ਹੱਸਣ ਖੇਡਣ ਮਨ ਦਾ ਚਾਓ ਕਹਿੰਦੇ ਲੋਕ ਸਿਆਣੇ ।
ਹੱਸਦਿਆਂ ਦੇ ਨਾਲ ਗੁਸੇ ਹੁੰਦੇ ਮੂਰਖ ਅਤੇ ਅਜਾਣੇ।
ਦਿਨ ਦਿਵਾਲੀ ਦੇ ਦੀਵੇ ਬਾਲਣ ਹਿੰਦੂ ਅਤੇ ਸਿੱਖ ਰਲਕੇ,
ਚਾਅ ਦੋਵਾਂ ਦੇ ਮਨ ਚ ਵੱਖਰੇ ਕੋਈ ਨਾ ਦਿਲ ਦੀ ਜਾਣੇ।
ਕਿਸੇ ਮੁਖ ਚ ਅੱਲਾ ਵਾਹਿਗੁਰੂ ਰਾਮ ਗੌਡ ਕੋਈ ਅਲਾਪੇ,
ਇਕੋ ਮੰਜ਼ਿਲ ਹੈ ਸੱਭ ਦੀ ਵੇਖੋ ਭਟਕਣ ਕਿਵੇ ਅਣਜਾਣੇ।
ਬਣ ਪੁਜਾਰੀ ਪੂਜੇ ਜਿਹੜਾ ਇਨਸਾਨੀਅਤ ਦੇ ਤਾਈਂ,
ਹਰੇ ਹੁੰਦੇ ਨੇ ਭੁਜੇ ਹੋਏ ਵੀ ਉਸ ਦੇ ਹੱਥੋਂ ਬੀਜੇ ਦਾਣੇ।
ਸੱਚ ਦੇ ਰਸਤੇ ਤੁਰਿਆ ਚੱਲ ਤੂੰ ਆਪੇ ਮੰਜਿਲ ਆਊ,
ਰਾਹ ਦਾ ਰੋੜਾ ਨਹੀ ਬਣ ਸਕਦੇ ਕਦੇ ਵੀ ਉਲਝੇ ਤਾਣੇ।
ਨਾਲ ਹੱਸਦਿਆਂ ਹੱਸਣ ਸਾਰੇ ਰੋਦਿਆਂ ਨਾਲ ਨਹੀਂ ਰੋਂਦੇ,
ਕਬਰਾਂ ਦੇ ਵਿੱਚ ਸੋਗ ਹੈ ਹੁੰਦਾ ਵਿਆਹਾਂ ਦੇ ਵਿੱਚ ਗਾਣੇ।
ਜਿੰਦਗੀ ਦੇ ਪਲ ਗੋਰਖ ਧੰਦਾ ਸਿੱਧੂ ਦੇ ਹਿੱਸੇ 'ਚ ਆਏ,
ਤਾਂ ਹੀ ਤਾਂ ਉਹ ਗ਼ਮਾ 'ਚ ਬੈਠਾ ਲਿੱਖਦਾ ਰਹਿੰਦਾ ਗਾਣੇ।