ਜੀਣਾ ਪਹਾੜਾਂ ਦਾ ਜੀਣਾ
ਮਾਂ ਤੇ ਭਰਾ ਜਿਵੇਂ ਮੇਰੀ ਬੇਸਬਰੀ ਨਾਲ ਉਡੀਕ ਕਰ ਰਹੇ ਹੋਣ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮਾਂ ਦਿਹਲੀਆਂ ਵਿਚ ਖੜ੍ਹੀ ਸੀ ਅਤੇ ਮੇਰੇ ਅੰਦਰ ਵੜਨ ਤੋਂ ਪਹਿਲਾਂ ਭਰਾ ਵੀ ਡਿਊਢੀ ਵਿਚ ਆ ਗਿਆ ਸੀ। ਭਾਬੀ ਨੇ ਵੀ ਮੇਰਾ ਪੈਰੀਂ-ਪੈਣਾ ਮੁਸਕਾਨ ਨਾਲ ਪ੍ਰਵਾਨ ਕੀਤਾ ਸੀ। ਊਸ਼ਾ ਲਈ ਜਿਵੇਂ ਮੈਂ ਮੁੱਦਤਾਂ ਪਿੱਛੋਂ ਪਰਤਿਆ ਹੋਵਾਂ। ਸਭ ਮੈਥੋਂ ਜੋਵੜ ਦੀ ਕਹਾਣੀ ਸੁਣਨ ਲਈ ਕਾਹਲੇ ਸਨ। ਜਦ ਮੈਂ ਦੱਸਿਆ ਕਿ ਇਹ ਜੋਵੜ ਨਹੀਂ, ਅੰਬ ਤੇ ਨਹਿਰੀ ਤੋਂ ਅੱਗੇ ਇਕ ਪਹਾੜੀ ਪਿੰਡ ਜੁਆਰ ਹੈ ਤਾਂ ਮਾਂ ਨੇ ਝੱਟ ਕਹਿ ਦਿੱਤਾ :
**ਅੱਛਾਫ ਅੱਛਾਫਫ ਜੁਆਰ ਦੀਆਂ ਹੱਟੀਆਂ। ਜਦੋਂ ਅਸੀਂ ਦੋ ਵਾਰ ਤੇਰੇ ਪਿਓ ਨਾਲ ਲਾਟਾਂ ਵਾਲੀ ਗਏ ਸੀ ਨਾ ਤਾਂ ਅਸੀਂ ਪਹਿਲਾ ਪੜਾਅ ਜੁਆਰ ਦੀਆਂ ਹੱਟੀਆਂ 'ਤੇ ਹੀ ਕੀਤਾ ਸੀ।'' ਫੇਰ ਮਾਂ ਨੇ ਪੈਦਲ ਤੇ ਖੱਚਰਾਂ ਉਤੇ ਕੀਤੀ ਹੁਸ਼ਿਆਰਪੁਰ ਤੋਂ ਬਰਾਸਤਾ ਜੁਆਰ, ਜਵਾਲਾਮੁਖੀ (ਲਾਟਾਂ ਵਾਲੀ), ਚਿੰਤਪੁਰਨੀ, ਕਾਂਗੜਾ ਆਦਿ ਸਾਰਿਆਂ ਥਾਵਾਂ ਸਬੰਧੀ ਆਪਣੇ ਤਜਰਬੇ ਦੋ-ਚਾਰ ਮਿੰਟਾਂ ਵਿਚ ਹੀ ਸਭ ਨਾਲ ਸਾਂਝੇ ਕੀਤੇ। ਮੇਰੇ ਚਾਰੇ ਭਤੀਜੇ ਭਤੀਜੀਆਂ ਨੂੰ ਇਹ ਝਾਕ ਸੀ ਕਿ ਚਾਚਾ ਸਾਡੇ ਲਈ ਕੋਈ ਚੀਜ਼ ਲਿਆਇਆ ਹੋਵੇਗਾ ਪਰ ਮੈਂ ਤਾਂ ਖਾਲੀ ਹੱਥ ਆ ਗਿਆ ਸੀ। ਮਾਂ ਨੇ ਸਮਝਾਇਆ ਬਈ ਅੱਗੇ ਤੋਂ ਏਨੀ ਲੰਬੀ ਯਾਤਰਾ ਪਿੱਛੋਂ ਖਾਲੀ ਹੱਥ ਨੀ ਵੜੀਦਾ ਘਰ। ਬੱਚਿਆਂ ਵੱਲ ਇਸ਼ਾਰਾ ਕਰਦਿਆਂ ਮਾਂ ਨੇ ਬਹੁਤ ਕੁਝ ਹੋਰ ਵੀ ਕਿਹਾ ਸੀ ਜੋ ਹੁਣ ਮੈਨੂੰ ਪੂਰਾ ਯਾਦ ਨਹੀਂ। ਜੋ ਕੁਝ ਜਾਂਦੇ ਹੋਏ ਵਾਪਰਿਆ ਸੀ, ਜੋਵੜ ਤੇ ਜੁਆਰ ਦੀ ਕਹਾਣੀ ਨੂੰ ਛੱਡ ਕੇ ਮੈਂ ਬਾਕੀ ਸਭ ਆਪਣੇ ਪੱਲਿਓਂ ਹੀ ਚੰਗਾ ਬਣਾ ਕੇ ਦੱਸਿਆ ਸੀ। ਨਹਿਰੀ ਰੈਣ-ਬਸੇਰੇ ਸਮੇਂ ਦੇ ਤਣਾਓ ਦਾ ਮੈਂ ਉਕਾ ਹੀ ਜ਼ਿਕਰ ਨਹੀਂ ਸੀ ਕੀਤਾ। ਸ਼ਾਇਦ ਏਹੋ ਕਾਰਨ ਸੀ ਕਿ ਮੇਰੀ ਅੱਖਾਂ ਦੀ ਕਿਸੇ ਤਕਲੀਫ ਦਾ ਅਜੇ ਤੱਕ ਨਾ ਮਾਂ ਨੂੰ ਤੇ ਨਾ ਹੀ ਭਰਾ ਨੂੰ ਕੁਝ ਪਤਾ ਸੀ। ਮੈਂ ਇਸ ਤਰ੍ਹਾਂ ਕਿਉਂ ਕਰਦਾ ਰਿਹਾ, ਇਸ ਬਾਰੇ ਮੇਰੇ ਕੋਲ ਕਹਿਣ ਨੂੰ ਕੁਝ ਵੀ ਨਹੀਂ ਹੈ।
ਸਾਡੀ ਦੀਵਾਲੀ ਵਧੀਆ ਮਨਾਈ ਗਈ ਸੀ। ਸਿਆਲੂ ਬਿਸਤਰਾ ਤੇ ਟਰੰਕ ਵਿਚ ਕੱਪੜਿਆਂ ਤੋਂ ਇਲਾਵਾ ਲੋੜ ਜੋਗੇ ਭਾਂਡੇ ਪਾ ਕੇ ਦੀਵਾਲੀ ਦੇ ਦੋ ਦਿਨ ਪਿੱਛੋਂ ਮੈਂ ਮੁੜ ਧੂਰੀ ਵਾਲੀ ਗੱਡੀ ਚੜ੍ਹ ਗਿਆ ਸੀ। ਹੁਸ਼ਿਆਰਪੁਰ ਦਾ ਭਰਵਾਈਂ ਅੱਡਾ ਹੁਣ ਮੇਰੇ ਲਈ ਓਪਰਾ ਨਹੀਂ ਸੀ। ਬਸ ਵੀ ਇਸ ਵਾਰ ਸਿੱਧੀ ਜੁਆਰ ਪਹੁੰਚ ਗਈ ਸੀ। ਦੋ ਮੁੰਡਿਆਂ ਤੇ ਪਰਸੇ ਦੀਆਂ ਆਵਾਜ਼ਾਂ ਕੰਨੀਂ ਪੈਣ ਨਾਲ ਮੇਰਾ ਸਾਰਾ ਤਣਾਓ ੀਂਤਮ ਹੋ ਗਿਆ ਸੀ, ਕਿਉਂਕਿ ਹੁਣ ਮੈਨੂੰ ਹਨੇਰੇ ਦਾ ਕੋਈ ਫਿਕਰ ਨਹੀਂ ਸੀ। ਇਕ ਮੁੰਡੇ ਨੇ ਟਰੰਕ ਤੇ ਦੂਜੇ ਨੇ ਬਿਸਤਰਾ ਮੋਢੇ 'ਤੇ ਧਰ ਲਿਆ ਸੀ। ਪਰਸੇ ਨੂੰ ਜਦ ਮੈਂ ਪੰਡਤ ਪਰਸ ਰਾਮ ਕਹਿ ਕੇ ਬੁਲਾਇਆ ਤਾਂ ਮੇਰੇ ਕੰਨੀਂ ਪਿਆ ਉਸ ਦਾ ਹਾਸਾ ਮੈਨੂੰ ਹੁਣ ਤੱਕ ਯਾਦ ਹੈ। ਉਸ ਦੀ ਸੱਜੀ ਲੱਤ ਘੱਟ ਕੰਮ ਕਰਦੀ ਸੀ। ਮੈਂ ਉਸ ਦੇ ਖੱਬੇ ਮੋਢੇ 'ਤੇ ਹੱਥ ਧਰ ਕੇ ਤੁਰ ਪਿਆ, ਜਿਵੇਂ ਕੋਈ ਦੋ ਦੋਸਤ ਕਿਸੇ ਮੁਹੱਬਤ ਦੇ ਰੌਂਅ ਵਿਚ ਆ ਕੇ ਤੁਰਦੇ ਹੋਣ। ਜੌਂਢੂ ਹਲਵਾਈ ਦੀ ਦੁਕਾਨ ਜੋ ਬਸ ਦਾ ਅੱਡਾ ਵੀ ਸੀ, ਤੋਂ ਸਕੂਲ ਦਾ ਗਰਾਊਂਡ ਤਾਂ ਮਸਾਂ ਪੰਜਾਹ ਕੁ ਗਜ਼ ਦੀ ਵਿੱਥ 'ਤੇ ਹੋਵੇਗਾ ਅਤੇ ਜਿਸ ਸੱਤਵੀਂ ਦੇ ਕਮਰੇ ਵਿਚ ਮੇਰਾ ਟਿਕਾਣਾ ਸੀ, ਉਹ ਮਸਾਂ ਸੱਤਰ-ਅੱਸੀ ਗਜ਼ ਦੀ ਵਿੱਥ 'ਤੇ। ਮੈਂ ਆਪਣੀ ਅੱਖਾਂ ਦੀ ਕਮਜ਼ੋਰੀ ਪਰਸੇ ਤੇ ਮੁੰਡਿਆਂ ਨੂੰ ਪਤਾ ਨਹੀਂ ਸੀ ਲੱਗਣ ਦਿੱਤੀ। ਮੁੰਡਿਆਂ ਤੇ ਪਰਸੇ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਕੱਲ੍ਹ ਵੀ ਬਸ ਅੱਡੇ 'ਤੇ ਮੈਨੂੰ ਵੇਖਣ ਆਏ ਸਨ।
ਮੰਜਾ ਸੱਤਵੀਂ ਦੇ ਕਮਰੇ ਵਿਚ ਪਹਿਲੀ ਥਾਂ ਹੀ ਡਿਹਾ ਪਿਆ ਸੀ। ਮੁੰਡਿਆਂ ਨੂੰ ਸਮਝਾਉਣ ਉਤੇ ਉਹਨਾਂ ਮੇਰਾ ਬਿਸਤਰਾ ਖੋਲ੍ਹ ਕੇ ਵਿਛਾ ਦਿੱਤਾ। ਕਿਸ਼ਨੂੰ ਰਸੋਈਆ ਵੀ ਮੇਰੀ ਹਾਜ਼ਰੀ ਭਰ ਗਿਆ ਸੀ। ਸੈਕੰਡ ਮਾਸਟਰ ਸੁਰਿੰਦਰਪਾਲ ਸਿੰਘ ਵੀ ਮਿਲਣ ਆਇਆ ਤੇ ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀ ਵੀ। ਪਤਾ ਲੱਗਾ ਕਿ ਸਾਇੰਸ ਮਾਸਟਰ ਅਜੇ ਨਹੀਂ ਆਇਆ। ਸੋ ਮੇਰੀ ਦੀਵਾਲੀ ਪਿੱਛੋਂ ਦੀ ਤਿੰਨ ਦਿਨ ਦੀ ਛੁੱਟੀ ਜੋ ਮੈਨੂੰ ਆਉਂਦੇ ਹੋਏ ਆਪ ਨੂੰ ਹੀ ਬਹੁਤ ਰੜਕਦੀ ਰਹੀ ਸੀ, ਉਹ ਰੜਕ ਕਿਸੇ ਹੱਦ ਤੱਕ ਘਟ ਗਈ ਸੀ। ਸੈਕੰਡ ਮਾਸਟਰ ਸੁਰਿੰਦਰਪਾਲ ਜਿਸ ਅਪਣੱਤ ਨਾਲ ਮਿਲਿਆ, ਉਹ ਇਕ ਅਜਿਹਾ ਰਿਸ਼ਤਾ ਸੀ ਜੋ ਜੁਆਰ ਵਾਸ ਦੇ ਅੰਤਿਮ ਦਿਨ ਤੱਕ ਬਾ-ਵਫਾ ਰਿਹਾ।
