ਲੇਖਕ -- ਬਿਕਰਮਜੀਤ ਨੂਰ
ਪ੍ਰਕਾਸ਼ਕ -- ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ
ਪੰਨੇ 144 -- ਕੀਮਤ 200 ਰੁਪਏ
ਪੰਜਾਬੀ ਦੇ ਚਰਚਿਤ ਆਲੋਚਕ ,ਮਿੰਨੀ ਕਹਾਣੀਕਾਰ ,ਨਾਵਲਕਾਰ ਪ੍ਰਮੁਖ ਸਮੀਖਿਆ ਕਾਰ ਉਘੇ ਸ਼ਾਇਰ ਤੇ ਅਨੁਵਾਦਕ, ਕਰੀਬ ਚਾਲੀ ਕਿਤਾਬਾਂ ਦੇ ਸਿਰਜਨਹਾਰ ਬਹੁਵਿਧਾਵੀ ਸਾਹਿਤਕਾਰ ਬਿਕਰਮਜੀਤ ਨੂਰ ਦੀ ਇਹ ਪੁਸਤਕ ਉਨ੍ਹਾਂ ਦੀ ਸਵੈਜੀਵਨੀ ਹੈ। ਜਿਸ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਬਚਪਨ ਦੇ ਵਰ੍ਹਿਆਂ ਦੀਆਂ ਭਰਪੂਰ ਯਾਦਾਂ ਨੂੰ ਰੀਝ ਨਾਲ ਲਿਖਿਆ ਹੈ । ਮੁਢਲੇ ਸ਼ਬਦਾਂ ਵਿਚ ਲੇਖਕ ਦਾ ਕਥਨ ਹੈ ---- ਮੇਰੇ ਇਹ ਤੇਰ੍ਹਾਂ ਸਾਲ ਜ਼ਿੰਦਗੀ ਦੇ ਸਾਰੇ ਸਾਲ ਹੋ ਨਿਬੜੇ । ਜਿਵੇਂ ਬੀਜ ਪੁੰਗਰਨ ਵੇਲੇ ਹੀ ਪਤਾ ਲਗ ਜਾਂਦਾ ਹੇ ਕਿ ਸਮੇਂ ਨਾਲ ਇਹ ਕਿਸ ਤਰ੍ਹਾਂ ਦਾ ਰੁੱਖ ਬਣੇਗਾ ਤੇ ਕਿਹੜੇ ਫਲ ਦੇਵੇਗਾ। ਇਸੇ ਤਰਾਂ ਬਚਪਨ ਤੇ ਪਏ ਪ੍ਰਭਾਵ ਬੰਦੇ ਦੀ ਸਾਰੀ ਉਮਰ ਦੀ ਦੌਲਤ ਬਣ ਜਾਂਦੇ ਹਨ । ਅਨੁਕੂਲ ਸਥਿਤੀਆਂ ਜੇ ਮਿਲਦੀਆਂ ਰਹਿਣ ਤਾਂ ਸੋਨੇ ਤੇ ਸੁਹਾਗੇ ਵਾਲੀ ਗਲ ਬਣ ਜਾਂਦੀ ਹੈ । ਲੇਖਕ ਬਿਕਰਮਜੀਤ ਨੂਰ ਦੇ ਬਚਪਨ ਦੇ ਇਹ ਤੇਰ੍ਹਾਂ ਸਾਲ ਉਸ ਦੀ ਬਹੁਤ ਵਡੀ ਕਮਾਈ ਬਣ ਗਏ । ਐਵੇ ਨਹੀ ਕਿਹਾ ਗਿਆ ਕਿ ਬਚਪਨ ਕਚੀ ਮਿੱਟੀ ਵਰਗਾ ਹੈ ।ਇਸ ਤੇ ਜੋ ਵੀ ਉਕਰਿਆ ਜਾਂਦਾ ਹੈ ।ਉਹ ਹਮੇਸ਼ਾਂ ਲਈ ਬੰਦੇ ਦੀ ਰਾਸ ਪੂੰਜੀ ਹੋ ਨਿਬੜਦਾ ਹੈ ।
