ਦੋਸਤੀ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿਆਰ ਕਦੀ ਵੀ ਕਿਸੇ ਦੋ ਜਾਂ ਦੋ ਤੋਂ ਵਧ ਪ੍ਰਾਣੀਆਂ ਵਿਚ ਹੋ ਸਕਦਾ ਹੈ। ਇਹ ਹੀ ਪਿਆਰ ਅੱਗੋਂ ਦੋਸਤੀ ਦਾ ਰੂਪ ਧਾਰਨ ਕਰਦਾ ਹੈ। ਇਹ ਦੋਸਤੀ ਇਕੋ ਸ਼੍ਰੇਣੀ ਦੇ ਦੋ ਜੀਵਾਂ ਵਿਚ ਹੋਣੀ ਤਾਂ ਸੁਭਾਵਕ ਹੀ ਹੈ ਪਰ ਇਹ ਦੋ ਅਲੱਗ ਅਲੱਗ ਸ਼੍ਰੇਣੀਆਂ ਦੇ ਜੀਵਾਂ ਵਿਚ ਵੀ ਹੋ ਸਕਦੀ ਹੈ। ਉਹ ਬਿਨਾ ਬੋਲੀ ਦੀ ਸਾਂਝ ਤੋਂ ਹੀ ਇਕ ਦੂਜੇ ਦੇ ਦਿਲਾਂ ਦੀ ਪਿਆਰ ਦੀ ਭਾਸ਼ਾ ਨੂੰ ਸਮਝਦੇ ਹਨ ਅਤੇ ਦੋਸਤ ਬਣ ਜਾਂਦੇ ਹਨ। ਇਸ ਤੋਂ ਇਲਾਵਾ ਦੋ ਮਨੁੱਖਾਂ ਦੀ ਆਪਸ ਵਿਚ ਦੋਸਤੀ ਤਾਂ ਕੁਦਰਤੀ ਹੀ ਹੈ। ਇਥੇ ਉਮਰ, ਜਾਤ, ਰੰਗ ਭੇਦ, ਅਹੁਦੇ, ਅਮੀਰੀ ਗਰੀਬੀ ਅਤੇ ਲਿੰਗ ਭੇਦ ਰੁਕਾਵਟ ਨਹੀਂ ਬਣਦੀ। ਦੋਸਤੀ ਦਾ ਕੋਈ ਮੁੱਲ ਨਹੀਂ। ਦੋਸਤੀ ਸਾਰੇ ਰਿਸ਼ਤਿਆ ਦਾ ਧੁਰਾ ਹੈ। ਵੈਸੇ ਮਾਂ ਬੇਟੇ, ਪਿਓ ਪੁੱਤਰ, ਭੈਣ ਭਰਾ, ਪਤੀ ਪਤਨੀ ਅਤੇ ਹੋਰ ਸਾਰੇ ਰਿਸ਼ਤੇ ਬਹੁਤ ਪਿਆਰੇ, ਪਵਿਤਰ ਅਤੇ ਕੁਰਬਾਨੀ ਭਰੇ ਹੁੰਦੇ ਹਨ। ਕੁਝ ਰਿਸ਼ਤੇ ਸਾਨੂੰ ਜਨਮ ਨਾਲ ਕੁਦਰਤੀ ਹੀ ਮਿਲਦੇ ਹਨ ਅਤੇ ਕੁਝ ਰਿਸ਼ਤੇ ਸਮਾਜਿਕ ਸਬੰਧਾਂ ਕਰਕੇ ਬਣਦੇ ਹਨ ਪਰ ਦੋਸਤੀ ਦੇ ਰਿਸ਼ਤਿਆਂ ਨੂੰ ਅਸੀਂ ਆਪ ਬਣਾਉਂਦੇ ਹਾਂ। ਜੇ aਪੁਰੋਕਤ ਸਾਰੇ ਰਿਸ਼ਤਿਆ ਨੂੰ ਦੋਸਤਾਂ ਦੀ ਤਰ੍ਹਾਂ, ਬਿਨਾ ਕਿਸੇ ਸੰਕੋਚ, ਲਾਲਚ ਅਤੇ ਵਲ ਛੱਲ ਦੇ ਬਰਾਬਰੀ ਦੇ ਤੋਰ ਤੇ ਨਿਭਾਇਆ ਜਾਏ ਤਾਂ ਬੜਾ ਆਨੰਦ ਮਿਲਦਾ ਹੈ, ਕਿਉਂਕਿ ਦੋਸਤੀ ਇਕ ਕੁਦਰਤੀ ਸੁਗਾਤ ਹੈ। 
ਕਈ ਵਾਰੀ ਆਂਢ ਗੁਆਂਢ ਵਿਚ ਰਹਿਣ ਕਰ ਕੇ ਛੋਟੇ ਛੋਟੇ ਮਾਸੂਮ ਬਚਿਆਂ ਦੀ ਆਪਸ ਵਿਚ ਦੋਸਤੀ ਹੋ ਜਾਂਦੀ ਹੈ। ਜਦ ਉਹ ਇਕੱਠੇ ਖੇਡਦੇ ਹਨ ਤਾਂ ਬਹੁਤ ਸੋਹਣੇ ਲੱਗਦੇ ਹਨ। ਉਨ੍ਹਾਂ ਦਾ ਆਪਸ ਵਿਚ ਪਿਆਰ ਪੈ ਜਾਣਾ ਵੀ ਸੁਭਾਵਿਕ ਹੀ ਹੈ। ਉਨ੍ਹਾਂ ਦੇ ਮਾਂ ਬਾਪ ਵੀ ਕਹਿੰਦੇ ਹਨ-ਇਹ ਤੇਰਾ ਵੀਰਾ ਹੈ ਜਾਂ ਇਹ ਤੇਰੀ ਦੀਦੀ ਹੈ।ਰਲ ਕੇ ਖੇਡੋ। ਇਹ ਦੋਸਤੀ ਬੜੀ ਪਿਆਰੀ ਅਤੇ ਬਿਨਾ ਕਿਸੇ ਵਲ ਛੱਲ ਤੋਂ ਹੁੰਦੀ ਹੈ। ਇਸ ਪਿਆਰ ਦੀਆਂ ਮਿੱਠੀਆਂ ਯਾਦਾਂ ਕਈ ਵਾਰੀ ਸਾਰੀ ਉਮਰ ਨਾਲ ਚੱਲਦੀਆਂ ਹਨ ਅਤ ਸਮੇਂ ਸਮੇਂ ਮਨ ਨੂੰ ਗੁਦਗੁਦਾ ਜਾਂਦੀਆਂ ਹਨ। 