ਮੁੱਖ ਅਧਿਆਪਕ ਮੈਨੂੰ ਵੇਖ ਕੇ ਜਿਵੇਂ ਹਰੇ ਹੋ ਗਏ ਹੋਣ। ਸਕੂਲ ਲੱਗਣ ਦੀ ਘੰਟੀ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਆਉਣ ਕਾਰਨ ਉਹ ਮੈਨੂੰ ਘਰ ਦਾ ਹਾਲ-ਹਵਾਲ ਇਸ ਤਰ੍ਹਾਂ ਪੁੱਛਦਾ ਰਿਹਾ ਜਿਵੇਂ ਉਹ ਮੇਰਾ ਆਪਣਾ ਹੀ ਹੋਵੇ। ਮੈਂ ਮੁੜ ਆਪਣੇ ਰੈਣ-ਬਸੇਰੇ ਦੀ ਸਮੱਸਿਆ ਦੁਹਰਾ ਦਿੱਤੀ। ਜਿਸ ਕਾਰਨ ਉਸੇ ਦਿਨ ਮੈਨੂੰ ਉਹਨਾਂ ਗੁਰਬੀਂਸ਼ ਨਾਲ ਉਸ ਦੇ ਘਰ ਭੇਜ ਦਿੱਤਾ। ਗੁਰਬੀਂਸ਼ ਦਾ ਵੱਡਾ ਭਰਾ ਓਦੋਂ ਜਲੰਧਰ ਕਿਸੇ ਦਫਤਰ ਵਿਚ ਨੌਕਰੀ ਕਰਦਾ ਸੀ। ਘਰ ਭਾਵੇਂ ਸਕੂਲ ਤੋਂ ਢਾਈ ਤਿੰਨ ਮੀਲ ਦੀ ਵਿੱਥ 'ਤੇ ਸੀ ਪਰ ਜਿਹੜੇ ਕਮਰੇ ਦੀ ਮੈਨੂੰ ਪੇਸ਼ਕਸ਼ ਕੀਤੀ ਗਈ, ਉਹ ਬਹੁਤ ਸੋਹਣਾ ਸੀ।
ਰਾਤ ਨੂੰ ਕੀਤੀ ਖਾਤਰ ਸੇਵਾ, ਸਾਫ ਸੁਥਰਾ ਕਮਰਾ ਅਤੇ ਰਾਮ ਸਿੰਘ ਤੇ ਗੁਰਬੀਂਸ਼ ਦੀ ਬੋਲ-ਬਾਣੀ ਨੇ ਮੇਰੇ ਮਨ ਨੂੰ ਏਥੇ ਟਿਕ ਜਾਣ ਲਈ ਜਿਵੇਂ ਮਨਾ ਲਿਆ ਹੋਵੇ। ਢਾਈ-ਤਿੰਨ ਮੀਲ ਦੇ ਆਉਣ ਜਾਣ ਦੀ ਵਾਟ ਮੈਨੂੰ ਕੋਈ ਰੜਕਦੀ ਨਹੀਂ ਸੀ। ਸਵੇਰੇ ਅੱਠ ਸਾਢੇ-ਅੱਠ ਸਕੂਲ ਲਈ ਚੱਲ ਪੈਣਾ। ਸਾਰੀ ਛੁੱਟੀ ਪਿੱਛੋਂ ਗੁਰਬੀਂਸ਼ ਆਪਣੇ ਇਕ ਮਧਰੇ ਜਿਹੇ ਕੱਦ ਵਾਲੇ ਦੋਸਤ ਨੂੰ ਨਾਲ ਲੈ ਕੇ ਮੇਰਾ ਟਰੰਕ ਬਿਸਤਰਾ ਘਰ ਲੈ ਗਿਆ। ਕਹਿਣ ਨੂੰ ਤਾਂ ਜੁਆਰ ਨਾਲੋਂ ਇਹ ਇਕ ਵੱਖਰਾ ਪਿੰਡ ਸੀ, ਜਿਸਨੂੰ ਲਾਹੜ ਕਹਿੰਦੇ ਸਨ ਪਰ ਇਹ ਜੁਆਰ ਦਾ ਹੀ ਇਕ ਅਗਵਾੜ ਜਾਂ ਪੱਤੀ ਸਮਝੋ। ਪੰਚਾਇਤ ਵੀ ਓਹੀ, ਡਾਕਖਾਨਾ ਵੀ ਓਹੀ, ਬਸ ਅੱਡਾ ਵੀ ਓਹੀ ਤੇ ੀਂਰੀਦੋ-ਫਰੀਂਤ ਲਈ ਜੁਆਰ ਦੀਆਂ ਹੱਟੀਆਂ ਵੀ ਓਹੀ। ਬੱਸ ਘਰਾਂ ਦੇ ਨੇੜੇ ਜਿਹੇ ਇਕ ਸੌਦੇ ਦੀ ਦੁਕਾਨ ਸੀ, ਜਿਥੋਂ ਅੜੇ-ਥੁੜੇ ਵੇਲੇ ਸੌਦਾ ਲਿਆ ਜਾ ਸਕਦਾ ਸੀ। ਰਾਮ ਸਿੰਘ ਦੇ ਘਰ ਤੋਂ ਪਹਿਲਾਂ ਜਿਵੇਂ ਤਰਖਾਣਾਂ ਦੇ ਘਰ ਆਉਂਦੇ ਸਨ, ਓਵੇਂ ਦੋ ਘਰ ਕਿਤੇ, ਚਾਰ ਘਰ ਕਿਤੇ ਤੇ ਪੰਜ-ਸੱਤ ਘਰ ਕਿਤੇ---ਇਸ ਤਰ੍ਹਾਂ ਇਹ ਲਾਹੜ ਵਸਿਆ ਹੋਇਆ ਸੀ।
ਬੋਲੀ ਮੈਂ ਸਾਰੀ ਸਮਝਣ ਲੱਗ ਪਿਆ ਸੀ ਪਰ ਆਪ ਬੋਲਣ ਸਮੇਂ ਮੈਨੂੰ ਬੜੀ ਝਿਜਕ ਹੁੰਦੀ। ਉਂਜ ਇਸ ਪਰਿਵਾਰ ਵਿਚ ਰਹਿ ਕੇ ਮੇਰਾ ਜੀਅ ਲੱਗ ਗਿਆ ਸੀ। ਰੋਟੀ ਮੈਂ ਉਹਨਾਂ ਦੇ ਪਰਿਵਾਰ ਵਿਚ ਹੀ ਖਾਂਦਾ। ਅੰਦਾਜ਼ੇ ਮੁਤਾਬਕ ਲੋੜ ਤੋਂ ਵੀ ਵੱਧ ਰਾਸ਼ਨ ਮੰਗਵਾ ਦਿੰਦਾ ਤਾਂ ਜੋ ਮੈਂ ਉਹਨਾਂ 'ਤੇ ਭਾਰ ਨਾ ਸਮਝਿਆ ਜਾਵਾਂ। ਦੋ ਤਿੰਨ ਵੇਲੇ ਦੀ ਚਾਹ ਸਟੋਵ 'ਤੇ ਗੁਰਬੀਂਸ਼ ਬਣਾ ਦਿੰਦਾ ਤੇ ਰਾਤ ਦਾ ਦੁੱਧ ਵੀ। ਘਰ ਵਿਚ ਗੁਰਬੀਂਸ਼ ਨੂੰ ਬੰਤਾ ਕਹਿੰਦੇ ਸਨ। ਸੋ ਮੈਂ ਵੀ ਉਸ ਨੂੰ ਬੰਤਾ ਕਹਿ ਕੇ ਹੀ ਬੁਲਾਉਣ ਲੱਗ ਪਿਆ ਸੀ। ਜੇ ਬੰਤਾ ਏਧਰ-ਓਧਰ ਗਿਆ ਹੁੰਦਾ ਤਾਂ ਚਾਹ ਹਮੀਰਾਂ ਜਾਂ ਲੱਛਮੀ ਬਣਾ ਕੇ ਦੇ ਦਿੰਦੀ। ਹਮੀਰਾਂ ਵਿਆਹੀ ਹੋਈ ਸੀ, ਗੋਦੀ ਉਸ ਦੇ ਕੁੜੀ ਸੀ। ਲੱਛਮੀ ਕੁਆਰੀ ਸੀ, ਉਹਦੀ ਉਮਰ ਸ਼ਾਇਦ ੧੭-੧੮ ਸਾਲ ਹੋਵੇ, ਟੱਬਰ ਵਿਚ ਸਭ ਤੋਂ ਸੋਹਣੀ ਤੇ ਮਿੱਠ-ਬੋਲੜੀ। ਉਹ ਸਾਰੇ ਭੈਣ ਭਰਾ ਹਮੀਰਾਂ ਤੇ ਬੰਤੇ ਨੂੰ ਛੱਡ ਕੇ ਮੈਨੂੰ ਭਾਈ ਜੀ ਕਹਿ ਕੇ ਬੁਲਾਉਂਦੇ। ਹਮੀਰਾਂ ਤੇ ਬੰਤਾ ਅਕਸਰ ਮੈਨੂੰ ਮਾਸਟਰ ਜੀ ਕਹਿ ਕੇ ਬੁਲਾਉਂਦੇ। ਰਾਮ ਸਿੰਘ ਨੂੰ ਮੈਂ ਪ੍ਰਧਾਨ ਜੀ ਕਹਿੰਦਾ ਤੇ ਜਾਂ ਬੰਤੇ ਵਾਂਗ ਚਾਚਾ ਕਹਿ ਕੇ ਬੁਲਾਉਂਦਾ ਤੇ ਕਦੇ ਬੱਬ। ਬੰਤੇ ਹੁਰਾਂ ਦੀ ਮਾਂ ਨੂੰ ਮੈਂ ਮਾਂ ਜੀ ਕਹਿੰਦਾ।
ਇਕ ਸੇਰ ਦੇਸੀ ਘਿਉ ਲੈ ਕੇ ਮੈਂ ਆਪਣੇ ਕਮਰੇ ਵਿਚ ਰੱਖ ਲਿਆ ਸੀ। ਦੋਵੇਂ ਵੇਲੇ ਦਾਲ-ਸਬਜ਼ੀ ਵਿਚ ਘਿਉ ਪਾ ਕੇ ਰੋਟੀ ਚੰਗੀ ਸੁਆਦ ਲਗਦੀ। ਘਰੇ ਬੀਜੀ ਅਰਬੀ ਤੇ ਇਕ ਦੋ ਹੋਰ ਸਬਜ਼ੀਆਂ ਹੀ ਅਕਸਰ ਬਣਦੀਆਂ ਜਾਂ ਦੋਹੀਂ ਵੇਲੇ ਮਾਹਾਂ ਦੀ ਦਾਲ। ਘਿਉ ਤੇ ਆਪਣੀ ਮਰਜ਼ੀ ਦਾ ਹੋਰ ਲੂਣ ਮਿਰਚ ਪਾਉਣ ਕਾਰਨ ਰੋਟੀ ਸੁਆਦ ਨਾਲ ਖਾਧੀ ਜਾਂਦੀ। ਪਰ ਇਕ ਵਧੀਆ ਗੱਲ ਇਹ ਸੀ ਕਿ ਜਿਸ ਦੇਸੀ ਘਿਉ ਲਈ ਘਰ ਮੈਂ ਤਰਸਦਾ ਹੁੰਦਾ ਸੀ, ਉਹ ਘਿਉ ਖਾਣ ਦੀ ਏਥੇ ਮੈਨੂੰ ਪੂਰੀ ਖੁੱਲ੍ਹ ਸੀ। ਪੀਲੇ ਰੰਗ ਦਾ ਇਹ ਘਿਉ ਪਹਾੜੀ ਮਧਰੇ ਕੱਦ ਦੀਆਂ ਗਊਆਂ ਦਾ ਸੀ। ਜ਼ਿਆਦਾ ਪਲੱਤਣ ਘਿਉ ਵਿਚ ਗਊਆਂ ਦੇ ਹਰੜਾਂ ਖਾਣ ਕਾਰਨ ਆ ਜਾਂਦੀ। ਇਹ ਪਲੱਤਣ ਦੁੱਧ ਵਿਚ ਵੀ ਸੀ। ਸ਼ਾਮ ਨੂੰ ਇਕ ਸੇਰ ਦੁੱਧ ਲੈਂਦਾ---ਪੰਜ ਆਨੇ ਸੇਰ। ਅੱਧਾ ਦੁੱਧ ਮੈਂ ਰਾਤ ਨੂੰ ਪੀ ਲੈਂਦਾ। ਬੰਤੇ ਨੂੰ ਵੀ ਦੁੱਧ ਪੀਣ ਲਈ ਕਹਿੰਦਾ ਪਰ ਉਸ ਨੇ ਕਦੇ ਦੁੱਧ ਪੀਤਾ ਨਹੀਂ ਸੀ। ਸਵੇਰ ਵੇਲੇ ਚਾਹ ਪੀਂਦਾ ਤੇ ਬਚੇ ਹੋਏ ਦੁੱਧ ਦੀ ਚਾਹ ਸਕੂਲੋਂ ਆ ਕੇ ਬਣਾਉਂਦੇ। ਓਦੋਂ ਬੰਤੇ ਨੂੰ ਮੱਲੋਮੱਲੀ ਚਾਹ ਮੈਂ ਦੇ ਹੀ ਦਿੰਦਾ। ਵੈਸੇ ਪਹਾੜੀ ਲੋਕ ਚਾਹ ਘੱਟ ਹੀ ਪੀਂਦੇ ਸਨ। ਆਏ ਗਏ ਮਰਦ ਮਹਿਮਾਨ ਲਈ ਉਹ ਚਾਹ ਦੀ ਥਾਂ ਪਹਿਲਾਂ ਹੁੱਕਾ ਪੇਸ਼ ਕਰਦੇ। ਰਾਮ ਸਿੰਘ ਆਪ ਵੀ ਅਕਸਰ ਹੁੱਕੀ ਪੀਂਦਾ।
