ਪੰਡਾਂ ਵਿਚ ਬੰਨ੍ਹ ਲਉ ਪਿਆਰ ਬੇਲੀਓ।
ਸਿਰ ਤੇ ਉਠਾਓ ਉਪਹਾਰ ਬੇਲੀਓ।
ਗਲੀ ਗਲੀ ਵੰਡੀ ਜਾਉ ਪਿਆਰ ਬੇਲੀਓ।
ਮਿਲ ਜਾਊ ਆਪੇ ਦਿਲਦਾਰ ਬੇਲੀਓ।
ਦਿਲ ਨਾ ਕਿਸੇ ਦਾ ਦੁਖਾਊ ਦੋਸਤੋ।
ਹੱਸਦੇ ਰਹੋ ਹੋਰਾਂ ਨੂੰ ਹਸਾਓ ਦੋਸਤੋ।
ਖਿੜ ਜਾਏ ਸਾਂਝੀ ਗੁਲਜ਼ਾਰ ਬੇਲੀਓ।
ਪੀਡਾ ਪੀਡਾ ਹੋ ਜੈ ਸੰਸਾਰ ਬੇਲੀਓ।
ਪਾਪਾਂ ਵਾਲੀਆਂ ਬੇੜੀਆਂ ਹੋ ਜਾਣ ਜਦ ਭਾਰੀਆਂ।
ਪਿਆਰਾ ਵਾਲੇ ਚੱਪੂ ਲਾ ਕੇ ਜਾਂਦੀਆਂ ਨੇ ਤਾਰੀਆਂ।
ਇਹੋ ਕਰੀ ਜਾਉ ਪਰਉਪਕਾਰ ਬੇਲੀਓ।
ਡੁੱਬਦੇ ਨੂੰ ਦੀਉ ਤੁਸੀਂ ਤਾਰ ਬੇਲੀਓ।
ਸਾਰੇ ਕੱਢ ਦੀਉ ਮਨੋਂ ਹੰਕਾਰ ਬੇਲੀਓ।
ਮਨੁੱਖਤਾ ਦੇ ਕੰਮ ਆਉ ਯਾਰ ਬੇਲੀਓ।
ਸਾਰੇ ਲੋਕ ਆਪਣੇ ਨੇ ਕੋਈ ਵੀ ਬਿਗਾਨਾ ਨਹੀਂ।
ਵੈਰ ਤੇ ਵਿਰੋਧ ਕੋਈ ਆਪਣਾ ਨਿਸ਼ਾਨਾ ਨਹੀਂ।
ਆਰ ਵੱਸਦੇ ਸਮੁੰਦਰਾਂ ਤੋਂ ਪਾਰ ਬੇਲੀਓ।
ਇਕੱਠੇ ਬੈਠ ਕਰ ਲੋ ਵਿਚਾਰ ਬੇਲੀਓ।
ਛੱਡੋ ਨਫ਼ਰਾਂ ਕਰੋ ਸਤਿਕਾਰ ਬੇਲੀਓ।
ਈਰਖਾ ਨੂੰ ਦੀਉ ਤੁਸੀਂ ਮਾਰ ਬੇਲੀਓ।
ਊਚ ਨੀਚ ਵਾਲਾ ਭੇਦ ਕੱਢ ਦੀਉ ਜ਼ੁਬਾਨ ਚੋਂ।
ਇਨਸਾਨ ਕਦੇ ਵੱਡਾ ਹੁੰਦਾ ਨਹੀ ਇਨਸਾਨ ਤੋਂ।
ਇਕ ਰੱਬ ਅੱਲਾ ਨੇ ਬਣਾਇਆ ਸੰਸਾਰ ਬੇਲੀਓ।
ਰਚਣਹਾਰਾ ਆਪ ਨਿਰੰਕਾਰ ਬੇਲੀਓ।
ਅੱਡੋ ਅੱਡੇ ਫੁੱਲਾਂ ਦੇ ਇਹ ਹਾਰ ਬੇਲੀਓ।
ਪਰੋਏ ਉਹਨੇ ਆਪ ਇਕਸਾਰ ਬੇਲੀਓ।
ਜਾਤ ਪਾਤ ਵਾਲੀ ਕੰਧ ਦਿਲਾਂ 'ਚੋਂ ਮਿਟਾ ਦੀਉ।
ਹਵਾ ਆਦਮ ਦੇ ਪੁੱਤ ਸਾਰੇ ਹੋਰਾਂ ਸਮਝਾ ਦੀਉ।
ਬਗ਼ੀਚੀ ਵਿਚ ਉੱਗਦੀ ਇਹ ਖਾਰ ਬੇਲੀਓ।
ਮੀਰ ਮਨੂ ਦੀ ਪੁਰਾਣੀ ਜੋ ਲਾਕਰ ਬੇਲੀਓ।
ਦੁਨੀਆ ਨੂੰ ਵੱਡੀ ਇਹ ਵੰਗਾਰ ਬੇਲੀਓ।
ਤੋੜ ਸੁੱਟੋ ਕੱਚੀ ਇਹ ਦੀਵਾਰ ਬੇਲੀਓ।
ਦਿਲਾਂ ਵਿਚੋਂ ਮਾਈਕਾਂ ਨੂੰ ਹਟਾਓ ਦੋਸਤੋ।
ਪਿਆਰ ਦੀ ਪਨੀਰੀ ਨੂੰ ਉਗਾਓ ਦੋਸਤੋ।
ਪੁੱਟ ਸੁੱਟੋ ਕੰਡੇ ਵਾਲੀ ਤਾਰ ਬੇਲੀਓ।
ਹਿੰਦ ਪਾਕ ਭਾਈ ਭਾਈ ਯਾਰ ਬੇਲੀਓ।
ਦੇ ਦੀਉ ਸੁਨੇਹਾ ਹੱਦ ਪਾਰ ਬੇਲੀਓ।
ਸੁੱਟ ਦੀਉ ਮਾਰੂ ਹਥਿਆਰ ਬੇਲੀਓ।
ਮੰਨਣੀ ਨਾਂ ਧੌਂਸ ਨਾਂ ਹੀ ਕਿਸੇ ਨੂੰ ਮਨਾਉਣੀ ਏ।
ਗਿੱਦੜ-ਸਿੰਗੀ ਸ਼ਾਂਤੀ ਵਾਲੀ ਸਭ ਨੂੰ ਸੁੰਘਾਉਣੀ ਏ।
ਘਨੱਈਏ ਵਾਲੀ ਡੱਬੀ ਜੇਬੀਂ ਪਾਉ ਬੇਲੀਓ।
ਜ਼ਖ਼ਮ ਰਿਸਦੇ ਜੋ ਮਲ੍ਹਮਾਂ ਲਗਾਓ ਬੇਲੀਓ।
ਡਿੱਗੇ ਢੱਠਿਆਂ ਨੂੰ ਗਲ ਨਾਲ ਲਾਉ ਬੇਲੀਓ।
ਛੱਡ ਦੀਉ ਕੂੜੇ ਤਕਰਾਰ ਬੇਲੀਓ।
ਕਰ ਦੀਉ ਸਾਰੇ ਪ੍ਰਚਾਰ ਬੇਲੀਓ।
ਕਾਲੇ ਗੋਰੇ ਹਬਸ਼ੀ ਨੇ ਯਾਰ ਬੇਲੀਓ।
ਹਰ ਦਿਲ ਵਸੇ ਕਰਤਾਰ ਬੇਲੀਓ।
ਧਨ ਦੌਲਤ ਦਿਸੇ ਜੋ ਬੇਸ਼ੁਮਾਰ ਬੇਲੀਓ।
ਮੁੜ੍ਹਕੇ ਨੀਂ ਆਉਣੇ ਬਾਰ ਬਾਰ ਬੇਲੀਓ।
ਤੇਗ਼ਾਂ ਤਲਵਾਰਾਂ ਦੀ ਥਾਂ ਕਲਮ ਚਲਾਉਣੀ ਏ।
ਅਮਨਾਂ ਦੀ ਬਾਤ ਹੁਣ ਸਭ ਅੱਗੇ ਪਾਉਣੀ ਏ।
ਸੁੱਟੋ ਰਫ਼ਲਾਂ ਤੇ ਮਾਰੂ ਹਥਿਆਰ ਬੇਲੀਓ।
ਗ੍ਰਹਿਣੀ ਕਲਮਾਂ ਦਾ ਕਰ ਲੋ ਸ਼ਿੰਗਾਰ ਬੇਲੀਓ।
ਖੂੰਨੀ ਤਲਵਾਰ ਅਸਾਂ ਕਿਸੇ ਤੇ ਚਲਾਉਣੀ ਨਹੀਂ।
ਬੰਬਾਂ ਦੀ ਬੁਛਾੜ ਹੁਣ ਕਿਸੇ ਤੇ ਵਰਾਉਣੀ ਨਹੀਂ।
ਐਟਮ ਮਿਜ਼ਾਈਲਾਂ ਦੀ ਬੁਛਾੜ ਬੇਲੀਓ।
ਭੇਜਣੀ ਨਾਂ ਮਿੱਗਾਂ ਵਾਲੀ ਡਾਰ ਬੇਲੀਓ।
ਅਮਰੀਕਾ ਤੇ ਇਰਾਕ ਵਾਲੀ 'ਵਾਰ' ਬੇਲੀਓ।
ਮਨੁੱਖਤਾ ਤੇ ਡਿੱਗੇ ਅੰਗਿਆਰ ਬੇਲੀਓ।
ਕਲਮਾਂ ਨਾਲ ਕਰੋ ਠੰਢੇ ਠਾਰ ਬੇਲੀਓ।
ਕੋਈ ਸ਼ੇਰ ਲੇਲੇ ਤਾਈਂ ਗਲ਼ੋਂ ਫੜੂ ਨਾ।
ਪਾਣੀ ਦੇ ਬਹਾਨੇ ਲਾ ਕੇ ਐਵੇਂ ਲੜੂ ਨਾ।
ਬਰੂਦਾਂ ਦਾ ਜੋ ਕਰਦੇ ਵਪਾਰ ਬੇਲੀਓ।
ਬੰਦ ਕਰੋ ਖੁੱਲ੍ਹੇ ਜੋ ਬਾਜਾਰ ਬੇਲੀਓ।
ਅੱਤਵਾਦੀ ਖੂੰਨੀਂ ਹੈ ਜੋ ਡਾਰ ਬੇਲੀਓ।
ਚੌਕਸੀ ਨਾਲ ਕਰੋ ਤਾਰ ਤਾਰ ਬੇਲੀਓ।
ਹਿੰਦੂ ਸਿੱਖ ਭਾਈਚਾਰਾ ਗੋਰੇ ਸਾਡੇ ਭਾਈ ਨੇ।
ਮੁਸਲਮਾਨ ਖੱਬੀ ਬਾਂਹ ਸੱਜੀ ਇਹ ਇਸਾਈ ਨੇ।
ਧਰਮਾਂ ਦੇ ਭਰਮ ਨੇ ਬੇਕਾਰ ਬੇਲੀਓ।
ਸਾਂਝਾਂ ਵਿਚ ਵੱਸਦੀ ਬਹਾਰ ਬੇਲੀਓ।
ਕਿਕਲੀਆਂ ਪਾਉ ਸਾਰੇ ਕੱਠੇ ਹੋ ਕੇ ਨੱਚੀਏ।
ਅਰਸ਼ਾਂ ਤੇ ਧੁੰਮਾਂ ਪਾਈਏ ਦੁਨੀਆ ਨੂੰ ਦੱਸੀਏ।
ਜ਼ੁਲਮ ਜਬਰ ਧਰਤੀ ਤੇ ਭਾਰ ਬੇਲੀਓ।
ਹੈ ਰੱਬ ਦੀ ਕਰੋਪੀ ਜੈਸੀ ਮਾਰ ਬੇਲੀਓ।
ਜਰਾ ਹੋਸ਼ ਕਰੋ ਜੋਧੇ ਬਲਕਾਰ ਬੇਲੀਓ।
ਇੱਕੋ ਸਾਡਾ ਘਰ ਪਰਿਵਾਰ ਬੇਲੀਓ।
ਬੱਚਾ ਬੁੱਢਾ ਛੋਕਰਾ ਜਵਾਨ ਨੱਚੂ ਗਾ।
ਧਰਤੀ ਵੀ ਨੱਚੂ ਅਸਮਾਨ ਨੱਚੂ ਗਾ।
ਕਾਫ਼ਰ ਵੀ ਨੱਚੂ ਤੇ ਕੁਰਾਨ ਨੱਚੂ ਗਾ।
ਸੁਥਰਾ ਵੀ ਨੱਚੂ ਬੇਈਮਾਨ ਨੱਚੂ ਗਾ।
ਫੱਕਰ ਵੀ ਨੱਚੂ ਤੇ ਸ਼ੈਤਾਨ ਨੱਚੂ ਗਾ।
ਸ਼ਾਂਤੀ ਨੱਚ ਪੈਣੀ ਤੇ ਤੁਫ਼ਾਨ ਨੱਚੂ ਗਾ।
ਨੱਚੂ ਬਾਈਬਲ ਤੇ ਵੇਦ ਪੁਰਾਨ ਨੱਚੂ ਗਾ।
ਬਾਬਾ ਨਾਨਕ ਵੀ ਨੱਚੂ ਭਗਵਾਨ ਨੱਚੂ ਗਾ।
ਗੀਤਾ ਵੀ ਨੱਚੂ ਤੇ ਕੁਰਾਨ ਨੱਚੂ ਗਾ।
ਰਾਵਣ ਨੱਚ ਪੈਣਾ ਹਨੂਮਾਨ ਨੱਚੂ ਗਾ।
ਬੁਸ਼ ਵੀ ਨੱਚੂ ਤੇ ਸੱਦਾਮ ਨੱਚੂ ਗਾ।
ਈਰਾਨ ਵੀ ਨੱਚੂ ਅਫ਼ਗ਼ਾਨ ਨੱਚੂ ਗਾ।
ਲਾਦੇਨ ਲੱਭ ਪੈਣਾ ਤੇ ਉਬਾਮ ਨੱਚੂ ਗਾ।
ਫਿਰ ਨੱਚ ਉੱਠੂ ਸਾਰਾ ਸੰਸਾਰ ਬੇਲੀਓ।
ਨੱਚ ਪਊਗਾ ਹੋ ਕੇ ਪੱਬਾਂ ਭਾਰ ਬੇਲੀਓ।
ਤਦ ਬੱਲੇ ਬੱਲੇ ਹੋ ਜੂ ਬੇਸ਼ੁਮਾਰ ਬੇਲੀਓ।
ਸਾਂਝੀਵਾਲਤਾ ਨੂੰ ਮੇਰੀ ਨਮਸਕਾਰ ਬੇਲੀਓ।
ਪੰਨੂ ਸਦਕੜੇ ਜਾਊ ਲੱਖ ਵਾਰ ਬੇਲੀਓ।