ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ
(ਖ਼ਬਰਸਾਰ)
ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸ਼ੀਏਸ਼ਨ ਵਲੋਂ ਪ੍ਰੋਗਰੈਸਿਵ ਆਰਟ ਕਲੱਬ ਦੀ ਮੱਦਦ ਨਾਲ ਸਰ੍ਹੀ ਦੇ ਸਰ੍ਹੀ ਆਰਟ ਸੈਂਟਰ ਵਿੱਚ ਇੱਕ ਸਭਿਆਚਾਰਕ ਨਾਟਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪ੍ਰੋ. ਜਸਕਰਨ ਸਿੰਘ ਤੇ ਪਰਮਿੰਦਰ ਸਵੈਚ ਦੋਨਾਂ ਦੀ ਨਿਰਦੇਸ਼ਨਾਂ ਦੇ ਤਹਿਤ ਤਿੰਨ ਲਘੂ ਨਾਟਕ "ਬਲ਼ਦੇ ਬਿਰਖ", "ਉਪਾਅ" ਤੇ "ਸ਼ਹੀਦ ਭਗਤ ਸਿੰਘ ਇੱਕ ਸੋਚ" ਪੇਸ਼ ਕੀਤੇ ਗਏ। "ਬਲ਼ਦੇ ਬਿਰਖ" ਵਿੱਚ ਕਨੇਡਾ ਵਿੱਚ ਫੈਲ ਰਹੀ ਡਰੱਗ ਦੀ ਸਮੱਸਿਆ ਜਿਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਦਿਨੋ ਦਿਨ ਮਰ ਰਹੀ ਹੈ ਜਾਂ ਡਰੱਗ ਦੀ ਮਾਰ ਹੇਠ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੀ ਹੈ, ਉਸਦੀ ਅਸਲੀਅਤ ਜੋ ਘਰ ਘਰ ਦੀ ਕਹਾਣੀ ਬਣਦੀ ਜਾ ਰਹੀ ਹੈ, ਉਸਦਾ ਪਰਦਾ ਫਾਸ਼ ਕਰਨਾ ਸੀ ਤਾਂ ਕਿ ਸਮੁੱਚੀ ਕਮਿਊਨਿਟੀ ਇਸਤੋਂ ਸੁਚੇਤ ਹੋ ਕੇ ਨਿੱਗਰ ਕਦਮ ਚੁੱਕਣ ਲਈ ਆਪਣਾ ਯੋਗਦਾਨ ਪਾ ਸਕੇ। ਦੂਸਰਾ ਨਾਟਕ ਉਹ ਲੁਟੇਰੀ ਜਮਾਤ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਹਨਾਂ ਦੇ ਦੁੱਖਾਂ ਤਕਲੀਫਾਂ ਦਾ ਫਾਇਦਾ ਉਠਾ ਕੇ ਆਪਣੇ ਉਪਾਅ ਕਰ ਰਹੀ ਹੈ, ਉਹਨਾਂ ਦੀਆਂ ਕੋਝੀਆਂ ਹਰਕਤਾਂ ਨੂੰ ਨਾਟਕੀ ਰੂਪ ਵਿੱਚ ਦਰਸਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸੀ ਚਾਹੇ ਉਹ ਕਿਸੇ ਵੀ ਭੇਸ ਵਿੱਚ ਹੋਣ ਜਿਵੇਂ ਕਿ ਬਾਬੇ, ਜੋਤਸ਼ੀ, ਪੰਡਤ, ਕਾਲੇ ਜਾਦੂ ਵਾਲੇ ਜਾਂ ਹੋਰ ਨਾਵਾਂ ਨਾਲ ਜਾਣੇ ਜਾਂਦੇ ਹੋਣ। ਤੀਸਰਾ ਨਾਟਕ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਤ ਸੀ ਜੋ ਉਸਦੀ ਆਪਦੀ ਲਿਖਤ "ਮੈਂ ਨਾਸਤਕ ਕਿਉਂ ਹਾਂ" ਤੇ ਅਧਾਰਤ ਸੀ ਜਦ ਕਿ ਅੱਜ ਕੱਲ ਉਸਦੀ ਸੋਚ ਦੇ ਉਲਟ ਉਸਦੇ ਫਲਸਫੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਉਸਦੇ ਅਖੰਡ ਪਾਠ ਖੁਲਵਾ ਕੇ ਉਸਦੀ ਸਿੱਚਾਈ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹਨਾਂ ਨਾਟਕਾਂ ਵਿੱਚ ਇੱਥੋਂ ਦੇ ਜੰਮਪਲ ਬੱਚੇ ਈਸ਼ਾ ਗਿੱਲ, ਫਤਿਹ ਸਿੰਘ ਕੰਗ, ਕੌਤਕ ਸਿੰਘ, ਸੁਖਮਨੀ ਥਿੰਦ (ਦੋ ਨਾਟਕਾਂ ਵਿੱਚ), ਗੁਰਅਜ਼ੀਜ਼ ਸਿੰਘ (ਪੰਡਤ), ਗੁਰਵੀਰ ਕੌਰ(ਪੰਡਤਾਣੀ), ਨਿਰਮਲ ਕਿੰਗਰਾ ਨੇ ਵੱਖਰੇ ਵੱਖਰੇ ਰੋਲ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਬੱਚਿਆਂ ਨੇ ਆਪਣੀ ਭੂਮਿਕਾ ਤਨੋਂ ਮਨੋਂ ਪੂਰੀ ਤਰ੍ਹਾਂ ਨਿਭਾਈ। ਇਹਨਾਂ ਤੋਂ ਇਲਾਵਾ ਭਗਤ ਸਿੰਘ ਦੇ ਰੋਲ ਵਿੱਚ ਨਰਿੰਦਰ(ਹੈਪੀ) ਮੰਗੂਵਾਲ, ਬੋਗੇ ਦੇ ਰੋਲ ਵਿੱਚ ਕੇ.ਪੀ. ਸਿੰਘ, ਚਤਰ ਸਿੰਘ ਦੇ ਰੋਲ ਵਿੱਚ ਅਵਤਾਰ ਗਿੱਲ ਨੇ ਲੋਕਾਂ ਨੂੰ ਸੋਚਣ ਲਾ ਦਿੱਤਾ। ਕਮਲ ਸਿੱਧੂ ਨੇ ਦੋ ਨਾਟਕ ਬਲ਼ਦੇ ਬਿਰਖ ਤੇ ਭਗਤ ਸਿੰਘ ਇੱਕ ਸੋਚ ਵਿੱਚ ਆਪਣਾ ਕਿਰਦਾਰ ਬਾਖੂਬੀ ਨਿਭਾਇਆ। ਕੁਲਦੀਪ ਟੋਨੀ ਨੇ ਉਪਾਅ ਅਤੇ ਭਗਤ ਸਿੰਘ ਇੱਕ ਸੋਚ ਵਿੱਚ ਆਪਣੇ ਕਰੈਕਟਰ ਨਾਲ ਪੂਰਾ ਦਾ ਪੂਰਾ ਇਨਸਾਫ ਕੀਤਾ। ਜਿੱਥੇ ਪਰਮਿੰਦਰ ਸਵੈਚ ਇਹਨਾਂ ਨਾਟਕਾਂ ਦੀ ਲੇਖਿਕਾ ਵੀ ਹੈ ਉੱਥੇ ਉਸਨੇ ਆਪਣੇ ਕਿਰਦਾਰ ਵੀ ਬਾਖੂਬੀ ਨਿਭਾਏ ਤੇ ਮਲਕੀਤ ਸਵੈਚ ਤੇ ਜੱਗਾ ਬਾਸੀ ਨੇ ਵੀ ਪਹਿਲੀ ਵਾਰੀ ਸਟੇਜ ਕਰਕੇ ਪਰ ਪੁਰਾਣੇ ਕਲਾਕਾਰਾਂ ਦਾ ਮੁਹਾਂਦਰਾ ਪੇਸ਼ ਕੀਤਾ। ਸਭ ਤੋਂ ਵੱਧ ਕੋਸ਼ਿਸ਼ ਸੰਤੋਖ ਸਿੰਘ ਢੇਸੀ ਜਿਹਨਾਂ ਨੇ ਜਿੱਥੇ ਤਿੰਨੇ ਨਾਟਕਾਂ ਵਿੱਚ ਆਪਣੀ ਕਲਾਕਾਰੀ ਪੇਸ਼ ਕੀਤੀ ਉੱਥੇ ਹਰ ਕਿਸਮ ਦਾ ਸਮਾਨ ਜੋ ਨਾਟਕ ਵਿੱਚ ਚਾਹੀਦਾ ਸੀ ਤੇ ਬਾਕੀ ਸਭ ਤਰ੍ਹਾਂ ਦਾ ਪ੍ਰਬੰਧ ਇਕਬਾਲ ਪੁਰੇਵਾਲ ਦੀ ਮੱਦਦ ਨਾਲ ਕੀਤਾ। ਮਿਊਜ਼ਿਕ ਤੇ ਜੇ.ਪੀ. ਢੇਸੀ ਤੇ ਕੰਵਲ ਕਿੰਗਰਾ ਅਤੇ ਲਾਈਟਿੰਗ ਤੇ ਪ੍ਰੋ. ਜਸਕਰਨ ਸਿੰਘ ਨੇ ਆਪਣੀ ਜੁੰਮੇਵਾਰੀ ਨਿਭਾਈ।
ਇਸਤੋਂ ਇਲਾਵਾ ਰੁਪਿੰਦਰਜੀਤ ਸ਼ਰਮਾ, ਦਵਿੰਦਰ ਸਿੰਘ ਕੰਗ, ਮਨਜੀਤ ਲਿੱਧੜ, ਸਾਧੂ ਸਿੰਘ ਗਿੱਲ ਆਦਿ ਨੇ ਵੱਖਰੇ ਵੱਖਰੇ ਨਾਟਕਾਂ ਦੇ ਸਮਾਨ ਚੱਕਣ ਰੱਖਣ ਵਿੱਚ ਮੱਦਦ ਕੀਤੀ। ਜਿੱਥੇ ਇਹ ਪ੍ਰੋਗਰਾਮ ਨਾਟਕਾਂ ਦਾ ਸੀ ਉੱਥੇ ਇੰਦਰਜੀਤ ਸਿੰਘ ਔਲਖ (ਜਿੱਕੀ) ਦੇ ਉਪਰਾਲੇ ਸਦਕਾ ਇੱਕ ਦਿਲਚਸਪ ਗੱਲ ਇਹ ਹੋਈ ਕਿ ਤਿੰਨੇ ਨਾਟਕਾਂ ਦੇ ਦਰਮਿਆਨ ਇੱਕ ਬਹੁਤ ਹੀ ਮਸ਼ਹੂਰ ਗਾਇਕ ਜੋੜੀ "ਲੱਖਾ ਤੇ ਨਾਜ਼" ਜਿਹਨਾਂ ਨੇ ਦੇਸ਼ ਭਗਤੀ, ਕ੍ਰਾਤੀਕਾਰੀ ਤੇ ਸਭਿਆਚਾਰਕ ਗੀਤਾਂ ਤੇ ਉਪੇਰਿਆਂ ਨਾਲ ਸਟੇਜ਼ ਦਾ ਰੰਗ ਬੰਨ੍ਹੀ ਰੱਖਿਆ। ਇਸਤੋਂ ਵੀ ਜ਼ਿਆਦਾ ਦਿਲਚਸਪ ਗੱਲਾਂ ਨਾਲ ਗੁਰਪ੍ਰੀਤ ਗਿੱਲ (ਭਦੌੜ) ਨੇ ਆਪਣੀ ਸਿਰਤੋੜ ਜ਼ੁੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਨੂੰ ਤਿੰਨ ਘੰਟੇ ਦੇ ਪ੍ਰੋਗਰਾਮ ਵਿੱਚ ਨਾ ਹਿੱਲਣ ਲਈ ਮਜ਼ਬੂਰ ਕਰੀ ਰੱਖਿਆ। ਸਮੁੱਚੇ ਪ੍ਰੋਗਰਾਮ ਨੇ ਲੋਕਾਂ ਨੂੰ ਰੁਆਇਆ ਵੀ, ਹਸਾਇਆ ਵੀ ਤੇ ਸੋਚਣ ਵੀ ਲਾ ਦਿੱਤਾ। ਹਾਜ਼ਰ ਹੋਏ ਲੋਕਾਂ ਨੇ ਪ੍ਰੋਗਰੈਸਿਵ ਆਰਟ ਕਲੱਬ ਦੀ ਟੀਮ ਤੋਂ ਮੰਗ ਕੀਤੀ ਕਿ ਉਹ ਲਗਾਤਾਰ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਤਾਂ ਕਿ ਲੋਕਾਂ ਵਿੱਚ ਵਧੀਆ ਕਲਚਰ ਦਾ ਬੀਜ ਬੀਜਿਆ ਜਾਵੇ।
ਇਕਬਾਲ ਪੁਰੇਵਾਲ