'ਭਾਰਤ ਦੇ ਪ੍ਰਮੁਖ ਧਰਮ' ਲੋਕ ਅਰਪਣ (ਖ਼ਬਰਸਾਰ)


ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਵੱਲੋਂ ਦੇਹਰਾਦੂਨ ਵਿਖੇ ਬੰਦਾ ਸਿੰਘ ਬਹਾਦਰ: ਜੀਵਨ, ਪ੍ਰਾਪਤੀਆਂ ਅਤੇ ਸ਼ਹਾਦਤ ਵਿਸ਼ੇ 'ਤੇ ਇਕ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ, ਸੰਤ ਬਾਬਾ ਜੋਧ ਸਿੰਘ, ਨਿਰਮਲ ਆਸ਼ਰਮ ਰਿਸ਼ੀਕੇਸ਼, ਉਤਰਾਖੰਡ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਨਰਿੰਦਰਜੀਤ ਸਿੰਘ ਬਿੰਦਰਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਇਸ ਸੈਮੀਨਾਰ ਵਿਚ ਹਾਜ਼ਰ ਸਨ।

ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਇਸ ਮੌਕੇ ਬੋਲਦੇ ਹੋਏ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸੰਬੰਧੀ ਪੱਖਾਂ ਨੂੰ ਵਿਸਤ੍ਰਿਤ ਰੂਪ ਵਿਚ ਉਜਾਗਰ ਕਰਦੇ ਉਸ ਨੂੰ ਲੋਕਰਾਜ ਦਾ ਸੰਸਥਾਪਕ ਦੱਸਿਆ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦਾ ਖ਼ਾਤਮਾ ਕਰਨ ਦੇ ਨਾਲ-ਨਾਲ ਅਜਿਹਾ ਪ੍ਰਬੰਧ ਕਾਇਮ ਕੀਤਾ ਸੀ ਜਿਸ ਵਿਚ ਆਮ ਲੋਕ ਰਾਜ ਦਾ ਹਿੱਸਾ ਬਣੇ ਸਨ।
ਇਸ ਮੌਕੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਨੇ  ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬਹਾਦਰੀ ਭਰਿਆ ਹੈ ਅਤੇ ਸਮਾਜ ਦੀ ਭਲਾਈ ਲਈ ਗੁਰੂ ਸਾਹਿਬਾਨ ਦੁਆਰਾ ਦਿੱਤੀਆਂ ਸ਼ਹਾਦਤਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹਨਾਂ ਕਿ ਗੁਰੂ ਸਾਹਿਬਾਨ ਦੁਆਰਾ ਦਰਸਾਏ ਮਾਰਗ 'ਤੇ ਚੱਲਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹਾਦਤ ਦਿੱਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਭਾਰਤ ਦੇ ਵੀਰ-ਪੁਰਸ਼ਾਂ ਦਾ ਪ੍ਰੇਰਨਾ ਸ੍ਰੋਤ ਦੱਸਦੇ ਹੋਏ ਉਹਨਾਂ ਨੇ ਪੰਜਾਬੀ ਅਕੈਡਮੀ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ ਰੱਖਣ ਦਾ ਐਲਾਨ ਕੀਤਾ ਅਤੇ ਨਾਲ ਹੀ ਉਤਰਾਖੰਡ ਵਿਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਪ੍ਰਬੰਧ ਕਰਨ ਦਾ ਭਰੋਸਾ ਦਿਵਾਇਆ। 
ਆਪਣੇ ਕੁੰਜੀਵਤ ਭਾਸ਼ਣ ਵਿਚ ਡਾ. ਸੁਖਦਿਆਲ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਦੀਆਂ ਤੋਂ ਗ਼ੁਲਾਮੀ ਦੀਆਂ ਜੰਜੀਰਾਂ ਵਿਚ ਜਕੜੀ ਹੋਈ ਭਾਰਤੀ ਜਨਤਾ ਨੂੰ ਅਜ਼ਾਦੀ ਦਿਵਾਈ ਸੀ ਅਤੇ ਇਸੇ ਨੂੰ ਹੀ ਅਜ਼ਾਦੀ ਦੀ ਪਹਿਲੀ ਲੜ੍ਹਾਈ ਮੰਨਿਆ ਜਾਣਾ ਚਾਹੀਦਾ ਹੈ। 
ਡਾ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਨੇ ਇਸ ਸੈਮੀਨਾਰ ਸੰਬੰਧੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਅਤੇ ਡਾ. ਹਰਭਜਨ ਸਿੰਘ ਨੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਵਿਖੇ ਹਾਜ਼ਰ ਸਰੋਤਿਆਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਡਾ. ਪਰਮਵੀਰ ਸਿੰਘ ਅਤੇ ਡਾ. ਪ੍ਰਦੁਮਨ ਸ਼ਾਹ ਸਿੰਘ ਵੱਲੋਂ ਸਾਂਝੇ ਤੌਰ 'ਤੇ ਲਿਖੀ ਪੁਸਤਕ 'ਭਾਰਤ ਦੇ ਪ੍ਰਮੁਖ ਧਰਮ' ਲੋਕ ਅਰਪਣ ਕੀਤੀ ਗਈ। ਇਸ ਮੌਕੇ ਡਾ. ਰੂਪ ਸਿੰਘ, ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸ. ਹਰਭਜਨ ਸਿੰਘ, ਪ੍ਰਧਾਨ ਗੁਰਦੁਆਰਾ ਰੇਸ ਕੋਰਸ, ਸ. ਰਾਜਿੰਦਰ ਸਿੰਘ ਰਾਜਨ, ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਡਾ. ਜਸਬੀਰ ਸਿੰਘ ਸਾਬਰ, ਡਾ. ਕੁਲਵਿੰਦਰ ਸਿੰਘ ਬਾਜਵਾ, ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਵਿੰਦਰਜੀਤ ਕੌਰ ਭੱਟੀ, ਡਾ. ਦਲਜੀਤ ਸਿੰਘ, ਪ੍ਰਿੰ. ਬਲਵੰਤ ਸਿੰਘ ਮੱਲੀ, ਡਾ. ਸੁਲੱਖਣ ਸਿੰਘ, ਸ. ਸਿਮਰਜੀਤ ਸਿੰਘ, ਡਾ. ਹਰਜੀਤ ਸਿੰਘ, ਡਾ. ਤੇਜਿੰਦਰਪਾਲ ਸਿੰਘ, ਸ. ਜਸਵੰਤ ਸਿੰਘ, ਡਾ. ਮੁਹੱਬਤ ਸਿੰਘ, ਡਾ. ਕੁਲਵਿੰਦਰ ਸਿੰਘ, ਦੇਹਰਾਦੂਨ, ਸ. ਭੁਪਿੰਦਰਪਾਲ ਸਿੰਘ, ਸ. ਗੁਰਜਿੰਦਰ ਸਿੰਘ ਹਾਜ਼ਰ ਸਨ। ਡਾ. ਹਰਭਜਨ ਸਿੰਘ ਨੇ ਸਮੂਹ ਮਹਿਮਾਨਾਂ ਅਤੇ ਸੈਮੀਨਾਰ ਨੂੰ ਸਫ਼ਲ ਬਣਾਉਣ ਲਈ ਗੁਰਦੁਆਰਾ ਰੇਸ ਕੋਰਸ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਪਟੇਲ ਨਗਰ ਅਤੇ ਗੁਰਦੁਆਰਾ ਦਿਲਾਰਾਮ ਬਜ਼ਾਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ।