ਸਟਾਕਟਨ -- ਪੰਜਾਬੀ ਸਾਹਿਤ ਸਭਾ ਸਟਾਕਟਨ ਵੱਲੋਂ ਛੇਵੀਂ ਅਮਰੀਕੀ ਪੰਜਾਬੀ ਕਹਾਣੀ ਕਾਨਫਰੰਸ ਦਾ ਰਾਇਲ ਇੰਡੀਅਨ ਕੁਜ਼ੀਨ ਦੇ ਬੈਂਕੁਇਟ ਹਾਲ ਵਿਚ ਆਯੋਜਨ ਕੀਤਾ ਗਿਆ। ਇਹ ਕਾਨਫਰੰਸ ਕਰਾਂਤੀਕਾਰੀ ਨਾਟਕਕਾਰ-ਰੰਗਕਰਮੀ ਗੁਰਸ਼ਰਨ ਸਿੰਘ ਭਾਅ ਜੀ ਨੂੰ ਸਮਰਪਿਤ ਸੀ। ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਅਤੇ ਬੇਮਿਸਾਲ ਸਾਹਿਤਕ, ਸਭਿਆਚਾਰਕ ਯੋਗਦਾਨ ਬਾਰੇ ਪ੍ਰੋæ ਹਰਭਜਨ ਸਿੰਘ, ਹਰਜਿੰਦਰ ਪੰਧੇਰ, ਬਿੱਕਰ ਕੰਮੇਆਣਾ, ਮਹਿੰਗਾ ਸਿੰਘ ਤੇ ਸੁਖਵਿੰਦਰ ਕੰਬੋਜ ਨੇ ਆਪਣੇ ਅਨੁਭਵ ਅਤੇ ਅਹਿਸਾਸ ਪ੍ਰਗਟ ਕੀਤੇ। ਪਰਮਜੀਤ ਸਿੰਘ ਤੇ ਰੇਣੂ ਸਿੰਘ ਦੀ ਪ੍ਰਸਿੱਧ ਕਲਾਕਾਰ ਜੋੜੀ ਨੇ ਗੁਰਸ਼ਰਨ ਭਾਅ ਜੀ ਉਚੇਰੀ ਪ੍ਰਤੀਬੱਧਤਾ ਅਤੇ ਜੀਵਨ ਭਰ ਕਰਾਂਤੀਕਾਰੀ ਰੰਗ-ਮੰਚ ਸਰਗਰਮੀ ਨੂੰ ਉਨ੍ਹਾਂ ਦੀਆਂ ਨਾਟਕੀ ਰਚਨਾਵਾਂ ਰਾਹੀਂ ਪੇਸ਼ ਕੀਤਾ। ਕਾਨਫਰੰਸ ਦੀ ਅਗਲੀ ਕੜੀ ਵਿਚ ਪ੍ਰੋæ ਹਰਭਜਨ ਸਿੰਘ, ਸੁਰਿੰਦਰ ਸੋਹਲ ਅਤੇ ਹਰਜਿੰਦਰ ਪੰਧੇਰ ਵੱਲੋਂ ਸੰਪਾਦਿਤ ਪਰਵਾਸੀ ਪੰਜਾਬੀ ਕਹਾਣੀ ਸੰਗ੍ਰਹਿ 'ਦਿਸਹਦਿਆਂ ਦੇ ਆਰ-ਪਾਰ' ਪ੍ਰਧਾਨਗੀ ਮੰਡਲ ਅਤੇ ਹਾਜ਼ਰ ਕਹਾਣੀਕਾਰਾਂ ਵੱਲੋਂ ਲੋਕ ਅਰਪਿਤ ਕੀਤਾ ਗਿਆ।
ਇਸ ਉਪਰੰਤ ਚਾਰ ਖੋਜ ਪੱਤਰ ਪੜ੍ਹੇ ਗਏ।
ਡਾæ ਜਸਵਿੰਦਰ ਸਿੰਘ ਨੇ ਆਪਣੇ ਖੋਜ ਪੱਤਰ 'ਬਹੁਸਭਿਆਚਾਰਕ ਪਰਵਾਸੀ ਪ੍ਰਸੰਗਾਂ ਵਿਚ ਪੰਜਾਬੀ ਪਛਾਣ ਤੇ ਉਥਾਨ ਦੀ ਬਿਰਤਾਂਤਕਾਰੀ' ਵਿਚ 'ਦਿਸਹੱਦਿਆਂ ਦੇ ਆਰ-ਪਾਰ' ਦੀਆਂ ਕਹਾਣੀਆਂ ਵਿਚ ਪੇਸ਼ ਪੰਜਾਬੀਆਂ ਦੀ ਹੋਂਦ-ਹਸਤੀ ਦੀ ਬਹੁਵੰਨਤਾ, ਸੰਕਟਾਂ ਅਤੇ ਸੰਗਰਾਮਾਂ ਦੀ ਨਿਸ਼ਾਨਦੇਹੀ ਕਰਦਿਆਂ ਇਸ ਦੀ ਸਭਿਆਚਾਰਕ ਸਿਆਸਤ ਦੇ ਬਣ ਰਹੇ/ਬਣਦੇ ਸਰੂਪ ਤੇ ਸਾਰਥਕਤਾ ਨੂੰ ਉਭਾਰਿਆ। ਉਨ੍ਹਾਂ 'ਕਰਾਂਤੀ ਗੀਤ', 'ਮੁਰਗਾਬੀਆਂ', 'ਕੁੱਤਾ ਤੇ ਮਨੁੱਖ', 'ਧੁੰਦ ਵਿਚ ਜਗਦੀ ਬੱਤੀ', 'ਆਇਲਨ ਅਤੇ ਐਵਨ' ਦੇ ਹਵਾਲੇ ਨਾਲ ਪਰਵਾਸੀ ਪੰਜਾਬੀ ਕਹਾਣੀ ਦੀ ਇਸ ਨਵੀਂ ਗਲੋਬਲੀ ਰਾਜਸੀ ਚੇਤਨਾ ਅਤੇ ਸਭਿਆਚਾਰਕ ਪਛਾਣ ਨੂੰ ਉਚੇਰੀ ਬਿਰਤਾਂਤਕਾਰੀ ਤੇ ਵੱਡਾ ਹਾਸਲ ਦੱਸਿਆ। ਉਨ੍ਹਾਂ ਕਿਹਾ ਇਹ ਕਹਾਣੀ ਨਵੀਂ ਅਤੇ ਮੌਲਿਕ ਬਿਰਤਾਂਤਕਾਰੀ ਦਾ ਪ੍ਰਭਾਵੀ ਨਮੂਨਾ ਹਨ। ਵਿਸ਼ੇ ਦੀ ਚੋਣ, ਬਿਰਤਾਂਤਕ ਲੋਕੇਲ ਅਤੇ ਵਿਜ਼ਨ ਪੱਖੋਂ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀ ਹੈ। ਉਨ੍ਹਾਂ 'ਘਰ' ਦੇ ਮੈਟਾਫਰ ਦੇ ਹਵਾਲੇ ਨਾਲ 'ਲੋਹ ਪੁਰਸ਼', 'ਸੂਰਜ ਵੱਲ ਵੇਖਦਾ ਆਦਮੀ', 'ਪਿੰਜਰਾ' ਆਦਿ ਕਹਾਣੀਆਂ ਦੇ ਨਿਆਰੇ ਕਥਾ ਵਿਵੇਕ ਤੇ ਬਿਰਤਾਂਤ ਪਾਸਾਰਾਂ ਨੂੰ ਵੀ ਉਭਾਰਿਆ। ਨਿਰੋਲ ਗੋਰਾ ਮੇਜ਼ਬਾਨ ਸਭਿਆਚਾਰ ਦੇ ਹੀਜ਼-ਪਿਆਜ਼ ਨੂੰ ਜਗ-ਜਾਹਿਰ ਕਰਦਿਆਂ ਉਨ੍ਹਾਂ 'ਰਿਹਾਈ', 'ਗਰੈਨੀ ਲੈਜ਼ੀ' ਤੇ 'ਗਵਾਂਡੀ' ਕਹਾਣੀਆਂ ਨੂੰ ਪੰਜਾਬੀ ਬਿਰਤਾਂਤ ਨੂੰ ਮੋਕਲਾ ਕਰਨ ਵਾਲੀਆਂ ਦੱਸਿਆ, ਜਿਨ੍ਹਾਂ ਰਾਹੀਂ ਸਾਡੇ ਕਹਾਣੀਕਾਰ ਮੇਜ਼ਬਾਨ ਸਭਿਆਚਾਰ ਨੂੰ ਫਰੋਲਣ-ਆਂਕਣ ਦੀ ਨਵੀਂ ਸਮਰਥਾ ਦਰਸਾ ਰਹੇ ਹਨ।
ਡਾæ ਧਨਵੰਤ ਕੌਰ ਦਾ ਖੋਜ ਪੱਤਰ 'ਦਿਸਹਦਿਆਂ ਦੇ ਆਰ-ਪਾਰ: ਸਭਿਆਚਾਰਕ ਸੰਵਾਦਾਂ ਦਾ ਬਿਰਤਾਂਤਕ ਪ੍ਰਵਚਨ' ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਮਨਦੀਪ ਗੋਰਾ ਵੱਲੋਂ ਪੇਸ਼ ਕੀਤਾ ਗਿਆ। ਇਸ ਖੋਜ ਪੱਤਰ ਵਿਚ ਡਾæ ਧਨਵੰਤ ਕੌਰ ਨੇ ਕਹਾਣੀਆਂ ਦੇ ਹਵਾਲੇ ਨਾਲ ਪਰਵਾਸੀ ਕਹਾਣੀਕਾਰਾਂ ਦੀ ਨਵੀਂ ਪਹਿਲਕਦਮੀ ਨੂੰ ਉਜਾਗਰ ਕੀਤਾ, ਜੋ ਬਹੁਸਭਿਆਚਾਰਕ ਸੰਦਰਭਾਂ ਵਿਚ ਅੱਡ-ਅੱਡ ਪੀੜਤ ਭਾਈਚਾਰਿਆਂ ਦਾ ਬਿਰਤਾਂਤ ਸਿਰਜ ਰਹੀ ਹੈ। ਉਨ੍ਹਾਂ ਅਨੁਸਾਰ ਇਹ ਪੁਸਤਕ ਪਰਵਾਸੀ, ਨੈਟਿਵ ਤੇ ਮੇਜ਼ਬਾਨ ਭਾਈਚਾਰਿਆਂ ਦੇ ਬਹੁ-ਪਰਤੀ ਸਬੰਧਾਂ-ਤਨਾਵਾਂ ਦੀ ਸ਼ਕਤੀਸ਼ਾਲੀ ਦਾਸਤਾਨ ਖੂਬਸੂਰਤ ਗਲਪਨਿਕ ਰੂਪ ਵਿਚ ਬਿਆਨ ਕਰ ਰਹੀ ਹੈ।

