਰਚਾ ਮਿਊਜ਼ਿਕ ਇੰਸਟੀਚਿਊਟ ਦੀ ਵਿਦਿਆਰਥਣ ਬਣ ਗਈ। ਗਰਚਾ ਇੰਸਟੀਚਿਊਟ ਬੰਗਾ ਖੇਤਰ ਦਾ ਪੰਜਾਬੀ ਵਿਰਾਸਤ ਨੂੰ ਸੰਭਾਲਣ ਵਾਲਾ ਮੋਹਰੀ ਇੰਸਟੀਚਿਊਟ ਹੈ। ਇਸ ਦੇ ਸੰਚਾਲਕ ਜੋਗਾ ਸਿੰਘ ਗਰਚਾ ਅਤੇ ਗਗਨ ਗਰਚਾ ਨੇ ਸੰਗੀਤ ਦੀ ਭੱਠੀ ਵਿੱਚ ਸਖ਼ਤ ਘਾਲਣਾ ਦੀ ਅੱਗ ਬਾਲ ਕੇ ਰਮਜ਼ਾਨਾ ਨੂੰ ਲੋਹੇ ਵਾਂਗ ਪਕਾ ਕੇ ਸੰਗੀਤ ਦੇ ਖੇਤਰ ਵਿੱਚ ਉਤਾਰਿਆ ਹੈ। ਇਨ•ੀ ਦਿਨੀਂ ਰਮਜ਼ਾਨਾ 'ਕੀਹਦੇ ਨਾਲ ਰੁੱਸਣਾ' ਅਤੇ 'ਮੇਰਾ ਦਿਲਦਾਰ' ਗੀਤਾਂ ਨਾਲ ਖ਼ੂਬ ਚਰਚਾ ਵਿੱਚ ਹੈ।
ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਫੇਸਬੁੱਕ ਤੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਵਰਗੇ ਲੋਕ ਗਾਇਕਾਂ ਦੇ ਵਿਰਾਸਤੀ ਗੀਤਾਂ ਨਾਲ ਕੁਰਾਹੇ ਪਈ ਨਵੀਂ ਪੀੜੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨ ਲਈ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਵਿਸ਼ੇਸ਼ ਤੌਰ ਤੇ ਕੀਤੀ ਗੱਲਬਾਤ ਵਿੱਚ ਉਸਨੇ ਦੱਸਿਆ ਕਿ ਉਹਨਾਂ ਦੀ ਪੂਰੀ ਟੀਮ ਮਿਆਰੀ ਅਤੇ ਉਸਾਰੂ ਸੋਚ ਵਾਲੇ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਉਣ ਲਈ ਪੂਰੀ ਤਰ•ਾਂ ਵਚਨਬੱਧ ਹੈ, ਨਾ ਕਿ ਅੱਜ ਦੇ ਦੌਰ ਵਾਂਗੂੰ ਸਮਾਜਿਕ ਕਦਰਾਂ ਕੀਮਤਾਂ ਨੂੰ ਇੱਕ ਪਾਸੇ ਰੱਖ ਕੇ ਨਾਂਅ ਅਤੇ ਨਾਮਾ ਕਮਾਉਣਾ ਹੈ।
ਰਮਜ਼ਾਨਾ ਹੀਰ ਬਹੁਤ ਜਲਦੀ ਆਪਣੇ ਨਵੇਂ ਗੀਤ ''ਕਾਲਾ ਟਿੱਕਾ'' ਅਤੇ ''ਚੁੰਨੀ'' ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਵੇਗੀ। ਇਹ ਦੋਵੇਂ ਗੀਤ ਵੱਡੇ ਪੱਧਰ ਤੇ ਰਿਲੀਜ਼ ਕੀਤੇ ਜਾ ਰਹੇ ਹਨ।
ਰਮਜ਼ਾਨਾ ਹੀ ਵਰਗੀ ਸੋਹਣੀ ਸੋਚ ਵਾਲੇ ਲੋਕਾਂ ਦੀ ਅੱਜ ਸਾਡੇ ਸੱਭਿਆਚਾਰ ਨੂੰ ਸਖ਼ਤ ਜਰੂਰਤ ਹੈ। ਪ੍ਰਮਾਤਮਾ ਉਸਦੀ ਸੋਚ ਨੂੰ ਫ਼ਲ-ਫੁੱਲ ਲਾਵੇ ਅਤੇ ਖੁਸ਼ੀ, ਤੰਦਰੁਸਤੀ 'ਤੇ ਤਰੱਕੀ ਬਖ਼ਸ਼ੇ। ਇਹੀ ਸਾਡੀ ਸਭ ਦੀ ਦਿਲੀ ਦੁਆ ਹੈ।