ਜਦ ੧੪/੧੫ ਸਾਲ ਦੇ ਕਰੀਬ ਦੀ ਉਮਰ ਦੇ ਲੜਕੇ ਲੜਕੀ ਦੀ ਦੋਸਤੀ ਹੁੰਦੀ ਹੈ ਤਾਂ ਇਨ੍ਹਾਂ ਦੀ ਆਪਸ ਵਿਚ ਇਕ ਵਿਸ਼ੇਸ਼ ਪ੍ਰਕਾਰ ਦੀ ਕਸ਼ਿਸ਼ ਪੈਦਾ ਹੁੰਦੀ ਹੈ। ਦੋਵੇਂ ਹਰ ਸਮੇਂ ਇਕ ਦੂਜੇ ਦਾ ਸਾਥ ਮਾਣਨ ਨੂੰ ਲੋਚਦੇ ਹਨ। ਕੁਝ ਸਮਾਂ ਬੀਤਣ ਤੇ ਇਹ ਪ੍ਰੇਮੀ ਪ੍ਰੇਮਿਕਾ ਦਾ ਰੂਪ ਧਾਰਦੇ ਹਨ ਅਤੇ ਬਾਲਗ ਹੁੰਦਿਆਂ ਹੁੰਦਿਆਂ ਪਤੀ ਪਤਨੀ ਦਾ ਰਿਸ਼ਤਾ ਬਣਾਉਣ ਨੂੰ ਤਰਸਦੇ ਹਨ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਇਕ ਦੂਜੇ ਤੋਂ ਬਿਨਾ ਜੀਅ ਨਹੀਂ ਸਕਦੇ। ਇਸ ਸਮੇਂ ਬੜੇ ਧਿਆਨ ਨਾਲ ਕੋਈ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ। ਮਾਂ ਬਾਪ ਨੂੰ ਵੀ ਬੜੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਜੇ ਇਹ ਦੋਸਤੀ ਮਾਂ ਬਾਪ ਦੀ ਰਜ਼ਾਮੰਦੀ ਨਾਲ ਸ਼ਾਦੀ ਦੇ ਰਿਸ਼ਤੇ ਵਿਚ ਬਦਲ ਜਾਏ ਤਾਂ ਬਹੁਤ ਠੀਕ ਹੈ ਪਰ ਜੇ ਮਾਂ ਬਾਪ ਅਜਿਹੇ ਰਿਸ਼ਤੇ ਨੂੰ ਪਰਵਾਨਗੀ ਨਾ ਦੇਣ ਤਾਂ ਕਈ ਵਾਰੀ ਬੱਚੇ ਬਾਗੀ ਵੀ ਹੋ ਜਾਂਦੇ ਹਨ ਅਤੇ ਅਜਿਹੀ ਜਿਦ ਬਹੁਤ ਵੱਡੇ ਦੁਖਾਂਤ ਦਾ ਕਾਰਨ ਵੀ ਬਣਦੀ ਹੈ। 
ਅੱਜ ਕੱਲ ਮੀਡੀਆ ਜਾਂ ਇੰਟਰਨੈਟ, ਫੇਸ ਬੁੱਕ ਅਤੇ ਵਟਸ ਐਪ ਕਾਰਨ ਕਈ ਵਾਰੀ ਲੜਕੇ ਲੜਕੀ ਵਿਚ ਜਲਦੀ ਦੋਸਤੀ ਹੋ ਜਾਂਦੀ ਹੈ ਪਰ ਉਹ ਇਕ ਦੂਜੇ ਤੋਂ ਆਪਣੀਆਂ ਕਮਜੋਰੀਆਂ ਅਤੇ ਸੱਚਾਈ ਲੁਕੋ ਲੈਂਦੇ ਹਨ। ਉਹ ਆਪਣੇ ਆਪ ਨੂੰ ਬਹੁਤ ਅਮੀਰ ਅਤੇ ਕਾਬਿਲ ਜਾਹਿਰ ਕਰਦੇ ਹਨ। ਜਦ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਅਜਿਹੀ ਦੋਸਤੀ ਰੇਤ ਦੇ ਮਹਿਲ ਦੀ ਤਰ੍ਹਾਂ ਢਹਿ ਢੇਰੀ ਹੋ ਕੇ ਮਿੱਟੀ ਵਿਚ ਰੁਲ ਜਾਂਦੀ ਹੈ। ਇਸ ਲਈ ਅਜਿਹੇ ਬਹੁਤੇ ਕੇਸਾਂ ਵਿਚ ਧੋਖਾ ਹੀ ਹੁੰਦਾ ਹੈ।
ਕਈ ਬੱਚੇ ਆਵੇਸ਼ ਵਿਚ ਆ ਕੇ ਕਹਿੰਦੇ ਹਨ ਕਿ ਸ਼ਾਦੀ ਤਾਂ ਅਸੀਂ ਕਰਨੀ ਹੈ। ਜ਼ਿੰਦਗੀ ਅਸੀਂ ਆਪਸ ਵਿਚ ਕੱਟਣੀ ਹੈ, ਫਿਰ ਮਾਂ ਬਾਪ ਦਾ ਸਾਡੀ ਸ਼ਾਦੀ ਵਿਚ ਕੀ ਦਖਲ ਹੈ? ਅਜਿਹੇ ਮਤਲਬੀ ਵਿਚਾਰ ਬਿਲਕੁਲ ਗਲਤ ਹਨ। ਜਿਨ੍ਹਾਂ ਮਾਂ ਬਾਪ ਨੇ ਤੁਹਾਨੂੰ ਜਨਮ ਦਿੱਤਾ ਹੈ, ਤੁਹਾਨੂੰ ਪਾਲਿਆ ਪੋਸਿਆਂ, ਪਿਆਰ ਦਿੱਤਾ, ਪੜਾਇਆ ਲਿਖਾਇਆ ਅਤੇ ਤੁਹਾਨੂੰ ਸੰਸਕਾਰ ਦਿੱਤੇ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਤੁਹਾਡਾ ਭਲਾ ਕਿਸ ਵਿਚ ਹੈ। ਉਹ ਸਦਾ ਤੁਹਾਡਾ ਸੁੱਖ ਅਤੇ ਭਲਾ ਮੰਗਦੇ ਹਨ। ਫਿਰ ਉਨ੍ਹਾਂ ਵਲੋਂ ਬੇਮੁੱਖ ਹੋਣਾ ਬਿਲਕੁਲ ਗਲਤ ਅਤੇ ਇਕ ਬਹੁਤ ਵੱਡੀ ਅਤੇ ਨਾਸਮਝੀ ਹੈ।
