ਜਦੋਂ ਇਨਸਾਨ ਹੀ ਦੇਵਤੇ ਬਣੇ
(ਸਵੈ ਜੀਵਨੀ )
ਕਈ ਲੋਕ ਤਾਂ ਕਿਸੇ ਦਾ ਬਹੁਤ ਚੰਗਾ ਸੋਚਦੇ ਹਨ ਪਰ ਕਈ ਈਰਖਾ ਕਰਨ ਵਾਲੇ ਵੀ ਹੁੰਦੇ ਹਨ। ਮੈਨੂੰ ਅੱਜ ਤੱਕ ਤਕਰੀਬਨ ਹਮੇਸ਼ਾਂ ਚੰਗੇ ਇਨਸਾਨ ਹੀ ਮਿਲੇ ਹਨ। ਏਨੇ ਚੰਗੇ ਕਿ ਕਈ ਇਨਸਾਨ ਤਾਂ ਮੈਂਨੂੰ ਸਰਵਿਸ ਕਰਦੀ ਨੂੰ ਆਪਦੀ ਬੇਟੀ ਹੀ ਸਮਝਣ ਲੱਗ ਪਏ ਸਨ
ਗੱਲ 1977 ਤੋਂ 1985 ਤੱਕ ਦੀ ਕਰਦੀ ਹਾਂ। ਮੈਨੂੰ 1977 ਤੋਂ 1985 ਤੱਕ ਬਹੁਤ ਸਕੂਲ ਦੇਖਣੇ ਪਏ। ਮੈਂ ਜੇ ਬੀ ਟੀ ਟੀਚਰ ਪਰਾਇਮਰੀ ਸਕੂਲ ਵਿੱਚ ਸਰਵਿਸ ਕਰਦੀ ਸੀ। ਮੈਂ ਜਿੱਥੇ ਵੀ ਸਰਵਿਸ ਕਰਦੀ ਸੀ ਮੈਂਨੂੰ ਚੰਗੇ ਤੋਂ ਚੰਗੇ ਇਨਸਾਨ ਮਿਲਦੇ ਰਹੇ ਸੀ। ਹੈਡ ਟੀਚਰ ਕੁਝ ਵੱਡੀ ਉਮਰ ਦੇ ਹੋਣ ਕਰਕੇ ਮੈਂਨੂੰ ਆਪਦੀ ਬੇਟੀ ਹੀ ਕਹਿੰਦੇ ਸੀ । ਮੇਰੀਸਰਵਿਸ ਕੱਚੀ ਹੁੰਦੀ ਸੀ ਕਿਊਂਕਿ ਮੈਂ ਛੁੱਟੀ ਵਾਲੀ ਥਾਂ ਤੇ ਹੁੰਦੀ ਸੀ।ਮੈਂਨੂੰ ਵਾਰ ਵਾਰ ਰਲੀਵ ਹੋਣਾ ਪੈਂਦਾ ਸੀ। ਫਿਕਰ ਹੋ ਜਾਂਦਾ ਸੀ ਜਦੋਂ ਕਿਸੇ ਦੀ ਛੁੱਟੀ ਪੂਰੀ ਹੋਣ ਵਾਲੀ ਹੁੰਦੀ ਸੀ। ਸਾਨੂੰ ਪਹਿਲਾਂ ਹੀ ਫਿਕਰ ਹੋ ਜਾਂਦਾ ਸੀ ਕਿ ਹੁਣ ਪਤਾ ਨਹੀੰ ਕਿਹੜਾ ਸਟੇਸ਼ਨ ਮਿਲੇਗਾ ਜਾਂ ਨਹੀਂ ਪਰ ਪਰਮਾਤਮਾਂ ਨੂੰ ਇਨਸਾਨ ਤੋਂ ਵੱਧ ਫਿਕਰ ਹੁੰਦਾ ਹੈ ਜਿਸ ਨੇ ਰੋਜੀ ਦੇਣੀ ਹੁੰਦੀ ਹੈ ਜੋ ਪਰਮਾਤਮਾ ਨੇ ਮੇਰੇ ਲਈ ਅੱਜ ਤੱਕ ਕੀਤਾ ਹੈ ਚੰਗਾ ਹੀ ਕੀਤਾ ਹੈ।
ਮੈਂ ਇੱਕ ਵਾਰ ਲੀਅਨ ਤੇ ਭਾਵ ਛੁੱਟੀ ਵਾਲੀ ਥਾਂ ਤੇ ਮੁਕਤਸਰ ਦੇ ਨੇੜੇ ਸਰਵਿਸ ਕਰਦੀ ਸੀ। ਜਿਸ ਥਾਂ ਤੇ ਮੈਂ ਲੱਗੀ ਸੀ ਉਸ ਥਾਂ ਤੇ ਉਹ ਅਧਿਆਪਕ ਆਉਣ ਵਾਲਾ ਹੀ ਸੀ ਕਿਉਂਕਿ ਉਸਦੀ ਛੁੱਟੀ ਪੂਰੀ ਹੋਣ ਵਾਲੀ ਹੁੰਦੀ ਸੀ। ਮੇਰੇ ਪਤੀ ਸ ਜਗਜੀਤ ਸਿੰਘ ਬਾਵਰਾ ਜੀ ਹਿੰਮਤੀ ਹੋਣ ਕਰਕੇ ਬੀ ਪੀ ਓ ਦਫਤਰ ਤੋਂ ਖਾਲੀ ਥਾਂ ਬਾਰੇ ਪਤਾ ਪਹਿਲਾਂ ਹੀ ਕਰਦੇ ਰਹਿੰਦੇ ਸਨ। ਸਾਡੇ ਮਨ ਵਿੱਚ ਇਹ ਵੀ ਹੁੰਦਾ ਸੀ ਕਿ ਜਿੱਥੇ ਮੈਂਨੂੰ ਸਟੇਸ਼ਨ ਮਿਲੇ । ਸਟਾਫ ਵੀ ਚੰਗਾ ਹੋਵੇ ਤੇ ਸਟੇਸ਼ਨ ਵੀ ਨੇੜੇ ਮਿਲੇ।ਪਰ ਪਰਮਾਤਮਾ ਸਾਰੀਆਂ ਗੱਲਾਂ ਤਾਂ ਪੂਰੀਆਂ ਕਦੇ ਹੀ ਕਰਦਾ ਹੈ। ਸਟੇਸ਼ਨ ਤਾਂ ਦੂਰ ਹੀ ਮਿਲਦਾ ਰਿਹਾ ਏਨਾ ਦੂਰ ਕਿ ਟਰੇਨ ਅਤੇ ਬੱਸ ਤੇ ਜਾ ਕੇ ਵੀ ਪੈਦਲ ਸਫਰ ਕਰਨਾ ਪੈਂਦਾ ਸੀ ।ਸਮੇਂ ਚੰਗੇ ਹੋਣ ਕਰਕੇ ਦੂਰ ਵੀ ਬੇ ਝਿਜਕ ਹੋ ਕੇ ਚਲੇ ਜਾਈਦਾ ਸੀ। ਰਾਹ ਵਿੱਚ ਕੋਈ ਡਰ ਨਹੀਂ ਲੱਗਦਾ ਸੀ।ਪਰ ਪਰਮਾਤਮਾ ਦੀ ਕਿਰਪਾ ਨਾਲ ਮੈਂਨੂੰ ਸਟਾਫ ਹਰੇਕ ਥਾਂ ਬਹੁਤ ਹੀ ਚੰਗਾ ਮਿਲਦਾ ਰਿਹਾ। ਏਨਾ ਚੰਗਾ ਸਟਾਫ ਕਿ ਮੇਰੇ ਕੋਲ ਉਹ ਸ਼ਬਦ ਹੀ ਨਹੀਂ ਕਿ ਜਿਨਾਂ ਨਾਲ ਮੈਂ ਉਨਾਂ ਦੀ ਪ੍ਸੰਸਾ ਕਰ ਸਕਾਂ।
ਇੱਕ ਵਾਰ ਮੈਂ ਮੁਕਤਸਰ ਜਿਲੇ ਵਿੱਚ ਪਾ੍ਇਮਰੀ ਸਕੂਲ ਵਿੱਚ ਜੇ ਬੀ ਟੀ ਟੀਚਰ ਕਿਸੇ ਦੀ ਛੁੱਟੀ ਵਾਲੀ ਥਾਂ ਤੇ ਲੱਗੀ ਹੋਈ ਸੀ। ਛੁੱਟੀ ਲੈਣ ਵਾਲਾ ਅਧਿਆਪਕ ਇੱਕ ਦੋ ਦਿਨਾ ਤੱਕ ਆਉਂਣ ਹੀ ਵਾਲਾ ਸੀ। ਮੇਰਾ ਮਨ ਬਹੁਤ ਉਦਾਸ ਸੀ ਕਿਉਂਕਿ ਸਰਵਿਸ ਵੀ ਚਾਲੂ ਰੱਖਣੀ ਸੀ ਨਹੀਂ ਤਾਂ ਮੇਰੀ ਸਰਵਿਸ ਵਿੱਚ ਬਰੇਕ ਪੈ ਜਾਣੀ ਸੀ ਜੋ ਕਿ ਪੱਕੇ ਹੋਣ ਵੇਲੇ ਅੜਚਨ ਬਣਦੀ ਸੀ । ਮੇਰੇ ਹੈੱਡ ਟੀਚਰ ਸ ਚੰਨਣ ਸਿੰਘ ਜੋ ਮੇਰੇ ਬਾਪ ਦੇ ਸਮਾਨ ਸਨ ਉਨਾਂ ਮੈਂਨੂੰ ਹੌਸਲਾ ਦਿੱਤਾ ਕਿ ਬੇਟਾ ਜਦੋਂ ਛੁੱਟੀ ਲੈਣ ਵਾਲਾ ਅਧਿਆਪਕ ਹਾਜਰ ਹੋਣ ਲਈ ਆ ਵੀ ਗਿਆ ਤਾਂ ਮੈਂ ਛੁੱਟੀ ਲੈਂਣ ਲਈ ਤਿਆਰ ਹਾਂ ਤੁਸੀਂ ਘਬਰਾਓ ਨਾ।ਇਹ ਲਫਜ ਸੁਣ ਕੇ ਮੇਰੇ ਮਨ ਨੂੰ ਕੁਝ ਸ਼ਾਂਤੀ ਤਾਂ ਆ ਗਈ ਪਰ ਅੰਦਰੋਂ ਮਨ ਡਰ ਰਿਹਾ ਸੀ। ਉਹੀ ਗੱਲ ਹੋਈ ਇੱਕ ਦਿਨ ਮੇਰੇ ਸਕੂਲ ਪਹੁੰਚਣ ਤੋਂ ਪਹਿਲਾਂ ਹੀ ਉਹ ਟੀਚਰ ਜਿਨਾਂ ਦੀ ਥਾਂ ਤੇ ਮੈਂ ਸਰਵਿਸ ਕਰਦੀ ਸੀ ਆਏ ਬੈਠੇ ਸਨ। ਮੇਰਾ ਤਾਂ ਉਸ ਟੀਚਰ ਨੂੰ ਦੇਖਕੇ ਰੋਣ ਹੀ ਨਿਕਲ ਗਿਆ ਪਰ ਪਰਮਾਤਮਾ ਨੇ ਮੈਂਨੂੰ ਸ ਚੰਨਣ ਸਿੰਘ ਪਰਮਾਤਮਾ ਹੀ ਮਿਲਾ ਦਿੱਤਾ ਜਿੰਨਾ ਨੇ ਮੈਂਨੂੰ ਪਹਿਲਾਂ ਵੀ ਹੌਸਲਾ ਦਿੱਤਾ ਸੀ ਮੇਰੀ ਰਲੀਵਿੰਗ ਰੀਪੋਰਟ ਦੇ ਨਾਲ ਇੱਕ ਖਾਲੀ ਕਾਗਜ ਤੇ ਆਪਦੀ ਦਸਤਖਤ ਕਰਕੇ ਮੈਂਨੂੰ ਫੜਾਇਆ ਤੇ ਕਿਹਾ ਕਿ ਜਿੰਨੀ ਮਰਜੀ ਛੁੱਟੀ ਮੇਰੀ ਲਿਖ ਲੈਣੀ। ਉਨਾਂ ਕੋਈ ਲਾਲਚ ਕਰਕੇ ਕੋਈ ਛੁੱਟੀ ਨਹੀਂ ਲੈਣੀ ਸੀ ਕਿਉਂਕਿ ਉਸ ਸਮੇਂ ਜੇ ਕੋਈ ਕਿਸੇ ਦੀ ਖਾਤਰ ਛੁੱਟੀ ਲੈਂਦਾ ਸੀ ਤਾਂ ਅਗਲੇ ਤੋਂ ਸਾਰੀ ਤਨਖਾਹ ਵੀ ਲੈਂਦੇ ਸਨ ਪਰ ਮੇਰੇ ਸਤਿਕਾਰ ਯੋਗ ਸ ਚੰਨਣ ਸਿੰਘ ਜੀ ਨੇ ਬਿਨਾ ਕਿਸੇ ਲਾਲਚ ਤੋਂ ਛੁੱਟੀ ਵੀ ਲਈ ਅਤੇ ਸਕੂਲ ਵੀ ਆਉਂਦੇ ਰਹੇ ।ਕਿਸੇ ਨੂੰ ਜਾਹਰ ਵੀ ਨਹੀਂ ਹੋਣ ਦਿੱਤਾ ਕਿ ਮੇਰੀ ਛੁੱਟੀ ਲਈ ਹੈ।ਮੇਰੇ ਉਸੇ ਸਕੂਲ ਵਿੱਚ ਹਾਜਰ ਹੋਣ ਤੇ ਸਾਰੇ ਟੀਚਰ ਹੈਰਾਨ ਹੋ ਗਏ ਕਿ ਚੰਨਣ ਸਿੰਘ ਦਾ ਐਡਾ ਵੱਡਾ ਜਿਗਰਾ ਜਿਵੇ ਹੈ ਕਿਸੇ ਦਾ ਹੀ ਹੁੰਦਾ ਹੈ। ਮੇਰੇ ਲਈ ਤਾਂ ਸ ਚੰਣਨ ਸੱਚ ਹੀ ਰੱਬ ਬਣ ਗਿਆ ਸੀ।
ਇਸੇ ਤਰਾਂ ਮੈਂਨੂੰ ਜੂਨ ਦੀਆਂ ਛੁੱਟੀਆਂ ਵਿੱਚ ਕਿਸੇ ਪਰਮਾਂਨੈਂਟ ਟੀਚਰ ਨੇ ਅਚਾਨਕ ਆ ਕੇ ਰਲੀਵ ਕਰ ਦਿੱਤਾ। ਉਸ ਸਮੇਂ ਮੈਂ ਗਿਦੜਬਾਹੇ ਦੇ ਨੇੜੇ ਲੱਗੀ ਸੀ ਕਿ ਕਿਤੇ ਪੋਸਟ ਦਿਸ ਨਹੀਂ ਰਹੀ ਸੀ। ਬਾਵਰਾ ਜੀ ਦੀ ਬੀ ਪੀ ਓ ਦਫਤਰ ਵਿੱਚ ਚੰਗੀ ਬਣੀ ਸੀ। ਸਾਰੇ ਹੀ ਦਫਤਰ ਵਾਲੇ ਬਾਵਰਾ ਜੀ ਦਾ ਸਤਿਕਾਰ ਕਰਦੇ ਸਨ।ਮੇਰੇ ਅਚਾਨਕ ਰਲੀਵ ਹੋਣ ਤੇ ਬਾਵਰਾ ਜੀ ਬੀ ਪੀ ਓ ਦਫਤਰ ਗਿਦੜਬਾਹੇ ਚਲੇ ਗਏ। ਕਲਰਕ ਨੂੰ ਕੋਈ ਪੋਸਟ ਪੁਛਣ ਤੇ ਉਨਾਂ ਸੁਝਾਅ ਦੇ ਦਿੱਤਾ ਕਿ ਕਿਸੇ ਨੂੰ ਮਰਜੀ ਛੁੱਟੀ ਦਿਵਾ ਦੇਵੋ। ਬਾਵਰਾ ਜੀ ਨੇ ਸ ਗੁਰਦੇਵ ਸਿੰਘ ਜੋ ਸਰਕਾਰੀ ਪ੍ਾਇਮਰੀ ਸਕੂਲ ਘੱਗਾ ਵਿੱਚ ਲੱਗੇ ਸਨ ਉਨਾਂ ਦੀ ਥਾਂ ਤੇ ਛੁੱਟੀ ਆਪ ਹੀ ਲਿਖਕੇ ਮੇਰੇ ਆਰਡਰ ਘੱਗਾ ਸਕੂਲ ਵਿੱਚ ਲੈ ਆਏ।
ਜਦੋਂ ਬਾਵਰਾ ਜੀ ਨੇ ਹੈਡ ਟੀਚਰ ਸ ਗੁਰਦੇਵ ਸਿੰਘ ਦੇ ਘਰ ਜਾ ਕੇ ਦੱਸਿਆ ਕਿਮਤੁਹਾਨੂੰ ਛੁੱਟੀ ਦਿਵਾ ਕੇ ਮੈਂ ਆਪਦੀ ਮਿਸਜ ਮਲਕੀਤ ਕੌਰ ਦੇ ਆਰਡਰ ਲੈ ਆਇਆ ਹਾਂ। ਤੁਹਾਨੂੰ ਇਸ ਗੱਲ ਤੇ ਕੋਈ ਇਤਰਾਜ ਤਾਂ ਨਹੀਂ। ਸ ਗੁਰਦੇਵ ਸਿੰਘ ਨੇ ਕਿਹਾ ਕਿ ਬਾਵਰਾ ਜੀ ਜੇ ਕਿਸੇਦਾ ਕੋਈ ਭਲਾ ਹੁੰਦਾ ਹੈ ਤਾਂ ਮੈਂਨੂੰ ਖੁਸ਼ੀ ਹੁੰਦੀ ਹੈ । ਮੈਂਨੂੰ ਕੋਈ ਇਤਰਾਜ ਨਹੀਂ। ਬਾਵਰਾ ਜੀ ਨੇ ਇਹ ਵੀ ਗੁਰਦੇਵ ਸਿੰਘ ਨੂੰ ਕਿਹਾ ਕਿ ਤੁਸੀਂ ਮਲਕੀਤ ਕੌਰ ਦੀ ਸਾਰੀ ਤਨਖਾਹ ਵੀ ਲੈ ਲੈਣੀ। ਪਰ ਸ ਗੁਰਦੇਵ ਸਿੰਘ ਦਾ ਬਹੁਤ ਵੱਡਾ ਜਿਗਰਾ ਸੀ । ਉਹ ਬੋਲੇ ਬਾਵਰਾ ਜੀ ਤਨਖਾਹ ਦੇਣ ਦੀ ਤਾਂ ਗੱਲ ਹੀ ਨਾ ਕਰੋ। ਮੇਰੇ ਲਈ ਤਾਂ ਰੱਬ ਨੇ ਜਿਵੇਂ ਪਹਿਲਾਂ ਹੀ ਭਲਾ ਸੋਚਿਆ ਹੁੰਦਾ ਸੀ । ਮੇਰੀ ਜਿੰਦਗੀ ਵਿੱਚ ਮੈਂਨੂੰ ਇਸ ਤਰਾਂ ਬਹੁਤ ਚੰਗੇ ਇਨਸਾਨ ਰੱਬ ਵਾਂਗ ਮਿਲੇ ਸਨ ਇਹ ਪਤਾ ਨਹੀਂ ਸ਼ਾਇਦ ਅਸੀਂ ਵੀ ਜਿੰਦਗੀ ਵਿੱਚਕਿਸੇ ਦਾ ਬੁਰਾ ਨਾ ਤੱਕਿਆ ਹੋਵੇ। ਕਈ ਇਨਸਾਨ ਤਾਂ ਹੀ ਸਾਨੂੰ ਰੱਬ ਵਾਂਗ ਮਿਲੇ ਸਨ।
ਪਤਾ ਨਹੀਂ ਊਹ ਇਨਸਾਨ ਇਸ ਦੁਨੀਆਂ ਵਿੱਚ ਹੈ ਜਾਂ ਨਹੀਂ ਪਰ ਮੈਂਨੂੰ ਹਮੇਸ਼ਾਂ ਉਹ ਯਾਦ ਰਹਿਣਗੇ। ਮੈਂ ਕਦੀ ਵੀ ਰੱਬ ਵਰਗੇ ਇਨਸਾਨਾਂ ਨੂੰ ਭੁੱਲ ਨਹੀਂ ਸਕਦੀ।