ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
(ਸਾਡਾ ਵਿਰਸਾ )
ਖੇਡਾਂ ਦਾ ਸਾਡੇ ਮਨੁੱਖੀ ਜੀਵਨ ਨਾਲ ਡੂੰਘਾ ਰਿਸ਼ਤਾ ਹੈ। ਦੁਨੀਆਂ ਦੇ ਹਰ ਖਿੱਤੇ 'ਚ ਖੇਡਾਂ ਮੌਜੂਦ ਹਨ। ਕਿਤੇ ਕੋਈ ਖੇਡ ਹਰਮਨ ਪਿਆਰੀ ਹੈ ਅਤੇ ਕਿਤੇ ਕੋਈ। ਬੱਚਿਆਂ ਨੂੰ ਤਾਂ ਖੇਡਾਂ ਨਾਲ਼ ਹੱਦ ਦਰਜ਼ੇ ਦਾ ਪਿਆਰ ਰਿਹਾ ਹੈ। ਸਕੂਲ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਬੱਚਾ ਵੱਖ–ਵੱਖ ਖੇਡਾਂ 'ਚ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੰਦਾ ਹੈ। ਬੀਤੇ ਸਮਿਆਂ 'ਚ ਇਹ ਖੇਡਾਂ ਘਰਾਂ ਤੋਂ ਬਾਹਰ ਜਾਂ ਘਰ ਦੇ ਖੁੱਲੇ ਵਿਹੜੇ 'ਚ ਹੀ ਖੇਡੀਆਂ ਜਾਂਦੀਆਂ ਸਨ ਪਰ ਅੱਜਕਲ੍ਹ ਨਾ ਤਾਂ ਖੁੱਲ੍ਹੇ ਵਿਹੜੇ ਰਹੇ ਹਨ ਤੇ ਨਾ ਹੀ ਖੁੱਲੀਆਂ ਥਾਵਾਂ। ਜ਼ਿੰਦਗੀ ਥੁੜਵੱਕਤੀ ਹੋ ਗਈ ਹੈ ਅਤੇ ਹਰ ਪਾਸੇ ਭਜੋ–ਭਜਾਈ। ਲੋਕਾਂ ਦੇ ਆਪੇ ਬਣਾਏ 'ਅਖੌਤੀ ਸਟੇਟਸਾਂ' ਨੇ ਵੀ ਖੇਡਾਂ ਨੂੰ ਘਟੀਆ ਤੇ ਉੱਚ ਦਰਜੇ ਦੀਆਂ ਖੇਡਾਂ ਵਿੱਚ ਤਕਸੀਮ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਨੂੰ ਨਿੱਕੀ ਉਮਰੇ ਖੁੱਲੇ ਮੈਦਾਨਾਂ ਦੇ ਦਰਸ਼ਨ ਹੀ ਨਹੀਂ ਹੁੰਦੇ। ਉਹ ਤਾਂ ਸਿਰਫ਼ ਘਰ ਦੇ ਕਮਰਿਆਂ ਵਿੱਚ ਹੀ ਖੇਡਣ ਤੱਕ ਸੀਮਤ ਰਹਿ ਗਏ ਹਨ। ਇੰਡੋਰ ਖੇਡਾਂ, ਵੀਡੀਓ ਗੇਮਾਂ, ਬਸ– ਟੈਲੀਵਿਜ਼ਨ, ਮੋਬਾਇਲ ਤੇ ਟੈਬ ਦੇ ਮੂਹਰੇ ਬੈਠ ਕੇ ਖੇਡੀਆਂ ਜਾਣ ਵਾਲ਼ੀਆਂ ਖੇਡਾਂ। ਉਨ੍ਹਾਂ ਦਾ ਬੱਚਪਨ ਹੁਣ ਬਿਨ੍ਹਾਂ ਖੇਡ ਮੈਦਾਨਾਂ ਤੋਂ ਹੀ ਅਜਿਹੀਆਂ ਖੇਡਾਂ ਖੇਡਦੇ ਹੋਏ ਗੁਜ਼ਰਦਾ ਹੈ। ਪਰ ਬੀਤੇ ਸਮਿਆਂ 'ਚ ਅਜਿਹਾ ਨਹੀਂ ਸੀ।