ਇਕ ਔਰਤ ਦੀ ਇੱਜ਼ਤ ਹੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਅੱਜ ਕੱਲ ਪੱਛਮ ਦੇ ਪ੍ਰਭਾਵ ਹੇਠ ਜੁਆਨ ਲੜਕੇ ਲੜਕੀਆਂ ਭਾਰਤੀ ਪਰਮਪਰਾ ਨੰੂੰ ਬਿਲਕੁਲ ਤਿਆਗ ਰਹੇ ਹਨ। ਉਹ ਆਪਣੀ ਅਯਾਸ਼ੀ ਨੂੰ ਦੋਸਤੀ ਦਾ ਨਾਮ ਦਿੰਦੇ ਹਨ ਅਤੇ ਦੋਸਤੀ ਦੇ ਨਾਮ ਨੂੰ ਬਦਨਾਮ ਕਰਦੇ ਹਨ। ਇਹ ਸਰਾਸਰ ਬੇਹਯਾਈ ਹੈ। ਉਹ ਅੱਧੀ ਅੱਧੀ ਰਾਤ ਤਕ ਘਰੋਂ ਬਾਹਰ ਰਹਿੰਦੇ ਹਨ ਅਤੇ ਰੰਗਰਲੀਆਂ ਮਨਾਉਂਦੇ ਹਨ। ਇਕੱਠੇ ਸ਼ਰਾਬਾਂ ਪੀਦੇ ਹਨ ਅਤੇ ਗੁਲਛਰੇ ਉਡਾਉਂਦੇ ਹਨ। ਲੜਕੀਆਂ ਨੂੰ ਆਪਣੀ ਪਵਿਤਰਤਾ ਦਾ ਵੀ ਧਿਆਨ ਨਹੀਂ ਰਹਿੰਦਾ। ਅਜਿਹੀਆਂ ਕਈ ਲੜਕੀਆਂ ਸ਼ਾਦੀ ਤੋਂ ਪਹਿਲਾਂ ਹੀ ਆਪਣੀ ਪਵਿਤਰਤਾ ਭੰਗ ਕਰ ਬੈਠਦੀਆਂ ਹਨ। ਉਹ ਆਪਣੇ ਮਾਂ ਬਾਪ ਦੀ ਇੱਜ਼ਤ ਨੂੰ ਦਾਗ ਲਾਉਂਦੀਆਂ ਹਨ ਅਤੇ ਆਪ ਵੀ ਸਾਰੀ ਉਮਰ ਸੰਤਾਪ ਭੋਗਦੀਆਂ ਹਨ। ਸ਼ਰੀਫ ਅਤੇ ਸਮਝਦਾਰ ਬੱਚੇ ਆਪਣੇ ਆਪ ਨੂੰ ਅਜਿਹੀ ਭੈੜੀ ਸੰਗਤ ਤੋਂ ਅਤੇ ਅਜਿਹੇ ਕੰਮਾ ਤੋਂ ਦੂਰ ਹੀ ਰੱਖਦੇ ਹਨ। ਉਹ ਆਪਣੀ ਜੁਆਨੀ ਨੂੰ ਸੰਭਾਲ ਕੇ ਰੱਖਦੇ ਹਨ। ਉਹ ਇਹ ਸਮਾਂ ਆਪਣਾ ਭੱਵਿਖ ਬਣਾਉਣ ਤੇ ਲਗਾਉਂਦੇ ਹਨ ਅਤੇ ਇਕ ਦਿਨ ਜ਼ਿੰਦਗੀ ਵਿਚ ਕਾਮਯਾਬ ਹੋ ਕਿ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਦੇ ਹਨ। 
ਸ਼ਾਦੀ ਤੋਂ ਬਾਅਦ ਜੇ ਔਰਤ ਮਰਦ ਦੀ ਦੋਸਤੀ ਹੋਵੇ ਤਾਂ ਵੀ ਬਹੁਤ ਸਾਵਧਾਨੀ ਦੀ ਜ਼ਰੂਰਤ ਹੈ। ਕੋਸ਼ਿਸ਼ ਕਰੋ ਕਿ ਦੋ ਪਰਿਵਾਰਾਂ ਦੀ ਆਪਸ ਵਿਚ ਬਰਾਬਰ ਦੀ ਸਾਂਝ ਬਣੇ।ਕਈ ਵਾਰੀ ਪ੍ਰੋੜ ਅਵਸਥਾ ਵਿਚ ਇਕੱਠੇ ਪੇਸ਼ੇ ਕਰ ਕੇ, ਇਕੋ ਜਹੇ ਸ਼ੌਂਕ ਕਾਰਨ ਜਾਂ ਕਿਸੇ ਹੋਰ ਕਾਰਨ ਔਰਤ ਮਰਦ ਦੀ ਵਾਕਫੀਅਤ ਹੋ ਜਾਂਦੀ ਹੈ ਜੋ ਅੱਗੋਂ ਦੋਸਤੀ ਵਿਚ ਬਦਲ ਜਾਂਦੀ ਹੈ। ਸਮਝਦਾਰ ਲੋਕ ਅਜਿਹੀ ਦੋਸਤੀ ਦੀ ਕਦਰ ਕਰਦੇ ਹਨ ਅਤੇ ਇਕ ਦੂਜੇ ਦੇ ਸਮਾਜਿਕ ਬੰਧਨਾਂ ਦਾ ਸਤਿਕਾਰ ਕਰਦੇ ਹੋਏ ਫੁੱਲਾਂ ਦੀ ਤਰ੍ਹਾਂ ਅਜਿਹੇ ਕੋਮਲ ਰਿਸ਼ਤੇ ਨੂੰ ਨਿਭਾaੇਂਦੇ ਹਨ{