ਲੇਖਕ ਦਾ ਚਾਚਾ(ਬਾਪ )102 ਸਾਲ ਦਾ ਹੋ ਕੇ ਧਰਤੀ ਤੋੰ ਗਿਆ । ਤੇ ਬੇਬੇ (ਮਾਤਾ) 2015 ਵਿਚ 94 ਸਾਲ ਦੀ ਉਮਰ ਵਿਚ ਗੁਰੂ ਚਰਨਾ ਵਿਚ ਗਏ। ਲੇਖਕ ਨੂੰ ਆਪਣੇ ਬਚਪਨ ਵਿਚ ਬੇਬੇ ਤੇ ਚਾਚੇ ਤੋਂ ਬਹੁਤ ਵਧੀਆ ਸੰਸਕਾਰ ਮਿਲੇ ।ਮਾਪਿਆਂ ਨੇ ਨੂਰ ਨੂੰ ਜਨਮ ਹੀ ਨਹੀਂ ਦਿਤਾ ਸਗੋਂ ਜ਼ਿੰਦਗੀ ਮਾਨਣ ਦੀ ਜੀਵਨ ਜਾਚ ਵੀ ਅਮਲੀ ਰੂਪ ਵਿਚ ਸਮਝਾਈ ।ਇਹ ਤੇਰ੍ਹਾਂ ਸਾਲ ਲੇਖਕ ਦੇ ਉਹ ਸਾਲ ਹਨ । ਜਿਨ੍ਹਾਂ ਵਿਚ ਉਸ ਨੂੰ ਸ਼ਬਦ ਨਾਲ ਜੁੜਨ ਦੇ ਵਿਸ਼ਾਂਲ ਮੌਕੇ ਮਿਲੇ। ਸ਼ਬਦਾਂ ਨਾਲ ਸਾਂਝ ਪਈ । ਸੰਤ ਹਰਨਾਮ ਸਿੰਘ ਜਿਹੇ ਮਹਾਂਪੁਰਸ਼ਾਂ ਦੀ ਸਂਗਤ ਵਿਚੋੰ ਬਾਲ ਨੂਰ ਨੂੰ ਭਵਿਖ ਦੇ ਕਲਮਕਾਰ ਹੋਣ ਦਾ ਭਰਪੂਰ ਮੌਕਾ ਮਿਲਿਆ (ਸੰਤਾ ਸੰਗ ਪੰਨਾ 60)। ਪੁਸਤਕ ਪੜ੍ਹ ਕੇ ਪਾਠਕ ਮਨ ਹੀ ਮਨ ਵਿਚ ਸੋਚਦਾ ਹੈ ਕਿ ਕਿੰਨਾ ਨਿਆਰਾ ਤੇ ਸੋਹਣਾ ਸੁਚਜਾ ਬਚਪਨ ਸੀ ਬਿਕਰਮਜੀਤ ਨੂਰ ਦਾ ।ਲੇਖਕ ਦੇ ਅੰਦਰ ਸਾਹਿਤਕ ਗੁਣਾਂ ਦੇ ਨਾਲ ਮਨੁਖੀ ਗੁਣ ਵੀ ਇਨ੍ਹਾਂ ਸਾਲਾਂ ਵਿਚ ਸੁਤੇ ਸਿਧ ਭਰਦੇ ਗਏ । ਸਚੀ ਗਲ ਤਾਂ ਇਹ ਹੈ ਕਿ ਮੇਰੇ ਜਿਹੇ ਬੰਦੇ ਨੂੰ ਜੇ ਲਗਾਤਾਰ ਕਲਮ ਨਾਲ ਜੁੜੇ ਹੋਣ ਦਾ ਸਬਬ ਹਾਸਲ ਹੈ ਤਾਂ ਇਸ ਲਈ ਸਾਹਿਤਕਾਰ ਬਿਕਰਮਜੀਤ ਨੂਰ ਦਾ ਸਮੇਂ ਸਮੇਂ ਤੇ ਮਿਲ ਰਿਹਾ ਯੋਗਦਾਨ ਕਦੇ ਵੀ ਨਾ ਭੁੱਲਣ ਵਾਲਾ ਹੈ ।ਇਹ ਯਾਦਾਂ ਤਾਂ ਲਿਖਣ ਦੀ ਇਕ ਸੀਮਾ ਹੈ ।
