ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ
(ਖ਼ਬਰਸਾਰ)
ਈਸਟ ਇੰਡੀਅਨ ਡੀਫਂੈਸ ਕਮੇਟੀ ਵੈਨਕੂਵਰ (ਕੈਨੇਡਾ) ਵਲੋਂ 'ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ' ਪ੍ਰੋਗਰੈਸਿਵ ਕਲਚਰਲ ਸੈਂਟਰ ਸਰ੍ਹੀ ਵਿਖੇ ਕਰਵਾਇਆ ਗਿਆ ਜਿਸਦੇ ਮੁੱਖ ਮਹਿਮਾਨ ਪੰਜਾਬ ਤੋਂ ਆਏ ਹੋਏ ਉੱਘੇ ਸਾਹਿਤਕਾਰ ਅਜਮੇਰ ਸਿੱਧੂ ਸਨ। ਸਮਾਰੋਹ ਦੀ ਪ੍ਰਧਾਨਗੀ ਡਾ. ਰਘਬੀਰ ਸਿੰਘ (ਸਿਰਜਣਾ), ਡਾ. ਨਿਰਮਲ ਸਿੰਘ (ਪੰਜਾਬੀ ਸੱਥ ਲਾਂਬੜਾ) ਤੇ ਕਾਮਰੇਡ ਹਰਭਜਨ ਚੀਮਾ ਨੇ ਕੀਤੀ। ਪਰਮਿੰਦਰ ਕੌਰ ਸਵੈਚ ਦੀਆਂ ਪੁਸਤਕਾਂ "ਤਵਾਰੀਖ਼ ਬੋਲਦੀ ਹੈ ਤੇ ਹੋਰ ਨਾਟਕ" (ਨਾਟ-ਸੰਗ੍ਰਹਿ) ਅਤੇ "ਲਹਿਰਾਂ ਦੀ ਵੇਦਨਾ" (ਕਾਵਿ-ਸੰਗ੍ਰਹਿ) ਇਸ ਮੌਕੇ ਲੋਕ ਅਰਪਣ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹਰਭਜਨ ਚੀਮਾ ਨੇ ਜਿੱਥੇ ਆਏ ਲੋਕਾਂ ਨੂੰ ਜੀ ਆਇਆਂ ਕਿਹਾ ਉੱਥੇ ਉਸਨੇ ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਕੰਮਾਂ-ਕਾਰਾਂ ਬਾਰੇ ਦਸਦਿਆਂ ਕਿਹਾ ਕਿ ਇਹ ਲੋਕ ਪੱਖੀ ਕਾਰਜਾਂ, ਸੰਘਰਸ਼ਾਂ ਅਤੇ ਲੋਕ ਪੱਖੀ ਸਾਹਿਤ ਲਈ ਸਰਗਰਮ ਜਥੇਬੰਦੀ ਹੈ।ਇਸਦੀ ਹੀ ਸਰਗਰਮ ਮੈਂਬਰ ਪਰਮਿੰਦਰ ਸਵੈਚ ਦੀ ਸਾਹਿਤ ਨੂੰ ਦੇਣ ਤੇ ਕਮਿਊਨਿਟੀ ਵਿੱਚ ਕੰਮ ਕਰਨ ਬਾਰੇ ਥੋੜੇ ਸ਼ਬਦਾਂ ਵਿੱਚ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਪਰਮਿੰਦਰ ਦਾ ਸਾਹਿਤ ਹਨੇਰਿਆਂ ਵਿੱਚ ਲੋਅ ਛੱਡਦਾ ਸਾਹਿਤ ਹੈ।