ਦੋਸਤੀ ਇਕੋ ਜਹੇ ਸੁਭਾਅ ਅਤੇ ਇਕੋ ਜਹੀ ਆਰਥਕ ਸਥਿਤੀ ਵਿਚ ਜਿਆਦਾ ਦੇਰ ਨਿਭਦੀ ਹੈ। ਦੋਸਤੀ ਨੂੰ ਜ਼ਿਉਂਦਾ ਰੱਖਣ ਲਈ ਵਿਸ਼ਵਾਸ਼, ਇਮਾਨਦਾਰੀ, ਨਿਰਸੁਆਰਥ ਅਤੇ ਕੁਰਬਾਨੀ ਦੀ ਭਾਵਨਾ ਜ਼ਰੂਰੀ ਹੈ। ਦੋਸਤੀ ਦੇ ਬੂਟੇ ਨੂੰ ਖੇੜ੍ਹੇ ਵਿਚ ਰੱਖਣ ਲਈ ਖਾਦ, ਪਾਣੀ ਅਤੇ ਸਿੰਜਾਈ ਦੀ ਜ਼ਰੂਰਤ ਹੁੰਦੀ ਹੈ ਨਹੀਂ ਤੇ ਦੋਸਤੀ ਦਾ ਬੂਟਾ ਕੁਮਲਾ ਜਾਂਦਾ ਹੈ। ਇਹ ਖਾਦ, ਪਾਣੀ ਅਤੇ ਸਿੰਜਾਈ ਪਰਸਪਰ ਪਿਆਰ, ਸਦਭਾਵਨਾ ਅਤੇ ਪਰਸਪਰ ਸਹਿਯੋਗ ਤੋਂ ਮਿਲਦੇ ਹਨ। ਦੋਸਤੀ ਕੋਈ ਵਪਾਰ ਨਹੀਂ। ਫਿਰ ਵੀ ਦੋਸਤੀ ਦੋ ਤਰਫਾ ਮੇਲ ਮਿਲਾਪ, ਚਿੱਠੀ ਪੱਤਰ ਜਾਂ ਗੱਲ ਬਾਤ ਅਤੇ ਪਰਸਪਰ ਸਹਿਯੋਗ ਨਾਲ ਜ਼ਿਆਦਾ ਵਧਦੀ ਫੁਲਦੀ ਹੈ। ਇਸ ਵਿਚ ਵੀ ਹੁੰਗਾਰੇ ਦੀ ਜ਼ਰੂਰਤ ਹੁੰਦੀ ਹੈ। ਜੇ ਦੂਸਰੀ ਤਰਫੋਂ ਹੁੰਗਾਰਾ ਨਾ ਮਿਲੇ ਤਾਂ ਦੋਸਤੀ ਦੀਆਂ ਤੰਦਾਂ ਕੱਚੀਆਂ ਪੈ ਜਾਂਦੀਆਂ ਹਨ। ਦੋਸਤੀ ਹੌਉਕੇ ਭਰਨ ਲਗ ਪੈਂਦੀ ਹੈ ਅਤੇ ਅੰਤ ਵਿਚ ਟੁੱਟ ਜਾਂਦੀ ਹੈ।
ਦੋਸਤੀ ਵਿਚ ਲਾਲਚ ਅਤੇ ਸੁਆਰਥ ਦਾ ਕੋਈ ਸਥਾਨ ਨਹੀਂ। ਜਿਹੜਾ ਬੰਦਾ ਤੁਹਾਡੇ ਨਾਲ ਈਰਖਾ ਕਰਦਾ ਹੈ ਜਾਂ ਤੁਹਾਡਾ ਬੁਰਾ ਸੋਚਦਾ ਹੈ ਉਹ ਤੁਹਾਡਾ ਦੋਸਤ ਨਹੀਂ ਸਗੋਂ ਦੋਸਤ ਦੇ ਰੂਪ ਵਿਚ ਦੁਸ਼ਮਣ ਹੈ। ਤੁਹਾਡਾ ਅਸਲੀ ਦੋਸਤ ਉਹ ਹੀ ਹੈ ਜਿਸ ਸਾਹਮਣੇ ਤੁਸੀਂ ਆਪਣੇ ਮਨ ਦੀ ਛੋਟੀ ਤੋਂ ਛੋਟੀ ਗਲ ਅਤੇ ਮਾੜੇ ਤੋਂ ਮਾੜਾ ਵਿਚਾਰ ਵੀ ਸਾਂਝਾ ਕਰ ਸਕਦੇ ਹੋ। ਮਤਲਬ ਦੋਹਾਂ ਦੀ ਸੋਚਣੀ ਵਿਚ ਕੋਈ ਪਰਦਾ ਨਾ ਰਹੇ। ਮੂਰਖ ਦੋਸਤ ਨਾਲੋਂ ਸਿਆਣਾ ਦੁਸ਼ਮਣ ਚੰਗਾ। ਦੋਸਤੀ ਸੱਚਾਈ, ਸਪੱਸ਼ਟਤਾ ਅਤੇ ਪਾਰਦਰਸ਼ਤਾ ਦੀ ਮੰਗ ਕਰਦੀ ਹੈ। ਦੋਸਤੀ ਵਿਚ ਝੂਠ,ਫਰੇਬ ਅਤੇ ਲਾਰੇਬਾਜੀ ਦੀ ਕੋਈ ਗੁੰਜਾਇਸ਼ ਨਹੀਂ ਕਿਉਂਕਿ ਇਕ ਦਿਨ ਸੱਚਾਈ ਸਾਹਮਣੇ ਆਉਣੀ ਹੀ ਹੁੰਦੀ ਹੈ। ਜਿਵੇਂ ਸਵੇਰ ਦਾ ਸੂਰਜ ਨਿਕਲਣ ਨਾਲ ਰਾਤ ਦਾ ਹਨੇਰਾ ਭੱਜ ਜਾਂਦਾ ਹੈ ਉਵੇਂ ਹੀ ਸੱਚਾਈ ਦਾ ਪਤਾ ਲੱਗਣ ਤੇ ਝੂਠ ਨੂੰ ਆਪਣਾ ਬੋਰੀਆ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ। ਝੂਠ ਦਾ ਸਹਾਰਾ ਲੈਣ ਵਾਲੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਦੋਸਤੀ ਵਿਚ ਜੋ ਬਚਨ ਕੀਤੇ ਜਾਂਦੇ ਹਨ ਉਨ੍ਹਾਂ ਤੇ ਪਹਿਰਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਹੈ।ਦੋਸਤੀ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸ਼ੱਕ ਘੁਣ ਦੀ ਤਰ੍ਹਾਂ ਦੋਸਤੀ ਨੂੰ ਨਿਗਲ ਜਾਂਦਾ ਹੈ। ਦੋਸਤੀ ਨਿਰਮਲ ਜਲ ਦੀ ਤਰ੍ਹਾਂ ਪੂਰੀ ਤਰ੍ਹਾਂ ਪਾਰਦਰਸ਼ਕ, ਸਾਫ ਸੁਥਰੀ ਅਤੇ ਬਿਨਾ ਕਿਸੇ ਮੈਲ ਤੋਂ ਹੁੰਦੀ ਹੈ। ਦੋਸਤੀ ਇਕ ਛੋਟੇ ਜਹੇ ਮਾਸੂਮ ਬੱਚੇ ਦੇ ਮਨ ਦੀ ਤਰ੍ਹਾਂ ਸਪੱਸ਼ਟ ਅਤੇ ਨਿਰਛੱਲ ਹੁੰਦੀ ਹੈ।
ਮੁਸੀਬਤ ਸਮੇਂ ਸਭ ਤੋਂ ਪਹਿਲਾਂ ਆਪਣਾ ਦੋਸਤ ਹੀ ਯਾਦ ਆਉਂਦਾ ਹੈ। ਦੋਸਤ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਦੋਸਤ ਦੁੱਖ ਸਮੇਂ ਬਿਨਾ ਕਿਸੇ ਅਹਿਸਾਨ ਤੋਂ ਕੰਮ ਆਉਂਦਾ ਹੈ। ਉਹ ਨਿਰਸਵਾਰਥ ਹੋ ਕੇ ਤੁਹਾਡੀ ਮਦਦ ਕਰਦਾ ਹੈ ਅਤੇ ਕੋਈ ਅਹਿਸਾਨ ਵੀ ਨਹੀਂ ਜਤਾਉਂਦਾ। ਦੋਸਤ ਕਿਧਰੇ ਦੂਰ ਹੀ ਵੱਸਿਆ ਹੋਵੇ ਪਰ ਉਸ ਨੂੰ ਆਪਣਾ ਦੁੱਖ ਦਸ ਕੇ ਮਨ ਹਲਕਾ ਹੁੰਦਾ ਹੈ। ਜੇ ਦੋਸਤ ਤੁਹਾਡੀ ਸਮੱਸਿਆ ਨੂੰ ਸੁਣ ਵੀ ਲਏ ਤਾਂ ਦਿਲ ਨੂੰ ਕਾਫੀ ਧਰਵਾਸ ਮਿਲਦੀ ਹੈ। ਤੁਹਾਨੂੰ ਲਗਦਾ ਹੈ ਕਿ ਇਸ ਔਖੀ ਘੜੀ ਵਿਚ ਮੈਂ ਇਕੱਲਾ ਨਹੀਂ। ਮੇਰੇ ਨਾਲ ਬਹੁਤ ਵੱਡਾ ਆਸਰਾ ਹੈ।ਦੁੱਖ ਸਮੇਂ ਦੋਸਤੀ ਹੀ ਆਸ਼ਾ ਦੀ ਕਿਰਨ ਹੁੰਦੀ ਹੈ। ਉਹ ਹਨੇਰੇ ਵਿਚ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ। ਦੁੱਖ ਸਮੇਂ ਹੀ ਸੱਚੇ ਦੋਸਤ ਅਤੇ ਮਤਲਬੀ ਚਾਪਲੂਸ ਲੋਕ ਪਛਾਣੇ ਜਾਂਦੇ ਹਨ। ਸੱਚਾ ਦੋਸਤ ਉਹ ਹੀ ਹੈ ਜੋ ਬਿਨਾ ਦੂਸਰੇ ਦੇ ਕਹੇ ਤੁਹਾਡੀ ਮਦਦ ਲਈ ਆਪਣੇ ਆਪ ਪਹੁੰਚੇ। ਸੱਚੇ ਦੋਸਤ ਨਾਲ ਸਾਡੀਆਂ ਖ਼ੁਸ਼ੀਆਂ ਵਧਦੀਆਂ ਹਨ ਅਤੇ ਦੁੱਖ ਘਟਦੇ ਹਨ।ਭਗਵਾਨ ਕ੍ਰਿਸ਼ਨ ਅਤੇ ਸੁਦਾਮਾ ਬਚਪਨ ਦੇ ਦੋਸਤ ਸਨ। ਜਦ ਉਹ ਵੱਡੇ ਹੋਏ ਤਾਂ ਕ੍ਰਿਸ਼ਨ ਭਗਵਾਨ ਦਵਾਰਕਾ ਦੇ ਰਾਜੇ ਬਣੇ ਪਰ ਸੁਦਾਮਾ ਗਰੀਬ ਹੀ ਰਹਿ ਗਿਆ। ਉਸ ਨੂੰ ਰੋਟੀ ਦੇ ਵੀ ਲਾਲੇ ਪੈ ਗਏ। ਇਸ ਕਠਿਨ ਸਮੇਂ ਉਸ ਨੂੰ ਆਪਣੇ ਮਿੱਤਰ ਕ੍ਰਿਸ਼ਨ ਜੀ ਦੀ ਯਾਦ ਆਈ। ਦੋਹਾਂ ਦੇ ਆਰਥਿਕ ਪੱਧਰ ਦਾ ਇਸ ਸਮੇਂ ਜ਼ਮੀਨ ਆਸਮਾਨ ਦਾ ਅੰਤਰ ਸੀ। ਫਿਰ ਵੀ ਜਦ ਸੁਦਾਮਾ ਆਪ ਕੋਲ ਮਦਦ ਲਈ ਗਿਆ ਤਾਂ ਕ੍ਰਿਸ਼ਨ ਜੀ ਨੇ ਆਪਣੀ ਗੱਦੀ ਤੋਂ ਉਤਰ ਕੇ ਭਰੀ ਸਭਾ ਵਿਚ ਸੁਦਾਮੇ ਨੂੰ ਆਪਣੇ ਗਲੇ ਨਾਲ ਲਾਇਆ ਅਤੇ ਇਕ ਸੱਚੇ ਮਿੱਤਰ ਹੋਣ ਦਾ ਸਬੂਤ ਦਿੱਤਾ। ਇੱਥੇ ਹੀ ਬਸ ਨਹੀਂ ਉਨ੍ਹਾਂ ਨੇ ਸੁਦਾਮੇ ਦੀ ਬਿਨਾ ਕਿਸੇ ਦਿਖਾਵੇ ਜਾਂ ਅਹਿਸਾਨ ਤੋਂ ਆਰਥਿਕ ਮਦਦ ਵੀ ਕੀਤੀ ਜਿਸ ਨਾਲ ਸੁਦਾਮੇ ਦੀ ਜ਼ਿੰਦਗੀ ਭਰ ਦੀ ਗਰੀਬੀ ਕੱਟੀ ਗਈ। ਉਸ ਨੂੰ ਸਾਰੀ ਉਮਰ ਆਪਣੇ ਪਰਿਵਾਰ ਦੀ ਪਾਲਣਾ ਲਈ ਕਿਸੇ ਅੱਗੇ ਹੱਥ ਨਹੀਂ ਅੱਡਣਾ ਪਿਆ।
ਦੋਸਤੀ ਦਾ ਨਜ਼ਾਇਜ ਫਾਇਦਾ ਨਹੀਂ ਉਠਾਉਣਾ ਚਾਹੀਦਾ। ਇਹ ਨਹੀਂ ਕਿ ਦੋਸਤ ਹੱਥ ਦੇਵੇ ਆਸਰਾ ਦੇਣ ਲਈ ਤੇ ਤੁਸੀਂ ਉਸ ਦਾ ਹੱਥ ਹੀ ਨਿਗਲ ਜਾਓ।ਦੋਸਤ ਦੀ ਉਤਨੀ ਮਦਦ ਲਓ ਜਿਸ ਨਾਲ ਤੁਹਾਡਾ ਕੰਮ ਸਰ ਜਾਏ। ਕਦੀ ਦੋਸਤ ਤੇ ਨਜ਼ਾਇਜ ਭਾਰ ਨਾ ਪਾਓ। ਦੋਸਤੀ ਦੇ ਰਿਸ਼ਤੇ ਪਿਆਰ ਦੇ ਰਿਸ਼ਤੇ ਹੁੰਦੇ ਹਨ। ਇਹ ਫੁੱਲਾਂ ਦੀ ਤਰ੍ਹਾਂ ਨਾਜ਼ਕ ਹੁੰਦੇ ਹਨ। ਜਰਾ ਤੱਤੀ ਹਵਾ ਵਗੇ ਤਾਂ ਮੁਰਝਾ ਜਾਂਦੇ ਹਨ। ਇਨ੍ਹਾਂ ਨੂੰ ਬਹੁਤ ਸੰਭਾਲ ਕੇ ਅਤੇ ਹਿਫਾਜਤ ਨਾਲ ਰੱਖਣਾ ਚਾਹੀਦਾ ਹੈ। ਇਸੇ ਲਈ ਹਿੰਦੀ ਦੇ ਮਹਾਨ ਕਵੀ ਰਹਿਮਾਨ ਜੀ ਲਿਖਦੇ ਹਨ:
ਰਹਿਮਨ ਧਾਗਾ ਪ੍ਰੇਮ ਕਾ, ਮੱਤ ਤੋੜੋ ਝਟਕਾਏ।
ਟੂਟੇ ਪੈ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ॥

ਵਾਕਿਫ ਅਤੇ ਦੋਸਤ ਵਿਚ ਬਹੁਤ ਫਰਕ ਹੁੰਦਾ ਹੈ। ਜੋ ਲੋਕ ਥੋੜ੍ਹੇ ਸਮੇਂ ਲਈ ਸਾਡੇ ਸੰਪਰਕ ਵਿਚ ਆਉਂਦੇ ਹਨ ਉਹ ਸਾਡੇ ਵਾਕਿਫ ਹੁੰਦੇ ਹਨ ਪਰ ਦੋਸਤ ਸਾਡੇ ਕੁਝ ਵਿਸ਼ੇਸ਼ ਲੋਕ ਹੀ ਹੁੰਦੇ ਹਨ। ਉਨ੍ਹਾਂ ਨਾਲ ਸਾਡੇ ਦਿਲਾਂ ਦੀ ਸਾਂਝ ਹੁੰਦੀ ਹੈ ਅਤੇ ਉਨ੍ਹਾਂ ਨਾਲ ਸਾਡੇ ਸਬੰਧ ਵੀ ਲੰਮੇ ਸਮੇਂ ਦੇ ਅਤੇ ਮਜ਼ਬੂਤ ਹੁੰਦੇ ਹਨ। ਵਾਕਿਫਾਂ ਨਾਲ ਉਤਨੀ ਹੀ ਗਲ ਕੀਤੀ ਜਾਂਦੀ ਹੈ ਜਿਤਨੀਂ ਸਮੇਂ ਦੀ ਲੋੜ ਹੋਵੇ। ਉਨ੍ਹਾਂ ਕੋਲੋਂ ਤੁਹਾਡਾ ਮਕਸਦ ਪੂਰਾ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਪਰ ਇਸ ਦਾ ਜ਼ਿਆਦਾ ਦੁੱਖ ਨਹੀਂ ਹੁੰਦਾ। ਇਕ ਦੋਸਤ ਤੇ ਸਾਨੂੰ ਜ਼ਿਆਦਾ ਮਾਣ ਹੁੰਦਾ ਹੈ। ਕਈ ਵਾਰੀ ਵਾਕਿਫ ਵੀ ਸਮਾਂ ਪੈਣ ਤੇ ਚੰਗੇ ਦੋਸਤ ਬਣ ਜਾਂਦੇ ਹਨ ਅਤੇ ਕੰਮ ਆਉਂਦੇ ਹਨ।
