ਅਸੀਂ ਰਿਸ਼ਤੇ ਬਣਾਉਂਦੇ ਫਨਾਹ ਹੋ ਗਏ ।
ਉਹ ਤੇ ਰਿਸ਼ਤੇ ਮਿਟਾਕੇ ਖੁਦਾ ਹੋ ਗਏ ।
ਜੋ ਵੀ ਰਸਮਾਂ ਦੇ ਰੱਸੇ ਹਿਫਾਜਤ ਬਣੇ,
ਉਹ ਵੀ ਬਿਰਹੋਂ ਚ ਸੜਕੇ ਸਵਾਹ ਹੋ ਗਏ ।।
ਬੰਦਾ ਜਿਓਂਦਾ ਸਵਾਰਥ ਹੀ ਅਪਣਾਂਵਦਾ ।
ਅੱਖਾਂ ਚੋਭਣ ਲਈ ਦੂਜੇ ਦੇ ਕੰਮ ਆਂਵਦਾ ।
ਜਿਨਾਂ ਅੱਖਾਂ `ਚ ਹੰਝੂ ਵੀ ਸੁੱਕਦੇ ਰਹੇ,
ਉਹਨਾਂ ਅੱਖਾਂ ਤੇ ਕਾਹਤੋਂ ਫਿਦਾ ਹੋ ਗਏ ।।
ਇਹ ਧਰਤੀ ਤਾਂ ਪਾਲਣ ਦਾ ਮੰਗਕੇ ਕਰਜ ।
ਸਦਾ ਚੇਤੇ ਕਰਾਉਂਦੀ ਨਿਭਾਉਣਾ ਫਰਜ ।
ਉਸ ਕੁਰਬਾਨੀ ਦਾ, ਦੱਸੋ ਕੀ ਹੈ ਸਿਲਾ ?
ਜਦੋਂ ਪਸ਼ੂਆਂ ਦੇ ਵਾਂਗੂ ਜਿਬਾਹ ਹੋ ਗਏ ।।
ਅਸੀਂ ਵੱਖਰਿਆਂ ਰਾਹਾਂ ਤੇ ਤੁਰਦੇ ਰਹੇ ।
ਸਾਡੀ ਮੰਜਿਲ ਦੇ ਰਾਹ ਨਾ ਕਦੇ ਵੀ ਮਿਲੇ ।
ਜੇ ਮਿਲੇ ਪੰਗਡੰਡੀਆਂ ਦੇ ਮਿਲਣੇ ਦੇ ਵਾਂਗ,
ਇੱਕ ਦੂਜੇ ਨੂੰ ਕੱਟਕੇ ਵਿਦਾ ਹੋ ਗਏ ।।
ਬੰਦ ਅੱਖਾਂ ਨੂੰ ਕਰਕੇ ਜੋ ਕਰਦੇ ਵਫਾ ।
ਇਹ ਜਮਾਨਾ ਨਾਂ ਭੁੱਲਦਾ ਕਦੇ ਵੀ ਦਗਾ ।
ਸੰਸਕਾਰਾਂ ਦੀ ਲੋਈ ਜੋ ਫਿਰਦੇ ਲਈ,
ਏਸ ਦੁਨੀਆਂ `ਚ ਅੱਜ ਉਹ ਸਜਾ ਹੋ ਗਏ ।।
ਓਸ ਰਿਸ਼ਤੇ ਦਾ ਦੱਸੋ ਕੀ ਰੱਖੋਗੇ ਨਾਮ ?
ਜਿਹੜਾ ਮੁਰਸ਼ਦ ਤੋਂ ਵਧਕੇ ਹੀ ਦੇਵੇ ਪੈਗਾਮ ।
ਇਹ ਰਿਸ਼ਤੇ ਜੋ ਚਾਨਣ ਤੇ ਰਿਸ਼ਮਾ ਦੇ ਨੇ,
ਕਿਓਂ ਹਨ੍ਹੇਰੇ ਦੇ ਸਾਹਵੇਂ ਗੁਨਾਹ ਹੋ ਗਏ ।।
ਅਸੀਂ ਰਿਸ਼ਤੇ ਬਣਾਉਂਦੇ ਫਨਾਹ ਹੋ ਗਏ ।
ਉਹ ਤੇ ਰਿਸ਼ਤੇ ਮਿਟਾਕੇ ਖੁਦਾ ਹੋ ਗਏ ।
ਜੋ ਵੀ ਰਸਮਾਂ ਦੇ ਰੱਸੇ ਹਿਫਾਜਤ ਬਣੇ,
ਉਹ ਵੀ ਬਿਰਹੋਂ ਚ ਸੜਕੇ ਸਵਾਹ ਹੋ ਗਏ ।।