ਸਕੂਲ ਵਿਚ ਦਸੰਬਰ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਪਹਿਲਾਂ ਸਭ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਮੈਂ ਘੁਲਮਿਲ ਗਿਆ ਸੀ। ਦੀਵਾਲੀ ਦੀਆਂ ਛੁੱਟੀਆਂ ਤੋਂ ਪਿੱਛੋਂ ਇਹ ਗੱਲ ਸਾਫ ਹੋ ਗਈ ਕਿ ਹੈਡ ਮਾਸਟਰ ਸਾਰਾ ਕੰਮ ਰਾਮ ਨਾਥ ਦੀ ਸਲਾਹ ਨਾਲ ਕਰਦਾ ਹੈ। ਰਾਮ ਨਾਥ ਸਕੂਲ ਦਾ ਕਲਰਕ ਵੀ ਸੀ ਅਤੇ ਅਧਿਆਪਕ ਵੀ। ਰਾਮ ਨਾਥ ਸੈਕੰਡ ਮਾਸਟਰ ਤੇ ਮੇਰੀ ਬੜੀ ਕਦਰ ਕਰਦਾ। ਦਫਤਰ ਦੇ ਕਈ ਕੰਮ ਵੀ ਉਹ ਮੈਥੋਂ ਪੁੱਛ ਕੇ ਕਰਨ ਲੱਗ ਪਿਆ ਸੀ। ਜਦੋਂ ਹੈਡ ਮਾਸਟਰ ਤੇ ਰਾਮ ਨਾਥ ਨੂੰ ਇਹ ਪਤਾ ਲੱਗਿਆ ਕਿ ਬਦਲ ਕੇ ਆਇਆ ਨਵਾਂ ਡਿਪਟੀ ਸੀ.ਈ.ਓ.(ਉਪ ਮੰਡਲ ਸਿਖਿਆ ਅਫਸਰ) ਗੁਰਬਚਨ ਸਿੰਘ ਦੀਵਾਨਾ ਮੇਰਾ ਖਾਸਸ਼ਉਲਸ਼ਖਾਸ ਹੈ, ਤਾਂ ਉਹਨਾਂ ਦੋਹਾਂ ਨੇ ਹੀ ਮੇਰੇ ਹੋਰ ਅੱਗੇ ਪਿੱਛੇ ਫਿਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਿਨਾਂ ਵਿਚ ਇਸ ਸਕੂਲ ਦੇ ਟੇਕ-ਓਵਰ ਕਰਨ ਦਾ ਕੇਸ ਚੱਲ ਰਿਹਾ ਸੀ ਅਤੇ ਦੀਵਾਨਾ ਸਾਹਿਬ ਨੇ ਪੜਤਾਲ ਲਈ ਆਉਣਾ ਸੀ। ਹੈਡ ਮਾਸਟਰ ਲਈ ਗੁਰਬਚਨ ਸਿੰਘ ਦੀਵਾਨਾ ਜਿਵੇਂ ਰੱਬ ਹੋਵੇ ਪਰ ਮੇਰੇ ਗੁਰਬਚਨ ਸਿੰਘ ਦੀਵਾਨਾ ਨਾਲ ਸਬੰਧ ਭਰਾਵਾਂ ਵਾਲੇ ਸਨ। ਉਹ ਦਸ ਸਾਲ ਤੋਂ ਵੱਧ ਮੇਰੇ ਪਿੰਡ ਸ਼ਹਿਣੇ ਹਾਈ ਸਕੂਲ ਦਾ ਮੁੱਖ ਅਧਿਆਪਕ ਰਿਹਾ ਸੀ ਅਤੇ ਸਾਡੀ ਸਾਰੀ ਹਵੇਲੀ ਉਸ ਕੋਲ ਬਾਰਾਂ ਰੁਪਏ ਮਹੀਨਾ ਕਿਰਾਏ 'ਤੇ ਸੀ।
ਦਸੰਬਰ ਦੀਆਂ ਛੁੱਟੀਆਂ ਪਿੱਛੋਂ ਮੈਂ ਮਾਂ ਨੂੰ ਨਾਲ ਲੈ ਗਿਆ। ਮਾਂ ਨੂੰ ਇਹ ਸੋਚ ਕੇ ਨਾਲ ਲੈ ਗਿਆ ਸੀ ਕਿ ਜਿੰਨਾਂ ਚਿਰ ਮੈਂ ਬਾਹਰ ਰਹਾਂਗਾ, ਉਹ ਚਾਰ ਦਿਨ ਚੰਗੇ ਕੱਟ ਲਵੇਗੀ। ਪਰ ਭਰਾ ਨੂੰ ਇਹ ਕਿਹਾ ਸੀ ਕਿ ਮੈਨੂੰ ਰੋਟੀ ਦੀ ਮੁਸ਼ਕਲ ਆਉਂਦੀ ਹੈ ਤੇ ਜਿਸ ਘਰ ਵਿਚ ਮੈਂ ਰਹਿੰਦਾ ਹਾਂ, ਉਹਨਾਂ ਦੀ ਪੱਕੀ ਰੋਟੀ ਮੈਨੂੰ ਬਹੁਤੀ ਸੁਆਦ ਨਹੀਂ ਲਗਦੀ। ਆਪਣੇ ਆਪਣੇ ਥਾਂ ਗੱਲਾਂ ਦੋਵੇਂ ਠੀਕ ਸਨ। ਮਾਂ ਬਹੁਤ ੁਂਸ਼ ਸੀ। ਉਸ ਨੇ ਕੱਪੜੇ ਲੀੜੇ, ਭਾਂਡੇ-ਟੀਂਡੇ ਤੇ ਰਸੋਈ ਦੇ ਹੋਰ ਸਮਾਨ ਦੇ ਨਾਲ ਨਾਲ ਆਪਣੀ ਪੂਜਾ ਵਾਲਾ ਬਸਤਾ ਵੀ ਲੈ ਲਿਆ ਸੀ। ਮਾਂ ਨੂੰ ਵੇਖ ਕੇ ਰਾਮ ਸਿੰਘ ਦਾ ਸਾਰਾ ਟੱਬਰ ਬਾਗੋ-ਬਾਗ ਹੋ ਗਿਆ। ਸਭ ਨੇ ਮਾਂ ਦੇ ਚਰਨ ਛੂਹੇ। ਮਾਂ ਨੇ ਸਭ ਨੂੰ ਅਸੀਸਾਂ ਨਾਲ ਲੱਦ ਦਿੱਤਾ।
ਜ਼ਿੰਦਗੀ ਵਿਚ ਵਧੀਆ ਰੋਟੀ ਖਾਣ ਦਾ ਅਨੰਦ ਪਹਿਲੀ ਵਾਰ ਮਾਣਨਾ ਸ਼ੁਰੂ ਕੀਤਾ ਸੀ। ਦੇਸੀ ਘਿਉ ਤੇ ਦੁੱਧ ਦੇ ਨਾਲ ਨਾਲ ਮੈਂ ਮਾਂ ਤੋਂ ਆਗਿਆ ਲੈ ਕੇ ਆਂਡੇ ਲਿਆਉਣੇ ਵੀ ਸ਼ੁਰੂ ਕਰ ਦਿੱਤੇ ਸਨ। ਆਂਡਾ ਓਦੋਂ ਉਥੇ ਇਕ ਆਨੇ ਦਾ ਮਿਲਦਾ ਸੀ। ਮਾਂ ਆਂਡਿਆਂ ਨੂੰ ਹੱਥ ਨਹੀਂ ਸੀ ਲਾਉਂਦੀ। ਆਂਡੇ ਬਣਾਉਣ ਲਈ ਮੁੱਠੇ ਵਾਲੀ ਇਕ ਬਾਟੀ ਲਾ ਲਈ ਸੀ। ਪਿਆਜ ਤਾਂ ਮਾਂ ਕੱਟ ਦਿੰਦੀ, ਘਿਉ ਵੀ ਮਾਂ ਪਾ ਦਿੰਦੀ ਪਰ ਚੁੱਲ੍ਹੇ 'ਤੇ ਪਈ ਬਾਟੀ ਵਿਚ ਅੰਡੇ ਮੈਂ ਪਾਉਂਦਾ ਤੇ ਕੜਛੀ ਨਾਲ ਹਿਲਾਉਂਦਾ ਵੀ ਮੈਂ। ਪਿੱਛੋਂ ਕੜਛੀ ਫੇਰਨ ਦਾ ਕੰਮ ਵੀ ਮਾਂ ਨੇ ਸਾਂਭ ਲਿਆ ਸੀ। ਉਹਨੂੰ ਮੇਰੀ ਸਿਹਤ ਦਾ ਬਹੁਤ ਖਆਿਲ ਸੀ। ਉਹਦੀ ਇੱਛਾ ਸੀ ਕਿ ਮੈਂ ਚੰਗੀ ਖੁਰਾਕ ਖਾਵਾਂ ਤੇ ਛੇਤੀ ਮੇਰਾ ਦੁਬਲਾ-ਪਤਲਾ ਸਰੀਰ ਭਰ ਜਾਵੇ। ਇਹ ਖੁਰਾਕ ਮੇਰਾ ਨਾਸ਼ਤਾ ਸੀ। ਦੇਸੀ ਘਿਉ ਨਾਲ ਤਲੇ ਆਂਡਿਆਂ ਦੀ ਭੁਰਜੀ ਨਾਲ ਮਾਂ ਦੇ ਪਕਾਏ ਪਰੌਠੇ ਮੇਰੇ ਲਈ ਸੁਰਗੀ ਝੂਟਿਆਂ ਤੋਂ ਘੱਟ ਨਹੀਂ ਸਨ।
ਮਾਂ ਦੇ ਆਉਣ ਨਾਲ ਹੈਡ ਮਾਸਟਰ ਨੂੰ ਵੀ ਇਹ ਪੱਕਾ ਹੋ ਗਿਆ ਕਿ ਹੁਣ ਮੈਂ ਘੱਟੋ-ਘੱਟ ਇਹ ਸੈਸ਼ਨ ਤਾਂ ਕਿਤੇ ਜਾਣ ਵਾਲਾ ਨਹੀਂ। ਹੈਡ ਮਾਸਟਰ ਤੇ ਉਸ ਦੀ ਪਤਨੀ ਉਚੇਚੇ ਤੌਰ 'ਤੇ ਮਾਂ ਨੂੰ ਮਿਲਣ ਆਏ। ਮਾਂ ਦੇ ਸਵੇਰੇ ਪੂਜਾ ਪਾਠ ਤੇ ਰਾਤ ਨੂੰ ਲੰਬੇ ਸਮੇਂ ਤੱਕ ਮਾਲਾ ਫੇਰਨ ਕਾਰਨ ਉਸ ਦਾ ਆਦਰ ਮਾਣ ਰਾਮ ਸਿਉਂ ਦੇ ਪਰਿਵਾਰ ਵਿਚ ਏਨਾ ਵਧ ਗਿਆ ਸੀ ਕਿ ਹਰ ਗੱਲ ਮਾਂ ਤੋਂ ਪੁੱਛ ਕੇ ਹੋਣ ਲੱਗੀ। ਰੋਟੀ ਪਕਾਉਣ ਤੋਂ ਬਿਨਾਂ ਮਾਂ ਨੂੰ ਹੋਰ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ। ਰੋਟੀ ਮਾਂ ਉਸ ਕਮਰੇ ਵਿਚ ਪਕਾਉਂਦੀ ਸੀ ਜੋ ਸਭ ਤੋਂ ਪਹਿਲਾਂ ਆਉਂਦਾ ਸੀ। ਉਥੇ ਹੀ ਅਸੀਂ ਇਕ ਪਾਸੇ ਨਹਾਉਂਦੇ ਸਾਂ। ਨਹਾਉਣ ਲਈ ਇਕ ਪਾਸੇ ਵੱਡਾ ਪੱਥਰ ਰੱਖਿਆ ਹੋਇਆ ਸੀ ਤੇ ਬਿਲਕੁਲ ਦੂਜੇ ਪਾਸੇ ਚੁੱਲ੍ਹਾ ਚੌਂਕਾ ਸੀ। ਸੰਵਰਨ ਤੋਂ ਲੈ ਕੇ ਚਸ਼ਮੇ ਤੋਂ ਪਾਣੀ ਲਿਆਉਣ ਦਾ ਕੰਮ ਰਾਮ ਸਿੰਘ ਦੀਆਂ ਕੁੜੀਆਂ ਕਰਦੀਆਂ। ਇਹ ਚਸ਼ਮਾ ਘਰ ਤੋਂ ਸੌ ਡੇਢ-ਸੌ ਗਜ਼ ਦੀ ਵਿਥ 'ਤੇ ਸੀ। ਕੁੜੀਆਂ ਗਾਗਰਾਂ ਵਿਚ ਚਸ਼ਮੇ ਤੋਂ ਪਾਣੀ ਭਰ ਕੇ ਲਿਆਉਂਦੀਆਂ। ਦੋ ਦੋ ਗਾਗਰਾਂ ਤਾਂ ਕੁੜੀਆਂ ਆਮ ਹੀ ਚੁੱਕ ਲਿਆਉਂਦੀਆਂ, ਇਕ ਸਿਰ 'ਤੇ ਤੇ ਦੂਜੀ ਕੱਛ ਵਿਚ। ਕਮਰੇ ਵੀ ਕੁੜੀਆਂ ਲਿੱਪ-ਪੋਚ ਕੇ ਰਖਦੀਆਂ ਤੇ ਮੇਰੇ ਵਾਲਾ ਕਮਰਾ ਖਾਸ ਤੌਰ 'ਤੇ ਹਮੀਰਾਂ ਝਾੜ-ਪੂੰਝ ਕੇ ਰਖਦੀ। ਮਾਂ ਦੇ ਆਉਣ ਨਾਲ ਬੰਤੇ ਦੇ ਸੌਣ ਦਾ ਕਮਰਾ ਬਦਲ ਗਿਆ ਸੀ। ਪੜ੍ਹਦਾ ਰਾਤ ਨੂੰ ਉਹ ਮੇਰੇ ਕੋਲ ਬੈਠ ਕੇ ਹੀ ਸੀ। ਮੇਰੇ ਕੋਲ ਗਲੋਬ ਲੈਂਪ ਸੀ, ਜਿਸ ਦੇ ਚਾਨਣ ਵਿਚ ਕਈ ਜਣੇ ਆਲੇ-ਦੁਆਲੇ ਬੈਠ ਕੇ ਪੜ੍ਹ ਸਕਦੇ ਸਨ। ਬਿਜਲੀ ਨਾ ਹੋਣ ਕਾਰਨ ਪਹਾੜੀਆਂ ਲਈ ਇਹ ਗਲੋਬ ਲੈਂਪ ਵੀ ਵੱਡੀ ਚੀਜ਼ ਸੀ। ਆਮ ਰੌਸ਼ਨੀ ਲਈ ਚੀਲ੍ਹ ਦੀਆਂ ਬਰੋਜ਼ੇ ਵਾਲੀਆਂ ਫਾਂਕਾਂ ਦੇ ਸਿਰੇ ਨੂੰ ਅੱਗ ਲਾ ਕੇ ਏਧਰ ਓਧਰ ਜਾਣ ਲਈ ਉਹਨਾਂ ਤੋਂ ਚਾਨਣ ਦਾ ਕੰਮ ਲਿਆ ਜਾਂਦਾ। ਭਾਵੇਂ ਉਹਨਾਂ ਦੇ ਲਾਲਟੈਣ ਵੀ ਸੀ ਪਰ ਉਹ ਲਾਲਟੈਣ ਦੀ ਬਹੁਤ ਘੱਟ ਵਰਤੋਂ ਕਰਦੇ। ਸੀਮਤ ਆਰਥਿਕ ਵਸੀਲੇ ਹੋਣ ਕਾਰਨ ਉਹ ਬੋਚ-ਬੋਚ ਕੇ ਪੈਸਾ ਵਰਤਦੇ।
