ਇਹ ਵਤਨਾਂ ਦੇ ਮੇਰੀ ਜਿੰਦੇ ਉੱਜੜੇ ਕਾਂਸ਼ੀ,ਕਾਅਬੇ
ਤੇਰੇ ਨਗ਼ਮੇਂ ਕੌਣ ਸੁਣੇਗਾ ਧਰਮੀ ਬੇਹਿਸਾਬੇ
ਇੱਥੋਂ ਦੇ ਲੋਕਾਂ ਨੂੰ ਨਹੀਓਂ ਭਾਉਂਦੀ ਸੂਫ਼ੀ ਬਿਰਤੀ
ਤੇਰੀ ਦੁਨੀਆਂ ਤੋਂ ਇਹਨਾਂ ਦੀ ਵੱਖਰੀ ਬੜੀ ਸ੍ਰਿਸ਼ਟੀ
ਤੂੰ ਕਿਉਂ ਇੱਥੇ ਸਰਗਮ ਛੇੜੇਂ ਰਾਗ ਰੂਹਾਨੀ ਗਾਵੇਂ
ਚਾਰੇ ਪਾਸੇ ਘੁੰਮਣ ਜਿੱਥੇ ਲੋਥਾਂ ਦੇ ਪੜਛਾਵੇਂ
ਇੱਥੋਂ ਦੇ ਅਸਮਾਨਾਂ 'ਤੇ ਵੀ ਧੁੱਦਲ ਜੰਮੀ ਚਿਰ ਦੀ
ਇੱਥੋਂ ਦੇ ਪਾਣੀ ਵੀ ਭਾਰੇ ਤੇਹ ਭੋਰਾ ਨਾ ਵਿਰਦੀ
ਇੱਥੋਂ ਦੇ ਸੁਖਚੈਨਾਂ ਨੂੰ ਕੋਈ ਖ਼ਿਜ਼ਾਂ ਕਾਲੜੀ ਖਾਧਾ
ਇੱਥੋਂ ਦੇ ਗੋਪਾਲ ਮੋਏ ਨੇ ਵਿਧਵਾ ਹੈ ਹਰ ਰਾਧਾ
ਪਰ ਤੂੰ ਖ਼ੁਦ ਨੂੰ ਕਰੜਾ ਕਰਕੇ ਜ਼ਿੰਦਗੀ ਦੀ ਧੁਨ ਗਾ
ਨਿੱਕਲ ਆਵੇ ਕਿਸੇ ਸਿਵੇ 'ਚੋਂ,ਵਾਹ ਵਾਹ,ਕੀ ਪਤਾ
ਖੌਰੇ ਤੈਨੂੰ ਦੀਵਾਨਾ ਕੋਈ ਥਾਪੀ ਨਾਲ ਨਿਵਾਜੇ
ਖੌਰੇ ਫਿਰ ਮੁਰਦਾਰਾਂ ਅੰਦਰ ਜੀਵਨ ਆਣ ਬਿਰਾਜੇ
ਖੌਰੇ ਆਤਿਸ਼ ਨਾਲ ਪਤੰਗਾ ਲੜਨ ਜੋਗਰਾ ਹੋਜੇ
ਧੁਆਖੇ ਅੰਬਰ ਦੇ ਵਿੱਚ ਸੂਰਜ ਚੜ੍ਹਨ ਜੋਗਰਾ ਹੋਜੇ