ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ
(ਖ਼ਬਰਸਾਰ)
ਕੈਲਗਰੀ -- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਜੈਂਸਿਸ ਸੈਂਟਰ ਵਿਖੇ ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਵਿੱਚ ਮੁੱਖ ਮੁੱਦਾ 'ਪਰਿਵਾਰ ਦੀ ਸੇਹਤ ਸੰਭਾਲ' ਹੋਣ ਕਾਰਨ, ਇਹ ਮੀਟਿੰਗ ਸੇਹਤਮੰਦ ਖਾਣਿਆਂ ਤੇ ਫੋਕਸ ਰਹੀ। ਸਭ ਤੋਂ ਪਹਿਲਾਂ ਡਾ. ਬਲਵਿੰਦਰ ਕੌਰ ਬਰਾੜ ਨੇ ਸਭ ਮੈਂਬਰਾਂ ਨੂੰ ਜੀ ਆਇਆਂ ਕਹਿੰਦੇ ਹੋਏ, ਪਿਛਲੇ ਦੋ ਮਹੀਨੇ ਦੀ ਗੈਰਹਾਜ਼ਰੀ ਦੀ ਸਭਾ ਤੋਂ ਮੁਆਫੀ ਮੰਗੀ। ਨਾਲ ਹੀ ਉਹਨਾਂ ਆਪਣੀ ਨਵੀਂ ਛਪੀ ਪੁਸਤਕ ਦੀ ਖੁਸ਼ੀ ਵੀ ਸਾਂਝੀ ਕੀਤੀ ਜੋ ਕਿ ਨਵੇਂ ਸਾਲ ਵਿੱਚ ਰਲੀਜ਼ ਕੀਤੀ ਜਾਏਗੀ।ਕੁੱਝ ਜਰੂਰੀ ਸੂਚਨਾਵਾਂ ਸਾਂਝੀਆਂ ਕਰਦਿਆਂ, ਉਹਨਾਂ ਦੱਸਿਆ ਕਿ- ਅਗਲੇ ਮਹੀਨੇ ਆਪਾਂ ਕ੍ਰਿਸਮਸ ਦਾ ਤਿਉਹਾਰ, ਰੰਗਾ ਰੰਗ ਪ੍ਰੋਗਰਾਮ ਅਤੇ ਬਾਹਰ ਲੰਚ ਕਰਕੇ ਮਨਾਉਣਾ ਹੈ- ਜਿਸ ਦੇ ਇੰਚਾਰਜ ਇਸ ਮਹਿਕਮੇ ਦੇ ਮੰਤਰੀ, ਗੁਰਤੇਜ ਸਿੱਧੂ ਹੋਣਗੇ। ਨਵੇਂ ਸਾਲ ਵਿੱਚ ਸੰਸਥਾ ਦਾ ਸਲਾਨਾ ਸਮਾਗਮ ਕਰਨ ਦਾ ਵੀ ਪ੍ਰੋਗਰਾਮ ਹੈ। ਅੰਮ੍ਰਿਤ ਸਾਗਰ ਫਾਊਂਡੇਸ਼ਨ ਵਲੋਂ ੮ ਅਕਤੂਬਰ ਨੂੰ ਹੋਣ ਵਾਲੇ ਸੀਨੀਅਰ ਟੇਲੈਂਟ ਸ਼ੋਅ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਕਰਾਉਣ ਬਾਰੇ ਵੀ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਉਹਨਾਂ ਸਭਾ ਵਿੱਚ ਆਏ ਨਵੇਂ ਮੈਂਬਰਾਂ ਦਾ ਸੁਆਗਤ ਕਰਦੇ ਹੋਏ, ਉਹਨਾਂ ਦੀ ਜਾਣ ਪਹਿਚਾਣ ਕਰਵਾਈ। ਜਿਹਨਾਂ ਵਿੱਚ ਉਹਨਾਂ ਦੀ ਪਟਿਆਲਾ ਯੂਨੀਵਰਸਿਟੀ ਦੀ ਵਿਦਿਆਰਥਣ ਨਿਸ਼ੀ ਭਾਰਦੁਆਜ ਅਤੇ ਆਯੁਰਵੈਦਿਕ ਡਾਕਟਰ ਅਮਨਦੀਪ ਕੌਰ ਸ਼ਾਮਲ ਸਨ। ਅਮਨਦੀਪ ਨੂੰ ਉਚੇਚੇ ਤੌਰ ਤੇ ਅੱਜ ਦੇ ਵਿਸ਼ੇ ਤੇ ਜਾਣਕਾਰੀ ਦੇਣ ਲਈ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਉਹਨਾਂ ਗੁਰਮੀਤ ਮੱਲ੍ਹੀ ਨੂੰ ਸਟੇਜ ਦੀ ਕਾਰਵਾਈ ਚਲਾਉਣ ਦੀ ਬੇਨਤੀ ਕੀਤੀ।