ਅਸ਼ਲ ਵਿਚ ਇਹ ਪੁਸਤਕ ਨੂਰ ਦੀਆਂ ਯਾਦਾਂ ਦੀ ਇਕ ਨਾ ਮੁਕਣ ਵਾਲੀ ਲੰਮੀ ਲੜੀ ਹੈ ।ਜਿਸ ਨੂੰ ਲੇਖਕ ਸਹਿਜ ਨਾਲ ਲਿਖੀ ਤੁਰਿਆ ਜਾਂਦਾ ਹੈ ।ਲਿਖਿਆ ਭਾਵੇਂ ਬਚਪਨ ਬਾਰੇ ਹੈ ਪਰ ਕਿਤਾਬ ਦੀ ਲਿਖਣ ਸ਼ੈਲੀ ਬਾਲ ਸਾਹਿਤ ਵਾਲੀ ਨਹੀਂ ਹੈ। । ਢੰਗ ਹੰਢੇ ਵਰਤੇ ਨਾਵਲਕਾਰਾਂ ਵਾਲਾ ਹੈ, ਸੁਹਜਮਈ ਬਿਰਤਾਂਤ ਹੈ । ਸ਼ੈਲੀ ਵਿਚ ਕਹਾਣੀ ਵਾਲਾ ਰਸ ਹੈ । ਸੰਵਾਦ ਤੇ ਵਾਰਤਾਲਾਪ ਪਾਠਕ ਨੂੰ ਕੀਲ ਕੇ ਬਿਠਾ ਲੈਂਦੇ ਹਨ ।ਕਿਤੇ ਵੀ ਪਾਠਕ ਅਕਦਾ ਥਕਦਾ ਨਹੀਂ, ਸਗੋਂ ਉਸ ਵੇਲੇ ਦੇ ,ਅਜ ਤੋੰ ਪੰਜਾਹ ਸਠ ਸਾਲ ਪਹਿਲੋਂ ਦੇ ਪੰਜਾਬ ਦੀ ਇਕ ਝਲਕ ਵੇਖਦਾ, ਪੜ੍ਹਦਾ ,ਮਾਣਦਾ ਆਨੰਦ ਮਈ ਅਵਸਥਾ ਵਿਚ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ।ਇਹ ਰੋਚਿਕਤਾ ਪੁਸਤਕ ਦਾ ਮੀਰੀ ਗੁਣ ਹੈ ।ਪੁਸਤਕ ਦੇ ਕੁੱਲ ਉਨਤਾਲੀ ਸਿਰਲੇਖ ਹਨ । ਆਰੰਭ ਵਿਚ ਜ਼ਿਕਰ ਹੈ ਕਿ ਲੇਖਕ ਨੂੰ ਇਹ ਪੁਸਤਕ ਲਿਖਣ ਵਿਚ ਆਮ ਨਾਲੋਂ ਵਧੇਰੇ ਸਮਾਂ ਲਗ ਗਿਆ। ਜਦੋਂ ਬੇਬੇ ਪੂਰੀ ਹੋਈ (7 ਜੂਨ 2015) ਲਿਖਣ ਦਾ ਕੰਮ ਕਈ ਮਹੀਨੇ ਰੁਕਿਆ ਰਿਹਾ। ਫਿਰ ਕਚਾ ਖਰੜਾ ਤੇ ਫਿਰ ਸਿਰਲੇਖ ਤਰਤੀਬ ਵਾਰ ਕੀਤੇ। ਪੁਸਤਕ ਸਿਰਜਨਾ ਪਿਛੇ ਵਰ੍ਹਿਆਂ ਦੀ ਘਾਂਲ ਕਮਾਈ ਹੈ ।