ਜਤਿੰਦਰ ਆਪਣੇ ਪੰਜ ਸਾਲ ਦੇ ਬੇਟੇ ਨੂੰ ਮੋਟਰਸਾਇਕਲ ਤੇ ਬਿਠਾ ਬਾਜ਼ਾਰ ਜਾ ਰਿਹਾ ਸੀ। ਬੇਟੇ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਮੁੱਕਣ ਦਾ ਨਾਂ ਨਹੀਂ ਸੀ ਲੈ ਰਹੀਆਂ। ਉਹ ਵੀ ਹਾਂ-ਹੂੰ ਕਰ ਹੁੰਗਾਰਾ ਭਰੀ ਜਾ ਰਿਹਾ ਸੀ।
“ਪਾਪਾ, ਅੱਜ ਤੁਸੀਂ ਹੈਲਮਟ ਕਿਉਂ ਪਾਇਆ?”
“ਪੁੱਤ ਹੈਲਮਟ ਸਾਨੂੰ ਐਕਸੀਡੈਂਟ ’ਚ ਸੱਟ ਤੋਂ ਬਚਾਉਂਦੈ।”
“ਫਿਰ ਤੁਸੀਂ ਹਰ ਰੋਜ਼ ਕਿਉਂ ਨਹੀਂ ਪਾਉਂਦੇ! ਮੇਰੇ ਕਿਉਂ ਨਹੀਂ ਪਾਇਆ?”
ਜਤਿੰਦਰ ਕੋਲ ਅਚਾਨਕ ਆਏ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ, ਉਸਨੇ ਹੱਸ ਕੇ ਟਾਲ ਦਿੱਤਾ।
“ਪਾਪਾ ਏਨੇ ਪੁਲਸ ਅੰਕਲ ਕਿਉਂ ਖੜ੍ਹੇ ਨੇ?”
“ਬੇਟੇ ਇਕ ਸ਼ਹਿਰ ’ਚ ਅੱਤਵਾਦੀ ਹਮਲਾ ਹੋ ਗਿਆ। ਆਪਣੇ ਸਹਿਰ ’ਚ ਵੀ ਖਤਰਾ ਐ, ਇਹ ਸਾਡੀ ਰੱਖਿਆ ਲਈ ਖੜ੍ਹੇ ਨੇ।”
“ਪਾਪਾ ਅੱਤਵਾਦੀ ਆਪਣੇ ਘਰ ਵੀ ਆ ਜਾਣਗੇ?”
“ਨਹੀਂ ਬੇਟੇ, ਪੁਲਸ ਅੰਕਲ ਉਹਨਾਂ ਨੂੰ ਮਾਰ ਦੇਣਗੇ।”
“ਪਾਪਾ ਪਤੈ ਮੈਂ ਵੀ ਵੱਡਾ ਹੋ ਕੇ ਪੁਲਸ ਅੰਕਲ ਬਣੂੰ।”
“ਹਾਂ…ਹਾਂ, ਜ਼ਰੂਰ।” ਜਤਿੰਦਰ ਨੇ ਹੱਸਦੇ ਹੋਏ ਕਿਹਾ।
ਸਾਹਮਣੇ ਚੌਂਕ ਵਿਚ ਪੁਲਸ ਨਾਕਾ ਲੱਗਿਆ ਹੋਇਆ ਸੀ। ਚੈਕਿੰਗ ਚੱਲ ਰਹੀ ਸੀ, ਜਤਿੰਦਰ ਨੇ ਮੋਟਰਸਾਇਕਲ ਹੌਲੀ ਕਰ ਲਿਆ।
“ਰੋਕ ਓਏ!” ਪੁਲਸਵਾਲੇ ਨੇ ਰੋਹਬਦਾਰ ਆਵਾਜ ਵਿਚ ਕਿਹਾ।
ਜਤਿੰਦਰ ਨੇ ਮੋਟਰਸਾਇਕਲ ਰੋਕ ਦਿੱਤਾ। ਪੁਲਸ ਵਾਲਾ ਉਸਦੇ ਸਾਮਾਨ ਦੀ ਤਲਾਸ਼ੀ ਲੈਣ ਲੱਗਾ।
ਬੇਟਾ ਕੁਝ ਦੇਰ ਪੁਲਸ ਵਾਲੇ ਨੂੰ ਮੁਸਕਰਾਉਂਦਾ ਦੇਖਦਾ ਰਿਹਾ, ਫਿਰ ਪੁੱਛਣ ਲੱਗਾ, “ਅੰਕਲ ਤੁਸੀਂ ਆਤੰਕਵਾਦੀਆਂ ਨੂੰ ਮਾਰ ਦਿਓਗੇ?”
“ਹਾਂ, ਕਿਉਂ?” ਪੁਲਸ ਵਾਲਾ ਗੁੱਸੇ ਵਿਚ ਬੋਲਿਆ, ਸਾਰੀ ਰਾਤ ਦਾ ਡਿਊਟੀ ਦਿੰਦਾ ਉਹ ਵੀ ਖਿਝਿਆ ਪਿਆ ਸੀ। ਬੱਚਾ ਡਰ ਗਿਆ, ਪਰ ਫਿਰ ਬੋਲਿਆ, “ਅੰਕਲ, ਤੁਹਾਨੂੰ ਪਤੈ ਵੱਡਾ ਹੋਕੇ ਮੈਂ ਪੁਲਸ ਬਣੂੰਗਾ, ਸਾਰੇ ਅੱਤਵਾਦੀਆਂ ਨੂੰ ਮਾਰ ਦੂੰਗਾ, ਪਰ…”
“ਪਰ…ਪਰ ਕੀ?” ਪੁਲਸ ਵਾਲੇ ਨੇ ਨਰਮ ਪੈਂਦੇ ਹੋਏ ਪੁੱਛਿਆ।
“ਬੱਚਿਆਂ ਨੂੰ ਨਹੀਂ ਡਰਾਊਂਗਾ।”
ਜਤਿੰਦਰ ਨੇ ਮੋਟਰਸਾਇਕਲ ਸਟਾਰਟ ਕਰ ਲਿਆ। ਪੁਲਸ ਵਾਲੇ ਨੂੰ ਝਟਕਾ ਲੱਗਿਆ। ਉਸਨੇ ਬੱਚੇ ਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦੇ ਕਿਹਾ, “ਸੌਰੀ ਬੇਟੇ!”
“ਪਾਪਾ, ਅੰਕਲ ਨੇ ਸੌਰੀ ਕਿਉਂ ਕਿਹਾ?” ਰਾਹ ਵਿਚ ਬੇਟੇ ਦੇ ਸਵਾਲ ਫਿਰ ਸ਼ੁਰੂ ਹੋ ਗਏ ਸਨ।