ਅੱਜ ਫੇਰ ਪੁਰਾਣੇ ਰਾਹਾਂ ਤੇ
(ਕਵਿਤਾ)
ਇਕ ਵਾਰੀ ਚੱਲ ਕੇ ਦੇਖ ਲਵਾਂ
ਸ਼ਾਇਦ ਕੋਈ ਭੁੱਲੀ ਵਿਸਰੀ
ਚੀਜ ਪੁਰਾਣੀ ਮਿਲ ਜਾਵੇ
ਯਾਦਾਂ ਦੇ ਸ਼ੀਸ਼ੇ ਵੀ ਹੁਣ ਤਾਂ ਧੁੰਦਲੇ ਹੋ ਗਏ ਨੇ
ਪਥਰਾਈਆਂ ਅੱਖੀਆਂ ਨੂੰ ਸ਼ਾਇਦ
ਪਾਣੀ ਮਿਲ ਜਾਵੇ
ਅੱਜ ਫੇਰ ਪੁਰਾਣੇ ਰਾਹਾਂ ਤੇ .........
ਭੀੜ ਭਰੀ ਇਸ ਦੁਨੀਆ ਤੇ
ਸਭ ਗੈਰਾਂ ਵਾਂਗੂ ਵਿੱਚਰਦੇ
ਮੇਰੇ ਦਿਲ ਦਾ ਹਾਲ ਸੁਣੇ
ਕੋਈ ਹਾਣੀ ਮਿਲ ਜਾਵੇ
ਸ਼ਹਿਰਾਂ ਦੇ ਵਿਚ ਸ਼ੋਰ ਬੜਾ
ਦਿਲ ਕਰਦਾ ਪਿੰਡ ਮੁੜਨੇ ਨੂੰ
ਮਾਂ ਦੀ ਬੁੱਕਲ ਵਿਚ ਬਹਿ ਕੇ ਸੁਣੀ
ਕਹਾਣੀ ਮਿਲ ਜਾਵੇ
ਅੱਜ ਫੇਰ ਪੁਰਾਣੇ ਰਾਹਾਂ ਤੇ .........
ਪਿਆਰ ਮੁਹੱਬਤ ਕਿੱਸੇ ਹੋ ਗਏ
ਅਸਲਾਂ ਵਿਚ ਨਫਰਤ ਪਲਦੀ ਏ
ਅੰਦਰੋਂ ਸਭ ਦਿਲ ਧੁਖਦੇ ਨੇ
ਫਿਰ ਚਮਕ ਦਮਕ ਕਿਸ ਗੱਲ ਦੀ ਏ
ਸਿਆਣ ਪੁਣੇ ਵਿਚ ਉਲਝ ਗਏ
ਕੋਈ ਮੱਤ ਨਿਆਣੀ ਮਿਲ ਜਾਵੇ
ਅੱਜ ਫੇਰ ਪੁਰਾਣੇ ਰਾਹਾਂ ਤੇ .........
ਤਨ ਦੇ ਚਿੱਟੇ , ਮਨ ਦੇ ਕਾਲੇ
ਸਭ ਨਾਤੇ ਨੇ ਪੈਸੇ ਵਾਲੇ
ਉਲਝੀ ਦੁਨੀਆ ਦਾਰੀ ਵਿਚ
ਨਾ ਜਿੰਦ ਨਿਮਾਣੀ ਰੁਲ ਜਾਵੇ
ਅੱਜ ਫੇਰ ਪੁਰਾਣੇ ਰਾਹਾਂ ਤੇ
ਇਕ ਵਾਰੀ ਚੱਲ ਕੇ ਦੇਖ ਲਵਾਂ
ਸ਼ਾਇਦ ਕੋਈ ਭੁੱਲੀ ਵਿਸਰੀ
ਚੀਜ ਪੁਰਾਣੀ ਮਿਲ ਜਾਵੇ