ਲਿਖਣ ਦਾ ਇਹ ਕਾਰਜ ਵੈਸੇ ਵੀ ਇਕ ਲੰਮਾ ਸੰਘਰਸ਼ ਹੈ । ਜੋ ਲੇਖਕ 1983 ਤੋਂ ਆਪਣੇ ਪਹਿਲੇ ਗਜ਼ਲ ਸੰਗ੍ਰਹਿ ਅਹਿਸਾਸ ਦੇ ਪ੍ਰਛਾਵੇਂ ਛਪਣ ਵੇਲੇ ਤੋਂ ਕਰਦਾ ਆ ਰਿਹਾ ਹੈ । ਸੰਘਰਸ਼ ਦੀ ਇਹ ਗੁੜ੍ਹਤੀ ਲੇਖਕ ਨੂੰ ਬਚਪਨ ਵਿਚ ਹਾਸਲ ਹੋਈ । ਜੋ ਇਸ ਪੁਸਤਕ ਦੇ ਹੋਂਦ ਵਿਚ ਆਉਣ ਤਕ ਮਹਿਸੂਸ ਕੀਤੀ ਜਾ ਸਕਦੀ ਹੈ ।ਤੇ ਇਸ ਤੋਂ ਪਹਿਲਾ ਰਚੀਆਂ ਕਿਤਾਬਾਂ ਲਈ ਕਿੰਨੀ ਮਿਹਨਤ ਕੀਤੀ ਹੈ ?।ਇਹ ਸੋਚ ਕੇ ਹੀ ਲੇਖਕ ਦੀ ਘਾਲਣਾ ਅਗੇ ਸਿਰ ਝੁਕਦਾ ਹੈ ।ਮਿਹਨਤ ਦੇ ਇਸ ਸਦੀਵੀ ਸਚ ਨੂੰ ਲੇਖਕ ਦੇ ਪਰਮ ਮਿਤਰ ਪ੍ਰੋ: ਕੁਲਵੰਤ ਸਿੰਘ ਪੀ ਈ ਐਸ -1 (ਲੁਧਿਆਣਾ ) ਨੇ ਪੁਸਤਕ ਦੇ ਟਾਈਟਲ ਤੇ ਕਿੰਨੀ ਖੂਬਸੂਰਤੀ ਨਾਲ ਲਿਖਿਆ ਹੈ –ਉਹ ਤੇਰ੍ਹਾਂ ਸਾਲ ਰਾਹੀਂ ਨੂਰ ਨੇ ਆਪਣੇ ਬਚਪਨ ਦੀ ਜਿਸ ਮਿਹਨਤ ਤੇ ਬਾਰੀਕਬੀਨੀ ਨਾਲ ਤਸਵੀਰ ਕਸ਼ੀ ਕੀਤੀ ਹੈ, ਉਸ ਨੂੰ ਵੇਖ ਵਾਚ ਕੇ ਹੈਰਾਨੀ ਭਰੀ ਖੁਸ਼ੀ ਤੇ ਤਸੱਲੀ ਦਾ ਆਭਾਸ ਹੁੰਦਾ ਹੈ । ਅਸਲ ਵਿਚ ਇਸ ਦਾ ਅਹਿਸਾਸ ਨੂਰ ਦੇ ਉਨ੍ਹਾਂ ਸਾਰੇ ਮੁਹੱਬਤੀ ਮਿਤਰਾਂ ਦੋਸਤਾਂ ਤੇ ਆਪਣਿਆ ਨੂੰ ਦਿਲੋਂ ਹੁੰਦਾ ਹੈ ।ਜਿਨ੍ਹਾਂ ਦੀ ਸੰਗਤ ਵਿਚ ਲੇਖਕ ਕਈ ਵਰ੍ਹਿਆਂ ਤੋਂ ਵਿਚਰ ਰਿਹਾ ਹੇ । ਕਿਉਂ ਕਿ ਲੇਖਕ ਦਾ ਇਸ ਵਾਲੇ ਵਿਸ਼ਾਲ ਪਾਠਕ ਵਰਗ ਹੈ ।ਪੁਸਤਕ ਵਿਚ ਲੇਖਕ ਨੇ ਉਹ ਸਾਰੇ ਖੱਟੇ ਮਿੱਠੇ ਅਨੁਭਵ, ਬਿਨਾ ਕਿਸੇ ਲਕੋਅ ਦੇ ਨਿਝੱਕ ਪੇਸ਼ ਕੀਤੇ ਹਨ । ਜੇ ਕਿਤੇ ਬਚਪਨ ਵਿਚ ਲੇਖਕ ਨੂੰ ਲੱਗਾ ਕਿ ਇਹ ਕੰਮ ਤਾਂ ਗਲਤ ਸੀ ਜਿਵੇ ਟੋਕਰੀ ਵਿਚ ਕਾਨਾ ਗਡ ਕੇ ਲਾ ਕੇ ਚਿੜੀਆਂ ਨੂੰ ਫੜਨਾ ਤੇ ਫਿਰ ਖੁਸ਼ ਹੋਣਾ (ਪੰਨਾ 100)।