ਸਿਹਤਯਾਬੀ ਕਾਰਡ (ਬਾਲ ਕਹਾਣੀ) (ਕਹਾਣੀ)

ਹਰਦੇਵ ਚੌਹਾਨ   

Email: hardevchauhan@yahoo.co.in
Phone: +91 172 2220096
Cell: +91 94171 78894
Address: 996 ਸੈਕਟਰ 70
ਮੁਹਾਲੀ India 160062
ਹਰਦੇਵ ਚੌਹਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਵੇਰੇ,ਮਿੰਨੀ ਬੜੇ ਖੁਸ਼ ਮੂਡ 'ਚ ਉੱਠੀ ਸੀ | ਨ੍ਹਾ,ਧੋ ਕੇ ਤਿਆਰ ਹੋਈ ਸੀ | ਹੱਸਦੀ,ਹੱਸਦੀ ਸਕੂਲੋਂ ਪੜਕੇ ਆਈ ਸੀ |
ਵਰਦੀ ਬਦਲ ਕੇ ਥੋੜਾ ਟੀਵੀ ਵੇਖਿਆ ਸੀ ਤੇ ਰੋਜ ਵਾਂਗ ਦੁਪਹਿਰੇ ਸੋਂ ਗਈ ਸੀ |
ਸ਼ਾਮੀ,ਰੂਹੀ ਤੇ ਮੀਰਾ ਆਈਆਂ ਸਨ |  ਮਿੰਨੀ ਨੂੰ ਉਠਾ,ਸਾਰੀਆਂ ਸਹੇਲੀਆਂ,ਸਾਹਮਣੇ ਪਾਰਕ 'ਚ ਖੇਡਣ ਚਲੀਆਂ ਗਈਆਂ | ਮਿੰਨੀ ,ਪਾਰਕ 'ਚੋਂ ਛੇਤੀ ਹੀ ਵਾਪਸ ਆ ਗਈ ਸੀ | ਕਰਾਫਟ ਬੈਗ, ਪੇਪਰ,ਰੰਗੀਨ ਪੈਨਸਲਾਂ,ਗੁੰਦ,ਕੈਂਚੀ ਤੇ ਹੋਰ ਨਿੱਕ,ਸੁੱਕ ਲੈ ਉਹ ਆਪਣੇ ਕਮਰੇ 'ਚ ਚੁੱਪ,ਚਾਪ ਜਾ ਬੈਠੀ ਸੀ | ਦੇਰ ਤੀਕ,ਉਹ ਆਪਣੇ ਕੰਮ 'ਚ ਮਸਰੂਫ ਰਹੀ | ਜਿਵੇਂ ਸਕੂਲੋਂ ਬਹੁਤ  ਸਾਰਾ ਹੋਮ ਵਰਕ ਮਿਲਿਆ ਹੋਵੇ ...
ਰਾਤ ਦਾ ਖਾਣਾ ਟੇਬਲ 'ਤੇ ਲੱਗ ਚੁਕਾ ਸੀ | ਸਭ ਤੋਂ ਪਹਿਲਾਂ ਖਾਣ ਖਾਣ ਵਾਲੀ ਮਿੰਨੀ,ਸਭ ਤੋਂ ਲੇਟ ਬਾਹਰ ਆਈ ਸੀ |
ਉਸਦੇ ਚਿਹਰੇ 'ਤੇ ਮੁਸਕਾਨ ਦੀ ਥਾਂ ਚਿੰਤਾ ਤੇ ਪ੍ਰੇਸ਼ਾਨੀ ਸਾਫ ਝਲਕ ਰਹੀ ਸੀ | ਖਾਣੇ ਤੋਂ ਵਿਹਲੇ ਹੋ ਸਭ ਜਾਣੇ ਆਪੋ,ਆਪਣੇ ਕਮਰਿਆਂ 'ਚ ਚਲੇ ਗਏ | ਸੌਂਣ ਦਾ ਵੇਲਾ ਵੀ ਹੋ ਗਿਆ ਸੀ |
ਹੱਥ 'ਚ ਇੱਕ ਲਿਫ਼ਾਫ਼ਾ ਫੜੀ,ਮਿੰਨੀ ਆਪਣੇ ਕਮਰੇ 'ਚ ਜਾਣ ਦੀ ਥਾਂ ਮੇਰੇ ਕਮਰੇ 'ਚ ਆਣ ਵੜੀ | ਬੈੱਡ 'ਤੇ ਲੇਟੇ ਹੋਏ ਦੇ ਸਿਰਹਾਣੇ  ਕੋਲ ਆ ਕੇ ਕਹਿਣ ਲੱਗੀ, "ਚਲੋ ਨਾਨੂੰ, ਸੈਰ ਲਈ ਚੱਲੀਏ ...|"
ਦਿਨ ਭਰ ਦੀ ਥਕਾਵਟ ਨੇ ਤਨ,ਮਨ ਨਿਢਾਲ ਕੀਤਾ ਹੋਇਆ ਸੀ | ਸਰੀਰ ਜਿੰਦ,ਜਾਨ ਰਹਿਤ ਮਹਿਸੂਸ ਹੋ ਰਿਹਾ ਸੀ | ਅੱਖਾਂ ਸਨ ਕਿ ਆਪਣੇ,ਆਪ ਮਿਲਦੀਆਂ ਜਾ ਰਹੀਆਂ ਸਨ | ਮਿੰਨੀ ਦੀ  ਸੈਰ ਵਾਲੀ ਫਰਮਾਇਸ਼ ਨੇ ਜਿਵੇਂ ਰੰਗ 'ਚ ਭੰਗ
ਮਿਲਾ ਦਿੱਤੀ ਹੋਵੇ...ਮਸਲਾ ਬੇਵਕਤੀ  ਸੈਰ ਦਾ ਨਹੀਂ, ਥਕਾਵਟ ਦਾ ਸੀ | ਉਂਝ ਮੈਂ ਖੁੱਦ ਆਪ ਕਦੀ,ਕਦਾਈਂ ਸੌਂਣ ਲਈ ਆਪਣੇ ਕਮਰੇ 'ਚ ਜਾਂਦੀ ਹੋਈ  ਮਿੰਨੀ ਨੂੰ ਸੈਰ ਲਈ,ਪਾਰਕ 'ਚ ਲੈ ਜਾਂਦਾ ਹਾਂ | ਉਸ ਵਕਤ ਮੇਰੇ ਕੋਲ ਕੋਈ ਕਹਾਣੀ ਜਾਂ ਕੋਈ ਸਿਖਿਆਦਾਇਕ ਗੱਲ ਕਾਬੂ ਆਈ ਹੁੰਦੀ ਹੈ | ਮੈਂ ਉਸਦੀ ਮਰਜੀ ਤੋਂ ਬਗੈਰ ਤੇ ਉਸਦੀ ਰਾਏ ਜਾਨਣ ਤੋਂ ਬਗੈਰ ਹੀ ਸੈਰ ਲਈ ਉਸਨੂੰ, ਘਰੋਂ ਬਾਹਰ ਲੈ ਤੁਰਦਾ ਹਾਂ | ਅਜੇਹੀ ਸਥਿਤੀ 'ਚ ਉਹ ਸੁਲੱਖਣੀ ਕੁੜੀ,ਕਦੀ ਵੀ ਇਨਕਾਰ ਨਹੀਂ ਕਰਦੀ |
ਸੈਰ ਕਰਦਿਆਂ,ਕੋਈ ਨਵਾਂ ਸਬਕ ਸਿਖਾਉਣ ਦੇ ਇਰਾਦੇ ਨਾਲ ਮੈਂ ਆਪਣੇ ਮਨੋਂ ਬਣਾਈ ਕਹਾਣੀ ਦੀਆਂ ਕੁਝ ਸ਼ੁਰੂਆਤੀ ਸਤਰਾਂ ਸੁਣਾਉਂਦਾ ਹਾਂ| ਤੇ ਫਿਰ, ਅੰਤ ਲਈ, ਅਧੂਰੀ ਕਹਾਣੀ ਮਿੰਨੀ ਨੂੰ ਸੌਂਪ ਦੇਂਦਾ ਹਾਂ | ਉਹ ਨਿੱਕੇ, ਨਿੱਕੇ ਪਰਸ਼ਨਾਂ ਦੇ ਵੱਡੇ,ਵੱਡੇ ਉੱਤਰ ਦੇਂਦੀ ਹੈ | ਉੱਚੀਆਂ,ਉੱਚੀਆਂ ਖਿਆਲ ਉਡਾਰੀਆਂ ਲਾਉਂਦੀ,ਆਕਾਸ਼ ,ਪਾਤਾਲ ਗਾਹੁੰਦੀ ਉਹ ਪਲਾਂ ,ਛਿਣਾਂ 'ਚ ਕਹਾਣੀ ਪੂਰੀ ਕਰ ਦੇਂਦੀ ਹੈ | ਜਿਥੇ,ਉਸਨੂੰ ਮੈਂ ਲੈ ਕੇ ਜਾਣਾ ਚਾਹੁੰਦਾ ਹਾਂ,ਉਹ ਉਸਤੋਂ ਵੀ ਅੱਗੇ ਪਹੁੰਚ ਜਾਂਦੀ ਹੈ | ਮੇਰੀ ਸੀਮਤ ਜਿਹੀ ਸੋਚ ਤੋਂ ਬਹੁਤ ਅੱਗੇ ... ਸੱਠਾਂ ਦਾ ਮੈਂ ਤੇ ਅੱਠਾਂ ਸਾਲਾਂ ਦੀ ਉਹ ...ਬੜੀ ਕਮਾਲ ਹੈ ਉਸਦੀ ਕਲਪਨਾ ਸ਼ਕਤੀ ...ਕਹਾਣੀ ਦਾ ਇੱਕ ਨਹੀਂ, ਕਈ ਅੰਤ ਬਣਾਕੇ ਦੱਸ ਦੇਂਦੀ ਹੈ |
