ਘਰ-ਘਰ ਫ਼ੈਲੀ ਜ਼ਹਿਰ ਵੇ ਬਾਬਾ
ਰਹਿੰਦ-ਖੂੰਹਦ ਨੂੰ ਅੱਗ ਜਦ ਲਾਵੇਂ, ਪ੍ਰਦੂਸ਼ਣ ਨੂੰ ਤੂੰ ਹੋਰ ਵਧਾਵੇਂ ਦੁਰਘਟਨਾਵਾਂ ਖਰੀਦ ਲਿਆਵੇਂ, ਚੜ੍ਹੇ ਅਸਮਾਨੀ ਗਹਿਰ ਵੇ ਬਾਬਾ
ਨਾ ਕਰ ਐਨਾ ਕਹਿਰ ਵੇ ਬਾਬਾ, ਘਰ-ਘਰ ਫ਼ੈਲੀ ਜ਼ਹਿਰ ਵੇ ਬਾਬਾ
ਧੂੰਆਂ ਅੰਬਰੀਂ ਚੜ੍ਹ ਜਾਂਦਾ ਏ।ਅੱਖ, ਨੱਕ, ਮੂੰਹ ਭਰ ਜਾਂਦਾ ਏ
ਰੋਗ ਨਵੇਂ ਖੜ੍ਹੇ ਕਰ ਜਾਂਦਾ ਏ, ਨਾ ਪਾ ਕੁਦਰਤ ਨਾਲ ਵੈਰ ਵੇ ਬਾਬਾ
ਨਾ ਕਰ ਐਨਾ ਕਹਿਰ ਵੇ ਬਾਬਾ, ਘਰ-ਘਰ ਫ਼ੈਲੀ ਜ਼ਹਿਰ ਵੇ ਬਾਬਾ
ਪੰਛੀ, ਬ੍ਰਿਖ ਭੇਂਟ ਚੜ੍ਹ ਜਾਂਦੇ ਨੇ, ਧਰਤੀ ਤੱਤ ਸਭ ਸੜ ਜਾਂਦੇ ਨੇ
ਮਿੱਤਰ ਕੀੜੇ ਵੀ ਮਰ ਜਾਂਦੇ ਨੇ, ਬੰਦ ਹੋਜੇ ਜਾਣਾ ਸੈਰ ਵੇ ਬਾਬਾ
ਨਾ ਕਰ ਐਨਾ ਕਹਿਰ ਵੇ ਬਾਬਾ, ਘਰ-ਘਰ ਫ਼ੈਲੀ ਜ਼ਹਿਰ ਵੇ ਬਾਬਾ
ਦੁਨੀਆ ਦਾ ਅੰਨਦਾਤਾ ਅਖਵਾਵੇਂ, ਗਲਤੀ ਹਾੜ੍ਹੀ-ਸਾਉਣੀ ਦੁਹਰਾਵੇਂ
ਨਾ ਮਾਹਿਰਾਂ ਦੀ ਗੱਲ ਕੰਨੀਂ ਪਾਵੇਂ, ਮਾਰੇਂ ਆਪ ਕੁਹਾੜਾ ਪੈਰ ਵੇ ਬਾਬਾ
ਨਾ ਕਰ ਐਨਾ ਕਹਿਰ ਵੇ ਬਾਬਾ, ਘਰ-ਘਰ ਫ਼ੈਲੀ ਜ਼ਹਿਰ ਵੇ ਬਾਬਾ
ਫਸਲੀਂ ਵਿਭਿੰਨਤਾ ਅਪਣਾ ਲੈ।ਰੋਟਾਵੇਟਰ, ਹੈਪੀਸੀਡਰ ਚਲਾ ਲੈ
ਦੇ ਚਾਨਣ ਛਿੱਟਾ ਚਾਰ-ਚੁਫੇਰੇ, ਨਵੀਂ ਖੜ੍ਹੀ ਕਰ ਲਹਿਰ ਵੇ ਬਾਬਾ
ਨਾ ਕਰ ਐਨਾ ਕਹਿਰ ਵੇ ਬਾਬਾ, ਘਰ-ਘਰ ਫ਼ੈਲੀ ਜ਼ਹਿਰ ਵੇ ਬਾਬਾ
ਹਰੀ ਕ੍ਰਾਂਤੀ ਰਹੇਂ ਲਿਆਉਂਦਾ, ਗੀਤ ਖੁਸ਼ੀ ਦੇ ਰਹੇਂ ਤੂੰ ਗਾਉਂਦਾ
ਨਾਲ ਚੈਨ ਦੇ ਰਹਂੇ ਤੂੰ ਸੌਂਦਾ, ਖੁਸ਼ੀਆਂ ਦੀ ਪਾਵੇਂ ਖੈਰ ਵੇ ਬਾਬਾ
ਨਾ ਕਰ ਐਨਾ ਕਹਿਰ ਵੇ ਬਾਬਾ, ਘਰ-ਘਰ ਫ਼ੈਲੀ ਜ਼ਹਿਰ ਵੇ ਬਾਬਾ
'ਲੰਗੇਆਣਾ ਸਾਧੂ' ਅਰਜ਼ ਗੁਜ਼ਾਰੇ, ਸੁਖੀ ਵੱਸਣ ਤੇਰੇ ਮਹਿਲ ਮੁਨਾਰੇ
ਸਤਿਗੁਰ ਤੇਰੇ ਕਾਜ਼ ਸੰਵਾਰੇ, ਨਦੀਆਂ ਜਾਵੇਂ ਤੈਰ ਵੇ ਬਾਬਾ
ਨਾ ਕਰ ਐਨਾ ਕਹਿਰ ਵੇ ਬਾਬਾ, ਘਰ-ਘਰ ਫ਼ੈਲੀ ਜ਼ਹਿਰ ਵੇ ਬਾਬਾ