ਦਿਓ-ਕੱਦ ਅੜਿੱਕਾ
ਸਿਹਤ ਵਿਭਾਗ ਵਿਚ ਬਲਾਕ ਐਕਸਟੈਂਨਸ਼ਨ ਐਜੂਕੇਟਰ ਦੇ ਨਿਯੁਕਤੀ ਪੱਤਰ ਮਿਲਣ ਪਿੱਛੋਂ ਪਹਿਲਾ ਕੰਮ ਸੀ ਮੈਡੀਕਲ ਫਿੱਟਨੈਸ ਸਰਟੀਫਿਕੇਟ ਲੈਣਾ। ਨਿਯੁਕਤੀ ਮੇਰੀ ਪਟਿਆਲੇ ਜ਼ਿਲ੍ਹੇ ਦੇ ਪ੍ਰਾਇਮਰੀ ਹੈਲਥ ਸੈਂਟਰ ਸ਼ਤਰਾਣੇ ਦੀ ਹੋਈ ਸੀ ਪਰ ਮੈਡੀਕਲ ਕਰਵਾਉਣਾ ਸੀ ਸੀ.ਐਮ.ਓ. ਅਰਥਾਤ ਚੀਫ ਮੈਡੀਕਲ ਅਫਸਰ ਸਿਵਲ ਸਰਜਨ ਸੰਗਰੂਰ ਤੋਂ। ਸਿਵਲ ਸਰਜਨ ਸੀ ਡਾ.ਐਚ.ਐਸ.ਢਿੱਲੋਂ। ਸੁਣਿਆ ਸੀ ਕਿ ਡਾ.ਢਿੱਲੋਂ ਕਿਸੇ ਸਮੇਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਨਿੱਜੀ ਡਾਕਟਰ ਹੁੰਦਾ ਸੀ। ਇਸ ਲਈ ਅਜਿਹੇ ਅਫਸਰ ਕੋਲ ਪਹੁੰਚ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਮੇਰੇ ਭਰਾ ਨੂੰ ਵੀ ਪਤਾ ਸੀ ਤੇ ਮੈਨੂੰ ਵੀ ਕਿ ਮੈਡੀਕਲ ਕਰਵਾਉਣ ਵਿਚ ਅੜਿੱਕਾ ਲੱਗ ਸਕਦਾ ਹੈ; ਅੜਿੱਕਾ ਵੀ ਇਕੋ ਹੀ, ਅੱਖਾਂ ਦਾ। ਗੱਲ ਹੋਈ ਵੀ ਉਵੇਂ ਹੀ। ਭਾਵੇਂ ਮੇਰੇ ਭਰਾ ਨੇ ਤਪੇ ਦੇ ਪੀ.ਐਚ.ਸੀ. ਅਰਥਾਤ ਪ੍ਰਾਇਮਰੀ ਹੈਲਥ ਸੈਂਟਰ ਤਪਾ ਮੰਡੀ ਦੇ ਮੈਡੀਕਲ ਅਫਸਰ ਡਾ.ਨਰੇਸ਼ ਨੂੰ ਮੇਰੇ ਨਾਲ ਭੇਜ ਦਿੱਤਾ ਸੀ ਤੇ ਉਹ ਸਿਵਲ ਸਰਜਨ ਨੂੰ ਮੇਰੇ ਸਬੰਧੀ ਕਹਿ ਵੀ ਆਇਆ ਸੀ, ਪਰ ਅੜਿੱਕਾ ਆੀਂਰ ਲੱਗ ਹੀ ਗਿਆ। ਸਿਵਲ ਹਸਪਤਾਲ ਸੰਗਰੂਰ ਵਿਚੋਂ ਲਬਾਰਟਰੀ ਦੇ ਸਾਰੇ ਟੈਸਟਾਂ ਦੀ ਰਿਪੋਰਟ ਠੀਕ ਮਿਲੀ। ਸਕਰੀਨਿੰਗ ਵਾਲੇ ਨੇ ਵੀ ਇਕ ਫੇਫੜੇ ਸਬੰਧੀ ਇਕ ਛੋਟੀ ਜਿਹੀ ਢੁੱਚਰ ਲਾਉਣ ਪਿੱਛੋਂ ਆੀਂਰ ਰਿਪੋਰਟ ਠੀਕ ਦੇ ਦਿੱਤੀ ਸੀ। ਹੁਣ ਰਹਿ ਗਿਆ ਸੀ ਅੱਖਾਂ ਦਾ ਟੈਸਟ ਜੋ ਸਿਵਲ ਸਰਜਨ ਦੇ ਦਫਤਰ ਵਿਚ ਹੋਣਾ ਸੀ। ਬਰਾਂਡੇ ਵਿਚ ਇਕ ਚਾਰਟ ਲੱਗਾ ਹੋਇਆ ਸੀ ਜਿਸ ਨੂੰ ਵੀਹ ਫੁੱਟ ਦੀ ਦੂਰੀ ਤੋਂ ਪੜ੍ਹਨਾ ਸੀ। ਅੱਖਾਂ ਦੇ ਟੈਸਟ ਲਈ ਇਹੋ ਅਸੂਲ ਹੁਣ ਵੀ ਹੈ। ਮੈਂ ਐਨਕ ਸਮੇਤ ਸੱਜੀ ਅੱਖ ਨਾਲ ਆੀਂਰੀ ਲਾਇਨ ਨੂੰ ਛੱਡ ਕੇ ਸਾਰੀਆਂ ਲਾਇਨਾਂ ਪੜ੍ਹ ਦਿੱਤੀਆਂ ਸਨ। ਖੱਬੀ ਅੱਖ ਨਾਲ ਐਨਕ ਸਮੇਤ ਵੀ ਆਖਰੀ ਦੋ ਲਾਇਨਾਂ ਬਿਲਕੁਲ ਨਹੀਂ ਸਨ ਪੜ੍ਹੀਆਂ ਗਈਆਂ ਤੇ ਉਹਨਾਂ ਤੋਂ ਉਪਰਲੀ ਇਕ ਲਾਇਨ ਕੁਝ ਧੁੰਦਲੀ ਨਜ਼ਰ ਆਉਂਦੀ ਸੀ। ਤੀਜਾ ਦਰਜਾ ਮੁਲਾਜ਼ਮਾਂ ਲਈ ਅੱਖਾਂ ਦੀ ਏਨੀ ਰੌਸ਼ਨੀ ਮੈਡੀਕਲ ਫਿੱਟਨੈਸ ਲਈ ਕਾਫੀ ਸਮਝੀ ਜਾਂਦੀ ਹੈ, ਉਦੋਂ ਵੀ ਤੇ ਹੁਣ ਵੀ। ਬਰਾਂਡੇ ਵਿਚ ਚਾਰਟ ਲੱਗਿਆ ਹੋਣ ਕਾਰਨ ਮੈਨੂੰ ਚਾਰਟ ਪੜ੍ਹਨ ਵਿਚ ਕੋਈ ਮੁਸ਼ਕਲ ਨਾ ਆਈ। ਸਵੇਰ ਦਾ ਵੇਲਾ ਸੀ, ਰੌਸ਼ਨੀ ਪੂਰੀ ਸੀ। ਜੇ ਕਮਰੇ ਵਿਚ ਚਾਰਟ ਲੱਗਾ ਹੁੰਦਾ ਤਾਂ ਸ਼ਾਇਦ ਕੋਈ ਮੁਸ਼ਕਲ ਆਉਂਦੀ। ਡਾਕਟਰ ਸਾਹਿਬ ਨੇ ਮੈਡੀਕਲ ਫਿੱਟਨੈਸ ਸਰਟੀਫਿਕੇਟ ਭਰਨ ਦਾ ਬਾਬੂ ਨੂੰ ਹੁਕਮ ਦੇ ਦਿੱਤਾ, ਪਰ ਬਾਬੂ ਨੇ ਕਿਹਾ, **ਸਾਬ੍ਹ, ਇਹ ਚਾਰਟ ਤਾਂ ਪੜ੍ਹਾ ਕੇ ਵੇਖ ਲਈਏ।'' ਇਹ ਨੇੜੇ ਦੀ ਨਜ਼ਰ ਟੈਸਟ ਕਰਨ ਲਈ ਚਾਰਟ ਸੀ। ਚਾਰਟ ਅੰਗਰੇਜ਼ੀ ਵਿਚ ਸੀ। ਅੰਗਰੇਜ਼ੀ ਪੜ੍ਹਨ ਵਿਚ ਮੈਨੂੰ ਕੋਈ ਮੁਸ਼ਕਲ ਨਹੀਂ ਸੀ ਪਰ ਇਕ ਅੱਖ ਤੋਂ ਹੇਠਲੀਆਂ ਤਿੰਨ ਲਾਇਨਾਂ ਤੇ ਦੂਜੀ ਤੋਂ ਦੋ ਲਾਇਨਾਂ ਨਾ ਪੜ੍ਹੀਆਂ ਗਈਆਂ। ਇਹ ਕੰਮ ਡਾਕਟਰ ਸਾਹਿਬ ਦੀ ਥਾਂ ਬਾਬੂ ਨੇ ਕੀਤਾ ਸੀ। ਬਾਬੂ ਨੇ ਜਿਹੜਾ ਨੋਟ ਦਿੱਤਾ, ਉਸ ਨੇ ਮੈਨੂੰ ਪੂਰੀ ਤਰ੍ਹਾਂ ਚੱਕਰ ਵਿਚ ਪਾ ਦਿੱਤਾ। ਪਰ ਡਾਕਟਰ ਸਾਹਿਬ ਨੇ ਮੈਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਮੈਂ ਦੁਬਾਰੇ ਟੈਸਟ ਕਰਵਾ ਕੇ ਨਵੀਂ ਐਨਕ ਲਗਵਾਵਾਂ।
ਮੈਂ ਬਹੁਤ ਉਦਾਸ ਸੀ। ਘਰ ਆ ਕੇ ਜਦੋਂ ਦੱਸਿਆ ਤਾਂ ਭਰਾ ਹੋਰ ਵੀ ਉਦਾਸ ਹੋ ਗਿਆ। ਡਾਕਟਰ ਨਰੇਸ਼ ਨਾਲ ਸਲਾਹ ਮਸ਼ਵਰਾ ਕੀਤਾ। ਆਖਰ ਇਕ ਅੱਖਾਂ ਦੇ ਡਾਕਟਰ ਦੀ ਸਲਾਹ ਪਿੱਛੋਂ ਨੇੜੇ ਦੀ ਨਿਗਾਹ ਟੈਸਟ ਕਰਵਾਈ ਗਈ ਅਤੇ ਦੂਰ ਦੀ ਵੀ। ਜਿਸ ਤਰ੍ਹਾਂ ਦੇ ਸ਼ੀਸ਼ੇ ਉਸ ਨੇ ਦੱਸੇ ਨਾ ਬਠਿੰਡੇ ਤੋਂ ਮਿਲਦੇ ਸਨ ਤੇ ਨਾ ਪਟਿਆਲੇ ਤੋਂ। ਡਾਕਟਰ ਨੇ ਕਿਹਾ ਕਿ ਇਹ ਐਨਕ ਦਿੱਲੀ ਤੋਂ ਬਣੇਗੀ। ਮੈਂ ਤੇ ਮੇਰਾ ਭਰਾ ਰਾਤ ਦੀ ਗੱਡੀ ਦਿੱਲੀ ਲਈ ਚੜ੍ਹ ਗਏ। ਐਨਕ ਤਾਂ ਬਣ ਗਈ ਪਰ ਉਸ ਨਾਲ ਨੇੜੇ ਦੀ ਨਜ਼ਰ ਦੀ ਸਮੱਸਿਆ ਹੱਲ ਨਾ ਹੋਈ।
ਮੈਂ ਦਿੱਲੀ ਜਾਂਦੇ ਵੀ ਤੇ ਆਉਂਦੇ ਵੀ ਇਹੋ ਸੋਚਦਾ ਰਿਹਾ ਕਿ ਇਸ ਤਰ੍ਹਾਂ ਜ਼ਿੰਦਗੀ ਕਿਵੇਂ ਲੰਘੇਗੀ। ਦੂਰ ਦੀ ਨਜ਼ਰ ਦਾ ਤਾਂ ਬਹੁਤਾ ਫਿਕਰ ਨਹੀਂ ਸੀ, ਨੇੜੇ ਦੀ ਨਜ਼ਰ ਦੀ ਬੜੀ ਚਿੰਤਾ ਸੀ। ਅੰਧਰਾਤੇ ਕਾਰਨ ਰਾਤ ਵੇਲੇ ਦੀ ਔਖ ਵੀ ਵੱਢ ਵੱਢ ਖਾ ਰਹੀ ਸੀ। ਆੀਂਰ ਉਸੇ ਡਾ. ਨਰੇਸ਼ ਨੂੰ ਨਾਲ ਲੈ ਕੇ ਅਸੀਂ ਮੁੜ ਸੰਗਰੂਰ ਸਿਵਲ ਸਰਜਨ ਦੇ ਦਫਤਰ ਪਹੁੰਚ ਗਏ। ਭਰਾ ਦੇ ਇਕ ਸਫਲ ਤੇ ਆਦਰਸ਼ ਮੁੱਖ ਅਧਿਆਪਕ ਹੋਣ ਦੀ ਧੁੰਮ ਸਾਰੇ ਜ਼ਿਲ੍ਹਾ ਸੰਗਰੂਰ ਵਿਚ ਸੀ। ਡਾ.ਢਿੱਲੋਂ ਨੇ ਵੀ ਮੇਰੇ ਭਰਾ ਦਾ ਨਾਂ ਸੁਣ ਰੱਖਿਆ ਸੀ। ਡਾ.ਨਰੇਸ਼ ਨੇ ਦੱਸਿਆ ਕਿ ਨਵੀਂ ਐਨਕ ਤਾਂ ਲਗਵਾਈ ਹੈ ਪਰ ਅਜੇ ਇਸ ਉਤੇ ਨੇੜੇ ਦੀ ਨਜ਼ਰ ਟਿਕੀ ਨਹੀਂ।
ਡਾਕਟਰ ਸਾਹਿਬ ਨੇ ਮੇਰੀਆਂ ਦੋਵੇਂ ਐਨਕਾਂ ਵੇਖੀਆਂ। ਬਿਨਾਂ ਦੁਬਾਰੇ ਨੇੜੇ ਦੀ ਨਜ਼ਰ ਚੈ=ੱਕ ਕਰਨ ਦੇ, ਉਸ ਨੇ ਮੇਰੀ ਫਾਇਲ ਮੰਗਵਾਈ, *ਕੁਰੈਕਟਿਡ ਵਿਦ ਗਲਾਸਿਜ਼' ਲਿਖ ਕੇ ਉਸ ਨੇ ਬਾਊ ਨੂੰ ਮੈਡੀਕਲ ਫਿੱਟਨੈਸ ਸਰਟੀਫਿਕੇਟ ਤਿਆਰ ਕਰਨ ਦਾ ਹੁਕਮ ਦੇ ਦਿੱਤਾ। ਬਾਬੂ ਨੇ ਸੀ.ਐਮ.ਓ. ਸਾਹਿਬ ਦਾ ਹੁਕਮ ਤਾਂ ਪੜ੍ਹ ਲਿਆ, ਪਰ ਇਉਂ ਲਗਦਾ ਸੀ ਜਿਵੇਂ ਅੰਦਰੋਂ ਉਹ ਬਹੁਤ ਦੁਖੀ ਹੋਵੇ। ਮੈਨੂੰ ਇਸ਼ਾਰੇ ਨਾਲ ਆਪਣੇ ਕਮਰੇ ਵਿਚ ਬੁਲਾ ਲਿਆ। ਕਹਿਣ ਲੱਗਾ :
**ਜਾਹਫ ਜਾ ਕੇ ਨਵੀਆਂ ਐਨਕਾਂ ਲੈ ਕੇ ਆ।''
**ਦੋਵੇਂ ਐਨਕਾਂ ਤਾਂ ਸੀ.ਐਮ.ਓ. ਸਾਹਿਬ ਦੇ ਮੇਜ਼ 'ਤੇ ਪਈਆਂ ਹਨ। ਬਾਬੂ ਜੀਫ ਮੈਨੂੰ ਡਾਕਟਰ ਸਾਹਿਬ ਤੋਂ ਬਹੁਤ ਡਰ ਲਗਦਾ ਹੈ। ਤੁਸੀਂ ਲੈ ਆਓ ਤਾਂ ਬਹੁਤ ਚੰਗਾ ਹੈ।'' ਮੈਂ ਆਜਜ਼ੀ ਨਾਲ ਕਿਹਾ।
**ਫੇਰ ਸਰਟੀਫੇਕਟ ਅੱਜ ਤਾਂ ਨਹੀਂ ਮਿਲ ਸਕਣਾ।''
**ਫੇਰ ਕਦੋਂ ਮਿਲੂ ਜੀ?''
**ਬਈ ਮੈਂ ਕਹਿ ਨੀ ਸਕਦਾ।'' ਬਾਬੂ ਦੇ ਹਰ ਲਫਜ਼ ਵਿਚ ਤਲੀਂੀ ਸੀ।
ਮੈਨੂੰ ਲੱਗਿਆ ਜਿਵੇਂ ਬਾਬੂ ਦਾ ਚਲਾਇਆ ਪਹਿਲਾ ਤੀਰ ਤੁੱਕਾ ਸਾਬਤ ਹੋ ਜਾਣ ਨਾਲ ਉਸ ਅੰਦਰਲੀ ਰੜਕ ਉਸ ਨੂੰ ਮੇਰੇ ਪ੍ਰਤੀ ਬਦਜ਼ਨ ਕਰ ਰਹੀ ਸੀ। ਇਸ ਲਈ ਮੈਂ ਬਾਬੂ ਨਾਲ ਕਿਸੇ ਹੋਰ ਬਹਿਸ ਵਿਚ ਪੈਣ ਦੀ ਥਾਂ ਸੀ.ਐਮ.ਓ. ਸਾਹਿਬ ਦੇ ਦਫਤਰ ਵੱਲ ਤੁਰ ਪਿਆ।