ਹਾਂ ਸੱਚ ! ਗੱਲ ਰਾਤ ਵਾਲੀ ਸੈਰ ਦੀ ਹੋ ਰਹੀ ਸੀ | ਬੜੀ ਹਲੀਮੀ ਨਾਲ  ਮਿੰਨੀ ਨੇ ਸੈਰ ਲਈ ਅਰਜੋਈ ਕੀਤੀ  ਸੀ | ਮੈਂ
ਆਪਣੀ ਨੀਂਦ ਵਿਸਾਰ ਕੇ ਮਿੰਨੀ ਦੀ ਛੋਟੀ ਜਿਹੀ ਸੈਰ ਵਾਲੀ ਮੰਗ ਪੂਰੀ ਕਰਨ ਲਈ ਪਾਰਕ ਵੱਲ ਉੱਠ ਤੁਰਿਆ | ਅੱਗੇ,ਅੱਗੇ ਕਾਹਲੀ ਨਾਲ ਤੁਰਦਿਆਂ, ਮਿੰਨੀ ਪੁੱਛਦੀ ਹੈ, 'ਨਾਨੂੰ! ਬੱਚੇ ਮੰਨ ਦੇ ਸੱਚੇ ਹੁੰਦੇ ਨੇ ...?'
'ਹਾਂ ਬੇਟੀ...ਹਾਂ'
'ਨਾਨੂੰ ! ਕੀ ਕੋਈ ਬੱਚਾ ਕਿਸੇ ਦਾ ਬੁਰਾ ਕਰ ਸਕਦਾ ਹੈ', ਮਿੰਨੀ ਫਿਰ ਪੁੱਛਦੀ ਹੈ |
'ਬੱਚੇ ਕਦੀ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦੇ...ਉਹਨਾਂ ਨੂੰ ਅਜਿਹਾ ਕੁਝ ਕਰਨਾਂ ਹੀ ਨਹੀਂ ਆਉਂਦਾ'
'ਨਾਨੂੰ ! ਜੇ ਬੱਚੇ ਕਿਸੇ ਦਾ ਬੁਰਾ ਨਹੀਂ ਕਰਦੇ ਤਾਂ ਫਿਰ ਰੱਬ ਬੱਚਿਆਂ ਨੂੰ ਚੋਟਾਂ ਕਿਉਂ ਲਾਉਂਦਾ ਹੈ ? ਉਹ ਬੱਚਿਆਂ ਦਾ ਬੁਰਾ ਕਿਉਂ ਕਰਦਾ ਹੈ ?'ਤੁਰੀ ਜਾ ਰਹੀ ਮਿੰਨੀ ਪੁੱਛਦੀ ਹੈ |
'ਰੱਬ ,ਅਜਿਹਾ ਕਦੀ ਵੀ ਨਹੀਂ ਕਰ ਸਕਦਾ...ਉਹ ਸਾਰਿਆਂ ਨੂੰ ਅੰਨ,ਪਾਣੀ ਦੇਂਦਾ ਹੈ |  ਧਰਤੀ ਅਤੇ ਆਕਾਸ਼ਾਂ,ਪਾਤਾਲਾਂ ਦੇ ਜੀਅ,ਜੰਤ ਦੀ ਰਾਖੀ ਕਰਦਾ ਹੈ... '
'ਨਹੀਂ ਨਾਨੂੰ ! ਨਹੀਂ .... ਪਤਾ ਜੇ,ਅੱਜ ਸ਼ਾਮੀਂ, ਤੁਹਾਡੇ ਪਿਆਰੇ ਰੱਬ ਜੀ ਨੇ ਸਾਡੀ ਸਹੇਲੀ ਰੂਹੀ ਨੂੰ ਜਨਮ ਦਿਨ 'ਤੇ ਝੂਲੇ ਤੋਂ ਹੇਠਾਂ ਡੇਗ ਕੇ ਗਿੱਟਾ ਮੋਚਣ ਵਾਲਾ ਤੋਹਫ਼ਾ ਦਿੱਤਾ ਸੀ ...'