ਹਜ਼ਾਰਾ ਖੇਡਾਂ ਅਜਿਹੀਆਂ ਹਨ ਜਿਹੜੀਆਂ ਅੱਜ ਦੇ ਬਜ਼ੁਰਗਾਂ ਨੇ ਆਪਣੇ ਬਚਪਨ 'ਚ ਖੇਡੀਆਂ ਮਾਣੀਆਂ ਹਨ। ਇਹ ਖੇਡਾਂ ਹਰ ਪਿੰਡ ਹਰ ਗਲ਼ੀ ਹਰ ਕੂਚੇ ਤੇ ਹਰ ਵਿਹੜੇ 'ਚ ਖੇਡੀਆਂ ਜਾਂਦੀਆਂ ਰਹੀਆਂ ਹਨ। ਸਿਸਕ ਤਾਂ ਹੁਣ ਵੀ ਕਿਤੇ ਕਿਤੇ ਰਹੀਆਂ ਹਨ। ਇਹ ਖੇਡਾਂ ਕਿਉਂਕਿ ਹਰਮਨ ਪਿਆਰੀਆਂ ਹੁੰਦੀਆਂ ਸਨ, ਨਿਯਮਾਂ ਪੱਖੋ ਲਚਕਦਾਰ ਹੁੰਦੀਆਂ ਸਨ, ਲੋਕ ਬਾਲ ਖੇਡਾਂ ਅਖਵਾਉਂਦੀਆਂ ਸਨ(ਹਨ)। ਇਨ੍ਹਾਂ ਨੂੰ ਬੱਚੇ ਸਹਿਜ ਸੁਭਾਅ ਹੀ ਸਿੱਖ ਜਾਂਦੇ ਸਨ। ਇਨ੍ਹਾਂ ਖੇਡਾਂ ਨੂੰ ਖੇਡਣ ਲਈ ਕਿਸੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਸਿੱਖਿਆਂ–ਸਿਖਲਾਈ ਦੀ ਲੋੜ ਨਹੀਂ ਪੈਂਦੀ। ਬੱਚਿਆਂ ਨੇ ਇਨ੍ਹਾਂ ਨੂੰ ਰਲ ਕੇ ਖੇਡਣਾ, ਕੋਈ ਜਾਤ-ਪਾਤ ਨਹੀਂ, ਕੋਈ ਅਮੀਰੀ-ਗਰੀਬੀ ਦਾ ਪਾੜਾ ਨਹੀਂ। ਇਹ ਖੇਡਾਂ ਬੜੀਆਂ ਦਿਲਖਿਚਵੀਆਂ ਹੁੰਦੀਆਂ ਸਨ। ਇਹ ਬੱਚੇ ਆਮ ਕਰਕੇ ਬੁੱਢੀ ਮਾਈ, ਭੰਡਾ-ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਤਾੜਮਤਾੜਾ, ਲੁਕਣ–ਮੀਟੇ, ਛੂ-ਛਲੀਕਾਂ, ਬਾਂਦਰ-ਕੀਲਾ, ਗੁੱਲੀ ਡੰਡਾ, ਅੰਨ੍ਹਾ ਝੋਟਾ, ਪਾੜਾ ਮਲੱਕਣ ਆਦਿ ਖੇਡਦੇ। ਇਨ੍ਹਾਂ 'ਚੋਂ ਹੀ ਇਕ ਖੇਡ ਹੈ ਭੰਡਾ-ਭੰਡਾਰੀਆ।
ਆਓ ਸਿੱਖੀਏ ਕਿ ਇਹ ਖੇਡ ਕਿਵੇਂ ਖੇਡੀ ਜਾਂਦੀ ਹੈ।