**ਕਿਥੇ ਚੱਲਿਐਂ?''
**ਜੀ, ਐਨਕਾਂ ਲੈਣ।''
ਪਤਾ ਨਹੀਂ ਬਾਬੂ ਡਰ ਗਿਆ ਸੀ ਜਾਂ ਉਸ ਅੰਦਰ ਸਦਭਾਵਨਾ ਨੇ ਜਨਮ ਲੈ ਲਿਆ ਸੀ ਕਿ ਉਸ ਨੇ ਫਟਾਫਟ ਸਰਟੀਫਿਕੇਟ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਹੱਥ ਨਾਲ ਸਰਟੀਫਿਕੇਟ ਭਰੀ ਜਾਵੇ ਤੇ ਮੂੰਹ ਵਿਚ ਉਹ ਕੁੜ-ਕੁੜ ਕਰੀ ਜਾਵੇ।
ਉਸ ਸਮੇਂ ਤੱਕ ਮੈਂ ਕਦੇ ਕਿਸੇ ਬਾਬੂ ਜਾਂ ਅਫਸਰ ਨੂੰ ਨਾ ਰਿਸ਼ਵਤ ਦਿੱਤੀ ਸੀ ਤੇ ਨਾ ਹੀ ਕਿਸੇ ਅੱਗੇ ਰੀਂਸ਼ਰੀਂ ਕੀਤੀ ਸੀ। ਮੈਂ ਸਮਝ ਗਿਆ ਸੀ ਕਿ ਪਹਿਲਾਂ ਨੇੜੇ ਦੀ ਐਨਕ ਵਾਲਾ ਚਾਰਟ ਪੜ੍ਹਵਾ ਕੇ ਜਿਹੜੀ ਸਮੱਸਿਆ ਉਸ ਨੇ ਖੜ੍ਹੀ ਕੀਤੀ ਸੀ, ਉਸ ਦਾ ਮਕਸਦ ਸੌ ਦੋ ਸੌ ਰੁਪਏ ਝਾੜਨ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਕਿਉਂਕਿ ਉਹਨਾਂ ਦਿਨਾਂ ਵਿਚ ਦੋ ਸੌ ਰੁਪਿਆ ਵੀ ਇਕ ਵੱਡੀ ਰਕਮ ਸੀ। ਪਰ ਮੇਰੇ ਵੱਲੋਂ ਉਸ ਨਾਲ ਸੌਦਾ ਕਰਨ ਦੀ ਥਾਂ ਦਿੱਲੀ ਤੋਂ ਐਨਕਾਂ ਬਣਵਾਉਣ ਤੇ ਸੀ.ਐਮ.ਓ. ਸਾਹਿਬ ਦੀ ਮਿਹਰਬਾਨੀ ਕਾਰਨ ਉਸ ਦਾ ਬੁਣਿਆ ਸਾਰਾ ਜਾਲ ਫੀਤਾ ਫੀਤਾ ਹੋ ਗਿਆ ਸੀ। ਮੈਂ ਉਸ ਦੀ ਗੱਲ ਸਮਝਣ ਦੇ ਬਾਵਜੂਦ ਉਸ ਦੇ ਜਾਲ ਵਿਚ ਨਹੀਂ ਸੀ ਫਸ ਰਿਹਾ। ਜੇ ਉਹ ਮੇਰਾ ਸਰਟੀਫਿਕੇਟ ਭਰਨ ਦਾ ਕੰਮ ਨਾ ਕਰਦਾ ਤਾਂ ਸੰਭਵ ਹੈ ਕਿ ਮੈਂ ਬਾਬੂ ਨਾਲ ਹੋਈ ਗੁਫਤਗੂ ਸੀ.ਐਮ.ਓ. ਸਾਹਿਬ ਸਾਹਮਣੇ ਉਗਲ ਦਿੰਦਾ। ਇਸ ਦਾ ਸ਼ਾਇਦ ਮੈਨੂੰ ਨੁਕਸਾਨ ਵੀ ਹੋ ਸਕਦਾ ਸੀ। ਇਸ ਲਈ ਮੈਂ ਮਿੱਠਾ-ਪਿਆਰਾ ਹੋ ਕੇ ਹੀ ਇਹ ਕੰਮ ਕੱਢ ਲੈਣਾ ਚਾਹੁੰਦਾ ਸੀ। ਬਾਬੂ 'ਤੇ ਆਏ ਗੁੱਸੇ ਨੂੰ ਮੈਂ ਅੰਦਰੋ-ਅੰਦਰੀ ਪੀ ਲਿਆ ਸੀ। ਬਾਬੂ ਨੇ ਵੀ ਤਿਲਾਂ ਵਿਚ ਤੇਲ ਨਾ ਵੇਖ ਕੇ ਮੈਡੀਕਲ ਫਿੱਟਨੈ=ੱਸ ਸਰਟੀਫਿਕੇਟ ਦੀਆਂ ਤਿੰਨ ਪਰਤਾਂ ਸੀ.ਐਮ.ਓ. ਸਾਹਿਬ ਦੇ ਮੇਜ਼ 'ਤੇ ਜਾ ਰੱਖੀਆਂ।
ਮੇਰੇ ਲਈ ਸੀ.ਐਮ.ਓ. ਸਾਹਿਬ ਰੱਬ ਬਣ ਕੇ ਬਹੁੜੇ ਸਨ। ਜੇ ਅੜ ਜਾਂਦਾ ਤਾਂ ਮੈਂ ਕਿਤੋਂ ਜੋਗਾ ਨਹੀਂ ਸੀ ਰਹਿਣਾ। ਸਰਟੀਫਿਕੇਟ ਦੇਣ ਸਮੇਂ ਸੀ.ਐਮ.ਓ. ਸਾਹਿਬ ਨੇ ਡਾਕਟਰ ਨਾਲ ਵੀ ਹੱਥ ਮਿਲਾਇਆ ਤੇ ਮੇਰੇ ਭਰਾ ਨਾਲ ਵੀ। ਮੇਰਾ ਮਨ ਟਿਕਾ ਵਿਚ ਤਾਂ ਆ ਗਿਆ ਸੀ ਪਰ ੁਂਸ਼ ਬਿਲਕੁਲ ਨਹੀਂ ਸੀ। ਨਿਗਾਹ ਦੇ ਘੱਟ ਹੋਣ ਦੇ ਫਿਕਰ ਨੇ ਮੇਰੇ ਅੰਦਰ ਜਿਹੜਾ ਡਰ ਬਹਾ ਦਿੱਤਾ, ਉਸ ਕਾਰਨ ਮੈਂ ਜ਼ਿੰਦਗੀ ਵਿਚ ਕਈ ਪ੍ਰਾਪਤੀਆਂ ਤੋਂ ਖੁੰਝਦਾ ਰਿਹਾ ਹਾਂ।
੨੭ ਮਈ ੧੯੬੫ ਨੂੰ ਮੈਂ ਦੁਪਹਿਰ ਤੋਂ ਪਹਿਲਾਂ ਪ੍ਰਾਇਮਰੀ ਹੈਲਥ ਸੈਂਟਰ ਸ਼ਤਰਾਣਾ ਪਹੁੰਚ ਗਿਆ। ਉਥੋਂ ਦਾ ਐਮ.ਓ. (ਮੈਡੀਕਲ ਅਫਸਰ) ਡਾ.ਅਵਤਾਰ ਸਿੰਘ, ਡਾ.ਨਰੇਸ਼ ਦਾ ਜਮਾਤੀ ਸੀ ਅਤੇ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਅਵਤਾਰ ਵੀ ਕਵਿਤਾ ਲਿਖਣ ਦਾ ਸ਼ੌਕੀਨ ਹੈ। ਉਸ ਨੇ ਡਾ.ਅਵਤਾਰ ਸਿੰਘ ਦੇ ਨਾਂ ਮੈਨੂੰ ਚਿੱਠੀ ਵੀ ਦੇ ਦਿੱਤੀ ਸੀ। ਸੰਗਰੂਰ ਤੋਂ ਸ਼ਤਰਾਣੇ ਨੂੰ ਸਿੱਧੀ ਬਸ ਮਿਲ ਗਈ। ਮਨ ਵਿਚ ੁਂਸ਼ੀ ਵੀ ਸੀ, ਘਬਰਾਹਟ ਵੀ ਤੇ ਬਹੁਤ ਕੁਝ ਹੋਰ ਵੀ। ਇਸ ਦਾ ਇਕੋ ਇਕ ਕਾਰਨ ਸੀ ਨਜ਼ਰ ਦੀ ਕਮੀ, ਖਾਸ ਤੌਰ 'ਤੇ ਰਾਤ ਸਮੇਂ ਤੁਰਨ ਫਿਰਨ ਦੀ ਸਮੱਸਿਆ। ਮੈਨੂੰ ਪਤਾ ਸੀ ਕਿ ਮੇਰੀ ਨੌਕਰੀ ਦਫਤਰ ਵਿਚ ਬੈਠਣ ਵਾਲੀ ਨਹੀਂ, ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਸੰਪਰਕ ਕਰਨ ਵਾਲੀ ਹੈ। ਇਸ ਗੱਲ ਦਾ ਡਰ ਸੀ ਕਿ ਕਿਤੇ ਰਾਤ ਨੂੰ ਹੀ ਕਿਸੇ ਪਿੰਡ ਵਿਚ ਜਾਣ ਦੀ ਲੋੜ ਨਾ ਪਵੇ। ਪਰ ਪਹਿਲਾਂ ਤਾਂ ਡਿਊਟੀ 'ਤੇ ਹਾਜ਼ਰ ਹੋਣ ਦੀ ਗੱਲ ਸੀ।
ਪੀ.ਐਚ.ਸੀ. ਸ਼ਤਰਾਣਾ ਪਾਤੜਾਂ-ਨਰਵਾਣਾ-ਜੀਂਦ ਸੜਕ ਉਤੇ ਸਥਿਤ ਹੈ। ਪਿੰਡ ਸੜਕ ਦੇ ਖੱਬੇ ਹੱਥ ਅੰਦਰ ਦੋ-ਢਾਈ ਕਿਲੋਮੀਟਰ ਦੀ ਵਿੱਥ 'ਤੇ ਸੀ, ਭਾਖੜਾ ਨਹਿਰ ਦਾ ਪੁਲ ਪਾਰ ਕਰਕੇ। ਡਰਾਇਵਰ ਨੂੰ ਮੈਂ ਆਪਣੇ ਇਸ ਇਲਾਕੇ ਤੋਂ ਨਾ-ਵਾਕਫੀ ਬਾਰੇ ਦੱਸ ਦਿੱਤਾ ਸੀ ਅਤੇ ਇਹ ਵੀ ਦੱਸ ਦਿੱਤਾ ਸੀ ਕਿ ਮੈਂ ਇਥੇ ਹਸਪਤਾਲ ਵਿਚ ਪੱਕੀ ਨੌਕਰੀ 'ਤੇ ਹਾਜ਼ਰ ਹੋਣ ਲਈ ਆਇਆ ਹਾਂ। ਪਹਿਲਾਂ ਤਾਂ ਮੈਨੂੰ *ਡਾਕਟਰ ਸਾਹਿਬ' ਦਾ ਸੰਬੋਧਨ ਓਪਰਾ ਲੱਗਿਆ ਪਰ ਇਹ ਗੱਲ ਮੇਰੇ ਪੂਰੇ ਹੱਕ ਵਿਚ ਭੁਗਤਦੀ ਸੀ। ਪੀ.ਐਚ.ਸੀ. ਦੇ ਬਿਲਕੁਲ ਸਾਹਮਣੇ ਡਰਾਇਵਰ ਨੇ ਬਸ ਰੋਕ ਦਿੱਤੀ। **ਅਹੁ ਹੈ ਡਾਕਟਰ ਸਾਬ੍ਹ ਥੋਡਾ ਹਸਪਤਾਲ।'' ਡਰਾਇਵਰ ਨੇ ਆਪਣੇ ਖੱਬੇ ਹੱਥ ਨਾਲ ਇਸ਼ਾਰਾ ਕਰਕੇ ਕਿਹਾ। ਮੇਰਾ ਗਰਮੀਆਂ ਦਾ ਛੋਟਾ ਜਿਹਾ ਬਿਸਤਰਾ ਤੇ ਅਟੈਚੀ ਕੰਡਕਟਰ ਤੇ ਇਕ ਸਵਾਰੀ ਨੇ ਆਪ ਫੜ ਕੇ ਲਾਹਿਆ। **ਲੈ ਬਈ ਡਾਕਟਰ ਸਾਬ੍ਹ ਨੂੰ ਹਸਪਤਾਲ ਛੱਡ ਕੇ ਆ,'' ਕੰਡਕਟਰ ਨੇ ਸਵਾਰੀ ਨੂੰ ਕਿਹਾ। ਖੱਬੇ ਹੱਥ ਦੂਜਾ ਕਮਰਾ ਮੈਡੀਕਲ ਅਫਸਰ ਦਾ ਸੀ ਤੇ ਪਹਿਲਾ ਕਮਰਾ ਕਲਰਕ ਦਾ। ਮੈਂ ਪਹਿਲੇ ਕਮਰੇ 'ਚ ਵੜ ਗਿਆ। ਕੁਰਸੀ ਉਤੇ ਜਿਸ ਸ਼ੀਂਸ ਨਾਲ ਪਹਿਲੀ ਵਾਰ ਹੱਥ ਮਿਲਾਉਣ ਦਾ ਮੌਕਾ ਮਿਲਿਆ, ਉਸ ਨੇ ਆਪਣੀ ਵਾਕਫੀਅਤ ਸਰਬਜੀਤ ਸਿਕੰਦ ਸੈਨੇਟਰੀ ਇੰਸਪੈਕਟਰ ਕਹਿ ਕੇ ਕਰਾਈ। ਮੈਂ ਅਟੈਚੀ ਖੋਲ੍ਹ ਕੇ ਆਪਣੀ ਹਾਜ਼ਰੀ ਰਿਪੋਰਟ ਦੀਆਂ ਦੋ ਕਾਪੀਆਂ ਉਸ ਦੇ ਅੱਗੇ ਕਰ ਦਿੱਤੀਆਂ। ਉਹ ਮੈਨੂੰ ਨਾਲ ਦੇ ਕਮਰੇ ਵਿਚ ਡਾ.ਅਵਤਾਰ ਸਿੰਘ ਕੋਲ ਲੈ ਗਿਆ ਤੇ ਮੇਰੀ ਹਾਜ਼ਰੀ ਰਿਪੋਰਟ ਦੀਆਂ ਦੋਵੇਂ ਕਾਪੀਆਂ ਉਸ ਦੇ ਅੱਗੇ ਰੱਖ ਦਿੱਤੀਆਂ। ਹੈਲਥ ਸੈਂਟਰ ਵਿਚ ਮੇਰੇ ਨਿਯੁਕਤੀ ਪੱਤਰ ਦੀ ਕਾਪੀ ਪਹਿਲਾਂ ਪਹੁੰਚ ਚੁੱਕੀ ਸੀ। ਇਸ ਲਈ ਡਾਕਟਰ ਸਾਹਿਬ ਨੂੰ ਮੇਰੇ ਆਉਣ 'ਤੇ ਕੋਈ ਹੈਰਾਨੀ ਨਹੀਂ ਸੀ ਹੋਈ। ਮੈਂ ਡਾ.ਅਵਤਾਰ ਸਿੰਘ ਨੂੰ ਡਾ.ਨਰੇਸ਼ ਦੀ ਚਿੱਠੀ ਵੀ ਦਿੱਤੀ। ਉਸ ਦੇ ਚਿਹਰੇ 'ਤੇ ਰੌਣਕ ਆ ਗਈ। ਮੈਂ ਡਾ.ਅਵਤਾਰ ਸਿੰਘ ਦੀ ਕਵਿਤਾ *ਜੁੱਤੀ' ਦਾ ਜ਼ਿਕਰ ਕੀਤਾ, ਜਿਸ ਸਬੰਧੀ ਮੈਨੂੰ ਡਾ.ਨਰੇਸ਼ ਨੇ ਦੱਸਿਆ ਸੀ ਕਿ ਇਹ ਕਵਿਤਾ ਕਾਲਜ ਵਿਚ ਉਹਦੀ ਬੜੀ ਮਕਬੂਲ ਹੋਈ ਸੀ। ਡਾ.ਅਵਤਾਰ ਸਿੰਘ ਦੇ ਚਿਹਰੇ 'ਤੇ ਜਿਵੇਂ ਰੌਣਕ ਦੂਣੀ-ਚੌਣੀ ਹੋ ਗਈ ਹੋਵੇ।
ਸਾਰੇ ਹਸਪਤਾਲ ਵਿਚ ਪੰਜ-ਸੱਤ ਮਿੰਟ ਵਿਚ ਹੀ ਇਹ ਪਤਾ ਲੱਗ ਗਿਆ ਕਿ ਰੈਗੂਲਰ ਹੈਲਥ ਐਜੂਕੇਟਰ ਆ ਗਿਆ ਹੈ। ਬਲਾਕ ਐਕਸਟੈਨਸ਼ਨ ਐਜੂਕੇਟਰ ਨੂੰ ਉਥੇ ਹੈਲਥ ਐਜੂਕੇਟਰ ਕਹਿ ਕੇ ਬੁਲਾਇਆ ਜਾਂਦਾ ਸੀ। ਇਸ ਪੋਸਟ 'ਤੇ ਆਰਜ਼ੀ ਤੌਰ 'ਤੇ ਇਕ ਬੀਬੀ ਕੰਮ ਕਰ ਰਹੀ ਸੀ। ਡਾਕਟਰ ਸਾਹਿਬ ਨੇ ਉਹਨੂੰ ਬੁਲਾਇਆ ਤੇ ਮੇਰੇ ਬਾਰੇ ਦੱਸਣ ਪਿੱਛੋਂ ਸਰਬਜੀਤ ਸਿਕੰਦ ਨੂੰ ਕਿਹਾ ਕਿ ਉਸ ਬੀਬੀ ਦੀ ਰਲੀਵਿੰਗ ਚਿਟ ਤਿਆਰ ਕਰਾ ਦੇਵੇ। ੧੯੬੫ ਦੀ ੨੭ ਮਈ ਸੀ, ਪੰਡਤ ਜਵਾਹਰ ਲਾਲ ਨਹਿਰੂ ਦੀ ਪਹਿਲੀ ਬਰਸੀ। ਪਰ ਉਸ ਦਿਨ ਛੁੱਟੀ ਨਹੀਂ ਸੀ। ਇਸ ਲਈ ਇਹ ਹਾਜ਼ਰੀ ਦੀ ਤਾਰਖ ਿਮੇਰੇ ਮਨ-ਮਸਤਕ ਵਿਚ ਬਹੁਤ ਡੂੰਘੀ ਉਕਰੀ ਹੋਈ ਹੈ।
ਚਾਹ ਤੇ ਰੋਟੀ ਦਾ ਇੰਤਜ਼ਾਮ ਪਤਾ ਨਹੀਂ ਡਾਕਟਰ ਸਾਹਿਬ ਨੇ ਕਰਾਇਆ ਜਾਂ ਸਰਬਜੀਤ ਨੇ, ਮੈਨੂੰ ਤਸੱਲੀ ਸੀ ਕਿ ਮੈਂ ਠੀਕ ਥਾਂ 'ਤੇ ਪਹੁੰਚ ਗਿਆ ਹਾਂ। ਹਸਪਤਾਲ ਪਿੰਡ ਤੋਂ ਬਾਹਰ ਬਾਹਰ ਸੀ। ਹਸਪਤਾਲ ਵਾਲੇ ਪਾਸੇ ਹੀ ਕੁਝ ਵਿੱਥ ਉਤੇ ਚਾਹ ਦੀ ਇਕ ਦੁਕਾਨ ਸੀ। ਉਹ ਮਠਿਆਈ ਵੀ ਰਖਦੇ ਸਨ। ਨਾਲ ਹੀ ਉਹਨਾਂ ਦੀ ਰਹਾਇਸ਼ ਵੀ ਸੀ। ਬਿਲਕੁਲ ਉਹਨਾਂ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਪੰਜ-ਸੱਤ ਕਮਰੇ ਬਣੇ ਹੋਏ ਸਨ ਪਰ ਡਾਕਟਰ ਸਾਹਿਬ ਸ਼ਤਰਾਣੇ ਪਿੰਡ ਵਿਚ ਰਹਿੰਦੇ ਸਨ। ਫਾਰਮਾਸਿਸਟ ਵੇਦ ਪ੍ਰਕਾਸ਼ ਸ਼ਰਮਾ ਦੋ ਕੁ ਕਿਲੋਮੀਟਰ ਦੀ ਵਿੱਥ 'ਤੇ ਹਸਪਤਾਲ ਦੇ ਪਰਲੇ ਪਾਸੇ ਨੂੰ ਵਸੇ ਇਕ ਪਿੰਡ ਪੈਂਦ ਵਿਚ ਰਹਿੰਦਾ ਸੀ। ਸਭ ਮੁਲਾਜ਼ਮ ਨੇੜੇ ਦੇ ਕਿਸੇ ਨਾ ਕਿਸੇ ਪਿੰਡ ਵਿਚ ਰਹਿੰਦੇ ਸਨ। ਹਸਪਤਾਲ ਕੋਲ ਕਿਸੇ ਦੀ ਵੀ ਰਹਾਇਸ਼ ਨਹੀਂ ਸੀ। ਸਿਰਫ ਸੇਵਾ ਸਿੰਘ ਚੌਕੀਦਾਰ ਹੀ ਆਪਣੀ ਡਿਊਟੀ ਕਾਰਨ ਹਸਪਤਾਲ ਦੇ ਸੱਜੇ ਪਾਸੇ ਆਖਰੀ ਕਮਰੇ ਵਿਚ ਰਹਿੰਦਾ ਸੀ।
ਮੈਂ ਅਜੇ ਰਹਾਇਸ਼ ਲਈ ਫੈਸਲਾ ਨਹੀਂ ਸੀ ਕੀਤਾ ਕਿ ਸ਼ਤਰਾਣੇ ਪਿੰਡ ਵਿਚ ਰਹਾਂ ਜਾਂ ਪੈਂਦ। ਪਾਤੜਾਂ ਵੀ ਜਾ ਸਕਦਾ ਸੀ ਜੋ ਛੇ-ਸੱਤ ਕਿਲੋਮੀਟਰ ਦੀ ਵਿੱਥ 'ਤੇ ਸੀ ਅਤੇ ਉਥੇ ਰੌਣਕ ਮੇਲਾ ਵੀ ਚੰਗਾ ਸੀ। ਜਦੋਂ ਮੈਂ ਬਸ ਰਾਹੀਂ ਸ਼ਤਰਾਣੇ ਆਇਆ, ਪਾਤੜਾਂ ਰਾਹ ਵਿਚ ਆਇਆ ਸੀ। ਸ਼ਤਰਾਣੇ ਤੋਂ ਅੱਗੇ ਖਨੌਰੀ ਸੀ, ਉਹ ਵੀ ਚੰਗਾ ਕਸਬਾ ਸੀ; ਬਿਲਕੁਲ ਭਾਖੜਾ ਅਤੇ ਘੱਗਰ ਨਦੀ ਦੇ ਕੋਲ ਵਸਿਆ ਹੋਇਆ। ਪਰ ਮੈਂ ਹਸਪਤਾਲ ਦੇ ਨੇੜੇ ਹੀ ਕਿਤੇ ਰਹਿਣਾ ਚਾਹੁੰਦਾ ਸੀ। ਜੰਗ ਸਿੰਘ ਜੋ ਸੀ ਤਾਂ ਦਰਜਾ ਚਾਰ ਮੁਲਾਜ਼ਮ ਪਰ ਫਾਰਮਾਸਿਸਟ ਨਾਲ ਡਿਸਪੈਂਸਰੀ ਵਿਚ ਕੰਮ ਕਰਦਾ ਸੀ ਅਤੇ ਚਾਰੇ ਪਾਸੇ ਉਸ ਦਾ ਚੰਗਾ ਰਸੀਂ ਸੀ, ਦੁਪਹਿਰ ਤੋਂ ਬਾਅਦ ਉਸ ਨੇ ਮੈਨੂੰ ਤਿੰਨ ਕਮਰੇ ਵਿਖਾਏ ਜੋ ਹਸਪਤਾਲ ਵਾਲੇ ਪਾਸੇ ਚਾਹ ਦੀ ਦੁਕਾਨ ਨਾਲ ਲਗਦੇ ਦੋ ਕਮਰਿਆਂ ਤੋਂ ਪਿੱਛੋਂ ਆਉਂਦੇ ਸਨ। ਪਹਿਲੇ ਦੋ ਕਮਰਿਆਂ ਵਿਚ ਚਾਹ ਵਾਲੇ ਦਾ ਪਰਿਵਾਰ ਸੀ, ਵੱਡਾ ਦੇਸ ਰਾਜ ਤੇ ਛੋਟਾ ਬਖਸ਼ੀ। ਇਥੇ ਇਕ ਕਮਰਾ ਮੈਨੂੰ ਪਸੰਦ ਆ ਗਿਆ। ਭਾਵੇਂ ਇਹ ਕਮਰਾ ਡੰਗ ਟਪਾਊ ਸੀ, ਪਰ ਹਸਪਤਾਲ ਦੇ ਨੇੜੇ ਹੋਣ ਕਾਰਨ ਤੇ ਨਾਲ ਇਕ ਪਰਿਵਾਰ ਦੇ ਵਸੇਬੇ ਦੇ ਸਬੱਬ ਮੈਨੂੰ ਇਹ ਕਮਰਾ ਠੀਕ ਲੱਗਿਆ, ਕਿਉਂਕ ਮੈਂ ਆਪਣੀ ਮਾਂ ਨੂੰ ਲੈ ਕੇ ਆਉਣਾ ਸੀ। ਸੋ, ਮੈਂ ਦਸ ਰੁਪਏ ਮਹੀਨੇ 'ਤੇ ਕਮਰਾ ਪੱਕਾ ਕਰ ਲਿਆ।
