ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ (ਖ਼ਬਰਸਾਰ)


    ਕੈਲਗਰੀ  --  ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਗਸਤ ਮਹੀਨੇ ਦੀ ਮਾਸਿਕ ਇਕੱਤਰਤਾ, ਇਸ ਮਹੀਨੇ ਦੇ ਪਹਿਲੇ ਸ਼ਨੀਵਾਰ, ਜੈਨਸਿਜ਼ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਸਭ ਤੋਂ ਪਹਿਲਾਂ ਗੁਰਚਰਨ ਥਿੰਦ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ- ਗੁਰਮੀਤ ਮੱਲ੍ਹੀ, ਜਗੀਰ ਕੌਰ ਗਰੇਵਾਲ ਅਤੇ ਗੁਰਦੀਸ਼ ਕੌਰ ਗਰੇਵਾਲ ਨੂੰ ਮੰਚ ਤੇ ਪਧਾਰਨ ਦਾ ਸੱਦਾ ਦਿੱਤਾ। ਮੀਟਿੰਗ ਦੀ ਬਕਾਇਦਾ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਇਸ ਮੀਟਿੰਗ ਵਿੱਚ ਹੋਣ ਵਾਲੀ ਗੱਲ ਬਾਤ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਸਭਾ ਦੀ ਹਰ ਮੀਟਿੰਗ ਵਿੱਚ ਕੁੱਝ ਭਖਦੇ ਸਮਾਜਿਕ ਮਸਲਿਆਂ ਤੇ ਵਿਚਾਰ ਚਰਚਾ ਹੋਇਆ ਕਰੇਗੀ, ਜਿਸ ਲਈ ਕੋਈ ਵੀ ਮੈਂਬਰਕਿਸੇ ਖਾਸ ਵਿਸ਼ੇ ਬਾਰੇ ਸੁਝਾਅ ਦੇ ਸਕਦਾ ਹੈ। ਇਸ ਮਹੀਨੇ ਦੀ ਮੀਟਿੰਗ ਦਾ ਮੁੱਖ ਮੁੱਦਾ ਲੱਚਰ ਗਾਇਕੀ ਨੂੰ ਠੱਲ ਪਾਉਣ ਬਾਰੇ ਸੀ। ਕਮਲ ਪੰਧੇਰ ਨੇ ੪ ਸਤੰਬਰ ਨੂੰ ਹੋਣ ਵਾਲੇ ਨਾਟਕ ਸਬੰਧੀ ਜਾਣਕਾਰੀ ਸਮੂਹ ਮੈਂਬਰਾਂ ਨਾਲ ਸਾਂਝੀ ਕਰਨੀ ਸੀ। ਇਸ ਤੋਂ ਇਲਾਵਾ ਸੀਨੀਅਰਜ਼ ਦੀਆਂ ਦੰਦਾਂ ਸਬੰਧੀ ਸਮੱਸਿਆਵਾਂ ਨੂੰ ਮੱਦੇ ਨਜ਼ਰ ਇੱਕ ਡੈਚਰ ਸਪੈਸ਼ਿਲਟ,ਸਨੀ ਗਰੇਵਾਲ ਨੂੰ ਵੀ ਇਸ ਮੀਟਿੰਗ ਵਿੱਚ ਆਉਣ ਲਈ ਸੱਦਾ ਦਿੱਤਾ ਗਿਆ ਸੀ। ਇਸ ਮੁੱਢਲੀ ਜਾਣਕਾਰੀ ਤੋਂ ਬਾਅਦ ਉਹਨਾਂ ਗੁਰਮੀਤ ਮੱਲ੍ਹੀ ਨੂੰ ਸਟੇਜ ਦੀ ਕਾਰਵਾਈ ਅੱਗੇ ਚਲਾਉਣ ਦੀ ਬੇਨਤੀ ਕੀਤੀ।
    ਗੁਰਮੀਤ ਮੱਲ੍ਹੀ ਨੇ ਸਟੇਜ ਨੂੰ ਬਾਖੂਬੀ ਸੰਭਾਲਦਿਆਂ, ਸਭ ਬੁਲਾਰਿਆਂ ਨੂੰ ਵਾਰੀ ਵਾਰੀ ਸੱਦਾ ਦਿੱਤਾ। ਮਲਕੀਤ ਕੌਰ ਜੀ ਨੇ ਕਿਹਾ ਕਿ ਮੁੱਢ ਕਦੀਮ ਤੋਂ ਔਰਤ ਬੋਲੀਆਂ ਜਾਂ ਗੀਤਾਂ ਰਾਹੀਂ, ਔਰਤ ਦਾ ਹੀ ਵਿਰੋਧ ਕਰਦੀ ਰਹੀ ਹੈ, ਜਿਹਨਾਂ ਨੂੰ ਹੁਣ ਬਦਲਣ ਦੀ ਲੋੜ ਹੈ। ਨੂੰਹ ਸੱਸ ਦੇ ਕੁੜੱਤਣ ਭਰੇ ਰਿਸ਼ਤੇ ਨੂੰ ਪਿਆਰ ਵਿਚ ਬਦਲਣ ਲਈ ਉਹਨਾਂ ਇੱਕ ਬੋਲੀ ਰਾਹੀਂ ਸਾਰਥਕ ਸੁਨੇਹਾ ਦਿੱਤਾ। ਸਭਾ ਦੇ ਸਭ ਤੋਂ ਸੀਨੀਅਰ ਮੈਂਬਰ ਕੁਲਵੰਤ ਕੌਰ ਗਰੇਵਾਲ ਜੀ ਨੇ ਆਪਣੀ ਬੁਲੰਦ ਅਵਾਜ਼ ਵਿੱਚ, ਆਪਣੀ ਕਲਮ ਦੁਆਰਾ ਲਿਖਿਆ ਹੋਇਆ ਗੀਤ-'ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ, ਇਤਿਹਾਸ ਦੁਨੀਆਂ ਦੇ ਸਾਰੇ ਦੱਸਦੇ ਨੇ' ਸੁਣਾ ਕੇ ਚੜ੍ਹਦੀ ਕਲਾ ਦਾ ਸਬੂਤ ਦਿੱਤਾ। ਉਸ ਤੋਂ ਬਾਅਦ ਹਾਸ ਰਸ ਦੀ ਮਲਕਾ ਗੁਰਤੇਜ ਸਿੱਧੂ ਨੇ ਲੱਚਰ ਗਾਇਕੀ ਦੀ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਠੱਲ੍ਹ ਪਾਉਣ ਲਈ ਮਰਦ ਦੀ ਸੋਚ ਨੂੰ ਬਦਲਣ ਦੀ ਲੋੜ ਹੈ। ਉਹਨਾਂ ਇੱਕ ਘਟਨਾ ਸੁਣਾ ਕੇ ਆਪਣੇ ਵਿਚਾਰ ਦੀ ਪੁਸ਼ਟੀ ਕੀਤੀ ਕਿ- ਕਿਸੇ ਬੱਸ ਵਿੱਚ ਜਦ ਕੁੱਝ ਮਰਦ ਸਵਾਰ ਹੋਣ ਲੱਗੇ ਤਾਂ ਵਿੱਚੋਂ ਇੱਕ ਨੇ ਕਿਹਾ- 'ਆ ਜਾਓ ਸਾਰੇ ਥੱਲੇ…ਅਗਲੀ ਬੱਸ ਵਿੱਚ ਚਲਾਂਗੇ..ਇਸ ਵਿੱਚ ਪੁਰਜਾ ਤਾਂ ਕੋਈ ਹੈ ਹੀ ਨਹੀਂ' ਸੋ ਸਦੀਆਂ ਬੀਤ ਜਾਣ ਬਾਅਦ ਵੀ ਅਜੇ ਮਰਦ ਔਰਤ ਨੂੰ ਇੱਕ ਵਸਤੂ ਜਾਂ ਪੁਰਜੇ ਤੋਂ ਵੱਧ ਕੁੱਝ ਨਹੀਂ ਸਮਝਦਾ। ਇਸ ਦਾ ਮੂਲ ਕਾਰਨ ਬੱਸਾਂ ਵਿੱਚ ਵੱਜਦੇ ਲੱਚਰ ਗੀਤ ਹੀ ਹਨ, ਜਿਹਨਾਂ ਦਾ ਸਾਨੂੰ ਡੱਟ ਕੇ ਵਿਰੋਧ ਕਰਨ ਦੀ ਲੋੜ ਹੈ। ਸੁਰਿੰਦਰ ਵਿਰਦੀ ਨੇ ਨੂੰਹ ਸੱਸ ਦੇ ਰਿਸ਼ਤੇ ਵਿੱਚ ਮਿਠਾਸ ਭਰਨ ਲਈ ਪੁਰਾਣੀ ਪੀੜ੍ਹੀ ਨੂੰ ਵੀ ਆਪਣੇ ਵਿਚਾਰ ਬਦਲਣ ਦਾ ਸੁਨੇਹਾ ਦਿੱਤਾ। ਨਾਲ ਹੀ ਉਹਨਾਂ ਜੀਵਨ ਵਿੱਚ ਸਦਾ ਸੁਖੀ ਰਹਿਣ ਲਈ ਰੱਬ ਦੀ ਯਾਦ ਦੀ ਇੱਕ ਕਵਿਤਾ-'ਜਦ ਆਪਣੇ ਹੋਣ ਪਰਾਏ ਤਾਂ ਸਾਨੂੰ ਯਾਦ ਕਰੀਂ, ਜਦ ਕਿਸਮਤ ਰੰਗ ਦਿਖਾਏ ਤਾਂ ਸਾਨੂੰ ਯਾਦ ਕਰੀਂ' ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਹਰਚਰਨ ਬਾਸੀ ਨੇ ਬੋਲੀਆਂ-'ਭੈਣੋਂ ਸੱਸ ਵੀ ਕਿਸੇ ਦੀ ਮਾਂ ਹੁੰਦੀ ਆ' ਅਤੇ 'ਸਾਡੇ ਦੇਸ਼ ਦੀਆਂ ਇੱਜ਼ਤਾਂ ਧੀਆਂ ਨੇ ਰੱਖੀਆਂ ਨੇ' ਸੁਣਾ ਕੇ, ਧੀਆਂ ਦੀ ਮਹਾਨਤਾ ਨੂੰ ਦਰਸਾਇਆ।

    ਕੁਲਦੀਪ ਕੌਰ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ- ਆਪਣੇ ਆਪ ਨੂੰ ਬਦਲੋ, ਸਮਾਜ ਬਦਲ ਜਾਏਗਾ। ਭਰੂਣ ਹੱਤਿਆ ਵਿੱਚ ਵੀ ਔਰਤ ਬਰਾਬਰ ਦੀ ਭਾਈਵਾਲ ਹੈ। ਉਸ ਦੇ ਦਿਮਾਗ ਵਿੱਚ ਵੀ ਪਹਿਲ ਮੁੰਡੇ ਦੀ ਹੁੰਦੀ ਹੈ। ਲੱਚਰ ਗਾਇਕੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਦੀ ਸ਼ੁਰੂਆਤ ਵੀ ਆਪਣੇ ਤੇ ਆਪਣੇ ਪਰਿਵਾਰਾਂ ਤੋਂ ਕਰੋ। ਇਸ ਤਰ੍ਹਾਂ ਦੇ ਸ਼ੋਅ ਦੇਖਣ ਨਾ ਜਾਓ। ਜਦ ਟਿਕਟਾਂ ਨਹੀਂ ਵਿਕਣਗੀਆਂ ਤਾਂ ਇਹ ਸ਼ੋਅ ਆਪੇ ਬੰਦ ਹੋ ਜਾਣਗੇ। ਜਗੀਰ ਕੌਰ ਗਰੇਵਾਲ ਨੇ ਕਿਹਾ ਕਿ- ਬੱਚਿਆਂ ਨੂੰ ਮਾਂ ਤੇ ਮਾਂ –ਬੋਲੀ ਦਾ ਆਦਰ ਤੇ ਪਿਆਰ ਕਰਨਾ ਸਿਖਾਓ। ਲੱਚਰ ਗਾਇਕੀ ਦੀ ਗੱਲ ਕਰਦਿਆਂ ਉਹਨਾਂ ਨੇ ਆਪਣੀ ਸੱਜਰੀ ਲਿਖੀ ਕਵਿਤਾ- 'ਮਾਂ ਬੋਲੀ ਪੰਜਾਬੀ ਦਾ ਅੱਜ ਘਾਣ ਹੋ ਰਿਹੈ, ਗੀਤਾਂ ਰਾਹੀਂ ਵਿਰਸਾ ਲਹੂ ਲੁਹਾਨ ਹੋ ਰਿਹੈ' ਰਾਹੀਂ ਸਰੋਤਿਆਂ ਦੇ ਮਨ ਤੇ ਡੂੰਘੀ ਛਾਪ ਛੱਡੀ। ਗੁਰਦੀਸ਼ਕੌਰ ਗਰੇਵਾਲ ਨੇ ਕਿਹਾ ਕਿ- ਪਹਿਲਾਂ ਲੱਚਰ ਗੀਤ ਲਿਖਣ ਤੇ ਗਾਉਣ ਵਾਲਿਆਂ ਦੀ ਨਿਸ਼ਾਨ ਦੇਹੀ ਕੀਤੀ ਜਾਵੇ, ਫਿਰ ਉਹਨਾਂ ਦਾ ਵਿਦੇਸ਼ਾਂ ਵਿੱਚ ਆਉਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇ। ਇਸ ਲਈ ਸਮੂਹ ਔਰਤਾਂ ਨੂੰ ਡੱਟ ਜਾਣਾ ਚਾਹੀਦਾ ਹੈ। ਨਾਲ ਹੀ ਉਹਨਾਂ ਔਰਤ ਦੇ ਅੰਦਰ ਦੀ ਅਥਾਹ ਸ਼ਕਤੀ ਨੂੰ ਜਗਾਉਣ ਲਈ ਆਪਣੀ ਲਿਖੀ ਹੋਈ ਇੱਕ ਕਵਿਤਾ- 'ਮੈਂ ਔਰਤ ਹਾਂ ਤੇ ਔਰਤ ਹੀ ਰਹਾਂਗੀ, ਪਰ ਮੈਂ ਤੇਰੇ ਪਿੱਛੇ ਨਹੀਂ- ਕਦਮਾਂ ਦੇ ਬਰਾਬਰ ਕਦਮ ਧਰਾਂਗੀ' ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ।
    ਸਟੇਜ ਸਕੱਤਰ ਗੁਰਮੀਤ ਮੱਲ੍ਹੀ ਨੇ ਕਿਹਾ ਕਿ-'ਸਾਡੇ ਪੰਜਾਬ ਨੂੰ ਕਦੇ ਮੁਗਲ ਹਾਕਮਾਂ ਦੇ ਬੂਟਾਂ ਨੇ ਦਰੜਿਆ, ਕਦੇ ਅੰਗਰੇਜ਼ ਹਕੂਮਤ ਨੇ ਇਸ ਦੇ ਖੰਭ ਨੋਚੇ ਤੇ ਹੁਣ ਆਪਣੇ ਹੀ ਇਸ ਨੂੰ ਚਰੂੰਡ ਕੇ ਖਾ ਰਹੇ ਹਨ। ਅੱਜ ਉੱਥੇ ਲੱਚਰ ਗਾਇਕੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਤੇ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ। ਵਿਦੇਸ਼ਾਂ ਵਿੱਚ ਵੀ ਸਭਿਆਚਾਰ ਦੇ ਨਾਂ ਤੇ ਲੱਚਰ ਗਾਇਕੀ ਹੀ ਪਰੋਸੀ ਜਾ ਰਹੀ ਹੈ।ਸੋ ਇਸ ਤਰ੍ਹਾਂ ਦੇ ਗਾਇਕਾਂ ਅਤੇ ਉਹਨਾਂ ਦੇ ਪ੍ਰਮੋਟਰਾਂ ਦਾ ਡੱਟ ਕੇ ਵਿਰੋਧ ਕਰਨਾਵੀ ਸਾਡੀ ਸਭਾ ਦਾ ਮੁੱਖ ਕਾਰਜ ਹੋਏਗਾ'। ਸਭ ਨੇ ਤਾੜੀਆਂ ਨਾਲ ਇਸ ਵਿਚਾਰ ਦੀ ਹਮਾਇਤ ਕੀਤੀ। ਰੇਡੀਓ ਸੁਰਸੰਗਮ ਦੇ ਹੋਸਟ ਮਨਪ੍ਰੀਤ ਕੌਰ ਅਤੇ ਗੁਰਵਿੰਦਰ ਕੌਰ ਢਿੱਲੋਂ ਨੇ ਵੀ ਕਿਹਾ ਕਿ ਇਸ ਮੁੱਦੇ ਤੇ ਉਹ ਵੀ ਇਸ ਸੰਸਥਾ ਦੇ ਨਾਲ ਹਨ। ਨਾਲ ਹੀ ਉਹਨਾਂ ੧੧ ਸਤੰਬਰ ਨੂੰ ਫਾਲਕਿਨਰਿੱਜ ਕਮਿਊਨਿਟੀ ਹਾਲ ਵਿਖੇ ਹੋਣ ਵਾਲੇ ਤੀਆਂ ਦੇ ਮੇਲੇ ਲਈ ਸਭ ਲੇਡੀਜ਼ ਨੂੰ ਸੱਦਾ ਦਿੱਤਾ ਤੇ ਦੱਸਿਆ ਕਿ ਇਸ ਵਿੱਚ ਕੇਵਲ ਪੰਜਾਬੀ ਵਿਰਸਾ ਤੇ ਸਭਿਆਚਾਰ ਹੀ ਪ੍ਰੋਸਿਆ ਜਾਵੇਗਾ। ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਤੋਂ ਆਈ ਕਮਲ ਪੰਧੇਰ ਨੇ ਅਗਲੇ ਦਿਨ ਹੋਣ ਵਾਲੇ ਨਾਟਕ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਗੱਲ ਦਾ ਅਫਸੋਸ ਪ੍ਰਗਟ ਕੀਤਾ ਕਿ ਸ਼ੋਅ ਦੇ ਸੋਲਡ ਆਊਟ ਹੋਣ ਕਾਰਨ ਕਈ ਮੈਂਬਰਾਂ ਨੂੰ ਟਿਕਟ ਨਹੀਂ ਮਿਲ ਸਕੀ। ਉਹਨਾਂ ਕਿਹਾ ਕਿ ਜੇ ਸੰਭਵ ਹੋਇਆ ਤਾਂ ਇਸ ਨੂੰ ਦੁਬਾਰਾ ਜੈਂਸਿਜ਼ ਸੈਂਟਰ ਵਿਖੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਲ ਹੀ ਉਹਨਾਂ ਇਸ ਸਭਾ ਦੀ ਕੋਆਰਡੀਨੇਟਰ ਗੁਰਚਰਨ ਥਿੰਦ ਵਲੋਂ ਇਸ ਨਾਟਕ ਵਿੱਚ ਕਲਾਕਾਰ ਵਜੋਂ ਹਿੱਸਾ ਲੈਣ ਦੇ ਕਾਰਜ ਦੀ ਸ਼ਲਾਘਾ ਵੀ ਕੀਤੀ।
    ਉਪਰੰਤ ਸਾਊਥ ਕੈਲਗਰੀ ਡੈਂਚਰ ਐਂਡ ਇੰਪਲਾਂਟ ਕਲਿਨਿਕ ਤੋਂ ਆਏ ਡੈਂਚਰ ਸਪੈਸ਼ਲਿਸਟ ਸਨੀ ਗਰੇਵਾਲ ਨੇ ਕੁਦਰਤੀ ਦੰਦਾਂ ਅਤੇ ਡੈਂਚਰ ਦੀ ਸਾਂਭ ਸੰਭਾਲ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਦੋ ਟਾਇਮ ਬੁਰੱਸ਼ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਰਾਤ ਦਾ ਬੁਰੱਸ਼ ਦੰਦਾਂ ਲਈ ਬਹੁਤ ਹੀ ਜਰੂਰੀ ਹੈ ਪਰ ਕੁਦਰਤੀ ਦੰਦ ਅਤੇ ਡੈਂਚਰ ਇੱਕੋ ਬੁਰੱਸ਼ ਨਾਲ ਸਾਫ ਨਹੀਂ ਕਰਨੇ ਚਾਹੀਦੇ- ਡੈਂਚਰ ਨੂੰ ਕੇਵਲ ਡੈਂਚਰ ਬੁਰੱਸ਼ ਨਾਲ ਹੀ ਸਾਫ ਕਰਨਾ ਚਾਹੀਦਾ ਹੈ। ਦੰਦ ਕਢਵਾਉਣ ਤੋਂ ਤੁਰੰਤ ਬਾਅਦ ਹੀ ਨਵਾਂ ਡੈਂਚਰ ਲਵਾਉਣ ਨਾਲ ਡੈਂਚਰ ਵਧੇਰੇ ਸੈੱਟ ਰਹਿੰਦਾ ਹੈ। ਇੱਕ ਜਾਂ ਦੋ ਦੰਦ ਟੁੱਟ ਜਾਣ ਤੇ ਵੀ ਪਾਰਸ਼ੀਅਲ ਡੈਂਚਰ ਲਵਾਉਣਾ ਜਰੂਰੀ ਹੈ ਤਾਂ ਕਿ ਉਸ ਦੇ ਆਸ ਪਾਸ ਦੇ ਦੰਦ ਉਸ ਦੀ ਖਾਲੀ ਜਗ੍ਹਾ ਕਾਰਨ ਟੇਢੇ- ਮੇਢੇ ਨਾ ਹੋ ਸਕਣ। ਉਹਨਾਂ ਮੈਂਬਰਾਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ। ਸੋ ਦੰਦਾਂ ਪ੍ਰਤੀ ਜਾਗਰੂਕਤਾ ਲਈ ਕਰਵਾਇਆ ਗਿਆ ਇਹ ਸੈਮੀਨਾਰ ਬਹੁਤ ਹੀ ਲਾਹੇਵੰਦ ਰਿਹਾ।
    ਅੰਤ ਵਿੱਚ ਗੁਰਚਰਨ ਥਿੰਦ ਨੇ ਆਏ ਸਮੂਹ ਮੈਂਬਰਾਂ ਅਤੇ ਸਨੀ ਗਰੇਵਾਲ ਦਾ ਧੰਨਵਾਦ ਕੀਤਾ।