ਦੀਪ ਹੁਣ ਦਸਵੀਂ ਜਮਾਤ ਵਿੱਚ ਹੀ ਪੜ੍ਹਦਾ ਸੀ| ਉਸ ਨੂੰ ਗੀਤ ਲਿਖਣ ਦਾ ਸ਼ੌਂਕ ਸਤਵੀਂ ਅਠਵੀੰ ਜਮਾਤ ਤੋਂ ਹੀ ਸੀ | ਉਸ ਦੇ ਮਨ ਚ ਵੀ ਉਮੰਗਾਂ ਨੇ ਜਨਮ ਲਿਆ ਕਿ ਉਸਦੇ ਲਿਖੇ ਗੀਤ ਕੋਈ ਗਾਏ ਤੇ ਉਸਦਾ ਵੀ ਨਾਮ ਹੋਵੇ | ਪਰ ਉਸਦੇ ਘਰਦਿਆਂ ਨੂੰ ਉਸਦਾ ਇਹ ਸਭ ਕਰਨਾ ਪਸੰਦ ਨਹੀਂ ਸੀ| ਪਰ ਉਸਨੇ ਅਪਣੀ ਇਸ ਰੁਚੀ ਵੱਲ ਕੋਈ ਕਮੀ ਨਾ ਦਿਖਾਈ | ਇੱਕ ਦਿਨ ਅਖਬਾਰ ਪੜ੍ਹਦਿਆਂ ਉਸਦੀ ਨਜਰ ਪਈ ਕਿ ਨਵੇਂ ਗੀਤਕਾਰਾਂ ਦੀ ਲੋੜ ਹੈ ਅਪਨੇ ਗੀਤ ਸੈੰਪਲ ਦੇ ਤੋਰ ਤੇ ਭੇਜੋ | ਦੀਪ ਨੂੰ ਇੱਕ ਅਜ਼ੀਬ ਜਿਹੀ ਖੁਸ਼ੀ ਪ੍ਰਾਪਤ ਹੋਈ |ਫਟਾਫਟ ਅਪਨੇ ਪਸੰਦ ਦੇ ਗੀਤਾਂ ਦੇ ਮੁਖੜੇ ਲਿਖਕੇ ਉਸਨੇ ਕੰਪਨੀ ਨੂੰ ਭੇਜ ਦਿੱਤੇ| ਕੁਝ ਹੀ ਦਿਨਾਂ ਬਾਅਦ ਉਸਨੂੰ ਚਿੱਠੀ ਮਿਲੀ ....ਤੁਹਾਡੇ ਗੀਤ ਪਸੰਦ ਕੀਤੇ ਗਏ ਹਨ ... ਆਪਣੇ ਹੋਰ ਗੀਤ ਲੈਕੇ ਕੰਪਨੀ ਦੇ ਦਫਤਰਆਣਕੇ ਮਿਲੋ | ਦੀਪ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਰਿਹਾ | ਦੀਪ ਨੇ ਆਪਣੇ ਚੁਨਿੰਦਾ ਗੀਤ ਟਾਇਪ ਕਰਵਾਏ ਤੇ ਲੱਗਾ ਉਸ ਦਿਨ ਦੀ ਉਡੀਕ ਕਰਨ ਜਿਸ ਦਿਨ ਉਸਨੂੰ ਕੰਪਨੀ ਵਾਲਿਆਂ ਨੇ ਬੁਲਾਇਆ ਸੀ | ਦੀਪ ਨੇ ਆਪਣੇ ਸਾਰੇ ਦੋਸਤਾਂ ਨੂੰ ਇਸ ਬਾਰੇ ਦੱਸ ਦਿੱਤਾ ਸੀ | ਸਭ ਉਸਨੂੰ ਸੁਭਕਾਮਨਾਵਾਂ ਦੇ ਰਹੇ ਸਨ | ਦੀਪ ਦੇ ਕੰਨਾਂ ਵਿੱਚ ਉਸਦੇ ਰਿਕਾਰਡ ਹੋਏ ਗੀਤ ਵੱਜ ਰਹੇ ਸਨ | ਖਿਆਲਾਂ ਹੀ ਖਿਆਲਾਂ ਵਿੱਚ ਵੱਡੇ ਵੱਡੇ ਕਲਾਕਾਰ ਉਸਤੋਂ ਗੀਤ ਲਿਖਵਾ ਰਹੇ ਸਨ | ਫਿਰ ਉਹ ਦਿਨ ਆ ਗਿਆ ਜਿਸ ਦਿਨ ਦਾ ਉਸਨੂੰ ਇਂਤੇਜਾਰ ਸੀ | ਦੀਪ ਮਿਥੇ ਸਮੇਂ ਤੇ ਤਿਆਰ ਹੋਕੇ ਕੰਪਨੀ ਦੇ ਦਫ਼ਤਰ ਪਹੁੰਚ ਗਿਆ ਕੰਪਨੀ ਦਾ ਦਫ਼ਤਰ ਜ਼ਿਆਦਾ ਵੱਡਾ ਨਹੀਂ ਸੀ ਕੰਪਨੀ ਦੇ ਮਾਲਕ ਨੂੰ ਮਿਲਿਆ ਤੇ ਉਹਨਾਂ ਵੱਲੋਂ ਭੇਜੀ ਚਿਠੀ ਪੱਤਰ ਦਿਖਾਈ | ਕੰਪਨੀ ਦੇ ਮਾਲਕ ਨੇ ਦੀਪ ਵੱਲ ਗੌਹ ਨਾਲ ਵੇਖਿਆ ਫੇਰ ਦੀਪ ਤੋਂ ਲਿਖੇ ਹੋਏ ਗੀਤਾਂ ਦੇ ਕਾਗਜ ਫੜ ਲਏ | ਮਾਂ ਬਾਪ ਦੇ ਕੰਮ ਕਾਜ ....