ਸ਼ਾਮ ਨੂੰ ਹੈਲਥ ਐਜੂਕੇਟਰ ਬੀਬੀ ਦੀ ਵਿਦਾਇਗੀ ਪਾਰਟੀ ਸੀ ਤੇ ਮੈਨੂੰ ਦਿੱਤੀ ਜਾ ਰਹੀ ਸੁਆਗਤੀ ਪਾਰਟੀ, ਜਿਵੇਂ ਮਰਜ਼ੀ ਸਮਝ ਲਓ। ਪਾਰਟੀ ਦਾ ਪ੍ਰਬੰਧ ਡਾਕਟਰ ਸਾਹਿਬ ਦੇ ਨਿਵਾਸ 'ਤੇ ਕੀਤਾ ਗਿਆ। ਪਾਰਟੀ ਵਿਚ ਫਾਰਮਾਸਿਸਟ ਸੀ, ਐਲ.ਐਚ.ਵੀ. ਸੀ, ਦੋ ਸੈਨੇਟਰੀ ਇੰਸਪੈਕਟਰ ਸਨ। ਇਕ ਏ. ਐਨ.ਐਮ., ਦੋ ਦਾਈਆਂ ਅਤੇ ਦੋ ਦਰਜਾ ਚਾਰ ਕਰਮਚਾਰੀ। ਡਾਕਟਰ ਸਾਹਿਬ ਦੀ ਪਰੀਆਂ ਵਰਗੀ ਪਤਨੀ ਤੇ ਰਾਜਕੁਮਾਰਾਂ ਵਰਗੇ ਪੰਜ ਕੁ ਵਰ੍ਹਿਆਂ ਦੇ ਰਾਜੂ ਨੂੰ ਮਿਲ ਕੇ ਤਾਂ ਮੈਨੂੰ ਇਉਂ ਮਹਿਸੂਸ ਹੋਇਆ ਕਿ ਡਾ.ਅਵਤਾਰ ਸਿੰਘ ਬੜਾ ਹੀ ੁਂਸ਼ਕਿਸਮਤ ਅਫਸਰ ਹੈ, ਜਿਸ ਨੂੰ ਇਹੋ ਜਿਹਾ ਪਰਿਵਾਰ ਨਸੀਬ ਹੋਇਆ ਹੈ। ਡਾਕਟਰ ਸਾਹਿਬ ਦੀ ਪਤਨੀ ਨੇ ਜਿਸ ਤਰ੍ਹਾਂ ਮੈਨੂੰ ਜੀ ਆਇਆਂ ਕਿਹਾ, ਉਹ ਮੇਰੀ ਜ਼ਿੰਦਗੀ ਦੀ ਇਕ ਅਭੁੱਲ ਯਾਦ ਹੈ। ਨਿਮਰਤਾ ਦੀ ਪੁੰਜ ਇਹ ਬੀਬੀ ਆਪਣੇ ਹੱਥੀਂ ਪਲੇਟਾਂ ਰੱਖ ਰਹੀ ਸੀ, ਚਾਹ ਵਰਤਾ ਰਹੀ ਸੀ ਤੇ ਉਹਦੇ ਚਿਹਰੇ ਉਤੇ ਸੰਜੀਦਗੀ ਵੀ ਸੀ ਤੇ ਸ਼ਗੁਫਤਗੀ ਵੀ।
ਚਾਹ ਪਾਰਟੀ ਪਿੱਛੋਂ ਜਦੋਂ ਸੁਣਨ ਸੁਣਾਉਣ ਦਾ ਦੌਰ ਚੱਲਿਆ ਤਾਂ ਡਾਕਟਰ ਸਾਹਿਬ ਨੇ ਆਪਣੀ ਲੰਬੀ ਕਵਿਤਾ *ਜੁੱਤੀ' ਸੁਣਾਈ। ਉਸ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਮੇਰੇ ਸ਼ਾਇਰ ਹੋਣ ਸਬੰਧੀ ਦਸਦਿਆਂ ਮੈਨੂੰ ਵੀ ਕੁਝ ਸੁਣਾਉਣ 'ਤੇ ਜ਼ੋਰ ਪਾਇਆ। ਮੈਂ ਬਚਪਨ ਵਿਚ ਲਿਖੀ ਨਹਿਰੂ ਜੀ ਦੀਆਂ ਪ੍ਰਾਪਤੀਆਂ ਸਬੰਧੀ ਕਵਿਤਾ ਸੁਣਾਉਣ ਤੋਂ ਪਹਿਲਾਂ ਉਸ ਦਾ ਸਾਰਾ ਪਿਛੋਕੜ ਦੱਸਿਆ, ਪਿੱਛੋਂ ਦੋ ਬੰਦ ਪੰਡਤ ਜੀ ਦੀ ਮੌਤ 'ਤੇ ਲਿਖੀ ਕਵਿਤਾ ਦੇ ਸੁਣਾਏ। ਡਾਕਟਰ ਸਾਹਿਬ ਦੀ ਕਵਿਤਾ ਸਬੰਧੀ ਫਰਮਾਇਸ਼ ਮੇਰੀ ਵੀ ਸੀ ਤੇ ਸਭ ਕਰਮਚਾਰੀਆਂ ਦੀ ਵੀ। ਕਵਿਤਾ ਚੰਗੀ ਸੀ, ਸਾਦੀ ਤੇ ਪ੍ਰਭਾਵਸ਼ਾਲੀ। ਪਿੱਛੋਂ ਵਾਰ ਵਾਰ ਕਹਿਣ ਉਤੇ ਮੈਂ ਦੋ ਹੋਰ ਕਵਿਤਾਵਾਂ ਵੀ ਸੁਣਾਈਆਂ। ਹੋਰ ਸ਼ਾਇਦ ਕਿਸੇ ਨੇ ਕੁਝ ਨਹੀਂ ਸੀ ਸੁਣਾਇਆ। ਸਰਬਜੀਤ ਨੇ ਵਿਦਾ ਹੋ ਰਹੀ ਬੀਬੀ ਦੀ ਪ੍ਰਸ਼ੰਸਾ ਵਿਚ ਕੁਝ ਸ਼ਬਦ ਕਹੇ ਤੇ ਨਾਲ ਮੈਨੂੰ ਜੀ ਆਇਆਂ ਕਿਹਾ। ਡਾਕਟਰ ਸਾਹਿਬ ਨੇ ਉਸ ਸਬੰਧੀ ਵੀ ਅਤੇ ਮੇਰੇ ਬਾਰੇ ਵੀ ਸੰਖੇਪ ਵਿਚ ਕੁਝ ਕਿਹਾ ਸੀ। ਆਪਣੇ ਸਬੰਧੀ ਮੈਂ ਸਿਖਾਂਦਰੂ ਹੋਣ ਕਾਰਨ ਸਭ ਤੋਂ ਕੁਝ ਨਾ ਕੁਝ ਸਿੱਖਣ ਦਾ ਵਿਸ਼ਵਾਸ ਦਿੱਤਾ ਅਤੇ ਆਸ ਪ੍ਰਗਟਾਈ ਕਿ ਡਾਕਟਰ ਸਾਹਿਬ ਦੀ ਸਰਪ੍ਰਸਤੀ ਅਤੇ ਬਾਕੀ ਸਭ ਕਰਮਚਾਰੀਆਂ ਦੀ ਸਹਾਇਤਾ ਨਾਲ ਹੌਲੀ ਹੌਲੀ ਮੈਂ ਆਪਣੀ ਡਿਊਟੀ ਨਿਭਾਉਣ ਵਿਚ ਸਫਲ ਹੋ ਜਾਵਾਂਗਾ।
ਡਾਕਟਰ ਸਾਹਿਬ ਨੇ ਮੈਨੂੰ ਰਸਮੀ ਤੌਰ 'ਤੇ ਰਾਤ ਉਹਨਾਂ ਪਾਸ ਹੀ ਰਹਿਣ ਲਈ ਕਿਹਾ ਪਰ ਮੈਂ ਪਹਿਲੇ ਦਿਨ ਹੀ ਆਪਣੀ ਕਮਜ਼ੋਰੀ ਬਾਰੇ ਅਫਸਰ ਅੱਗੇ ਪਰਦਾ ਚੁੱਕਣਾ ਨਹੀਂ ਸੀ ਚਾਹੁੰਦਾ। ਉਂਜ ਵੀ ਮੈਂ ਸਹਿਗਲ ਸਾਹਿਬ ਨਾਲ ਹਸਪਤਾਲ ਤੱਕ ਚਲੇ ਜਾਣਾ ਸੀ। ਲਾਲਟੈਣ ਨਾਲ ਹੋਣ ਕਾਰਨ ਪੌੜੀਆਂ ਉਤਰਨ ਅਤੇ ਦਰਵਾਜ਼ੇ ਵਿਚੋਂ ਦੀ ਲੰਘ ਕੇ ਸਾਇਕਲ ਤੱਕ ਜਾਣ ਵਿਚ ਮੈਨੂੰ ਕੋਈ ਬਹੁਤੀ ਔਖ ਨਹੀਂ ਸੀ ਲੱਗੀ। ਸਮਝੋ ਮੇਰਾ ਪਰਦਾ ਰਹਿ ਗਿਆ ਸੀ। ਸਹਿਗਲ ਮੈਨੂੰ ਚੌਕੀਦਾਰ ਦੇ ਕਮਰੇ ਕੋਲ ਛੱਡਣ ਸਮੇਂ ਨਾਲ ਜਾਣ ਦੀ ਸੁਲਾਹ ਮਾਰ ਰਿਹਾ ਸੀ। ਮੈਂ ਉਸ ਦਾ ਸ਼ੁਕਰੀਆ ਅਦਾ ਕੀਤਾ ਅਤੇ ਚੌਕੀਦਾਰ ਕੋਲ ਰਹਿਣ ਨੂੰ ਹੀ ਪਹਿਲ ਦਿੱਤੀ।
ਸੇਵਾ ਸਿੰਘ ਨੇ ਰੋਟੀ ਲਈ ਸੁਲਾਹ ਨਹੀਂ ਸੀ ਮਾਰੀ, ਚਿੱਤੋਂ ਕਿਹਾ ਸੀ ਪਰ ਰੋਟੀ ਦੀ ਮੈਨੂੰ ਭੁੱਖ ਨਹੀਂ ਸੀ। ਉਸ ਨੇ ਆਪਣੇ ਮੰਜੇ ਦੇ ਕੋਲ ਹੀ ਮੇਰਾ ਮੰਜਾ ਡਾਹ ਦਿੱਤਾ ਸੀ ਤੇ ਬਿਸਤਰਾ ਵਿਛਾ ਵੀ ਦਿੱਤਾ ਸੀ। ਮੇਰੇ ਸਿਰ ਤੋਂ ਜਿਵੇਂ ਮਣਾਂ-ਮੂੰਹੀਂ ਭਾਰ ਲਹਿ ਗਿਆ ਹੋਵੇ। ਹਸਪਤਾਲ ਵਿਚ ਮੇਰੇ ਲਈ ਕੋਈ ਖਾਸ ਪੇਪਰ ਵਰਕ ਨਹੀਂ ਸੀ, ਜਿਸ ਰਜਿਸਟਰ ਉਪਰ ਮੈਂ ਆਪਣੀ ਹਾਜ਼ਰੀ ਪਾਈ, ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਰਜਿਸਟਰ ਉਤੇ ਹੀ ਰੋਜ਼ ਸਵੇਰੇ ਆ ਕੇ ਹਾਜ਼ਰੀ ਪਾਉਣੀ ਹੈ, ਇਹ ਕੋਈ ਖਾਸ ਕੰਮ ਨਹੀਂ ਸੀ।
ਨੀਂਦ ਐਸੀ ਆਈ ਕਿ ਪਹੁ-ਫੁਟਾਲੇ ਵੇਲੇ ਹੀ ਅੱਖ ਖੁੱਲ੍ਹੀ। ਸੇਵਾ ਸਿੰਘ ਮੈਨੂੰ ਪਾਤੜਾਂ ਵਾਲੇ ਪਾਸੇ ਜੰਗਲ-ਪਾਣੀ ਲਈ ਲੈ ਗਿਆ। ਸ਼ਾਇਦ ਰਾਹ ਵਿਚ ਕੋਈ ਸੂਆ ਸੀ। ਅਸੀਂ ਸੂਰਜ ਚੜ੍ਹਣ ਤੋਂ ਪੰਜ-ਸੱਤ ਮਿੰਟ ਪਿੱਛੋਂ ਹੀ ਮੁੜ ਕਮਰੇ ਵਿਚ ਆ ਗਏ ਸੀ। ਨਹਾਉਣ ਧੋਣ ਪਿੱਛੋਂ ਮੈਂ ਨਾਸ਼ਤੇ ਲਈ ਆਪ ਬਖਸ਼ੀ ਦੀ ਦੁਕਾਨ 'ਤੇ ਚਲਾ ਗਿਆ। ਹਸਪਤਾਲ ਤੋਂ ਇਹ ਦੁਕਾਨ ਸਿਰਫ ਦੋ ਮਿੰਟ ਦਾ ਰਸਤਾ ਹੀ ਤਾਂ ਸੀ। ਸੇਵਾ ਸਿੰਘ ਨੇ ਭਾਵੇਂ ਮੈਨੂੰ ਨਾਸ਼ਤੇ ਲਈ ਕਿਹਾ ਸੀ ਪਰ ਮੈਂ ਉਸ 'ਤੇ ਕੋਈ ਬੋਝ ਨਹੀਂ ਸੀ ਬਣਨਾ ਚਾਹੁੰਦਾ ਅਤੇ ਨਾ ਹੀ ਮੈਨੂੰ ਉਸ ਦੇ ਸੁਭਾਅ ਦਾ ਪਤਾ ਸੀ। ਇਸ ਲਈ ਚਾਹ ਨਾਲ ਕੁਝ ਸ਼ੱਕਰਪਾਰੇ ਤੇ ਇਕ ਮੱਠੀ ਖਾ ਕੇ ਮੈਂ ਕੁਝ ਸ਼ਕਰਪਾਰੇ ਤੇ ਇਕ ਮੱਠੀ ਸੇਵਾ ਸਿੰਘ ਲਈ ਲੈ ਆਇਆ ਸੀ। ਸੇਵਾ ਸਿੰਘ ਦੀਆਂ ਅੱਖਾਂ ਵਿਚ ੁਂਸ਼ੀ ਸੀ। ਉਸ ਨੇ ਭਾਵੇਂ ਇਸ ਨੂੰ ਖੇਚਲ ਤਾਂ ਕਿਹਾ ਪਰ ਸ਼ਾਇਦ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਸੁਭਾਅ ਪੱਖੋਂ ਮੈਂ ਖੁੱਲ੍ਹ-ਦਿਲਾ ਹਾਂ, ਵੱਡੇ ਛੋਟੇ ਵਿਚ ਕੋਈ ਫਰਕ ਨਹੀਂ ਸਮਝਦਾ। ਸੇਵਾ ਸਿੰਘ ਨਾਲ ਮੇਰਾ ਇਹ ਪਿਆਰ ਆਖਰੀ ਦਿਨ ਤੱਕ ਬਣਿਆ ਰਿਹਾ।
ਨਵਾਂ ਮਹਿਕਮਾ ਨਵੇਂ ਤਜਰਬੇ
ਬਲਾਕ ਐਕਸਟੈਨਸ਼ਨ ਐਜੂਕੇਟਰ ਦੀਆਂ ਸੇਵਾਵਾਂ ਪੰਜਾਬ ਸਰਕਾਰ ਨੇ ੧੯੬੪ ਵਿਚ ਨਿਰੋਲ ਪਰਿਵਾਰ ਨਿਯੋਜਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ੁਰੂ ਕੀਤੀਆਂ ਸਨ। ਉਦੋਂ ਅਕਸਰ ਬਲਾਕ ਵਿਚ ਇਕ ਪ੍ਰਾਇਮਰੀ ਹੈਲਥ ਸੈਂਟਰ ਹੁੰਦਾ ਸੀ। ਬਲਾਕ ਐਕਸਟੈਨਸ਼ਨ ਐਜੂਕੇਟਰ ਦੀ ਨਿਯੁਕਤੀ ਹੈਲਥ ਸੈਂਟਰ ਵਿਚ ਹੁੰਦੀ ਸੀ ਅਤੇ ਉਸ ਦਾ ਕਾਰਜ ਖੇਤਰ ਪੂਰੇ ਦਾ ਪੂਰਾ ਬਲਾਕ ਹੁੰਦਾ ਸੀ, ਜਿਸ ਵਿਚ ਪੇਂਡੂ ਖੇਤਰ ਦੇ ਨਾਲ ਨਾਲ ਸ਼ਹਿਰੀ ਖੇਤਰ ਵੀ ਸ਼ਾਮਲ ਹੁੰਦਾ ਸੀ। ਉਸ ਸਮੇਂ ਪ੍ਰਾਇਮਰੀ ਹੈਲਥ ਸੈਂਟਰ ਅਰਥਾਤ ਪੀ.ਐਚ.ਸੀ. ਵਿਚ ਅਕਸਰ ਇਕ ਡਾਕਟਰ ਦੀ ਪੋਸਟ ਹੁੰਦੀ ਸੀ, ਜਿਸ ਨੂੰ ਮੈਡੀਕਲ ਅਫਸਰ ਕਹਿੰਦੇ ਸਨ, ਜਿਸ ਦੀ ਵਿਦਿਅਕ ਤੇ ਪੇਸ਼ੇਵਾਰਾਨਾ ਯੋਗਤਾ ਘੱਟੋ-ਘੱਟ ਐਮ.ਬੀ.ਬੀ.ਐਸ. ਹੁੰਦੀ ਸੀ। ਇਕ ਪੀ.ਐਚ.ਸੀ. ਵਿਚ ਇਕ ਫਾਰਮਾਸਿਸਟ ਹੁੰਦਾ ਸੀ। ਡਾਕਟਰ ਅਕਸਰ ਨੇੜਲੇ ਪਿੰਡਾਂ ਤੋਂ ਹੈਲਥ ਸੈਂਟਰ ਵਿਚ ਆਏ ਮਰੀਜ਼ਾਂ ਨੂੰ ਵੇਖਣ ਤੇ ਫਾਰਮਾਸਿਸਟ ਦਵਾਈ ਦੇਣ ਦਾ ਕੰਮ ਕਰਦੇ ਸਨ। ਫਾਰਮਾਸਿਸਟ ਨੂੰ ਆਮ ਲੋਕ ਕੰਪਾਊਂਡਰ ਜਾਂ ਡਿਸਪੈਂਸਰ ਵੀ ਕਹਿੰਦੇ ਸਨ ਪਰ ਕੰਪਾਊਂਡਰ ਸ਼ਬਦ ਵਧੇਰੇ ਪ੍ਰਚੱਲਿਤ ਸੀ। ਉਸ ਦੀ ਸਹਾਇਤਾ ਲਈ ਦਰਜਾ ਚਾਰ ਕਰਮਚਾਰੀ ਮਰਹਮ ਪੱਟੀ ਅਤੇ ਟੀਕੇ ਲਾਉਣ ਦਾ ਕੰਮ ਕਰਦੇ। ਭਾਵੇਂ ਇਹ ਉਹਨਾਂ ਦੀ ਡਿਊਟੀ ਦਾ ਹਿੱਸਾ ਨਹੀਂ ਸੀ ਪਰ ਕੁਝ ਦਰਜਾ ਚਾਰ ਮੁਲਾਜ਼ਮ ਇਹ ਕੰਮ ਸਿੱਖ ਲੈਂਦੇ ਸਨ। ਇਸ ਤਰ੍ਹਾਂ ਲੋਕਾਂ ਵਿਚ ਉਹਨਾਂ ਦੀ ਵੀ ਚੰਗੀ ਪੈਂਠ ਬਣ ਜਾਂਦੀ ਸੀ। ਪੀ.ਐਚ.ਸੀ. ਵਿਚ ਇਕ ਐਲ.ਐਚ.ਵੀ. ਅਰਥਾਤ ਲੇਡੀ ਹੈਲਥ ਵਿਜ਼ਟਰ ਦੀ ਪੋਸਟ ਉਦੋਂ ਵੀ ਸੀ ਤੇ ਹੁਣ ਵੀ ਹੈ। ਇਕ ਜਾਂ ਦੋ ਏ.ਐਨ.ਐਮ. ਅਰਥਾਤ ਐਗਜ਼ਿਲਰੀ ਨਰਸ ਮਿਡ ਵਾਈਫ ਦੀਆਂ ਪੋਸਟਾਂ ਹੁੰਦੀਆਂ ਤੇ ਇਕ ਜਾਂ ਦੋ ਦਾਈਆਂ ਦੀਆਂ। ਪੀ.ਐਚ.ਸੀ. ਦੇ ਅਧੀਨ ਬਲਾਕ ਵਿਚ ਅਬਾਦੀ ਅਨੁਸਾਰ ਅੱਠ ਜਾਂ ਦਸ ਸਬ-ਸੈਂਟਰ ਹੁੰਦੇ ਸਨ। ਹਰ ਸਬ-ਸੈਂਟਰ ਵਿਚ ਇਕ ਏ. ਐਨ. ਐਮ. ਤੇ ਇਕ ਟਰੇਂਡ ਦਾਈ ਦੀ ਪੋਸਟ ਸੀ। ਇਹਨਾਂ ਸਬ-ਸੈਂਟਰਾਂ ਦੀ ਪੜਤਾਲ ਦਾ ਕੰਮ ਮੈਡੀਕਲ ਅਫਸਰ ਆਪ ਵੀ ਕਰਦਾ ਤੇ ਐਲ.ਐਚ.ਵੀ. ਵੀ।
ਅਕਸਰ ਹਰ ਬਲਾਕ ਵਿਚ ਜੇ ਕੋਈ ਵੱਡਾ ਕਸਬਾ ਜਾਂ ਸ਼ਹਿਰ ਪੈਂਦਾ ਸੀ ਤਾਂ ਉਥੇ ਇਕ ਸਿਵਲ ਹਸਪਤਾਲ ਵੀ ਹੁੰਦਾ ਸੀ। ਪੀ.ਐਚ.ਸੀ. ਸ਼ਤਰਾਣਾ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਬਲਾਕ ਵਿਚ ਪੈਂਦਾ ਸੀ। ਸਮਾਣਾ ਇਕ ਵੱਡਾ ਕਸਬਾ ਹੈ।
ਮੇਰੀ ਪੋਸਟ ਨੂੰ ਅਕਸਰ ਪੀ.ਐਚ.ਸੀ. ਸ਼ਤਰਾਣਾ ਅਤੇ ਸਿਵਲ ਹਸਪਤਾਲ ਸਮਾਣਾ ਦੇ ਸਭ ਕਰਮਚਾਰੀ ਬਲਾਕ ਹੈਲਥ ਐਜੂਕੇਟਰ ਕਹਿੰਦੇ ਅਤੇ ਮੈਨੂੰ ਇਸ ਉਤੇ ਇਤਰਾਜ਼ ਵੀ ਕੀ ਹੋ ਸਕਦਾ ਸੀ। ਮੇਰਾ ਕੰਮ ਪਿੰਡ ਪਿੰਡ ਜਾ ਕੇ ਪਰਿਵਾਰ ਨਿਯੋਜਨ ਤੇ ਸਿਹਤ ਸੇਵਾਵਾਂ ਸਬੰਧੀ ਲੋਕਾਂ ਨੂੰ ਜਾਗ੍ਰਿਤ ਕਰਨਾ ਸੀ। ਮੈਂ ਆਪਣੇ ਪੂਰੇ ਮਹੀਨੇ ਦਾ ਟੂਰ ਪ੍ਰੋਗਰਾਮ ਪਹਿਲਾਂ ਬਣਾ ਕੇ ਐਮ.ਓ., ਪੀ.ਐਚ.ਸੀ. ਨੂੰ ਦੇਣਾ ਹੁੰਦਾ ਸੀ ਅਤੇ ਇਸ ਦੀ ਇਕ ਕਾਪੀ ਸੀ.ਐਮ.ਓ. ਅਥਵਾ ਸਿਵਲ ਸਰਜਨ ਪਟਿਆਲਾ ਨੂੰ ਭੇਜਣੀ ਹੁੰਦੀ ਸੀ ਤਾਂ ਜੋ ਜ਼ਿਲ੍ਹੇ ਜਾਂ ਸਟੇਟ ਦਾ ਕੋਈ ਵੀ ਸਿਹਤ ਅਧਿਕਾਰੀ ਮੇਰੇ ਕੰਮ ਦੀ ਪੜਤਾਲ ਕਰ ਸਕੇ, ਅਗਵਾਈ ਕਰ ਸਕੇ ਅਤੇ ਮੇਰੇ ਨਾਲ ਰਾਬਤਾ ਰੱਖ ਸਕੇ। ਕਦੇ-ਕਦੇ ਮੈਂ ਆਪਣਾ ਟੂਰ ਡਾ.ਅਵਤਾਰ ਸਿੰਘ ਨਾਲ ਵੀ ਬਣਾ ਲੈਂਦਾ, ਕਿਉਂਕਿ ਐਮ.ਓ. ਨੂੰ ਦੁੱਧ ਚਿੱਟੀ ਸਰਕਾਰੀ ਜੀਪ ਮਿਲੀ ਹੁੰਦੀ ਸੀ। ਇਹ ਜੀਪਾਂ ਯੂਨੀਸਫ ਵੱਲੋਂ ਸਭ ਬਲਾਕਾਂ ਲਈ ਆਈਆਂ ਸਨ। ਪ੍ਰਸੂਤਾ ਔਰਤਾਂ ਤੇ ਮਲੇਰੀਏ ਦੇ ਇਲਾਜ ਲਈ ਵੀ ਸਭ ਦਵਾਈਆਂ ਯੂਨੀਸਫ ਵੱਲੋਂ ਆਈਆਂ ਹੋਈਆਂ ਸਨ, ਸ਼ਾਇਦ ਹੁਣ ਵੀ ਆਉਂਦੀਆਂ ਹਨ।
ਨੇੜੇ ਦੇ ਟੂਰ ਲਈ ਮੈਂ ਨਵਾਂ ਸਾਇਕਲ ੀਂਰੀਦ ਲਿਆ ਸੀ। ਰੋਟੀ ਟੁੱਕ ਦੇ ਠੀਕ ਪ੍ਰਬੰਧ ਲਈ ਮਾਂ ਆ ਗਈ ਸੀ। ਇਕ ਕਲਰਕ ਦੇ ਆਉਣ ਕਾਰਨ ਉਸ ਦੀ ਮਾਂ ਵੀ ਉਸ ਦੇ ਨਾਲ ਆ ਗਈ ਸੀ। ਕਲਰਕ ਸੀ---ਦਰਸ਼ਨ ਸਿੰਘ ਸੰਧੂ। ਸਾਡੇ ਦੇਖਾ-ਦੇਖੀ ਐਲ.ਟੀ. ਅਰਥਾਤ ਲਬਾਰਟਰੀ ਟੈਕਨੀਸ਼ੀਅਨ ਠਾਕਰ ਦਾਸ ਸ਼ੁਕਲਾ ਵੀ ਆਪਣੀ ਮਾਂ ਨੂੰ ਲੈ ਆਇਆ ਸੀ। ਇਸ ਤਰ੍ਹਾਂ ਦੇਸ ਰਾਜ ਦੀ ਚਾਹ ਦੀ ਦੁਕਾਨ ਨਾਲ ਦੋ ਕਮਰਿਆਂ ਦੀ ਉਸ ਦੀ ਰਹਾਇਸ਼ ਤੋਂ ਅਗਲੇ ਤਿੰਨ ਕਮਰੇ ਇਕ ਇਕ ਕਰਕੇ ਅਸੀਂ ਮੱਲ ਲਏ ਸਨ। ਸਾਡੀ ਤਿੰਨਾਂ ਦੀ ਆਪਸ ਵਿਚ ਬਣਦੀ ਵੀ ਬਹੁਤ ਸੀ। ਦੇਸ ਰਾਜ ਤੇ ਬਖਸ਼ੀ ਨਾਲ ਵੀ ਅਸੀਂ ਘਿਉ ਖਿਚੜੀ ਹੋ ਕੇ ਰਹਿੰਦੇ।
