ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਖ਼ੁਸ਼ੀ ਅਤੇ ਮਜ਼ਬੂਰੀ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜਿਹੜਾ ਕੰਮ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ ਉਹ ਸਾਨੂੰ ਖ਼ੁਸ਼ੀ ਦਿੰਦਾ ਹੈ। ਉਸ ਨਾਲ ਸਾਨੂੰ ਊਰਜਾ ਅਤੇ ਸੰਤੁਸ਼ਟੀ ਮਿਲਦੀ ਹੈ ਪਰ ਜੇ ਉਹ ਹੀ ਕੰਮ ਸਾਨੂੰ ਕਿਸੇ ਮਜ਼ਬੂਰੀ ਵਸ, ਕਿਸੇ ਦਬਾਅ ਜਾਂ ਡਰ ਹੇਠ, ਬਿਨਾ ਆਪਣੀ ਇੱਛਾ ਤੋਂ ਕਰਨਾ ਪਏ ਤਾਂ ਉਹ ਸਾਨੂੰ ਥਕਾਨ ਦਿੰਦਾ ਹੈ। ਉਸ ਤੋਂ ਅਸੀਂ ਜਲਦੀ ਹੀ ਉਕਤਾ ਜਾਂਦੇ ਹਾਂ। ਉਹ ਕੰਮ ਸਾਡੇ ਅੰਦਰ ਅਰੁੱਚੀ ਪੈਦਾ ਕਰਦਾ ਹੈੰ ਅਤੇ ਸਿਰ ਦਰਦੀ ਦਿੰਦਾ ਹੈ। ਉਹ ਕੰਮ ਸਾਡੀ ਉਸਾਰੂ ਊਰਜਾ ਨੂੰ ਨਸ਼ਟ ਕਰਦਾ ਹੈ ਕਿਉਂਕਿ ਉਹ ਕੰਮ ਸਾਡੇ ਉੱਤੇ ਠੋਸਿਆ ਹੁੰਦਾ ਹੈ।
    ਜੇ ਸਾਨੂੰ ਕਿਸੇ ਕੰਮ ਲਈ ਦੋ ਚਾਰ ਕਿਲੋ ਮੀਟਰ ਪੈਦਲ ਤੁਰ ਕੇ ਜਾਣਾ ਪਏ ਤਾਂ ਅਸੀਂ ਥੱਕ ਜਾਂਦੇ ਹਾਂ ਪਰ ਜੇ ਅਸੀਂ ਆਪਣੀ ਮਰਜ਼ੀ ਨਾਲ ਦੋ ਚਾਰ ਕਿਲੋ ਮੀਟਰ ਦੀ ਸੈਰ ਕਰੀਏ ਤਾਂ ਉਸ ਥਕਾਵਟ ਦੀ ਅਸੀਂ ਪਰਵਾਹ ਨਹੀਂ ਕਰਦੇ। ਉਸ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ। ਮਨ ਨੂੰ ਸੰਤੁਸ਼ਟੀ ਅਤੇ ਇਕ ਨਵੀਂ ਊਰਜਾ ਮਿਲਦੀ ਹੈ।