'ਨਹੀਂ ਬੇਟੀ..ਰੱਬ ਕਦੀ ਵੀ ਅਜਿਹਾ ਨਹੀਂ ਕਰਦਾ ...ਨਫ਼ੇ ,ਨੁਕਸਾਨ ਲਈ, ਸਾਡੀਆਂ ਹੀ ਗਲਤੀਆਂ ਹੁੰਦੀਆਂ ਨੇ ਤੇ ਅਸੀਂ ਸਾਰੇ ਦੋਸ਼ ਰੱਬ ਦੇ ਸਿਰ ਮੜ ਦੇਂਦੇ ਹਾਂ...ਰੂਹੀ ਵੀ ਆਪਣੀ ਕਿਸੇ  ਗਲਤੀ ਕਾਰਨ ਝੂਲੇ ਤੋਂ ਡਿੱਗੀ ਹੋਏਗੀ.. '
'ਨਾਨੂੰ ! ਸੁਣੋ,ਸ਼ਾਮੀਂ ਅਸੀਂ ਰੂਹੀ ਦਾ ਜਨਮ ਦਿਨ ਮਨਾਉਣ ਲਈ ਉਸਦੇ ਘਰ ਇੱਕਠੇ ਹੋਏ ਸੀ | ਕੇਕ ਕੱਟ ਕੇ ਪਾਰਟੀ ਕੀਤੀ | ਗੀਤ ਗਏ | ਬੁਝਾਰਤਾਂ ਪਾਈਆਂ | ਇੱਕ,ਦੂਜੀ ਨੂੰ ਟੇਬਲ ਸੁਣਾਏ ਤੇ ਖੁਸ਼ੀ,ਖੁਸ਼ੀ 'ਚ ਪੀਂਘਾਂ ਝੂਲਣ ਲਈ ਪਾਰਕ ਵਿੱਚ ਚਲੇ ਗਏ | ਸਭ ਤੋਂ ਪਹਿਲਾਂ ਅਸੀਂ ਰੂਹੀ ਨੂੰ ਝੂਟੇ ਦੇਣ ਦੀ ਸਲਾਹ ਬਣਾ ਲਈ | ਪਹਿਲਾਂ ਉਹ ਝੂਲੇ 'ਤੇ ਬੈਠੀ,ਬੈਠੀ  ਝੂਟੇ ਲੈਂਦੀ ਰਹੀ | ਫਿਰ ਪਤਾ ਨਹੀਂ ਉਸਦੇ ਮਨ 'ਚ ਕੀ ਆਇਆ, ਉਹ  ਖਲੋ ਕੇ ਝੂਲਾ, ਝੂਲਣ ਦੀ ਜਿੱਦ ਕਰਨ ਲੱਗ ਪਈ...'
'ਫਿਰ ਕਿ ਹੋਇਆ ...?'
'ਨਾਨੂੰ ! ਚੰਗੀ,ਭਲੀ ਦੋਹਾਂ ਹੱਥਾਂ ਨਾਲ ਸੰਗਲ ਫੜਕੇ ਝੂਟੇ ਲੈਂਦੀ ਹੋਈ, ਇੱਕ  ਹੱਥ ਛੱਡਕੇ ਝੂਟੇ ਲੈਣ ਲੱਗ ਪਈ...'