ਡਾæ ਮਾਨ ਸਿੰਘ ਢੀਂਢਸਾ ਨੇ ਆਪਣੇ ਖੋਜ ਪੱਤਰ 'ਨਵ-ਪੰਜੀਵਾਦੀ ਪੱਛਮੀ ਸਭਿਆਚਾਰ ਤੋਂ ਉਪਜੇ ਮਾਨਵੀ ਸੰਕਟ ਦੀ ਪੇਸ਼ਕਾਰੀ: ਦਿਸਹਦਿਆਂ ਦੇ ਆਰ-ਪਾਰ' ਵਿਚ ਸਾਮਰਾਜੀ ਧੌਂਸਮੂਲਕ ਸੰਦਰਭਾਂ ਦੇ ਹਵਾਲੇ ਨਾਲ ਇਸ ਪੁਸਤਕ ਦੀ ਸਾਰਥਕਤਾ ਨੂੰ ਉਭਾਰਿਆ। ਉਹਨਾਂ ਨੇ ਇਨ੍ਹਾਂ ਕਹਣੀਆਂ ਵਿਚਲੀ ਪ੍ਰਚੰਡ ਰਾਜਸੀ ਚੇਤਨਾ ਦੇ ਸਾਮਰਾਜਵਾਦ ਵਿਰੋਧੀ ਚਰਿੱਤਰ ਨੂੰ ਉਜਾਗਰ ਕੀਤਾ। ਡਾæ ਰਜਨੀਸ਼ ਬਹਾਦਰ ਸਿੰਘ ਨੇ ਆਪਣੇ ਖੋਜ ਪੱਤਰ 'ਪਰਵਾਸੀ ਕਹਾਣੀ ਦੀ ਗੂਹੜੀ ਹੁੰਦੀ ਪੈੜ' ਵਿਚ ਇਸ ਪੁਸਤਕ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਪਰਵਾਸੀ ਕਹਾਣੀ ਦੀ ਪਛਾਣ ਦੇ ਵਿਭਿੰਨ ਪਹਿਲੂਆਂ ਨੂੰ ਰੇਖਾਂਕਿਤ ਕੀਤਾ। ਉਹਨਾਂ ਅਨੁਸਾਰ ਇਹ ਕਹਾਣੀ ਆਪਣੇ ਅਨੁਭਵੀ ਪ੍ਰਗਟਾਵੇ ਦੀ ਵੱਖਰਤਾ ਕਰਕੇ ਵੱਖਰੀ ਪਛਾਣ ਦੀ ਧਾਰਨੀ ਹੈ। ਇਹ ਦੋਵੇਂ ਪੱਤਰ ਪ੍ਰੋæ ਹਰਭਜਨ ਸਿੰਘ ਵੱਲੋਂ ਪੇਸ਼ ਕੀਤੇ ਗਏ। ਖੋਜ ਪੱਤਰਾਂ ਬਾਰੇ ਹੋਏ ਵਿਚਾਰ ਚਰਚਾ ਵਿਚ ਮੁੱਖ ਮਹਿਮਾਨ ਅਮਰਜੀਤ ਚਾਹਲ ਅਤੇ ਗੁਰਮੀਤ ਪਨਾਗ ਨੇ ਹਿੱਸਾ ਲਿਆ। ਡਾæ ਜਸਵਿੰਦਰ ਸਿੰਘ, ਅਮਰਜੀਤ ਚਾਹਲ, ਗੁਰਮੀਤ ਪਨਾਗ, ਹਰਨੇਕ ਸਿੰਘ ਨੇਕ ਅਤੇ ਤ੍ਰਿਪਤ ਭੱਟੀ ਦਾ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਸਨਮਾਨ ਕੀਤਾ ਗਿਆ।
ਲੰਚ ਦੌਰਾਨ ਪ੍ਰੋæ ਹਰਭਜਨ ਸਿੰਘ ਨੇ ਪੁਸਤਕ ਸੇਲ ਲਗਾਈ। ਹਾਜ਼ਰ ਸਾਹਿਤ ਪ੍ਰੇਮੀਆਂ ਤੇ ਲੇਖਕਾਂ ਨੇ 'ਦਿਸਹਦਿਆਂ ਦੇ ਆਰ-ਪਾਰ', 'ਮਾਤ ਲੋਕ', 'ਨਕਸਲਬਾੜੀ ਲਹਿਰ ਅਤੇ ਪੰਜਾਬੀ ਨਾਵਲ', 'ਪਰਵਾਸ ਤੋਂ ਆਵਾਸ ਵੱਲ' ਆਦਿ ਪੁਸਤਕਾਂ ਵੱਡੀ ਗਿਣਤੀ ਵਿਚ ਖਰੀਦੀਆਂ।