ਗਰੇਡ ਦੇ ਲਿਹਾਜ਼ ਨਾਲ ਮੇਰੀ ਪੋਸਟ ਪੀ.ਐਚ.ਸੀ. ਵਿਚ ਦੂਜੇ ਨੰਬਰ 'ਤੇ ਸੀ। ਉਸ ਤੋਂ ਅੱਗੇ ਐਲ.ਐਚ.ਵੀ., ਫੇਰ ਸੈਨੇਟਰੀ ਇੰਸਪੈਕਟਰ ਤੇ ਫੇਰ ਫਾਰਮਾਸਿਸਟ ਦਾ ਗਰੇਡ ਸੀ। ਏ. ਐਨ.ਐਮ. ਦਾ ਗਰੇਡ ਉਸ ਤੋਂ ਕੁਝ ਘੱਟ ਸੀ, ਐਲ.ਟੀ. ਦਾ ਗਰੇਡ ਸ਼ਾਇਦ ਫਾਰਮਾਸਿਸਟ ਦੇ ਬਰਾਬਰ ਸੀ। ਦਾਈਆਂ ਦਰਜਾ ਚਾਰ ਵਿਚ ਆਉਂਦੀਆਂ ਸਨ। ਸੈਨੇਟਰੀ ਇੰਸਪੈਕਟਰ ਮਲੇਰੀਆ ਵਰਕਰਾਂ ਦਾ ਕੰਮ ਚੈ=ੱਕ ਕਰਦੇ, ਐਲ.ਐਚ.ਵੀ. ਸਬ-ਸੈਂਟਰਾਂ ਅਤੇ ਪੀ.ਐਚ.ਸੀ. ਵਿਚ ਨਰਸਾਂ ਤੇ ਦਾਈਆਂ ਦੇ ਕੰਮ ਦੀ ਦੇਖ-ਭਾਲ ਕਰਦੀ। ਡਾਕਟਰ ਕਿਸੇ ਨੂੰ ਵੀ ਚੈ=ੱਕ ਕਰ ਸਕਦਾ ਸੀ। ਪਰ ਮੇਰਾ ਕੰਮ ਕਿਸੇ ਨੂੰ ਚੈ=ੱਕ ਕਰਨਾ ਨਹੀਂ ਸੀ ਫੇਰ ਵੀ ਡਾਕਟਰ ਸਾਹਿਬ ਨੇ ਵਰਕਰਾਂ ਤੇ ਨਰਸਾਂ ਵਿਚ ਮੇਰਾ ਅਜਿਹਾ ਪ੍ਰਭਾਵ ਬਣਾ ਦਿੱਤਾ ਸੀ ਕਿ ਮੇਰੀ ਡਿਊਟੀ ਵਿਚ ਨਿਗਰਾਨੀ ਤੇ ਪੜਤਾਲ ਦਾ ਕੰਮ ਨਾਲ ਜੋੜ ਦਿੱਤਾ ਗਿਆ ਸੀ।
ਸਮਾਣਾ ਬਲਾਕ ਸ਼ਾਇਦ ਪੰਜਾਬ ਦੇ ਵੱਡੇ ਬਲਾਕਾਂ ਵਿਚੋਂ ਇਕ ਸੀ। ਉਦੋਂ ਇਸ ਵਿਚ ੧੫ਂ ਤੋਂ ਵੱਧ ਪਿੰਡ ਸਨ। ਖਨੌਰੀ ਤੋਂ ਅੱਗੇ ਜਾ ਕੇ ਸ਼ੇਰਗੜ੍ਹ ਤੋਂ ਲੈ ਕੇ ਇਹ ਬਲਾਕ ਸਮਾਣੇ ਤੋਂ ਅੱਗੇ ਪਿੰਡ ਢੈਂਠਲ ਅਤੇ ਦੂਜੇ ਪਾਸੇ ਕੋਈ ੨੨ ਕਿਲੋਮੀਟਰ ਦੀ ਵਿੱਥ 'ਤੇ ਪਿੰਡ ਗਾਜੇਵਾਸ ਤੱਕ ਫੈਲਿਆ ਹੋਇਆ ਸੀ। ਭਾਖੜਾ ਨਹਿਰ ਦੇ ਪਰਲੇ ਪਾਸੇ ਦੇ ਬਹੁਤ ਸਾਰੇ ਪਿੰਡ ਵੀ ਇਸ ਬਲਾਕ ਵਿਚ ਸਨ। ਸਿਵਲ ਹਸਪਤਾਲ ਸਮਾਣਾ, ਪੀ.ਐਚ.ਸੀ. ਸ਼ਤਰਾਣਾ ਨਾਲੋਂ ਬਿਲਡਿੰਗ ਅਤੇ ਮੈਡੀਕਲ ਸੇਵਾਵਾਂ ਪੱਖੋਂ ਬਿਹਤਰ ਸੀ। ਇਥੇ ਮਰੀਜ਼ ਦਾਖਲ ਕਰਨ ਦਾ ਪੂਰਾ ਪ੍ਰਬੰਧ ਸੀ। ਮਰਦਾਂ ਦੇ ਨਸਬੰਦੀ ਅਤੇ ਔਰਤਾਂ ਦੇ ਨਲਬੰਦੀ ਓਪਰੇਸ਼ਨ ਕਰਨ ਲਈ ਵੀ ਸ਼ਤਰਾਣੇ ਨਾਲੋਂ ਸਿਵਲ ਹਸਪਤਾਲ ਸਮਾਣੇ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ। ਸਿਵਲ ਹਸਪਤਾਲ ਦਾ ਡਾ.ਜੈਨ ਉਸ ਸਮੇਂ ਦੀ ਸਿਹਤ ਮੰਤਰੀ ਓਮ ਪ੍ਰਭਾ ਜੈਨ ਦਾ ਭਰਾ ਸੀ, ਪਰ ਸੀ ਉਹ ਭਲਾ ਲੋਕ। ਅਕਸਰ ਜਦੋਂ ਮੈਂ ਪਰਿਵਾਰ ਨਿਯੋਜਨ ਦੇ ਸਬੰਧ ਵਿਚ ਸਿਵਲ ਹਸਪਤਾਲ ਜਾਂਦਾ ਤਾਂ ਡਾ.ਜੈਨ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਮਿਲਦਾ। ਉਥੋਂ ਦਾ ਫਾਰਮਾਸਿਸਟ ਦੇਸ ਰਾਜ ਸੀ ਜੋ ਸਮਾਣੇ ਦਾ ਰਹਿਣ ਵਾਲਾ ਸੀ ਅਤੇ ਅੱਗਰਵਾਲ ਹੋਣ ਕਾਰਨ ਉਹ ਮੈਨੂੰ ਵਧੇਰੇ ਨੇੜੇ ਸਮਝਦਾ ਸੀ।
ਇਕ ਮਹੀਨੇ ਵਿਚ ਅਜੇ ਸਿਹਤ ਵਿਭਾਗ ਦੇ ਮੂੰਹ ਮੱਥੇ ਦੀ ਥੋੜ੍ਹੀ ਥੋੜ੍ਹੀ ਸਮਝ ਆਈ ਸੀ। ਨਾ ਪਰਿਵਾਰ ਨਿਯੋਜਨ ਬਾਰੇ, ਨਾ ਸਿਹਤ ਸੇਵਾਵਾਂ ਬਾਰੇ, ਨਾ ਰੋਗਾਂ ਬਾਰੇ ਤੇ ਨਾ ਦਵਾਈਆਂ ਬਾਰੇ ਕੋਈ ਖਾਸ ਗਿਆਨ ਸੀ। ਸ਼ਾਇਦ ਇਸੇ ਲਈ ਨਵੇਂ ਭਰਤੀ ਕੀਤੇ ਹੈਲਥ ਐਜੂਕੇਟਰਾਂ ਨੂੰ ਟ੍ਰੇਨਿੰਗ ਦੇਣ ਲਈ ਚੰਡੀਗੜ੍ਹ ਸੱਦ ਲਿਆ। ਇਹ ਯਾਦ ਨਹੀਂ ਕਿ ਟ੍ਰੇਨਿੰਗ ਦੋ ਹਫਤੇ ਚੱਲੀ ਜਾਂ ਚਾਰ ਹਫਤੇ ਪਰ ਟ੍ਰੇਨਿੰਗ ਦੌਰਾਨ ਸਿਰ ਖੁਰਕਣ ਦੀ ਵਿਹਲ ਵੀ ਨਹੀਂ ਸੀ ਮਿਲਦੀ। ਟ੍ਰੇਨਿੰਗ ਦਾ ਇੰਚਾਰਜ ਡਾ.ਸੋਹਣ ਸਿੰਘ ਸੀ। ਉਹ ਉਦੋਂ ਸਹਾਇਕ ਡਾਇਰੈਕਟਰ, ਸਿਹਤ ਸੇਵਾਵਾਂ ਪੰਜਾਬ ਸੀ। ਇਹ ਓਹੀ ਡਾ.ਸੋਹਣ ਸਿੰਘ ਹੈ ਜੋ ਕਾਲੇ ਦਿਨਾਂ ਵਿਚ ਖਾੜਕੂਆਂ ਦਾ ਨਾਇਕ ਬਣ ਕੇ ਉਭਰਿਆ।
ਚੰਡੀਗੜ੍ਹ ਦੇ ੧੬ ਸੈਕਟਰ ਦੀ ਇਕ ਬਿਲਡਿੰਗ ਵਿਚ ਸਾਡੀ ਕਲਾਸ ਲਗਦੀ ਹੁੰਦੀ ਸੀ। ਰੋਜ਼ ੯ ਵਜੇ ਕਲਾਸ ਲਗਦੀ, ਸਕੂਲਾਂ ਵਾਂਗ ਦੁਪਹਿਰ ਨੂੰ ਇਕ ਘੰਟੇ ਦੀ ਛੁੱਟੀ ਹੁੰਦੀ ਤੇ ਫੇਰ ਸ਼ਾਮ ਨੂੰ ਪੰਜ ਵਜੇ ਤੱਕ ਕਲਾਸ। ਕਲਾਸ ਵਿਚ ਅਸੀਂ ੪੪ ਹੈਲਥ ਐਜੂਕੇਟਰ ਸਾਂ, ੪੨ ਮਰਦ ਤੇ ੨ ਔਰਤਾਂ। ਪਹਿਲੀ ਕਲਾਸ ਡਾ.ਸੋਹਣ ਸਿੰਘ ਦੀ ਹੀ ਹੁੰਦੀ। ਉਸ ਦਾ ਮੁੱਖ ਭਾਸ਼ਣ ਜਨਸੰਖਿਆ ਤੇ ਪਰਿਵਾਰ ਨਿਯੋਜਨ ਦੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਹੁੰਦਾ। ਭਾਰਤ ਤੇ ਚੀਨ ਦੀ ਵਧ ਰਹੀ ਅਬਾਦੀ ਦੇ ਕਾਰਨਾਂ ਤੋਂ ਲੈ ਕੇ ਹਨੂੰਮਾਨ ਦੀ ਪੂਛ ਵਾਂਗ ਅਬਾਦੀ ਦੇ ਵਧਣ ਦੇ ਸਭ ਅੰਕੜੇ ਇਕ ਇਕ ਕਰਕੇ ਦੱਸੇ ਗਏ। ਡਾ.ਸੋਹਣ ਸਿੰਘ ਤੋਂ ਬਿਨਾਂ ਹੋਰ ਡਾਕਟਰ ਵੀ ਕਲਾਸ ਲੈਣ ਆਉਂਦੇ। ਆਮ ਬੀਮਾਰੀਆਂ ਸਬੰਧੀ ਵੀ ਲੈਕਚਰ ਦਿੱਤੇ ਗਏ ਤੇ ਬੀਮਾਰੀਆਂ ਦੇ ਇਲਾਜ ਸਬੰਧੀ ਵੀ। ਖਾਸ ਤੌਰ 'ਤੇ ਤਪਦਿਕ, ਮਲੇਰੀਆ, ਚੇਚਕ, ਕਾਲੀ ਖੰਘ, ਚਮੜੀ ਰੋਗਾਂ ਅਤੇ ਹੋਰ ਲਾਗ ਦੀਆਂ ਬੀਮਾਰੀਆਂ ਸਬੰਧੀ ਬੜੀ ਭਰਪੂਰ ਵਾਕਫੀਅਤ ਦਿੱਤੀ ਗਈ। ਸੰਯੁਕਤ ਰਾਸ਼ਟਰ ਸੰਘ ਅਤੇ ਉਸ ਦੀ ਏਜੰਸੀ ਯੂਨੀਸਫ ਅਤੇ ਵਿਸ਼ਵ ਸੁਆਸਥ ਸੰਘ ਵੱਲੋਂ ਪੁਸਤਕਾਂ, ਦਵਾਈਆਂ ਅਤੇ ਮੈਡੀਕਲ ਨਾਲ ਸਬੰਧਤ ਔਜ਼ਾਰਾਂ ਅਤੇ ਆਵਾਜਾਈ ਸਾਧਨਾਂ ਸਬੰਧੀ ਦਿੱਤੀ ਗਈ ਸਹਾਇਤਾ ਉਤੇ ਕਈ ਲੈਕਚਰ ਕਰਵਾਏ ਗਏ। ਹਾਈਜੀਨ, ਫਿਜ਼ਿਆਲੋਜੀ ਅਤੇ ਅਨਾਟੋਮੀ ਸਬੰਧੀ ਵੀ ਕੁਝ ਲੈਕਚਰ ਹੋਏ।
ਵੈਦ ਸੰਤ ਹਰਿਕਿਸ਼ਨ ਸਿੰਘ ਉਗੋ ਵਾਲੇ ਮੈਨੂੰ ਚੰਗਾ ਤਿਉਹ ਕਰਦੇ ਸਨ। ਉਹਨਾਂ ਨੇ ਮੈਨੂੰ ਆਯੁਰਵੈਦਿਕ ਦੀਆਂ ਕੁਝ ਕਿਤਾਬਾਂ ਵੀ ਪੜ੍ਹਨ ਨੂੰ ਦਿੱਤੀਆਂ ਸਨ। ੧੯੫੯ ਵਿਚ ਉਹ ਪੈਪਸੂ ਆਯੁਰਵੈਦਿਕ ਬੋਰਡ ਦੇ ਸੀਨੀਅਰ ਮੈਂਬਰ ਸਨ ਤੇ ਸਰਕਾਰੀ ਆਯੁਰਵੈਦਿਕ ਮੈਡੀਕਲ ਕਾਲਜ ਪਟਿਆਲਾ ਦੇ ਅਚਾਰੀਆ ਅਮਰ ਨਾਥ ਦੇ ਬਹੁਤ ਕਰੀਬੀ ਸਨ। ਉਹਨਾਂ ਨੂੰ ਪਤਾ ਸੀ ਕਿ ਮੈਂ ਅੱਗੇ ਕਾਲਜ ਪੜ੍ਹਨ ਜੋਗਾ ਨਹੀਂ ਹਾਂ, ਕਿਉਂਕਿ ਉਦੋਂ ਪੰਜਾਹ-ਸੱਠ ਰੁਪਏ ਪ੍ਰਤਿ ਮਹੀਨਾ ਤੋਂ ਘੱਟ ਕਾਲਜ ਦੀ ਪੜ੍ਹਾਈ ਦਾ ਖਰਚ ਨਹੀਂ ਸੀ। ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਮੈਂ ਮੈਟ੍ਰਿਕ ਪਿੱਛੋਂ ਆਯੁਰਵੈਦਿਕ ਕਾਲਜ ਵਿਚ ਦਾਖਲ ਹੋ ਜਾਵਾਂ, ਜਿਥੇ ਉਹ ਮੈਨੂੰ ਸੱਠ ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿਵਾ ਦੇਣਗੇ। ਉਦੋਂ ਹੁਣ ਦੀ ਬੀ.ਏ. ਐਮ.ਐਸ. ਨੂੰ ਜੀ.ਏ. ਐਮ.ਐਸ. ਕਹਿੰਦੇ ਸਨ। ਇਹ ਪ੍ਰੀਖਿਆ ਉਸ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਦੀ ਐਮ.ਬੀ.ਬੀ.ਐਸ.ਦੀ ਪ੍ਰੀਖਿਆ ਹੈ। ਜੀ.ਏ. ਐਮ.ਐਸ. ਪਿੱਛੋਂ ਤੁਰੰਤ ਰਜਿਸਟ੍ਰੇਸ਼ਨ ਹੋ ਜਾਂਦੀ ਅਤੇ ਅਕਸਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਵਿਚ ਵੈਦ ਵਜੋਂ ਨਿਯੁਕਤੀ ਵੀ ਹੋ ਜਾਂਦੀ। ਵੈਦ ਦਾ ਗਰੇਡ ਸੀ ੮ਂ-੫-੧੨ਂ ਦਾ। ਵੈਦ ਨੂੰ ਇਕ ਸੌ ਵੀਹ ਰੁਪਏ ਮਿਲਦੇ। ਹੁਣ ਇਸ ਪੋਸਟ ਉਪਰ ਕੰਮ ਕਰਨ ਵਾਲੇ ਦਾ ਗਰੇਡ ਐਮ.ਬੀ.ਬੀ.ਐਸ. ਡਾਕਟਰ ਦੇ ਗਰੇਡ ਦੇ ਲਗਭਗ ਬਰਾਬਰ ਹੈ। ਐਮ.ਬੀ.ਬੀ.ਐਸ. ਡਾਕਟਰ ਨੂੰ ਸਰਕਾਰੀ ਹਸਪਤਾਲਾਂ ਜਾਂ ਸਿਹਤ ਕੇਂਦਰਾਂ ਵਿਚ ਮੈਡੀਕਲ ਅਫਸਰ ਕਿਹਾ ਜਾਂਦਾ ਹੈ ਅਤੇ ਜੀ.ਏ. ਐਮ.ਐਸ. ਜਾਂ ਬੀ. ਏ.ਐਮ. ਐਸ. ਵਿਦਿਅਕ ਯੋਗਤਾ ਵਾਲੇ ਹੁਣ ਵੈਦ ਨਹੀਂ, ਆਪਣੇ ਆਪ ਨੂੰ ਡਾਕਟਰ ਲਿਖਦੇ ਹਨ ਅਤੇ ਇਹਨਾਂ ਦੀ ਪੋਸਟ ਨੂੰ ਆਯੁਰਵੈਦਿਕ ਮੈਡੀਕਲ ਅਫਸਰ ਕਿਹਾ ਜਾਂਦਾ ਹੈ ਪਰ ਉਸ ਵੇਲੇ ਮੇਰੇ ਇਹ ਪੜ੍ਹਾਈ ਨੱਕ ਹੇਠਾਂ ਨਹੀਂ ਸੀ ਆਈ। ਹਾਂ ਵੈਦ ਜੀ, ਜੋ ਸੰਤ ਵੀ ਸਨ, ਉਹਨਾਂ ਦੇ ਪ੍ਰਭਾਵ ਕਾਰਨ ਕੁਝ ਆਯੁਰਵੈਦਿਕ ਪੁਸਤਕਾਂ ਸ਼ੌਕੀਆ ਪੜ੍ਹ ਲਈਆਂ ਸਨ ਤੇ ਕੁਝ ਆਯੁਰਵੈਦਿਕ ਦਵਾਈਆਂ ਦਾ ਗਿਆਨ ਵੀ ਹਾਸਲ ਕਰ ਲਿਆ ਸੀ। ਇਹ ਸ਼ੌਕ ਤੇ ਗਿਆਨ ਸ਼ਤਰਾਣੇ ਦੀ ਸੇਵਾ ਦੌਰਾਨ ਮੇਰੇ ਬੜਾ ਕੰਮ ਆਇਆ।
ਟ੍ਰੇਨਿੰਗ ਦੇ ਤੀਜੇ ਚੌਥੇ ਦਿਨ ਡਾ.ਸੋਹਣ ਸਿੰਘ ਨੇ ਇਕ ਹੁਕਮ ਸਾਦਰ ਕਰ ਦਿੱਤਾ ਕਿ ਸਭ ਜਣੇ ਕੱਲ੍ਹ ਨੂੰ ਪਰਿਵਾਰ ਨਿਯੋਜਨ 'ਤੇ ਦਸ ਕੁ ਪੰਨਿਆਂ ਦਾ ਲੇਖ ਲਿਖ ਕੇ ਲਿਆਉਣ। ਬਹੁਤੇ ਹੈਲਥ ਐਜੂਕੇਟਰ ਤਾਂ ਸਰਕਾਰੀ ਹੋਸਟਲ ਵਿਚ ਰਹਿੰਦੇ ਸਨ ਪਰ ਮੈਂ ਸਾਡੇ ਨਿਕਟਵਰਤੀ ਅਮਰ ਨਾਥ ਕੋਟਲੇ ਵਾਲੇ ਦੇ ਵੱਡੇ ਲੜਕੇ ਲਾਲ ਚੰਦ ਕੋਲ ਰਹਿੰਦਾ ਸੀ। ਉਹ ਉਦੋਂ ਉਥੇ ਪੰਜਾਬ ਯੂਨੀਵਰਸਿਟੀ ਵਿਚ ਪੀ-ਐਚ.ਡੀ. ਕਰਨ ਪਿੱਛੋਂ ਐਮ.ਫਾਰਮਾ ਨੂੰ ਪੜ੍ਹਾਉਂਦਾ ਸੀ। ਉਸ ਦਾ ਕਿੱਤਾ ਵੀ ਇਕ ਪ੍ਰਕਾਰ ਨਾਲ ਸਿਹਤ ਸਿਖਿਆ ਨਾਲ ਸਬੰਧਤ ਸੀ। ਇਸ ਲਈ ਜੋ ਕੁਝ ਸਾਨੂੰ ਦੱਸਿਆ ਜਾਂਦਾ, ਮੈਂ ਸ਼ਾਮ ਨੂੰ ਲਾਲ ਚੰਦ ਨੂੰ ਜ਼ਰੂਰ ਦਸਦਾ। ਉਹ ਕੁਝ ਹੋਰ ਦੱਸ ਕੇ ਮੇਰੇ ਗਿਆਨ ਵਿਚ ਵਾਧਾ ਕਰਦਾ। ਉਸ ਸ਼ਾਮ ਵੀ ਗੱਲਾਂ ਕਰਦਿਆਂ ਮੈਂ ਭੁੱਲ ਹੀ ਗਿਆ ਕਿ ਦਸ ਕੁ ਪੰਨਿਆਂ ਦਾ ਲੇਖ ਲਿਖਣਾ ਹੈ। ਜਦੋਂ ੧੬ ਸੈਕਟਰ ਵਿਚ ਪਹੁੰਚਿਆ ਤੇ ਡਾ.ਸੋਹਣ ਸਿੰਘ ਦੇ ਦਰਸ਼ਨ ਹੋਏ ਤਾਂ ਝੱਟ ਯਾਦ ਆ ਗਿਆ। ਡਾ.ਸੋਹਣ ਸਿੰਘ ਤੋਂ ਡਰ ਵੀ ਬਹੁਤ ਲਗਦਾ ਸੀ। ਉਹ ਤਾਂ ਸਾਨੂੰ ਇਉਂ ਝਿੜਕ ਦਿੰਦਾ ਸੀ ਜਿਵੇਂ ਸਕੂਲ ਦੇ ਬੱਚਿਆਂ ਨੂੰ ਮਾਸਟਰ। ਉਹ ਉਥੇ ਸਾਡਾ ਅਧਿਆਪਕ ਹੀ ਨਹੀਂ ਸੀ, ਸਾਡਾ ਅਫਸਰ ਵੀ ਸੀ।
ਚੰਗੀ ਗੱਲ ਇਹ ਹੋਈ ਕਿ ਸਿਰਫ ਦੋ ਸਿਖਿਆਰਥੀਆਂ ਨੇ ਲੇਖ ਲਿਖ ਕੇ ਲਿਆਂਦਾ ਸੀ। ਪਹਿਲਾਂ ਮੈਂ ਸਭ ਤੋਂ ਅੱਗੇ ਬਹਿੰਦਾ ਸੀ। ਉਸ ਦਿਨ ਮੈਂ ਸਭ ਤੋਂ ਪਿੱਛੇ ਜਾ ਬੈਠਿਆ। ਅਜੇ ਡਾਕਟਰ ਸਾਹਿਬ ਉਹ ਦੋ ਲੇਖ ਚੈਕ ਹੀ ਕਰ ਰਹੇ ਸਨ ਕਿ ਮੇਰੀ ਖੋਪੜੀ ਕੰਮ ਕਰ ਗਈ। ਮੈਂ ਪੰਜ-ਸੱਤ ਮਿੰਟਾਂ ਵਿਚ ਹੀ ਪਰਿਵਾਰ ਨਿਯੋਜਨ ਉਤੇ ਛੇ ਪੰਗਤੀਆਂ ਝਰੀਟ ਦਿੱਤੀਆਂ। ਬੈਂਤਬਾਜ਼ੀ ਦਾ ਮੈਨੂੰ ਪਹਿਲਾਂ ਹੀ ਚੰਗਾ ਅਭਿਆਸ ਸੀ ਅਤੇ ਇਸ ਤਰ੍ਹਾਂ ਦੀਆਂ ਸੈਂਕੜੇ ਕਵਿਤਾਵਾਂ ਮੈਂ ਪਹਿਲਾਂ ਲਿਖ ਚੁੱਕਿਆ ਸੀ। ਜਦ ਮੇਰੀ ਵਾਰੀ ਆਈ ਤਾਂ ਡਰ ਦੇ ਬਾਵਜੂਦ ਕਿਹਾ ਕਿ ਮੈਂ ਤਾਂ ਇਕ ਛੋਟੀ ਜਿਹੀ ਕਵਿਤਾ ਲਿਖੀ ਹੈ। ਡਾਕਟਰ ਸਾਹਿਬ ਨੇ ਕਵਿਤਾ ਸੁਣਾਉਣ ਲਈ ਕਹਿ ਦਿੱਤਾ। ਮੈਂ ਉਹ ਕਵਿਤਾ ਸੁਣਾ ਦਿੱਤੀ।