ਕਮਜ਼ੋਰ ਆਰਥਿਕਤਾ ਕਾਰਨ ਹੀ ਰਾਮ ਸਿੰਘ ਨੂੰ ਉਹ ਕੰਮ ਵੀ ਕਰਨਾ ਪਿਆ ਸੀ, ਜਿਸ ਨੂੰ ਸਾਡੇ ਪਰਿਵਾਰਾਂ, ਸਾਡੇ ਪਰਿਵਾਰਾਂ ਕੀ ਸਭ ਸਭਿਆ ਪਰਿਵਾਰਾਂ ਵਿਚ ਬਹੁਤ ਘਟੀਆ ਮੰਨਿਆ ਜਾਂਦਾ ਹੈ। ਇਹ ਗੱਲ ਮੈਨੂੰ ਇਕ ਦਿਨ ਹਮੀਰਾਂ ਦੇ ਘਰ ਵਾਲੇ ਨੇ ਓਦੋਂ ਦੱਸੀ, ਜਦੋਂ ਉਹ ਆਪਣੇ ਸਹੁਰੀਂ ਮਿਲਣ ਆਇਆ ਹੋਇਆ ਸੀ। ਵੱਡੀ ਕੁੜੀ ਕੁਸ਼ੱਲਿਆ ਤੇ ਇਸ ਹਮੀਰਾਂ ਦੋਹਾਂ ਦਾ ਹੀ ਪੁੰਨ ਦਾ ਵਿਆਹ ਨਹੀਂ ਸੀ। ਦੋਹਾਂ ਦੇ ਸਹੁਰਿਆਂ ਤੋਂ ਹੀ ਰਾਮ ਸਿੰਘ ਨੇ ਪੈਸੇ ਲਏ ਸਨ।
ਸੈਕੰਡ ਮਾਸਟਰ ਤੋਂ ਪਿੱਛੋਂ ਜੇ ਮੇਰਾ ਕੋਈ ਦੋਸਤ ਸੀ, ਉਹ ਸੀ ਸਕੂਲ ਦੇ ਸਾਹਮਣੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦਾ ਡਿਸਪੈਂਸਰ ਰਾਜ ਕੁਮਾਰ ਕਪੂਰ। ਪਟਿਆਲੇ ਦਾ ਹੋਣ ਕਾਰਨ ਉਸ ਨਾਲ ਮੇਰਾ ਚੰਗਾ ਸਹਿਚਾਰ ਹੋ ਗਿਆ ਸੀ। ਓਦੋਂ ਡਿਸਪੈਂਸਰ ਨੂੰ ਉਪ-ਵੈਦ ਕਹਿੰਦੇ ਸਨ, ਜਿਸ ਨੂੰ ਅੱਜਕੱਲ੍ਹ ਆਯੁਰਵੈਦਿਕ ਮੈਡੀਕਲ ਅਫਸਰ ਕਹਿੰਦੇ ਹਨ, ਉਸ ਨੂੰ ਵੈਦ ਕਹਿੰਦੇ ਸਨ। ਵੈਦ ਦੀ ਤਨਖਾਹ ੧੨ਂ ਰੁਪਏ ਹੁੰਦੀ ਸੀ ਤੇ ਉਪ-ਵੈਦ ਦੀ ੮ਂ ਰੁਪਏ। ਆਪਣੇ ਇਲਾਕੇ ਦਾ ਹੋਣ ਕਾਰਨ ਅਤੇ ਵੈਦ ਦੀ ਅਫਸਰੀ ਦਾ ਤੰਗ ਆਇਆ ਹੋਇਆ ਉਹ ਕਦੇ-ਕਦਾਈਂ ਮੇਰੇ ਘਰ ਆ ਜਾਂਦਾ। ਮੈਂ ਵੀ ਕਦੇ-ਕਦਾਈਂ ਉਸ ਦੇ ਕਮਰੇ ਵਿਚ ਚਲਾ ਜਾਂਦਾ। ਉਹ ਵੀ ਲਾਹੜ ਵਿਚ ਬੰਤੇ ਦੀ ਮਾਸੀ ਦਾ ਕਿਰਾਏਦਾਰ ਸੀ। ਜਦੋਂ ਵੀ ਅਸੀਂ ਮਿਲਦੇ ਵੈਦ ਦੀਆਂ ਚੁਗਲੀਆਂ ਤੇ ਪਹਾੜੀ ਕੁੜੀਆਂ ਦੀਆਂ ਗੱਲਾਂ ਕਰਦੇ। ਉਹ ਮੈਥੋਂ ਸਾਲ ਕੁ ਛੋਟਾ ਸੀ। ਰਹਾਇ- ਦੇ ਨੇੜੇ ਹੀ ਇਕ ਕੁੜੀ ਨਾਲ ਫਸ ਗਿਆ ਸੀ। ਉਹ ਉਸ ਦੀਆਂ ਗੱਲਾਂ ਸੁਣਾਉਂਦਾ। ਮੈਂ ਸੁਆਲ ਕਰ ਕਰ ਕੇ ਉਸ ਦੇ ਇ-ਕ ਦੀ ਖੇਡ ਦੀ ਹਰ ਤਹਿ ਨੂੰ ਫਰੋਲਣ ਦੀ ਕੋਸ਼ਿਸ਼ ਕਰਦਾ। ਪਿੱਛੋਂ ਦੋ ਕੁ ਮਹੀਨੇ ਬਾਅਦ ਉਸ ਦੀ ਪ੍ਰੇਮਿਕਾ ਐਸੀ ਹੁਸ਼ਿਆਰਪੁਰ ਗਈ ਕਿ ਮੁੜ ਉਹ ਉਸ ਦੇ ਦਰਸ਼ਨਾਂ ਲਈ ਤਰਸਦਾ ਰਿਹਾ। ਇਕ ਦਿਨ ਮੈਨੂੰ ਕਹਿਣ ਲੱਗਾ :
**ਗਿਆਨੀ ਜੀ, ਥੋਡੇ ਤਾਂ ਘਰ 'ਚ ਗੰਗਾ ਹੈ, ਤੁਸੀਂ ਕੋਈ ਟਰਾਈ ਨਹੀਂ ਮਾਰੀ ?''
ਪਿੱਛੋਂ ਗੱਲਾਂ ਕਰਦੇ ਕਰਦੇ ਪਤਾ ਲੱਗਾ ਕਿ ਉਸ ਦਾ ਇਸ਼ਾਰਾ ਲੱਛਮੀ ਵੱਲ ਹੈ। ਪਰ ਲੱਛਮੀ ਤਾਂ ਮੈਨੂੰ ਸਦਾ ਭਾਈ ਜੀ ਕਹਿ ਕੇ ਬੁਲਾਉਂਦੀ ਹੁੰਦੀ ਸੀ। ਮੈਂ ਉਸ ਨਾਲ ਇਸ ਤਰ੍ਹਾਂ ਦੀ ਗੱਲ ਕਿਵੇਂ ਕਰ ਸਕਦਾ ਸੀ। ਬਾਹਰ ਡੰਗਰ ਚਾਰਨ ਲੱਛਮੀ ਹੀ ਲੈ ਕੇ ਜਾਂਦੀ ਹੁੰਦੀ ਸੀ। ਕਦੇ-ਕਦਾਈਂ ਮੈਂ ਸੈਰ ਕਰਦਾ ਕਰਦਾ ਉਧਰ ਨਿਕਲ ਜਾਂਦਾ। ਸ਼ਾਇਦ ਲੱਛਮੀ ਨਾਲ ਹੀ ਕੋਈ ਗੱਲ ਕਰਨ ਦੇ ਬਹਾਨੇ ਓਸ ਪਾਸੇ ਜਾਂਦਾ ਹੋਵਾਂ। ਉਸ ਕੋਲ ਜਾ ਕੇ ਖੜ੍ਹ ਵੀ ਜਾਂਦਾ, ਗੱਲਾਂ ਵੀ ਕਰਦਾ, ਪਰ ਅਸਲੀ ਗੱਲ ਕਰਨ ਦਾ ਕਦੇ ਕੋਈ ਸਬੱਬ ਨਹੀਂ ਸੀ ਬਣਿਆ। ਉਂਜ ਉਹਨੂੰ ਪਤਾ ਸੀ ਕਿ ਮੈਂ ਉਸ ਨੂੰ ਬਹੁਤ ਚਾਹੁੰਦਾ ਹਾਂ। ਪਹਾੜਨਾਂ ਬਹੁਤ ਸੋਹਣੀਆਂ ਹੁੰਦੀਆਂ ਹਨ ਪਰ ਲੱਛਮੀ ਜਿਹੀ ਸੋਹਣੀ ਪਹਾੜਨ ਮੈਂ ਕੋਈ ਨਹੀਂ ਸੀ ਵੇਖੀ। ਮੇਰੀ ਜ਼ਿੰਦਗੀ ਵਿਚ ਜੇ ਕੋਈ ੂਂਬਸੂਰਤ ਕੁੜੀ ਆਈ ਹੈ ਤਾਂ ਉਹ ਲੱਛਮੀ ਹੈ। ਕੋਰੀ ਅਨਪੜ੍ਹ, ਸਸਤੇ ਤੇ ਮੈਲੇ ਜਿਹੇ ਕੱਪੜਿਆਂ ਵਿਚ ਵੀ ਜਿਹੜੀ ਕੁੜੀ ਮੈਨੂੰ ਅੱਜ ਵੀ ਐਨੀ ਸੋਹਣੀ ਲੱਗ ਰਹੀ ਹੈ,ਉਹ ਬਣ-ਸੰਵਰ ਕੇ ਕਿੰਨੀ ਸੋਹਣੀ ਹੋਵੇਗੀ, ਇਸ ਦੀ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ।
ਵਗਦੀ ਗੰਗਾ ਵਿਚ ਹੱਥ ਧੋਣ ਦਾ ਮੌਕਾ ਤਾਂ ਨਾ ਮਿਲਿਆ ਪਰ ਪਹਾੜੀ ਸੁੰਦਰਤਾ ਦੇ ਵਗਦੇ ਪਾਣੀ ਵਿਚ ਉਕਾ ਹੀ ਡੁਬਕੀ ਲਾਉਣ ਤੋਂ ਵਾਂਝਾ ਰਹਿ ਗਿਆ ਹੋਵਾਂ, ਅਜਿਹੀ ਗੱਲ ਵੀ ਨਹੀਂ।
ਇਕ ਦਿਨ ਮਾਂ ਹੈਡ ਮਾਸਟਰ ਦੀ ਘਰਵਾਲੀ ਦੇ ਬੁਲਾਵੇ ਉਤੇ ਰਾਮ ਸਿੰਘ ਦੀ ਘਰਵਾਲੀ ਨਾਲ ਗਈ ਹੋਈ ਸੀ, ਸਭ ਨਿਆਣੇ ਨਿੱਕੇ ਵੀ ਨਾਲ ਹੀ ਤੁਰ ਗਏ ਸਨ। ਲੱਛਮੀ ਮੀਆਂ ਜੀ ਦੇ ਘਰ ਤੁਰ ਗਈ। ਰਾਮ ਸਿੰਘ ਆਪਣਾ ਇਲਾਜ ਕਰਾਉਣ ਲਈ ਬੰਤੇ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਗਿਆ ਹੋਇਆ ਸੀ। ਪਤਾ ਨਹੀਂ ਘਟਾ ਕਿਥੋਂ ਆਈ, ਮੀਂਹ ਸ਼ੁਰੂ ਹੋ ਗਿਆ। ਮੈਂ ਆਪਣੇ ਕਮਰੇ ਵਿਚ ਇਕੱਲਾ ਸੀ।ਆਦਤ ਅਨੁਸਾਰ ਵਿਹਲਾ ਸਮਾਂ ਹੋਣ ਕਾਰਨ ਨਾਵਲ ਪੜ੍ਹ ਰਿਹਾ ਸੀ। ਹਮੀਰਾਂ ਆਈ ਤੇ ਮੇਰੇ ਨਾਲ ਗੱਲੀਂ ਲੱਗ ਗਈ। ਕੁੜੀ ਨੂੰ ਸ਼ਾਇਦ ਉਹ ਸੰਵਾ ਕੇ ਆਈ ਸੀ। ਆਪਣਾ ਹੱਥ ਸਾਹਮਣੇ ਕਰਕੇ ਕਹਿਣ ਲੱਗੀ :
**ਮੇਰੀ ਕਿਸਮਤ ਦੱਸੋ ?''
ਮੈਂ ਪਹਿਲਾਂ ਤਾਂ ਉਸ ਨੂੰ ਕਿਹਾ ਕਿ ਮੈਨੂੰ ਜੋਤਿਸ਼ ਨਹੀਂ ਆਉਂਦਾ ਪਰ ਜਦੋਂ ਉਸ ਨੇ ਮੱਲੋਮੱਲੀ ਆਪਣਾ ਹੱਥ ਮੇਰੇ ਹੱਥਾਂ ਵਿਚ ਫੜਾ ਦਿੱਤਾ ਤਾਂ ਲਛਮਣ ਦੇ ਆਉਣ ਬਾਰੇ ਕਈ ਗੱਲਾਂ ਮੈਂ ਮਨੋ ਜੋੜ ਕੇ ਕਹਿ ਦਿੱਤੀਆਂ। ਉਹ ਕਹਿਣ ਲੱਗੀ :
**ਜੇ ਉਹ ਨਾ ਆਇਆ ਫੇਰ ?'' ਇਹ ਕਹਿ ਕੇ ਉਹ ਉਠ ਖਲੋਈ ਤੇ ਦਰਵਾਜ਼ਾ ਅੱਧੇ ਤੋਂ ਬਹੁਤਾ ਭੇੜ ਦਿੱਤਾ। ਮੀਂਹ ਹੋਰ ਤੇਜ਼ ਹੋ ਗਿਆ ਸੀ। ਮੇਰੇ ਮਨ ਦੀ ਗੰਗਾ ਵਿਚ ਮੇਰੇ ਹੱਥ ਧੋਤੇ ਗਏ ਜਾਂ ਨਹੀਂ ਪਰ ਓਸ ਪਹਾੜੀ ਚੋਅ ਵਿਚ ਉਸ ਦਿਨ ਤੇ ਉਸ ਤੋਂ ਪਿੱਛੋਂ ਕਈ ਵਾਰ ਡੁਬਕੀਆਂ ਲੱਗੀਆਂ ਹੋਣਗੀਆਂ। ਇਹ ਉਸ ਅੰਦਰਲੀ ਅੱਗ ਤੇ ਮੇਰੇ ਅੰਦਰਲੀ ਅੱਗ ਦੇ ਠੰਡੇ ਕਰਨ ਦਾ ਮਸਲਾ ਸੀ। ਇਹਨੂੰ ਮੈਂ ਪਿਆਰ ਨਹੀਂ ਕਹਿੰਦਾ। ਪਿਆਰ ਦਾ ਦਰਜਾ ਏਦੂੰ ਉਪਰ ਹੈ। ਜਿਨਸੀ ਸਬੰਧਾਂ ਵਿਚ ਪਿਆਰ ਹੁੰਦਾ ਤਾਂ ਹੈ ਪਰ ਜਿਨਸੀ ਸਬੰਧ ਮੁਹੱਬਤ ਦੇ ਸਮ-ਅਰਥੀ ਨਹੀਂ ਹਨ।
ਰਾਤ ਨੂੰ ਇਕ ਵਾਰ ਬੰਤੇ ਨੇ ਜਿਹੜੀ ਹਰਕਤ ਕੀਤੀ, ਉਹ ਓਦੋਂ ਤਾਂ ਮੈਨੂੰ ਕੁਝ ਓਪਰੀ ਲੱਗੀ। ਆਪਣਾ ਮੰਜਾ ਛੱਡ ਕੇ ਉਹ ਮੇਰੇ ਨਾਲ ਆ ਪਿਆ ਸੀ ਤੇ ਉਹ ਚਾਹੁੰਦਾ ਸੀ ਕਿ ਮੈਂ ਉਸ ਨਾਲ ਉਹ ਸਭ ਕੁਝ ਕਰਾਂ ਜੋ ਮੁੰਡੇ ਆਪਸ ਵਿਚ ਕਰਦੇ ਹਨ। ਪਰ ਪਿੱਛੋਂ ਬੀ.ਐ=ੱਡ. ਕਰਨ ਸਮੇਂ ਮੈਨੂੰ ਇਸ ਹਰਕਤ ਵਿਚ ਕੁਝ ਵੀ ਓਪਰਾ ਜਾਂ ਨਜਾਇਜ਼ ਮਹਿਸੂਸ ਨਾ ਹੋਇਆ। ਚੌਦਾਂ-ਪੰਦਰਾਂ ਸਾਲ ਦੇ ਮੁੰਡੇ ਦਾ ਕਿਸੇ ਨਾਲ ਸਮਲਿੰਗੀ ਰਿਸ਼ਤੇ ਵਿਚ ਬੱਝਣਾ ਮਨੋਵਿਗਿਆਨ ਦੀਆਂ ਪੁਸਤਕਾਂ ਵਿਚ ਸੁਭਾਵਕ ਰੁਚੀ ਦੱਸਿਆ ਹੋਇਆ ਸੀ। ਇਸ ਰੁਚੀ ਨੂੰ ਕੁਰੁਚੀ ਵਿਚ ਬਦਲਣ ਵਾਲੇ ਕੁਝ ਵਡੇਰੀ ਉਮਰ ਦੇ ਬੰਦਿਆਂ ਸਬੰਧੀ ਬੜਾ ਕੁਝ ਮੈਂ ਸੁਣ ਚੁੱਕਿਆ ਸੀ, ਇਸ ਤਰ੍ਹਾਂ ਦੇ ਇਕ ਬੰਦੇ ਨਾਲ ਮੇਰਾ ਵਾਹ ਵੀ ਪਿਆ ਸੀ ਪਰ ਮੈਂ ਆਪਣੇ ਨਫਸ ਨੂੰ ਏਸ ਹੱਦ ਤੱਕ ਕਾਬੂ ਰੱਖਣ ਵਿਚ ਤਾਂ ਸਫਲ ਰਿਹਾ ਕਿ ਅਧਿਆਪਕ ਹੁੰਦੇ ਹੋਏ ਕਿਸੇ ਬਾਲ ਜਾਂ ਕਿਸ਼ੋਰ ਮੁੰਡੇ ਨੂੰ ਇਸ ਚਿੱਕੜ ਵਿਚ ਲਿਬੜਨ ਨਹੀਂ ਦੇਣਾ। ਵੱਡੇ ਹੋ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਜ਼ਿੰਦਗੀ ਵਿਚ ਇਹ ਵੀ ਮੇਰੀ ਇਕ ਪ੍ਰਾਪਤੀ ਹੈ।
ਜਿਹੜੇ ਖੱਚਰ-ਰੇੜ੍ਹੇ ਦੀ ਸਵਾਰੀ ਦੇ ਆਦੀ ਹੋ ਜਾਂਦੇ ਹਨ, ਉਹ ਗੱਡੀ ਚੜ੍ਹਨਾ ਭੁੱਲ ਜਾਂਦੇ ਹਨ। ਕਈ ਵਾਰ ਜਿੰਨ੍ਹਾਂ ਦੀ ਗੱਡੀ ਖੁੰਝ ਜਾਂਦੀ ਹੈ, ਉਹ ਫਿਰ ਖੱਚਰ-ਰੇੜ੍ਹੇ ਦੀ ਭਾਲ ਕਰਦੇ ਹਨ। ਪਰ ਯਾਦ ਰੱਖੋ ਰੇੜ੍ਹਾ ਰੇੜ੍ਹਾ ਹੀ ਹੁੰਦਾ ਹੈ ਤੇ ਗੱਡੀ ਗੱਡੀ ਹੀ। ਗੱਡੀ ਜੇ ਆਪਣੀ ਹੋਵੇ ਤਾਂ ਉਸ ਵਰਗੀ ਰੀਸ ਨਹੀਂ। ਗੱਡੀ ਵੀ ਜੇ ਇਕ ਡਰਾਇਵਰ ਦੇ ਹੱਥ ਰਹੇ ਤਾਂ ਹੀ ਠੀਕ ਹੈ।
ਜਦੋਂ ਸਕੂਲ ਦੇ ਟੇਕ-ਓਵਰ ਦੀ ਗੱਲ ਚੱਲੀ ਤੇ ਇਹ ਵੀ ਪਤਾ ਲੱਗਿਆ ਕਿ ਅਣ-ਟਰੇਂਡ ਟੀਚਰਾਂ ਨੂੰ ਸਕੂਲ ਦੇ ਸਰਕਾਰੀ ਹੋਣ ਉਤੇ ਪੱਕੇ ਤੌਰ 'ਤੇ ਨਹੀਂ ਰੱਖਿਆ ਜਾਵੇਗਾ ਤਾਂ ਮੇਰੇ ਅੰਦਰ ਟਰੇਡ ਯੂਨੀਅਨ ਵਾਲਾ ਕੀੜਾ ਪਤਾ ਨਹੀਂ ਕਿਥੋਂ ਜਾਗ ਪਿਆ ਕਿ ਮੈਂ ਜ਼ਿਲ੍ਹਾ ਕਾਂਗੜਾ ਤੇ ਕੁੱਲੂ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਕਿਤੋਂ ਸਿਰਨਾਵੇਂ ਇਕੱਠੇ ਕੀਤੇ, ਕੁਝ ਅਣ-ਟਰੇਂਡ ਅਧਿਆਪਕਾਂ ਦੇ ਨਾਵਾਂ ਦੀਆਂ ਸੂਚੀਆਂ ਪ੍ਰਾਪਤ ਕੀਤੀਆਂ ਅਤੇ ਸਭ ਨੂੰ *ਹਿੱਲੀ ਏਰੀਆ ਅਣ-ਟਰੇਂਡ ਟੀਚਰ ਯੂਨੀਅਨ' ਨਾਉਂ ਦੀ ਜਥੇਬੰਦੀ ਬਣਾਉਣ ਦੀ ਸੂਚਨਾ ਪੋਸਟ ਕਾਰਡਾਂ ਰਾਹੀਂ ਦੇ ਦਿੱਤੀ। ਮੀਟਿੰਗ ਦਾ ਦਿਨ ਵੀ ਮੁਕੱਰਰ ਕਰ ਦਿੱਤਾ। ਵੀਹ ਤੋਂ ਵੱਧ ਅਣ-ਟਰੇਂਡ ਟੀਚਰ ਆ ਗਏ। ਬਾਕਾਇਦਾ ਜਥੇਬੰਦੀ ਦੀ ਚੋਣ ਕਰ ਲਈ ਗਈ। ਸਰਕਾਰ ਨਾਲ ਚਿੱਠੀ ਪੱਤਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅੀਂਬਾਰਾਂ ਵਿਚ ੀਂਬਰਾਂ ਭੇਜੀਆਂ। ਉਹਨਾਂ ਦਿਨਾਂ ਵਿਚ ਅੰਗਰੇਜ਼ੀ ਟ੍ਰਿਬਿਊਨ, ਹਿੰਦੀ ਦਾ ਸ਼ਾਇਦ ਵੀਰ ਅਰਜਨ ਜਾਂ ਵੀਰ ਪ੍ਰਤਾਪ। ਪੰਜਾਬੀ ਦੇ ਅਕਾਲੀ ਪੱਤ੍ਰਕਾ ਤੇ ਰਣਜੀਤ ਹੀ ਚਲਦੇ ਸਨ। ਸਭ ਅੀਂਬਾਰਾਂ ਵਿਚ ੀਂਬਰਾਂ ਭੇਜੀਆਂ। ਜਦ ੀਂਬਰ ਟ੍ਰਿਬਿਊਨ ਵਿਚ ਲੱਗੀ ਤਾਂ ਕੁਝ ਹੋਰ ਅਣ-ਟਰੇਂਡ ਅਅਿਧਆਪਕਾਂ ਨੇ ਵੀ ਮੇਰੇ ਨਾਲ ਰਾਬਤਾ ਕਾਇਮ ਕੀਤਾ। ਸ਼ਾਇਦ ਕੁਝ ਪੱਲੇ ਪੈ ਹੀ ਜਾਂਦਾ ਜੇ ਮੈਂ ਜਨਤਾ ਹਾਈ ਸਕੂਲ ਜੁਆਰ ਦੀ ਨੌਕਰੀ ਨਾ ਛਡਦਾ। ਪਿੱਛੋਂ ਪਤਾ ਲੱਗਿਆ ਕਿ ਮੇਰੇ ਆਉਣ ਪਿੱਛੋਂ ਯੂਨੀਅਨ ਦਾ ਆਪੇ ਹੀ ਭੋਗ ਪੈ ਗਿਆ।