ਜਿਹੜੇ ਕੰਮ ਖ਼ੁਸ਼ੀ ਨਾਲ ਕੀਤੇ ਜਾਂਦੇ ਹਨ ਉਹ ਹਾਂ ਪੱਖੀ ਅਤੇ ਉਸਾਰੂ ਹੋ ਜਾਂਦੇ ਹਨ ਅਤੇ ਸਾਨੂੰ ਹੋਰ ਵੀ ਮੁਸ਼ਕਲ ਕੰਮ ਨੂੰ ਹੱਥ ਪਾਣ ਲਈ ਉਤਸ਼ਾਹ ਦਿੰਦੇ ਹਨ ਪਰ ਜਿਹੜੇ ਕੰਮ ਬੱਧੇ ਵੱਸੀਂ ਕੀਤੇ ਜਾਂਦੇ ਹਨ ਉਹ ਸਾਡੀ ਜ਼ਿੰਦਗੀ ਵਿਚ ਨਾਂਹ ਪੱਖੀ ਹੋ ਨਿਬੜਦੇ ਹਨ ਅਤੇ ਸਾਡੇ ਵੀਚਾਰਾਂ ਨੂੰ ਢਾਹੂ ਪਾਸੇ ਲੈ ਜਾਂਦੇ ਹਨ। ਬੱਧੇ ਵੱਸੀਂ ਜੇ ਕੋਈ ਕਲਾਕਿਰਤੀ ਵੀ ਬਣਾਈ ਜਾਏ ਤਾਂ ਉਹ ਕਦੀ ਸ਼ਾਹਕਾਰ ਨਹੀਂ ਬਣਦੀ ਕਿਉਂਕਿ ਉਸ ਕੰਮ ਵਿਚ ਕਲਾਕਾਰ ਦੀ ਆਤਮਾ ਇੱਕ ਮਿੱਕ ਨਹੀਂ ਹੁੰਦੀ। ਉਸ ਵਿਚੋਂ ਕਲਾਕਾਰ ਦੇ ਜਜ਼ਬਾਤ ਗਾਇਬ ਹੁੰਦੇ ਹਨ।
    ਅੱਜ ਕੱਲ ਦੇ ਬੱਚੇ ਬੜੀ ਸ਼ਾਨ ਨਾਲ ਜਿੰਮ ਜਾਂਦੇ ਹਨ ਉੱਥੇ ਪੈਸੇ ਦੇ ਕੇ ਕਸਰਤ ਕਰਦੇ ਹਨ ਅਤੇ ਭਾਰ ਚੁੱਕਦੇ ਹਨ ਅਤੇ ਆਪਣਾ ਕੀਮਤੀ ਸਮਾਂ ਵੀ ਖ਼ਰਚ ਕਰਦੇ ਹਨ ਪਰ ਜੇ ਘਰ ਦਾ ਕੋਈ ਭਾਰਾ ਕੰਮ ਕਰਨਾ ਪੈ ਜਾਏ ਜਾਂ ਥੋੜ੍ਹੀ ਦੂਰ ਮਾਰਕੀਟ ਤੱਕ ਕਿਸੇ ਕੰਮ ਪੈਦਲ ਜਾਣਾ ਪੈ ਜਾਏ ਤਾਂ ਉਨ੍ਹਾਂ ਨੂੰ ਬ੍ਹੋਝ ਲੱਗਦਾ ਹੈ। ਪਹਿਲੇ ਕੰਮ ਵਿਚ ਉਨ੍ਹਾਂ ਦੀ ਆਪਣੀ ਮਰਜ਼ੀ ਹੁੰਦੀ ਹੈ। ਇਸ ਲਈ ਉਨ੍ਹਾਂ ਉਹ ਕੰਮ ਸੋਖਾ ਲੱਗਦਾ ਹੈ ਅਤੇ ਖ਼ੁਸ਼ੀ ਦਿੰਦਾ ਹੈ ਪਰ ਦੂਜੇ ਹਾਲਾਤ ਵਿਚ ਉਨ੍ਹਾਂ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਇਸ ਲਈ ਉਹ ਉਸ ਨੂੰ ਬੱਧੇ ਵੱਸੀਂ ਬੇ-ਮਨ ਨਾਲ ਕਰਦੇ ਹਨ। ਇਸੇ ਤਰ੍ਹਾਂ ਉਹ ਜ਼ਿਮ  ਜਾ ਕੇ ਫ਼ਾਲਤੂ ਦੀ ਸਾਈਕਲਿੰਗ ਕਰਦੇ ਹਨ ਪਰ ਦਫ਼ਤਰ ਸਾਈਕਲ ਤੇ ਜਾਣ ਤੇ ਉਨ੍ਹਾਂ ਨੂੰ ਆਪਣੀ ਹੱਤਕ ਮਹਿਸੂਸ ਹੁੰਦੀ ਹੈ। ਕਾਰ ਜਾਂ ਮੋਟਰਸਾਈਕਲ ਤੋਂ ਬਿਨਾਂ ਉਨ੍ਹਾਂ ਦੀ ਗੱਲ ਨਹੀਂ ਬਣਦੀ।
    ਜਿਹੜੇ ਬੰਦੇ ਦੀ ਅੱਧੀ ਰਾਤ ਨੂੰ ਨੀਂਦਰ ਖੁਲ੍ਹ ਜਾਏ ਉਹ ਬਾਕੀ ਸਾਰੀ ਰਾਤ ਪਾਸੇ ਹੀ ਪਰਤਦਾ ਰਹਿੰਦਾ ਹੈ। ਸਵੇਰੇ ਉੱਠ ਕੇ ਉਸ ਨੂੰ ਬਹੁਤ ਥਕਾਵਟ ਮਹਿਸੂਸ ਹੁੰਦੀ ਹੈ। ਸਾਰਾ ਦਿਨ ਉਸ ਦਾ ਸਰੀਰ ਟੁੱਟਦਾ ਰਹਿੰਦਾ ਹੈ। ਇਸ ਲਈ ਅਗਲੇ ਦਿਨ ਉਹ ਕੋਈ ਕੰਮ ਪੂਰੀ ਸਮਰੱਥਾ ਨਾਲ ਨਹੀਂ ਕਰ ਸਕਦਾ। ਉਸ ਦਾ ਸੁਭਾਅ ਚਿੜਚਿੜਾ ਅਤੇ ਕੌੜਾ ਹੋ ਜਾਂਦਾ ਹੈ। ਉਹ ਹਰ ਇੱਕ ਨਾਲ ਖਿਝ ਕੇ ਬੋਲਦਾ ਹੈ। ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਉਸ ਦੀ ਭੁੱਖ ਵੀ ਮਰ ਜਾਂਦੀ ਹੈ ਅਤੇ ਪੇਟ ਖਰਾਬ ਰਹਿਣ ਲੱਗ ਜਾਂਦਾ ਹੈ। ਜੇ ਕੁਝ ਦਿਨ ਉਸ ਦੀ ਇਹ ਹੀ ਹਾਲਾਤ ਰਹੇ ਤਾਂ ਉਸ ਨੂੰ ਡਾਕਟਰਾਂ ਦੀ ਸ਼ਰਨ ਲੈਣੀ ਪੈਂਦੀ ਹੈ। ਡਾਕਟਰ ਨੀਂਦ ਆਉਣ ਲਈ ਨਸ਼ੇ ਦੀਆਂ ਦੁਆਈਆਂ ਦੇਣ ਲੱਗ ਪੈਂਦੇ ਹਨ ਜਿਸ ਨਾਲ ਉਸ ਦੀ ਸਿਹਤ ਹੋਰ ਵੀ ਵਿਗੜ ਜਾਂਦੀ ਹੈ ਅਤੇ ਉਹ ਪੱਕੇ ਤੋਰ ਤੇ ਹੀ ਰੋਗ ਗ੍ਰਸਤ ਹੋ ਜਾਂਦਾ ਹੈ।
