ਮੰਚ ਦੀ ਹੋਈ ਇਕੱਤਰਤਾ
(ਖ਼ਬਰਸਾਰ)
ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ ਅਤੇ ਦਲਵੀਰ ਸਿੰਘ ਲੁਧਿਆਣਵੀ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਟੀਚਰਾਂ ਨੇ ਖੋਜ ਕੀਤੀ ਹੈ ਕਿ ਸਭ ਤੋਂ ਪਹਿਲਾ ਪੰਜਾਬੀ ਫੌਂਟ ਬਣਾਉਣ ਵਾਲਾ ਜਨਮੇਜਾ ਸਿੰਘ ਜੌਹਲ ਹੀ ਸੀ। ਦਲਵੀਰ ਸਿੰਘ ਲੁਧਿਆਣਵੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਤਿਉਹਾਰ ਸਮਾਜਿਕ ਬੁਰਾਈਆਂ ਤੋਂ ਸੁਚੇਤ ਹੀ ਨਹੀਂ ਕਰਦੇ, ਸਗੋਂ ਖੁਸ਼ੀਆਂ-ਖੇੜਿਆਂ ਦੀ ਵਰਖਾ ਵੀ ਕਰਦੇ ਹਨ, ਸੱਭਿਆਚਾਰਕ ਵਿਰਸੇ ਨਾਲ ਜੋੜਦੇ ਹਨ। ਰਚਨਾਵਾਂ ਦੇ ਦੌਰ ਵਿਚ ਤ੍ਰੈਲੋਚਨ ਲੋਚੀ ਨੇ ਕਵਿਤਾ 'ਜੰਗ ਦੇ ਦਿਨਾਂ ਵਿਚ ਮੰਦਿਰਾਂ, ਮਸਜਿਦਾਂ, ਮੁਸੀਤਾਂ, ਗੁਰਦੁਆਰਿਆਂ ਵਿਚ ਕੋਈ ਆਵਾਜ਼ ਨਹੀਂ ਆਉਂਦੀ, ਸ਼ਾਇਦ ਰੱਬ ਵੀ ਸਹਿਮ ਜਾਂਦਾ ਹੈ, ਜੰਗ ਦੇ ਦਿਨਾਂ ਵਿਚ', ਡਾ. ਗੁਲਜ਼ਾਰ ਪੰਧੇਰ ਨੇ ਮਿੰਨੀ ਕਹਾਣੀ 'ਭੋਲਾ ਪੰਛੀ', ਰਘਬੀਰ ਸਿੰਘ ਸੰਧੂ ਨੇ ਕਵਿਤਾ 'ਹਰ ਮੋੜ ਤੇ ਧੋਖਾ ਖਾਂਦਾ ਰਿਹਾ ਹਾਂ ਮੈਂ, ਪਰ ਫਿਰ ਵੀ ਦੋਸਤ ਬਣਾਂਦਾ ਰਿਹਾ ਹਾਂ ਮੈਂ', ਇੰਜ: ਸੁਰਜਨ ਸਿੰਘ ਨੇ ਕਰਮਾ-ਮਾਰੀ 'ਕੱਲੀ ਜਾਗਾਂ ਸੌਂ ਗਿਆ ਜੱਗ ਸਾਰਾ', ਦਲੀਪ ਅਵਧ ਨੇ ਦੋ ਕਵਿਤਾਵਾਂ, ਪਹਿਲੀ 'ਬਚਪਨ', ਦੂਸਰੀ 'ਅਖ਼ਬਾਰ ਦੇ ਪੰਨੇ 'ਤੇ', ਕੇਬਲ ਦੀਵਾਨਾ ਨੇ ਗ਼ਜ਼ਲ 'ਨਾ ਮਸਤੋਂ ਕੀ ਨਾ ਹੁਸ਼ਿਆਰੋ ਕੀ ਬਾਤੇਂ, ਮੇਰੀ ਬਾਤੇਂ ਹੈਂ ਖ਼ਾਕ ਸਾਰੋਂ ਕੀ ਬਾਤੇਂ', ਵਿਸ਼ਵਾ ਮਿੱਤਰ ਨੇ ਕਵਿਤਾ 'ਸਮਾਜ ਮੇਂ ਨਸ਼ਾਖੋਰੀ' ਦੇ ਇਲਾਵਾ ਜਨਮੇਜਾ ਸਿੰਘ ਜੌਹਲ, ਬਲਕੌਰ ਸਿੰਘ ਗਿੱਲ, ਰੈਕਟਰ ਕਥੂਰੀਆ ਆਦਿ ਨੇ ਆਪੋ-ਆਪਣੇ ਵਿਚਾਰ ਰੱਖ ਕੇ ਇਸ ਮਹਿਫਲ ਨੂੰ ਹੋਰ ਰੰਗੀਨ ਬਣਾ ਦਿੱਤਾ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।
ਦਲਵੀਰ ਸਿੰਘ ਲੁਧਿਆਣਵੀ