'ਤੇ ਫਿਰ ...?'
'ਤੇ ਫਿਰ, ਤੁਹਾਡੇ ਰੱਬ ਨੇ ਬੇਚਾਰੀ ਰੂਹੀ ਨੂੰ ਡੇਗਕੇ ਉਸਦਾ ਗਿੱਟਾ ਮੋਚ ਦਿੱਤਾ ...,'  ਹੂ,ਬਹੂ ਪਾਰਕ ਵਿਚਲਾ ਦਰਿਸ਼ ਚਿਤਰਦੀ ਤੇ ਅਥਰੂਆਂ ਨਾਲ ਸਿੰਮੀਆਂ ਅੱਖਾਂ ਪੂੰਝਦੀ ਹੋਈ ਮਿੰਨੀ ਬੋਲੀ |
'ਮਿੰਨੀ,ਗਿੰਨੀ ! ਇੱਕ ਹੱਥ ਨਾਲ ਝੂਲਾ, ਝੂਲਣ 'ਤੇ ਸਾਡਾ ਸੰਤੁਲਨ ਵਿਗੜ ਜਾਂਦਾ ਹੈ | ਝੂਲੇ ਦੇ ਇੱਕ ਪਾਸੇ ਭਰ ਪੈ ਜਾਣ
ਕਾਰਨ, ਝੂਲਾ ਡਿੱਕੋਡੋਲੇ ਖਾਣ ਲੱਗ ਪੈਂਦਾ ਹੈ ਤੇ ਇਸ ਸਥਿਤੀ 'ਚ ਝੂਟੇ ਲੈਣ ਵਾਲਾ ਕੋਈ ਵੀ ਨਿਆਣਾ,ਸਿਆਣਾ ਤੇ ਖੱਬੀ ਖਾਨ ਹੇਠਾਂ ਹੀ ਡਿੱਗਦਾ ਹੈ...ਹੋਰ ਸੁਣ, ਤੁਹਾਡੇ ਵਾਂਗ ਛੋਟੇ ਹੁੰਦਿਆਂ, ਮੈਂ ਵੀ ਆਪਣੇ ਪਿੰਡ ਵਾਲੇ ਪਿੱਪਲ 'ਤੇ ਪਈ ਹੋਈ ਮੋਟੇ ਰੱਸੇ ਵਾਲੀ ਪੀਂਘ, ਇੱਕ ਹੱਥ ਛੱਡ ਕੇ  ਝੂਟਣ ਦੀ ਕੋਸ਼ਿਸ਼ ਕੀਤੀ ਸੀ ...,'
'ਤੇ ਫਿਰ ਕਿ ਹੋਇਆ ਸੀ ਨਾਨੂੰ ....? ਤੁਸੀਂ ਤਾਂ ਛੂਹ ਆਏ ਹੋਵੋਗੇ ਪਿੱਪਲ ਦਾ ਧੁਰ ਉੱਪਰਲਾ ਸਿਰਾ.....?'
'ਪੀਂਘ ਝੂਟਦਿਆਂ ਸਾਡਾ ਸੰਤੁਲਨ ਵਿਗੜ ਗਿਆ...ਪੀਂਘ ਡਾਵਾਂ,ਡੋਲ ਹੋ ਗਈ...ਲੋਟਣੀ ਖਾਂਦੇ ਆਪਾਂ ਵੀ ਡਿੱਗ ਪਏ ਤੇ ਤੇਰੀ ਸਹੇਲੀ, ਰੂਹੀ ਵਾਂਗ ਪੈਰ 'ਤੇ ਸੱਟ ਲਗਵਾ ਬੈਠੇ...ਪੂਰਾ ਹਫਤਾ,ਮੰਜੇ 'ਤੇ ਕੱਟਣਾ ਪਿਆ ...ਆਪਣੀ ਗ਼ਲਤੀ ਕਾਰਨ ਸੱਟ ਵੀ ਲੱਗੀ ਤੇ ਪੜ੍ਹਾਈ,ਲਿਖਾਈ ਦਾ ਨੁਕਸਾਨ ਵੱਖ ਹੋਇਆ...'
'ਨਾਨੂੰ ! ਸਮਝ ਗਈ....ਸਾਰੀ ਦੀ ਸਾਰੀ ਗੱਲ ....'
'ਕੀ ਭਲਾ ?'
