ਸ਼ਾਇਰ ਜੀ, ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ਵਿੱਚ ਚੜ੍ਹਾਓ ।
ਚਿੜੀਆਂ, ਘੁੱਗੀਆਂ ਬਖਸ਼ ਦਿਓ ਹੁਣ,
ਬਾਜਾਂ, ਲਗੜਾਂ ਤੇ ਅਜਮਾਓ ।।
ਚਿੜੀਆਂ ਦੇ ਸਭ ਅੰਗਾਂ ਉੱਤੇ ।
ਗੋਰੇ-ਚਿੱਟੇ ਰੰਗਾਂ ਉੱਤੇ ।
ਤੋਰ ਤੁਰਨ ਦੇ ਢੰਗਾਂ ਉੱਤੇ ।
ਛੋਹਲ ਕੁਆਰੀਆਂ ਸੰਗਾਂ ਉੱਤੇ ।
ਐਵੇਂ ਨਾ ਹੁਣ ਸ਼ਿਸਤ ਲਗਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,, ।।
ਹਾਕਮ ਅੱਜ ਹੰਕਾਰ ਰਹੇ ਨੇ ।
ਸੱਚ ਨਾਲ ਖਾ ਖਾਰ ਰਹੇ ਨੇ ।
ਲੁੱਟ ਨੀਤੀ ਪ੍ਰਚਾਰ ਰਹੇ ਨੇ ।
ਸੱਚ-ਧਰਮ ਅੱਜ ਹਾਰ ਰਹੇ ਨੇ ।
ਬਚੀ ਅਣਖ ਨੂੰ ਪਾਣ ਚੜ੍ਹਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,, ।।
ਮਜਹਬਾਂ ਰਲ਼ਕੇ ਘੇਰਾ ਪਾਇਆ ।
ਲੁੱਟਣ ਖਾਤਿਰ ਸਵਾਂਗ ਰਚਾਇਆ ।
ਕਰ ਸੰਮੋਹਣ ਸਭਨੂੰ ਢਾਇਆ ।
ਕਿਰਤੀ ਅੱਜ ਫਿਰਦਾ ਕੁਮਲਾਇਆ ।
ਉਹਦੇ ਦੁੱਖ ਦੀ ਦਵਾ ਸੁਝਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,,, ।।
ਰਸਮਾਂ ਗਲੀਆਂ ਸੜੀਆਂ ਏਥੇ ।
ਵਹਿਮ-ਭਰਮ ਲੈ ਖੜੀਆਂ ਏਥੇ ।
ਅੰਧ ਵਿਸ਼ਵਾਸੀ ਝੜੀਆਂ ਏਥੇ ।
ਕਰਮ-ਕਾਂਡ ਦੀਆਂ ਲੜੀਆਂ ਏਥੇ ।
ਕਿਸੇ ਦੈਂਤ ਨੂੰ ਹੱਥ ਤੇ ਪਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,,, ।।
ਬੇਈਮਾਨੀ ਭਰਿਸ਼ਟਾਚਾਰੀ ।
ਲਾਈ ਫਿਰੇ ਮੋਹਰ ਸਰਕਾਰੀ ।
ਲਾਪਰਵਾਹੀ ਬੇਰੁਜਗਾਰੀ ।
ਬਚਦੀ ਨਸ਼ਿਆਂ ਨੇ ਮੱਤ ਮਾਰੀ ।
ਜਾਗੋ, ਦੇਖੋ, ਸਮਝੋ, ਧਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼,,,,,,,,,,,,,, ।।
ਜੀਵਨ ਵਧਣੋਂ ਰੁਕ ਨਹੀਂ ਸਕਦਾ ।
ਝੂਠ ਜਗਤ ਤੋਂ ਮੁੱਕ ਨਹੀਂ ਸਕਦਾ ।
ਜੁਰਮ ਜੜਾਂ ਤੋਂ ਸੁੱਕ ਨਹੀਂ ਸਕਦਾ ।
ਸ਼ਾਇਰ ਵੀ ਤਾਂ ਝੁਕ ਨਹੀਂ ਸਕਦਾ ।
ਆਪਣਾ ਫਰਜ ਨਿਭਾਉਂਦੇ ਜਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ਵਿੱਚ ਚੜ੍ਹਾਓ ।।
ਚਿੜੀਆਂ ਘੁੱਗੀਆਂ ਬਖਸ਼ ਦਿਓ ਹੁਣ,
ਬਾਜਾਂ ਲਗੜਾਂ ਤੇ ਅਜਮਾਓ ।।