ਦੋਸਤੀ ਹਮੇਸ਼ਾਂ ਚੰਗੇ ਬੰਦਿਆਂ ਨਾਲ ਹੀ ਕਰਨੀ ਚਾਹੀਦੀ ਹੈ। ਕਹਿੰਦੇ ਹਨ-ਜੈਸੀ ਸੰਗਤ, ਵੈਸੀ ਰੰਗਤ। ਸੰਗਤ ਦਾ ਬੰਦੇ ਤੇ ਬਹੁਤ ਪ੍ਰਭਾਵ ਪੈਂਦਾ ਹੈ। ਚੰਗੀ ਸੰਗਤ ਵਿਚ ਬੰਦਾ ਚੰਗੀਆਂ ਗਲਾਂ ਹੀ ਸਿੱਖਦਾ ਹੈ। ਭੈੜੀ ਸੰਗਤ ਵਿਚ ਬੰਦਾ ਆਪਣੇ ਆਪ ਨੂੰ ਭੈੜੇ ਕੰਮਾ ਤੋਂ ਬਚਾ ਨਹੀਂ ਸਕਦਾ। ਜੇ ਕਿਸੇ ਬੰਦੇ ਬਾਰੇ ਇਹ ਜਾਣਨਾ ਹੋਵੇ ਕਿ ਇਹ ਬੰਦਾ ਕੈਸਾ ਹੈ ਤਾਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਉਸ ਦੀ ਸੰਗਤ ਕਿੰਨਾ ਬੰਦਿਆਂ ਨਾਲ ਹੈ। ਉਸ ਦੇ ਯਾਰ ਦੋਸਤ ਕੈਸੇ ਹਨ? ਜੇ ਯਾਰ ਦੋਸਤ ਚੰਗੇ ਹੋਣਗੇ ਤਾਂ ਉਹ ਬੰਦਾ ਵੀ ਚੰਗਾ ਹੀ ਹੋਵੇਗਾ ਪਰ ਜੇ ਉਸ ਦੀ ਦੋਸਤੀ ਚੋਰਾਂ, ਜੁਆਰੀਆਂ ਅਤੇ ਸ਼ਰਾਬੀਆਂ ਨਾਲ ਹੋਵੇਗੀ ਤਾਂ ਉਹ ਬੰਦਾ ਕਦੀ ਚੰਗਾ ਜਾਂ ਸ਼ਰੀਫ ਹੋ ਹੀ ਨਹੀਂ ਸਕਦਾ।
ਕਹਿੰਦੇ ਹਨ ਦੋਸਤ ਉਹ ਹੀ ਹੈ ਜੋ ਸਮੇਂ ਸਿਰ ਕੰਮ ਆਵੇ। ਯਾਰ ਦੀ ਯਾਰੀ ਵਲ ਦੇਖੀਏ, ਉਸ ਦੇ ਪਿਆਰ ਵਲ ਦੇਖੀਏ।ਸੱਚੀ ਦੋਸਤੀ ਦੀਆਂ ਮਿਸਾਲਾਂ ਸਾਨੂੰ ਜਾਨਵਰਾਂ ਦੀਆਂ ਕਹਾਣੀਆਂ ਵਿਚ ਵੀ ਮਿਲ ਜਾਂਦੀਆਂ ਹਨ ਜਿਵੇਂ ਸ਼ੇਰ ਅਤੇ ਚੂਹੇ ਦੀ ਦੋਸਤੀ। ਇਕ ਵਾਰੀ ਜਦ ਸ਼ੇਰ ਇਕ ਸ਼ਿਕਾਰੀ ਦੇ ਜਾਲ ਵਿਚ ਫਸ ਗਿਆ ਤਾਂ ਕਿਵੇਂ ਛੋਟੇ ਜਹੇ ਚੂਹੇ ਨੇ ਆਪਣੇ ਤਿੱਖੇ ਦੰਦਾਂ ਨਾਲ ਸਾਰੇ ਜਾਲ ਨੂੰ ਕੱਟ ਦਿੱਤਾ ਅਤੇ ਸ਼ੇਰ ਨੂੰ ਅਜਾਦ ਕੀਤਾ। ਇਸ ਤਰ੍ਹਾਂ ਚੂਹੇ ਨੇ ਆਪਣੀ ਦੋਸਤੀ ਦਾ ਸਬੂਤ ਦਿੱਤਾ।
ਦੋਸਤਾਂ ਵਿਚ ਬੈਠ ਕੇ ਕਦੀ ਬਹਿਸ ਨਾ ਕਰੋ। ਕਦੀ ਆਪਣੇ ਆਪ ਨੂੰ ਜ਼ਿਆਦਾ ਵੱਡਾ, ਉੱਚਾ, ਸੱਚਾ ਸੁੱਚਾ ਅਤੇ ਸਿਆਣਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ। ਕਦੀ ਦੂਸਰੇ ਦੋਸਤ ਨੂੰ ਨੀਂਵਾਂ ਜਾਂ ਘਟੀਆ ਦਿਖਾ ਕੇ ਜਲੀਲ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਆਪਣਾ ਵੀ ਘੜੀ ਪਲ ਵਿਚ ਹੀ ਬੇਗਾਨਾ ਬਣ ਜਾਂਦਾ ਹੈ। ਦੋਸਤ ਨੂੰ ਦੁਸ਼ਮਣ ਬਣਨ ਵਿਚ ਜ਼ਿਆਦਾ ਦੇਰ ਨਹੀਂ ਲੱਗਦੀ। ਦੋਸਤ ਤੋਂ ਦੁਸ਼ਮਣ ਬਣਿਆ ਹੋਇਆ ਮਨੁੱਖ ਤੁਹਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ।ਉਸ ਵਿਚ ਬਦਲੇ ਦੀ ਭਾਵਨਾ ਬਹੁਤ ਪਰਬਲ ਹੁਦੀ ਹੈ। ਉਹ ਤੁਹਾਡਾ ਹਰ ਰਾਜ਼ ਜਾਣਦਾ ਹੁੰਦਾ ਹੈ ਅਤੇ ਤੁਹਾਡੀ ਦੁਖਦੀ ਰਗ ਤੋਂ ਵਕਿਫ ਹੁੰਦਾ ਹੈ।
ਕੁਝ ਪਲ ਦਾ ਗੁੱਸਾ ਜ਼ਿੰਦਗੀ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ।ਦੋਸਤੀ ਦੇ ਕਈ ਰੰਗ ਹੁੰਦੇ ਹਨ। ਜਿੱਥੇ ਦੋਸਤੀ ਪਿਆਰ, ਵਫਾ ਅਤੇ ਕੁਰਬਾਨੀ ਦੀ ਮਿਸਾਲ ਹੈ ਉੱਥੇ ਜਦ ਉਹ ਦੁਸ਼ਮਣੀ ਵਿਚ ਬਦਲਦੀ ਹੈ ਤਾਂ ਸਭ ਤੋਂ ਕਰੂਰ ਅਤੇ ਭਿਆਨਕ ਚਿਹਰਾ ਲੈ ਕੇ ਸਾਹਮਣੇ ਆਉਂਦੀ ਹੈ। ਕਈ ਵਾਰੀ ਕੁਝ ਦੋਸਤ ਆਪਸ ਵਿਚ ਰੰਗ ਰਲੀਆਂ ਮਨਾ ਰਹੇ ਹੁੰਦੇ ਹਨ ਪਰ ਕਿਸੇ ਗਲੋਂ ਬਹਿਸ ਵਿਚ ਪੈ ਕੇ ਇਕ ਦਮ ਤੈਸ਼ ਵਿਚ ਆ ਕੇ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਪਿਸਤੋਲਾਂ ਨਿਕਲ ਆਉਂਦੀਆਂ ਹਨ। ਉੱਥੇ ਭਾਣਾ ਵਾਪਰ ਜਾਂਦਾ ਹੈ।ਜਿੱਥੇ ਘੜੀ ਭਰ ਪਹਿਲਾਂ ਰੰਗ ਰਲੀਆਂ ਮਨਾਈਆਂ ਜਾ ਰਹੀਆਂ ਸਨ ਅਤੇ ਕਿਲਕਾਰੀਆਂ ਗੂੰਜ ਰਹੀਆਂ ਸਨ, ਉੱਥੇ ਸਥਰ ਵਿਛ ਜਾਂਦੇ ਹਨ ਅਤੇ ਮਾਤਮ ਛਾ ਜਾਂਦੇ ਹਨ।
ਇਨਸਾਨ ਦਾ ਮਨ ਬਹੁਤ ਚੰਚਲ ਹੁੰਦਾ ਹੈ। ਇਹ ਕੋਈ ਕੈਲਕੁਲੇਟਰ ਨਹੀਂ ਜਿਸ ਨੇ ਦੋ ਅਤੇ ਦੋ ਚਾਰ ਹੀ ਕਰਨੇ ਹਨ ਭਾਵ ਹਰ ਸਮੇਂ ਇਕੋ ਜਹੇ ਨਤੀਜੇ ਹੀ ਦੇਣੇ ਹਨ। ਇਸ ਲਈ ਸਾਡੇ ਇਨ੍ਹਾਂ ਵਿਚਾਰਾਂ ਦੇ ਕਈ ਅਪਵਾਦ ਵੀ ਹੋ ਸਕਦੇ ਹਨ। ਮਨੁੱਖੀ ਮਨ ਕਈ ਵਾਰੀ ਤਾਂ ਲੱਖਾਂ ਰੁਪਇਆਂ ਪਿੱਛੇ ਵੀ ਨਹੀਂ ਡੋਲਦਾ ਪਰ ਕਈ ਵਾਰੀ ਇਕ ਰੁਪਏ ਦੀ ਨਿਗੁਣੀ ਜਹੀ ਚੀਜ਼ ਪਿੱਛੇ ਬੇਈਮਾਨ ਹੋ ਜਾਂਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੋਸਤੀ ਦੋ ਦਿਲਾਂ ਦੀ ਸਾਂਝ ਹੈ। ਦੋਸਤੀ ਐਸੀ ਪਵਿੱਤਰ ਚੀਜ਼ ਹੈ ਜਿਸ ਨੂੰ ਸ਼ਬਦਾਂ ਨਾਲ ਪ੍ਰੀਭਾਸ਼ਿਤ ਨਹੀਂ ਕੀਤਾ ਜਾ ਸਕਦਾ। ਦੋਸਤੀ ਬਾਰੇ ਜੋ ਮਰਜ਼ੀ ਲਿਖ ਲਓ ਫਿਰ ਵੀ ਲੱਗਦਾ ਹੈ ਕਿ ਇਹ ਸਭ ਕੁਝ ਅਧੂਰਾ ਅਤੇ ਥੋੜ੍ਹਾ ਹੀ ਹੈ। ਫਿਰ ਵੀ ਇਹ ਹੀ ਕਹਿਣਾ ਪਵੇਗਾ ਕਿ ਦੋਸਤੀ ਕੁਦਰਤ ਦੀ ਇਕ ਬਹੁਤ ਹੀ ਉੱਚੀ ਅਤੇ ਸੁੱਚੀ ਸੁਗਾਤ ਹੈ। ਤੁਸੀ ਦੋਸਤ ਦੀ ਦੋਸਤੀ ਵਲ ਦੇਖੋ। ਉਸ ਦੇ ਕੰਮਾ ਵਿਚ ਜ਼ਿਆਦਾ ਕਿੰਤੂ ਪ੍ਰੰਤੂ ਨਾ ਕਰੋ। ਦੋਸਤ ਦੇ ਔਖੇ ਸਮੇਂ ਕੰਮ ਆਓ ਅਤੇ ਆਪਣਾ ਸੱਚੇ ਦੋਸਤ ਹੋਣ ਦਾ ਫ਼ਰਜ ਨਿਭਾਓ।