    ਜੇ ਕਦੀ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਜਾਏ ਤਾਂ ਸਮਝੋ ਕਿ ਤੁਹਾਡਾ ਇੱਕ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਖੜਾ ਹੋ ਗਿਆ ਹੈ। ਇਸ ਨਾਲ ਜਲਦੀ ਹੀ ਤੁਹਾਨੂੰ ਭੁੱਖ ਲੱਗਣੀ ਬੰਦ ਹੋ ਜਾਵੇਗੀ। ਇਹ ਤੁਹਾਡਾ ਦੁਸ਼ਮਣ ਨੰਬਰ ਦੋ ਹੋਵੇਗਾ। ਇਸ ਨਾਲ ਤੁਸੀਂ ਖਾਣਾ ਘੱਟ ਖਾ ਸਕੋਗੇ ਅਤੇ ਸਰੀਰਕ ਤੋਰ ਤੇ ਨਿਰਬਲ ਹੋ ਜਾਵੋਗੇ। ਆਪਣੇ ਦੁਸ਼ਮਣ ਨੂੰ ਕਦੀ ਕਮਜੋਰ ਨਾ ਸਮਝੋ। ਦੁਸ਼ਮਣ ਨੂੰ ਸਿਰ ਚੁੱਕਦੇ ਦੇਖ ਕੇ ਹੀ ਸਾਵਧਾਨ ਹੋ ਜਾਵੋ। ਧਿਆਨ ਨਾਲ ਸੋਚੋ ਕਿ ਤੁਹਾਨੂੰ ਨੀਂਦ ਕਿਉਂ ਨਹੀਂ ਆ ਰਹੀ। ਹੋ ਸਕਦਾ ਹੈ ਕਿ ਤੁਸੀਂ ਕਿਸੇ ਚਿੰਤਾ ਵਿਚ ਹੋਵੋ ਅਤੇ ਇਹ ਫ਼ਿਕਰ ਤੁਹਾਨੂੰ ਸੋਣ ਨਾ ਦਿੰਦਾ ਹੋਵੇ। ਕੋਸ਼ਿਸ਼ ਕਰੋ ਕਿ ਸਾਰੀ ਚਿੰਤਾ ਪ੍ਰਮਾਤਮਾ ਤੇ ਛੱਡ ਦਿਓ। ਉਹ ਜੋ ਕੁਝ ਵੀ ਕਰੇਗਾ ਠੀਕ ਹੀ ਕਰੇਗਾ। ਨੀਂਦ ਨਾ ਆਉਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਤੁਸੀਂ ਸਾਰਾ ਦਿਨ ਵਹਿਲੇ ਰਹਿੰਦੇ ਹੋਵੋ। ਸਰੀਰਕ ਕੰਮ ਘੱਟ ਕਰਦੇ ਹੋਵੋ। ਇਸ ਲਈ ਆਪਣੇ ਆਪ ਨੂੰ ਕਿਸੇ ਉੇਸਾਰੂ ਸਰੀਰਕ ਕੰਮ ਵਿਚ ਰੁੱਝੇ ਰੱਖੋ। ਇਸ ਨਾਲ ਤੁਹਾਡਾ ਸਰੀਰ ਥੱਕ ਜਾਵੇਗਾ। ਆਪੇ ਨੀਂਦ ਆ ਜਾਵੇਗੀ। ਯੋਗਾ ਅਤੇ ਸਵੇਰ ਸ਼ਾਮ ਦੀ ਸੈਰ ਵੀ ਇਸ ਕੰਮ ਵਿਚ ਬਹੁਤ ਸਹਾਈ ਹੁੰਦੇ ਹਨ।ਆਪਣੇ ਆਪ ਨੂੰ ਕਿਸੇ ਪਾਠ ਪੂਜਾ ਜਾਂ ਕਿਸੇ ਲੋਕ ਭਲਾਈ ਦੇ ਕੰਮ ਵਿਚ ਲਾਓ।  ਆਪਣੇ ਵੀਚਾਰਾਂ ਨੂੰ ਸਦਾ ਹਾਂ ਪੱਖੀ ਰੱਖੋ ਅਤੇ ਚੰਗਾ ਸੋਚੋ। ਆਪਣੇ ਮਨ ਨੂੰ ਬਹੁਤਾ ਭਟਕਣ ਨਾ ਦਿਓ ਅਤੇ ਬਿਰਤੀਆਂ ਨੂੰ ਇਕਾਗਰ ਰੱਖੋ। ਸਭ ਠੀਕ ਹੋ ਜਾਵੇਗਾ।