ਭਾਵੇਂ ਇਹ ਬਚਪਨ ਦਾ ਇਕ ਵਖਰਾ ਜਿਹਾ ਰੰਗ ਸੀ ,ਪਰ ਲੇਖਕ ਲਿਖਦਾ ਹੈ ਕਿ ਸਾਡੇ ਮਾਪਿਆਂ ਨੂੰ ਸਾਨੂੰ ਇਸ ਕੰਮ ਤੋਂ ਰੋਕਣਾ ਚਾਹੀਦਾ ਸੀ। ਚਿੜੀਆਂ ਤਾਂ ਹੁਣ ਵੈਸੇ ਹੀ ਲ਼ੋਪ ਹੋ ਰਹੀਆ ਹਨ ।ਇਹ ਜ਼ਿਕਰ ਪੁਸਤਕ ਦੇ ਪੰਨਾ 98-100 ਉਪਰ ਹੈ ।ਸਕੂਲ ਵਿਚ ਦਾਖਲਾ ਸਿਰਲੇਖ ਹੇਠ ਮਾਸਟਰ ਫਕੀਰ ਚੰਦ ਨਾਲ ਬੇਬੇ ਦੀ ਗਲਬਾਤ ਕਿੰਨੀ ਮੋਹ ਭਰੀ ਹੈ ।
ਬੇਬੇ, ਕੀ ਨਾਂਅ ਏ ਬੱਚੇ ਦਾ ?
ਜੀ ਬਿਕਰਮ ਸਿੰਘ ।
ਬਿਕਰਮਜੀਤ ਸਿੰਘ ? ਨਹੀਂ ਜੀ ਬਿਕਰਮ ਸਿੰਘ। ਬੇਬੇ ਨੇ ਦੇਸੀ ਮਹੀਨੇ ਦੀ ਕੋਈ ਜਨਮ ਤਰੀਕ ਦਸੀ ਹੋਵੇਗੀ ਪਰ ਮਾਸਟਰ ਜੀ ਨੇ ਮੇਰੀ ਜਨਮ ਤਰੀਕ 8 ਅਗਸਤ 1952 ਲਿਖ ਦਿਤੀ ਜੋ ਜ਼ਿੰਦਗੀ ਭਰ ਲਈ ਮੇਰੀ ਜਨਮ ਤਰੀਕ ਬਣ ਗਈ ।ਵੈਸੇ ਜੱਦੀ ਪੁਸ਼ਤੀ ਵਹੀ ਅਨੁਸਾਰ ਮੇਰਾ ਜਨਮ 4 ਭਾਦਰੋਂ ਸੰਮਤ 2009 ਨੂੰ ਹੋਇਆ । ਲਗਭਗ ਠੀਕ ਹੀ ਲਿਖਵਾਇਆ ਗਿਆ। ਅਸ਼ਲ ਨਾਲੋਂ ਦਸ ਬਾਰਾਂ ਦਿਨ ਹੀ ਵਧ ਹੈ ।(ਪੰਨਾ10)ਇਹ ਸਾਰੀ ਗਲ ਪੜ੍ਹ ਕੇ ਮੈਂਨੂੰ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਸਵੈ ਜੀਵਨੀ ਬ੍ਰਹਿਸਪਤੀ ਵਿਚੋਂ ਧੀਰ ਸਾਹਿਬ ਦੇ ਜਨਮ ਵੇਲੇ ਦਾ ਬ੍ਰਿਤਾਂਤ ਚੇਤੇ ਆ ਗਿਆ । ਲੇਖਕ ਨੂਰ ਕੋਲ ਆਪਣੀ ਗਲ ਨੂੰ ਤਰਕ ਨਾਲ ਲਿਖਣ ਦਾ ਇਹ ਆਪਮੁਹਾਰਾਪਣ ਪੁਸਤਕ ਵਿਚਲੇ ਸੱਚ ਦੀ ਗਵਾਹੀ ਬਣ ਜਾਂਦਾ ਹੈ । ਥਾਂ ਥਾਂ ਤੇ ਪਾਠਕ ਇਸ ਕਿਸਮ ਦਾ ਸੰਵਾਦ ਪੜ੍ਹ ਕੇ ਆਨੰਦਿਤ ਹੁੰਦਾ ਹੈ । ਪੰਜਾਬੀ ਗਲਪ ਦਾਂ ਇਹ ਸਦੀਵੀ ਗੁਣ ਬਿਕਰਮਜੀਤ ਨੂਰ ਦੀ ਗਲਪ ਕਲਾ ਦਾ ਹਾਸਲ ਹੈ ।