ਕੋਈ ਐਸੀ ਕਵਿੱਤਾ ਸੁਣਾ ਜੇ ਤੂੰ ਸ਼ਾਇਰ ਏਂ।
ਰੋਂਦੇ ਹੋਏ ਨੂੰ ਚੁਪ ਕਰਾ ਜੇ ਤੂੰ ਸ਼ਾਇਰ ਏਂ।
ਮਿਰਜਾ ਰਾਝਾਂ ਸੱਸੀ ਸ਼ੀਰੀ ਹੁਣ ਤੱਕ ਗਾਏ ਨੇ,
ਲੋਕਾਂ ਦਾ ਦਰਦ ਕੋਈ ਗਾ ਜੇ ਤੂੰ ਸ਼ਾਇਰ ਏਂ
ਚੱੜਦੇ ਸੂਰਜ ਨੂੰ ਸਲਾਮਾਂ ਹਰ ਇਕ ਕਰਦਾ ਹੈ,
ਉਠ ਨ੍ਹੇਰੇ ਨੂੰ ਗਲ ਨਾਲ ਲਾ ਜੇ ਤੂੰ ਸ਼ਾਇਰ ਏਂ।
ਕੁੱਲੀ ਦੇ ਹੱਕ ਖੋਹੇ ਜਾਂਦੇ ਵੇਖ ਚੁਪ ਨਾਂ ਵੱਟ,
ਚੱੜ੍ਹ ਕੋਠੇ ਉਤੇ ਰੌਲਾ ਪਾ ਜੇ ਤੂੰ ਸ਼ਾਇਰ ਏਂ।
ਲੋਕਾਂ ਨਾਲ ਹੁੰਦਾ ਵੇਖ ਕੇ ਜ਼ਬਰ ਜ਼ੁਲਮ ਅਨਿਆਂ,
ਉੱਚੀ ਸੱਚ ਦੀ ਅਵਾਜ਼ ਉਠਾ ਜੇ ਤੂੰ ਸ਼ਾਇਰ ਏਂ।
ਅੱਖੀ ਵੇਖ ਮੱਖੀ ਨਿਗਲਣੀ ਕੰਮ ਤੁਹਾਡਾ ਨਹੀਂ,
ਭੋਲੇ ਲੋਕਾਂ ਤਾਈਂ ਸਮਝਾ ਜੇ ਤੂਂੰ ਸ਼ਾਇਰ ਏਂ।
ਖਤਮ ਕਰਨ ਲਈ ਨਫਰਤ ਜੜੋਂ ਬੀ ਪਿਆਰ ਦੇ ਬੋ,
ਸਿੱਧੂ ਸੋਹਣੇ ਫੁੱਲ ਉਗਾ ਜੇ ਤੂੰ ਸ਼ਾਇਰ ਏਂ।