ਫੋਰਮ ਦੀ ਮਾਸਿਕ ਇਕੱਤਰਤਾ
(ਖ਼ਬਰਸਾਰ)
ਕੈਲਗਰੀ -- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 3 ਸਤੰਬਰ 2016 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਹਰਨੇਕ ਸਿੰਘ ਬੱਧਨੀ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਪ੍ਰਭਦੇਵ ਗਿੱਲ ਹੋਰਾਂ ਅਪਣੀਆਂ ਇਹਨਾਂ ਸਤਰਾਂ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ –
“ਮਜ਼੍ਹਬਾਂ ਦੇ ਪਾਏ ਝੇੜੇ, ਹੋਣੇ ਨਹੀਂ ਨਬੇੜੇ
ਆਦਮ ਦੀ ਜ਼ਾਤ ਬਣੀਏ, ਮੁਹੱਬਤ ਦੇ ਗੀਤ ਗਾਈਏ”
ਬੀਬੀ ਗੁਰਦੀਸ਼ ਕੌਰ ਗਰੇਵਾਲ ਹੋਰਾਂ ਅਪਣੀ ਗ਼ਜ਼ਲ ਨਾਲ ਵਾਹ-ਵਾਹ ਲਈ –
“ਇਹ ਮਹਿਕਾਂ ਵੰਡ ਰਹੇ ਨੇ ਜੋ ਸੁਨੇਹੇ ਕਿਸਨੇ ਘੱਲੇ ਨੇ।
ਮਿਰੇ ਸਾਹੀਂ ਸੁਗੰਧੀ ਭਰ ਜੁ ਮਿਸਰੀ ਘੋਲ ਚੱਲੇ ਨੇ।
ਕਿ ਮੰਦਰ ਜਾਂ ਹੁਏ ਮਸਜਿਦ ਕੁਈ ਵੀ ਫਰਕ ਨ੍ਹੀ ਪੈਂਦਾ,
ਤਿਰੀ ਤਾਂ ਹੋਂਦ ਹੈ ਸਭ ਥਾਂ ਇਹ ਲੋਕੀਂ ‘ਦੀਸ਼’ ਝੱਲੇ ਨੇ।”
ਪੈਰੀ ਮਾਹਲ ਹੋਰਾਂ ਭਾਰਤ ‘ਤੇ ਖ਼ਾਸਕਰ ਪੰਜਾਬ ਵਿੱਚ ਆਤਮ-ਹਤਿਆ ਦੀਆਂ ਘਟਨਾਵਾਂ ਦੀ ਵਧ ਰਹੀ ਗਿਨਤੀ ਤੇ ਚਿੰਤਾ ਕਰਦਿਆਂ ਇਹਨਾਂ ਦੇ ਕਾਰਣਾਂ ਅਤੇ ਉਪਾਵਾਂ ਤੇ ਸੰਖੇਪ ਵਿੱਚ ਅਪਣੇ ਵਿਚਾਰ ਪਰਗਟ ਕੀਤੇ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਗ਼ਜ਼ਲ ਸਾਂਝੀ ਕਰਕੇ ਤਾੜੀਆਂ ਲੈ ਲਈਆਂ –
“ਹਰ ਦਰ ਅਤੇ ਦੀਵਾਰ ਤੇ, ਤਸਵੀਰ ਤੇਰੀ ਲਾ ਲਈ
ਪਰ ਫੇਰਵੀ ਤਕ ਸੁਹਣਿਆਂ ਨਾ, ਘਰ ਦੀ ਤਨਹਾਈ ਗਈ।
ਤੂੰ ਮੁਸਕਰਾ ਕੇ ਬੋਲ ਬਿਨ, ਮੈਨੂੰ ਬੁਲਾਵੇਂ ਕੋਲ ਜੇ
ਮੈਂ ਤਰ ਲਵਾਂਗਾ ਦੂਰੀਆਂ, ਵਾਲੇ ਸਮੁੰਦਰ ਵੀ ਕਈ।”
ਸੁੱਖ ਟਿਵਾਣਾ ਨੇ ਇਹ ਦਸਿਆ ਕਿ 8 ਅਕਤੂਬਰ ਨੂੰ ਕੈਲਗਰੀ ਵਿੱਚ ਪੰਜਾਬੀ ਗਾਯਕੀ ਦਾ ਇਕ ਟੇਲੈਂਟ ਸ਼ੋ ਹੋਣ ਜਾ ਰਿਹਾ ਹੈ ਜਿਸ ਵਿੱਚ 30 ਸਾਲ ਤਕ ਦੀ ਉਮਰ ਦੇ ਲੋਕ ਹਿੱਸਾ ਲੈ ਸਕਦੇ ਹਨ। ਇਸ ਉਪਰੰਤ ਅਪਣੇ ਪੰਜਾਬੀ ਗੀਤ ਨਾਲ ਤਾੜੀਆਂ ਲੈ ਲਈਆਂ।
ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਹਾਸ-ਕਵਿਤਾ ਰਾਹੀਂ ਕਵਾਂਰਿਆਂ ਦੀ ਫਰਿਯਾਦ ਸੁਣਾਈ –
“ਸੁਣ ਸੁਣ ਸੁਣ ਭਗਵਾਨ,
ਗੱਲ ਸੁਣ ਸਾਡੀ ਨਾਲ ਧਿਆਨ, ਸਾਨੂੰ ਰੱਖਿਆ ਕੁਆਰੇ,
ਸਾਡੀ ਵਾਰੀ ਮੁੱਕ ਗਏ, ਕੀ ਜੱਗ ਤੇ ਛੁਆਰੇ?”
ਬੀਬੀ ਰਾਜਿੰਦਰ ਕੌਰ ਚੋਹਕਾ ਨੇ ਰੂਸ ਦੇ ਇਨਕਲਾਬੀ ਲੇਖਕ ‘ਨਿਕੋਲਾਈ ਸ਼ੇਵਸਕ’ ਦੇ ਔਰਤਾਂ ਵਾਰੇ ਲਿਖੇ ਵਿਚਾਰ ਪੜ੍ਹੇ – “ਕੁਦਰਤ ਨੇ ਇਸਤਰੀ ਨੂੰ ਕਿੰਨੀ ਸਵਛ, ਮਜ਼ਬੂਤ ਅਤੇ ਨਿਆਕਾਰ, ਮਾਨਸਿਕ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ। ਇਸ ਦੇ ਬਾਵਜੂਦ ਵੀ ਉਹ ਸਮਾਜ ਲਈ ਵਰਤੋਂ ਰਹਿਤ ਬਣੀ ਹੋਈ ਹੈ। ਜੇਕਰ ਉਸਦੀ ਮਾਨਸਿਕ ਸ਼ਕਤੀ ਨੂੰ ਨਸ਼ਟ ਨਾ ਕੀਤਾ ਜਾਂਦਾ ਤਾਂ ਮਨੁਖਤਾ ਦਸ ਗੁਣਾ ਅਗੇ ਵੱਧ ਸਕਦੀ ਸੀ।”
ਜਸਬੀਰ ਚਾਹਲ “ਤਨਹਾ” ਹੋਰਾਂ ਅਪਣੇ ਕੁਝ ਹਿੰਦੀ ਸ਼ੇ’ਅਰ ਸੁਣਾ ਵਾਹ-ਵਾਹ ਲੈ ਲਈ –
“ਹਮ ਅਪਨੀ ਨਜ਼ਰ ਮੇਂ ਅਪਨੇ ਗੁਨਾਹਗਾਰ ਹੋ ਗਯੇ
ਹਮਾਰੇ ਜ਼ਿਕ੍ਰ ਪਰ ਜਬ ਆਪ ਸ਼ਰਮਸਾਰ ਹੋ ਗਯੇ”
ਗਗਨਦੀਪ ਸਿੰਘ ਗਹੂਣੀਆ ਨੇ ‘ਅਕਬਰ ਇਲਾਹਾਬਾਦੀ’ ਦੀ ਇਕ ਉਰਦੂ ਗ਼ਜ਼ਲ ਅਤੇ ਅਪਣੀ ਕਵਿਤਾ ‘ਵਾਹ ਬਈ ਵਾਹ’ ਨਾਲ ਤਾੜੀਆਂ ਲੈ ਲਈਆਂ।
ਸੁਰਜੀਤ ਸਿੰਘ ‘ਪੰਨੂੰ’ ਹੋਰਾਂ ਅਪਣੀਆਂ ਕੁਝ ਰੁਬਾਈਆਂ ਅਤੇ ਕਵਿਤਾ “ਰੁਲ ਜਾਵੇਂਗਾ” ਨਾਲ ਵਾਹ-ਵਾਹ ਖੱਟੀ –
“ਦੋਸਤ, ਮਿੱਤਰ ਬਣਾ ਕੇ ਰੱਖੀਂ, ਪਰੇਮ ਦੀ ਜੋਤ ਜਗਾ ਕੇ ਰੱਖੀਂ
ਸੱਚ ਦਾ ਝੰਡਾ ਝੁਲਾ ਕੇ ਰੱਖੀਂ, ਨਹੀਂ ਤਾਂ ਰੁਲ ਜਾਵੇਂਗਾ।
ਕਿਸੇ ਮਾੜੇ ਨਾਲ ਕਰੀਂ ਨਾ ਧੱਕਾ, ਅਪਣੇ ਅਸੂਲਾਂ ‘ਤੇ ਰਹੀਂ ਪੱਕਾ
ਚੰਗੇ ਕੰਮ ਵਿੱਚ ਪਾਈਂ ਨਾ ਡੱਕਾ, ਨਹੀਂ ਤਾਂ ਰੁਲ ਜਾਵੇਂਗਾ।”
ਸਨੀ ਗਰੇਵਾਲ,ਜੋ ਕਿ ਦੰਦਾ ਦੇ ਡਾਕਟਰ ਹਨ, ਨੇ ਨਵੇਂ ਦੰਦ ਲਵਾਉਣ ਬਾਰੇ ਰੋਚਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦਸਿਆ ਕਿ ਖ਼ਾਸ ਕਰਕੇ ਬਜ਼ੁਰਗਾਂ ਲਈ ਉਹਨਾਂ ਕੋਲ ਚੰਗੀਆਂ ਸਕੀਮਾਂ ਹਨ ਤੇ 403-254-5000 ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾ ਸਕਦੀ ਹੈ।
ਰਫ਼ੀ ਅਹਮਦ ਨੇ ਉਰਦੂ ਦੀ ਇਕ ਨਜ਼ਮ ਗਾਕੇ ਵਧੀਆ ਦਾਦ ਖੱਟ ਲਈ –
“ਨ ਜਾਨੇ ਕਯੂੰ ਤੇਰਾ ਮਿਲਕਰ ਬਿਛੜਨਾ ਯਾਦ ਆਤਾ ਹੈ
ਮੈਂ ਰੋ ਪੜਤਾ ਹੂੰ ਜਬ ਗੁਜ਼ਰਾ ਜ਼ਮਾਨਾ ਯਾਦ ਆਤਾ ਹੈ”
ਜੀਤ ਸਿੰਘ ਸਿੱਧੂ ਹੋਰਾਂ ‘ਗੁਰਦੀਪ ਲੋਪੋ’ ਦਾ ਗੀਤ ‘ਕਾਲ ਕਲੰਦਰ’ ਸਾਂਝਾ ਕਰਕੇ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ –
“ਛੱਡ ਬਾਦਸ਼ਾਹੀਆਂ ਤੁਰ ਗਏ, ਜਦੋਂ ਆ ਗਿਆ ਕਾਲ ਕਲੰਦਰ
ਕੁੱਲ ਦੁਨੀਆਂ ਜਿੱਤਦਾ ਸੀ, ਤੁਰ ਗਿਆ ਖਾਲੀ ਹੱਥ ਸਿਕੰਦਰ।
ਦਾਣੇ ਚੁਗਲੈ ਕਰਮਾਂ ਦੇ, ਜਿੱਥੇ ਜਿੱਥੇ ਪਏ ਖਿਲਾਰੇ
ਆਖਰ ਨੂੰ ਬੰਦਾ ਹਰ ਜਾਂਦਾ, ਪਰ ਮੌਤ ਨਾ ਕਿਸੇ ਤੋਂ ਹਾਰੇ।”
ਇਨ. ਆਰ. ਐਸ. ਸੈਨੀ ਅਤੇ ਡਾ. ਮਨਮੋਹਨ ਸਿੰਘ ਬਾਠ ਹੋਰਾਂ ਨੇ ਹਿੰਦੀ ਦੇ ਫਿਲਮੀ ਗਾਣੇ ਬੜੀ ਖ਼ੂਬਸੂਰਤੀ ਨਾਲ ਗਾਕੇ ਰੌਣਕ ਲਾ ਦਿੱਤੀ।
ਹਰਨੇਕ ਬੱਧਨੀ ਹੋਰਾਂ ਅਪਣੀ ਇਕ ਕਵਿਤਾ ਨਾਲ ਜ਼ਿੰਦਗੀ ਸਵਾਰਨ ਦੀ ਗੱਲ ਕਹੀ –
“ਕਰਨ ਲਈ ਦੀਦਾਰ ਸੋਹਣਿਆਂ ਸੱਜਣਾ ਦਾ, ਅੱਗ ਦੇ ਦਰਿਆ ਤਰਨਾ ਸਿਖੋ