ਕਾਨਫਰੰਸ ਦੀ ਆਖਰੀ ਕੜੀ ਮੌਕੇ ਸੁਖਵਿੰਦਰ ਸ਼ਾਹ ਨੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਵਿਚ ਵਿਚ ਸੁਲਤਾਨ ਬਾਹੂ ਦੇ ਦੋ ਕਲਾਮ ਅਤੇ ਦੋ ਪੰਜਾਬੀ ਲੋਕ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਕਵੀ ਦਰਬਾਰ ਦੌਰਾਨ ਸੁਰਿੰਦਰ ਸੀਰਤ, ਮੱਖਣ ਲੁਹਾਰ, ਤਾਰਾ ਸਿੰਘ ਸਾਗਰ, ਸੁਖਵਿੰਦਰ ਕੰਬੋਜ, ਹਰਪ੍ਰੀਤ ਕੌਰ, ਰਾਠੀ ਸੂਰਾਪੁਰੀ, ਕਮਲ ਦੇਵ ਪਾਲ, ਮਨਦੀਪ ਗੋਰਾ, ਗੁਲਸ਼ਨ ਦਿਆਲ, ਜਯੋਤੀ ਸਿੰਘ, ਚਰਨਜੀਤ ਸਾਹੀ, ਦਲਵਿੰਦਰ ਨੰਨੂ, ਕਮਲ ਬੰਗਾ, ਜਗਤਾਰ ਸਿੰਘ ਪ੍ਰੀਤ ਆਦਿ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ, ਜਿਹਨਾਂ ਦੀ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ।
ਇਸ ਯਾਦਗਾਰੀ ਕਾਨਫਰੰਸ ਦੇ ਮੰਚ ਸੰਚਾਲਨ ਦੀ ਜਿੰਮੇਂਵਾਰੀ ਪ੍ਰੋæ ਹਰਭਜਨ ਸਿੰਘ ਅਤੇ ਮਨਦੀਪ ਗੋਰਾ ਨੇ ਸਨੇਹ ਭਰੇ ਅੰਦਾਜ਼ ਵਿਚ ਨਿਭਾਈ। ਪੁਸਤਕ ਰੀਲੀਜ਼ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾæ ਜਸਵਿੰਦਰ ਸਿੰਘ, ਅਮਰਜੀਤ ਚਾਹਲ, ਗੁਰਮੀਤ ਪਨਾਗ ਅਤੇ ਹਰਜਿੰਦਰ ਪੰਧੇਰ ਸਸ਼ੋਭਿਤ ਸਨ। ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਸੁਰਿੰਦਰ ਸੀਰਤ, ਮੱਖਣ ਲੁਹਾਰ, ਤਾਰਾ ਸਿੰਘ ਸਾਗਰ ਅਤੇ ਰਾਠੀ ਸੂਰਾਪੁਰੀ ਸ਼ਾਮਲ ਹੋਏ। ਸਮੁੱਚੇ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਹਾਜ਼ਰ ਸਰੋਤਿਆਂ ਨੇ ਭਾਸ਼ਣਾਂ, ਪੇਪਰਾਂ, ਗੀਤਾਂ ਅਤੇ ਸ਼ਾਇਰੀ ਦਾ ਸੰਜੀਦਗੀ ਨਾਲ ਆਨੰਦ ਮਾਣਿਆ।
ਹਰਜਿੰਦਰ ਪੰਧੇਰ