    ਦੂਜੇ ਪਾਸੇ ਕਈ ਲੋਕ ਐਸੇ ਵੀ ਹਨ ਕਿ ਜੇ ਉਨ੍ਹਾਂ ਦੀ ਅੱਧੀ ਰਾਤ ਨੂੰ ਵੀ ਨੀਂਦ ਖੁੱਲ਼ ਜਾਏ ਤਾਂ ਉਹ ਸਮਾਧੀ ਲਾ ਕੇ ਬੈਠ ਜਾਂਦੇ ਹਨ ਅਤੇ ਪ੍ਰਮਾਤਮਾ ਦਾ, ਉਸ ਦੀਆਂ ਦਿੱਤੀਆਂ ਦਾਤਾਂ ਲਈ ਸ਼ੁਕਰਾਨਾ ਕਰਦੇ ਹਨ। ਕਈ ਲੋਕ ਤਾਂ ਆਪ ਵੀ ਨਿਯਮ ਨਾਲ ਸਵੇਰੇ ਤੜੱਕੇ ਉੱਠ ਕੇ ਨਹਾ ਧੋ ਕੇ ਗੁਰਦਵਾਰੇ ਜਾਂ ਮੰਦਿਰ ਜਾਂਦੇ ਹਨ। ਕਈ ਸਵੇਰੇ ਸਵੇਰੇ ਸੈਰ ਕਰਨ ਜਾਂਦੇ ਹਨ। ਅਜਿਹੇ ਲੋਕਾਂ ਨੂੰ ਇਕ ਰੂਹਾਨੀ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਦੇ ਚਿਹਰੇ ਤੇ ਅਦੁੱਤੀ ਨੂਰ ਹੁੰਦਾ ਹੈ। ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ। ਬਿਮਾਰੀਆਂ ਉਨ੍ਹਾਂ ਦੇ ਨੇੜੇ ਨਹੀਂ ਢੁਕਦੀਆਂ। ਉਨ੍ਹਾਂ ਦਾ ਮਨ ਸ਼ਾਂਤ ਰਹਿੰਦਾ ਹੈ। ਉਨ੍ਹਾਂ ਨੂੰ ਗੁੱਸਾ ਵੀ ਘੱਟ ਆਉਂਦਾ ਹੈ। ਉਹ ਮਿੱਠੀ ਆਵਾਜ਼ ਵਿਚ ਬੋਲਦੇ ਹਨ। ਉਨ੍ਹਾਂ ਦਾ ਮਨ ਠੰਡਾ ਰਹਿੰਦਾ ਹੈ ਅਤੇ ਉਹ ਦੂਸਰੇ ਨੂੰ ਵੀ ਠੰਡਕ ਪਹੁੰਚਾਉਂਦੇ ਹਨ। ਅਜਿਹੇ ਮਨੁੱਖ ਲੰਮੀ ਅਤੇ ਸੁੱਖਮਈ ਉਮਰ ਭੋਗਦੇ ਹਨ। ਉਨ੍ਹਾਂ ਦੇ ਦਰਸ਼ਨ ਕਰ ਕੇ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਤੋਂ ਇਲਾਵਾ ਕਈ ਸਾਹਿਤਕਾਰ ਅਤੇ ਕਲਾਕਾਰ ਅੱਧੀ ਰਾਤ ਨੂੰ ਕੁਦਰਤ ਦੇ ਸ਼ਾਂਤ ਵਾਤਾਵਰਨ ਦਾ ਲਾਭ ਉਠਾਉਣ ਲਈ ਉੱਠਦੇ ਹਨ ਅਤੇ ਆਪਣੇ ਸ਼ਾਹਕਾਰ ਬਣਾਉਂਦੇ ਹਨ। ਉਨ੍ਹਾਂ ਦੇ ਸ਼ਾਹਕਾਰ ਨੂੰ ਦੇਖ ਕੇ ਦੁਨੀਆਂ ਦੰਗ ਰਹਿ ਜਾਂਦੀ ਹੈ। ਅਜਿਹੇ ਮਨੁੱਖਾਂ ਨੂੰ ਉਨੀਂਦਰਾ ਤੰਗ ਨਹੀਂ ਕਰਦਾ ਕਿਉਂਕਿ ਉਹ ਰੱਬ ਦੀ ਰਜ਼ਾ ਵਿਚ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਉਸਾਰੂ ਕੰਮਾਂ ਵਲ ਸਮਰਪਿਤ ਕਰਦੇ ਹਨ। ਉਹ ਸਦਾ ਆਨੰਦ ਦੀ ਸਥਿਤੀ ਵਿਚ ਰਹਿੰਦੇ ਹਨ।
    ਜੇ ਕਿਸੇ ਬੰਦੇ ਦਾ ਦੂਸਰੇ ਬੰਦੇ ਨਾਲ ਲੜਾਈ ਝਗੜਾ ਹੋ ਜਾਏ ਅਤੇ ਕੋਈ ਸੱਟ ਫੇਟ ਲੱਗ ਜਾਏ ਤਾਂ ਬੜਾ ਦੁੱਖ ਹੁੰਦਾ ਹੈ। ਖ਼ੂਨ ਉਬਲਣ ਲੱਗ ਪੈਂਦਾ ਹੈ ਅਤੇ ਜਦ ਤੱਕ ਦੁਸ਼ਮਣ ਤੋਂ ਬਦਲਾ ਨਾ ਲੈ ਲਿਆ ਜਾਏ ਤਦ ਤੱਕ ਚੈਨ ਨਹੀਂ ਆਉਂਦਾ। ਬਦਕਿਸਮਤੀ ਨਾਲ ਜੇ ਕਿਧਰੇ ਅਜਿਹੀ ਲੜਾਈ ਵਿਚ ਕਿਸੇ ਬੰਦੇ ਦੀ ਮੌਤ ਹੋ ਜਾਏ ਤਾਂ ਉਸ ਦੇ ਘਰ ਵਾਲਿਆਂ ਲਈ ਬੜੇ ਸੰਤਾਪ ਅਤੇ ਨਮੋਸ਼ੀ ਦੀ ਗੱਲ ਹੁੰਦੀ ਹੈ ਅਤੇ ਉਨ੍ਹਾਂ ਨੂੰ ਤਾਂ ਹੀ ਤਸੱਲੀ ਮਿਲਦੀ ਹੈ ਜਦ ਉਹ ਦੂਸਰੇ ਬੰਦੇ ਦੀ ਵੀ ਅਲਖ ਮਿਟਾ ਦੇਣ। ਸਾਡੇ ਪਿੰਡਾਂ ਵਿਚ ਅਜਿਹੀਆਂ ਦੁਸ਼ਮਣੀਆਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਹਨ। ਉਹ ਦੁਸ਼ਮਣ ਨੂੰ ਕਦੀ ਮੁਆਫ਼ ਕਰਨ ਵਿਚ ਯਕੀਨ ਨਹੀਂ ਰੱਖਦੇ ਸਗੋਂ ਉਹ ਬਦਲਾ ਲੈਣ ਵਿਚ ਹੀ ਆਪਣੀ ਮਰਦਾਨਗੀ ਸਮਝਦੇ ਹਨ। ਇਸ ਬਦਲੇ ਦੀ ਭਾਵਨਾ ਨੇ ਕਈ ਅਨਮੋਲ ਮਾਸੂਮ ਜ਼ਿੰਦਗੀਆਂ ਨਿਗਲ ਲਈਆਂ ਹਨ। ਇਹ ਇਕ ਮਾੜੀ ਬਿਰਤੀ ਦੀ ਧਾਰਨਾ ਹੈ।
    ਦੂਜੇ ਪਾਸੇ ਜਿਹੜਾ ਸੈਨਿਕ ਆਪਣੇ ਦੇਸ਼ ਲਈ ਲੜਦਾ ਹੈ ਉਹ ਕਿਸੇ ਸੱਟ ਫੇਟ ਦੀ ਪਰਵਾਹ ਨਹੀਂ ਕਰਦਾ। ਉਹ ਆਪਣੇ ਦੇਸ਼ ਦੀ ਆਨ ਅਤੇ ਸ਼ਾਨ ਖਾਤਰ ਕਦੀ ਜੰਗ ਵਿਚ ਦੁਸ਼ਮਣ ਨੂੰ ਪਿੱਠ ਨਹੀਂ ਦਿਖਾਉਂਦਾ ਸਗੋਂ ਆਪਣੇ ਸੀਨੇ ਵਿਚ ਗੋਲੀ ਖਾ ਕੇ ਸ਼ਹੀਦ ਹੋਣ ਵਿਚ ਫ਼ਖਰ ਸਮਜਦਾ ਹੈ। ਬੇਸ਼ੱਕ ਉਸ ਦੇ ਪਰਿਵਾਰ ਵਾਲਿਆਂ ਲਈ ਉਸ ਦੀ ਕਮੀ ਦਾ ਸੰਤਾਪ ਤਾਂ ਹੁੰਦਾ ਹੀ ਹੈ ਪਰ ਉਨ੍ਹਾਂ ਨੂੰ  ਇਸ ਗੱਲ ਦੀ ਸੰਤੁਸ਼ਟੀ ਵੀ ਹੁੰਦੀ ਹੈ ਕਿ ਉਨ੍ਹਾਂ ਦੇ ਬੰਦੇ ਨੇ ਐਂਵੇਂ ਜਾਨ ਨਹੀਂ ਦਿੱਤੀ ਸਗੋਂ ਉਹ ਦੇਸ਼ ਲਈ ਸ਼ਹੀਦ ਹੋਇਆ ਹੈ। ਇਕ ਦਿਨ ਤਾਂ ਸਭ ਨੇ ਮਰਨਾ ਹੀ ਹੈ ਪਰ ਦੇਸ਼ ਲਈ ਸ਼ਹੀਦ ਹੋਣਾ ਸ਼ੂਰਵੀਰ ਸੈਨਿਕਾਂ ਦਾ ਹੀ ਕੰਮ ਹੁੰਦਾ ਹੈ। ਜੇ ਕੋਈ ਸੈਨਿਕ ਜੰਗ ਵਿਚ  ਅਪੰਗ ਹੋ ਕੇ ਘਰ ਵਾਪਿਸ ਵੀ ਆ ਜਾਏ ਭਾਵ aਸੁ ਦੀ ਲੱਤ ਬਾਂਹ ਟੁੱਟ ਜਾਏ ਜਾਂ ਸਰੀਰ ਦਾ ਕੋਈ ਹੋਰ ਅੰਗ ਨਕਾਰਾ ਹੋਜਾਏ ਤਾਂ ਬੇਸ਼ੱਕ ਉਸ ਦੀ ਬਾਕੀ ਜ਼ਿੰਦਗੀ ਉਸ ਲਈ ਕਠਿਨ ਹੋ ਜਾਂਦੀ ਹੈ ਪਰ ਫਿਰ ਵੀ ਉਹ ਇਸ ਅਪੰਗਤਾ ਕਾਰਨ ਕਿਸੇ ਤੋਂ ਸ਼ਰਮਿੰਦਾ ਨਹੀਂ ਹੁੰਦਾ। ਉਹ ਇਸ ਨੂੰ ਆਪਣੀ ਛਾਤੀ ਤੇ ਲੱਗੇ ਤਗਮੇ ਦੀ ਤਰ੍ਹਾਂ ਹੀ ਸਮਝਦਾ ਹੈ ਅਤੇ ਸ਼ਾਨ ਨਾਲ ਸਿਰ ਉੱਚਾ ਕਰ ਕੇ ਸਮਾਜ ਵਿਚ ਵਿਚਰਦਾ ਹੈ।