ਪਹਿਲੇ ਸੈਸ਼ਨ ਵਿੱਚ ਅਜਮੇਰ ਸਿੱਧੂ ਨੇ 'ਕਨੇਡਾ ਦਾ ਪੰਜਾਬੀ ਨਾਟਕ ਮੂਲ ਸਰੋਕਾਰ(ਪਰਮਿੰਦਰ ਕੌਰ ਸਵੈਚ ਦੀ ਨਾਟਕਕਾਰੀ ਦੇ ਸੰਦਰਭ ਵਿੱਚ)' ਪੜ੍ਹਿਆ। ਉਹਨਾਂ ਕਿਹਾ ਕਿ ਕੈਨੇਡਾ ਦਾ ਨਾਟਕ/ ਸਾਹਿਤ ਪਰਵਾਸ ਦੀ ਸੰਵੇਦਨਾ ਨੂੰ ਖੂਬਸੂਰਤੀ ਨਾਲ ਫੜ ਰਿਹਾ ਹੈ। ਕੈਨੇਡਾ ਦੀ ਧਰਤੀ ਉੱਤੇ ਪੰਜਾਬੀ ਨਾਟਕ ਦੀ ਸਿਰਜਣਾ ਦੇ ਖੇਤਰ ਵਿੱਚ ਸਵੈਚ ਦਾ ਨਾਂ ਵੀ ਸ਼ਾਮਲ ਹੈ। ਪਰਮਿੰਦਰ ਦੇ ਨਾਟਕ ਦਾ ਮਿਸ਼ਨ ਸਮਾਜਿਕ ਯਥਾਰਥ ਨੂੰ ਮਹਿਜ਼ ਸਮਝਣ ਦਾ ਨਹੀਂ, ਨਾ ਹੀ ਉਸਦੀ ਵਿਆਖਿਆ ਦਾ ਹੈ ਬਲਕਿ ਸਮਾਜ ਨੂੰ ਕ੍ਰਾਂਤੀਕਾਰੀ ਤਬਦੀਲੀ ਵੱਲ ਲਿਜਾਣ ਦਾ ਹੈ। ਇਸ ਪੇਪਰ ਉੱਤੇ ਹੋਈ ਬਹਿਸ ਵਿੱਚ ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਕਿੰਗਰਾ, ਅਜਮੇਰ ਰੋਡੇ, ਸੁਰਜੀਤ ਕਲਸੀ, ਹਰਜੀਤ ਦੌਧਰੀਆ ਅਤੇ ਅਨਮੋਲ ਸਵੈਚ ਆਦਿ ਨੇ ਹਿੱਸਾ ਲਿਆ।
ਦੂਜੇ ਸੈਸ਼ਨ ਵਿੱਚ ਅਜਮੇਰ ਸਿੱਧੂ ਨੇ 'ਲਹਿਰਾਂ ਦੀ ਲੋਕ ਪੱਖੀ ਵੇਦਨਾ ਦਾ ਕਾਵਿ ਚਿੰਤਨ-ਲਹਿਰਾਂ ਦੀ ਵੇਦਨਾ' ਪੇਪਰ ਪੜ੍ਹਿਆ। ਉਹਨਾਂ ਕਿਹਾ ਕਿ ਪਰਮਿੰਦਰ ਦਾ ਕਾਵਿ ਚਿੰਤਨ ਕਿਸੇ ਇੱਕ ਵਰਗ, ਦੇਸ, ਕਾਲ ਜਾਂ ਨਸਲ ਦੇ ਲੋਕਾਂ ਤੱਕ ਸੀਮਤ ਨਹੀਂ ਇਸਦਾ ਘੇਰਾ ਵਿਸ਼ਾਲ ਹੈ। ਉਹ ਹੱਕ, ਸੱਚ ਅਤੇ ਇਨਸਾਫ਼ ਲਈ ਜੂਝਦੀਆਂ ਧਿਰਾਂ ਦੀ ਪੈਰ੍ਹਵਈ ਕਰਦੀ ਹੈ। ਇਹ ਉਸਦੀ ਕਵਿਤਾ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਪਰਵਾਸੀ ਤੇ ਆਵਾਸੀ ਚੇਤਨਾ ਦਾ ਬਰਾਬਰ ਦਾ ਮੇਲਜੋਲ ਹੈ। ਇਸ ਪੇਪਰ ਉੱਤੇ ਬਹਿਸ ਸ਼ੁਰੂ ਕਰਦਿਆਂ ਅੰਮ੍ਰਿਤ ਦੀਵਾਨਾ ਨੇ ਕਿਹਾ ਕਿ ਪਰਮਿੰਦਰ ਦੀ ਕਵਿਤਾ ਦੀ ਸਿਧਾਂਤਕਾਰੀ ਵਿੱਚ ਇਸਦਾ ਸਿੱਧਾ ਸਬੰਧ ਜੀਵਨ ਸੱਚ ਨਾਲ ਜੁੜਦਾ ਹੈ। ਇਸ ਬਹਿਸ ਵਿੱਚ ਮਨਜੀਤ ਕੰਗ, ਗੁਰਪ੍ਰੀਤ ਸਿੰਘ, ਜਰਨੈਲ ਸੇਖਾ, ਅਮਰੀਕ ਪਲਾਹੀ, ਸੁਰਜੀਤ ਕਲਸੀ, ਮੋਹਣ ਗਿੱਲ, ਗੁਰਬਚਨ ਕੌਰ ਢਿੱਲੋਂ, ਗੁਰਦਰਸ਼ਨ ਬਾਦਲ ਆਦਿ ਨੇ ਹਿੱਸਾ ਲਿਆ ਤੇ ਕਵਿਤਾ ਦੀ ਪੁਣਛਾਣ ਕਰਦੇ ਹੋਏ ਆਪਦੇ ਵਿਚਾਰ ਸਾਂਝੇ ਕੀਤੇ।ਡਾ. ਨਿਰਮਲ ਸਿੰਘ ਨੇ ਕਿਹਾ ਕਿ ਜਿਹੜਾ ਸਾਹਿਤ ਲੋਕਾਂ ਦੀ ਰੂਹ ਵਿੱਚ ਉੱਤਰ ਜਾਵੇ, ਉਹ ਹਮੇਸ਼ਾਂ ਜਿਊਂਦਾ ਰਹਿੰਦਾ ਹੈ। ਅਜਿਹੇ ਸਾਹਿਤ ਦੀ ਸਿਰਜਣਹਾਰ ਪਰਮਿੰਦਰ ਵਧਾਈ ਦੀ ਹੱਕਦਾਰ ਹੈ। ਡਾ. ਰਘਬੀਰ ਸਿੰਘ ਨੇ ਪ੍ਰਧਾਨਗੀ ਭਾਸ਼ਨ ਦਿੰਦਿਆ ਕਿਹਾ ਕਿ ਪਰਮਿੰਦਰ ਲੋਕ ਪੱਖੀ ਕਵਿਤਾ ਤੇ ਨਾਟਕ ਦੀ ਸਿਰਜਕ ਹੈ। ਇਹ ਲੋਕ ਦੋਖੀ ਪ੍ਰਬੰਧ ਨੂੰ ਖ਼ਤਮ ਕਰਨ ਲਈ ਤਤਪਰ ਹੈ ਅਤੇ ਇਨਕਲਾਬੀ ਲਹਿਰਾਂ ਦੀ ਵਿਰਾਸਤ ਨੂੰ ਸਾਂਭਣ ਅਤੇ ਉਭਰਨ ਲਈ ਸੱਦਾ ਦਿੰਦੀ ਹੈ।ਇਸ ਦੌਰਾਨ ਪਰਮਿੰਦਰ ਨੇ ਵੀ ਆਪਣੀਆਂ ਕੁੱਝ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਸਮਾਰੋਹ ਵਿੱਚ ਬਹੁਤ ਸਾਰੀਆਂ ਹੋਰ ਵੀ ਉੱਘੀਆਂ ਸ਼ਖ਼ਸ਼ੀਅਤਾਂ ਨਾਮਵਰ ਲੇਖਕ ਜੋਗਿੰਦਰ ਸ਼ਮਸ਼ੇਰ, ਹਰਦਮ ਸਿੰਘ ਮਾਨ, ਸੋਹਣ ਪੂਨੀ, ਡਾ. ਜਸਵਿੰਦਰ ਸਿੰਘ(ਵਿਨੀਪੈੱਗ), ਡਾ. ਜਸ ਮਲਕੀਤ, ਸੁਰਿੰਦਰ ਸਿੰਘ ਮੰਗੂਵਾਲ, ਕ੍ਰਿਪਾਲ ਬੈਂਸ, ਪਰਸ਼ੋਤਮ ਦੁਸਾਂਝ, ਸੇਵਾ ਬਿਨਿੰਗ ਅਤੇ ਹੋਰ ਬਹਤ ਸਾਰੇ ਹੋਣਹਾਰ ਕਲਾਕਾਰ ਬੱਚੇ ਅਤੇ ਸਾਹਿਤ ਸਨੇਹੀ ਪਹੁੰਚੇ ਹੋਏ ਸਨ। ਅੰਤ ਵਿੱਚ ਸੰਤੋਖ ਢੇਸੀ ਨੇ ਸਮਾਗਮ ਤੇ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੀ ਮੰਚ ਸੰਚਾਲਨਾ ਦੀ ਜ਼ੁੰਮੇਵਾਰੀ ਜਸਵੀਰ ਮੰਗੂਵਾਲ ਨੇ ਬਾਖੂਬੀ ਨਿਭਾਈ।
ਇਕਬਾਲ ਪੁਰੇਵਾਲ