ਜੁਆਰ ਵਾਸ ਸਮੇਂ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੋਇਆ ਕਿ ਮੈਨੂੰ ਰੱਜ ਕੇ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ। ਸਕੂਲ ਦੀ ਲਾਇਬਰੇਰੀ ਵਿਚ ਪੁਸਤਕਾਂ ਦਾ ਭਰਪੂਰ ੀਂਜ਼ਾਨਾ ਸੀ। ਮੈਂ ਪੰਜ-ਸੱਤ ਇਕੱਠੀਆਂ ਹੀ ਕਿਤਾਬਾਂ ਲਾਇਬਰੇਰੀ ਵਿਚੋਂ ਕਢਵਾ ਲਿਆਉਂਦਾ। ਦਸ ਕੁ ਦਿਨ ਪਿੱਛੋਂ ਉਹ ਮੋੜ ਕੇ ਹੋਰ ਲੈ ਆਉਂਦਾ। ਛੁੱਟੀ ਵਾਲੇ ਦਿਨ ਇਕ ਪੂਰਾ ਨਾਵਲ ਪੜ੍ਹ ਕੇ ਉਠਦਾ। ਇਹਨਾਂ ਸਭ ਕਿਤਾਬਾਂ ਦੇ ਪੜ੍ਹਨ ਦਾ ਕਾਰਨ ਇਹ ਸੀ ਕਿ ਮੈਨੂੰ ਕਿਸੇ ਨੇ ਕਿਹਾ ਹੋਇਆ ਸੀ ਕਿ ਜੇ ਐਮ.ਏ. ਵਿਚੋਂ ਵਧੀਆ ਨੰਬਰ ਲੈਣੇ ਹਨ ਤਾਂ ਸਿਲੇਬਸ ਵਿਚ ਲੱਗੇ ਲੇਖਕ ਦੀਆਂ ਸਾਰੀਆਂ ਕਿਤਾਬਾਂ ਪੜ੍ਹੋ। ਐਮ.ਏ. ਪੰਜਾਬੀ ਦਾ ਸਿਲੇਬਸ ਮੈਂ ਜੁਲਾਈ-ਅਗਸਤ ਵਿਚ ਹੀ ਖਰੀਦ ਲਿਆ ਸੀ ਤੇ ਅਪ੍ਰੈਲ, ੧੯੬੨ ਵਿਚ ਐਮ.ਏ. ਦਾ ਇਮਤਿਹਾਨ ਵੀ ਦੇ ਸਕਦਾ ਸੀ ਪਰ ਲੇਖਕ ਦੀਆਂ ਸਾਰੀਆਂ ਕਿਤਾਬਾਂ ਪੜ੍ਹਨ ਦੀ ਦਿੱਤੀ ਕਿਸੇ ਦੀ ਸਿਖਿਆ ਨੇ ਮੇਰੀ ਗੱਡੀ ਐਸੀ ਲੀਹੋਂ ਲਾਹੀ ਕਿ ਮੈਂ ਐਮ.ਏ. ਪਾਸ ਕਰਨ ਦੀ ਲੀਹ 'ਤੇ ਮੁੜ ਅਠਾਰਾਂ-ਵੀਹ ਸਾਲ ਨਾ ਆ ਸਕਿਆ। ਹਾਂ, ਜੁਆਰ ਰਹਿ ਕੇ ਅੱਸੀ ਤੋਂ ਵੱਧ ਪੰਜਾਬੀ ਦੀਆਂ ਕਿਤਾਬਾਂ ਜ਼ਰੂਰ ਪੜ੍ਹ ਲਈਆਂ। ਸ਼ਾਇਦ ਇਹ ਕਿਤਾਬਾਂ ਮੇਰੇ ਲੇਖਕ ਬਣਨ ਵਿਚ ਸਹਾਈ ਹੋਈਆਂ ਹੋਣ।
ਮਾਂ ਨੂੰ ਆਏ ਇਕ ਮਹੀਨਾ ਹੋ ਚੁੱਕਿਆ ਸੀ। ਦਿਲ ਮਾਂ ਦਾ ਵੀ ਪੂਰੀ ਤਰ੍ਹਾਂ ਲੱਗ ਗਿਆ ਸੀ ਤੇ ਮੇਰਾ ਵੀ। ਪਰ ਭਰਾ ਦੇ ਪੱਤਰ ਕਾਰਨ ਜਨਵਰੀ ਦੇ ਕਿਸੇ ਦਿਨ ਮੈਨੂੰ ਤਪੇ ਜਾਣਾ ਪੈ ਗਿਆ। ਉਧਰੋਂ ਸਕੂਲ ਟੇਕ-ਓਵਰ ਕਰਨ ਦੇ ਸਬੰਧ ਵਿਚ ਗੁਰਬਚਨ ਸਿੰਘ ਦੀਵਾਨਾ ਜੁਆਰ ਪਹੁੰਚ ਗਿਆ। ਹੈਡ ਮਾਸਟਰ ਨੇ ਮੇਰੇ ਬਾਰੇ ਦੱਸਿਆ ਤੇ ਮਾਂ ਬਾਰੇ ਵੀ। ਕੰਮ ਮੁਕਾ ਕੇ ਦੀਵਾਨਾ ਸਾਹਿਬ ਘਰ ਪਹੁੰਚ ਗਏ। ਮਾਂ ਦੇ ਗੋਡੀਂ ਹੱਥ ਲਾਏ। ਰਾਤ ਨੂੰ ਉਹਦੇ ਠਹਿਰਨ ਦਾ ਪ੍ਰਬੰਧ ਸਕੂਲ ਵਿਚ ਹੀ ਕੀਤਾ ਗਿਆ ਸੀ, ਪਰ ਮੋਹ ਕਾਰਨ ਉਹਨੇ ਮਾਂ ਕੋਲ ਠਹਿਰਨ ਦਾ ਹੀ ਫੈਸਲਾ ਸੁਣਾ ਦਿੱਤਾ। ਅੱਧਾ ਕੰਮ ਮੁਕਾ ਕੇ ਉਹ ਅਗਲੇ ਦਿਨ ਚਲਾ ਗਿਆ। ਜਦੋਂ ਮੈਂ ਵਾਪਸ ਆਇਆ; ਮਾਂ ਨੇ ਸਾਰੀ ਕਹਾਣੀ ਸੁਣਾਈ। ਰਾਮ ਸਿੰਘ ਨੇ ਇਹ ਕਹਾਣੀ ਆਪਣੇ ਢੰਗ ਨਾਲ ਸੁਣਾਈ। ਹੈਡ ਮਾਸਟਰ ਤੇ ਬਾਕੀ ਸਟਾਫ ਨੇ ਆਪਣੇ ਢੰਗ ਨਾਲ। ਦੀਵਾਨਾ ਸਾਹਿਬ ਦੇ ਆਉਣ ਨਾਲ ਸਾਡੇ ਮਾਂ ਪੁੱਤ ਦਾ ਆਦਰ-ਮਾਣ ਸਕੂਲ ਵਿਚ ਵੀ ਤੇ ਘਰ ਵਿਚ ਵੀ ਬਹੁਤ ਵਧ ਗਿਆ ਸੀ।
ਜਦੋਂ ਦੀਵਾਨਾ ਸਾਹਿਬ ਦੂਜੀ ਵਾਰ ਆਏ, ਉਹਨੇ ਸਕੂਲ ਨੂੰ ਪਹਿਲਾਂ ਸਰਕਾਰੀ ਤੌਰ 'ਤੇ ਸੂਚਨਾ ਦਿੱਤੀ ਹੋਈ ਸੀ। ਰਾਜ ਕੁਮਾਰ ਕਪੂਰ ਜਿਹੜਾ ਵਧੀਆ ਮੁਰਗੇ ਬਣਾਉਣ ਦੀਆਂ ਗੱਲਾਂ ਬਹੁਤ ਵਾਰੀ ਸੁਣਾ ਚੁੱਕਾ ਸੀ, ਉਸ ਨੂੰ ਅਸੀਂ ਸ਼ਾਮ ਨੂੰ ਸਕੂਲ ਵਿਚ ਹੀ ਰੱਖ ਲਿਆ। ਮੈਂ ਵੀ ਘਰ ਨਾ ਗਿਆ। ਮਾਂ ਨੂੰ ਸੁਨੇਹਾ ਬੰਤੇ ਰਾਹੀਂ ਭੇਜ ਦਿੱਤਾ ਸੀ। ਘਰ ਦੀ ਕੱਢੀ ਦਾਰੂ ਆ ਗਈ। ਰਾਜ ਕੁਮਾਰ ਦੀ ਮੁਰਗਾ ਬਣਾਉਣ ਦੀ ਕਲਾ ਵੀ ਸਿਰ ਚੜ੍ਹ ਬੋਲੀ। ਨਾਲ ਦੀਵਾਨਾ ਸਾਹਿਬ ਕਹੀ ਜਾਣ :
**ਤਰਸੇਮ ਆਪਾਂ ਨਜਾਇਜ਼ ਕੰਮ ਕੋਈ ਨੀ ਕਰਕੇ ਜਾਣਾ।'' ਪਰ ਜੇ ਸਾਰਾ ਨਜਾਇਜ਼ ਨਹੀਂ ਤਾਂ ਅੱਧਾ ਕੁ ਨਜਾਇਜ਼ ਕੰਮ ਤਾਂ ਦੀਵਾਨਾ ਸਾਹਿਬ ਕਰ ਹੀ ਗਏ ਸਨ। ਜੇ ਉਹ ਇਸ ਤਰ੍ਹਾਂ ਨਾ ਕਰਦੇ ਤਾਂ ਜਨਤਾ ਹਾਈ ਸਕੂਲ ਜੁਆਰ ਸਰਕਾਰੀ ਹਾਈ ਸਕੂਲ ਜੁਆਰ ਨਾ ਬਣਦਾ। ਗਰਮੀ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਸਕੂਲ ਟੇਕ-ਓਵਰ ਹੋਣ ਦੇ ਹੁਕਮ ਆ ਗਏ ਸਨ। ਮੇਰੇ ਵਰਗੇ ਅਣ-ਟਰੇਂਡ ਅਧਿਆਪਕਾਂ ਨੂੰ ਆਰਜ਼ੀ ਨਿਯੁਕਤ ਕਰਨਾ ਸੀ, ਜਿਸ ਕਾਰਨ ਮੈਂ ਨੌਕਰੀ ਛੱਡ ਕੇ ਬੀ.ਐ=ੱਡ. ਕਰਨ ਦਾ ਫੈਸਲਾ ਕਰ ਲਿਆ ਸੀ।
ਮਾਂ ਦੇ ਆਉਣ ਨਾਲ ਮੇਰੇ ਖਾਣ-ਪੀਣ ਦਾ ਸਿਲਸਿਲਾ ਏਨਾ ਵਧੀਆ ਹੋ ਗਿਆ ਕਿ ਦੁੱਧ-ਘਿਉ ਖਾ ਪੀ ਕੇ ਰੂਹ ਭਰ ਗਈ। ਕਿਸੇ ਦੀ ਰੋਕ-ਟੋਕ ਨਹੀਂ ਸੀ। ਕਿਸੇ ਦੀ ਨਿਗਰਾਨੀ ਨਹੀਂ ਸੀ। ਮੈਂ ਜਿਵੇਂ ਸਿਰੋਂ-ਸਰਦਾਰ ਹੋਵਾਂ। ਆਂਡਿਆਂ ਦੀ ਭੁਰਜੀ ਤੋਂ ਇਲਾਵਾ ਹਫਤੇ ਵਿਚ ਅਸੀਂ ਇਕ ਦੋ ਵਾਰ ਆਲੂਆਂ ਦਾ ਕੜਾਹ ਵੀ ਬਣਾਉਂਦੇ। ਪਹਾੜੀ ਦੇਸੀ ਘਿਉ ਵਿਚ ਬਣੇ ਇਸ ਕੜਾਹ ਦਾ ਕੋਈ ਮੁਕਾਬਲਾ ਨਹੀਂ ਸੀ। ਇਕ ਵਾਰ ਮਾਂ ਨੇ ਪੇਠੇ ਦਾ ਕੜਾਹ ਬਣਾ ਕੇ ਇਕ ਹੋਰ ਕਰਾਮਾਤ ਕਰ ਵਿਖਾਈ।
ਮਾਂ ਨੂੰ ਬੰਤੇ ਦੀ ਮਾਂ ਨੇ ਦੱਸਿਆ ਬਈ ਚਿੰਤਪੁਰਨੀ ਏਥੋਂ ਦਸ-ਬਾਰਾਂ ਮੀਲ ਹੈ। ਉਹਨਾਂ ਨੇ ਵੀ ਚਿੰਤਪੁਰਨੀ ਜਾਣਾ ਸੀ। ਮਾਂ ਪਹਿਲਾਂ ਹੀ ਤਿਆਰ ਸੀ ਤੇ ਮੈਂ ਵੀ। ਉਹਨਾਂ ਦੇ ਕਹਿਣ 'ਤੇ ਅਸੀਂ ਪੈਦਲ ਹੀ ਚੱਲ ਪਏ। ਮਾਂ ਦੀ ਬਾਂਹ ਕਦੇ ਕਲੋ ਫੜਦੀ, ਕਦੇ ਕਾਕਾ। ਅਸੀਂ ਸੜਕੋ-ਸੜਕੀ ਜਾਣ ਦੀ ਥਾਂ ਰਾਮ ਸਿੰਘ ਦੇ ਕਹਿਣ 'ਤੇ ਸ਼ਾਰਟ-ਕੱਟ ਰਾਹ ਚੱਲ ਪਏ ਸੀ। ਜੇ ਉਤਰਾਈ ਆਉਂਦੀ ਤਾਂ ਮਾਂ ਨੂੰ ਲਗਦਾ ਕਿ ਕਿਤੇ ਉਹ ਡਿਗ ਨਾ ਪਵੇ। ਮੈਨੂੰ ਇਹ ਡਰ ਨਹੀਂ ਸੀ ਲਗਦਾ। ਮੈਂ ਕਈ ਵਾਰ ਇਹ ਪਹਾੜੀ ਰਸਤੇ ਗਾਹ ਚੁੱਕਾ ਸੀ। ਜਦੋਂ ਚੜ੍ਹਾਈ ਆ ਜਾਂਦੀ ਤਾਂ ਮਾਂ ਦਾ ਸਾਹ ਚੜ੍ਹ ਜਾਂਦਾ। ਸੋਟੀ ਦੇ ਸਹਾਰੇ ਚੱਲਣ ਦੇ ਬਾਵਜੂਦ ਵੀ ਉਹ ਥੱਕ ਜਾਂਦੀ। ਕਦੇ ਰਸਤਾ ਬਹੁਤ ਤੰਗ ਹੁੰਦਾ। ਦੋਵੇਂ ਪਾਸੇ ਖੱਡਾਂ ਹੁੰਦੀਆਂ। ਡਰ ਲਗਦਾ ਕਿ ਕਿਤੇ ਮਾਂ ਖੱਡ ਵਿਚ ਹੀ ਨਾ ਰੁੜ੍ਹ ਜਾਵੇ। ਛੋਟੇ-ਵੱਡੇ ਗੋਲ ਗੋਲ ਪੱਥਰਾਂ ਉਤੇ ਤੁਰ ਕੇ ਪੈਰ ਥੱਕ ਗਏ ਸਨ। ਕਿਤੇ ਕੋਈ ਛੋਟਾ-ਵੱਡਾ ਚੋਅ ਆਉਂਦਾ। ਅਸੀਂ ਦੋਵੇਂ ਮਾਂ ਪੁੱਤ ਸੰਭਲ ਸੰਭਲ ਤੁਰਦੇ। **ਬੱਸ ਔਹ ਆ ਗਿਆ। ਹੁਣ ਸੜਕ 'ਤੇ ਪਹੁੰਚਣ ਵਾਲੇ ਹਾਂ।'' ਕਰਦੇ ਕਰਾਉਂਦਿਆਂ ਨੂੰ ਚਾਰ ਘੰਟੇ ਬੀਤ ਗਏ ਸਨ। ਜਿਹੜੀ ਰੋਟੀ ਚਿੰਤਪੁਰਨੀ ਜਾ ਕੇ ਖਾਣੀ ਸੀ, ਉਹ ਰਾਹ ਵਿਚ ਇਕ ਥਾਂ ਪਾਣੀ ਦੇਖ ਕੇ ਖਾ ਲਈ। ਮਾਂ ਦੀ ਹਾਲਤ ਨੂੰ ਵੇਖ ਕੇ ਮੈਂ ਨਿਸ਼ਚਾ ਕਰ ਲਿਆ ਸੀ ਕਿ ਮੁੜਦੇ ਹੋਏ ਬਸ 'ਤੇ ਆਵਾਂਗੇ। ਭਰਵਾਈਂ ਵਾਲੀ ਸੜਕ ਆਈ ਤਾਂ ਕਿਤੇ ਜਾ ਕੇ ਸਾਹ ਵਿਚ ਸਾਹ ਆਇਆ। ਉਥੋਂ ਵੀ ਤਿੰਨ ਚਾਰ ਮੀਲ ਤਾਂ ਤੁਰਨਾ ਪਿਆ ਹੀ ਹੋਵੇਗਾ ਤੇ ਫੇਰ ਪੌੜੀਆਂ ਦਾ ਸਿਲਸਿਲਾ। ਮਾਤਾ ਦਾ ਭਵਨ ਦੇਖ ਕੇ ਮਾਂ ਨੇ ਹੱਥ ਜੋੜੇ। ਪੌੜੀਆਂ ਹੀ ਪੌੜੀਆਂ। ਸਾਡੇ ਵਰਗੇ ਮੈਦਾਨ ਦੇ ਬਸ ਮੁਸਾਫਰਾਂ ਲਈ ਇਹ ਚੜ੍ਹਾਈ ਐਵਰੈਸਟ ਤੋਂ ਘੱਟ ਨਹੀਂ ਸੀ। **ਅੱਸੀ ਚਾਰ ਚੁਰਾਸੀ ਘੰਟੀਆਂ ਵਾਲੀ ਮਾਤਾ ਤੇਰੀ ਸਦਾ ਈ ਜੈ।'' ਦੇ ਜੈਕਾਰੇ ਸੁਣਨ ਨਾਲ ਮਾਂ ਦੇ ਚਿਹਰੇ 'ਤੇ ਰੌਣਕ ਆ ਗਈ। ਮੇਰੇ ਅੰਦਰ ਵੀ ਕੁਝ ਧਾਰਮਿਕ ਸ਼ਰਧਾ ਜਾਗ ਪਈ ਸੀ। ਮੇਰੀ ਇਹ ਪਹਿਲੀ ਧਾਰਮਿਕ ਯਾਤਰਾ ਸੀ। ਮਾਂ ਨੇ ਬੜੀ ਸ਼ਰਧਾ ਨਾਲ ਕੜਾਹੀ ਕਰਵਾਈ। ਭਵਨ (ਚਿੰਤਪੁਰਨੀ ਮੰਦਰ) ਵਿਚ ਛੋਟੀਆਂ ਵੱਡੀਆਂ ਘੰਟੀਆਂ ਹੀ ਘੰਟੀਆਂ। ਲੋਕ ਘੰਟੀਆਂ ਵੀ ਖੜਕਾਉਣ ਤੇ ਜੈਕਾਰੇ ਵੀ ਬੁਲਾਉਣ। ਮਾਂ ਵੀ ਜੈਕਾਰਿਆਂ ਵਿਚ ਸ਼ਾਮਲ ਹੁੰਦੀ।
**ਚਿੰਤਾ ਪੂਰੀਆਂ ਕਰਨ ਵਾਲੀ ਐ ਸਭ ਦੀ। ਲੈ ਨਿਹਚਾ ਨਾਲ ਮੱਥਾ ਟੇਕੀਂ। ਤੈਥੋਂ ਕੁਛ ਨੀ ਲਕੋਣਾ ਮਾਤਾ ਨੇ।'' ਮੱਥਾ ਟੇਕਣ ਵੇਲੇ ਮਾਂ ਮੈਨੂੰ ਸਮਝਾਉਤੀਆਂ ਦੇ ਰਹੀ ਸੀ। ਮਾਂ ਨੇ ਤਪੇ ਲਿਜਾਣ ਲਈ ਲੱਕੜ ਦੇ ਕਈ ਖਿਡੌਣੇ ਖਰੀਦੇ ਤੇ ਅੰਬ ਪਾਪੜ ਵੀ। ਆਉਂਦੇ ਹੋਏ ਉਹ ਤਾਂ ਸਭ ਉਸੇ ਰਾਹ ਵਾਪਸ ਚਲੇ ਗਏ ਪਰ ਮੈਂ ਤੇ ਮਾਂ ਕਾਕੇ ਨੂੰ ਲੈ ਕੇ ਮੁਬਾਰਕਪੁਰ ਚੌਂਕੀ ਵਾਲੀ ਬਸ ਚੜ੍ਹ ਗਏ। ਕਾਕੇ ਦੇ ਨਾਲ ਹੋਣ ਕਾਰਨ ਹਨੇਰਾ ਹੋਣ ਦੇ ਬਾਵਜੂਦ ਵੀ ਘਰ ਪਹੁੰਚਣ ਵਿਚ ਕੋਈ ਖਾਸ ਔਖ ਨਾ ਆਈ। ਮੇਰੇ ਕੋਲ ਚਿੰਤਪੁਰਨੀ ਤੋਂ ਖਰੀਦੀ ਹੋਈ ਇਕ ਮੁੱਠੇ ਵਾਲੀ ਸੋਟੀ ਵੀ ਸੀ। ਉਸ ਦਾ ਵੀ ਬੜਾ ਸਹਾਰਾ ਰਿਹਾ।
ਮਾਂ ਲਾਟਾਂ ਵਾਲੀ (ਜਵਾਲਾਮੁਖੀ) ਵੀ ਜਾਣਾ ਚਾਹੁੰਦੀ ਸੀ ਤੇ ਕਾਂਗੜੇ ਵੀ, ਪਰ ਭਰਾ ਦੀ ਚਿੱਠੀ ਨੇ ਮਾਂ ਦੇ ਇਸ ਪ੍ਰੋਗਰਾਮ ਵਿਚ ਵਿਘਨ ਪਾ ਦਿੱਤਾ।
ਮਾਰਚ ਤੋਂ ਪਹਿਲਾਂ ਪਹਿਲਾਂ ਮੈਨੂੰ ਚਾਰ ਵਾਰ ਤਪੇ ਜਾਣਾ ਪਿਆ। ਦੋ ਵਾਰ ਅਜਿਹਾ ਹੋਇਆ ਕਿ ਬਸ ਜੁਆਰ ਦੀ ਥਾਂ ਮੁਬਾਰਕਪੁਰ ਚੌਂਕੀ ਹੀ ਰੁਕ ਗਈ, ਨਹਿਰੀ ਤਕ ਵੀ ਨਾ ਗਈ। ਏਥੋਂ ਜੁਆਰ ਗਿਆਰਾਂ ਮੀਲ ਸੀ। ਲਾਹੜ ਦੋ ਮੀਲ ਘੱਟ ਹੋਊ, ਨੌਂ ਮੀਲ ਸਮਝੋ। ਪੂਰਾ ਚੰਦ ਧਰਤੀ ਉਤੇ ਰੌਸ਼ਨੀ ਬਖੇਰ ਰਿਹਾ ਸੀ। ਟਾਰਚ ਵੀ ਮੇਰੇ ਕੋਲ ਸੀ। ਮੁਬਾਰਕਪੁਰ ਚੌਂਕੀ ਠਹਿਰਨ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਸੱਜੇ ਹੱਥ ਵਿਚ ਹੀ ਬੈਗ ਤੇ ਉਸੇ ਹੱਥ ਵਿਚ ਸੋਟੀ ਫੜ ਕੇ ਮੈਂ ਨਹਿਰੀ ਲਈ ਚੱਲ ਪਿਆ। ਤੁਰਨ ਵਿਚ ਕੋਈ ਮੁਸ਼ਕਲ ਨਾ ਆਈ। ਸੜਕ ਬਿਲਕੁਲ ਸਾਫ ਦਿਸ ਰਹੀ ਸੀ। ਨਹਿਰੀ ਰੁਕਣ ਦਾ ਇਰਾਦਾ ਵੀ ਤਿਆਗ ਦਿੱਤਾ। ਰਾਹ ਵਿਚ ਕਿਤੇ ਟਾਰਚ ਵੀ ਜਗਾਉਣੀ ਨਹੀਂ ਸੀ ਪਈ। ਨਹਿਰੀ ਤੋਂ ਮੈਂ ਪੌਣੇ ਕੁ ਘੰਟੇ ਵਿਚ ਥੜ੍ਹੇ ਵਾਲੇ ਉਸ ਦਰਖਤ ਕੋਲ ਪਹੁੰਚ ਗਿਆ, ਜਿਥੇ ਕਈ ਵਾਰ ਮੈਂ ਸੈਰ ਕਰਦਾ ਹੋਇਆ ਨਿਕਲ ਜਾਂਦਾ ਸੀ। ਰਾਹ ਸਾਰਾ ਮੇਰਾ ਜਾਣਿਆ ਪਛਾਣਿਆ ਸੀ। ਏਥੋਂ ਮੈਂ ਡੰਡੀ ਪੈ ਕੇ ਢਲਾਣ ਵੱਲ ਉਤਰ ਪਿਆ। ਰਾਹ 'ਚ ਪਾਣੀ ਵੀ ਆਇਆ ਪਰ ਬੋਚ ਬੋਚ ਪੈਰ ਧਰ ਕੇ ਮੁੜ ਡੰਡੀ 'ਤੇ ਪਹੁੰਚ ਗਿਆ। ਜਿਥੇ ਕੋਈ ਦਰਖਤ ਆ ਜਾਂਦਾ, ਉਥੇ ਮੁਸ਼ਕਲ ਜ਼ਰੂਰ ਆਉਂਦੀ। ਚਾਨਣੀ ਦਰਖਤਾਂ ਦੇ ਪੱਤਿਆਂ ਤੇ ਦੂਰ ਤੱਕ ਪੈਂਦੇ ਪਰਛਾਵੇਂ ਕਾਰਨ ਰਾਹ ਦੱਸਣ ਤੋਂ ਇਨਕਾਰੀ ਹੋ ਜਾਂਦੀ, ਉਥੇ ਮੈਂ ਟਾਰਚ ਜਗਾ ਲੈਂਦਾ। ਦਰਖਤਾਂ ਦੀ ਇਸ ਤਰ੍ਹਾਂ ਦੀ ਰੁਕਾਵਟ ਤਾਂ ਤਿੰਨ ਚਾਰ ਥਾਂ ਆਈ ਹੀ ਹੋਵੇਗੀ ਪਰ ਨਹਿਰੀ ਰਾਤ ਕੱਟਣ ਨਾਲੋਂ ਇਹ ਔਖ ਮੇਰਾ ਰਾਹ ਰੋਕ ਨਾ ਸਕੀ। ਹਾਂ, ਬਾਘ ਦਾ ਡਰ ਕਦੇ ਕਦੇ ਜ਼ਰੂਰ ਬੇਚੈਨੀ ਪੈਦਾ ਕਰਦਾ। ਆਖਰ ਗਿਆਰਾਂ ਵਜੇ ਤੋਂ ਪਹਿਲਾਂ ਮੈਂ ਘਰ ਪਹੁੰਚ ਗਿਆ ਸੀ। ਰਾਮ ਸਿੰਘ ਦਾ ਸਾਰਾ ਟੱਬਰ ਵੀ ਹੈਰਾਨ ਸੀ ਤੇ ਮਾਂ ਵੀ। ਰਾਮ ਸਿੰਘ ਦੇ ਦੱਸਣ ਅਨੁਸਾਰ ਦਸ-ਬਾਰਾਂ ਮੀਲ ਦਾ ਇਸ ਤਰ੍ਹਾਂ ਦਾ ਸਫਰ ਤਾਂ ਰਾਤ ਨੂੰ ਪਹਾੜੀ ਲੋਕ ਵੀ ਨਹੀਂ ਕਰਦੇ।
ਲਗਭਗ ਇਕ ਮਹੀਨੇ ਪਿੱਛੋਂ ਮੁਬਾਰਕਪੁਰ ਚੌਂਕੀ ਤੋਂ ਫੇਰ ਸਾਢੇ ਕੁ ਸੱਤ ਵਜੇ ਚੱਲ ਕੇ ਸਾਢੇ ਕੁ ਦਸ ਵਜੇ ਮੈਂ ਲਾਹੜ ਪਹੁੰਚ ਗਿਆ ਸੀ। ਉਸ ਦਿਨ ਵੀ ਚੰਦਰਮਾ ਦੀ ਰੌਸ਼ਨੀ ਤੇ ਟਾਰਚ ਦੇ ਨਾਲ ਨਾਲ ਪਿਛਲੇ ਤਜਰਬੇ ਨੇ ਧੁਰ ਤੋਂ ਧੁਰ ਤੱਕ ਮੇਰਾ ਹੌਸਲਾ ਕਾਇਮ ਰੱਖਿਆ। ਮੇਰੀ ਦਲੇਰੀ ਦੀ ਇਹ ਗੱਲ ਰਾਮ ਸਿੰਘ ਤੇ ਬੰਤੇ ਨੇ ਸਾਰੇ ਇਲਾਕੇ ਵਿਚ ਘੁੰਮਾ ਦਿੱਤੀ ਸੀ। ਹਾਂ, ਮੈਨੂੰ ਵੀ ਲਗਦਾ ਹੈ ਕਿ ਇਹ ਮੇਰੀ ਦਲੇਰੀ ਹੀ ਸੀ ਕਿ ਮੈਂ ਆਪਣੀ ਅੱਖਾਂ ਦੀ ਰੌਸ਼ਨੀ ਦੀ ਘਾਟ ਦੇ ਬਾਵਜੂਦ ਵੀ ਦੋ ਵਾਰ ਰਾਤ ਨੂੰ ਪੈਦਲ ਏਨਾਂ ਲੰਬਾ ਸਫਰ ਤੈਅ ਕੀਤਾ ਸੀ। ਇਸ ਦਾ ਫਾਇਦਾ ਮੈਨੂੰ ਇਹ ਹੋਇਆ ਕਿ ਮੈਨੂੰ ਅੰਦਾਜ਼ਾ ਹੋ ਗਿਆ ਕਿ ਮੇਰੀ ਨਜ਼ਰ ਰਾਤ ਨੂੰ ਕਿਥੇ ਤੇ ਕਿਵੇਂ ਕੰਮ ਕਰਦੀ ਹੈ।
ਇਕ ਚਿੱਠੀ ਮਿਲੀ, ਉਸ ਨੇ ਮਾਂ ਤੇ ਮੈਨੂੰ ਗਮ ਵਿਚ ਡੋਬ ਦਿੱਤਾ। ਤਾਏ ਦੇ ਛੋਟੇ ਪੁੱਤਰ ਹੇਮ ਰਾਜ ਦੀ ਮੌਤ ਸਾਡੇ ਲਈ ਵੱਡਾ ਸਦਮਾ ਸੀ। ਮਾਂ ਤਪੇ ਜਾਣ ਲਈ ਕਾਹਲੀ ਸੀ। ਬੰਤੇ ਦੇ ਹੱਥ ਮੁੱਖ ਅਧਿਆਪਕ ਨੂੰ ਰੁੱਕਾ ਭੇਜ ਕੇ ਅਸੀਂ ਅਗਲੇ ਹੀ ਦਿਨ ਤਪੇ ਲਈ ਚੱਲ ਪਏ ਸਾਂ।
ਮਾਂ ਤਾਂ ਤਪੇ ਹੀ ਰਹਿ ਪਈ। ਅਜੇ ਕਾਣਾਂ ਮਕਾਣਾਂ ਜਾਣੀਆਂ ਸਨ। ਮੇਰਾ ਵੀ ਜੀਅ ਸੀ ਬਈ ਮੈਂ ਵੀ ਮਕਾਣਾਂ ਵਾਲੇ ਦਿਨ ਨਾਲ ਜਾਵਾਂ ਪਰ ਭਰਾ ਨੇ ਜਿਹੜਾ ਪ੍ਰੋਗਰਾਮ ਬਣਾਇਆ, ਉਸ ਅਨੁਸਾਰ ਮੈਂ ਤੀਜੇ ਦਿਨ ਜੁਆਰ ਲਈ ਚੱਲ ਪਿਆ। ਰੋਟੀ ਦਾ ਓਹੀ ਪੁਰਾਣਾ ਸਿਲਸਿਲਾ, ਮੈਂ ਰਾਸ਼ਨ ਲੈ ਕੇ ਦੇ ਦਿੱਤਾ, ਪੱਕੀ ਪਕਾਈ ਰੋਟੀ ਮਿਲਣ ਲੱਗ ਪਈ। ਬੰਤਾ ਪੇਪਰ ਦੇ ਕੇ ਆਪਣੇ ਭਰਾ ਕੋਲ ਚਲਾ ਗਿਆ। ਕੁਝ ਦਿਨਾਂ ਪਿੱਛੋਂ ਹਮੀਰਾਂ ਨੂੰ ਵੀ ਲਛਮਣ ਆ ਕੇ ਲੈ ਗਿਆ। ਮੇਰਾ ਰਾਜ਼ਦਾਰ ਉਪ-ਵੈਦ ਰਾਜ ਕੁਮਾਰ ਕਪੂਰ ਵੀ ਨੌਕਰੀ ਛੱਡ ਕੇ ਚਲਾ ਗਿਆ ਸੀ। ਸਕੂਲ ਵਿਚ ਵੀ ਪੇਪਰਾਂ ਪਿੱਛੋਂ ਸੁੰੰਨਸਾਨ ਜਿਹੀ ਵਰਤ ਗਈ। ਬੱਸ ਇਸ ਸਮੇਂ ਜੇ ਮੇਰਾ ਕੋਈ ਸਹਾਰਾ ਸੀ ਤਾਂ ਉਹ ਸਨ ਕਿਤਾਬਾਂ। ਲਾਇਬਰੇਰੀ ਦੀਆਂ ਸਭ ਤੋਂ ਵੱਧ ਪੰਜਾਬੀ ਦੀਆਂ ਕਿਤਾਬਾਂ ਮੈਂ ਮਾਰਚ ਤੋਂ ਮਈ ਦੇ ਮਹੀਨੇ ਤੱਕ ਪੜ੍ਹੀਆਂ। ਬੰਤੇ ਦੇ ਕੁਝ ਦਿਨ ਜਲੰਧਰ ਲਾਉਣ ਪਿੱਛੋਂ ਆਉਣ 'ਤੇ ਸਾਡਾ ਏਧਰ-ਓਧਰ ਘੁੰਮਣ ਘੁੰਮਾਉਣ ਦਾ ਵੀ ਚੱਕਰ ਬਣਿਆ ਰਹਿੰਦਾ।
ਇਕ ਵਾਰ ਮੈਂ ਤੇ ਬੰਤਾ ਹਮੀਰਾਂ ਦੇ ਸਹੁਰੀਂ ਵੀ ਗਏ ਪਰ ਮੈਂ ਜੋ ਸੋਚ ਕੇ ਚੜ੍ਹਾਈ ਉਤਰਾਈ ਤੇ ਖੱਡਾਂ ਦਾ ਬਿਖੜਾ ਵੀਹ ਮੀਲ ਦਾ ਇਹ ਪੈਂਡਾ ਤੈਅ ਕੀਤਾ, ਉਹ ਮਿਹਨਤ ਮੇਰੇ ਪੱਲੇ ਨਾ ਪਈ। ਇਕ ਰਾਤ ਉਥੇ ਰਹੇ ਵੀ। ਪ੍ਰਾਹੁਣਿਆਂ ਵਾਂਗ ਉਹਨਾਂ ਨੇ ਸੇਵਾ ਵੀ ਕੀਤੀ ਪਰ ਇਸ ਸੇਵਾ ਦਾ ਭੋਰਾ ਸੁਆਦ ਨਾ ਆਇਆ।
ਜੂਨ ਤੋਂ ਛੁੱਟੀਆਂ ਹੋਣੀਆਂ ਸਨ। ਜੁਲਾਈ ਵਿਚ ਬੀ.ਐ=ੱਡ. ਦੇ ਦਾਖਲੇ ਹੋਣੇ ਸਨ। ਜੁਲਾਈ ਤੋਂ ਹੀ ਸਕੂਲ ਟੇਕ ਓਵਰ ਹੋ ਜਾਣਾ ਸੀ। ਮੈਨੂੰ ਕੱਚੇ ਤੌਰ 'ਤੇ ਪੰਜਾਬੀ ਟੀਚਰ ਦੀ ਪੋਸਟ ਤਾਂ ਮਿਲ ਜਾਣੀ ਸੀ ਪਰ ਅਣ-ਟਰੇਂਡ ਹੋਣ ਕਾਰਨ ਪੱਕੀ ਨਿਯੁਕਤੀ ਹੋਣ ਦੀ ਕੋਈ ਆਸ ਨਹੀਂ ਸੀ। ਇਸ ਲਈ ਬੀ.ਐ=ੱਡ. ਵਿਚ ਦਾਖਲਾ ਲੈਣ ਦਾ ਇਰਾਦਾ ਬਣਾ ਕੇ ਮੈਂ ਨੌਕਰੀ ਛੱਡ ਆਇਆ ਪਰ ਛੁੱਟੀਆਂ ਦੀ ਅੱਧੀ ਕੁ ਤਨਖਾਹ ਉਹਨਾਂ ਮੈਨੂੰ ਸ਼ਾਇਦ ਦੋ ਗੱਲਾਂ ਕਾਰਨ ਦੇ ਦਿੱਤੀ। ਇਕ ਤਾਂ ਇਹ ਕਿ ਮੈਂ ਉਹਨਾਂ ਦੇ ਬੜੇ ਕੰਮ ਆਇਆ ਸੀ ਅਤੇ ਦੂਜੇ ਇਹ ਕਿ ਗੁਰਬਚਨ ਸਿੰਘ ਦੀਵਾਨਾ ਅਜੇ ਵੀ ਉਪ ਮੰਡਲ ਸਿਖਿਆ ਅਫਸਰ ਸੀ। ਉਸ ਤਾਈਂ ਸਕੂਲ ਵਾਲਿਆਂ ਨੂੰ ਅਜੇ ਵੀ ਕੰਮ ਪੈਣੇ ਸਨ। ਇਸ ਲਈ ਉਹ ਮੇਰੇ ਨਾਲ ਬਣਾ ਕੇ ਰੱਖਣਾ ਚਾਹੁੰਦੇ ਸਨ।
*ਜੀਣਾ ਪਹਾੜਾਂ ਦਾ ਜੀਣਾ'---ਜਿਹੜਾ ਗੀਤ ਮੈਂ ਰੇਡੀਓ 'ਤੇ ਸੁਣਿਆ ਕਰਦਾ ਸੀ, ਉਸ ਜ਼ਿੰਦਗੀ ਦਾ ਕੁਝ ਕੁ ਹਿੱਸਾ ਮੈਂ ਵੀ ਮਾਣ ਕੇ ਵੇਖ ਲਿਆ ਸੀ ਪਰ ਯਾਦ ਜਿਹੜੀ ਅਜੇ ਵੀ ਮੈਨੂੰ ਸਰਸ਼ਾਰ ਕਰ ਦਿੰਦੀ ਹੈ ਤੇ ਅਜੇ ਵੀ ਮੇਰੇ ਪੈਰ ਜੁਆਰ ਵੱਲ ਹੋਣਾ ਲੋਚਦੇ ਹਨ, ਉਸ ਦਾ ਕਾਰਨ ਹੈ ---ਲੱਛਮੀ ਦਾ ਸੁਹੱਪਣ ਤੇ ਹਮੀਰਾਂ ਦੀ ਮੁਹੱਬਤ।
ਮੈਂ ਤਿੰਨ ਵਾਰ ਫੇਰ ਵੀ ਜੁਆਰ ਗਿਆ।
-----ਚਲਦਾ-----