ਲੁਧਿਆਣਾ -- 'ਪੰਜਾਬ ਦੀ ਸਮੁੱਚੀ ਕਮਿਊਨਿਸਟ ਲਹਿਰ ਵਿਚ ਕੰਮ ਕਰ ਚੁੱਕੇ ਆਗੂ ਇਸ ਦੇ ਭਵਿੱਖ ਪ੍ਰਤੀ ਗਹਿਰੀ ਚਿੰਤਾ ਰੱਖਦੇ ਹਨ। ਇਸੇ ਚਿੰਤਾ ਵਿਚੋਂ ਸਰੂਪ ਸਿੰਘ ਸਹਾਰਨ ਮਾਜਰਾ ਦੀ ਪੁਸਤਕ 'ਦੋ ਪੈਰ ਘੱਟ ਤੁਰਨਾ' ਨੇ ਆਪਣਾ ਰੂਪ ਧਾਰਿਆ। ਇਹ ਚਿੰਤਾ ਇਨ੍ਹਾਂ ਦੀ ਮਨੁੱਖਤਾ ਪ੍ਰਤੀ ਨਿਰਛਲ ਸੰਵੇਦਨਾ ਦੀ ਮਿਸਾਲ ਹੈ' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਸਰੂਪ ਸਿੰਘ ਸਹਾਰਨ ਮਾਜਰਾ ਦੀ ਵਾਰਤਿਕ ਪੁਸਤਕ 'ਦੋ ਪੈਰ ਘੱਟ ਤੁਰਨਾ" ਦਾ ਲੋਕ ਅਰਪਣ ਕਰਦਿਆਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਡਾ ਸਵਰਾਜ ਸਿੰਘ, ਪਰਮਿੰਦਰ ਸਿੰਘ ਟਿਵਾਣਾ (ਰੇਡੀਓ ਚੰਨ ਪ੍ਰਦੇਸੀ) ਅਤੇ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਸ਼ਾਮਿਲ ਸਨ।
ਡਾ.ਸਵਰਾਜ ਸਿੰਘ ਜੋ ਕਿ ਪੰਜਾਬੀ ਵਿਸ਼ਵ ਦ੍ਰਿਸ਼ਟੀ ਦੇ ਨੁਕਤਾਨਿਗਾ ਤੋਂ ਅੰਤਰਰਾਸ਼ਟਰੀ ਮਸਲਿਆਂ ਬਾਰੇ ਬੜਾ ਗੰਭੀਰ ਚਿੰਤਨ ਕਰਦੇ ਹਨ ਨੇ ਪੁਸਤਕ ਦੇ ਹਵਾਲੇ ਨਾਲ ਆਖਿਆ ਕਿ ਪੰਜਾਬ ਦੇ ਕਮਿਊਨਿਸਟ ਬਹੁਤਾ ਕਰਕੇ ਸੰਵੇਦਨਾ ਅਤੇ ਇਨਸਾਨੀਅਤ ਦੀ ਥਾਂ ਤੇ ਆਰਥਿਕਤਾਵਾਦ ਵੱਲ ਝੁਕ ਗਏ, ਪਰ ਪੁਸਤਕ ਦੋ ਪੈਰ ਘੱਟ ਤੁਰਨਾ ਆਪਣੇ ਬਿਰਤਾਂਤ ਵਿਚ ਸੰਵੇਦਨਾ ਨੂੰ ਸੁਹਿਰਦਤਾ ਨਾਲ ਨਿਭਾਉਂਦੀ ਹੈ।
ਡਾ. ਸਰਬਜੀਤ ਸਿੰਘ ਨੇ ਪੁਸਤਕ ਬਾਰੇ ਬੋਲਦਿਆਂ ਆਖਿਆ ਕਿ ਪੁਸਤਕ ਸਾਹਿਤਕ ਅਤੇ ਕਲਾਤਮਿਕ ਪੱਖ ਤੋਂ ਥੋੜੀ ਢਿੱਲੀ ਹੋਣ ਦੇ ਬਾਵਜੂਦ ਚੱਲੀਆਂ ਲਹਿਰਾਂ ਨੂੰ ਰਿਕਾਰਡ ਕਰਕੇ ਦਸਤਾਵੇਜ਼ ਬਣਾਉਂਦੀ ਹੈ। ਪੰਜਾਬ ਵਿਚ ਪਹਿਲਾਂ ਪ੍ਰਾਪਤ ਇਸ ਕਿਸਮ ਦਾ ਸਾਹਿਤ ਨਾਮਾਤਰ ਹੈ।