ਇਹ ਬੱਚਿਆਂ ਦੀ ਇਕ ਰੋਚਕ ਖੇਡ ਹੈ। ਇਸ ਖੇਡ ਨੂੰ ਆਮਕਰ ਕੇ ਕੁੜੀਆਂ ਹੀ ਖੇਡਦੀਆਂ ਹਨ ਪਰ ਛੋਟੀ ਉਮਰ ਦੇ ਮੁੰਡੇ ਵੀ ਇਸ ਨੂੰ ਚਾਅ ਨਾਲ ਖੇਡਦੇ ਰਹੇ ਹਨ। ਇਹ ਖੇਡ ਲੋਕਾਂ ਦੇ ਦਿਮਾਗਾਂ 'ਚ ਤਾਂ ਹਾਲੇ ਜਿੰਦਾ ਹੈ ਪਰ ਹਕੀਕਤ 'ਚ ਲੱਗਭੱਗ (ਅ)ਲੋਪ ਹੋ ਚੁੱਕੀ ਹੈ। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਜਿੰਨੇ ਬੱਚੇ ਇਕੱਠੇ ਹੋਏ ਸਾਰੇ ਹੀ ਇਸ ਖੇਡ ਦੇ ਖਿਡਾਰੀ ਬਣ ਜਾਂਦੇ ਹਨ। (ਦਸ ਤੋਂ ਪੰਦਰਾਂ ਬੱਚੇ ਵੀ ਇਸ ਨੂੰ ਰਲ ਕੇ ਖੇਡ ਲੈਂਦੇ ਹਨ।)
ਖੇਡਣ ਵਾਲੇ ਖਿਡਾਰੀਆਂ ਦੇ ਇਕੱਠੇ ਹੋਣ ਅਤੇ ਹਾਮੀ ਉਪਰੰਤ ਇਸ ਗੱਲ ਦਾ ਫੈਂਸਲਾ ਕੀਤਾ ਜਾਂਦਾ ਹੈ ਕਿ ਦਾਈ ਕੌਣ ਦੇਵੇਗਾ? ਇਸਦਾ ਫੈਂਸਲਾ ਜ਼ਿਆਦਾਤਰ ਪੁੱਗ ਕੇ ਹੀ ਕੀਤਾ ਜਾਂਦਾ ਹੈ। ਅਖੀਰ ਵਿੱਚ ਬਚਿਆ (ਨਾ–ਪੁਗਿਆ ਜਾਣ ਵਾਲ਼ਾ) ਬੱਚਾ ਦਾਈ ਦਿੰਦਾ ਹੈ।
ਉਹ ਪੈਰਾਂ ਭਾਰ ਧਰਤੀ ਤੇ ਬੈਠ ਜਾਂਦਾ/ਜਾਂਦੀ ਹੈ। ਬਾਕੀ ਬੱਚੇ ਆਪਣੀਆਂ ਮੁੱਠੀਆਂ ਉਸ ਦੇ ਸਿਰ ਉਪਰ ਇੱਕ ਦੇ Àੁੱਪਰ ਇੱਕ ਕਰਕੇ ਰੱਖਦੇ ਹਨ। ਇਸ ਤਰ੍ਹਾਂ ਮੁੱਠੀਆਂ ਦਾ ਟਾਵਰ ਜਿਹਾ ਬਣ ਜਾਂਦਾ ਹੈ। ਆਮਤੌਰ ਤੇ ਸਭ ਤੋਂ ਫੁਰਤੀਲਾ ਬੱਚਾ ਪਹਿਲਾਂ ਮੁੱਠੀ ਰੱਖਦਾ ਹੈ। ਪਰ ਇਹ ਕੋਈ ਨਿਯਮ ਨਹੀਂ ਹੈ, ਇਹ ਤਾਂ ਬੱਚਿਆ ਦੇ ਆਪਸੀ ਤਾਲਮੇਲ ਅਤੇ ਸੂਝਬੂਝ ਤੇ ਨਿਰਭਰ ਕਰਦਾ ਹੈ। ਜਦੋਂ ਸਾਰੇ ਬੱਚੇ ਮੁੱਠੀਆਂ ਟਿਕਾ ਲੈਂਦੇ ਹਨ ਤਾਂ ਰਲ਼ ਕੇ ਉੱਚੀ ਜਿਹੀ ਅਵਾਜ਼ 'ਚ ਦਾਈ ਦੇਣ ਵਾਲ਼ੇ ਬੱਚੇ ਨੂੰ ਪੁੱਛਦੇ ਹਨ:-
ਭੰਡਾ-ਭੰਡਾਰੀਆ
ਕਿੰਨਾ ਕੁ ਭਾਰ?