ਇਸ ਪਹਿਲੇ ਕਾਂਡ ਵਿਚ ਲੇਖਕ ਆਪਣੇ ਮਾਸਟਰ ਫਕੀਰ ਚੰਦ ਤੇ ਉਸ ਦੀ ਪਤਨੀ ਬਲਦੇਵ ਰਾਣੀ ਦੀ ਸਮੁੱਚੀ ਸ਼ਖਸੀਅਤ ,ਰਹਿਣ ਸਹਿਣ, ਪਹਿਰਾਵਾ, ਖਾਣਪੀਣ ਤੇ ਹੋਰ ਬਹੁਤ ਕੁਝ ਇੰਜ ਪੇਸ਼ ਕਰਦਾ ਹੈ ਜਿਵੇ ਇਹ ਸਾਰੀ ਗਲ ਕਲ੍ਹ ਦੀ ਹੋਵੇ ।ਘਟੋ ਘਟ ਪੰਜਾਹ ਸਾਲ ਪਹਿਲਾਂ ਦੀ ਗਲ ਨੂੰ ਸਹਿਜ ਮਈ ਸ਼ੈਲੀ ਵਿਚ ਅਲੰਕਾਰਮਈ ਤੇ ਸੁਹਜ ਦੀ ਚਾਸ਼ਨੀ ਵਿਚ ਭਿਜ ਕੇ ਲਿਖਣ ਦਾ ਬਿਰਤਾਂਤ ਪਾਠਕ ਨੂੰ ਆਪਣਾ ਆਪਣਾ ਜਿਹਾ ਲਗਣ ਲਗ ਪੈਂਦਾ ਹੈ ।ਇਹ ਗਲ ਹਰ ਸਿਰਲੇਖ ਵਿਚ ਵੇਖੀ ਜਾ ਸਕਦੀ ਹੈ । ਬਹੁਵਿਧਾਵੀ ਲੇਖਕ ਹੋਣ ਕਰਕੇ ਲੇਖਕ ਨੂੰ ਪਤਾ ਹੈ ਕਿ ਕਿਹੜੀ ਘਟਨਾ ਨੂੰ ਕਿਥੋਂ ਸ਼ੁਰੂ ਕਰਕੇ ਕਿਵੇਂ ਉਸਾਰੀ ਕਰਨੀ ਹੈ ।ਤੇ ਉਸ ਦਾ ਪ੍ਰਭਾਵ ਵੀ ਬਰਕਰਾਰ ਰਖਣਾ ਹੈ । ਤਾਂ ਜੋ ਪਾਠਕ ਇਹ ਨਾ ਸਮਝੇ ਕਿ ਲੇਖਕ ਤਾਂ ਉਪਦੇਸ਼ਕ ਬਣ ਗਿਆ ਹੈ ।ਨੂਰ ਕੋਲ ਘਟਨਾਵਾਂ ਦੀ ਵਧੀਆ ਪੇਸ਼ਕਾਰੀ ਦਾ ਇਕ ਹੁਨਰ ਹੈ ।ਜਿਸ ਕਰਕੇ ਇਹ ਸਵੈ ਜੀਵਨੀ ਆਮ ਨਾਲੋਂ ਵਿਸ਼ੇਸ਼ ਪੁਸਤਕ ਦਾ ਦਰਜਾ ਪ੍ਰਾਪਤ ਕਰ ਲੈਂਦੀ ਹੈ ।ਲੇਖਕ ਦਾ ਮੰਤਵ ਕੇਵਲ ਆਪਣਾ ਬਚਪਨ ਪੇਸ਼ ਕਰਨਾ ਨਹੀਂ ਸਗੋਂ ਸਮਕਾਲੀ ਪੰਜਾਬ ਦੇ ਸਮੁਚੇ ਸਭਿਆਚਾਰ ਦੀ ਜਾਣਕਾਰੀ ਦੇਣਾ ਹੈ ।