ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ (ਲੇਖ )

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਡੀ ਮਾਂ ਬੋਲੀ ਅਤੇ ਪੰਜਾਬ ਦੀ ਰਾਜ ਭਾਸ਼ਾ 'ਪੰਜਾਬੀ' ਜੋ ਕਿਸੇ ਵੀ ਤਰ੍ਹਾਂ ਦੀ ਜਾਣ-ਪਹਿਚਾਣ ਦੀ ਮੁਥਾਜ ਨਹੀਂ। ਕਿਉਂਕਿ ਪੰਜਾਬ ਦੇ ਵਸਨੀਕਾਂ ਨੇ ਕੁੱਲ ਸੰਸਾਰ ਵਿੱਚ ਜਿੱਥੇ ਵੀ ਮੱਲਾਂ ਮਾਰੀਆਂ ਉੱਥੇ ਪੰਜਾਬੀ ਮਾਂ ਬੋਲੀ ਦਾ ਝੰਡਾ ਵੀ ਨਾਲ ਹੀ ਜਾ ਗੱਡਿਆ। ਸ਼ਾਇਦ ਇਹੀ ਕਾਰਣ ਹੈ ਕਿ ਪੰਜਾਬੀ, ਪੰਜਾਬੀਅਤ ਅਤੇ ਪੰਜਾਬ ਨੂੰ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਲਗਭਗ ੭੨ ਤੋਂ ਵੱਧ ਦੇਸ਼ਾਂ ਵਿੱਚ ਅੱਜ ਪੰਜਾਬੀ ਮਾਂ ਬੋਲੀ ਨੂੰ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਵਰਤਿਆ ਜਾ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ, 'ਜੇ ਕੋਈ ਦੁਨੀਆ ਵਿੱਚ ਕੋਈ ਸੱਭ ਤੋਂ ਵੱਡਾ, ਮਿੱਠਾ ਸ਼ਬਦ ਹੈ ਤਾਂ ਉਹ ਹੈ 'ਮਾਂ' ਅਤੇ ਇਹ ਸ਼ਬਦ ਕੇਵਲ ਇੱਕ ਇਨਸਾਨ ਲਈ ਵਰਤਿਆ ਜਾਂਦਾ ਹੈ ਜਿਸਦੀ ਕੁੱਖੋਂ ਇਨਸਾਨ ਜੰਮਦਾ ਹੈ ਅਤੇ ਹੋਰ ਕਿਸੇ ਲਈ ਨਹੀਂ, ਪਰ ਜੇ ਮਾਂ ਜਿੰਨਾਂ ਹੀ ਕੋਈ ਹੋਰ ਪਿਆਰਾ ਹੁੰਦਾ ਹੈ ਤਾਂ ਉਹ ਹੈ ਸਾਡੀ 'ਮਾਂ ਬੋਲੀ'। ਭਾਵ ਜੋ ਬੋਲੀ ਅਸੀਂ ਆਪਣੀ ਮਾਂ ਤੋਂ ਸਿੱਖਦੇ ਹਾਂ, ਜਿਸ ਬੋਲੀ ਵਿੱਚ ਉਸ ਵੇਲੇ ਅਸੀਂ ਆਪਣੀ ਮਾਂ ਕੋਲੋਂ ਮਿੱਠੀਆਂ ਲੋਰੀਆਂ ਸੁਣੀਆਂ ਸਨ ਜਦ ਸਾਨੂੰ ਸ਼ਬਦ ਜਾਂ ਅੱਖਰਾਂ ਦਾ ਕੋਈ ਬੋਧ ਹੀ ਨਹੀਂ ਸੀ।
ਖ਼ੈਰ! ਵਿਸ਼ੇ ਵੱਲ ਆਵਾਂ ਤਾਂ ਅੱਜ ਦੇ ਪੰਜਾਬ ਵਿਚਲੇ ਮੌਜੂਦਾ ਹਾਲਾਤ ਪੰਜਾਬੀ ਮਾਂ ਬੋਲੀ ਪ੍ਰਤੀ ਬਹੁਤ ਹੀ ਗੰਭੀਰ, ਚਿੰਤਾ ਅਤੇ ਚਿੰਤਨ ਕਰਨ ਵਾਲੇ ਬਣ ਗਏ ਹਨ। ਭਾਵੇਂ ਕਿ ਅਜਿਹੀ ਸਥਿਤੀ ਦੇਖਦੇ ਹੋਏ ਹੀ ਪੰਜਾਬ ਸਰਕਾਰ ਵੱਲੋਂ ਬਕਾਇਦਾ ਪੰਜਾਬੀ ਮਾਂ ਬੋਲੀ ਕਾਨੂੰਨ (ਐਕਟ) ਬਣਾ ਕੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ ਪਰ ਅਮਲੀ ਰੂਪ ਵਿੱਚ  ਹਾਲਤ ਜਿਉਂ ਦੀ ਤਿਉਂ ਸਥਿਤੀ ਵਾਲੀ ਹੀ ਹੈ। ਅੱਜ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵਰਗ ਖ਼ਾਸ ਤੌਰ ਤੇ ਪਹਿਲੀ ਜਮਾਤ ਤੋਂ ਦਸਵੀਂ/ਬਾਰਵ੍ਹੀਂ ਵਾਲਿਆਂ ਤੱਕ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸ਼ਰਧਾ ਸਤਿਕਾਰ ਅਤੇ ਸਮਝ ਲਗਭਗ ਖਤਮ ਹੋ ਚੁੱਕੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਬੀਤੇ ਵਰ੍ਹੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਦੀ ਪਰੀਖਿਆ ਵਿੱਚੋਂ ਪੰਜਾਬੀ ਵਿਸ਼ੇ ਵਿੱਚੋਂ ਪੰਜਾਬ ਭਰ ਦੇ ੨੩ ਹਜ਼ਾਰ ੨੩੦ ਵਿਦਿਆਰਥੀ ਫੇਲ ਹੋ ਗਏ ਸਨ। ਇਸੇ ਤਰ੍ਹਾਂ ਹਾਲ ਵਿੱਚ ਹੀ ਪੰਜਾਬ ਯੂਨੀਵਰਸਿਟੀ ਵੱਲੋਂ ਸੰਤਬਰ ੨੦੧੫ ਵਿੱਚ 'ਐੱਮ.ਫਿੱਲ - ਪੰਜਾਬੀ' ਵਾਸਤੇ ਲਏ ਗਏ ਸਾਂਝੇ ਇਮਤਿਹਾਨ ਵਿੱਚੋਂ ੮੬ ਫੀਸਦੀ ਵਿਦਿਆਰਥੀ ਫੇਲ੍ਹ ਹੋ ਗਏ। ਜੋ ਕਿ ਇਕ ਸੋਂ ਪੰਜਾਹ ਸੀਟਾਂ ਵਾਸਤੇ ਛੇ ਸੋ ਤੇ ਕਰੀਬ ਵਿਦਿਆਰਥੀਆਂ ਐੱਮ.ਏ ਪੰਜਾਬੀ ਪਾਸ ਵਿਦਿਆਰਥੀਆਂ ਨੇ ਟੈਸਟ ਦਿੱਤਾ ਸੀ ਜਿਸ ਵਿੱਚੋਂ ਕੇਵਲ ੨੫ ਵਿਦਿਆਰਥੀ ਹੋ ਯੋਗ ਪਾਏ ਗਏ।
ਅਜਿਹੀਆਂ ਕਈ ਹੋਰ ਉਦਾਹਰਣਾਂ ਹਨ, ਪਰ ਕਾਰਣ ਕੀ ਹੈ? ਜ਼ਰੂਰ ਕਿਤੇ ਨਾ ਕਿਤੇ ਸਾਡੇ ਮੁੱਢ ਵਿੱਚ ਘਾਟ ਹੈ। ਭਾਵੇਂ ਕਿ ਸਾਡੀ ਮਾਂ ਬੋਲੀ ਦੀ ਸ਼ੁਰੂਆਤ ਸਾਡੇ ਘਰ ਤੋਂ ਹੁੰਦੀ ਹੈ ਭਾਵ ਮੁੱਢ ਘਰ ਤੋਂ ਹੀ ਬੱਝਦਾ ਹੈ, ਪਰ ਇਸਦੀ ਨੀਂਹ ਪੱਕੀ ਹੁੰਦੀ ਹੈ ਸਕੂਲ ਵਿੱਚ ਜਾ ਕੇ। ਜਿੱਥੇ ਬੱਚੇ ਨੇ ਪੈਂਤੀ ਨੂੰ ਸਮਝਣਾ ਸਿੱਖਣਾ ਹੁੰਦਾ ਹੈ ਅਤੇ ਉਸਦੇ ਨਾਲ ਹੀ ਹੋਰ ਭਾਸ਼ਾਵਾਂ ਖਾਸ ਤੌਰ ਤੇ ਹਿੰਦੀ ਅਤੇ ਅੰਗ੍ਰੇਜੀ ਨੂੰ ਵੀ ਸਿੱਖਣਾ, ਸਮਝਣਾ ਹੁੰਦਾ ਹੈ। ਪਰ ਅੱਜ ਤੇ ਇਸ ਸਮੇਂ ਵਿੱਚ ਸਕੂਲਾਂ ਵੱਲੋਂ 'ਖਾਸ ਤੌਰ ਤੇ ਨਿੱਜੀ ਸਕੂਲਾਂ ਵੱਲੋਂ' ਵੱਡੇ ਪੱਧਰ ਤੇ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਰਨ ਸਬੰਧੀ ਕਈ ਮਾਮਲੇ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ। ਅੰਗ੍ਰੇਜੀ ਮਾਧਿਅਮ ਸਕੂਲਾਂ ਦਸੇ ਵਿਦਿਆਰਥੀਆਂ ਦਾ ਤਾਂ ਹੋਰ ਵੀ ਬੁਰਾ ਹਾਲ ਹੈ। ਭਾਵੇਂ ਕਿ ਸਕੂਲਾਂ ਦੇ ਨਾਮ ਪੰਜਾਬ ਦੇ ਯੋਧਿਆਂ, ਸੂਰਬੀਰਾਂ ਅਤੇ ਗੁਰੂ ਸਾਹਿਬਾਨਾਂ ਦੇ ਨਾਮ ਤੇ ਹੀ ਕਿਉਂ ਨਾ ਹੋਣ ਪਰ ਅੰਦਰ ਪੰਜਾਬੀ ਨੂੰ ਬਾਹਰ ਦਾ ਰਸਤਾ ਹੀ ਦਿਖਾਇਆ ਹੁੰਦਾ ਹੈ, ਇਸੇ ਕਰਕੇ ਹੀ ਸਾਡੇ ਲੱਖ ਚਾਹੁਣ ਤੇ ਵੀ ਸਾਡੇ ਬੱਚੇ ਸਾਡੇ ਨਾਲ ਪੰਜਾਬੀ ਵਿੱਚ ਗੱਲ ਨਹੀਂ ਕਰਦੇ ਅਤੇ ਹਿੰਦੀ ਨੂੰ ਪਹਿਲ ਦਿੰਦੇ ਹਨ, ਕਿਉਂਕਿ ਸਕੂਲ ਦਾ ਸਾਰਾ ਮਾਹੌਲ ਅਧਿਆਪਕਾਂ ਤੋਂ ਲੈ ਕੇ ਹਰ ਉਪੱਰਲੇ ਅਤੇ ਹੇਠਲੇ ਦਰਜੇ ਤੱਕ ਹਿੰਦੀ ਹੀ ਹੈ। ਸਕੂਲਾਂ ਵੱਲੋਂ ਬੱਚਿਆਂ ਤੱਕ ਪਹੁੰਚਣ ਵਾਲੀ ਹਰ ਚੀਜ਼ ਪੈੱਨ, ਪੈਂਸਿਲ, ਕਿਤਾਬਾਂ, ਬੈਗ, ਵਰਦੀ, ਟਾਈ-ਬੈਲਟ, ਸਟਿੱਕਰ, ਇਸ਼ਤਿਹਾਰ, ਬਸਤੇ, ਨਤੀਜਾ-ਪੱਤਰੀ ਸਮੇਤ ਹੋਰ ਬਹੁਤ ਕੁੱਝ ਜ਼ਰੂਰੀ ਸਮਾਨ ਉੱਤੇ ਸਕੂਲ ਦਾ ਨਾਮ ਜਾਂ ਕੋਈ ਹੋਰ ਸੰਦੇਸ਼ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾ (ਹਿੰਦੀ ਜਾਂ ਅੰਗ੍ਰਜੀ) ਵਿੱਚ ਹੀ ਛਪਿਆ ਮਿਲੇਗਾ।ਮੇਰੀਆਂ ਇਹਨਾਂ ਗੱਲਾਂ ਤੋਂ ਮਤਾਂ ਇਹ ਸਮਝ ਲੈਣਾ ਕਿ ਮੈਂ ਕਿਸੇ ਵੀ ਬੋਲੀ ਜਾਂ ਭਾਸ਼ਾ ਤੋਂ ਨਫਰਤ ਕਰਦਾ ਹਾਂ, ਮੈਂ ਹਰ ਕਿਸੇ ਦੀ ਮਾਂ ਬੋਲੀ ਦਾ ਸਤਿਕਾਰ ਕਰਦਾ ਹਾਂ ਅਤੇ ਪਰ ਆਪਣੀ ਦਾ ਪਹਿਲਾਂ। ਕਿਉਂਕਿ ਜੇ ਮੈਂ ਆਪਣੀ ਮਾਂ ਬੋਲੀ ਪ੍ਰਤੀ ਹੀ ਅਵੇਸਲਾਂ ਹੋਵਾਂਗਾ ਤਾਂ ਮੈਂ ਕਿਸੇ ਦੂਜੇ ਦੀ ਮਾਂ ਬੋਲੀ ਨਾਲ ਇਨਸਾਫ ਕਿਵੇਂ ਕਰ ਸਕਾਂਗਾ?
ਅੱਜ ਪੰਜਾਬ ਵਿੱਚ ਵੱਸਣ ਵਾਲਾ ਹਰ ਪੰਜਾਬੀ ਆਪਣੇ ਦਿਲ ਨੂੰ ਕੋਸ ਰਿਹਾ ਹੈ ਕਿ ਉਸਦੇ ਬੱਚੇ ਨੂੰ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ ਨਹੀਂ ਆਉਂਦੀ ਅਤੇ ਮੇਰੇ ਅਤੇ ਹੋਰਾਂ ਵਾਂਙ ਸਕੂਲਾਂ ਨੂੰ ਇਸਦਾ ਦੋਸੀ ਵੀ ਮੰਨਦਾ ਹੈ ਪਰ ਕਰ ਕੁੱਝ ਨਹੀਂ ਰਿਹਾ। ਯਾਦ ਰਹੇ ਕੇਵਲ ਸਕੂਲਾਂ ਨੂੰ ਦੋਸ਼ ਦੇਣ ਤੋਂ ਬਾਅਦ ਅਸੀਂ ਖੁਦ ਵੀ ਦੋਸ਼ ਮੁਕਤ ਨਹੀਂ ਹੋ ਸਕਦੇ। ਕਿਉਂਕਿ ਅੱਜ ਸਾਡੇ ਘਰਾਂ ਦੇ ਵਿੱਚ ਵੀ ਹਰ ਖੁਸ਼ੀ/ਗਮੀ ਦੇ ਸਬੰਧੀ ਸੰਦੇਸ਼ ਪੰਜਾਬੀ ਵਿੱਚ ਨਹੀਂ ਹੁੰਦੇ, ਇਸੇ ਤਰ੍ਹਾਂ ਪੰਜਾਬ ਵਿੱਚ ਦੂਜੇ ਰਾਜਾਂ (ਸੂਬਿਆਂ) ਵਿੱਚਲੀਆਂ ਸੰਸਥਾਵਾਂ (ਕੰਪਨੀਆਂ) ਦਾ ਸਮਾਨ ਅਤੇ ਹੋਰ ਇਸ਼ਤਿਹਾਰਬਾਜ਼ੀ ਵਿੱਚ ਵੀ ਜਦੋਂ ਪੰਜਾਬੀ ਲਿਖੀ ਜਾਂਦੀ ਹੈ ਤਾਂ ਵੱਡੀ ਗਿਣਤੀ ਵਿੱਚ ਗਲਤੀਆਂ ਅਕਸਰ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਸਾਡੇ ਦਸਤਖਤ ਪੰਜਾਬੀ ਵਿੱਚ ਨਹੀਂ ਹਨ। ਕਿਸੇ ਵੀ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਸਬੰਧੀ ਪੰਜਾਬੀ ਵਿੱਚ ਛਪੀ ਹੋਈ ਰਸੀਦ ਦੇਖਣ ਨੂੰ ਨਹੀਂ ਮਿਲਦੀ।
ਸਾਨੂੰ ਸੱਭ ਪੰਜਾਬੀ ਪਰਿਵਾਰਾਂ ਨੂੰ ਰਮ ਮਿਲ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਸਕੂਲਾਂ ਵੱਲੋਂ ਜਾਂ ਹਰ ਉਸ ਅਦਾਰੇ ਵੱਲੋਂ ਜੋ ਪੰਜਾਬੀ ਜ਼ੁਬਾਨ ਵਿਰੁੱਧ ਕੋਈ ਵੀ ਨੀਤੀ ਕਰ ਰਿਹਾ ਦੇ ਖਿਲਾਫ ਜਦੋਜਿਹਦ ਸਮਾਂ ਰਹਿੰਦਆਿਂ ਸ਼ੁਰੂ ਕਰਨੀ ਪਵੇਗੀ ਅਤੇ ਸਰਕਾਰ ਨੂੰ ਵੀ ਪਾਸ ਕੀਤੇ ਗਏ ਕਾਨੂੰਨਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਯਤਨਸੀਲ ਹੋਣ ਪਵੇਗਾ। ਆਉ! ਤਹੱਈਆ ਕਰੀਏ। ਪੰਜਾਬੀ ਬੋਲੀਏ, ਪੜੀਏ, ਲਿਖੀਏ, ਸਿੱਖੀਏ ਤੇ ਸਿਖਾਈਏ ਤਾਂ ਕਿ ਸੱਭ ਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਵੇ।