ਖ਼ਬਰਸਾਰ

  •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
  •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
  •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
  •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
  •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
  •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  • ਅੰਗ੍ਰੇਜ਼ਾਂ ਦੀ ਤਾਂ “ਮਥਰਾ ਹੀ ਤਿੰਨ ਲੋਕ ਤੋਂ ਨਿਆਰੀ” ਐ (ਲੇਖ )

    ਸੰਜੀਵ ਝਾਂਜੀ   

    Email: virk.sanjeevjhanji.jagraon@gmail.com
    Cell: +91 80049 10000
    Address:
    ਜਗਰਾਉਂ India
    ਸੰਜੀਵ ਝਾਂਜੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕਈ ਵਾਰ ਜਦੋਂ ਕੋਈ ਕਿਸੇ ਸ਼ਬਦ ਦਾ ਮਤਲਬ ਪੁੱਛ ਲਵੇ ਤਾਂ ਸਥਿਤੀ ਅਜਿਹੀ ਪੈਦਾ ਹੋ ਜਾਂਦੀ ਹੈ ਕਿ ਅਰਥ ਆਪਣੇ ਆਪ ਨੂੰ ਤਾਂ ਪਤਾ ਹੁੰਦੇ ਹਨ ਪਰ ਦੂਜੇ ਨੂੰ ਸਮਝਾਉਣ ਲਈ ਸ਼ਬਦ ਨਹੀਂ ਮਿਲ ਰਹੇ ਹੁੰਦੇ ਅਤੇ ਕਈ ਬਾਰ ਸਥਿਤੀ ਅਜਿਹੀ ਹੁੰਦੀ ਹੈ ਪਤਾ ਤਾਂ ਹੁੰਦਾ ਪਰ ਉਸਦਾ ਕਾਰਨ ਪਤਾ ਨਹੀਂ ਹੁੰਦਾ। ਜਿਵੇਂ ਇਹ ਤਾਂ ਪਤਾ ਹੁੰਦਾ ਕਿ ਦਿਨ ਹਰ ਰੋਜ਼ ਚੜਦਾ ਹੈ ਪਰ ਕਿਉਂ ਚੜਦਾ ਹੈ ਇਹ ਪਤਾ ਨਹੀਂ ਹੁੰਦਾ। ਮੈਨੂੰ ਤਾਂ ਅੰਗ੍ਰੇਜ਼ੀ ਬਾਰੇ ਵੀ ਇੱਦਾਂ ਹੀ ਲਗਦਾ ਹੈ। ਇਹ ਪੜ੍ਹ ਲਈਦੀ ਐ, ਲਿਖ ਲਈਦੀ ਐ, ਬੋਲ ਵੀ ਲਈਦੀ ਐ, 'ਸਾਇਲੈਟ–ਸੂਈਲੈਂਟ' ਅੱਖਰਾਂ ਦਾ ਵੀ ਲੱਗਭਗ ਪਤਾ ਈ ਐ। ਪਰ ਇਹ ਕਿਉਂ 'ਸਾਇਲੈਂਟ' ਹੁੰਦੇ ਹਨ ਇਹ ਪਤਾ ਨਹੀਂ।
    ਵੈਸੇ ਤਾਂ ਸੰਸਾਰ ਵਿੱਚ ਹਜ਼ਾਰਾਂ ਜ਼ੁਬਾਨਾਂ (ਬੋਲੀਆਂ) ਬੋਲੀਆਂ ਜਾਂਦੀਆਂ ਹਨ, ਹਰੇਕ ਨੂੰ ਲਿਖਣ ਦੀਆਂ ਲਿਪੀਆਂ ਹਨ। ਅੰਗ੍ਰੇਜ਼ੀ ਆਮ ਕਰਕੇ ਰੋਮਨ 'ਚ ਲਿਖੀ ਜਾਂਦੀ ਹੈ। ਹਿੰਦੀ ਦੇਵਨਾਗਰੀ 'ਚ ਅਤੇ ਪੰਜਾਬੀ ਗੁਰਮੁਖੀ 'ਤੇ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ। ਪੰਜਾਬ ਨੇੜਲੇ ਕੁਝ ਖੇਤਰਾਂ ਦੇ ਲੋਕ ਇਸਨੂੰ ਦੇਵਨਾਗਰੀ 'ਚ ਵੀ ਲਿਖ ਲੈਂਦੇ ਹਨ। ਜਿਵੇਂ ਡੋਗਰੀ ਬੋਲੀ ਵਾਲ਼ੇ। ਅੱਜਕੱਲ੍ਹ ਦੇ ਫੇਸਬੁੱਕੀਏ ਤਾਂ ਪੰਜਾਬੀ ਨੂੰ ਰੋਮਨ 'ਚ ਹੀ ਲਿਖੀ ਤੁਰੇ ਜਾਂਦੇ ਹਨ। ਪਰ ਮੇਰੀ ਸਮਝੇ ਪੰਜਾਬੀ ਲਈ ਗੁਰਮੁਖੀ ਲਿਪੀ ਹੀ ਪੂਰੀ ਢੁੱਕਵੀਂ ਹੈ। ਦੁਨੀਆਂ ਭਰ ਵਿੱਚ ਇੰਨੀਆਂ ਭਾਸ਼ਾਵਾਂ ਅਤੇ ਉਨ੍ਹਾਂ ਨੂੰ ਲਿਖਣ ਦੀਆਂ ਇੰਨੀਆਂ ਲਿਪੀਆਂ ਹੋਣ ਦੇ ਬਾਬਜੂਦ ਕੋਈ ਵੀ ਲਿਪੀ ਅਜਿਹੀ ਨਹੀਂ ਜੋ ਮਨੁੱਖ ਦੇ ਭਾਵਾਂ ਨੂੰ ਸੋ ਫੀਸਦੀ ਪ੍ਰਗਟ ਕਰ ਸਕੇ। ਮਨੁੱਖ ਨੂੰ ਬਹੁਤ ਕੁਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ/ਸ਼ਬਦਾਂ ਨਾਲ਼ ਪ੍ਰਗਟ ਨਹੀਂ ਕੀਤਾ ਜਾ ਸਕਦਾ। 
    ਗੱਲ ਬੀਤੇ ਕੁਝ ਦਿਨ ਪੁਰਾਣੀ ਹੈ। ਭਾਸ਼ਾ ਸਬੰਧੀ ਇਕ ਸੈਮੀਨਾਰ ਚਲ ਰਿਹਾ ਸੀ। ਮੈਂ ਵੀ ਇਸ ਸੈਮੀਨਾਰ ਦਾ ਹਿੱਸਾ ਸੀ। ਗੱਲ ਅਗ੍ਰੇਜ਼ੀ ਦੇ ਕੁਝ ਸ਼ਬਦਾਂ ਅਤੇ ਉਨ੍ਹਾਂ ਦੇ ਉਚਾਰਣ ਬਾਰੇ ਸੀ। ਸੈਮੀਨਾਰ ਸੰਚਾਲਕ ਹਰਪ੍ਰੀਤ ਸਿੰਘ ਹੁਰੀ ਦੱਸ ਰਹੇ ਸਨ ਕਿ 'ਆਰ' ਜਦੋਂ ਸ਼ਬਦ ਵਿੱਚ ਖੱਬਿਓ ਸੱਜੇ ਨੂੰ ਜਾਂਦਾ ਹੈ ਤਾਂ ਉਚਾਰਣ ਵੇਲੇ ਇਸਦੀ ਆਵਾਜ਼ ਘਟਦੀ ਜਾਂਦੀ ਹੈ। ਜਿਵੇਂ ਰਿਵਰ, ਰੇਸ, ਰੇਨ, ਰੇਟ ਆਦਿ ਸ਼ਬਦਾਂ ਵਿੱਚ ਆਰ ਦੀ ਅਵਾਜ਼ ਪੂਰੀ ਉਚਾਰਣੀ ਹੈ ਅਤੇ ਜਿੰਨ੍ਹਾਂ ਸ਼ਬਦਾਂ ਵਿੱਚ ਆਰ ਸ਼ਬਦ ਦੇ ਵਿਚਾਲੇ ਪੈਂਦਾ ਹੈ, ਉਨ੍ਹਾਂ ਨੂੰ ਬੋਲਣ ਵੇਲੇ ਆਰ ਦੀ ਆਵਾਜ਼ ਕੁਝ ਘੱਟ ਬੋਲਣੀ ਹੈ ਜਿਵੇਂ ਕਿ ਆਰਟ, ਸਮਾਰਟ, ਚਾਰਟ, ਕਾਰਟ, ਪਾਰਟ, ਹਾਰਟ, ਕਾਰਡ ਆਦਿ। ਉਹ ਸ਼ਬਦ ਜਿੰਨਾਂ 'ਚ 'ਆਰ' ਅਖੀਰ ਤੇ ਆਉਂਦਾ ਹੈ, ਉਨ੍ਹਾਂ 'ਚ 'ਆਰ' ਦੀ ਧੁਨੀ ਨਾਮਾਤਰ ਹੀ ਮੁੰਹੋਂ ਕੱਢਣੀ ਐ ਜਿਵੇਂ ਕਾਰ, ਹਾਰ, ਫਾਰ ਆਦਿ। ਇਸੇ ਤਰ੍ਹਾਂ ਹੀ ਸ਼ਬਦ ਦੇ ਵਿਚਕਾਰ ਆਉਣ ਵਾਲ਼ੀ ਐਲ (ਲ) ਨੂੰ ਵੀ ਪੂਰੀ ਤਰ੍ਹਾਂ ਨਹੀਂ ਬੋਲਿਆ ਜਾਂਦਾ ਜਿਵੇਂ ਕਿ ਚਾਕ, ਵਾਕ, ਟਾਕ, ਚਾਈਲਡ, ਮਾਇਲਡ ਆਦਿ। ਪਰ ਕਿਉਂ? ਮੇਰੀ ਸਮਝ ਤੋਂ ਬਾਹਰ ਹੈ। ਹੋ ਸਕਦਾ ਕੋਈ ਡੂੰਘੇ ਨਿਯਮ ਹੋਣ ਪਰ ਜਿੰਨ੍ਹਾਂ ਤੋਂ ਵੀ ਮੈਂ ਪੁੱਛਿਆ ਨਾਹ ਪੱਖੀ ਜਵਾਬ ਹੀ ਮਿਲਿਆ ਹੈ। 
    ਹਿੰਦੀ 'ਚ 46 ਅੱਖਰ ਹਨ। ਸੰਸਕ੍ਰਿਤ 'ਚ 52 ਹਨ। ਗੁਜਰਾਤੀ ਵਾਲ਼ੇ 47 ਅਤੇ ਸਿੰਧੀ ਵਾਲ਼ੇ 52 ਚੁੱਕੀ ਫਿਰਦੇ ਹਨ। ਪੰਜਾਬੀ ਨੂੰ ਸ਼ਾਹਮੁਖੀ 'ਚ ਲਿਖਣ ਲਈ ਲਹਿੰਦੇ ਪੰਜਾਬ ਆਲਿਆਂ ਕੋਲ 47 ਅੱਖਰ ਹਨ ਅਤੇ ਗੁਰਮੁਖੀ 'ਚ ਲਿਖਣ ਲਈ ਸਾਡੇ ਕੋਲ 35 ਹਨ।  ਇਸ ਨਾਲ ਪੁਰਾਤਨ ਪੰਜਾਬੀ ਦੀਆਂ ਲੱਗਭਗ ਸਾਰੀਆਂ ਅਵਾਜ਼ਾਂ (ਧੁਨੀਆਂ) ਪੂਰੀਆਂ ਹੋ ਜਾਂਦੀਆਂ ਹਨ ਅਤੇ ਦੂਜੀਆਂ ਭਾਸ਼ਾਵਾਂ ਤੋਂ ਪੰਜਾਬੀ 'ਚ ਆਏ ਅਜਿਹੇ ਸ਼ਬਦ ਜਿੰਨਾਂ ਦੀਆਂ ਧੁਨੀਆਂ ਸਹੀ ਨਹੀਂ ਕਢੀਆਂ/ ਉਚਾਰੀਆਂ ਜਾਂ ਸਕਦੀਆਂ ਸਨ ਉਹਨਾਂ ਲਈ ਅਸੀਂ ਕੁਝ ਅੱਖਰਾਂ ਦੇ ਪੈਰ 'ਚ ਬਿੰਦੀ ਲਾ ਕੇ ਸ਼, ਖ਼, ਗ਼, ਜ਼, ਫ਼ ਅਤੇ ਲ਼ ਘੜ ਲਏ ਹਨ। ਪੰਜਾਬੀ ਦਾ ਕੋਈ ਸ਼ਬਦ ਤੁਸੀਂ ਬੋਲ ਕੇ ਵੇਖ ਲਵੋਂ ਤੁਸੀਂ ਉਸਨੂੰ ਗੁਰਮੁਖੀ 'ਚ ਲਿਖਣ ਲਈ ਪੂਰੀ ਤਰ੍ਹਾਂ ਕਾਮਯਾਬ ਹੋਵੋਗੇ (ਅੰਗ੍ਰੇਜ਼ੀ ਦੇ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਦੀ ਗੱਲ ਮੈਂ ਨਹੀਂ ਕਰ ਰਿਹਾ।)। ਪੰਜਾਬੀ ਇਕ ਧੁਨੀਆਤਮਕ ਭਾਸ਼ਾ ਹੈ ਅਤੇ ਇਹ ਜਿੱਦਾਂ ਬੋਲੀ ਜਾਂਦੀ ਹੈ, ਓਦਾਂ ਹੀ ਲਿਖੀ ਜਾਂਦੀ ਹੈ। ਕੋਈ ਸਾਇਲੈਂਟ–ਸੂਈਲੈਂਟ ਦਾ ਰੋਲਾ ਨਹੀਂ।
    ਪਰ ਅੰਗ੍ਰੇਜ਼ਾਂ ਦੀ ਤਾਂ “ਮਥਰਾ ਹੀ ਤਿੰਨ ਲੋਕ ਤੋਂ ਨਿਆਰੀ” ਐ । ਛੱਬੀ ਕੁ ਅਲਫਾਬੈਟ ਆ ਉਨਾਂ ਕੋਲ, ਤੇ ਉਹਦੇ ਨਾਲ ਈ ਦੁਨੀਆਂ ਨੂੰ ਕਮਲਾ ਕਰੀ ਫਿਰਦੇ ਆ। ਕਦੇ ਕਿਸੇ ਅੱਖਰ ਦੀ ਅਵਾਜ਼ ਘੱਟ ਆਉਂਣ ਲੱਗ ਜਾਂਦੀ ਐ ਤੇ ਕਦੇ ਪੂਰੀ ਆਉਣ ਲੱਗ ਜਾਂਦੀ ਐ। ਕਦੇ ਬੋਲੀਦਾ ਕੁਝ ਐ ਤੇ ਲਿਖੀਦਾ ਕੁਝ ਐ। ਪੜ੍ਹਦੇ 'ਸਾਇਕੋਲੋਜ਼ੀ' ਆਂ ਤੇ ਲਿਖਦੇ 'ਫਸਾਈ ਚੋਲੋਂ ਜੀ' (psychology) ਆਂ। ਕਿੱਥੇ 'ਪੀ' ਦੀ ਅਵਾਜ਼ ਆਉਂਦੀ ਐ? ਕਹਿੰਦੇ ਸਾਇਲੈਂਟ ਐ। ਨਾਲੇ ਆਖਦੇ ਆ ਲਿਖੋ 'ਕਨੌਲਜ਼' ਤੇ ਬੋਲੋ 'ਨੌਲਜ਼'। 'ਕੇ' ਵਾਲ਼ਾ ਕੱਕਾ ਕਿੱਥੇ ਗਿਆ? ਲਿਖਣਾ 'ਨਟੂਰੇ ਆ ਤੇ ਬੋਲਣਾ 'ਨੇਚਰ' ਆ। ਲਿਖਣਾ 'ਫਟੂਰੇ' ਆ ਤੇ ਬੋਲਣਾ ਫਿਉਚਰ ਆ। ਲਿਖੋ 'ਹਾਲਫ' ਤੇ ਬੋਲੋ 'ਹਾਫ'। ਕਮਾਲ ਆ ਬਈ ਅੰਗ੍ਰੇਜ਼ਾਂ ਦੀ। ਤੁਸੀਂ ਪੰਜਾਬੀ ਲਿਖੋ। ਦੱਸੋ ਕਿਹੜਾ ਅੱਖਰ ਸਾਇਲੈਂਟ ਹੁੰਦਾ? ਹਾਂ, ਮਲਵਈ 'ਚ ਉਚਾਰਣ ਵੇਲੇ ਅਸੀਂ ਕੁੱਝ ਅੱਖਰ ਉੜਾਅ/ਉਡਾ ਦਿੰਦੇ ਹਾਂ ਜਿਵੇ ਅਨਾਜ ਨੂੰ ਨਾਜ, ਅਨੰਦ ਨੂੰ ਨੰਦ, ਅਖੰਡ ਨੂੰ ਖੰਡ, ਇਲਾਜ ਨੂੰ ਲਾਜ ਆਦਿ। ਪਰ ਲਿਖਦੇ ਪੂਰਾ। ਇਹ ਸਿਰਫ ਭਾਸ਼ਾ ਉਚਾਰਣ ਦੇ ਤੇਜ਼ ਪ੍ਰਭਾਓ ਕਾਰਨ ਹੀ ਹੋਂਦ 'ਚ ਆਏ ਜਾਪਦੇ ਹਨ।
    ਹਾਂ, ਜੇ ਭਾਸ਼ਾ ਬਾਰੇ ਗੱਲ ਕਰਾਂ ਤਾਂ ਚਾਹੇ ਮੈਂ ਪੰਜਾਬੀ ਵਿੱਚ ਕਹਾਂ ਕਿ 'ਮੈਨੂੰ ਪੰਜਾਬੀ ਨਾਲ ਪਿਆਰ ਹੈ' ਅਤੇ ਚਾਹੇ ਅੰਗ੍ਰਜ਼ੀ 'ਚ ਆਖਾਂ ਕਿ 'ਈਸਟ ਔਰ ਵੈਸਟ, ਪੰਜਾਬੀ ਇਜ਼ ਦੀ ਬੈਸਟ', ਇਹ ਪੱਕੀ ਗੱਲ ਹੈ ਕਿ ਪੰਜਾਬੀ ਆਨੰਦ ਦੇਣ ਵਾਲੀ ਸਰਵਉੱਚ ਬੋਲੀ ਹੈ।