ਕਦੇ ਰੱਬ ਦਾ ਰੂਪ ਕਹਾਉਂਦਾ ਸੀ
ਤੇ ਅੱਜ ਕੱਲ
ਕਸਾਈ ....
ਠੱਗ ....
ਬੇਦਰਦ ...
ਜ਼ਾਲਿਮ ...
ਵੱਖ -ਵੱਖ ਉਪਨਾਮ ਦਿੱਤੇ ਜਾ ਰਹੇ ਨੇ ਡਾਕਟਰਾਂ ਨੂੰ
ਇਹਨਾਂ ਦਾ ਕੀ ਕਸੂਰ ?
ਜੇ ਇਹਨਾਂ ਦੇ ਢਿਡ੍ਹ ਦਾ ਰੱਜ
ਬੀਮਾਰਾਂ ਦੀਆਂ ਤਕਲੀਫ਼ਾਂ ਨਾਲ ਬੱਝਾ
ਕਿਸੇ ਦੇ ਤੜਪਣੇ ਵਿਚੋਂ
ਜੇ ਇਹ ਆਪਣੇ ਘਰ ਬਾਰ ਲਈ
ਰੋਜ਼ੀ ਬਣਾਉਂਦੇ ਨੇ
ਤਾਂ ਇਤਰਾਜ਼ ਕਾਹਦਾ
ਪੋਹ ਮਾਘ ਨੂੰ ਅੱਧੀ ਰਾਤੀਂ
ਕਿਸੇ ਬਾਲੜੀ ਦੀ ਵੱਖੀ ਪੀੜ
ਕੁੰਗੜਦੇ, ਅੱਖਾਂ ਮਲਦੇ ਉਠਕੇ
ਇਹੀ ਦੂਰ ਕਰਦੇ ਨੇ
ਹਾਰਟ ਅਟੈਕ ਨਾਲ
ਮੌਤ ਦੀ ਦਹਿਲੀਜ਼ ਤੇ ਪੈਰ ਧਰ ਚੁੱਕੇ
ਜਵਾਨ ਕੁੜੀਆਂ ਦੇ ਪਿਓ ਨੂੰ
ਸੁੱਖੀ-ਸਾਂਧੀ ਘਰ ਪਹੁੰਚਾਉਣ ਵਿਚ
ਇਹੀ ਸਹਾਈ ਹੁੰਦੇ ਨੇ
ਕਿਸੇ ਬਜ਼ੁਰਗ ਮਾਂ ਨੂੰ
ਮੋਤੀਏ ਤੋਂ ਨਿਜ਼ਾਤ ਦਵਾ
ਉਸਦੀਆਂ ਅੱਖਾਂ ਦੀ ਰੋਸ਼ਨੀ ਦੇ
ਮੁੜ ਸੂਤਰਧਾਰ ਇਹੀ ਬਣਦੇ ਨੇ
ਤੇ ਜੇ ਦੁਨਿਆਵੀਂ ਲੋੜਾਂ ਲਈ
ਇਹਨਾਂ ਆਪਣਾ ਹਿੱਸਾ ਲੈ ਲਿਆ
ਤਾਂ ਕੀ ਲੋਹੜਾ ਆ ਗਿਆ
ਆਖਿਰ ਬਾਜ਼ਾਰਵਾਦ ਵਿਚ ਵਿਚਰਨਾ ਤਾਂ ਇਹਨਾਂ ਵੀ ਹੈ
ਬੇਸ਼ੱਕ ! ਰੱਬ ਨਹੀਂ ਹਨ ਇਹ
ਮੁਨਕਰ ਨਹੀਂ ਹਾਂ ਇਸਤੋਂ
ਪਰ
ਕਸਾਈ ...
ਠੱਗ ...
ਬੇਦਰਦ ....
ਜ਼ਾਲਿਮ ..
ਯਕੀਨਣ ਨਹੀਂ ਹਨ ।
ਯਕੀਨਣ ਨਹੀਂ ਹਨ ।