ਮੁੰਡਿਆਂ ਵਾਲੇ ਬਾਬੇ (ਕਹਾਣੀ)

ਹਰਮਿੰਦਰ ਸਿੰਘ 'ਭੱਟ'   

Email: pressharminder@sahibsewa.com
Cell: +91 99140 62205
Address:
India
ਹਰਮਿੰਦਰ ਸਿੰਘ 'ਭੱਟ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਲਵੰਤ ਸਿੰਘ ਦਾ ਕਾਰੋਬਾਰ ਚੰਗਾ ਸੀ।  ਕੁਲਵੰਤ ਸਿੰਘ ਦਾ ਵਿਆਹ ਰਾਜਵੀਰ ਕੌਰ ਨਾਲ ਹੋਏ ਨੂੰ ਪੰਜ ਸਾਲ ਹੋ ਗਏ ਸੀ ਬੜੇ ਗ਼ਰੀਬ ਘਰ ਦੀ ਧੀ ਸੀ ਰਾਜਵੀਰ ਪਰ ਪੜ•ੀ ਲਿਖੀ ਸੀ। ਵਿਆਹ ਤੋਂ ਬਾਅਦ ਦੋ ਧੀਆਂ ਨੇ ਜਨਮ ਲਿਆ ਸੀ ਕਰਮਜੀਤ ਕੌਰ ਤੇ ਪਰਮਜੀਤ ਕੌਰ ਦੋਨੋਂ ਹੀ ਛੋਟੀ ਉਮਰੇ ਆਪਣੀਆਂ ਆਦਤਾਂ ਅਨੁਸਾਰ ਬੜੀਆਂ ਹੀ ਸਿਆਣੀਆਂ ਜਾਪ ਰਹੀਆਂ ਸਨ ਇੰਜ ਲੱਗਦਾ ਸੀ ਜਿਵੇਂ ਬੜੀਆਂ ਹੋ ਕੇ ਆਪਣੇ ਮਾਪਿਆਂ ਤੇ ਪਰਵਾਰ ਦਾ ਨਾਮ ਨੂੰ ਰੌਸ਼ਨ ਕਰਨਗੀਆਂ। ਕੁਲਵੰਤ ਸਿੰਘ ਨੂੰ ਦੁੱਖ ਤਾਂ ਸੀ ਕਿ ਮੁੰਡਾ ਨਹੀਂ ਹੋਇਆ ਪਰ ਧੀਆਂ ਦੀ ਪਰਵਰਿਸ਼ ਵਿਚ ਕੋਈ ਕਮੀ ਨਹੀਂ ਰੱਖ ਰਿਹਾ ਸੀ। ਪਰ ਰਾਜਵੀਰ ਦੀ ਸੱਸ ਪ੍ਰੀਤਮ ਕੌਰ ਉਸ ਨੂੰ ਹਮੇਸ਼ਾ ਤਾਅਨੇ ਦਿੰਦੀ ਰਹਿੰਦੀ । 
ਅੱਜ ਵੀ ਇਹੋ ਜਿਹਾ ਹੀ ਕੁੱਝ ਹੋਇਆ ਜਦੋਂ ਉਸ ਨੂੰ ਪਿੰਡ ਵਿਚ ਕਿਸੇ ਦੇ ਘਰ ਮੁੰਡੇ ਹੋਣ ਦੀ ਖ਼ਬਰ ਕੋਲ ਬੈਠੀ ਪਿੰਡ ਦੀ ਸਾਂਝੀ ਚਾਚੀ ਅਤਰੋ ਤੋਂ ਮਿਲੀ..... 
”ਪਤਾ ਨਹੀਂ ਕਿਹੜੇ ਮਾੜੇ ਸਮੇਂ ਕੁਲਵੰਤ ਦਾ ਵਿਆਹ ਇਸ ਕੁਲਹਿਣੀ ਨਾਲ ਕਰ ਦਿੱਤਾ ਜਿਹੜੀਆਂ ਕੁੜੀਆਂ ਹੀ ਜੰਮੀ ਜਾ ਰਹੀ ਹੈ” । ਪ੍ਰੀਤਮ ਕੌਰ ਨੇ ਚਾਚੀ ਅਤਰੋ ਦੀ ਗੱਲ ਸੁਣਦਿਆਂ ਕਿਹਾ ।
”ਬੇਬੇ ਜੀ ਕੁੜੀਆਂ ਕਿਹੜੀਆਂ ਮੁੰਡਿਆਂ ਨਾਲੋਂ ਘੱਟ ਨੇ ਅੱਜ ਕੱਲ• ਚੰਗੀਆਂ ਪੜਾਈਆਂ ਪੜ• ਕੇ ਵੱਡੀਆਂ ਨੌਕਰੀਆਂ ਕਰ ਰਹੀਆਂ ਨੇ....ਨਾਲੇ ਚਾਚੀ ਆਹ.............ਮੁੰਡਿਆਂ ਦਾ ਹਾਲ ਦੇਖ ਲੋ ਨੱਸਿਆਂ ਵਿਚ ਲੱਗ ਕੇ ਘਰ ਖ਼ਰਾਬ ਕਰੀ ਜਾਂਦੇ ਨੇ..... ਆਹ ਗੁਆਂਢੀਆਂ ਦੇ ਅਮਰਜੀਤ ਨੇ ਘਰ ਸਾਰਾ ਤਪਾਇਆ ਪਿਆ........ਮਰਨੇ ਨੂੰ ਥਾਂ ਨਹੀਂ ਲੱਭ ਰਹੀ ਅਗਲਿਆਂ ਨੂੰ......... ਨਾਲੇ ਬੇਬੇ ਜੀ ਆਪਾਂ ਵੀ ਤਾਂ ਕਿਸੇ ਦੀਆਂ ਧੀਆਂ ਹੀ ਸੀ।” ਦੁਖੀ ਹੋਈ ਰਾਜਵੀਰ ਨੇ ਕਿਹਾ ।
ਇੰਨੀ ਗੱਲ ਕੀ ਕਹਿ ਦਿੱਤੀ ਰਾਜਵੀਰ ਨੇ..... ਸੱਸ ਪ੍ਰੀਤਮ ਕੌਰ ਲੱਗ ਗਈ ਅਵਾ ਤਵਾ ਬੋਲਣ ਰਾਜਵੀਰ ਨੂੰ.......ਰਾਜਵੀਰ ਦੁਖੀ ਹੋਈ ਆਪਣੀ ਚੁੰਨੀ ਨਾਲ ਰੋਂਦੀਆਂ ਅੱਖਾਂ ਪੂੰਝਦੀ ਹੋਈ ਆਪਣੇ ਕਮਰੇ ਵੱਲ ਨੂੰ ਚਲੀ ਗਈ।
  ”ਆਹ ਅੱਜ ਕੱਲ• ਦੀਆਂ ਤੀਵੀਆਂ ਨੂੰ ਕੀ ਪਤਾ ਭੈਣੇ ਕਿ ਮੁੰਡਿਆਂ ਤੋਂ ਹੀ ਘਰ ਦਾ ਵੰਸ਼ ਤੁਰਦਾ ਨਾਲੇ ਹਾਂ..... ਤੁਸੀਂ ਜੇ ਮੇਰੀ ਮੰਨੋ ਤਾਂ ਇੱਕ ਬਾਬਾ ਜੀ ਨੂੰ ਮੈਂ ਜਾਣਦੀ ਹਾਂ ਮੇਰੀ ਭਰਜਾਈ ਦੀ ਨੂੰਹ ਦੀ ਗੋਦ ਵਿਚ ਮੁੰਡਾ ਵੀ ਬਾਬਾ ਜੀ ਦੀ ਕਿਰਪਾ ਸਦਕਾ ਹੀ ਹੋਇਆ ਸੀ ਬੱਸ ਪੰਜ ਚੌਕੀਆਂ ਭਰਨੀਆਂ ਪੈਂਦੀਆਂ ਨੇ ਝੋਲੀ ਵਿਚ ਫਲ ਪਾਉਂਦੇ ਨੇ ਬਾਬੇ ਉਹ ਫਲ ਖਾ ਕੇ ਹੋ ਜਾਂਦਾ ਮੁੰਡਾ ਸੱਚੀਂ” । ਚਾਚੀ ਅਤਰੋ ਨੇ ਹੋਣ ਵਾਲੀ ਬਹਿਸ ਰੋਕਣੀ ਤਾਂ ਕੀ ਸੀ ਸਗੋਂ ਪ੍ਰੀਤਮ ਕੌਰ ਨੂੰ ਹੋਰ ਹੱਲਾ ਸ਼ੇਰੀ ਦਿੰਦਿਆਂ ਕਿਹਾ।
”ਲੈ ਸੱਚੀ ਨੀ ਪਹਿਲਾਂ ਨਹੀਂ ਕਦੇ ਗੱਲ ਕੀਤੀ ਤੈਂ ਭੈਣੇ ਬਾਬਾ ਜੀ ਬਾਰੇ.......... ਭਲਾ ਬਾਬਾ ਜੀ ਦਾ ਕਿਹੜਾ ਪਿੰਡ ਆ ਤੇ ਕੀ ਨਾਮ ਆ ਬਾਬਾ ਜੀ ਦਾ......ਸਾਨੂੰ ਵੀ ਲੈ ਚੱਲੀ ਨੀ ਅਤਰੋ ਆਹ ਤਾਂ ਬਾਲਾ ਪੁੰਨ ਆਲਾ ਕੰਮ ਹੋਊ........ਨਾਲੇ ਕੰਨਾਂ ਦੀਆਂ ਬਾਲੀਆਂ ਕਰਵਾ ਕਿ ਦੇਵਾਂਗੀ ਤੈਨੂੰ” ਧਿਆਨ ਨਾਲ  ਚਾਚੀ ਅਤਰੋ ਦੀ ਗੱਲ ਸੁਣਦੀ ਸੱਸ ਪ੍ਰੀਤਮ ਕੌਰ ਨੇ ਕਿਹਾ ।
ਪ੍ਰੀਤਮ ਕੌਰ ਦੀ ਗੱਲ ਸੁਣਦਿਆਂ ਚਾਚੀ ਅਤਰੋ ਮਿੱਠਾ ਜਿਹਾ ਹੱਸੀ ਜਿਵੇਂ ਕੋਈ ਜਿੱਤ ਹਾਸਲ ਕਰ ਲਈ ਹੋਵੇ ਤੇ ਪ੍ਰੀਤਮ ਕੌਰ ਦੇ ਨੇੜੇ ਹੁੰਦੀ ਹੋਈ ਨੇ ਬਾਬੇ ਦਾ ਨਾਮ ਤੇ ਪਿੰਡ ਦੱਸਦੀ ਹੋਈ ਨੇ ਕਿਹਾ ”ਸੇਬ ਵਾਲੇ ਬਾਬਾ ਜੀ ਕਹਿੰਦੇ ਨੇ ਸਾਰੇ ਉਨ•ਾਂ ਨੂੰ......ਪਿੰਡ ਕਿਹੜਾ ਦੂਰ ਆ....ਆਹ 10 ਕੁ ਮੀਲ ਤੇ ਅਹਿਮਦਗੜ• ਕੋਲ ਡੇਰਾ ਆ ਬਾਬਾ ਜੀ ਦਾ ਜਦ ਕਹੋ ਚਲੇ ਚੱਲਾਂਗੇ”।  
”ਰਾਜਵੀਰ ਨੀ ਰਾਜਵੀਰ ਕਿਥੇ ਮਰ ਗਈ............ਜਦ ਕਦ ਆਈ ਨੀ ਅਤਰੋ ਚੱਲ ਤੂੰ ਕੱਲ• ਹੀ ਚੱਲ” ਪ੍ਰੀਤਮ ਕੌਰ ਨੇ ਚਾਚੀ ਅਤਰੋ ਤੇ ਨੂੰਹ ਰਾਜਵੀਰ ਕੌਰ ਨੂੰ ਉੱਚੀ ਹਾਕ ਮਾਰਦਿਆਂ ਕਿਹਾ। 
”ਚੰਗਾ ਭੈਣੇ ਮੈਂ ਤਾਂ ਚੱਲਦੀ ਆ ਕੱਲ• ਨੂੰ ਆਵਾਂਗੀ ਸਵਖਤੇ” ਚਾਚੀ ਅਤਰੋ ਨੇ ਜਾਂਦਿਆਂ ਕਿਹਾ।
”ਹਾਜੀ ਬੇਬੇ ਜੀ” ਰਾਜਵੀਰ ਨੇ ਆਪਣੀ ਸੱਸ ਕੋਲ ਆ ਕੇ ਬੜੀ ਨਿਮਰਤਾ ਨਾਲ ਕਿਹਾ।
”ਕੱਲ• ਨੂੰ ਤਿਆਰ ਹੋ ਜੀ ਸਵਖਤੇ ਅਹਿਮਦਗੜ• ਸੇਬ ਆਲ਼ੇ ਬਾਬਾ ਜੀ ਕੋਲ ਜਾਣਾ.........ਅਤਰੋ ਕਹਿੰਦੀ ਸੀ ਕਿ ਬਾਬਾ ਜੀ ਫਲ ਪਾਉਂਦੇ ਨੇ ਝੋਲੀ ਵਿਚ ਮੁੰਡਿਆਂ ਲਈ” ਸੱਸ ਪ੍ਰੀਤਮ ਕੌਰ ਨੇ ਰਾਜਵੀਰ ਨੂੰ ਹੁਕਮ ਸੁਣਾਉਂਦਿਆਂ ਕਿਹਾ।
ਰਾਜਵੀਰ ਪੜ•ੀ ਲਿਖੀ ਹੋਣ ਕਰ ਕੇ ਵਹਿਮਾਂ ਭਰਮਾਂ ਤੋਂ ਦੂਰ ਸੀ ਪਰ ਆਪਣੀ ਸੱਸ ਦੇ ਲੜਾਕੀ ਤੇ ਵਹਿਸ਼ ਵਾਲੇ ਸੁਭਾਅ ਤੋਂ ਜਾਣੂੰ ਸੀ ਉਹ ਹੋਰ ਗੱਲ ਨਾ ਕਰਦੀ ਹੋਈ ਸਿਰ ਹਾਂ ਵਿਚ ਹਿਲਾ ਕਿ ਰਸੋਈ ਵੱਲ ਨੂੰ ਚੱਲੀ ਗਈ।
 ਅਗਲੇ ਦਿਨ ਚਾਚੀ ਅਤਰੋ ਦੋਵਾਂ ਨੂੰ ਸੇਬ ਵਾਲੇ ਬਾਬੇ ਕੋਲ ਲੈ ਗਈ..............ਬਾਬਾ ਜੀ ਆਪਣੀ ਮਸਤੀ ਵਿਚ ਆਪਣੇ ਚੇਲਿਆਂ ਨਾਲ ਇੱਕ ਮੜ•ੀ ਕੋਲ ਅਗਰਬੱਤੀਆਂ ਦਾ ਢੇਰ ਜਲਾਈ ਬੈਠੇ ਆਈਆਂ ਸੰਗਤਾਂ ਨੂੰ ਦਰਸ਼ਨ ਤੇ ਉਨ•ਾਂ ਦੇ ਦੁੱਖ ਸੁਣ ਕੇ ਹੱਲ ਦੱਸ ਰਹੇ ਸੀ ਤੇ ਸੰਗਤਾਂ ਨੂੰ ਬਾਬਾ ਜੀ ਦੇ ਚੇਲੇ ਧੰਨ ਬਾਬਾ ਸੇਵ ਵਾਲੇ ਜੀ ਧੰਨ ਬਾਬਾ ਸੇਵ ਵਾਲੇ ਜੀ ਦਾ ਜਾਪ ਕਰਵਾ ਰਹੇ ਸੀ। ਬਾਬਾ ਜੀ ਦੇ ਅੱਗੇ ਰੁਪਇਆਂ, ਫਲਾਂ, ਮਿਠਾਈਆਂ ਦਾ ਢੇਰ ਲੱਗਿਆ ਹੋਇਆ ਸੀ।
ਉਹ ਵੀ ਆਪਣੀ ਵਾਰੀ ਦੀ ਉਡੀਕ ਵਿਚ ਬੈਠ ਗਈਆਂ। ਜਦੋਂ ਵਾਰੀ ਆਈ ਨੇੜੇ ਹੋ ਕੇ ਮੱਥਾ ਟੇਕਦਿਆਂ ਨੂੰ ਬਾਬਾ ਜੀ ਨੇ ਤਿੰਨਾਂ ਵੱਲ ਦੇਖਦਿਆਂ ਤੇ ਰਾਜਵੀਰ ਦੇ ਸਿਰ ਤੇ ਹੱਥ ਰੱਖਦਿਆਂ ਕਿਹਾ ”ਲੱਗਦਾ ਬੀਬੀ ਨੂੰ ਮੁੰਡਾ ਚਾਹੀਦਾ” ਇਹ ਸੁਣ ਚਾਚੀ ਅਤਰੋ ਨੇ ”ਧੰਨ ਸੇਬ ਵਾਲੇ ਬਾਬਾ ਜੀ ਸਭ ਦਿਲਾਂ ਦੀਆਂ ਜਾਣਦੇ” ਉੱਚੀ ਦੇਣੇ ਕਿਹਾ। ਉਸ ਦੇ ਪਿੱਛੇ ਹੀ ਪ੍ਰੀਤਮ ਕੌਰ ਨੇ ”ਧੰਨ ਸੇਬ ਵਾਲੇ ਬਾਬਾ ਜੀ ਕਿਰਪਾ ਕਰ ਦੋ ਜੀ................ਜਿਹੜੀ ਸੇਵਾ ਹੁਕਮ ਕਰੋਗੇ ਉਹ ਪੂਰੀ ਤੋੜ ਨਿਭਾਵਾਂਗੇ ਬਸ ਪੋਤਰੇ ਦਾ ਮੂੰਹ ਦਿਖਾ ਦੋ” ਨੇ ਦੁਬਾਰਾ ਮੱਥਾ ਟੇਕਦਿਆਂ ਕਿਹਾ। 
”ਬੀਬਾ ਪੰਜ ਚੌਕੀਆਂ ਭਰਨੀਆਂ ਪੈਣਗੀਆਂ ਹਰ ਰੋਜ਼ ਪੰਜ ਕਿੱਲੋ ਸੇਵ ਨਾਲ ਲੈ ਕੇ ਆਉਣੇ ਨੇ.........ਸੇਬ ਝੋਲੀ ਪਾਵਾਂਗੇ ਉਹ ਖਾਣੇ ਨੇ ਬੀਬੀ ਨੇ............ ਤੇ ਸੇਵਾ ਦੱਸ ਹਜ਼ਾਰ ਦੀ ਆ ਜਾਵੇਗੀ ਧੂੰਣੇ ਤੇ ਕਾਲੀਆਂ ਸ਼ਕਤੀਆਂ ਨੂੰ ਖ਼ੁਸ਼ ਕਰਨਾ ਪੈਂਦਾ ਮਿਹਨਤ ਲੱਗ ਜਾਂਦੀ ਆ ਫੇਰ ਫਲ ਦੀ ਕਿਰਪਾ ਹੁੰਦੀ ਆ..... ” ਬਾਬੇ ਨੇ ਵੀ ਫੱਟ ਦੇਣੇ ਕਿਹਾ।
”ਜੋ ਹੁਕਮ ਬਾਬਾ ਜੀ ਪੂਰੀ ਕਰਾਂਗੇ” ਪ੍ਰੀਤਮ ਕੌਰ ਨੇ ਬਟੂਏ ਵਿਚੋਂ ਹਜ਼ਾਰ ਦੇ ਦੱਸ ਨੋਟ ਕੱਢ ਕੇ ਮੱਥਾ ਟੇਕਦਿਆਂ ਕਿਹਾ।
”ਨਾ ਬੀਬੀ ਨਾ ਬਾਬਾ ਜੀ ਰੁਪਇਆਂ ਨੂੰ ਹੱਥ ਨਹੀਂ ਲਗਾਉਂਦੇ ਉੱਥੇ ਧੂਣੇ ਕੋਲ ਗੱਲੇ ਵਿਚ ਪਾ ਦੇਵੀਂ ਨਾਲੇ ਬਾਬਾ ਜੀ ਦੇ ਮਹਿਲ(ਘਰਵਾਲੀ) ਬੀਬਾ ਜੀ ਵੀ ਦਾਖਲ ਨੇ ਬਾਬਾ ਜੀ ਨੇ ਜਾਣਾ ਜਲਦੀ” ਨਾਲ ਖੜੇ ਚੇਲੇ ਨੇ ਪ੍ਰੀਤਮ ਕੌਰ ਨੂੰ ਰੋਕਦਿਆਂ ਤੇ ਸੰਗਤ ਨੂੰ ਕਿਹਾ। 
ਇੰਨੀ ਗੱਲ ਕੀ ਚੇਲੇ ਨੇ ਕਹੀ ਸੰਗਤਾਂ ਫੇਰ ਲੱਗ ਪਈਆਂ ਗੁਣ ਗਾਉਣ ”ਧੰਨ ਬਾਬਾ ਸੇਵ ਵਾਲੇ ਜੀ ਧੰਨ ਥੋੜ•ੀ ਕਮਾਈ”।
ਮੱਥਾ ਟੇਕ ਤਿੰਨੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੀਆਂ ਸੀ ਚਾਚੀ ਅਤਰੋ ਨੇ ਸੱਸ ਪ੍ਰੀਤਮ ਕੌਰ ਨੂੰ ਦੱਸਿਆ ਕਿ ”ਬਾਬਾ ਜੀ ਵੀ ਗ੍ਰਹਿਸਤੀ ਨੇ ਤੇ ਉਨ•ਾਂ ਦੇ ਘਰੋਂ ਵੀ ਬੀਬਾ ਜੀ ਕੋਲ ਪਹਿਲਾਂ ਦੋ ਜੋੜੀਆਂ ਗੁੱਡੀਆਂ ਨੇ ਤੇ ਹੁਣ ਕਾਕਾ ਹੋਣ ਵਾਲਾ” ਬਾਬੇ ਦੀ ਉਪਮਾ ਕਰਦਿਆਂ ਦੇਖ ਰਾਜਵੀਰ ਤੋਂ ਰਿਹਾ ਨਾ ਗਿਆ ”ਚਾਚੀ ਇਹ ਸਭ ਵਹਿਮ ਆ ਜੇ ਇੰਜ ਮੁੰਡੇ ਹੋਣ ਲੱਗ ਪਏ ਤਾਂ ਕੁੜੀਆਂ ਹੋਣ ਹੀ ਨਾ.....ਨਾਲੇ ਤੁਸੀਂ  ਕਹਿਣੇ ਉ ਕਿ ਪਹਿਲਾਂ ਦੋ ਕੁੜੀਆਂ ਹੈ ਗੀਆਂ ਨੇ.............ਤੇ ਪਹਿਲਾਂ ਕਿਵੇਂ ਕਹਿ ਸਕਦੇ ਹੋ ਕਿ ਬੀਬੀ ਕੋਲ ਮੁੰਡਾ ਹੀ ਹੋਊ” 
”À ਤਾਂ ਬਾਬੇ ਕਹਿੰਦੇ ਸੀ ਕਿ ਏ ਤਾਂ ਕਿਸੇ ਨੂੰ ਦੋ ਮੁੰਡੇ ਦਿੱਤੇ ਸੀ ਕੰਮ ਬਾਲਾ ਕਰੜਾ ਸੀ ਜਿਸ ਕਰ ਕੇ ਦੋ ਕੁੜੀਆਂ ਸਾਡੇ ਹੋਈਆਂ........ਭਾਈ ਸੰਗਤਾਂ ਦਾ ਭਲਾ ਵੀ ਕਰਨਾ ਹੁੰਦਾ ਕਿਸੇ ਨਾ ਕਿਸੇ ਤਰਾਂ” ਯਕੀਨ ਦਿਵਾਉਂਦਿਆਂ ਚਾਚੀ ਅਤਰੋ ਨੇ ਕਿਹਾ।
”ਨਾ ਚੁੱਪ ਕਰ ਨੀ ਤੈਨੂੰ ਬਾਲਾ ਪਤਾ ਦੇਖ ਤਾਂ ਸਹੀ ਬਾਬੇ ਦੇ ਚਿਹਰੇ ਤੇ ਨੂਰ ਕਿੰਨਾ ਸੀ ਦਗ-ਦਗ ਕਰਦਾ ਸੀ ਮੈਨੂੰ ਤਾਂ ਪੂਰਾ ਯਕੀਨ ਆ.......ਪੋਤਰੇ ਦਾ ਮੂੰਹ ਦੇਖਾਂਗੀ ਬਾਬੇ ਸੇਵਾ ਵਾਲੇ ਦੀ ਕਿਰਪਾ ਨਾਲ” ਪ੍ਰੀਤਮ ਕੌਰ ਨੇ ਘੂਰੀ ਜਿਹਾ ਵਟਦਿਆਂ ਕਿਹਾ।
ਇੰਜ ਹਰ ਰੋਜ਼ ਚੌਕੀ ਭਰਦਿਆਂ ਰਾਜਵੀਰ ਕੌਰ ਨੂੰ ਆਪਣੀ ਸੱਸ ਪ੍ਰੀਤਮ ਕੌਰ ਤੇ ਚਾਚੀ ਅਤਰੋ ਨਾਲ ਬਾਬੇ ਦੇ ਡੇਰੇ ਜਾਂਦਿਆਂ ਚਾਰ ਦਿਨ ਵੀ ਬੀਤ ਗਏ ਅੱਜ ਪੰਜਵਾਂ ਦਿਨ ਸੀ ਪ੍ਰੀਤਮ ਕੌਰ ਬਹੁਤ ਖ਼ੁਸ਼ ਸੀ ਕਿ ਅੱਜ ਚੌਕੀਆਂ ਪੂਰੀਆਂ ਹੋ ਜਾਣਗੀਆਂ। 
ਡੇਰੇ ਵਿਚ ਆਪਣੇ ਆਸਣ ਤੇ ਬੈਠਾ ਬਾਬਾ ਸੇਵ ਵਾਲਾ ਕੁੱਝ ਚਿੰਤਾ ਵਿਚ ਲੱਗ ਰਿਹਾ ਸੀ । ਤਿੰਨੇ ਮੱਥਾ ਟੇਕ ਕੇ ਬਾਬੇ ਦੇ ਸਾਹਮਣੇ ਬੈਠ ਗਈਆਂ। ਬਾਬੇ ਨੇ ਹਰ ਰੋਜ਼ ਦੀ ਤਰਾਂ ਰਾਜਵੀਰ ਕੌਰ ਤੇ ਮੋਰ ਦੇ ਫੰਗਾਂ ਨਾਲ ਮੰਤਰ ਪੜੇ ਤੇ ਉਸ ਦੀ ਝੋਲੀ ਵਿਚ ਸੇਵ ਪਾਉਂਦਿਆਂ ਕਿਹਾ ”ਜਾ ਬੱਚਾ ਹੁਣ ਤੇਰੇ ਮੁੰਡਾ ਹੀ ਹੋਵੇਗਾ”। ਇੰਨਾ ਕਿਹਾ ਹੀ ਸੀ ਕਿ ਬਾਬੇ ਦਾ ਚੇਲਾ(ਸੇਵਾਦਾਰ) ਭੱਜਿਆ ਭੱਜਿਆ ਕੋਲ ਆ ਕੇ ਕਹਿਣ ਲੱਗਾ ”ਮਹਾਰਾਜ ਜੀ ਵਧਾਈ ਹੋ ਹਸਪਤਾਲ ਤੋ ਫ਼ੋਨ ਆਇਆ ਨਰਸ ਕਹਿੰਦੀ ਕਿ ਬੀਬਾ ਜੀ ਕੋਲ ਜੌੜੀਆਂ ਲਕਸ਼ਮੀਆਂ(ਕੁੜੀਆਂ) ਹੋਈਆਂ ਨੇ”। 
”ਓਏ ਮੂਰਖਾ ਹੌਲੀ”  ਇੰਨੀ ਗੱਲ ਸੁਣੀ ਹੀ ਸੀ ਕਿ ਬਾਬਾ ਜੀ ਇੱਕ ਦਮ ਆਪਣੇ ਆਸਣ ਤੋਂ ਉੱਠੇ ਤੇ ਸੰਗਤਾਂ ਵੱਲ ਦੇਖਣ ਲੱਗੇ....... ”ਸ਼ੁਕਰ ਆ ਸ਼ੁਕਰ ਆ ਕਿਸੇ ਨੇ ਸੁਣਿਆ ਨਹੀਂ” ਕਰਦੇ ਆਪਣੇ ਕਮਰੇ ਵੱਲ ਨੂੰ ਚਲੇ ਗਏ।
ਸੰਗਤਾਂ ਹੈਰਾਨ ਸੀ ਕਿ ਬਾਬਾ ਜੀ ਦੇ ਚੇਲੇ(ਸੇਵਾਦਾਰ) ਨੇ ਇਹੋ ਜਿਹਾ ਕੀ ਕਹਿ ਦਿੱਤਾ ਜੋ ਬਾਬਾ ਜੀ ਆਸਣ ਛੱਡ ਕੇ ਚਲੇ ਗਏ ਪਰ ਕੋਲ ਬੈਠੀਆਂ ਚਾਚੀ ਅਤਰੋ, ਸੱਸ ਪ੍ਰੀਤਮ ਕੌਰ ਤੇ ਨੂੰਹ ਰਾਜਵੀਰ ਕੌਰ ਨੇ ਦੋ ਜੋੜੀਆਂ ਕੁੜੀਆਂ ਹੋਈਆਂ ਦੀ ਗੱਲ ਸੁਣ ਲਈ ਸੀ। 
”ਬੇਬੇ ਜੀ ਜਿੰਨਾ ਦੇ ਆਪਣੇ ਘਰ ਚਾਰ ਕੁੜੀਆਂ ਹੋ ਗਈਆਂ ਹੋਣ ਉਹ ਦੂਜਿਆਂ ਦੇ ਘਰ ਮੁੰਡਿਆਂ ਦੀ ਦਾਤ ਵਹਿਮਾਂ ਭਰਮਾਂ ਵਿਚ ਪਾ ਕੇ ਕਿਵੇਂ ਦੇ ਰਹੇ ਨੇ ਇਹ ਤੁਸੀਂ ਦੇਖ ਹੀ ਲਿਆ ਹੈ ਮੈਨੂੰ ਤਾਂ ਮੇਰੀਆਂ ਧੀਆਂ ਹੀ ਮੁੰਡਿਆਂ ਵਰਗੀਆਂ ਨੇ...... ਹੋਣ ਸੋਨੂੰ ਮੁਬਾਰਕ ਇਹ ਮੁੰਡਿਆਂ ਵਾਲੇ ਬਾਬੇ” ਨੂੰਹ ਰਾਜਵੀਰ ਨੇ ਸਬਰ ਦਾ ਪੁਲ ਤੋੜਦਿਆਂ ਆਪਣੀ ਸੱਸ ਪ੍ਰੀਤਮ ਕੌਰ ਤੇ ਚਾਚੀ ਅਤਰੋ ਨੂੰ ਕਿਹਾ ।