ਜ਼ਾਨਵਰ ਮੁੱਕ ਗਏ
ਪੰਛੀ ਵੀ ਮੁੱਕ ਚੱਲੇ ਨੇ
ਕੀ ਇਨ੍ਹਾਂ ਦੇ ਸੰਸਾਰ ਵਿੱਚ ਵੀ
ਹੋਏ ਭਿਅੰਕਰ ਹੱਲੇ ਨੇ?
ਕੀ ਇਨ੍ਹਾਂ ਨੇ ਵੀ ਲੁੱਟ ਲਿਆ
ਇੱਕ ਦੂਜੇ ਦਾ ਸੰਸਾਰ ਹੈ?
ਜਾਂ ਇਨ੍ਹਾਂ ਦੇ ਵੀ ਰਾਜ ਵਿੱਚ
ਮੱਚਿਆ ਹਾਹਾਕਾਰ ਹੈ?
ਲ਼ੱਗਦਾ ਮੈਨੂੰ ਇਨ੍ਹਾਂ ਨੇ ਵੀ
ਅਸੀਮ ਵਿਕਾਸ ਕਰ ਲਿਆ।
ਖੋਜ਼ ਕਰ ਵਿਗਿਆਨ ਨਾਲ਼
ਖ਼ੁਦ ਨੂੰ ਤਲਾਸ਼ ਕਰ ਲਿਆ।
ਕੁੱਖਾਂ ਵਿੱਚੋਂ ਕੁੱਖਾਂ ਦਾ ਹੀ
ਇਨ੍ਹਾਂ ਨਾਸ਼ ਕਰ ਲਿਆ।
ਗ੍ਰਹਿਆਂ ਦੀ ਖੋਜ਼ ਕਰਦੇ-ਕਰਦੇ
ਆਪਾ ਵਿਨਾਸ਼ ਕਰ ਲਿਆ।
ਧਰਮਾਂ,ਜਾਤਾਂ,ਗੋਤਾਂ ਵਾਲ਼ਾ
ਅੱਖਰ ਖ਼ਾਸ ਕਰ ਲਿਆ।
ਚਿੜੀਆਂ ਘੁੱਗੀਆਂ ਬਾਂਝ ਹੋ ਗਈਆਂ
ਕਾਂ ਕਬੂਤਰ ਨਸ਼ਿਆਂ ਖਾ ਲਏ।
ਜੰਗਲ਼-ਬੇਲੇ ਅਸੀਂ ਮੁਕਾ ਤੇ
ਜ਼ਾਨਵਰ ਰਾਜਨੀਤੀ ਨੇ ਖਾ ਲਏ।
ਜ਼ਹਿਰੀ ਨਾਗ ਬਚੇ ਸੀ ਇੱਥੇ
ਬਸ ਉਹੀ ਸਾਡੇ ਰਹੇ ਰਹੇ ਪੱਲੇ ਨੇ।
ਅਸੀਂ ਹਾਂ ਭਾਵੇਂ ਲੋਕ ਕਹਾਉਂਦੇ
ਮਨ ਤਾਂ ਸਾਡੇ 'ਕੱਲੇ-'ਕੱਲੇ ਨੇ।
ਮਨੁੱਖ ਭਿਅੰਕਰ ਡਾਢ੍ਹਾ ਇੱਥੇ
ਬਾਕੀ ਤਾਂ ਸਭ ਇੱਥੇ ਥੱਲੇ ਨੇ।
ਸਾਡੀ ਹੀ ਤਾਂ ਹੈ ਪ੍ਰਕੋਪੀ
ਰੁੱਖ-ਪੰਛੀ ਸਭ ਮੁੱਕ ਚੱਲੇ ਨੇ।
ਸਾਡੀ ਹੀ ਤਾਂ ਹੈ ਪ੍ਰਕੋਪੀ….।