ਮੇਰਾ ਸਾਹ ਵਿਚ ਸਾਹ ਆਇਆ। ਮਨ ਟਿਕ ਤਾਂ ਗਿਆ ਹੀ ਸੀ, ਸਮਝੋ ਮਨ ਖੜ੍ਹ ਗਿਆ। ਡਾਕਟਰ ਸਾਹਿਬ ਨੇ ਪੁੱਛਿਆ, **ਤੁਸੀਂ ਪਹਿਲਾਂ ਵੀ ਕਦੇ ਕਵਿਤਾ ਲਿਖੀ ਹੈ?'' **ਜੀ ਹਾਂ, ਮੈਂ ਸੈਂਕੜੇ ਕਵਿਤਾਵਾਂ ਲਿਖੀਆਂ ਹਨ, ਸੈਂਕੜੇ ਛਪੀਆਂ ਵੀ ਹੋਣਗੀਆਂ।'' ਮੈਂ ਦਸਦਾ ਦਸਦਾ ਹੋਰ ਚੌੜਾ ਹੋ ਗਿਆ ਹੋਵਾਂਗਾ। ਮੇਰੇ ਬਹੁਤੇ ਸਾਥੀ ਮੇਰੀ ਇਸ ਪ੍ਰਾਪਤੀ 'ਤੇ ਕੁਝ ਔਖੇ ਜਾਪਦੇ ਸਨ। ਇਹ ਗੱਲ ਮੈਨੂੰ ਦੁਪਹਿਰ ਦੀ ਛੁੱਟੀ ਵੇਲੇ ਪਤਾ ਲੱਗੀ। ਕੁਝ ਮੈਨੂੰ ਮਰਾਸੀ ਕਹਿ ਰਹੇ ਸਨ ਤੇ ਇਕ-ਦੋ ਨੇ ਮੈਨੂੰ ਡਾ.ਸੋਹਣ ਸਿੰਘ ਦਾ ਚਮਚਾ ਹੀ ਬਣਾ ਦਿੱਤਾ। ਦਰਅਸਲ ਛੇ ਛੇ ਫੁੱਟ ਕੱਦ ਅਤੇ ਦਾੜ੍ਹੀ ਮੁੱਛਾਂ ਚੜ੍ਹਾ ਕੇ ਰੱਖਣ ਵਾਲਿਆਂ ਨੂੰ ਇਹ ਮਾੜਚੂ ਜਿਹੇ ਮੁੰਡੇ ਦੀ ਵਡਿਆਈ ਮਨ ਨੂੰ ਭਾਈ ਨਹੀਂ ਸੀ। ਉਦੋਂ ਮੈਂ ਬਹੁਤ ਦੁਬਲਾ-ਪਤਲਾ ਸੀ। ਮੇਰੇ ਐਨਕਾਂ ਲੱਗੀਆਂ ਹੋਈਆਂ ਸਨ। ਜੇ ਬਹੁਤੀਆਂ ਬੁਰੀਆਂ ਨਹੀਂ ਸਨ ਲਗਦੀਆਂ ਤਾਂ ਮੋਟੇ ਸ਼ੀਸ਼ਿਆਂ ਵਾਲੀਆਂ ਇਹ ਐਨਕਾਂ ਚੰਗੀਆਂ ਵੀ ਨਹੀਂ ਸਨ ਲਗਦੀਆਂ। ਮੈਨੂੰ ੁਂਦ ਨੂੰ ਹੀ ਇਹ ਐਨਕਾਂ ਵਿਚ ਆਪਣਾ-ਆਪ ਕੁਝ ਹੀਣਾ ਹੀਣਾ ਤੇ ਊਣਾ ਊਣਾ ਜਾਪਦਾ। ਟ੍ਰੇਨਿੰਗ ਪੂਰੀ ਹੋਈ, ਬਹੁਤ ਕੁਝ ਨਵਾਂ ਸਿਖਿਆ। ਪਰਿਵਾਰ ਨਿਯੋਜਨ, ਸਿਹਤ ਸਿਖਿਆ, ਬੀਮਾਰੀਆਂ ਅਤੇ ਕੁਝ ਹੋਰ ਕਿਤਾਬਾਂ ਲੈ ਕੇ ਮੈਂ ਇਕ ਟ੍ਰੇਂਡ ਹੈਲਥ ਐਜੂਕੇਟਰ ਵਜੋਂ ਮੁੜ ਪੀ.ਐਚ.ਸੀ. ਸ਼ਤਰਾਣੇ ਵਿਚ ਹਾਜ਼ਰੀ ਆ ਦਿੱਤੀ। ਭਾਵੇਂ ਸਰਬਜੀਤ ਤਾਂ ਪਹਿਲਾਂ ਵੀ ਕੁਝ ਨਹੀਂ ਸੀ ਕਹਿੰਦਾ ਪਰ ਸੈਨੇਟਰੀ ਇੰਸਪੈਕਟਰ ਸਹਿਗਲ ਜ਼ਰੂਰ ਮੈਨੂੰ ਮਹਿਕਮੇ ਉਤੇ ਭਾਰ ਦੱਸਿਆ ਕਰਦਾ ਸੀ। ਮੇਰੇ ਸਾਹਮਣੇ ਉਹ ਟੇਢੇ ਵਿੰਗੇ ਢੰਗ ਨਾਲ ਕਹਿੰਦਾ ਤੇ ਮੇਰੀ ਪਿੱਠ ਪਿੱਛੇ ਉਹ ੂਂਬ ਚੁਗਲੀ ਦਰਬਾਰ ਲਗਾਉਂਦਾ। ਕਿਸੇ ਹੱਦ ਤੱਕ ਉਹ ਠੀਕ ਵੀ ਸੀ। ਸਾਰੇ ਹੈਲਥ ਐਜੂਕੇਟਰ ਸਧਾਰਨ ਗ੍ਰੈਜੂਏਟ ਸਨ, ਸਿਹਤ ਸਿਖਿਆ ਦੀ ਉਹਨਾਂ ਕੋਲ ਕੋਈ ਟ੍ਰੇਨਿੰਗ ਨਹੀਂ ਸੀ। ਭਾਵੇਂ ਕੁਝ ਸੂਬਿਆਂ ਵਿਚ ਹੈਲਥ ਐਜੂਕੇਟਰ ਦੇ ਇਕ ਇਕ ਸਾਲ ਦੇ ਕੋਰਸ ਸਨ, ਪਰ ਅਸੀਂ ਸਭ ਹੈਲਥ ਐਜੂਕੇਟਰ ਤਾਂ ਬਿਨਾਂ ਕਿਸੇ ਟ੍ਰੇਨਿੰਗ ਤੋਂ ਹੀ ਭਰਤੀ ਕਰ ਲਏ ਗਏ ਸਾਂ। ਕੁਝ ਕਿਤਾਬਾਂ 'ਚੋਂ ਪੜ੍ਹਿਆ, ਕੁਝ ਟ੍ਰੇਨਿੰਗ ਵਿਚੋਂ ਮਿਲੇ ਨੋਟਸ ਕੰਮ ਆਏ। ਦਵਾਈਆਂ ਦਾ ਗਿਆਨ ਕੁਝ ਤਾਂ ਮੈਂ ਵੇਦ ਪ੍ਰਕਾਸ਼ ਫਾਰਮਾਸਿਸਟ ਤੋਂ ਲਿਆ ਅਤੇ ਕੁਝ ਡਾ.ਜਗਨ ਨਾਥ ਤੋਂ। ਡਾ.ਜਗਨ ਨਾਥ ਤਪਾ ਮੰਡੀ ਵਿਚ ਪੁਰਾਣਾ ਆਰ.ਐਮ.ਪੀ. ਸੀ। ਕੰਪਾਊਂਡਰ ਦੀ ਨੌਕਰੀ ਛੱਡ ਕੇ ਉਸ ਨੇ ਮੈਡੀਕਲ ਸਟੋਰ ਖੋਲ੍ਹਿਆ ਹੋਇਆ ਸੀ। ਉਸ ਦੀ ਪ੍ਰੈਕਟਿਸ ਬਹੁਤ ਵਧੀਆ ਚਲਦੀ ਸੀ। ਮੈਂ ਉਸ ਉਤੇ ਇਕ ਅਹਿਸਾਨ ਵੀ ਕੀਤਾ ਹੋਇਆ ਸੀ। ਜਦੋਂ ਇਕ ਐਤਵਾਰ ਮੈਂ ਤਪੇ ਆਇਆ ਤੇ ਦਵਾਈਆਂ ਬਾਰੇ ਡਾ.ਜਗਨ ਨਾਥ ਨੂੰ ਪੁੱਛਿਆ, ਉਸ ਨੇ ਤਿੰਨ ਚਾਰ ਘੰਟੇ ਵਿਚ ਹੀ ਮੈਨੂੰ ਸਾਰੀਆਂ ਮਿਕਚਰਜ਼ ਵਿਚ ਵਰਤੋਂ ਵਿਚ ਆਉਣ ਵਾਲੇ ਰਸਾਇਣ ਤੇ ਉਹਨਾਂ ਦੀ ਮਿਕਦਾਰ, ਆਮ ਬੀਮਾਰੀਆਂ ਵਿਚ ਵਰਤੋਂ ਵਿਚ ਆਉਣ ਵਾਲੀਆਂ ਸਭ ਦਵਾਈਆਂ ਅਤੇ ਉਹਨਾਂ ਨੂੰ ਦੇਣ ਦਾ ਢੰਗ ਅਤੇ ਮਿਕਦਾਰ ਆਦਿ ਸਭ ਕੁਝ ਲਿਖ ਕੇ ਦੇ ਦਿੱਤਾ। ਚੰਡੀਗੜ੍ਹ ਤੋਂ ਮਿਲੇ ਨੋਟਸ ਤੇ ਕਿਤਾਬਾਂ ਡਾ.ਜਗਨ ਨਾਥ ਦੇ ਦੱਸੇ ਸਭ ਨੁਸੀਂੇ ਤੇ ਦਵਾਈਆਂ ਅਤੇ ਵੈਦ ਸੰਤ ਹਰਿਕਿਸ਼ਨ ਸਿੰਘ ਦੀ ਆਯੁਰਵੈਦਿਕ ਸਿਖਿਆ ਨਾਲ ਮੈਂ ਏਨਾ ਕੁ ਜਾਣੂੰ ਹੋ ਗਿਆ ਸੀ ਕਿ ਸਾਰੇ ਪੈਰਾ ਮੈਡੀਕਲ ਸਟਾਫ ਨੂੰ ਮੂਹਰੇ ਲਾ ਸਕਦਾ ਸੀ ਤੇ ਹੋਇਆ ਵੀ ਏਦਾਂ ਹੀ।
ਪੀ.ਐਚ.ਸੀ. ਸ਼ਤਰਾਣੇ ਵਿਚ ਡਾਕਟਰ ਪਿੱਛੋਂ ਇੰਚਾਰਜ ਦੇ ਤੌਰ 'ਤੇ ਫਾਰਮਾਸਿਸਟ ਕੰਮ ਕਰਦਾ। ਸਹਿਗਲ ਅਕਸਰ ਮੈਨੂੰ ਉਂਗਲ ਲਾਉਂਦਾ ਕਿ ਡਾਕਟਰ ਸਾਹਿਬ ਆਪਣੀ ਗੈਰ-ਹਾਜ਼ਰੀ ਵਿਚ ਤੁਹਾਨੂੰ ਇੰਚਾਰਜ ਬਣਾ ਕੇ ਜਾਣ। ਮੈਂ ਇੰਚਾਰਜੀ ਦੇ ਚੱਕਰ ਵਿਚ ਇਸ ਲਈ ਨਹੀਂ ਸੀ ਪੈਣਾ ਚਾਹੁੰਦਾ, ਕਿਉਂਕਿ ਉਸ ਕਾਰਨ ਬਾਕੀ ਸਾਰੇ ਸਟਾਫ ਨਾਲ ਕਿਸੇ ਨਾ ਕਿਸੇ ਵੇਲੇ ਵਿਗੜਨ ਦਾ ੀਂਦਸ਼ਾ ਸੀ। ਮੈਂ ਤਾਂ ਆਪਣੇ ਕੰਮ ਨਾਲ ਮਤਲਬ ਰੱਖਣਾ ਚਾਹੁੰਦਾ ਸੀ ਤੇ ਰੱਖਿਆ ਵੀ। ਜੇ ਮੇਰਾ ਟੂਰ ਕਿਸੇ ਵੱਡੇ ਪਿੰਡ ਦਾ ਹੁੰਦਾ ਜਿਵੇਂ ਘੱਗਾ, ਕਕਰਾਲਾ, ਗਾਜੇਵਾਸ, ਮੋਮੀਆਂ ਆਦਿ ਦਾ ਤਾਂ ਮੈਂ ਪਹਿਲਾਂ ਜਾਂ ਤਾਂ ਪਿੰਡ ਦੇ ਸਰਪੰਚ ਨੂੰ ਚਿੱਠੀ ਲਿਖ ਦਿੰਦਾ ਤੇ ਜਾਂ ਸਕੂਲ ਦੇ ਹੈਡ ਮਾਸਟਰ ਨੂੰ। ਵੱਡੇ ਪਿੰਡ ਦੇ ਹਾਈ ਸਕੂਲ ਵਿਚ ਅਕਸਰ ਮੈਂ ਸਵੇਰ ਦੀ ਸਭਾ ਤੋਂ ਪੰਜ-ਸੱਤ ਮਿੰਟ ਪਹਿਲਾਂ ਪਹੁੰਚ ਜਾਂਦਾ। ਉਥੇ ਮੈਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ, ਸਫਾਈ ਤੇ ਆਮ ਰੋਗਾਂ ਤੋਂ ਬਚਣ ਦੀਆਂ ਜੁਗਤਾਂ ਉਤੇ ਲੈਕਚਰ ਦਿੰਦਾ। ਅਕਸਰ ਸਕੂਲ ਦਾ ਮੁੱਖ ਅਧਿਅਪਾਕ ਜਾਂ ਮੁੱਖ ਅਧਿਆਪਕਾ ਮੈਨੂੰ ਡਾਕਟਰ ਸਾਹਿਬ ਕਹਿ ਕੇ ਸੰਬੋਧਨ ਕਰਦੇ। ਸਰਕਾਰੀ ਕਾਗਜ਼ਾਂ ਵਿਚ ਮੇਰਾ ਨਾਮ ਤਰਸੇਮ ਲਾਲ ਗੋਇਲ ਸੀ, ਜਿਸ ਕਾਰਨ ਸਿਹਤ ਵਿਭਾਗ ਦੇ ਮੁਲਾਜ਼ਮ ਮੈਨੂੰ ਗੋਇਲ ਸਾਹਿਬ ਕਹਿ ਕੇ ਬੁਲਾਉਂਦੇ। ਜਿਸ ਸਕੂਲ ਵਿਚ ਮੈਂ ਲੈਕਚਰ ਦੇਣਾ ਹੁੰਦਾ, ਉਸ ਖੇਤਰ ਦਾ ਮਲੇਰੀਆ ਵਰਕਰ ਉਥੇ ਪਹੁੰਚਿਆ ਹੁੰਦਾ। ਸਬ-ਸੈਂਟਰ ਹੋਣ ਦੀ ਸੂਰਤ ਵਿਚ ਮੈਂ ਏ.ਐਨ.ਐਮ. ਨੂੰ ਸੁਨੇਹਾ ਲਾ ਦਿੰਦਾ, ਉਹ ਬੀਬੀ ਵੀ ਮੇਰੇ ਦੱਸੇ ਥਾਂ 'ਤੇ ਪਹੁੰਚ ਜਾਂਦੀ। ਸਿੱਧਾ ਪਰਿਵਾਰ ਨਿਯੋਜਨ ਉਤੇ ਭਾਸ਼ਣ ਬਹੁਤੇ ਲੋਕਾਂ ਉਤੇ ਅਜੇ ਅਸਰ ਨਹੀਂ ਸੀ ਕਰਨ ਲੱਗਿਆ। ਇਸ ਲਈ ਮੈਂ ਆਪਣੇ ਭਾਸ਼ਣ ਨੂੰ ਸਿਹਤ ਅਤੇ ਸਫਾਈ ਦੇ ਮਾਧਿਅਮ ਰਾਹੀਂ ਪੇਸ਼ ਕਰਦਾ। ਇਸ ਢੰਗ ਨਾਲ ਲੋਕਾਂ 'ਤੇ ਅਸਰ ਵੀ ਚੰਗਾ ਪੈਂਦਾ ਅਤੇ ਮੇਰੀ ਲਿਆਕਤ ਦਾ ਸਿੱਕਾ ਵੀ ਜੰਮ ਜਾਂਦਾ। ਮੈਂ ਪਰਿਵਾਰ ਨਿਯੋਜਨ ਦੇ ਸ਼ਤਰਾਣੇ ਅਤੇ ਸਮਾਣੇ ਲੱਗਣ ਵਾਲੇ ਸਾਰੇ ਕੈਂਪਾਂ ਤੋਂ ਪਹਿਲਾਂ ਇਹੋ ਗੁਰ ਵਰਤੇ ਸਨ। ਸ਼ਤਰਾਣੇ ਲੱਗਣ ਵਾਲੇ ਕੈਂਪ ਦੌਰਾਨ ਮੈਂ ਸ਼ਤਰਾਣੇ ਦੇ ਨੇੜੇ-ਤੇੜੇ ਦੇ ਪਿੰਡਾਂ ਦਾ ਦੌਰਾ ਕਰਦਾ ਅਤੇ ਸਮਾਣੇ ਲੱਗਣ ਵਾਲੇ ਕੈਂਪ ਸਮੇਂ ਸਮਾਣੇ ਦੇ ਪਿੰਡ ਗਾਹੁੰਦਾ। ਕੈਂਪ ਦੇ ਦਿਨਾਂ ਵਿਚ ਕੁਝ ਦਿਨ ਪੀ.ਐਚ.ਸੀ. ਦੀ ਜੀਪ ਵੀ ਮਿਲ ਜਾਂਦੀ। ਜਦੋਂ ਡਾਕਟਰ ਸਾਹਿਬ ਦਾ ਕਿਸੇ ਸਬ-ਸੈਂਟਰ ਦਾ ਦੌਰਾ ਹੁੰਦਾ ਤਾਂ ਉਹ ਆਪ ਮੈਨੂੰ ਆਪਣੇ ਨਾਲ ਲੈ ਜਾਂਦੇ। ਮੈਂ ਸਿਹਤ ਵਿਭਾਗ ਦੀ ਨੌਕਰੀ ਦੌਰਾਨ ਏਨੀ ਕੁ ਅਕਲ ਜ਼ਰੂਰ ਵਰਤੀ ਕਿ ਆਪਣਾ ਲੰਬਾ ਦੁਰਾਡੇ ਦਾ ਟੂਰ ਉਸ ਪਿੰਡ ਦਾ ਰੱਖਦਾ, ਜਿਥੇ ਬਸ ਜਾਂਦੀ ਹੁੰਦੀ। ਨੇੜੇ ਦੇ ਟੂਰ ਲਈ ਮੈਂ ਸਾਇਕਲ ਵਰਤਦਾ। ਇਸ ਨਾਲ ਇਕ ਫਾਇਦਾ ਇਹ ਸੀ ਕਿ ਮੇਰੇ ਸਫਰ ਖਰਚ ਦਾ ਬਿਲ ਵਾਹਵਾ ਬਣ ਜਾਂਦਾ। ਸਾਢੇ ਤਿੰਨ ਰੁਪਏ ਉਸ ਸਮੇਂ ਦਿਹਾੜੀ ਭੱਤਾ ਮਿਲਦਾ। ਕਿਲੋਮੀਟਰ ਦੇ ਹਿਸਾਬ ਨਾਲ ਆਉਣ-ਜਾਣ ਦੇ ਪੈਸੇ ਹੋਰ ਮਿਲਦੇ। ਪੂਰੀ ਦਿਹਾੜੀ ਓਸ ਸੂਰਤ ਵਿਚ ਹੀ ਮਿਲਦੀ ਜੇ ਟੂਰ ੧੨ ਘੰਟਿਆਂ ਤੋਂ ਵੱਧ ਹੁੰਦਾ ਜਾਂ ਰਾਤ ਬਾਹਰ ਗੁਜ਼ਾਰਨੀ ਹੁੰਦੀ। ਰਾਤ ਬਾਹਰ ਗੁਜ਼ਾਰਨ ਨਾਲ ਡੇਢ ਦਿਹਾੜੀ ਦਾ ਭੱਤਾ ਮਿਲ ਸਕਦਾ ਸੀ। ਇਸ ਮਾਮਲੇ ਵਿਚ ਮੈਂ ਕੋਈ ਦੁੱਧ-ਧੋਤਾ ਨਹੀਂ ਸੀ। ਭਾਵੇਂ ਟੂਰ 'ਤੇ ਜਾਣ ਸਮੇਂ ਮੈਨੂੰ ਹੈਲਥ ਸੈਂਟਰ ਵਿਚ ਹਾਜ਼ਰੀ ਲਾ ਕੇ ਜਾਣੀ ਪੈਂਦੀ ਪਰ ਹਾਜ਼ਰੀ ਲਾਉਣ ਵਿਚ ਮੈਨੂੰ ਕੋਈ ਮੁਸ਼ਕਲ ਨਹੀਂ ਸੀ। ਕਲਰਕ ਦਰਸ਼ਨ ਸੰਧੂ ਦਾ ਰਹਾਇਸ਼ੀ ਕਮਰਾ ਮੇਰੇ ਕਮਰੇ ਦੇ ਬਿਲਕੁਲ ਨਾਲ ਸੀ। ਸ਼ਾਮ ਨੂੰ ਆਉਂਦਾ ਹੋਇਆ ਉਹ ਰਜਿਸਟਰ ਨਾਲ ਚੁੱਕ ਲਿਆਉਂਦਾ ਸੀ। ਮੈਂ ਉਥੇ ਹੀ ਹਾਜ਼ਰੀ ਲਾ ਕੇ ਟੂਰ 'ਤੇ ਚਲਾ ਜਾਂਦਾ ਸੀ। ਟੂਰ ਤੋਂ ਪਰਤਣ ਸਮੇਂ ਮੈਨੂੰ ਕਿਸੇ ਤੋਂ ਹਾਜ਼ਰੀ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸੀ। ਇਸ ਲਈ ਟੂਰ 'ਤੇ ਜਾਣ ਤੇ ਪਰਤਣ ਦਾ ਜੋ ਸਮਾਂ ਮੈਂ ਲਿਖ ਦੇਂਦਾ ਸੀ, ਡਾਕਟਰ ਸਾਹਿਬ ਉਸ ਨੂੰ ਹੀ ਸਹੀ ਮੰਨ ਲੈਂਦੇ। ਹਾਂ, ਕਿਤੇ ਨਾਈਟ ਸਟੇਅ ਦਿਖਾ ਦਿੰਦਾ, ਕਿਤੇ ਆਉਣ ਦਾ ਸਮਾਂ ਵੱਧ ਪਾ ਦਿੰਦਾ। ਇਸ ਤਰ੍ਹਾਂ ਨਾਲ ਸਫਰ ਭੱਤੇ ਦੇ ੪ਂ-੫ਂ ਰੁਪਏ ਵੱਧ ਬਣ ਜਾਂਦੇ। ਬਸ ਉਤੇ ਮੇਰਾ ਖਰਚ ਅਕਸਰ ੨ਂ-੩ਂ ਰੁਪਏ ਹੀ ਹੁੰਦਾ, ਕਿਉਂਕਿ ਮਹੀਨੇ ਦੇ ਮਹੀਨੇ ਮੈਂ ਕਦੇ ਬਿਲ ਨਹੀਂ ਸੀ ਬਣਾਇਆ। ਇਸ ਲਈ ੨ਂ-੩ਂ ਰੁਪਏ ਮੇਰੀ ਜੇਬ 'ਚੋਂ ਹੀ ਖਰਚ ਹੁੰਦੇ। ਬਿਲ ਬਣਾਉਣ ਦਾ ਮੈਨੂੰ ਹਿਸਾਬ ਤਾਂ ਸੀ ਪਰ ਸੀ.ਐਮ.ਓ. ਪਟਿਆਲਾ ਦੇ ਦਫਤਰ ਦਾ ਬਿਲ ਬਾਬੂ ਤੇ ੀਂਜ਼ਾਨੇ ਵਾਲਾ ਬਾਊ ਜਾਂ ਚਪੜਾਸੀ ਓਨਾ ਚਿਰ ਬਿਲ ਪਾਸ ਨਹੀਂ ਸੀ ਕਰਦੇ, ਜਿੰਨਾ ਚਿਰ ਉਹਨਾਂ ਦੀ ਜੇਬ ਗਰਮ ਨਾ ਕੀਤੀ ਜਾਂਦੀ। ਮੈਨੂੰ ਇਸ ਕੰਮ ਦਾ ਅਜੇ ਹਿਸਾਬ ਨਹੀਂ ਸੀ ਆਇਆ।
ਸਿਹਤ ਵਿਭਾਗ ਵਿਚ ਰੁਮਾਂਸ ਦੀ ਭਰਮਾਰ ਵੇਖਣ ਨੂੰ ਮਿਲੀ। ਹੈਲਥ ਸੈਂਟਰ ਵਿਚ ਲੀਲ੍ਹਾ ਹੀ ਨਿਰਾਲੀ ਸੀ। ਡਾ.ਅਵਤਾਰ ਸਿੰਘ ਆਪ ਤਾਂ ਬਹੁਤ ਸਾਊ ਸਨ। ਫਾਰਮਾਸਿਸਟ ਵੇਦ ਪ੍ਰਕਾਸ਼ ਵੀ ਇਸ ਮਾਮਲੇ ਵਿਚ ਪਾਕਸ਼ਸਾਫ ਸੀ, ਉਹ ਤਾਂ ਬੱਸ ਪੈਸੇ ਦਾ ਪੁੱਤ ਸੀ। ਬੀਬੀਆਂ ਵੱਲ ਉਸ ਦਾ ਕੋਈ ਧਿਆਨ ਨਹੀਂ ਸੀ। ਇਕ ਦੋ ਨੂੰ ਛੱਡ ਕੇ ਦੋਵੇਂ ਸੈਨੇਟਰੀ ਇੰਸਪੈਕਟਰ, ਸਰਵੇਲੈਂਸ ਵਰਕਰ ਅਤੇ ਸੀ.ਐਮ.ਓ. ਦਫਤਰ ਵਿਚੋਂ ਆਉਣ ਵਾਲੇ ਅਫਸਰਾਂ ਦੇ ਡਰਾਇਵਰ---ਸਭ ਨਰਸਾਂ 'ਤੇ ਅੱਖ ਰੱਖਦੇ। ਕਿਸੇ ਦੇ ਜੇ ਨਰਸ ਕਾਬੂ ਨਾ ਆਉਂਦੀ ਤਾਂ ਉਹ ਕਿਸੇ ਦਾਈ ਨਾਲ ਰੁਮਾਂਸ ਦੇ ਚੱਕਰ ਵਿਚ ਪੈ ਜਾਂਦੇ। ਇਥੋਂ ਤੱਕ ਕਿ ਦਰਜਾ ਚਾਰ ਕਰਮਚਾਰੀ ਵੀ ਇਸ ਕੰਮ ਵਿਚ ਪਿੱਛੇ ਨਹੀਂ ਸਨ। ਚੌਕੀਦਾਰ ਸੇਵਾ ਸਿੰਘ ਬਜ਼ੁਰਗ ਸੀ, ਬਹੁਤ ਸਿਆਣਾ ਸੀ, ਬੇਹੱਦ ਗੰਭੀਰ। ਪਹਿਲਾ ਡਰਾਇਵਰ ਬਾਬੂ ਰਾਮ ਵੀ ਕਿਸੇ ਹੱਦ ਤੱਕ ਇਸ ਚੱਕਰ ਤੋਂ ਮੁਕਤ ਸੀ। ਜੰਗ ਸਿੰਘ ਨੂੰ ਇਸ ਕੁੱਤੇ ਕੰਮ ਦੀ ਥਾਂ ਵੇਦ ਪ੍ਰਕਾਸ਼ ਤੋਂ ਕੰਮ ਸਿੱਖਣ ਵਿਚ ਵੱਧ ਦਿਲਚਸਪੀ ਸੀ। ਨਰਸਾਂ ਵਿਚੋਂ ਪੀ.ਐਚ.ਸੀ. ਹੈਡਕੁਆਟਰ ਦੀ ਨਰਸ ਵੱਲ ਕਿਸੇ ਦੀ ਝਾਕਣ ਦੀ ਜੁਰੱਅਤ ਨਹੀਂ ਸੀ। ਉਸ ਦਾ ਨੀਂਰਾ ਉ=ੱਚਾ ਸੀ ਜਾਂ ਉਹ ਉਂਜ ਹੀ ਸਾਊ ਸੀ। ਪਰ ਦੋਵੇਂ ਸੈਨੇਟਰੀ ਇੰਸਪੈਕਟਰ ਇਹ ਕਹਿੰਦੇ ਹੁੰਦੇ ਸਨ ਬਈ ਉਹ ਡਾਕਟਰ ਤੋਂ ਘੱਟ ਕਿਸੇ ਨਾਲ ਗੱਲ ਨਹੀਂ ਕਰਦੀ। ਹੈਡਕੁਆਟਰ ਉਤੇ ਇਕ ਦਾਈ ਸ਼ਾਂਤੀ ਦੇਵੀ ਸੀ। ਉਹ ਸ਼ਤਰਾਣੇ ਦੀ ਹੀ ਰਹਿਣ ਵਾਲੀ ਸੀ। ਉਸ ਵੱਲ ਵੀ ਕੋਈ ਅੱਖ ਭਰ ਕੇ ਨਹੀਂ ਸੀ ਵੇਖਦਾ।