ਉਸ ਸਮੇਂ ਦੇ ਧਾਰਮਿਕ ਪ੍ਰਭਾਵ ,ਆਰਥਿਕ ਹਾਲਤਾਂ ,ਖੇਤੀ ਦੀ ਵਿਵਸਥਾ, ਆਮ ਲੋਕਾਂ ਦੇ ਰੁਝੇਵੇਂ , ਜ਼ਿੰਦਗੀ ਦੀ ਸਾਧਾਰਨਤਾ, ਉਸ ਸਮੇਂ ਦੀ ਸਿਖਿਆ ਪ੍ਰਣਾਲੀ ,ਮਾਂ ਬੋਲੀ ਦੀ ਸਥਿਤੀ ,ਸਰਕਾਰੀ ਸਕੂਲਾਂ ਦੀ ਸਿਖਿਆ , ਆਪਸੀ ਮੋਹ ਪਿਆਰ ਦੀ ਭਾਵਨਾ, ਬਚਪਨ ਦੀਆਂ ਖੇਡਾਂ , ਬਚਿਆਂ ਵਿਚ ਛੋਟੀਆ ਛੋਟੀਆਂ ਗਲਾਂ ਦੀ ਸਾਂਝ ,ਲੜ ਝਗੜ ਕੇ ਫਿਰ ਇਕ ਹੋ ਜਾਣਾ ,ਰੁੱਖਾਂ ਦੀ ਮਨੁਖ ਨਾਲ ਸਾਂਝ, ਵਡੇ ਛੋਟੇ ਭੇਣਾਂ ਭਰਾਵਾਂ ਦਾ ਪਿਆਰ ਤੋਂ ਇਲਾਵਾ ਲੇਖਕ ਨੂਰ ਆਪਣੀ ਸਮੁਚੀ ਵਿਰਾਸਤ ਨਾਲ ਪਾਠਕ ਦੀ ਸਾਂਝ ਪੁਆਉਦਾ ਹੈ ।ਜਿਂਨ੍ਹਾਂ ਵਿਚ ਲੇਖਕ ਦੇ ਦਾਦਾ ਨਾਨਾ ਦਾਦੀ ਨਾਨੀ ਚਾਚੇ ਦਾ ਭੈਣਾ ਭਰਾ ਉਨ੍ਹਾ ਦੀਆ ਹੋਰ ਸਾਕ ਸਕੀਰੀਆ ਬਾਰੇ ਵਿਸਥਾਰਤ ਜਾਣਕਾਰੀ ਪੁਸਤਕ ਵਿਚ ਮਿਲਦੀ ਹੈ ।ਇਨ੍ਹਾ ਪਾਤਰਾਂ ਤੋਂ ਇਲਾਵਾ ਪਰਿਵਾਰਕ ਕਾਮਾ ਮਾਘੀ ,ਰਾਣੀ ਤਾਰਾ ਭਜਨਾ ਤੇ ਸਰਦਾਰਾ, ਚਾਚਾ ਬਨਾਮ ਬੇਬੇ ,ਨਿਆਣ ਮਤੀਆ, ਡੇਰਾ ਬਸੀ ਸਕੂਲ ਨਾਲ ਸਾਂਝ,ਬਚਪਨ ਦੇ ਸਾਥੀ ਸੰਗੀ ਜਿਨ੍ਹਾਂ ਨਾਲ ਸਿਆਹੀ ਦੇ ਡੋਬ੍ਹਿਆਂ ਦੀ ਸਾਂਝ ਸੀ । ਉਸ ਸਮੇਂ ਬੋਲੇ ਜਾਣ ਵਾਲੀਆਂ ਕਹਾਵਤਾਂ, ਬੁਝਾਰਤਾਂ , ਹਾਸ ਰਸੀ ਟੋਟਕੇ, ਸਥਾਂ ਦੀ ਪੇਸ਼ਕਾਰੀ । ਇਹ ਸਾਰਾ ਕੁਝ ਪੜ੍ਹ ਕੇ ਸਾਡੇ ਸਾਹਮਣੇ ਅਜ਼ ਤੋਂ ਪੰਜਾਹ ਸੱਠ ਸਾਲ ਪਹਿਲੋਂ ਦਾ ਪੰਜਾਬ ਸਾਡੇ ਸਾਹਮਣੇ ਆ ਜਾਂਦਾ ਹੈ। ਸਵੈ ਜੀਵਨੀ ਦਾ ਇਹ ਰੰਗ ਟਕਸਾਲੀ ਲੇਖਕ ਗਿਆਨੀ ਗੁਰਦਿਤ ਸਿੰਘ ਦੀ ਪ੍ਰਸਿਧ ਪੁਸਤਕ ਮੇਰਾ ਪਿੰਡ ਵਰਗਾ ਹੈ। ਪੁਸਤਕ ਵਿਚ ਪੁਆਧੀ ਉਪਭਾਸ਼ਾ ਦੇ ਵਾਕ, ਸ਼ੈਲੀ ਨੂੰ ਹੋਰ ਵੀ ਸਥਾਨਕ ਤੇ ਖੁਸ਼ਗਵਾਰ ਬਣਾਉਂਦੇ ਹਨ ।