ਸਹਿਜੇ ਸਹਿਜੇ ਰੇ ਮਨਾ
(ਕਵਿਤਾ)
ਬੇਟਾ ਜੀ !
ਰਾਤੀ,ਕੋਈ ਕਲਾ,ਕਲੇਸ਼ ਹੋਇਆ ਸੀ
ਪਤੀ ਦੇਵ ਨਾਲ ?
ਡਾਈਨਿੰਗ ਟੇਬਲ 'ਤੇ
ਦੁੱਧ,ਪੱਤੀ ਵਾਲੀ ਚਾਹ ਨਾਲ
ਲੂਣ,ਅਜਵਾਇਣ
ਅਤੇ ਕਾਲੀ ਮਿਰਚ ਵਾਲੀ ਪਰੌਂਠੀ
ਛਕਦੇ,ਪਿਤਾ ਜੀ ਨੇ
ਬੜੇ ਪਿਆਰ ਨਾਲ
ਬਹੂ ਨੂੰ,ਪੁੱਛਿਆ ਸੀ |
ਪਿਤਾ ਜੀ !
ਨਹੀਂ ਤਾਂ ...
ਧੁਆਂ,ਧਾਰ ਰਸੋਈ 'ਚ
ਤਵੇ 'ਤੇ ਦੂਸਰੀ ਪਰੌਂਠੀ ਸੇਕਦੀ
ਬੀਵੀ ਬੋਲੀ ਸੀ ...
ਨਾਲ ਹੀ ਉਸਨੇ
ਮੁਸਕਰਾਉਣ ਦੀ ਕੋਸ਼ਿਸ
ਵੀ ਕੀਤੀ ਸੀ |
ਲਾਗੇ ਬੈਠਾ ਮੈਂ
ਪਿਤਾ ਜੀ ਦੇ
ਅਣਕਿਆਸੇ ਪ੍ਰਸ਼ਨ ਨਾਲ
ਹੈਰਾਨ ਤੇ ਪ੍ਰੇਸ਼ਾਨ
ਹੋ ਗਿਆ ਸੀ ...
ਸੋਚਣ ਲੱਗਾ
ਸਾਡੇ ਵੱਡ,ਵਡੇਰੇ
ਕਿੰਨੇ ਚਿੰਤਤ ਹੁੰਦੇ ਨੇ
ਆਪਣੀ ਔਲਾਦ ਪ੍ਰਤੀ...
ਨਾਲ ਵਾਲੇ ਕਮਰੇ ਦੀ
ਪਲ,ਪਲ ਦੀ ਸੂਹ ਰੱਖਦੇ ਨੇ
ਬੇਜਾਨ,ਕਿਸੇ ਚੀਜ ਦਾ
ਮਾੜਾ ਜਿਹਾ ਖੜਾਕ ਸੁਣ
ਢਿੱਡੋਂ ਜਾਈ ਜਿੰਦੜੀ ਨੂੰ
'ਵਾ ਤਤੜੀ ਤੋਂ ਬਚਾਉਣ ਲਈ
ਪੰਜ ਪੌੜੀਆਂ,ਪਾਠ ਨਾਲ
ਬਚਾਓ ਕਾਰਜਾਂ ਵਾਲੇ
ਓਹੜ,ਪੋਹੜ ਸ਼ੁਰੂ ਕਰ ਦੇਂਦੇ ਨੇ ...
ਧੀਆਂ,ਪੁੱਤ,ਦੋਹਤੇ,ਪੋਤੇ
ਜੁਆਈ,ਭਾਈ
ਸਾਰੇ ਹੀ ਉਹਨਾਂ ਦੇ
ਰਾਡਾਰ ਖੇਤਰ 'ਚ
ਕਿੰਨੇ ਮਹਿਫੂਜ ਹੁੰਦੇ ਨੇ...
ਰਿਸ਼ਤਿਆਂ ਦੀ ਸੁੱਚੀ ਮੋਤੀਮਾਲਾ ਜਿਵੇਂ
ਤਸ਼ਬੀ ਵਾਂਗ
ਫੇਰਦੇ ਰਹਿੰਦੇ ਨੇ ...
ਜਣੇ,ਖਣੇ ਦੀਆਂ
ਤਕਲੀਫ਼ਾਂ ਹਰਨ ਵਾਲੇ
ਸੁਪਰ ਕੰਪਿਊਟਰ |
ਨਿਸ਼ਚਿੰਤ ਬੀਵੀ
ਰਸੋਈ ਕਾਰਜ 'ਚ ਮਸਰੂਫ
ਭੁੱਲ,ਭਲਾ ਗਈ ਸੀ
ਪਿਤਾ ਜੀ ਦਾ ਪ੍ਰਸ਼ਨ ...
ਤੇ ਸਵੇਰੇ,ਸਾਜਰੇ
ਮੈਂ ਰਾਤ ਨੂੰ
ਮੁੜ ਤੋਂ ਗਾਹੁਣ ਤੁਰ ਪਿਆ ਸੀ ...
ਸਭ ਜਣਿਆਂ ਨੇ
ਕੀਮਾ,ਮਟਰ,ਦਹੀਂ,ਭੱਲੇ
ਤੇ ਖਾਧੀ ਸੀ ਚਿਕਨ ਬਿਰਿਆਨੀ
ਕੈਂਡਲ ਲਾਈਟਾਂ ਵਾਲੀ ਰੌਸ਼ਨੀ 'ਚ ...
ਜਿੰਦਗੀ ਤੋਂ ਬਾਅਦ
ਵੇਖਿਆ ਸੀ ਸੀਰੀਅਲ ਅਸ਼ੋਕਾ
ਤੇ ਹੱਸਦੇ,ਖੇਡਦੇ
ਸੁੱਤੇ ਸੀ ਸਾਰੇ...
ਕਿਧਰੇ ਵੀ,ਕਿਸੇ ਦੀ
ਕਿਸੇ ਨਾਲ ਕੋਈ ਬਦਕਲਾਮੀ
ਨਹੀਂ ਸੀ ਹੋਈ
ਰਾਤ, ਨਿਰਸੰਦੇਹ
ਕਲਾ,ਕਲੇਸ਼ ਰਹਿਤ ਬੀਤੀ ਸੀ
ਜਿਸ ਵਿੱਚੋਂ
ਪਿਤਾ ਜੀ ਦੇ ਪ੍ਰਸ਼ਨ ਦਾ ਉੱਤਰ
ਲੱਭਿਆਂ ਨਹੀਂ ਸੀ ਲੱਭਾ |
ਪਿਤਾ ਜੀ !
ਤੁਹਾਨੂੰ ਕੋਈ ਵਹਿਮ ਹੋਇਆ ਜਾਪਦੈ
ਬੇਗਾਨੇ ਮੁਲਖ 'ਚ
ਤੁਸੀਂ ਹੀ ਤਾਂ ਸਾਡੀ
ਸਿਰ ਦੀ ਛਤੱਰੀ ਹੋ...
ਤੁਹਾਡੀ ਬੇਸ਼ ਕੀਮਤੀ
ਹਾਜਰੀ 'ਚ
ਉੱਚੀ ਬੋਲਣ ਤੋਂ ਵੀ
ਗੁਰੇਜ ਕਰਦੇ ਹਾਂ,
ਅਸੀਂ ਤਾਂ...
ਗੱਲ ਸੁਣਕੇ
ਹੱਸੇ ਸੀ ਪਿਤਾ ਜੀ
ਤੇ ਹੱਸਦੇ ਹੀ ਰਹੇ,ਕਿੰਨਾ ਚਿਰ...
ਹਾਸਾ ਰੁੱਕਿਆ ਤਾਂ
ਪਲੇਟ 'ਚ ਪਿਆ
ਪਰੌਂਠੀ ਦਾ ਟੁਕੜਾ ਚੁੱਕ
ਹਵਾ 'ਚ
ਲਹਿਰਾਉਂਦੇ ਹੋਏ ਬੋਲੇ ਸੀ
'ਪੁੱਤ! ਵੇਖ
ਜਦੋਂ ਤੇਰੀ ਮਾਂ
ਖੁਸ਼ ਮੂਡ 'ਚ ਹੁੰਦੀ ਸੀ ਤਾਂ
ਮੱਠੀ,ਮੱਠੀ ਅੱਗ 'ਤੇ ਸੇਕੀ
ਲਾਲ,ਲਾਲ ਘੋੜਿਆਂ ਵਾਲੀ
ਬਿਸਕੁਟੀ ਪਰੌਂਠੀ
ਪਰੋਸਦੀ ਹੁੰਦੀ ਸੀ
ਤੇ ਜਦੋਂ ਕਦੀ
ਸਾਡੀ ਅਣਬਣ ਹੋ ਜਾਣੀ
ਉਹ,ਪਿਓ ਦੀ ਧੀ
ਇਨ,ਬਿਨ ਇਸੇ ਵਰਗੀ
ਅੱਗ ਦੇ ਭਾਂਬੜਾਂ 'ਚ
ਲੂਹੀ,ਬਾਲੀ ਪਰੌਂਠੀ
ਮੱਥੇ ਮਾਰਦੀ ਹੁੰਦੀ ਸੀ ....