ਪਰਮਿੰਦਰ ਸਿੰਘ ਟਿਵਾਣਾ ਨੇ ਰੇਡੀਓ ਚੰਨ ਪ੍ਰਦੇਸੀ ਯੂਐਸਏ ਨਾਲ ਲੇਖਕ ਦੇ ਸ੍ਰੋਤ ਸਬੰਧਾ ਤੋਂ ਲੈ ਕੇ ਰੇਡੀਓ ਸਭਿਆਚਾਰ ਅਤੇ ਇਹ ਪੁਸਤਕ ਛਪਣ ਤੱਕ ਦੀ ਕਹਾਣੀ ਅਤੇ ਇਸ ਵਿਚਲੇ ਆਮ ਲੋਕਾਂ ਨਾਲ ਸਬੰਧਤ ਮਸਲਿਆਂ ਨੂੰ ਆਪਣੇ ਖੂਬਸੂਰਤ ਸ਼ਬਦਾਂ ਵਿਚ ਸਾਂਝਾ ਕੀਤਾ।
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਖਿਆ ਕਿ ਇਹ ਪੁਸਤਕ ਆਪਣੇ ਉਨ੍ਹਾਂ ਅਨੁਭਵਾਂ ਦੀ ਬਾਤ ਪਾਉਂਦੀ ਹੈ ਜਿਹੜੇ ਨਿੱਜ ਨਾਲੋਂ ਸਮਾਜ ਨਾਲ ਵਧੇਰੇ ਸਬੰਧਤ ਹਨ। ਸੁਹਿਰਦਤਾ ਨਾਲ ਲੋਕ-ਮਨ ਦੀ ਕੀਤੀ ਗੱਲ ਪਾਠਕਾਂ ਤੱਕ ਵਧੇਰੇ ਅਸਾਨੀ ਨਾਲ ਪਹੁੰਚ ਕੇ ਢੁਕਵੇਂ ਪ੍ਰਤੀਕਰਮ ਪੈਦਾ ਕਰਦੀ ਹੈ।

ਸਮਾਗਮ ਦੇ ਆਰੰਭ ਵਿਚ ਸਰੂਪ ਸਿੰਘ ਸਹਾਰਨ ਮਾਜਰਾ ਨੇ ਸਮੁੱਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੁਸਤਕ ਉੱਤੇ ਚਰਚਾ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ।
ਸਾਥੀ ਕਸ਼ਮੀਰ ਸਿੰਘ ਸਿਰਸਾ ਨੇ ਵਿਚਾਰ ਪ੍ਰਗਟ ਕਰਦਿਆਂ ਪੁਸਤਕ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਖਿਆ ਕਿ ਪੁਸਤਕ ਦਾ ਮਹੱਤਵ ਕਹਾਣੀ ਵਰਗੀ ਕਿਸੇ ਕਾਲਤਮਿਕ ਵਿਧਾ ਕਰਕੇ ਘੱਟ ਸਗੋਂ ਇਸ ਕਰਕੇ ਵਧੇਰੇ ਹੈ ਕਿ ਇਸ ਵਿਚ ਇਤਿਹਾਸਕ ਤੱਥਾਂ, ਦਸਤਾਵੇਜ਼ਾ ਬਾਰੇ ਰੋਚਕ ਟਿੱਪਣੀਆਂ ਸਮੇਤ ਲੋਕਾਂ ਵੱਲੋਂ ਲੜੇ ਗਏ ਸੰਘਰਸ਼ਾ ਦੇ ਮਾਰਮਿਕ ਵਿਵਰਣ ਸ਼ਾਮਿਲ ਹਨ।
ਪੁਸਤਕ ਤੇ ਹੋਈ ਚਰਚਾ ਵਿਚ ਭਾਗ ਲੈਣ ਸਮੇਂ ਸਾਥੀ ਪੂਰਨ ਸਿੰਘ ਨਾਰੰਗਵਾਲ ਨੇ ਆਖਿਆ ਕਿ ਅੰਤਰ ਪਾਰਟੀ ਘੋਲ ਆਤਮ-ਅਨੁਸ਼ਾਸਨ ਦੀ ਮੰਗ ਕਰਦਾ ਹੈ।
ਖੇਤ ਮਜ਼ਦੂਰ ਸਭਾ ਦੇ ਕੇਂਦਰੀ ਆਗੂ ਸਾਥੀ ਗੁਲਜ਼ਾਰ ਗੌਰੀਆ ਨੇ ਕਿਹਾ ਕਿ ਜੇਕਰ ਖੱਬੇ ਪੱਖੀ ਲਹਿਰ ਮਜ਼ਬੂਤ ਹੁੰਦੀ ਤਾਂ ਦੇਸ਼ ਦੀ ਹਾਲਤ ਸ਼ਹੀਦਾਂ ਦੇ ਸੁਪਨਿਆਂ ਵਰਗੀ ਹੋਣੀ ਸੀ ਤੇ ਲੇਖਕ ਨੂੰ ਵੀ ਤਲਖ ਹੋ ਕੇ ਲਿਖਣ ਦੀ ਲੋੜ ਨਹੀਂ ਸੀ ਪੈਣੀ। ਜਸਵੰਤ ਸਿੰਘ ਜ਼ੀਰਖ ਨੇ ਲੇਖਕ ਦੀ ਸੰਘਰਸ਼ਮਈ ਜ਼ਿੰਦਗੀ ਅਤੇ ਪੁਸਤਕ ਵਿਚ ਜ਼ੁਰੱਅਤ ਨਾਲ ਕੀਤੇ ਇੰਕਸਾਫਾਂ ਦੀ ਸ਼ਲਾਘਾ ਕੀਤੀ।
ਦਲਵੀਰ ਸਿੰਘ ਲੁਧਿਆਣਵੀ ਨੇ ਅੰਤ ਵਿਚ ਪ੍ਰਧਾਨਗੀ ਮੰਡਲ ਅਤੇ ਵੱਖਰੇ-ਵੱਖਰੇ ਖੇਤਰਾਂ ਚੋਂ ਆਏ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਰਾਜਨੀਤਕ ਆਗੂਆਂ ਦਾ ਧਨਵਾਦ ਕਰਦਿਆਂ ਸਬੰਧਤ ਪੁਸਤਕ ਨਿਵੇਕਲੀ ਹੋਣ ਦਾ ਅਹਿਸਾਸ ਕੀਤਾ।
ਸੈਮੀਨਾਰ ਹਾਲ ਸਾਹਿਤਕਾਰਾਂ, ਸਾਹਿਤ ਸ੍ਰੋਤਿਆਂ ਨਾਲ ਖਚਾਖਚ ਭਰਿਆ ਹੋਇਆ ਸੀ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਅਤੇ ਡਾ. ਗੁਰਚਰਨ ਕੌਰ ਕੋਚਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੁਬਾਈ ਆਗੂ ਤਰਲੋਚਨ ਝਾਂਡੇ, ਉਘੇ ਅਧਿਆਪਕ ਆਗੂ ਚਰਨ ਸਿੰਘ ਸਰਾਭਾ, ਇੰਜ: ਕਰਮਜੀਤ ਸਿੰਘ ਔਜਲਾ, ਦਵਿੰਦਰ ਸੇਖਾ, ਬਲਕੌਰ ਸਿੰਘ ਗਿੱਲ, ਮਲਕੀਤ ਸਿੰਘ ਔਲੱਖ, ਬਲਵਿੰਦਰ ਔਲਖ ਗਲੈਕਸੀ, ਅਤੇ ਸਹਾਰਨ ਮਾਜਰੇ ਤੋਂ ਸਾਥੀ ਗਰਜਾ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ, ਤਰਸੇਮ ਸਿੰਘ ਮੈਂਬਰ ਹਾਜ਼ਿਰ ਸਨ। ਇਸ ਮੌਕੇ 'ਤੇ ਕਵੀ ਦਰਬਾਰ ਵਿਚ ਕੁਲਵਿੰਦਰ ਕਿਰਨ, ਪਰਮਜੀਤ ਮਹਿਕ, ਦਲੀਪ ਅਵਧ, ਇੰਜ: ਸੁਰਜਨ ਸਿੰਘ, ਪੰਮੀ ਹਬੀਬ, ਸੁਖਚਰਨਜੀਤ ਗਿੱਲ, ਗੁਰਦੀਸ਼ ਗਰੇਵਾਲ, ਰਘਬੀਰ ਸੰਧੂ, ਜਸਵੀਰ ਝੱਜ, ਭਗਵਾਨ ਢਿੱਲੋ, ਅਮਰਜੀਤ ਸ਼ੇਰਪੁਰੀ, ਭੁਪਿੰਦਰ ਸਿੰਘ ਚੌਕੀਮਾਨ, ਸੁਖਵਿੰਦਰ ਅਨਹਦ, ਡਾ ਪਰੀਤਮ ਸਿੰਘ, ਹਾਜ਼ਰੀ ਲਗਾ ਕੇ ਸ਼ਾਮ ਨੂੰ ਸੁਰਮਈ ਸ਼ਾਮ ਵਿਚ ਬਦਲ ਦਿੱਤਾ।
ਦਲਵੀਰ ਸਿੰਘ ਲੁਧਿਆਣਵੀ