ਦਾਈ ਦੇਣ ਵਾਲ਼ਾ ਖਿਡਾਰੀ ਜਵਾਬ ਦਿੰਦਾ ਹੈ :-
ਇੱਕ ਮੁੱਠੀ ਚੱਕ ਲਾ
ਦੂਜੀ ਤਿਆਰ
ਜਿਸ ਖਿਡਾਰੀ ਨੇ ਸਭ ਤੋਂ ਉੱਪਰ ਮੁੱਠੀ ਰੱਖੀ ਹੁੰਦੀ ਹੈ, ਉਹ ਚੁੱਕ ਲੈਂਦਾ ਹੈ। ਉਪਰੋਕਤ ਸ਼ਬਦਾਂ ਦਾ ਮੁੜ ਦੁਹਰਾਉ ਕੀਤਾ ਜਾਂਦਾ ਹੈ ਅਤੇ ਸਭ ਇੱਕ ਇੱਕ ਕਰਕੇ ਮੁੱਠੀ ਚਕਦੇ ਜਾਂਦੇ ਹਨ।
ਆਖਰੀ ਮੁੱਠੀ ਚੁੱਕਣ ਤੋਂ ਬਾਅਦ ਸਭ ਖਿਡਾਰੀ ਦੌੜ ਪੈਂਦੇ ਹਨ ਅਤੇ ਦਾਈ ਦੇਣ ਵਾਲਾ ਬੱਚਾ ਉੱਠ ਕੇ ਉਹਨਾਂ ਨੂੰ ਛੂਹਣ ਲਈ ਦੌੜ ਪੈਂਦਾ ਹੈ। ਕਈ ਬਾਰ ਬੱਚੇ ਦੌੜਦੇ ਸਮੇਂ ਇਹ ਸ਼ਬਦਾਂ ਦਾ ਉਚਾਰਣ ਵੀ ਕਰਦੇ ਹਨ :–
ਹਾਏ ਦੰਦਈਆ ਲੜ ਗਿਆ,
ਬੂਈ ਦੰਦਈਆ ਲੜ ਗਿਆ।
ਦਾਈ ਦਿੰਦਾ ਬੱਚਾ ਦੌੜਦੇ ਸਮੇਂ ਜਿਸ ਬੱਚੇ ਨੂੰ ਉਹ ਛੂਹ ਲੈਂਦਾ/ਲੈਂਦੀ ਹੈ, ਉਸ ਜੁੰਮੇ ਦਾਈ ਆ ਜਾਂਦੀ ਹੈ। ਉਹ ਧਰਤੀ ਤੇ ਬੈਠ ਜਾਂਦਾ ਹੈ ਅਤੇ ਖੇਡ ਮੁੜ ਸ਼ੁਰੂ ਹੋ ਜਾਂਦੀ ਹੈ।
ਇਸ ਖੇਡ ਨਾਲ ਜਿੱਥੇ ਖੇਡ ਭਾਵਨਾ ਪੈਦਾ ਹੁੰਦੀ ਹੈ, ਉੱਥੇ ਆਪਸੀ ਸੂਝਬੂਝ ਅਤੇ ਤਾਲਮੇਲ ਵੱਧਦਾ ਹੈ, ਫੁਰਤੀ ਵਧਦੀ ਹੈ ਜਿਸ ਨਾਲ ਪੱਠਿਆਂ ਦਾ ਵਿਕਾਸ ਹੁੰਦਾ ਹੈ।