    ਵਕਤ ਤਾਂ ਬੀਤ ਹੀ ਜਾਣਾ ਹੈ। ਜ਼ਿੰਦਗੀ ਤਾਂ ਕੱਟ ਹੀ ਜਾਣੀ ਹੈ ਭਾਵੇਂ ਖ਼ੁਸ਼ੀ ਖ਼ੁਸ਼ੀ ਕੱਟ ਲਓ, ਭਾਵੇਂ ਕੁੜ ਕੁੜ ਕਰ ਕੇ ਕੱਟੋ। ਖ਼ੁਸ਼ੀ ਖ਼ੁਸ਼ੀ ਕੱਟੋਗੇ ਤਾਂ ਆਪ ਵੀ ਸੁਖੀ ਰਹੋਗੇ ਅਤੇ ਦੂਜਿਆਂ ਨੂੰ ਵੀ ਸੁਖੀ ਰੱਖੋਗੇ। ਜੇ ਕੁੜ ਕੁੜ ਕਰ ਕੇ ਅਤੇ ਰੋ ਧੋ ਕੇ ਜ਼ਿੰਦਗੀ ਕੱਟੋਗੇ, ਸਾਰੀ ਉਮਰ ਝੂਰਦੇ ਹੀ ਰਹੋਗੇ ਅਤੇ ਗੁੱਸੇ ਗਿਲੇ ਅਤੇ ਉਲਬ੍ਹੇਾਂ ਹੀ ਦਿੰਦੇ ਰਹੋਗੇ ਤਾਂ ਆਪ ਵੀ ਦੁਖੀ ਹੋਵੋਗੇ ਅਤੇ ਦੂਸਰਿਆਂ ਨੂੰ ਵੀ ਦੁਖੀ ਕਰੋਗੇ। ਇਸ ਲਈ ਤੁਸੀਂ ਆਪ ਉਦਮੀ ਬਣੋ ਅਤੇ ਦੂਸਰਿਆਂ ਨੂੰ ਵੀ ਉਦਮੀ ਬਣਾਓ। ਜਿਸ ਕੰਮ ਨੂੰ ਵੀ ਹੱਥ ਪਾਓ ਆਪਣਾ ਇਸ਼ਟ ਸਮਝ ਕੇ ਖ਼ੁਸ਼ੀ ਖ਼ੁਸ਼ੀ ਉਸ ਨੂੰ ਅੰਤ ਤੱਕ ਸਿਰੇ ਚੜਾਓ। ਤੁਹਾਡਾ ਕੰਮ ਆਪ ਮੁੰਹੋਂ ਬੋਲੇ ਕਿ ਮੈਨੂੰ ਇਸ ਖਾਸ ਆਦਮੀ ਨੇ ਪੂਰਾ ਕੀਤਾ ਹੈ। ਇਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ। ਤੁਸੀਂ ਇਕ ਸਫ਼ਲ ਇਨਸਾਨ ਅਖਵਾਓਗੇ ਅਤੇ ਤੁਹਾਡੀ ਜ਼ਿੰਦਗੀ ਸੌਖੀ ਕੱਟੇਗੀ। ਤੁਸੀਂ ਆਪ ਖ਼ੁਸ਼ ਰਹੋਗੇ ਅਤੇ ਦੂਸਰੇ ਨੂੰ ਵੀ ਖ਼ੁਸ਼ ਰੱਖ ਸਕੋਗੇ। ਤੁਹਾਡੀ ਸ਼ਖਸੀਅਤ ਮਿਕਨਾਤੀਸੀ ਬਣੇਗੀ ਅਤੇ ਇਕ ਨਰੋਏ ਅਤੇ ਸੁਖੀ ਸੰਸਾਰ ਦੀ ਸਿਰਜਨਾ ਹੋ ਸਕੇਗੀ।