ਗੁਰਮੀਤ ਮੱਲ੍ਹੀ ਨੇ ਸਟੇਜ ਨੂੰ ਬਾਖੂਬੀ ਸੰਭਾਲਦਿਆਂ ਹੋਇਆਂ, ਸਭ ਤੋਂ ਪਹਿਲਾਂ ਡਾ. ਅਮਨਦੀਪ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ। ਉਹਨਾਂ ਮੈਡਮ ਬਲਵਿੰਦਰ ਕੌਰ ਬਰਾੜ ਲਈ ਜਜ਼ਬਾਤੀ ਹੁੰਦੇ ਹੋਏ ਕਿਹਾ ਕਿ ਇਹਨਾਂ ਵਿੱਚੋਂ ਮੈਂਨੂੰ ਆਪਣੀ ਵਿਛੜੀ ਮਾਂ ਦੀ ਸ਼ਖਸੀਅਤ ਨਜ਼ਰ ਆਉਂਦੀ ਹੈ। ਸਭਾ ਦੇ ਸਭ ਤੋਂ ਸੀਨੀਅਰ ਮੈਂਬਰ, ਕੁਲਵੰਤ ਕੌਰ ਗਰੇਵਾਲ ਨੇ ਆਪਣੀ ਬੁਲੰਦ ਵਿੱਚ ਆਪਣੀ ਧੀਆਂ ਤੇ ਲਿਖੀ ਹੋਈ ਕਵਿਤਾ-'ਪਹਿਲਾਂ ਮੇਰੇ ਬਾਪ ਦਾ ਘਰ ਸੀ, ਫਿਰ ਮੇਰੇ ਸ਼ੌਹਰ ਦਾ ਘਰ ਸੀ, ਹੁਣ ਮੇਰੇ ਪੁੱਤਰ ਦਾ ਘਰ ਹੈ, ਕੁਲਵੰਤ ਤੇਰਾ ਕਿਹੜਾ ਘਰ ਹੈ?' ਸੁਣਾ ਕੇ ਮਹੌਲ ਸੰਜੀਦਾ ਕਰ ਦਿੱਤਾ। ਨਾਲ ਹੀ ਮਨੋਹਰ ਕੌਰ ਜੀ ਨੇ ਇੱਕ ਅਖਬਾਰ ਦੀ ਕਟਿੰਗ ਦਿਖਾਂਦੇ ਹੋਏ ਦੱਸਿਆ ਕਿ ਇਹਨਾਂ ਦੀ ਇਹ ਕਵਿਤਾ ਕਿਸੇ ਨੇ ਆਪਣੇ ਨਾਮ ਤੇ ਅਖਬਾਰ ਵਿੱਚ ਛਪਾਈ ਹੈ। ਸਭ ਨੇ ਇਸ ਤਰ੍ਹਾਂ ਦੀ ਸਾਹਿਤ ਦੀ ਚੋਰੀ ਦੀ ਨਿਖੇਧੀ ਕੀਤੀ ਅਤੇ ਦੋਸ਼ੀ ਤੇ ਕਾਰਵਾਈ ਕਰਨ ਦਾ ਸੁਝਾਅ ਦਿੱਤਾ। ਨਿਸ਼ੀ ਭਾਰਦੁਆਜ ਨੇ ੩੦ ਸਾਲ ਬਾਅਦ ਆਪਣੇ ਅਧਿਆਪਕ ਮੈਡਮ ਬਰਾੜ ਨੂੰ ਮਿਲ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ, ਇਸ ਮਿਲਣੀ ਲਈ- ਗੁਰਦੀਸ਼ ਕੌਰ ਗਰੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਗੀਰ ਕੌਰ ਗਰੇਵਾਲ ਨੇ ਵੀ ਕੁੜੀਆਂ ਦੀ ਕਵਿਤਾ-'ਮੁੰਡਿਆਂ ਨਾਲੋਂ ਘੱਟ ਨ੍ਹੀ ਰਹੀਆਂ, ਲੱਖ ਮੁਸੀਬਤਾਂ ਘਰ ਦੀਆਂ ਸਹੀਆਂ, ਮਿਲੇ ਨਾ ਤਾਂ ਵੀ ਮਾਣ- ਫਿਰ ਇਹ ਕੁੜੀਆਂ ਕਿੱਧਰ ਜਾਣ?' ਅਤੇ ਸੁਰਿੰਦਰ ਕੌਰ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ-'ਖਾਨਗਾਹੀਂ ਦੀਵਾ ਬਾਲਦੀਏ, ਕੀ ਲੋਚਦੀਏ ਕੀ ਭਾਲਦੀਏ' ਸੁਣਾਕੇ ਮਹੌਲ ਸੁਰਮਈ ਬਣਾ ਦਿੱਤਾ। ਗੁਰਦੀਸ਼ ਕੌਰ ਗਰੇਵਾਲ ਨੇ ਡਾ. ਅਮਨਦੀਪ ਦਾ ਕੀਮਤੀ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ ਅਤੇ ਦੁਸਹਿਰੇ ਦੇ ਤਿਉਹਾਰ ਤੇ ਲਿਖੀ ਆਪਣੀ ਕਵਿਤਾ-'ਅੱਜ ਦੇ ਰਾਵਣ' ਸੁਣਾ ਕੇ, ਔਰਤ ਜ਼ਾਤ ਨੂੰ ਅਜੋਕੇ ਰਾਵਣਾ ਤੋਂ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ।