ਆਹਲਣਿਆਂ ਵਿਚ ਚੂੰ ਚੂੰ ਕਰਦੇ
ਬੋਟ ਬਿਨਾ ਚੋਗੇ ਦੇ ਮਰਦੇ।
ਖਬਰੇ ਪੰਛੀ ਕਿੱਧਰ ਤੁਰ ਗਏ
ਲੰਮੀਆਂ ਵਾਟਾਂ ਕਰਦੇ ਕਰਦੇ।
ਤੂੰ ਕਾਹਤੋਂ ਗਮਗੀਨ ਹੋ ਗਿਆ
ਜਿੱਤ ਵੈਰੀ ਦੀ ਜਰਦੇ ਜਰਦੇ
ਤੋਰੀ ਉਮਰਾ ਬੀਤ ਗਈ ਕਿਉਂ
ਗੈਰ ਦਾ ਪਾਣੀ ਭਰਦੇ ਭਰਦੇ।
ਉਠ ਉਠ ਦਿਨ ਨੂੰ ਚੇਤੇ ਕਰੀਏ
ਖਵਾਬ ਜੋ ਰਾਤੀਂ ਚਾਨਣ ਕਰਦੇ।
ਦਿਲ ਨੂੰ ਹੈ ਧਰਵਾਸ ਕਦੇ ਤਾਂ
ਜਿੱਤ ਜਾਵਾਂਗੇ ਹਰਦੇ ਹਰਦੇ।
ਦੇਸੋਂ ਉਠ ਪਰਦੇਸ ਹਾਂ ਆਏ
ਵਿਹੜੇ ਦਰਾਂ ਦੇ ਭਾਂ ਭਾਂ ਕਰਦੇ।
ਯਾਦ ਸਤਾਵੇ ਜਦ ਵਤਨਾਂ ਦੀ
ਲੁਕ ਲੁਕ ਕੇ ਅਸੀਂ ਹਉਕੇ ਭਰਦੇ।
ਸਿੱਕਿਆਂ ਦੀ ਝਣਕਾਰ 'ਚ ਫਸ ਗਏ
ਮੋਹ ਸਾਗਰ ਵਿਚ ਤਰਦੇ ਤਰਦੇ।