ਹੁਸਨ ਨੂੰ ਆਪਣਾ ਖੁਦਾ ਜਦ ਤੋਂ ਬਣਾਇਆ ਇਸ਼ਕ ਨੇ I
ਪਿਆਰ ਤੋਂ ਕੁਰਬਾਨ ਹੋਣਾ ਹੀ ਸਿਖਾਇਆ ਇਸ਼ਕ ਨੇ I
ਹੋਸ਼ ਵਿਚ ਆਈਆਂ ਨੇ ਰੂਹਾਂ ਭਟਕਨਾ ਵੀ ਮਿਟ ਗਈ,
ਨਾਦ ਅਨਹਦ ਦਾ ਉਨ੍ਹਾਂ ਨੂੰ ਜਦ ਸੁਣਾਇਆ ਇਸ਼ਕ ਨੇ I
ਮਹਿਲ ਤੇ ਵੱਡੀਆਂ ਜਗੀਰਾਂ ਤਿਆਗ ਕੇ ਬੁੱਧ ਬਣ ਗਿਆ,
ਰਾਹ ਸਿਧਾਰਥ ਨੂੰ ਸਚਾਈ ਦਾ ਵਿਖਾਇਆ ਇਸ਼ਕ ਨੇ I
ਲਾ ਲਿਆ ਗਲ ਨਾਲ ਬੁੱਲਾ ਸ਼ਾਹ ਇਨਾਅਤ ਨੇ ਉਦੋਂ,
ਕੰਜਰੀਆਂ ਦੇ ਵਾਂਗ ਬੁੱਲਾ ਜਦ ਨਚਾਇਆ ਇਸ਼ਕ ਨੇ I
ਬਸ਼ਰ ਜੋ ਮਜ਼ਲੂਮ ਉੱਤੇ ਜ਼ੁਲਮ ਹੀ ਕਰਦਾ ਰਿਹਾ,
ਦਰਦ ਦਾ ਅਸਿਸਾਸ ਵੀ ਉਸਨੂੰ ਕਰਾਇਆ ਇਸ਼ਕ ਨੇ I
ਕੌਰਵਾਂ ਨੇ ਵਾਰ ਕੀਤਾ ਜਦ ਦਰੋਪਦ ਨਾਰ ਤੇ,
ਭੇਜਿਆ ਕੇਸ਼ਵ ਤੇ ਇਜੱਤ ਨੂੰ ਬਚਾਇਆ ਇਸ਼ਕ ਨੇ I
ਉਹ ਕਦੇ ਬੂਟਾ ਨਾ ਡਰਿਆ ਝੱਖੜਾਂ ਦੀ ਮਾਰ ਤੋਂ ,
ਚੀਰ ਕੇ ਪਰਬਤ ਦਾ ਸੀਨਾ ਜੋ ਉਗਾਇਆ ਇਸ਼ਕ ਨੇ I
ਇਸ਼ਕ ਅੱਲਾ ਇਸ਼ਕ ਮੌਲਾ ਸੋਹਲ ਨੇ ਜਦ ਮਨ ਲਿਆ,
ਜਿੰਦਗੀ ਨੂੰ ਖੂਬਸੂਰਤ ਹੀ ਬਣਾਇਆ ਇਸ਼ਕ ਨੇ I