'ਨਾਨੂੰ ! ਇਹੀਓ ਕਿ ਸਾਰੀ ਗਲਤੀ ਸਾਡੀ ਹੀ ਸੀ | ਨਾ ਰੂਹੀ, ਹੱਥ ਛੱਡ ਕੇ ਪੀਂਘ ਝੂਟਦੀ ...ਨਾ ਉਸਨੂੰ ਸੱਟ ਲੱਗਦੀ ...ਮੈਂ ਵੀ ਬੁੱਧੂ ਰਾਮ, ਐਂਵੇ ਹੀ ਰੱਬ ਦੇ ਸਿਰ ਦੋਸ਼ ਮੜਦੀ ਰਹੀ ...ਪਲੀਜ! ਹੁਣ ਤੁਸੀਂ ਥੋਹੜਾ ਚਿਰ ਏਥੇ ਰੁਕਿਓ...ਮੈਂ ਰੂਹੀ ਨੂੰ ਛੇਤੀ, ਛੇਤੀ ਕਾਰਡ ਦੇ ਕੇ ਭੌਂਦੇ ਪੈਰੀਂ ਵਾਪਸ ਆਈ ...,' ਸ਼ਾਮਾਂ ਵੇਲੇ ਹੱਥੀਂ ਬਣਾਇਆ ਕਾਰਡ ਸੰਭਾਲਦੀ ਕਾਹਲੀ,ਕਾਹਲੀ ਰੂਹੀ ਦੇ ਘਰ ਜਾਂਦੀ ਮਿੰਨੀ ਬੋਲੀ ਸੀ |
ਚਾਰ,ਪੰਜ ਮਿੰਟਾਂ 'ਚ ਮਿੰਨੀ,ਆਪਣੀ ਪਿਆਰੀ ਸਹੇਲੀ ਨੂੰ ਕਾਰਡ ਦੇ ਕੇ ਵਾਪਸ ਆ ਗਈ | ਹੁਣ ਉਸਦੇ ਚਿਹਰੇ 'ਤੇ ਮੁਸਕਰਾਹਟ ਵੀ ਸਾਫ ਵਿਖਾਈ ਦੇ ਰਹੀ ਸੀ | ਜਿਵੇਂ ਉਸਦੇ ਮਨ  ਤੋਂ ਮਣਾਂ ਮੂੰਹੀਂ ਭਰ ਲਹਿ  ਗਿਆ ਹੋਵੇ ...
'ਮਿੰਨੀ,ਗਿੰਨੀ ! ਆਪਣੀ ਸਹੇਲੀ ਦੀ ਸਿਹਤਯਾਬੀ ਲਈ ਤੂੰ ਦੁਆਵਾਂ ਲਿਖੀਆਂ ਹੋਣਗੀਆਂ...ਵੇਖੀਂ! ਹੁਣ ਉਹ ਤੇਰੀਆਂ ਦੁਆਵਾਂ ਨਾਲ ਬਹੁਤ ਛੇਤੀ ਤੰਦਰੁਸਤ ਹੋ ਜਾਏਗੀ ...,'
'ਨਹੀਂ,ਨਾਨੂੰ ! ਮੈਂ ਤਾਂ ਕਾਰਡ ਵਿੱਚ ਪਰੀਆਂ ਦਾ ਬਾਗ ਬਣਾਇਆ ਸੀ | ਬਾਗ, ਜਿਸ ਵਿੱਚ ਵਿੱਚ ਰੰਗ,ਬਰੰਗੀਆਂ ਫਰਾਕਾਂ ਵਾਲੀਆਂ ਪਰੀਆਂ, ਪੀਂਘਾਂ ਝੂਟਦੀਆਂ ਹਨ...,' ਆਪਣੇ ਘਰ 'ਚ ਵੜਦਿਆਂ ਮਿੰਨੀ ਦੱਸਦੀ ਹੈ |
'ਮਿੰਨੀ ! ਪੀਂਘ  ਝੂਟਦਿਆਂ ਹੀ ਰੂਹੀ ਨੂੰ ਸੱਟ ਲਗੀ ਸੀ...ਤੇ ਤੂੰ ਫਿਰ ਉਸਨੂੰ ਪੀਂਘਾਂ ਵਾਲਾ ਕਾਰਡ ਬਣਾ ਦਿੱਤਾ ... ਬੇਚਾਰੀ, ਜਦੋਂ ਵੀ ਤੇਰਾ ਕਾਰਡ ਵੇਖਿਆ ਕਰੇਗੀ ਤਾਂ ਉਸਨੂੰ ਸੱਟ ਲੱਗਣ ਵਾਲੀ ਸਾਰੀ ਘਟਨਾ, ਮੁੜ ਯਾਦ ਆ ਜਾਇਆ ਕਰੇਗੀ ਤੇ ਉਹ ਦੁਖੀ ਹੋਇਆ ਕਰੇਗੀ ...'