ਜਿਸ ਨਰਸ ਜਾਂ ਵਰਕਰ ਦੀ ਕੋਈ ਗੱਲ ਚਲਦੀ, ਉਸ ਦੀ ਕਹਾਣੀ ਅਕਸਰ ਹੈਡ ਕੁਆਟਰ 'ਤੇ ਪਹੁੰਚ ਜਾਂਦੀ, ਮੈਂ ਸਬ-ਸੈਂਟਰਾਂ ਵਿਚ ਵੀ ਜਾਂਦਾ ਹੁੰਦਾ ਸੀ। ਨਰਸਾਂ ਤੇ ਦਾਈਆਂ ਮੇਰਾ ਬਹੁਤ ਸਤਿਕਾਰ ਕਰਦੀਆਂ। ਮੱਬੀ ਸਬ-ਸੈਂਟਰ ਵਾਲੀ ਨਰਸ ਸ਼ਾਦੀ-ਸ਼ੁਦਾ ਸੀ ਤੇ ਉਹਦਾ ਪਤੀ ਉਹਦੇ ਕੋਲ ਪਹਿਰੇਦਾਰਾਂ ਵਾਂਗ ਰਹਿੰਦਾ ਸੀ। ਘੱਗਾ ਸਬ-ਸੈਂਟਰ ਵਾਲੀ ਇਕ ਨਰਸ ਨੂੰ ਕੁਝ ਮਹੀਨੇ ਪਹਿਲਾਂ ਦੋ ਬਦਮਾਸ਼ ਚੁੱਕ ਕੇ ਲੈ ਗਏ ਸਨ। ਇਹ ਕਹਿ ਕੇ ਕਿ ਉਹਨਾਂ ਵਿਚੋਂ ਇਕ ਦੀ ਘਰਵਾਲੀ ਨੂੰ ਬੱਚਾ ਹੋਣਾ ਹੈ ਅਤੇ ਉਸ ਵਿਚਾਰੀ ਨਰਸ ਨੂੰ ਸਾਰੀ ਰਾਤ ਬਹੁਤ ਖੱਜਲ ੁਂਆਰ ਕੀਤਾ। ਖਾਨੇਵਾਲ ਤੇ ਮੋਮੀਆਂ ਸਬ-ਸੈਂਟਰਾਂ ਦੀਆਂ ਨਰਸਾਂ ਮੇਰੇ ਹਾਜ਼ਰ ਹੋਣ ਤੋਂ ਪਿੱਛੋਂ ਆਈਆਂ ਸਨ ਤੇ ਸੀ ਵੀ ਬਿਲਕੁਲ ਨਵੀਆਂ। ਇਕ ਨਰਸ ਹੋਰ ਵੀ ਸੀ ਹੈਡਕੁਆਟਰ 'ਤੇ ਫਰੀਦਕੋਟ ਜ਼ਿਲ੍ਹੇ ਦੀ। ਮੇਰੇ ਸ਼ਤਰਾਣਾ ਰਹਾਇਸ਼ ਦੌਰਾਨ ਕੋਈ ਨਾ ਕੋਈ ਗੱਲ ਕਿਸੇ ਨਾ ਕਿਸੇ ਬਾਰੇ ਸੁਣਨ ਨੂੰ ਮਿਲ ਹੀ ਜਾਂਦੀ ਪਰ ਮੈਂ ਆਪਣੇ ਚਿੱਤੋਂ ਇਸ ਚਿੱਕੜ ਤੋਂ ਬਾਹਰ ਰਹਿਣ ਦੀ ਹੀ ਕੋਸ਼ਿਸ਼ ਕਰਦਾ ਰਹਿੰਦਾ।
ਸਬ-ਸੈਂਟਰ ਦੀ ਜਦੋਂ ਵੀ ਕੋਈ ਨਰਸ ਸ਼ਤਰਾਣੇ ਆਉਂਦੀ, ਉਹ ਮੇਰੇ ਜਾਂ ਸੰਧੂ ਦੇ ਕਮਰੇ ਵਿਚ ਵੀ ਆ ਜਾਂਦੀ। ਪਟਿਆਲੇ ਵਾਲੀ ਇਕ ਨਰਸ ਜਿਹੜੀ ਖਾਨੇਵਾਲ ਸਬ-ਸੈਂਟਰ ਵਿਚ ਕੰਮ ਕਰਦੀ ਸੀ, ਉਹ ਤਾਂ ਅਲਮਾਰੀ 'ਚ ਪਏ ਡੱਬੇ ਵੀ ਫਰੋਲਣ ਲੱਗ ਪੈਂਦੀ। ਅਲਮਾਰੀ ਨੂੰ ਤੀਂਤੇ ਕੋਈ ਨਹੀਂ ਸਨ ਲੱਗੇ ਹੋਏ। ਮਾਂ ਮੇਰੀ ਬੜੀ ਔਖੀ ਔਖੀ ਝਾਕਦੀ, ਖਾਸ ਤੌਰ 'ਤੇ ਜਦੋਂ ਉਹ ਮੇਰਾ ਸ਼ੇਵ ਵਾਲਾ ਡੱਬਾ ਖੋਲ੍ਹ ਕੇ ਕਰੀਮ ਆਦਿ ਮੂੰਹ 'ਤੇ ਮਲਣ ਲੱਗ ਪੈਂਦੀ। ਅਜਿਹੀ ਹਰਕਤ ਉਸ ਨੇ ਦੋ ਵਾਰ ਮੇਰੀ ਹਾਜ਼ਰੀ ਵਿਚ ਵੀ ਕੀਤੀ ਸੀ ਤੇ ਇਕ ਦੋ ਵਾਰ ਮੇਰੀ ਗੈਰ-ਹਾਜ਼ਰੀ ਵਿਚ ਵੀ। ਮੇਰੀ ਮਾਂ ਉਸ ਨੂੰ ਕਹਿੰਦੀ ਤਾਂ ਕੁਝ ਨਹੀਂ ਸੀ ਪਰ ਉਸ ਦੀ ਇਸ ਹਰਕਤ ਨੂੰ ਵੇਖ ਕੇ ਉਸ ਨੂੰ ਚਾਹ ਪਾਣੀ ਪੁੱਛਣਾ ਬੰਦ ਕਰ ਦਿੱਤਾ ਸੀ। ਮਾਂ ਮੈਨੂੰ ਸਮਝਾਉਂਦੀ ਕਿ ਮੈਂ ਕਿਤੇ ਇਸ ਕੁੜੀ ਦੇ ਚੱਕਰ ਵਿਚ ਨਾ ਫਸ ਜਾਵਾਂ। ਮਾਂ ਦੇ ਚੱਕਰ ਵਾਲੀ ਗੱਲ ਆਪਣੀ ਥਾਂ 'ਤੇ ਠੀਕ ਸਿੱਧ ਹੋਈ। ਉਹ ਨਰਸ ਇਕ ਸਰਵੇਲੈਂਸ ਵਰਕਰ ਨਾਲ ਨੇੜਤਾ ਦੇ ਸਬੰਧ ਬਣਾ ਚੁੱਕੀ ਸੀ ਅਤੇ ਇਸ ਗੱਲ ਬਾਰੇ ਮੈਨੂੰ ਉਸ ਵਰਕਰ ਨੇ ਦੱਸ ਦਿੱਤਾ ਸੀ। ਇਸੇ ਕਰਕੇ ਉਹ ਚਾਹੁੰਦੀ ਸੀ ਕਿ ਮੈਂ ਉਸ ਨਾਲ ਹਸ ਕੇ ਬੋਲ ਪਿਆ ਕਰਾਂ ਅਤੇ ਇਸ ਗੱਲ ਨੂੰ ਢਕੀ ਰਹਿਣ ਦੇਵਾਂ। ਮੈਂ ਤਾਂ ਕਿਸੇ ਦੀ ਵੀ ਗੱਲ ਅੱਗੇ ਪਿੱਛੇ ਨਹੀਂ ਸੀ ਕਰਦਾ। ਇਸ ਹਮਾਮ ਵਿਚ ਤਾਂ ਬਹੁਤੇ ਨੰਗੇ ਹੀ ਸਨ। ਆੀਂਰ ਮੈਂ ਇਸ ਨਰਸ ਦੇ ਚੱਕਰਵਿਊ ਵਿਚ ਸਮਝੋ ਆ ਹੀ ਗਿਆ। ਇਹ ਤੀਜੀ ਬਿਮਲਾ ਸੀ ਜਿਸ ਨੇ ਮੈਨੂੰ ਆਪਣੇ ਗੇੜ ਵਿਚ ਲੈਣ ਦੀ ਕੋਸ਼ਿਸ਼ ਕੀਤੀ।
ਇਕ ਵਾਰ ਉਸ ਨੂੰ ਮੇਰੇ ਟੂਰ ਦਾ ਪਤਾ ਸੀ। ਉਹ ਪਟਿਆਲੇ ਤੋਂ ਆ ਕੇ ਪਾਤੜਾਂ ਬਸ ਅੱਡੇ 'ਤੇ ਖੜ੍ਹੀ ਸੀ। ਮੈਂ ਸਾਇਕਲ ਉਤੇ ਸੀ। ਪਾਤੜਾਂ ਉਸ ਨੂੰ ਮੇਰੀ ਠੋਹੀ ਦਾ ਪਤਾ ਸੀ, ਉਥੇ ਮੈਂ ਆ ਕੇ ਇਕ ਅੀਂਬਾਰਾਂ ਵਾਲੇ ਜਾਂ ਇਕ ਹਲਵਾਈ ਦੀ ਦੁਕਾਨ 'ਤੇ ਪੰਜ-ਸੱਤ ਮਿੰਟ ਬੈਠਿਆ ਕਰਦਾ ਸੀ। ਉਹਨੇ ਨਮਸਤੇ ਕੀਤੀ ਅਤੇ ਇਸ ਤਰ੍ਹਾਂ ਮੁਸਕਰਾਈ ਜਿਵੇਂ ਉਸ ਨੂੰ ਬਹੁਤ ਕੁਝ ਮਿਲ ਗਿਆ ਹੋਵੇ। ਟੂਰ ਦਾ ਪਹਿਲਾਂ ਹੀ ਪਤਾ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਮੈਂ ਖਾਨੇਵਾਲ ਹੋ ਕੇ ਅੱਗੇ ਭੂਤਗੜ੍ਹ ਜਾਣਾ ਹੈ। ਖਾਨੇਵਾਲ ਉਦੋਂ ਬਸ ਕੋਈ ਜਾਂਦੀ ਨਹੀਂ ਸੀ ਅਤੇ ਮੈਂ ਉਸ ਨੂੰ ਸਾਇਕਲ ਦੇ ਪਿੱਛੇ ਬਿਠਾਉਣ ਤੋਂ ਨਾਂਹ ਨਹੀਂ ਸੀ ਕਰ ਸਕਦਾ। ਉਂਜ ਵੀ ਮੈਂ ਆੀਂਰ ਮਰਦ ਸੀ। ਇਕ ਸੋਹਣੀ ਕੁੜੀ ਇਸ ਤਰ੍ਹਾਂ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰੇ, ਉਸ ਜਾਲ 'ਚੋਂ ਭਲਾਂ ਮੈਂ ਕਿਵੇਂ ਬਚ ਸਕਦਾ ਸੀ।
ਪਾਤੜਾਂ ਤੋਂ ਕੁਝ ਅੱਗੇ ਜਾ ਕੇ ਉਸ ਨੇ ਉਹ ਹਰਕਤਾਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਮੈਨੂੰ ਐਨੀ ਛੇਤੀ ਆਸ ਨਹੀਂ ਸੀ। ਮੇਰੀ ਪਿੱਠ ਉਪਰ ਉਹ ਆਪਣੀਆਂ ਉਂਗਲਾਂ ਫੇਰਨ ਲੱਗ ਪਈ। ਪਹਿਲਾਂ ਜਦੋਂ ਮੈਂ ਉਸ ਨੂੰ ਰੋਕਿਆ ਤਾਂ ਉਸ ਦਾ ਜਵਾਬ ਸੀ ਕਿ ਮੈਨੂੰ ਭੁਲੇਖਾ ਲੱਗਿਆ ਹੈ ਪਰ ਜਦ ਮੈਂ ਪਿੱਛੇ ਨੂੰ ਆਪਣਾ ਹੱਥ ਕੀਤਾ ਤਾਂ ਉਸ ਨੇ ਮੇਰਾ ਹੱਥ ਫੜ ਲਿਆ। ਮੈਂ ਸੜਕ ਦੇ ਦੋਵੇਂ ਪਾਸੇ ਵੀ ਵੇਖ ਰਿਹਾ ਸੀ ਤੇ ਸਾਹਮਣੇ ਵੀ। ਸ਼ਾਇਦ ਉਹ ਇਸ ਗੱਲੋਂ ਚੌਕਸ ਸੀ। ਉਹਨੇ ਮੈਨੂੰ ਕਿਹਾ ਕਿ ਉਹ ਏਨੀ ਪਾਗਲ ਨਹੀਂ ਕਿ ਕਿਸੇ ਰਾਹੀ ਦੇ ਹੁੰਦਿਆਂ ਕੋਈ ਸ਼ਰਾਰਤ ਕਰੇ। ਸ਼ਰਾਰਤ ਕਰਨ ਵਾਲੀ ਗੱਲ ਉਹ ਆਪਣੇ ਮੂੰਹੋਂ ਮੰਨ ਗਈ ਸੀ।
ਪਿੰਡ ਆਉਣ ਤੋਂ ਕੁਝ ਗਜ਼ ਪਹਿਲਾਂ ਮੈਂ ਉਸ ਨੂੰ ਸਾਇਕਲ ਤੋਂ ਉਤਾਰ ਦਿੱਤਾ ਸੀ। ਮੈਂ ਉਸ ਦੇ ਸਬ-ਸੈਂਟਰ ਪਹੁੰਚ ਗਿਆ ਸੀ, ਜਿਸ ਘਰ ਵਿਚ ਇਹ ਸਬ-ਸੈਂਟਰ ਸੀ, ਉਹ ਇਕ ਹਾਕੀ ਦੇ ਖਿਡਾਰੀ ਦਾ ਘਰ ਸੀ ਜੋ ਹੁਣ ਜ਼ਿੰਦਗੀ ਦੀਆਂ ਸ਼ਾਮਾਂ ਮਾਣ ਰਿਹਾ ਸੀ। ਮੈਂ ਪਹਿਲਾਂ ਵੀ ਉਸ ਨੂੰ ਦੋ ਵਾਰ ਮਿਲ ਚੁੱਕਾ ਸੀ, ਜਿਸ ਕਾਰਨ ਮੇਰਾ ਉਥੇ ਪਹੁੰਚਣਾ ਕੋਈ ਓਪਰੀ ਗੱਲ ਨਹੀਂ ਸੀ। ਕੁਝ ਮਿੰਟਾਂ ਪਿੱਛੋਂ ਬਿਮਲਾ ਵੀ ਪਹੁੰਚ ਗਈ। ਉਹਨੇ ਮੈਨੂੰ ਨਮਸਤੇ ਬੁਲਾਈ ਤੇ ਇਸ ਤਰ੍ਹਾਂ ਜ਼ਾਹਰ ਕੀਤਾ ਕਿ ਪਹਿਲਾਂ ਉਹ ਮੈਨੂੰ ਮਿਲੀ ਹੀ ਨਹੀਂ। **ਕੁੜੀਏ, ਗੋਇਲ ਸਾਹਬ ਨੇ ਤੇਰੀ ਗੈਰ-ਹਾਜ਼ਰੀ ਲਾ ਦੇਣੀ ਸੀ। ਭਾਈ ਟੈਮ ਸਿਰ ਆਇਆ ਕਰ। ਇਹ ਅਫਸਰ ਚੰਗੇ ਐ। ਸਾਡੇ ਜ਼ਮਾਨੇ ਵਿਚ ਤਾਂ ਅਫਸਰ ਅੱਖ ਫਰਕਣ ਨਹੀਂ ਸੀ ਦਿੰਦੇ ਨਾਲੇ ਬੱਚੀਏ, ਡਿਊਟੀ ਡਿਊਟੀ ਹੁੰਦੀ ਏ।'' ਬਜ਼ੁਰਗ, ਬਜ਼ੁਰਗਾਂ ਵਾਲੀ ਨਸੀਹਤ ਦੇ ਰਿਹਾ ਸੀ ਅਤੇ ਬਿਮਲਾ ਇਸ ਤਰ੍ਹਾਂ ਖੜ੍ਹੀ ਸੀ ਜਿਵੇਂ ਸੱਚਮੁੱਚ ਉਸ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੋਵੇ। ਉਸ ਨੂੰ ਹਰ ਕਿਸਮ ਦਾ ਨਾਟਕ ਰਚਨਾ ਆਉਂਦਾ ਸੀ।
ਜਿਹੜੇ ਪਰਿਵਾਰ ਨਿਯੋਜਨ ਦੇ ਦੋ ਕੇਸਾਂ ਨੂੰ ਅਸੀਂ *ਕਨਵਿੰਸ' ਕਰਨ ਜਾਣਾ ਸੀ, ਚਾਹ ਪੀਣ ਪਿੱਛੋਂ ਅਸੀਂ ਦੋਵੇਂ ਉਸ ਪਾਸੇ ਚਲੇ ਗਏ। ਰਾਹ ਵਿਚ ਪ੍ਰੋਗਰਾਮ ਇਹ ਬਣਿਆ ਕਿ ਭੂਤਗੜ੍ਹ ਦੀ ਵਾਪਸੀ ਪਿੱਛੋਂ ਰਾਤ ਮੈਂ ਉਸ ਕੋਲ ਠਹਿਰਾਂ। ਭਾਵੇਂ ਮੈਂ ਆਪਣੀ ਮਾਂ ਨੂੰ ਵੀ ਕਹਿ ਆਇਆ ਸੀ ਤੇ ਸੰਧੂ ਨੂੰ ਵੀ ਕਿ ਜੇ ਭੂਤਗੜ੍ਹ ਤੋਂ ਵਾਪਸ ਨਾ ਆਇਆ ਗਿਆ ਤਾਂ ਮੈਂ ਅਗਲੇ ਦਿਨ ਸਵੇਰੇ ਆਵਾਂਗਾ। ਸ਼ਤਰਾਣੇ ਤੋਂ ਭੂਤਗੜ੍ਹ ੧੮-੨ਂ ਕਿਲੋਮੀਟਰ ਦੂਰ ਸੀ ਤੇ ਖਾਨੇਵਾਲ ਤੋਂ ਸੱਤ-ਅੱਠ ਕਿਲੋਮੀਟਰ ਦੀ ਵਿੱਥ 'ਤੇ।
ਦੁਪਹਿਰ ਦੀ ਰੋਟੀ ਖਾ ਕੇ ਮੈਂ ਆਪਣੇ ਟੂਰ ਲਈ ਤਿਆਰ ਹੋ ਗਿਆ। ਸਰਦਾਰ ਸਾਹਿਬ ਨੇ ਆਪ ਹੀ ਕਹਿ ਦਿੱਤਾ ਕਿ ਆਉਂਦੇ ਹੋਏ ਮੈਂ ਉਹਨਾਂ ਪਾਸ ਰਾਤ ਨੂੰ ਰੁਕਾਂ। ਇਸ ਕਾਰਨ ਮੇਰਾ ਉਥੇ ਰਾਤ ਨੂੰ ਰੁਕਣਾ ਹੋਰ ਅਸਾਨ ਹੋ ਗਿਆ।
ਦਿਨ ਛਿਪਣ ਤੋਂ ਪਹਿਲਾਂ ਮੈਂ ਖਾਨੇਵਾਲ ਆ ਗਿਆ ਸੀ। ਅੰਧਰਾਤੇ ਕਾਰਨ ਮੈਂ ਕਦੇ ਵੀ ਬਾਹਰ ਇਕੱਲਾ ਦਿਨ ਛਿਪਣ ਤੋਂ ਪਿੱਛੋਂ ਨਹੀਂ ਸੀ ਰਿਹਾ। ਇਹ ਘਰ ਵੀ ਮੇਰਾ ਵੇਖਿਆ ਪਰਖਿਆ ਸੀ। ਰੋਟੀ ਖਾਣ ਪਿੱਛੋਂ ਬੈਠਕ ਵਿਚ ਮੇਰਾ ਬਿਸਤਰ ਲਗਾ ਦਿੱਤਾ ਗਿਆ। ਜੇ ਦੂਜਾ ਮੰਜਾ ਡਾਹੁੰਦੇ ਤਾਂ ਸਾਹਮਣੇ ਦਰਵਾਜ਼ਾ ਸੀ। ਸਰਦੀ ਹੋਣ ਕਾਰਨ ਸਰਦਾਰ ਸਾਹਿਬ ਆਪਣੀ ਸਬਾਤ ਵਿਚ ਪੈ ਗਏ ਅਤੇ ਜਿਸ ਬੈਠਕ ਵਿਚ ਮੇਰਾ ਬਿਸਤਰ ਲਗਾਇਆ ਗਿਆ ਸੀ, ਉਹ ਅਸਲ ਵਿਚ ਬਿਮਲਾ ਦਾ ਕਮਰਾ ਸੀ। ਸਰਦਾਰ ਸਾਹਿਬ ਤੇ ਮੈਂ ਵੱਡੀ ਰਾਤ ਤੱਕ ਗੱਲਾਂ ਕਰਦੇ ਰਹੇ। ਉਹ ਆਪਣੇ ਖੇਡ ਜੀਵਨ ਦੀਆਂ ਤੇ ਮੈਂ ਆਪਣੇ ਸਾਹਿਤਕ ਤੇ ਪਰਿਵਾਰਕ ਜੀਵਨ ਦੀਆਂ। ਉਦੋਂ ਮੈਂ ਸਾਹਿਤ ਲਿਖਣਾ ਤੇ ਪੜ੍ਹਨਾ ਬਹੁਤ ਘੱਟ ਕੀਤਾ ਹੋਇਆ ਸੀ। ਬਿਮਲਾ ਨੇ ਸਵੇਰੇ ਉ=ੱਠ ਕੇ ਮੈਥੋਂ ਮਾਫੀ ਮੰਗੀ ਕਿ ਉਹ ਰਾਤ ਨਹੀਂ ਆ ਸਕੀ ਅਤੇ ਉਸ ਦਾ ਕਾਰਨ ਵੀ ਦੱਸਿਆ। ਮੈਂ ਵੀ ਅਜਿਹੇ ਮਾਹੌਲ ਵਿਚ ਉਸ ਤੋਂ ਕੋਈ ਆਸ ਨਹੀਂ ਸੀ ਰੱਖਦਾ। ਮੈਨੂੰ ਆਪਣੀ ਇੱਜ਼ਤ ਪਿਆਰੀ ਸੀ, ਬਹੁਤ ਪਿਆਰੀ। ਉਂਜ ਵੀ ਪਹਿਲ ਉਹਦੀ ਸੀ, ਮੇਰੀ ਨਹੀਂ ਸੀ। ਪਰ ਅਸੀਂ ਦੋਵੇਂ ਆਪਸ ਵਿਚ ਏਨੇ ਖੁੱਲ੍ਹ ਗਏ ਸਾਂ ਕਿ ਮੈਂ ਉਸ ਨੂੰ ਆਪਣੀ ਮਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾ ਦਿੱਤਾ ਸੀ। ਇਸ ਲਈ ਉਹ ਜਦੋਂ ਵੀ ਫੇਰ ਮੇਰੇ ਕਮਰੇ ਵਿਚ ਆਈ, ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਇਆ। ਆ ਕੇ ਮੇਰੀ ਮਾਂ ਨਾਲ ਕੰਮ ਕਰਵਾਉਂਦੀ। ਉਹਨੂੰ ਭਰੋਸਾ ਦੇ ਦਿੱਤਾ ਸੀ ਕਿ ਉਹਦੀ ਧਰਮ ਚੰਦ ਨਾਲ ਜਿਹੜੀ ਗੱਲਬਾਤ ਹੈ, ਮੈਂ ਕਿਸੇ ਨੂੰ ਅੱਗੇ ਨਹੀਂ ਦੱਸਾਂਗਾ। ਸ਼ਾਇਦ ਉਹ ਇਹੋ ਚਾਹੁੰਦੀ ਸੀ। ਸੀ.ਐਮ.ਓ. ਦਾ ਇਕ ਡਰਾਇਵਰ ਅਤੇ ਸਾਡੇ ਦਫਤਰ ਦੇ ਬਾਊ ਜੀ ਇਕ ਨਰਸ ਜਿਸ ਦਾ ਨਾਂ ਸ਼ਾਇਦ ਪਾਲ ਸੀ, ਨਾਲ ਕਈ ਵਾਰ ਹੈਲਥ ਸੈਂਟਰ ਦੇ ਗੈਰਾਜ ਵਿਚ ਹੀ ਮੋਰਚਾ ਲਾ ਦਿੰਦੇ। ਉਹ ਸਭ ਕੁਝ ਮੈਨੂੰ ਦੱਸ ਦਿੰਦੇ ਅਤੇ ਸੰਧੂ ਸਾਹਿਬ ਨੇ ਇਸ ਯੱਗ ਵਿਚ ਆਹੂਤੀ ਪਾਉਣ ਦੀ ਪੇਸ਼ਕਸ਼ ਵੀ ਕੀਤੀ ਪਰ ਮੈਨੂੰ ਪਾਲ ਕਿਸੇ ਗੱਲੋਂ ਵੀ ਜਚਦੀ ਨਹੀਂ ਸੀ। ਬਿਮਲਾ ਦੀ ਜੇ ਉਸ ਸਰਵੇਲੈਂਸ ਵਰਕਰ ਨਾਲ ਗੱਲਬਾਤ ਨਾ ਹੁੰਦੀ ਤਾਂ ਸ਼ਾਇਦ ਮੈਂ ਉਸ ਵੱਲ ਹੋਰ ਹੱਥ ਵਧਾਉਂਦਾ।
ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ, ਮੇਰਾ ਮੁੱਖ ਕੰਮ ਪਰਿਵਾਰ ਨਿਯੋਜਨ ਦੇ ਪ੍ਰਚਾਰ, ਪ੍ਰਸਾਰ ਅਤੇ ਸਫਲਤਾ ਨਾਲ ਜੁੜਿਆ ਹੋਇਆ ਸੀ। ਸਿਵਲ ਹਸਪਤਾਲਾਂ, ਹੈਲਥ ਸੈਂਟਰਾਂ ਅਤੇ ਸਬ-ਸੈਂਟਰਾਂ ਵਿਚ ਕੰਡੋਮ ਉਦੋਂ ਵੀ ਮੁਫਤ ਦਿੱਤੇ ਜਾਂਦੇ ਸਨ ਅਤੇ ਹੁਣ ਵੀ। ਇਸ ਤਰ੍ਹਾਂ ਦਾ ਜਿੰਨਾ ਵੱਧ ਸਮਾਨ ਲਗਦਾ, ਓਨਾ ਠੀਕ ਸੀ ਪਰ ਅਸਲੀ ਜ਼ੋਰ ਇਸ ਕੰਮ 'ਤੇ ਦਿੱਤਾ ਜਾਂਦਾ ਸੀ ਕਿ ਵੱਧ ਤੋਂ ਵੱਧ ਨਲਬੰਦੀ ਤੇ ਨਸਬੰਦੀ ਦੇ ਓਪਰੇਸ਼ਨ ਕਰਵਾਏ ਜਾਣ। ਉਹਨਾਂ ਦਿਨਾਂ ਵਿਚ ਅੱਜ ਦੇ ਕੌਪਰ-ਟੀ ਵਾਂਗ ਜਿਹੜੀ ਗਰਭ ਨਿਰੋਧਕ ਜੁਗਤ ਵਰਤੀ ਜਾਂਦੀ ਸੀ, ਉਸ ਨੂੰ ਆਈ.ਸੀ.ਯੂ.ਡੀ. ਅਰਥਾਤ ਇੰਟਰਾ ਯੂਟਰਿਨ ਕੌਨਟ੍ਰਾਸੈਪਟਿਵ ਡਿਵਾਇਸ ਜਾਂ ਆਮ ਭਾਸ਼ਾ ਵਿਚ ਇਸ ਨੂੰ ਲੂਪ ਰੱਖਣਾ ਵੀ ਕਹਿੰਦੇ ਸਨ। ਸਭ ਤੋਂ ਵੱਧ ਅਹਿਮੀਅਤ ਨਸਬੰਦੀ ਨੂੰ ਦਿੱਤੀ ਜਾਂਦੀ ਸੀ। ਨਸਬੰਦੀ ਨੂੰ ਛੋਟਾ ਓਪਰੇਸ਼ਨ ਮੰਨਿਆ ਜਾਂਦਾ ਸੀ ਤੇ ਹਰ ਸਰਕਾਰੀ ਐਮ.ਬੀ.ਬੀ.ਐਸ. ਡਾਕਟਰ ਨੂੰ ਇਸ ਓਪਰੇਸ਼ਨ ਕਰਨ ਦੀ ਬਾਕਾਇਦਾ ਸਿਖਿਆ ਦਿੱਤੀ ਜਾਂਦੀ। ਇਸ ਓਪਰੇਸ਼ਨ ਲਈ ਕੋਈ ਪੋਸਟ ਗ੍ਰੈਜੂਏਟ ਡਿਗਰੀ ਅਰਥਾਤ ਐਮ.ਐਸ.(ਸਰਜਨ) ਦੀ ਲੋੜ ਨਹੀਂ ਸੀ। ਨਲਬੰਦੀ ਔਰਤ ਦਾ ਮੇਜਰ ਓਪਰੇਸ਼ਨ ਹੈ। ਇਹ ਓਪਰੇਸ਼ਨ ਪੋਸਟ ਗ੍ਰੈਜੂਏਟ ਸਰਜਨ ਜਾਂ ਇਸਤਰੀ ਰੋਗਾਂ ਦੇ ਮਾਹਰ ਐਮ.ਡੀ. ਡਾਕਟਰ ਕਰਦੇ ਸਨ, ਉਦੋਂ ਵੀ ਤੇ ਹੁਣ ਵੀ। ਇਸ ਲਈ ਸਰਕਾਰ ਵੱਲੋਂ ਸਾਨੂੰ ਹਦਾਇਤ ਸੀ ਕਿ ਅਸੀਂ ਨਸਬੰਦੀ ਤੇ ਨਲਬੰਦੀ 'ਤੇ ਹੀ ਜ਼ੋਰ ਦਈਏ। ਇਹ ਦੋਵੇਂ ਓਪਰੇਸ਼ਨ ਅਬਾਦੀ ਘਟਾਉਣ ਜਾਂ ਰੋਕਣ ਲਈ ਪੱਕਾ ਕੰਮ ਸਮਝਿਆ ਜਾਂਦਾ ਹੈ। ਨਸਬੰਦੀ ਦੇ ਕੈਂਪ ਹੈਲਥ ਸੈਂਟਰ ਜਾਂ ਸਿਵਲ ਹਸਪਤਾਲ ਵਿਚ ਦੋ-ਤਿੰਨ ਮਹੀਨੇ ਬਾਅਦ ਲਗਦੇ ਹੀ ਰਹਿੰਦੇ ਸਨ। ਜਦੋਂ ਤਾਰਖ ਿਮਿਥ ਦਿੱਤੀ ਜਾਂਦੀ, ਅਸੀਂ ਪੂਰੀ ਤਰ੍ਹਾਂ ਇਸ ਪਾਸੇ ਜੁਟ ਜਾਂਦੇ। ਸਭ ਕਰਮਚਾਰੀ---ਖਾਸ ਤੌਰ 'ਤੇ ਨਰਸਾਂ, ਐਲ.ਐਚ.ਵੀ., ਸੈਨੇਟਰੀ ਇੰਸਪੈਕਟਰ, ਡਾਕਟਰ ਤੇ ਸਭ ਤੋਂ ਵੱਧ ਹੈਲਥ ਐਜੂਕੇਟਰ ਪੱਬਾਂ ਭਾਰ ਹੋ ਜਾਂਦੇ। ਹਰ ਮੁਲਾਜ਼ਮ ਲਈ ਕੋਟਾ ਮਿਥ ਦਿੱਤਾ ਜਾਂਦਾ। ਹੈਲਥ ਐਜੂਕੇਟਰ ਲਈ ਭਾਵੇਂ ਕੋਟਾ ਕੋਈ ਨਹੀਂ ਸੀ ਪਰ ਕੈਂਪ ਦੀ ਸਫਲਤਾ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਹੁੰਦੀ, ਕਿਉਂਕਿ ਉਹ ਸਾਰੇ ਬਲਾਕ ਵਿਚ ਇਕੋ-ਇਕ ਕਰਮਚਾਰੀ ਮੰਨਿਆ ਜਾਂਦਾ, ਜਿਸ ਦੇ ਜ਼ਿੰਮੇ ਨਿਰੋਲ ਪਰਿਵਾਰ ਨਿਯੋਜਨ ਦਾ ਕੰਮ ਹੁੰਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਸ਼ਤਰਾਣੇ ਸੇਵਾ ਦੌਰਾਨ ਇਕ ਨਸਬੰਦੀ ਓਪਰੇਸ਼ਨ ਕੈਂਪ ਸਮਾਣੇ ਤੇ ਇਕ ਸ਼ਤਰਾਣੇ ਲੱਗਿਆ ਸੀ। ਕੇਸ ਲਿਆਉਣੇ, ਉਹਨਾਂ ਨੂੰ ਪੈਸੇ ਦੇਣੇ ਅਤੇ ਘਰ ਤੱਕ ਜੀਪਾਂ ਵਿਚ ਬਹਾ ਕੇ ਛੱਡ ਕੇ ਆਉਣ ਤੱਕ ਦਾ ਸਾਰਾ ਕੰਮ ਮੇਰੀ ਨਿਗਰਾਨੀ ਵਿਚ ਹੋਇਆ ਸੀ। ਲੋਕਾਂ ਨੂੰ ਸਮਝਾਉਣ ਲਈ ਪੰਚਾਇਤਾਂ, ਬੀ.ਡੀ.ਓ. ਸਟਾਫ ਅਤੇ ਪਟਵਾਰੀ ਆਦਿ ਸਭ ਦੀ ਮਦਦ ਲਈ ਜਾਂਦੀ ਸੀ। ਕੈਂਪ ਦੀ ਕਾਮਯਾਬੀ ਲਈ ਊਰੀ ਵਾਂਗ ਘੁੰਮਣਾ ਪੈਂਦਾ ਸੀ। ਘੱਟੋ-ਘੱਟ ਦੋ ਹਫਤੇ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਸੀ ਹੁੰਦੀ। ਉਪਰੋਂ ਵੱਡੇ ਅਫਸਰਾਂ ਦੀਆਂ ਚੇਤਾਵਨੀਆਂ ਸੁਣਨੀਆਂ ਪੈਂਦੀਆਂ ਤੇ ਹੇਠੋਂ ਆਪਣੇ ਵਿਭਾਗ ਦੇ ਵੀ ਤੇ ਹੋਰ ਵਿਭਾਗਾਂ ਦੇ ਵੀ ਉਲਾਂਭੇ ਸੁਣਨ ਨੂੰ ਮਿਲਦੇ। ਓਪਰੇਸ਼ਨ ਕਰਨ ਲਈ ਬਾਹਰੋਂ ਆਉਣ ਵਾਲੇ ਡਾਕਟਰਾਂ ਦੇ ਚਾਹ-ਪਾਣੀ ਅਤੇ ਮਾਣ-ਸਨਮਾਨ ਸਬੰਧੀ ਵੀ ਚੌਕਸ ਰਹਿਣ ਦੀ ਮੁੱਖ ਜ਼ਿੰਮੇਵਾਰੀ ਮੇਰੀ ਹੀ ਸੀ। ਸ਼ਤਰਾਣੇ ਵਾਲੇ ਕੈਂਪ ਵਿਚ ਅਸੀਂ ਕੋਟਾ ਪੂਰਾ ਕਰ ਲਿਆ ਸੀ। ਕਾਰਨ ਇਹ ਸੀ ਕਿ ਸ਼ਤਰਾਣੇ ਦੇ ਆਲੇ-ਦੁਆਲੇ ਸਾਡੇ ਚਾਰ ਸਬ-ਸੈਂਟਰ ਸਨ, ਨਰਸਾਂ ਨੇ ਆਪਣੇ ਥਾਂ ਭੱਜ-ਦੌੜ ਕੀਤੀ ਤੇ ਬਾਕੀ ਮੁਲਾਜ਼ਮਾਂ ਨੇ ਆਪਣੇ ਥਾਂ। ਮੈਂ ਆਪਣੇ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰਾ ਕੰਮ ਸਿਰਫ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਕੇਸ ਲਿਆਉਣਾ ਉਹਨਾਂ ਕਰਮਚਾਰੀਆਂ ਦੀ ਡਿਊਟੀ ਹੈ, ਜਿੰਨ੍ਹਾਂ ਦਾ ਇਲਾਜ ਦੇ ਕਿਸੇ ਨਾ ਕਿਸੇ ਖੇਤਰ ਨਾਲ ਸਬੰਧ ਹੈ। ਭਾਵੇਂ ਮੈਂ ਅੰਦਰੋਂ ਸਮਝਦਾ ਸੀ ਕਿ ਘੱਟ ਕੰਮ ਹੋਣ ਨਾਲ, ਸੀ.ਐਮ.ਓ. ਅਤੇ ਰਾਜ ਪੱਧਰ ਦੇ ਅਫਸਰਾਂ ਵੱਲੋਂ ਖਿੱਚ-ਖਿਚਾਈ ਮੇਰੀ ਹੀ ਹੋਣੀ ਸੀ।
ਸਮਾਣਾ ਬਲਾਕ ਵਿਚ ਲਾਲ ਤਿਕੋਣ ਦੇ ਪ੍ਰਚਾਰ ਦੀ ਕੋਈ ਕਸਰ ਨਹੀਂ ਸੀ ਛੱਡੀ ਪਰ ਸਿਵਲ ਹਸਪਤਾਲ ਸਮਾਣਾ ਵਿਚ ਲੱਗੇ ਨਸਬੰਦੀ ਦੇ ਕੈਂਪ ਨੇ ਸਾਡਾ ਨੱਕ ਵਿਚ ਦਮ ਕਰ ਛੱਡਿਆ ਸੀ। ਬੜੀ ਮੁਸ਼ਕਲ ਨਾਲ ੧੧ ਕੇਸ ਤਿਆਰ ਕੀਤੇ ਸਨ। ਦੋ ਕੇਸ ਅਜਿਹੇ ਆਏ ਕਿ ਓਪਰੇਸ਼ਨ ਕਰਾਉਣ ਵੇਲੇ ਵਿਚਲ ਗਏ। ਇਹ ਦੋਵੇਂ ਕੇਸ ਮੈਂ ਤਿਆਰ ਕੀਤੇ ਸਨ। ਉਹਨਾਂ ਵਿਚੋਂ ਇਕ ਬੰਦਾ ਅਜਿਹਾ ਸੀ ਜੋ ਘਰੋਂ ਇਹ ਸੋਚ ਕੇ ਆਇਆ ਸੀ ਕਿ ਉਸ ਨੇ ਓਪਰੇਸ਼ਨ ਕਰਵਾਉਣਾ ਹੀ ਨਹੀਂ। ਉਸ ਨੂੰ ਕਾਫੀ ਸਮੇਂ ਤੋਂ ਖੰਘ ਸੀ ਅਤੇ ਉਸ ਨੇ ਖੰਘ ਦੀ ਦਵਾਈ ਲੈਣ ਵਾਸਤੇ ਹੀ ਜੀਪ ਦਾ ਫਾਇਦਾ ਉਠਾਉਣਾ ਸੀ। ਮੈਂ ਵੀ ਉਸ ਨਾਲ ਖੰਘ ਦੀ ਦਵਾਈ ਦਵਾਉਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਆਉਂਦੇ ਹੀ ਪਰਚੀ ਬਣਵਾਉਣ ਅਤੇ ਖੰਘ ਦੀ ਦਵਾਈ ਲੈਣ ਦੀ ਰਟ ਲਾ ਦਿੱਤੀ। ਮੈਂ ਉਸ ਦੀ ਚਲਾਕੀ ਸਮਝ ਨਾ ਸਕਿਆ। ਮੈਂ ਉਸ ਨੂੰ ਗੋਲੀਆਂ ਵੀ ਦੁਆ ਦਿੱਤੀਆਂ ਤੇ ਉਸ ਦਾ ਅਧੀਆ ਖੰਘ ਦੀ ਦਵਾਈ ਨਾਲ ਵੀ ਭਰਵਾ ਦਿੱਤਾ। ਦਵਾਈ ਲੈਣ ਸਾਰ ਹੀ ਉਹ ਗੇਟ ਤੋਂ ਬਾਹਰ ਨਿਕਲ ਗਿਆ।
ਦੂਜੇ ਕੇਸ ਵਿਚ ਓਪਰੇਸ਼ਨ ਕਰਵਾਉਣ ਵਾਲਾ ਸਰਦਾਰ ਕਹੀ ਜਾਵੇ ਕਿ ਉਸ ਨੇ ਰੋਮਾਂ ਦੀ ਬੇਅਦਬੀ ਨਹੀਂ ਹੋਣ ਦੇਣੀ। ਮੈਨੂੰ ਏਸ ਭਾਸ਼ਾ ਦੀ ਸਮਝ ਸੀ। ਮੈਂ ਡਾ.ਜੈਨ ਨੂੰ ਸਾਰੀ ਗੱਲ ਸਮਝਾਈ। ਡਾਕਟਰ ਸਾਹਿਬ ਨੇ ਉਸ ਨੂੰ ਭਰੋਸਾ ਦੁਆਇਆ ਕਿ ਉਸ ਦਾ ਓਪਰੇਸ਼ਨ ਵਾਲ ਕੱਟਣ ਤੋਂ ਬਿਨਾਂ ਹੀ ਕਰ ਦਿੱਤਾ ਜਾਵੇਗਾ। ਮੈਨੂੰ ਨਹੀਂ ਪਤਾ ਕਿ ਉਹ ਓਪਰੇਸ਼ਨ ਕਿਵੇਂ ਕੀਤਾ ਗਿਆ ਪਰ ਓਪਰੇਸ਼ਨ ਹੋ ਗਿਆ ਸੀ ਤੇ ਮਰੀਜ਼ ਸੰਤੁਸ਼ਟ ਸੀ।
ਦੋਹਾਂ ਕੈਂਪਾਂ ਪਿੱਛੋਂ ਮੈਂ ਲਗਭਗ ਹਰ ਮਰੀਜ਼ ਦੇ ਘਰੋ-ਘਰੀ ਜਾ ਕੇ ਉਹਨਾਂ ਦਾ ਪਤਾ ਲਿਆ। ਸਮੇਂ ਸਿਰ ਟਾਂਕੇ ਕਟਵਾਉਣ ਦਾ ਪ੍ਰਬੰਧ ਕੀਤਾ। ਜਿਹੜੇ ਕੇਸਾਂ ਨੂੰ ਹੋਰ ਦਵਾਈ ਦੀ ਲੋੜ ਸੀ, ਉਹਨਾਂ ਨੂੰ ਹੋਰ ਦਵਾਈ ਦਿਵਾਈ। ਇਥੋਂ ਤੱਕ ਕਿ ਇਹਨਾਂ ਮਰੀਜ਼ਾਂ ਦੇ ਟੱਬਰਾਂ ਦੀ ੀਂੈਰ-ਸੁੱਖ ਪਹਿਲਾਂ ਵੀ ਪੁੱਛੀ ਤੇ ਫੇਰ ਵੀ।
ਤੀਜਾ ਕੈਂਪ ਜੋ ਬਹੁਤ ਹੀ ਕਾਮਯਾਬ ਰਿਹਾ, ਉਹ ਸੀ ਸ਼ਤਰਾਣੇ ਦਾ ਲੂਪ ਕੈਂਪ। ਇਸ ਕੈਂਪ ਵਿਚ ਤਿੰਨ ਲੇਡੀ ਡਾਕਟਰਾਂ ਨੂੰ ਸੱਦਿਆ ਗਿਆ ਸੀ ਪਰ ਕੇਸਾਂ ਦਾ ਤਾਂ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਦੁਪਹਿਰ ਤੋਂ ਕੁਝ ਚਿਰ ਪਹਿਲਾਂ ਪਟਿਆਲੇ ਸੁਨੇਹਾ ਭੇਜ ਕੇ ਦੋ ਹੋਰ ਲੇਡੀ ਡਾਕਟਰਾਂ ਨੂੰ ਬੁਲਾਇਆ ਗਿਆ। ਪੰਜ ਸੌ ਤੋਂ ਵੱਧ ਲੂਪ ਫਿੱਟ ਕੀਤੇ ਗਏ। ਜ਼ਿਲ੍ਹਾ ਪਟਿਆਲਾ ਵਿਚ ਹੀ ਨਹੀਂ, ਇਸ ਕੈਂਪ ਦੀ ਧੁੰਮ ਸਾਰੇ ਪੰਜਾਬ ਵਿਚ ਪੈ ਗਈ ਸੀ। ਕੈਂਪ ਵਾਲੇ ਦਿਨ ਇਕ ਚੱਕਰ ਹੋਰ ਪੈ ਗਿਆ। ਮੇਰੀ ਭੈਣ ਤਾਰਾ ਜਣੇਪੇ ਲਈ ਆਈ ਹੋਈ ਸੀ। ਪਹਿਲਾਂ ਉਸ ਦੇ ਦੋ ਕੁੜੀਆਂ ਸਨ। ਦੂਜੇ ਮੇਰੇ ਜੀਜਾ ਜੀ ਦਾ ਸੁਭਾਅ ਕੁਝ ਸੀਂਤ ਹੋਣ ਕਾਰਨ ਸਾਨੂੰ ਇਹ ਡਰ ਸੀ ਕਿ ਜੇ ਹੋਰ ਕੁੜੀ ਹੋ ਗਈ ਤਾਂ ਭੈਣ ਦਾ ਵਸੇਬਾ ਇਸ ਘਰ ਵਿਚ ਹੋਰ ਔਖਾ ਹੋ ਜਾਵੇਗਾ। ਤਾਰਾ ਦੁਪਹਿਰ ਤੋਂ ਕੁਝ ਚਿਰ ਪਹਿਲਾਂ ਢਿੱਲੀ ਹੋਈ ਸੀ। ਆਈ ਤਾਂ ਉਹ ਇਸ ਲਈ ਸੀ ਕਿ ਹਸਪਤਾਲ ਵਿਚ ਡਿਲੀਵਰੀ ਦੀ ਕੋਈ ਮੁਸ਼ਕਲ ਨਹੀਂ ਆਵੇਗੀ ਪਰ ਉਸ ਦਿਨ ਕੈਂਪ ਕਾਰਨ ਹਸਪਤਾਲ ਵਿਚ ਤਾਂ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ। ਹਾਂ, ਪੰਜ ਲੇਡੀ ਡਾਕਟਰ ਅਤੇ ਇਕ ਦਰਜਨ ਨਰਸਾਂ ਜ਼ਰੂਰ ਹਾਜ਼ਰ ਸਨ। ਜੀਪਾਂ ਇੱਲ੍ਹਾਂ ਵਾਂਗ ਘੁੰਮਦੀਆਂ ਫਿਰਦੀਆਂ ਸਨ। ਹੈਲਥ ਸੈਂਟਰ ਦੇ ਨੇੜੇ ਕੋਈ ਦਵਾਈਆਂ ਦੀ ਦੁਕਾਨ ਨਹੀਂ ਸੀ ਅਤੇ ਪਿਚੁਟਿਰੀ ਦੇ ਇੰਜੈਕਸ਼ਨ ਦੀ ਲੋੜ ਸੀ। ਇਹ ਇੰਜੈਕਸ਼ਨ ਹੈਲਥ ਸੈਂਟਰ ਵਿਚ ਵੀ ਨਹੀਂ ਸੀ। ਮੈਂ ੁਂਦ ਟੀਕਾ ਲੈਣ ਲਈ ਪਾਤੜਾਂ ਵੱਲ ਜਾਣ ਦੀ ਤਿਆਰੀ ਕਰ ਹੀ ਰਿਹਾ ਸੀ ਕਿ ਸ਼ਮਸ਼ੇਰ ਸਿੰਘ ਡਰਾਇਵਰ ਵਾਲੀ ਜੀਪ ਆ ਗਈ। ਮੇਰੇ ਦੱਸਣ 'ਤੇ ਉਹ ਕਹਿਣ ਲੱਗਾ, **ਵਾਹ ਜੀ ਗੋਇਲ ਸਾਹਬ, ਅਸੀਂ ਕਾਹਦੇ ਵਾਸਤੇ ਜੰਮੇ ਆਂ?'' ਪਰਚੀ ਲੈ ਕੇ ਉਹਨੇ ਜੀਪ ਪਿੱਛੇ ਮੋੜ ਲਈ ਅਤੇ ਵੀਹ ਮਿੰਟ ਵਿਚ ਟੀਕਾ ਮੇਰੇ ਹੱਥ ਲਿਆ ਫੜਾਇਆ। ਮੱਬੀ ਵਾਲੀ ਨਰਸ, ਜੋ ਬੜੀ ਤਜਰਬੇਕਾਰ ਸੀ ਅਤੇ ਸ਼ਾਂਤੀ ਦਾਈ ਨੂੰ ਡਾਕਟਰ ਸਾਹਿਬ ਨੇ ਪਹਿਲਾਂ ਹੀ ਘਰ ਭੇਜ ਦਿੱਤਾ ਸੀ। ਟੀਕਾ ਲਾਇਆ, ਅੱਧੇ-ਪੌਣੇ ਘੰਟੇ ਬਾਅਦ ਕਾਕਾ ਜੀ ਨੇ ਅਵਤਾਰ ਧਾਰ ਲਿਆ। ਆਂਢ-ਗੁਆਂਢ ਵਿਚ ਵੀ ਤੇ ਸਾਰੇ ਹਸਪਤਾਲ ਵਿਚ ਵੀ ੁਂਸ਼ੀ ਦੀ ਲਹਿਰ ਦੌੜ ਗਈ। ਡਾਕਟਰ ਸਾਹਿਬ ਕਹੀ ਜਾਣ, **ਬਈ ਅੱਜ ਗੋਇਲ ਸਾਹਿਬ ਦਾ ਦਿਨ ਹੈ। ਕੈਂਪ ਦੀ ਸ਼ਾਨਦਾਰ ਕਾਮਯਾਬੀ ਤੇ ਭੈਣ ਜੀ ਦੇ ਬੇਟਾ, ਬਈ ਬੱਸ ਕਮਾਲ ਹੋ ਗਈ।'' ਚਾਰੇ ਪਾਸਿਓਂ ਵਧਾਈ ਹੀ ਵਧਾਈ ਦੀਆਂ ਅਵਾਜ਼ਾਂ ਸੁਣ ਰਹੀਆਂ ਸਨ। ਬਾਹਰੋਂ ਆਏ ਸਟਾਫ ਨੂੰ ਮਠਿਆਈ ਖੁਆਉਣ ਦਾ ਕੰਮ ਪਤਾ ਨਹੀਂ ਕਿਸ ਨੇ ਕੀਤਾ। ਪੰਜ ਸਾਢੇ-ਪੰਜ ਵਜੇ ਤੱਕ ਸਾਰਾ ਕੰਮ ਨਿੱਬੜ ਗਿਆ। ਦਿਨ ਛਿਪਣ ਤੋਂ ਪਹਿਲਾਂ ਗਵੱਈਆਂ ਦੀ ਇਕ ਟੋਲੀ ਪਤਾ ਨਹੀਂ ਕਿਥੋਂ ਆਈ ? ਸੜਕ ਦੇ ਪਰਲੇ ਪਾਸੇ ਬਣੀਆਂ ਦੁਕਾਨਾਂ ਦੇ ਸਾਹਮਣੇ ਨੱਚਣ ਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੰਧੂ, ਸ਼ੁਕਲਾ, ਦੇਸ ਰਾਜ, ਬਖਸ਼ੀ---ਸਭ ਦੇ ਪਰਿਵਾਰ ਇਸ ਤਰ੍ਹਾਂ ੁਂਸ਼ ਸਨ ਜਿਵੇਂ ੁਂਸ਼ੀ ਉਹਨਾਂ ਦੇ ਘਰ ਹੀ ਆਈ ਹੋਵੇ। ਉਪਰਲਾ ਸਾਰਾ ਕੰਮ ਦੇਸ ਰਾਜ ਦੀ ਘਰਵਾਲੀ ਰਾਜ ਰਾਣੀ ਨੇ ਸਾਂਭਿਆ ਹੋਇਆ ਸੀ। ਮੇਰੇ ਲਈ ਸ਼ਤਰਾਣੇ ਦੇ ਸੇਵਾ-ਕਾਲ ਦੌਰਾਨ ਇਹ ਸਭ ਤੋਂ ਵੱਧ ੁਂਸ਼ੀ ਦਾ ਦਿਨ ਸੀ---੨੯ ਅਕਤੂਬਰ ੧੯੬੫। ਹੁਣ ਇਸ ਕਾਕਾ ਜੀ ਦਾ ਨਾਂ ਅਨੁਪਮ ਕੁਮਾਰ ਹੈ, ਰਾਮਪੁਰਾ ਫੂਲ ਵਿਚ ਉਸ ਦੀ ਦਵਾਈਆਂ ਦੀ ਦੁਕਾਨ ਐਸੀ ਵਧੀਆ ਚਲਦੀ ਹੈ ਕਿ ਸਾਰਾ ਪਰਿਵਾਰ ੁਂਸ਼ ਹੈ।