ਘਰ ਦੀ ਆਮਦਨੀ ਆਦਿ ਦੀ ਇੰਟਰਵਿਊ ਕਰਕੇ ਉਸਨੇ ਦੀਪ ਨੂੰ ਇੰਤੇਜਾਰ ਕਰਨ ਲਈ ਕਿਹਾ | ਦੀਪ ਨੂੰ ਬੜੀ ਹੈਰਾਨੀ ਹੋਈ ਕਿ ਇਸ ਬੰਦੇ ਨੇ ਕਿਦਾਂ ਦੇ ਸਵਾਲ ਉਸ ਕੋਲੋਂ ਪੁਛੇ ਸਨ ਜਿੰਨਾਂ ਦਾ ਗੀਤਾਂ ਨਾਲ ਦੂਰ ਦੂਰ ਤੱਕ ਦਾ ਕੋਈ ਵਾਸਤਾ ਨਹੀਂ ਸੀ| ਦੀਪ ਬੈਠਾ ਇੰਤੇਜਾਰ ਕਰਦਾ ਰਿਹਾ | ਸ਼ੀਸ਼ੇ ਚੋਂ ਪਤਾ ਲੱਗ ਰਿਹਾ ਸੀ ਕਿ ਕੰਪਨੀ ਮਾਲਕ ਕੋਲ ਕੋਈ ਬਹੁਤਾ ਆਉਣ ਜਾਨ ਨਹੀਂ ਸੀ | ਦੀਪ ਨੂੰ ਬੈਠੇ ਨੂੰ ਲਗਭਗ ਦੋ ਘੰਟੇ ਹੋ ਗਏ ਸਨ ਉਹ ਵਾਰ ਵਾਰ ਅੰਦਰ ਵੱਲ ਝਾਤੀ ਮਾਰਕੇ ਦੇਖ ਰਿਹਾ ਸੀ ਕਿ ਕੋਈ ਹਲਚਲ ਹੋਵੇ ਉਸ ਨੂੰ ਬੁਲਾਉਣ ਲਈ ਪਰ ਕੁਝ ਨਹੀਂ ਸੀ ਹੋ ਰਿਹਾ| ਕਾਫੀ ਦੇਰ ਬਾਅਦ ਜਦ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਹ ਆਪ ਹੀ ਅੰਦਰ ਚਲਾ ਗਿਆ | ਮਾਲਕ ਨੂੰ ਕਹਿਣ ਲੱਗਾ ਕਿ ਸਰ ਮੈਂ ਬਾਹਰ ਇੰਤੇਜਾਰ ਕਰ ਰਿਹਾਂ ਤੁਸੀਂ ਕਿਹਾ ਸੀ.. ਹੁਣ ਕਾਫੀ ਸਮਾਂ ਹੋ ਗਿਆ ਹੈ , ਤਾਂ ਮਾਲਕ ਬੋਲਿਆ ," ਓਹ ਹਾਂ ਸੱਚ ਮੈਂ ਤਾਂ ਭੁੱਲ ਹੀ ਗਿਆ" ਇਸ ਤੋਂ ਬਾਅਦ ਮਾਲਕ ਨੇ ਐਨਕਾਂ ਚੋਂ ਝਾਕਦੇ ਹੋਏ ਕਿਹਾ ."ਕਾਕਾ ਤੇਰੇ ਗੀਤ ਹਾਲੇ ਸਹੀ ਢੰਗ ਨਾਲ ਨਹੀਂ ਲਿਖੇ ਹੋਏ"| ਦੀਪ ਹੈਰਾਨ ਹੋਇਆ ਪੁੱਛਣ ਲੱਗਾ ਕਿ ਸਰ ਤੁਸੀਂ ਮੇਰੇ ਗੀਤ ਦੇਖਣ ਤੋਂ ਬਾਅਦ ਹੀ ਮੌਨੂੰ ਬੁਲਾਇਆ ਸੀ, ਹੁਣ ਅਚਾਨਕ ਕੀ ਹੋਇਆ ? ਮਾਲਕ ਟਾਲਮ ਟੋਲ ਕਰਨ ਲੱਗਾ | ਦੀਪ ਵਾਰ ਵਾਰ ਗੀਤਾਂ ਦੀ ਕਮੀ ਬਾਰੇ ਪੁਛਣ ਲੱਗਾ ਤਾਂ ਮਾਲਕ ਨੇ ਆਖਰ ਸਚ ਬੋਲਿਆ ," ਕਾਕਾ ਗੀਤ ਰਿਕਾਰਡ ਕਰਨ ਨੂੰ ਪੈਸੇ ਲਗਦੇ ਆ, ਕਿੰਨੇ ਆ ਤੇਰੇ ਕੋਲ? ਲਿਆ ਰੁਪਈਏ ਤੇ ਕਰੀਏ ਰਿਕਾਰਡ ਤੇਰੇ ਗੀਤ"| ਇੰਨਾ ਸੁਣਦੇ ਹੀ ਦੀਪ ਨੂੰ ਸਾਰੀ ਗੱਲ ਸਮਝ ਆ ਗਈ ਸੀ ਤੇ ਉਹ ਭਰੇ ਮਨ ਤੇ ਭਾਰੇ ਕਦਮਾਂ ਨਾਲ ਚੁੱਪ ਚਾਪ ਘਰ ਵੱਲ ਤੁਰ ਪਿਆ |