ਸਰਕਾਰ ਇਹ ਲੜਦੀ ਰਹਿੰਦੀ ਇਕ ਕੁਰਸੀ ਪਿੱਛੇ।
ਸਾਡੇ ਦੇਸ਼ ਨੂੰ ਅੱਗੇ ਲਿਆਉਣਾ ਤਾਂ ਬਣਗੇ ਕਿੱਸੇ।
ਰਿਸ਼ਵਤਖੋਰੀ, ਬੇਰੋਜ਼ਗਾਰੀ, ਦੁਨੀਆਂ ਦੀ ਬਣੀ ਬਿਮਾਰੀ।
ਸੋਚ ਸਾਡੀ ਇਥੋਂ ਤੱਕ ਸੀਮਤ ਪੈਸੇ ਨੇ ਸਭ ਖੇਡ ਖਿਲਾਰੀ।
ਅਫ਼ਸਰ ਵੀ ਹੁਣ ਲੈਣੇ ਦੇਣ ਦੇ ਕੰਮ ਵਿੱਚ ਜ਼ੋਰ ਵਿਖਾਉਂਦੇ।
ਗਰੀਬ ਲੋਕ ਭਾਂਵੇ ਮਰਨ ਭੁੱਖੇ ਜੇਬ ਆਪਣੀ ਭਰਨੀ ਚਹੁੰਦੇ।
ਕੈਦੀ ਹੋਈ ਇਹ ਦੁਨੀਆਂ ਅਜ਼ਾਦ ਹੋ ਕੇ ਨਾ ਛੁੱਟਦੀ ।
ਮੰਤਰੀਆਂ ਨੇ ਖਾਧੀ ਕਸਮ ਜੋ ਬੇਰੋਜ਼ਗਾਰੀ ਤੇ ਟੁੱਟਦੀ ।
ਜਦ ਵੋਟਾਂ ਦੀ ਵਾਰੀ ਆਉਂਦੀ ਲੱਖਾਂ ਵਾਅਦੇ ਕਰਕੇ ਜਾਂਦੇ।
ਟੁੱਟਣੇ ਭਾਂਵੇ ਪਤਾ ਲੋਕਾਂ ਨੂੰ ਸੁਪਨਿਆਂ ਵਿੱਚ ਸਧਰਾਂ ਭਰ ਜਾਂਦੇ।
ਫਿਰ ਆਖ਼ਰ ਨੂੰ ਇਹ ਦਿਨ ਆਉਂਦਾ ਕੁਰਸੀ ਰੰਗ ਵਿਖਾਉਂਦੀ।
ਕੁਰਸੀ ਇਹ ਘੁੰਮਣ-ਘੇਰੀ ਦੁਨੀਆਂ ਚੱਕਰਾਂ ਵਿੱਚ ਪਾਉਂਦੀ ਹੈ।
ਕਰਨ ਪੜ੍ਹਾਈ ਨੌਕਰੀ ਲਈ ਪਰ ਹੱਕ ਨਾ ਮਿਲਦੇ ਨੇ।
ਧਰਨੇ ਲਾ ਕੇ ਮੰਗਾਂ ਨੂੰ ਮੰਗ 'ਮਨ ਰੱਬ ਤੋਂ ਖਿਝਦੇ ਨੇ।
ਦੇਸ਼ ਦੀ ਵਿਉਂਤ ਤਾਂ ਸੁਲਝੀ ਨਾ ਇਹ ਉਲਝੀ ਫਿਰਦੀ ।
ਕੀ ਪੜ੍ਹ ਕੇ ਕਰ ਲੂ ਬੰਦਾ ਨੌਕਰੀ ਮੁੱਲ ਦੀ ਮਿਲਦੀ ।
ਕਈ ਕਰਜ਼ੇ ਹੇਠ ਜੋ ਦੱਬ ਗਏ ਨੇ ਖੁਦਕੁਸ਼ੀਆਂ ਕਰ ਗਏ ਨੇ।
ਉਹ ਨੌਕਰੀਆਂ ਨੂੰ ਪਾ ਲੈਂਦੇ ਜੋ ਲੱਖਾਂ ਪੈਸੇ ਭਰ ਗਏ ਨੇ।
ਜਦ ਸਰਕਾਰ ਨਾ ਸੁਣਦੀ ਗੱਲ, ਮਨ ਆਤੰਕਵਾਦੀ ਬਣਦਾ ।
ਲੋੜਾਂ ਪੂਰੀਆਂ ਕਰਨ ਲਈ ਬੰਦਾ ਕੀ ਨਹੀਂ ਦੱਸੋ ਕਰਦਾ ।
ਹੱਕ ਨਾ ਮਿਲਦੇ ਖੋਹਣੇ ਪੈਂਦੇ ਇਹ ਸੋਚ ਨੂੰ ਮੁੱਖ ਰੱਖ ਤੁਰਦੇ ਨੇ।
ਇਹ ਸਰਕਾਰ ਦੀ ਮਿਹਰਬਾਨੀ ਜੋ ਆਤੰਕ ਪੈਦਾ ਕਰਦੇ ਨੇ।
'ਬਲਜੀਤ' ਕਹੇ ਸਭ ਕੁਰਸੀ ਚਹੁੰਦੇ ਹੱਕ ਕੋਈ ਵੀ ਦਿੰਦਾ ਨਾ।
ਸਭ ਵੇਖਣ ਨੂੰ ਬੱਸ ਜਿਉਂਦੇ ਨੇ ਪਰ ਜ਼ਮੀਰ ਕਿਸੇ ਦਾ ਜਿੰਦਾ ਨਾ।