ਰੋਟੀ,ਕਪੜੇ ਤੇ ਮਕਾਨ ਲਈ ਚਾਹੀਦਾ ਹੈ ਧਨ,
'ਮਾਇਆ ਨਾਗਣ ਹੈ'ਅਸੀਂ ਕਿੱਦਾਂ ਲਈਏ ਮੰਨ?
ਜਿਸ ਮਾਂ,ਪਿਉ ਦਾ ਇੱਕੋ ਪੁੱਤਰ ਹੈ ਨਸ਼ਿਆਂ ਦਾ ਦਾਸ,
ਉਨ੍ਹਾਂ ਦੇ ਘਰ ਵਿੱਚ ਕੀ ਕਰਨਾ ਖੁਸ਼ੀਆਂ ਨੇ ਵਾਸ?
ਕਰਾਂਦੇ ਕਿਰਤੀਆਂ ਤੋਂ ਠੇਕੇਦਾਰ ਦੁੱਗਣਾ ਕੰਮ,
ਆਪ ਵਿਹਲੇ ਬਹਿ ਕੇ ਉਨ੍ਹਾਂ ਤੇ ਹੁਕਮ ਚਲਾਂਦੇ ਹਰ ਦਮ।
ਟੀ. ਵੀ. ਦੇ ਸੀਰੀਅਲਾਂ ਨੇ ਏਦਾਂ ਉਲਝਾਏ ਲੋਕ,
ਜਿੱਦਾਂ ਹੌਲੀ, ਹੌਲੀ ਚੂਸੀ ਜਾਵੇ ਖੁਨ ਬੰਦੇ ਦਾ ਜੋਕ।
ਲੈ ਕੇ ਸਰਕਾਰ ਤੋਂ ਪੈਨਸ਼ਨਾਂ ਤੇ ਸਸਤਾ ਆਟਾ,ਦਾਲ,
ਵਿਹਲੇ ਰਹਿ ਕੇ ਲੋਕ ਆਪਣੀ ਸਿਹਤ ਰਹੇ ਨੇ ਗਾਲ।
ਪੰਜ ਸੌ ਤੇ ਹਜ਼ਾਰ ਦੇ ਜੇ ਕਰ ਨੋਟ ਸਕਦੇ ਨ੍ਹੀ ਚੱਲ,
ਇਨ੍ਹਾਂ ਨੂੰ ਵਰਤਣ ਦਾ ਚੋਰ ਲੱਭ ਰਹੇ ਨੇ ਕੋਈ ਹੱਲ।
ਆਇਆ ਹੋਇਆ ਸਾਰੇ ਦੇਸ਼ ਵਿੱਚ ਚੋਣਾਂ ਦਾ ਤੂਫਾਨ,
ਖਬਰੇ ਇਸ ਨੇ ਦੇਸ਼ ਦੇ ਕਿੰਨੇ ਧਨ ਦਾ ਕਰਨਾ ਨੁਕਸਾਨ?
ਜਿਸ ਧਰਤੀ 'ਚ ਉੱਗਦਾ ਭੁੱਖਿਆਂ ਲਈ ਅੰਨ,
ਉਸ ਨੂੰ ਅੱਗਾਂ ਲਾ ਕੇ ਕਿਉਂ ਲੋਕ ਹੋਣ ਪ੍ਰਸੰਨ?
ਪੜ੍ਹ ਲਿਖ ਕੇ ਕੁੜੀਆਂ ਘੁੰਮਣ ਵਿੱਚ ਆਕਾਸ਼,
ਖਬਰੇ ਕਿਉਂ ਫਿਰ ਵੀ ਕੁੜੀਆਂ ਵਾਲੇ ਦਿੱਸਣ ਉਦਾਸ?
ਮਿਹਨਤ ਕਰਕੇ ਜੇ ਕਰ ਦੋਹੇ ਲਿਖਦਾ 'ਮਾਨ',
ਪਾਠਕਾਂ ਨੇ ਉਹ ਖੁਸ਼ੀ ਖੁਸ਼ੀ ਕਰ ਲੈਣੇ ਸਨ ਪ੍ਰਵਾਨ।