ਉਦਾਸੀ ਦੇ ਆਲਮ ‘ਚੋਂ ਨਿਕਲੋ ਮੇਰੇ ਦੋਸਤੋ, ਜ਼ਿੰਦਗੀ ‘ਚ ਨਵੇਂ ਰੰਗ ਭਰਨਾ ਸਿਖੋ”
ਜਗਜੀਤ ਸਿੰਘ ਰਾਹਸੀ ਹੋਰਾਂ ਹੋਰ ਸ਼ਾਇਰਾਂ ਦੇ ਲਿਖੇ ਉਰਦੂ ਦੇ ਕੁਝ ਸ਼ੇ’ਰ ਸੁਣਾਕੇ ਵਾਹ-ਵਾਹ ਲਈ –
“ਅਬ ਤੋ ਸਾਵਨ ਮੇਂ ਭੀ ਬਾਰੂਦ ਬਰਸਤਾ ਹੈ ਯਹਾਂ
ਅਬ ਵੋ ਮੌਸਮ ਨਹੀਂ ਬਾਰਿਸ਼ ਮੇਂ ਨਹਾਨੇ ਵਾਲੇ”
ਅਜਾਇਬ ਸਿੰਘ ਸੇਖੋਂ ਹੋਰਾਂ ਅਪਣੀ ਕਵਿਤਾ ਰਾਹੀਂ ਇਸ ਜੀਵਨ ਦੀ ਸੱਚਾਈ ਕੁਝ ਇਸ ਤਰਾਂ ਕਹੀ –
“ਇਹ ਦੁਨੀਆ ਇਕ ਗੁੰਜਲ ਖੇਲ ਅਖਾੜਾ
ਹਰ ਕੋਈ ਖੇਲੇ, ਸਾਧਨ ਮਿਲਿਆ ਚੰਗਾ ਜਾਂ ਮਾੜਾ
ਮਾਨਸ ਵਿਚਾਰਾ ਏਥੇ ‘ਸੇਖੋਂ’ ਖੇਡਾਂ ਖੇਡੇ
ਖੇਡਦਾ ਖੇਡਦਾ ਜੀਵਨ ਖੇਡਾਂ ਖੇਡ ਗਿਆ”
ਜਸਵੀਰ ਸਿਹੋਤਾ ਹੋਰਾਂ ਅਪਣੇ ਕੁਝ ਦੋਹੇ ਸਾਂਝੇ ਕਰਕੇ ਤਾੜੀਆਂ ਲੈ ਲਈਆਂ –
“ਹਰ ਕਾਰਜ ਹੀ ਲੋੜਦਾ, ਵਕਤ ਸਿਰ ਸ਼ੁਰੂਆਤ
ਹਰ ਇਕ ਕਾਰਜ ਕਰਨ ਲਈ, ਉੱਤਮ ਸਮਾਂ ਪ੍ਰਭਾਤ।
ਕਲ ਵਾਲਾ ਦਿਨ ਲੰਘਿਆ, ਬਦਲੇ ਅੱਜ ਹਲਾਤ
ਪਰ ਬੰਦਾ ਨਾ ਭੁੱਲਿਆ, ਅਜੇ ਪੁਰਾਣੀ ਬਾਤ।”
ਤਰਲੋਕ ਸਿੰਘ ਚੁੱਘ ਹੋਰਾਂ ਵਲੋਂ ਪੇਸ਼ ਕੀਤੇ ਚੁਟਕਲਿਆਂ ਨਾਲ ਹਸਦੇ-ਵਸਦੇ ਮਾਹੌਲ ਵਿੱਚ ਅੱਜ ਦੀ ਸਭਾ ਦਾ ਸਮਾਪਨ ਕੀਤਾ ਗਿਆ।
ਜੱਸ ਚਾਹਲ ਨੇ ਅਪਣੇ ਅਤੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਡਾ. ਮਨਮੋਹਨ ਸਿੰਘ ਬਾਠ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਜੱਸ ਚਾਹਲ