ਤਿਰੀ ਮਦਹੋਸ਼ ਆਹਾਂ ਚੋਂ ਇਸ਼ਾਰੇ ਬੋਲ ਪੈਂਦੇ ਨੇ।
ਮੇਰੇ ਮਨ ਦੀ ਧਰਾਤਲ ਚੋਂ ਨਜ਼ਾਰੇ ਬੋਲ ਪੈਂਦੇ ਨੇ।
ਜਦੋਂ ਜੁਗਨੂੰ ਹਨ੍ਹੇਰੀ ਰਾਤ ਅੰਦਰ ਜਗਮਗਾਉਂਦੇ ਨੇ,
ਉਦੋਂ ਸੂਰਜ ਦੀ ਅੱਖ ਖੁੱਲ੍ਹੇ ਸਵੇਰੇ ਬੋਲ ਪੈਂਦੇ ਨੇ।
ਮੇਰੇ ਮਨ ਵਿਚ ਜਦੋਂ ਯਾਦਾਂ ਦੇ ਤਾਰੇ ਟਿਮਟਮਾਉਂਦੇ ਨੇ,
ਉਦੋਂ ਕਾਗਜ਼ ਤੇ ਅੱਖਰਾਂ ਦੇ ਸਿਤਾਰੇ ਬੋਲ ਪੈਂਦੇ ਨੇ।
ਇਕੱਲਾ ਤੂੰ ਨਹੀਂ ਸਾਥੀ ਨਾ ਤੂੰ ਹੀ ਰੁੱਖ ਰੋਹੀ ਦਾ,
ਜਦੋਂ ਕੋਈ ਬਾਤ ਪਾਉਂਦਾ ਹੁੰਗਾਰੇ ਬੋਲ ਪੈਂਦੇ ਨੇ।
ਤੇਰੇ ਸਾਹਾਂ ਦੀ ਖੁਸ਼ਬੂ ਮੇਰਿਆਂ ਗੀਤਾਂ ਦੀ ਧੜਕਣ ਹੈ,
ਇਸ਼ਕ ਦੀ ਰਮਜ਼ ਪੈ ਜਾਏ ਤਾਂ ਪਿਆਰੇ ਬੋਲ ਪੈਂਦੇ ਨੇ।