ਅਸੀਂ ਤਾਂ ਸੀ ਲਏ ਫੱਟ ਜਿਗਰ ਦੇ ਆਖਰ ਨੂੰ,
ਤੂੰ ਵੀਂ ਚੀਸਾਂ ਲੈਣੀਆਂ, ਸੱਜਣਾਂ ਬੰਦ ਕਰਦੇ।
ਤਾਰਿਆਂ ਛਾਵੇਂ ਬਹਿ ਕੇ, ਢੋਣਾ ਸਦਾ ਯਾਦਾਂ ਨੂੰ,
ਰਾਤਾਂ ਕਾਲੀਆਂ 'ਚ ਬਾਲਣੇ ਦੀਵੇ ਬੰਦ ਕਰਦੇ।
ਸੱਟ ਜਿਗਰ ਦੀ ਹੋਲੀ ਹੋਲੀ ਦੇਖੀ ਭਰ ਜਾਉ,
ਪਰ ਤੂੰ ਲਾਉਣੀ ਮਲੱ੍ਹਮ, ਇਹ ਤੇ ਬੰਦ ਕਰਦੇ।
ਨਰਮ ਹੱਥਾਂ ਦੀ ਸੋਹ ਤੇਰੀ ਸਾਨੂੰ ਮਾਰ ਜਾਉ,
ਜਾਨ ਬਖ਼ਸ ਦੇ ਸਾਡੀ, ਚੰਗਾ ਇੱਕ ਕੰਮ ਕਰਦੇ।
ਧੂੜ ਪੈ ਗਈ ਤਸਵੀਰਾਂ ਨੂੰ ਨਾ ਸਾਫ਼ ਕਰੀ,
ਲਾ ਕੇ ਜ਼ਿੰਦਰਾ ਕਮਰੇ ਦੇ ਵਿੱਚ ਬੰਦ ਕਰਦੇ।
ਭੁੱਲੀ ਭਟਕੀ ਯਾਦ ਦੇ ਵਲਗਣ ਛੱਡ ਦੇ ਹੁਣ,
ਦਿਲ ਤੇ ਸੋਚਾਂ ਦੇ ਵਿੱਚ, ਸੱਜਣਾ ਕੰਧ ਕਰਦੇ।
ਪਾਕ ਮੁਹੱਬਤ ਰੂਹਾਂ –ਮੇਲੇ ਸਦਾ ਅਮਰ ਇੱਥੇ,
ਕੋਈ ਪਾਕ ਪਵਿੱੱਤਰ ਸੜਕ, ਵੱਲ ਝੰਗ ਕਰਦੇ।
ਪਾਕ ਮੁਹੱਬਤਾਂ ਦੇ ਹੱਕ ਵਿੱਚ ਨਾਅਰਾ ਮਾਰ ਕਦੇ,
ਕੋਈ ਐਸੀ ਇਸ਼ਕ ਮੁਹੱਬਤ ਲਈ ਜੰਗ ਕਰਦੇ।
ਜੋ ਹੋਇਆ ਸੋ ਭੁੱਲ ਕੇ,ਭਾਣਾ ਮੰਨ ਲੈ ਡਾਢੇ ਦਾ,
ਇਸ਼ਕ-ਮੁਹੱਬਤ ਸੱਚੀਆ ਨੂੰ ਭੰਡਣਾ ਬੰਦ ਕਰਦੇ।
"ਬੁੱਕਣਵਾਲੀਆ" ਲਾ ਕੇ ਜ਼ਿੰਦਰਾਂ ਸਦਾ ਸੋਚਾਂ ਨੂੰ,
ਲਿਸ਼ਕਣ ਸਦਾ ਦੁਆਰੇ ਐਸਾ ਕੋਈ ਰੰਗ ਕਰਦੇ।