ਮੈ ਗਰੀਬ ਘਰ ਦਾ ਨੱਨਾ ਬੱਚਾ
ਪ੍ਰਾਈਮਰੀ ਸਕੂਲ ਮੈਂ ਹਾਂ ਪੜਦਾ
ਕਾਰਾਂ ਦੇ ਵਿੱਚ ਮੈਂ ਨਾ ਆਇਆ
ਕਦੀ ਠੰਡ ਕਦੀ ਧੁਪ ਚ ਰੜਦਾ
ਮਾਸਟਰ ਜੀ ਨਾ ਮਾਰਿਉ ਮੈਨੂੰ
ਬੱਸ ਏਹੀ ਮੈ ਬੇਨਤੀ ਕਰਦਾ
ਹੱਥ ਵਿਚ ਜਦੋ ਵੇਖਦਾ ਡੰਡਾਂ
ਸਾਂਹ ਸੁਕ ਜਾਣ ਬੜਾ ਮੈ ਡਰਦਾ
ਬੈਠਣ ਲਈ ਮੈ ਬੋਰੀ ਲਿਆਇਆ
ਉਧੜੇ ਕਪੜੇ ਬਦਨ ਤੇ ਗਰਦਾ
ਕਿਝ ਪੜਾਈ ਕਰਾਂ ਮੈ ਪੂਰੀ
ਬਾਪੂ ਦਾਰੂ ਪੀ ਨਿਤ ਲੜਦਾ
ਮਾਂ ਬਿਮਾਰ ਹੈ ਰਹਿੰਦੀ ਮੇਰੀ
ਲੋਕ ਕੀ ਜਾਨਣ ਦੁਖ ਜੋ ਜਰਦਾ
ਇੱਕ ਦਿਨ ਪੂਰੇ ਪੰਜ ਜੀਆਂ ਦਾ
ਪਾਈਆ ਦੁਧ ਨਾਲ ਕਿੰਝ ਸਰਦਾ
ਨਾਂ ਬਿਜਲੀ ਨਾਂ ਬਲਬ ਟਿਉਬਾਂ
ਹਫਤਿਆਂ ਤੱਕ ਨਾਂ ਦੀਵਾ ਭਰਦਾ
ਚੰਨ ਤਾਰੇ ਵੀ ਦੁਸ਼ਮਨ ਲੱਗਦੇ
ਚੁਭਦਾ ਨਿਤ ਸੂਰਜ ਵੀ ਚੜਦਾ
ਅੰਧਕਾਰ ਵਿੱਚ ਅਸੀਂ ਹਾ ਰਹਿੰਦੇ
ਰਿਸਤੇਦਾਰ ਨਾਂ ਵੇਹੜੇ ਵੜਦਾ
ਤਿਪ ਤਿਪ ਚੋਂਦਾ ਘਰ ਸਾਰਾ ਹੀ
ਲਿਪ ਲਿਪ ਥੱਕੇ ਰਹਿੰਦਾ ਖਰਦਾ
ਕੁਠਲੇ ਦੇ ਵਿੱਚ ਕੋਈ ਨਾਂ ਦਾਣਾਂ
ਰੱਬ ਵੀ ਸਦਾ ਗਰੀਬ ਤੇ ਵਰਦਾ
ਜਿਸਮ ਤੋ ਭਾਰੀ ਪੰਡ ਹੈ ਮੇਰੀ
ਬਾਂਹ ਮੇਰੀ ਅੱਜ ਕੋਈ ਨਾਂ ਫੜਦਾ
ਹੱਸਣ ਗੁਆਢੀ ਹਾਲਤ ਤੱਕ ਤੱਕ
ਪਰ ਮਦਦ ਲਈ ਕੋਈ ਨਾਂ ਖੜਦਾ
ਕਮਜੋਰੀ ਨੇ ਮਾਰਿਆ ਪਲ ਪਲ
ਬੱਸ ਜਿੰਦਾ ਹਾਂ ਨਹੀ ਮੈ ਮਰਦਾ
ਸਰਕਾਰਾਂ ਕਦੀ ਲੈਣ ਨਾਂ ਸਾਰਾਂ
ਕਿਝ ਗਰੀਬ ਦਾ ਧੀ ਪੁਤ ਪੜਦਾ
ਨਾਂ ਮਾਰਿਉ ਮਾਸੂਮ ਮਾਸਟਰ ਜੀ
ਕਦਮਾਂ ਵਿੱਚ ਹਾਂ ਮੈ ਸਿਰ ਧਰਦਾ