"ਅਜੋਕਾ ਫੋਨ ਸੰਸਾਰ" ਦਾ ਲੋਕ ਅਰਪਣ (ਖ਼ਬਰਸਾਰ)


ਪਟਿਆਲਾ --   ਡਾ. ਸੀ ਪੀ ਕੰਬੋਜ ਦੀ ਸਮਾਰਟ ਫੋਨਾਂ ਬਾਰੇ ਲਿਖੀ ਪੁਸਤਕ "ਅਜੋਕਾ ਫੋਨ ਸੰਸਾਰ" ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਲੋਕ ਅਰਪਣ ਕੀਤਾ। ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਤਕਨਾਲੋਜੀ ਦੇ ਸਭ ਤੋਂ ਆਧੁਨਿਕ ਵਿਸ਼ੇ ਬਾਰੇ ਠੇਠ ਪੰਜਾਬੀ ਵਿਚ ਰਚਿਤ ਇਹ ਪੁਸਤਕ ਪੰਜਾਬੀ ਪਾਠਕਾਂ ਦੀਆਂ ਆਸਾਂ 'ਤੇ ਖਰੀ ਉੱਤਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਤਕਨੀਕੀ ਸ਼ਬਦਾਵਲੀ ਘੜਨ ਦੇ ਖੇਤਰ ਵਿਚ ਹੋਰ ਨਿਠ ਕੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਉੱਘੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਕਿਹਾ ਕਿ ਕੰਪਿਊਟਰ ਦੀ ਤਕਨੀਕੀ ਸ਼ਬਦਾਵਲੀ ਨੂੰ ਲੇਖਕ ਨੇ ਘੜਨ ਦੇ ਨਾਲ-ਨਾਲ ਵਰਤ ਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਪੰਜਾਬੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਹੋਣੀ ਚਾਹੀਦੀ ਹੈ। ਕੰਪਿਊਟਰ ਲੇਖਕ ਤੇ ਕਾਲਮਨਵੀਸ ਡਾ. ਸੀ ਪੀ ਕੰਬੋਜ ਨੇ ਕਿਹਾ ਕਿ ਉਸ ਦੀ ਇਹ ਦਿਲੀ ਇੱਛਾ ਸੀ ਕਿ ਉਹ ਨਿਰੋਲ ਪੰਜਾਬੀ ਦੀ ਸ਼ਬਦਾਵਲੀ ਵਾਲਾ ਕੋਈ ਕੰਮ ਕਰਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਉਨ੍ਹਾਂ ਪੰਜਾਬੀ ਕੰਪਿਊਟਰ ਦੇ ਬਾਬਾ ਬੋਹੜ ਤੇ ਆਪਣੇ ਪੀ-ਐੱਚਡੀ ਦੇ ਗਾਈਡ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਪ੍ਰੇਰਨਾ ਨਾਲ ਲਿਖੀ ਹੈ ਤੇ ਪੁਸਤਕ ਨੂੰ ਪੰਜਾਬੀ ਸ਼ਬਦਾਵਲੀ ਦਾ ਜਾਮਾ ਪਹਿਨਾਉਣ ਲਈ ਉਨ੍ਹਾਂ ਦੇ ਵੱਡੇ ਵੀਰ ਸ. ਓਅੰਕਾਰ ਸਿੰਘ ਦਾ ਵੱਡਾ ਯੋਗਦਾਨ ਹੈ। ਨਵੀਂ ਘੜੀ ਸ਼ਬਦਾਵਲੀ ਦੇ ਸਬੰਧ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਭਾਵੇਂ ਸਮਾਰਟ ਤਕਨਾਲੋਜੀ ਨਾਲ ਸਬੰਧਿਤ ਅੰਗਰੇਜ਼ੀ ਦੇ ਸ਼ਬਦ ਪੰਜਾਬੀਆਂ ਦੇ ਮਨਾਂ 'ਤੇ ਉੱਕਰ ਚੁੱਕੇ ਹਨ ਪਰ ਮਾਂ-ਬੋਲੀ ਪੰਜਾਬੀ ਵਿਚ ਇਨ੍ਹਾਂ ਸ਼ਬਦਾਂ ਦਾ ਬਦਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਤੋਂ ਪ੍ਰਾਪਤ ਸੁਝਾਵਾਂ ਦੇ ਆਧਾਰ 'ਤੇ ਇਨ੍ਹਾਂ ਸ਼ਬਦਾਂ ਨੂੰ ਸਮੇਂ-ਸਮੇਂ 'ਤੇ ਸੁਧਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਸਮਾਰਟ ਫੋਨਾਂ ਦੀਆਂ ਐਪਜ਼ ਬਾਰੇ ਜਾਣਕਾਰੀ ਦੇਣ ਵਾਲੀ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਛਪੀ ਇਸ ਪੁਸਤਕ ਵਿਚ ਇੱਕ ਖ਼ੂਬੀ ਇਹ ਵੀ ਹੈ ਕਿ ਇਹ ਯੂਨੀਕੋਡ ਆਧਾਰਿਤ ਫੌਂਟਾਂ ਵਿਚ ਛਪੀ ਹੈ। ਗੌਰਤਲਬ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਡਾ. ਕੰਬੋਜ ਹੁਣ ਤੱਕ 28 ਪੁਸਤਕਾਂ ਅਤੇ ਅਖ਼ਬਾਰਾਂ ਦੇ ਲਗਾਤਾਰ ਕਾਲਮਾਂ ਦੇ ਰੂਪ ਵਿਚ 3000 ਤੋਂ ਵੱਧ ਲੇਖ ਲਿਖ ਚੁੱਕੇ ਹਨ। ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਵਿਚ ਰਜਿਸਟਰਾਰ ਡਾ. ਦੇਵਿੰਦਰ ਸਿੰਘ, ਡੀਨ ਰਿਸਰਚ ਡਾ. ਏ ਐੱਸ ਚਾਵਲਾ, ਆਰਟੀਆਈ ਸੈੱਲ ਦੇ ਇੰਚਾਰਜ ਡਾ. ਗੁਰਚਰਨ ਸਿੰਘ , ਕਾਰਜਕਾਰੀ ਇੰਜੀਨੀਅਰ ਸ. ਮਨਜੀਤ ਸਿੰਘ ਅਤੇ ਓਅੰਕਾਰ ਸਿੰਘ ਸ਼ਾਮਿਲ ਹੋਏ।