'ਨਾਨੂੰ ! ਤੁਸੀਂ ਬਿੱਲਕੁਲ ਠੀਕ ਆਖਦੇ ਹੋ ਪਰ ਮੈਂ ਤਾਂ ਇਹ ਸੋਚ ਕੇ ਪਰੀਆਂ ਤੇ ਪੀਂਘਾਂ ਵਾਲਾ ਬਾਗ ਬਣਾਇਆ ਸੀ ਕਿ ਮੇਰੇ ਕਾਰਡ ਵਿੱਚਲੀਆਂ ਸਾਰੀਆਂ ਪਰੀਆਂ, ਉਸਦੇ ਸੁਪਨਿਆਂ ਵਿੱਚ ਆ ਕੇ ਪੀਂਘਾਂ ਝੂਟਣਗੀਆਂ | ਉਸਨੂੰ,ਪਰੀਆਂ ਨਾਲ ਖੇਡਾਂ ਖਿਡਾਉਂਦਿਆਂ, ਮੈਂ ਇਹ ਵੀ ਸੋਚਿਆ ਸੀ ਕਿ ਉਸਦੀ ਤਕਲੀਫ ਬਹੁਤ ਛੇਤੀ ਘਟ  ਜਾਏਗੀ ...ਤੇ ਨਾਨੂੰ, ਪਰੀਆਂ ਦਾ ਪੀਂਘਾਂ ਝੂਟਣ ਵਾਲਾ ਕਾਰਡ, ਉਸਨੂੰ ਆਪਣੀ ਹੱਥ ਛੱਡ ਕੇ ਪੀਂਘ ਝੂਟਣ ਵਾਲੀ  ਗਲਤੀ ਦਾ ਅਹਿਸਾਸ ਵੀ ਤਾਂ ਕਰਵਾ  ਸਕਦਾ  ਹੈ  | ਗਲਤੀ,ਜਿਹੜੀ  ਰੱਬ ਨੇ ਨਹੀਂ,ਖੁੱਦ ਉਸਨੇ ਕੀਤੀ ਸੀ...,'ਚਿੰਤਾ ਮੁਕਤ ਹੋਈ ਮਿੰਨੀ ਦੱਸਦੀ ਹੈ ਤੇ ਆਪਣੇ ਸੌਂਣ ਕਮਰੇ 'ਚ ਚਲੀ ਜਾਂਦੀ ਹੈ |
ਦੱਸਿਆ ਸੀ ਨਾ ਮਿੰਨੀ,ਗਿੰਨੀ ਬੜੀ ਸਿਆਣੀ ਕੁੜੀ ਹੈ ...ਬੜੀ ਦੂਰ ਦੀਆਂ ਸੋਚਾਂ,ਸੋਚਦੀ ਹੈ ...ਵੇਖਿਆ ਜੇ ਨਾ ਕਿਵੇਂ ਆਪਣਾ ਮਨ ਹਲਕਾ,ਫੁਲਕਾ ਕਰਕੇ ਸੌਣ ਚਲੀ ਗਈ ਹੈ ...ਅਕਸਰ ਉਹ ਇਵੇਂ ਹੀ ਕਰਦੀ ਹੈ ... ਖੈਰ ! ਹੁਣ ਰਾਤ ਵੀ ਕਾਫੀ ਹੋ ਗਈ ਹੈ | ਮੈਂ ਵੀ ਸੌਂਦਾ ਹਾਂ ਤੇ ਤੁਸੀਂ ਵੀ ਸੁਪਨਿਆਂ ਵਿੱਚ ਮਿੰਨੀ ਦੇ ਪਰੀਆਂ ਵਾਲੇ ਝੂਲਿਆਂ 'ਤੇ ਝੂਟੇ ਲੈਣ ਲਈ ਸੌਂ ਜਾਓ ...