ਜਿਵੇਂ ਇਕ ਸ਼ਬਦ ਹੈ ਮਹੌਰ (ਪੰਨਾ 121) ਜੋ ਬੇਬੇ ਗੁਸੇ ਵਿਚ ਬੋਲਦੀ ਹੈ ।ਲੇਖਕ ਲਿਖਦਾ ਹੈ ਕਿ ਇਸ ਸ਼ਬਦ ਦੇ ਅਰਥ ਕਿਸੇ ਸ਼ਬਦ ਕੋਸ਼ ਵਿਚ ਵੀ ਨਹੀਂ ਮਿਲਦੇ [ਉਨ੍ਹਾਂ ਸਮਿਆਂ ਵਿਚ ਇਹੋ ਜਿਹੀ ਲੋਕ ਧਾਰਾ ਵਾਲੇ ਸ਼ਬਦ ਆਮ ਬੋਲੇ ਜਾਂਦੇ ਸੀ, ਜਿਂਨ੍ਹਾਂ ਬਾਰੇ ਹੁਣ ਦੀ ਪਨੀਰੀ ਨੂੰ ਤਾਂ ਪਤਾ ਹੀ ਨਹੀਂ। ਇਸ ਤੋਂ ਬਿਨਾ ਮਰਨ ਤੈਂਡੇ ਬਚੇ ,ਤੈਡਾ ਕ੍ਖੱ ਨਾ ਰਹੇ ਮੋਹ ਭਰੇ ਸ਼ਬਦ ਹਨ ।ਪੰਨਾ119—120 ਤੇ ਆਮ ਬੋਲ ਚਾਲ ਦੇ ਸ਼ਬਦ ਕਹਾਵਤਾਂ ਲੋਕ ਕਥਾਵਾਂ ਤੇ ਬੁਝਾਰਤਾਂ ਦਾ ਜ਼ਿਕਰ ਹੈ । ਪੁਸਤਕ ਦੇ ਕਾਂਡ ਵਿਆਹ ਸ਼ਾਦੀਆ ,ਜਿੰਨ ਭੂਤ , ਤਮਾਸ਼ਾ ,ਪਿਪਲ ਪੀਂਘਾਂ ,ਗੁਰਮੀਤ ਮਾਸਟਰ ਜੀ, ਪ੍ਰੇਮੋ , ਰਾਣੀ ,ਮਾਘੀ ਪੜ੍ਹਨ ਵਾਲੇ ਹਨ। ਵਧੀਆ ਦਿੱਖ ਤੇ ਸ਼ਾਨਦਾਰ ਟਾਈਟਲ ਵਾਲੀ ਸਵੈਜੀਵਨੀ ਦੇ ਹੈ ।ਲੇਖਕ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਤੇਰ੍ਹਾਂ ਸਾਲਾਂ ਤੋਂ ਅਗੇ ਦੇ ਹੋਰ ਸਾਹਿਤਕ ਸਫਰ ਦੀ ਬਾਤ ਸਵੈਜੀਵਨੀ ਦੇ ਅਗਲੇ ਭਾਗਾਂ ਵਿਚ ਲਿਖ ਕੇ ਪਾਠਕਾਂ ਨਾਲ ਪਾਈ ਇਸ ਸਾਂਝ ਹੋਰ ਵੀ ਅਗੇਰੇ ਲੈ ਕੇ ਜਾਵੇਗਾ । ਲੇਖਕ ਬਿਕਰਜੀਤ ਨੂਰ ਨੂੰ ਚੰਗੀ ਸਿਹਤ ਤੇ ਲੰਮੀ ਉਮਰ ਦੀਆਂ ਸ਼ੁੱਭ ਇਛਾਵਾਂ ।