ਅਨੀਤਾ ਤੇ ਬਬਲੀ ਕਾਕਾ ਹੋਣ 'ਤੇ ਟਪਦੀਆਂ ਫਿਰਦੀਆਂ ਸੀ। ਬਬਲੀ ਦੀ ਵੁੱਕਤ ਜਿਵੇਂ ਵਧ ਗਈ ਹੋਵੇ। ਉਸ ਪਿੱਛੋਂ ਕਾਕੇ ਦਾ ਜਨਮ ਹੋਇਆ ਸੀ। ਬਬਲੀ ਦਾ ਪੱਕਾ ਨਾਂ ਅਚਲਾ ਸੀ। ਮੇਰੀ ਇਸ ਛੋਟੀ ਭੈਣ ਤਾਰਾ ਨੇ ਆਪਣੀਆਂ ਦੋਹਾਂ ਕੁੜੀਆਂ ਦੇ ਨਾਂ *ਅ' 'ਤੇ ਰੱਖੇ। ਇਸ ਲਈ ਅਸੀਂ ਇਸ ਕਾਕੇ ਦਾ ਨਾਮ ਰੱਖਿਆ---ਅਨੁਪਮ। ਸਾਡੇ ਲਈ ਕਾਕੇ ਦਾ ਜਨਮ ਅਨੁਪਮ ਘਟਨਾ ਸੀ। ਸਾਡੀ ਤਾਂ ਭੈਣ ਦੀ ਇਸ ਕਾਕੇ ਦੇ ਜਨਮ ਨਾਲ ਹੀ ਕਦਰ ਵਧਣੀ ਸੀ। ਸੱਚਮੁੱਚ ਇਸ ਦਾ ਫਰਕ ਪਿਆ ਵੀ। ਉਦੋਂ ਟੈਲੀਫੋਨ ਆਮ ਨਹੀਂ ਸਨ ਹੁੰਦੇ। ਸੋ ਤਪਾ ਮੰਡੀ ਮੈਂ ਆਪਣੇ ਭਰਾ ਨੂੰ ਤੇ ਰਾਮਪੁਰਾ ਫੂਲ ਜੀਜਾ ਜੀ ਨੂੰ ਚਿੱਠੀਆਂ ਲਿਖ ਦਿੱਤੀਆਂ। ਸ਼ਾਇਦ ਦੋ ਚਿੱਠੀਆਂ ਇਕ ਮਾਲੇਰਕੋਟਲੇ ਅਤੇ ਦੂਜੀ ਸਲ੍ਹੀਣੇ ਲਿਖੀ। ਮਾਲੇਰਕੋਟਲੇ ਤਾਰਾ ਤੋਂ ਵੱਡੀ ਚੰਦਰ ਕਾਂਤਾ ਰਹਿੰਦੀ ਸੀ ਤੇ ਸਲ੍ਹੀਣੇ ਵੱਡੀ ਭੈਣ ਸ਼ੀਲਾ।
ਮਦਨ ਲਾਲ ਜੀ ਕੁਝ ਦਿਨਾਂ ਬਾਅਦ ਆਏ। ਉਹਨਾਂ ਕੋਲ ਘਿਉ ਦੀ ਪੀਪੀ ਸੀ, ਚਾਰ ਸੇਰ ਘਿਉ ਦੀ ਭਰੀ ਹੋਈ ਪੀਪੀ। ਇਕ ਬਦਾਮ ਦੀਆਂ ਗਿਰੀਆਂ ਦਾ ਭਰਿਆ ਲਿਫਾਫਾ ਸੀ ਤੇ ਬਹੁਤ ਕੁਝ ਹੋਰ ਨਿੱਕ-ਸੁੱਕ ਸੀ। ਭੈਣ ਦੇ ਸਹੁਰੇ ਪੰਜੀਰੀ ਬਣਾਉਣ ਵਾਲਾ ਕੋਈ ਵੀ ਨਹੀਂ ਸੀ। ਅਸੀਂ ਆਪ ਵੀ ਚਾਰ ਸੇਰ ਘਿਉ ਲੈ ਆਂਦਾ ਸੀ। ਉਦੋਂ ਸ਼ਤਰਾਣੇ ਦੇ ਇਲਾਕੇ 'ਚ ਪੰਜ ਰੁਪਏ ਸੇਰ ਘਿਉ ਮਿਲਦਾ ਸੀ ਤੇ ਮਿਲਦਾ ਵੀ ਬਿਲਕੁਲ ਖਰਾ। ਮੈਂ ਕਦੇ ਵੀ ਮਦਨ ਲਾਲ ਜੀ ਨੂੰ ਐਨਾ ੁਂਸ਼ ਨਹੀਂ ਸੀ ਵੇਖਿਆ।
ਜਨਵਰੀ ੧੯੬੬ ਵਿਚ ਉਡਦੀ ਉਡਦੀ ੀਂਬਰ ਮਿਲੀ ਕਿ ਸਭ ਬਲਾਕ ਐਕਸਟੈਨਸ਼ਨ ਐਜੂਕੇਟਰਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਇਸ ਦੇ ਦੋ ਕਾਰਨ ਸਨ---ਇਕ ਤਾਂ ਇਹ ਕਿ ਸੈਨੇਟਰੀ ਇੰਸਪੈਕਟਰਾਂ ਲਈ ਉਦੋਂ ਤਰੱਕੀ ਦਾ ਕੋਈ ਚੈਨਲ ਨਹੀਂ ਸੀ। ਉਹਨਾਂ ਦੀ ਮੰਗ ਸੀ ਕਿ ਘੱਟੋ-ਘੱਟ ਇਸ ਪੋਸਟ ਉਪਰ ਉਹਨਾਂ ਦੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ। ਇਕ ਅਫਵਾਹ ਇਹ ਸੀ ਕਿ ਇਹ ਐਜੂਕੇਟਰ ਜਨਤਾ ਵਿਚ ਪਰਿਵਾਰ ਨਿਯੋਜਨ ਦਾ ਪ੍ਰਭਾਵ ਪਾਉਣ ਵਿਚ ਸਫਲ ਨਹੀਂ ਸਨ ਹੋਏ। ਮੈਂ ਡਾ.ਜੈਨ ਨੂੰ ਕਿਹਾ ਕਿ ਉਹ ਭੈਣ ਜੀ ਤੋਂ ਪਤਾ ਕਰਕੇ ਦੇਣ ਕਿ ਸਾਡਾ ਕੀ ਬਣ ਰਿਹਾ ਹੈ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਉਦੋਂ ਦੀ ਸਿਹਤ ਮੰਤਰੀ ਓਮ ਪ੍ਰਭਾ ਜੈਨ ਉਹਨਾਂ ਦੀ ਭੈਣ ਸੀ। ਡਾ.ਜੈਨ ਨੇ ਪੰਜ-ਚਾਰ ਦਿਨ ਬਾਅਦ ਮੈਨੂੰ ਬੁਲਾ ਕੇ ਦੱਸਿਆ ਕਿ ਛਾਂਟੀ ਦੇ ਹੁਕਮ ਜਾਰੀ ਹੋ ਚੁੱਕੇ ਹਨ। ੨੮ ਫਰਵਰੀ ੧੯੬੬ ਨੂੰ ਸਭ ਐਜੂਕੇਟਰਾਂ ਨੂੰ ਫਾਰਗ ਕਰ ਦੇਣਾ ਹੈ।
ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਕ ਮੀਟਿੰਗ ਬੁਲਾਈ। ਹਰਚੇਤ ਸਿੰਘ, ਜੋ ਪੀ.ਐਚ.ਸੀ., ਕੌਲੀ (ਪਟਿਆਲਾ) ਵਿਚ ਕੰਮ ਕਰਦਾ ਸੀ ਅਤੇ ਮੇਰੇ ਉਦਮ ਨਾਲ ਹੀ ਇਹ ਮੀਟਿੰਗ ਸੱਦੀ ਗਈ ਸੀ। ਪਟਿਆਲਾ ਵਿਖੇ ਮੀਟਿੰਗ ਕੀਤੀ ਗਈ। ਛਾਂਟੀ ਦੇ ਹੁਕਮ ਵਾਪਸੀ ਦਾ ਤਾਂ ਹੁਣ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਸ ਲਈ ਅਸੀਂ ਐਸ.ਐਸ.ਐਸ. ਬੋਰਡ ਦੇ ਚੇਅਰਮੈਨ ਨੂੰ ਮਿਲਣ ਦਾ ਫੈਸਲਾ ਕੀਤਾ। ਸਾਡੀ ਹਿੱਲਜੁਲ ਦਾ ਸਿੱਟਾ ਇਹ ਨਿਕਲਿਆ ਕਿ ਛਾਂਟੀ ਦੇ ਨੋਟਿਸ ਦੀ ਤਰੀਕ ਇਕ ਮਹੀਨਾ ਹੋਰ ਵਧਾ ਦਿੱਤੀ ਗਈ। ਇਸ ਤਰ੍ਹਾਂ ੩੧ ਮਾਰਚ ੧੯੬੬ ਨੂੰ ਸਭ ਹੈਲਥ ਐਜੂਕੇਟਰ ਫਾਰਗ ਹੋ ਜਾਣੇ ਸਨ। ਬੋਰਡ ਨੂੰ ਅਜੇ ਅਸੀਂ ਮਿਲੇ ਵੀ ਨਹੀਂ ਸਾਂ ਕਿ ਸਾਡੇ ਸਭ ਦੇ ਜੂਨੀਅਰ ਆਡੀਟਰਾਂ ਦੀਆਂ ਪੋਸਟਾਂ ਉਤੇ ਚੋਣ ਕਰ ਦਿੱਤੀ ਗਈ। ਗਰੇਡ ਸੀ---੮ਂ-੫-੧੨ਂ ਦਾ। ਪਰ ਇਹਨਾਂ ਪੋਸਟਾਂ ਉਤੇ ਵੀ ਸਰਕਾਰ ਨੇ ਨਿਯੁਕਤੀਆਂ ਨਾ ਕਰਨ ਦਾ ਫੈਸਲਾ ਲੈ ਲਿਆ ਸੀ। ਇਹ ਸੂਚਨਾ ਬੋਰਡ ਦੇ ਦਫਤਰ ਵਿਚ ਨਾ ਹੋਣ ਕਾਰਨ ਹੀ ਇਹ ਆਰਡਰ ਹੋਏ ਸਨ।
ਬਹੁਤੇ ਐਜੂਕੇਟਰ ੧੫ਂ ਬੁਨਿਆਦੀ ਤਨਖਾਹ ਦੀ ਨੌਕਰੀ ਛੱਡ ਕੇ ੮ਂ ਰੁਪਏ ਬੁਨਿਆਦੀ ਤਨਖਾਹ ਦੀ ਨੌਕਰੀ ਪ੍ਰਵਾਨ ਕਰਨ ਲਈ ਤਿਆਰ ਨਹੀਂ ਸਨ ਪਰ ਕੁਝ ਤਿਆਰ ਵੀ ਸਨ। ਸ਼ਾਇਦ ਸੋਚਦੇ ਹੋਣ---ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਅਸੀਂ ਇਕ ਡੈਪੂਟੇਸ਼ਨ ਦੀ ਸ਼ਕਲ ਵਿਚ ਬੋਰਡ ਦੇ ਚੇਅਰਮੈਨ ਸ.ਉਜਾਗਰ ਸਿੰਘ ਨੂੰ ਮਿਲੇ। ਉਸ ਨੇ ਮੈਨੂੰ ਪਛਾਣ ਲਿਆ ਸੀ, ਕਿਉਂਕਿ ਮੈਂ ਪਹਿਲਾਂ ਉਸ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਹੋਈਆਂ ਸਨ, ਜਿਸ ਕਾਰਨ ਮੈਨੂੰ ਗੱਲ ਕਰਨ ਵਿਚ ਝਿਜਕ ਮਹਿਸੂਸ ਨਹੀਂ ਸੀ ਹੋਈ। ਉਦੋਂ ਪੰਜਾਬ ਵਿਚ ਕੁਝ ਨਾਇਬ ਤਹਿਸੀਲਦਾਰਾਂ ਤੇ ਪੰਚਾਇਤ ਅਫਸਰਾਂ ਦੀਆਂ ਪੋਸਟਾਂ ਖਾਲੀ ਪਈਆਂ ਸਨ। ਇਹਨਾਂ ਖਾਲੀ ਪਈਆਂ ਪੋਸਟਾਂ ਦੀ ਗਿਣਤੀ ੪੪ ਤੋਂ ਵੱਧ ਸੀ। ਨਾਇਬ ਤਹਿਸੀਲਦਾਰਾਂ ਦੀਆਂ ਪੋਸਟਾਂ ਦਾ ਗਰੇਡ ਹੈਲਥ ਐਜੂਕੇਟਰ ਵਾਲਾ ਹੀ ਸੀ ਤੇ ਪੰਚਾਇਤ ਅਫਸਰਾਂ ਦੀ ਪੋਸਟ ਦਾ ਗਰੇਡ ਉਸ ਤੋਂ ਕੁਝ ਘੱਟ ਸੀ ਪਰ ਅਫਸਰ ਵਾਲੀ ਪੂਛ ਪਿੱਛੇ ਲੱਗੀ ਹੋਣ ਕਾਰਨ, ਸਭ ਹੈਲਥ ਐਜੂਕੇਟਰ ਪੰਚਾਇਤ ਅਫਸਰ ਲੱਗਣ ਲਈ ਵੀ ਤਿਆਰ ਸਨ। ਜਦ ਇਸ ਸਬੰਧੀ ਮੈਂ ਚੇਅਰਮੈਨ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਹ ਹਸ ਕੇ ਕਹਿਣ ਲੱਗੇ, **ਕਾਕਾ ਜੀ, ਤੁਸੀਂ ਕਿਹੜੀ ਦੁਨੀਆਂ 'ਚ ਰਹਿੰਦੇ ਓ? ਨਾਇਬ ਤਹਿਸੀਲਦਾਰਾਂ ਦੀਆਂ ਪੋਸਟਾਂ ਕਿਤੇ ਥੋਡੇ ਲਈ ਆ?'' **ਫੇਰ ਜੀ ਸਾਨੂੰ ਪੰਚਾਇਤ ਅਫਸਰ ਲਾ ਦਿਓ,'' ਮੈਂ ਫਿਰ ਬੜੀ ਨਿਮਰਤਾ ਨਾਲ ਕਿਹਾ। ਉਹ ਫੇਰ ਹੱਸ ਪਿਆ ਤੇ ਕਹਿਣ ਲੱਗਾ, **ਇਹ ਪੋਸਟਾਂ ਵੀ ਥੋਡੇ ਲਈ ਨਹੀਂ ਹਨ।'' ਜਦੋਂ ਕੋਈ ਵੀ ਤੀਰ ਚਲਦਾ ਨਾ ਦਿਸਿਆ ਤਾਂ ਮੈਂ ਕਿਹਾ, **ਅਸੀਂ ਜੀ ਤਿੰਨ ਬੀ.ਏ., ਬੀ.ਐਡ. ਵੀ ਹਾਂ।'' **ਹਾਂ, ਇਹ ਕੰਮ ਦੀ ਗੱਲ ਕੀਤੀ ਨਾ। ਮਾਸਟਰ ਲੱਗਣੈਂ?'' ਮੈਂ *ਹਾਂ' ਵਿਚ ਸਿਰ ਹਿਲਾ ਦਿੱਤਾ। ਤਰਲੋਕ ਸਿੰਘ ਬਿਲਗੇ ਤੋਂ ਸੀ ਤੇ ਇਕ ਬੀਬੀ ਸੀ ਕੁਲਜੀਤ ਕੌਰ, ਸਾਡੇ ਤਿੰਨਾਂ ਦੇ ਸਮਾਜਿਕ ਸਿਖਿਆ ਮਾਸਟਰਾਂ ਦੀਆਂ ਪੋਸਟਾਂ ਉਤੇ ਆਰਡਰ ਕਰਕੇ ਡਾਇਰੈਕਟਰ, ਸਿਖਿਆ ਵਿਭਾਗ, ਪੰਜਾਬ ਨੂੰ ਭੇਜ ਦਿੱਤੇ ਤੇ ਸਾਨੂੰ ਵੀ ਉਸ ਹੁਕਮ ਦੀ ਇਕ ਇਕ ਕਾਪੀ ਦੇ ਦਿੱਤੀ। ਗੁਰਚਰਨ ਸਿੰਘ, ਜੋ ਉਦੋਂ ਹਰਪਾਲਪੁਰ (ਪਟਿਆਲਾ) ਵਿਚ ਹੈਲਥ ਐਜੂਕੇਟਰ ਸੀ, ਪਤਾ ਨਹੀਂ ਡਿਪਟੀ ਸੁਪਰਡੈਂਟ ਜੇਲ੍ਹ ਦੇ ਆਰਡਰ ਕਿਵੇਂ ਲੈ ਗਿਆ। ਬਾਕੀ ਸਭ ਦੇ ਆਰਡਰ ੬ਂ-੪-੧ਂਂ ਦੇ ਗਰੇਡ ਦੀ ਪੋਸਟ ਉਪਰ ਕਰ ਦਿੱਤੇ। ਉਹ ਅਸਮਾਨ ਤੋਂ ਡਿੱਗ ਕੇ ਜੇ ਖਜੂਰ ਵਿਚ ਵੀ ਅਟਕ ਜਾਂਦੇ ਤਾਂ ਸ਼ਾਇਦ ਪ੍ਰਵਾਨ ਕਰ ਲੈਂਦੇ ਪਰ ਉਹਨਾਂ ਵਿਚੋਂ ਬਹੁਤੇ ਤਾਂ ਇਉਂ ਸਮਝਦੇ ਸਨ ਜਿਵੇਂ ਉਹਨਾਂ ਨੂੰ ਭੁੰਜੇ ਸੁੱਟ ਦਿੱਤਾ ਹੋਵੇ। ਕੁਝ ਨੇ ਬੇਬਸੀ ਵਿਚ ਉਹ ਪੋਸਟ ਵੀ ਪ੍ਰਵਾਨ ਕਰ ਲਈ ਤੇ ਕੁਝ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝ ਕੇ ਬੇਰੁਜ਼ਗਾਰੀ ਨੂੰ ਤਰਜੀਹ ਦਿੱਤੀ।
੩੧ ਮਾਰਚ ੧੯੬੬ ਨੂੰ ਦੁਪਹਿਰ ਤੋਂ ਬਾਅਦ ਮੈਨੂੰ ਫਾਰਗ ਕਰ ਦਿੱਤਾ ਗਿਆ। ਡਾ.ਅਵਤਾਰ ਸਿੰਘ ਦੀ ਬਦਲੀ ਹੋ ਚੁੱਕੀ ਸੀ। ਇਸ ਲਈ ਇੰਚਾਰਜ ਸੀ ਵੇਦ ਪ੍ਰਕਾਸ਼ ਫਾਰਮਾਸਿਸਟ। ਉਸ ਨੇ ਮੈਨੂੰ ਯਾਦ ਕਰਾਇਆ ਕਿ ਮੇਰੇ ਅੱਠ ਮਹੀਨਿਆਂ ਦੇ ਟੀ.ਏ. ਬਿਲ ਤਾਂ ਸੀ.ਐਮ.ਓ. ਦੇ ਦਫਤਰ ਵਿਚ ਪਏ ਹਨ। ਮੈਨੂੰ ਉਸ ਦੀ ਪੈਰਵੀ ਕਰਨੀ ਚਾਹੀਦੀ ਹੈ। ਰਕਮ ਅੱਠ ਸੌ ਦੇ ਲਗਭਗ ਸੀ। ਮੇਰੀਆਂ ਤਿੰਨ ਤਨਖਾਹਾਂ ਤੋਂ ਵੀ ਵੱਧ। ਸੀ.ਐਮ.ਓ. ਦੇ ਬਾਬੂ ਅਤੇ ੀਂਜ਼ਾਨੇ ਦੇ ਦਫਤਰੀ ਨਾਲ ਵੇਦ ਪ੍ਰਕਾਸ਼ ਨੇ ਹੀ ਗੱਲ ਕੀਤੀ। ਨੱਬੇ ਰੁਪਏ 'ਚ ਸੌਦਾ ਹੋ ਗਿਆ ਅਤੇ ਮੈਨੂੰ ਫਾਰਗ ਹੋਣ ਦੇ ਕੁਝ ਦਿਨ ਦੇ ਅੰਦਰ ਅੰਦਰ ਹੀ ਸਾਰੀ ਰਕਮ ਦਾ ਭੁਗਤਾਨ ਹੋ ਗਿਆ।
ਸ਼ਤਰਾਣੇ ਤੋਂ ਰਲੀਵ ਹੋਣਾ ਉਸ ਸਮੇਂ ਤਾਂ ਮੇਰੇ ਲਈ ਦੁਖਦਾਈ ਘੜੀ ਸੀ। ਮੈਂ ਇਸ ਗੱਲੋਂ ਵੀ ਦੁਖੀ ਸੀ ਕਿ ਕਿਸੇ ਨੇ ਮੈਨੂੰ ਅਜੇ ਤੱਕ ਵਿਦਾਇਗੀ ਪਾਰਟੀ ਦੀ ਸੁਲਾਹ ਵੀ ਨਹੀਂ ਸੀ ਮਾਰੀ। ਜਿਸ ਦੀ ਥਾਂ ਮੈਂ ਹਾਜ਼ਰ ਹੋਇਆ ਸੀ, ਉਸ ਨੂੰ ਕਿੰਨੇ ਮਾਣ-ਸਤਿਕਾਰ ਨਾਲ ਵਿਦਾਇਗੀ ਪਾਰਟੀ ਦਿੱਤੀ ਗਈ ਸੀ। ਉਸ ਨੂੰ ਯਾਦ ਕਰਕੇ ਮੇਰਾ ਮਨ ਭਰ ਆਇਆ। ਫੇਰ ਮੇਰੇ ਮਨ ਨੇ ਪਲਟਾ ਖਾਧਾ ਕਿ ਉਹ ਸਿਰਫ ਉਸ ਦੀ ਵਿਦਾਇਗੀ ਪਾਰਟੀ ਹੀ ਨਹੀਂ ਸੀ, ਮੇਰੀ ਸੁਆਗਤੀ ਪਾਰਟੀ ਵੀ ਸੀ। ਨਾਲੇ ਉਦੋਂ ਪਾਰਟੀ ਲਈ ਇਸ਼ਾਰਾ ਕਰਨ ਵਾਲਾ ਪੁਰੀਂਲੂਸ ਇਨਸਾਨ ਡਾ.ਅਵਤਾਰ ਸਿੰਘ ਸੀ। ਇਸ ਵੇਦ ਪ੍ਰਕਾਸ਼ ਫਾਰਮਾਸਿਸਟ ਨੂੰ ਕੀ ਪਤਾ ਹੈ ਕਿ ਵਿਦਾ ਹੋ ਰਹੇ ਸਾਥੀ ਨੂੰ ਕਿਵੇਂ ਤੋਰੀਦਾ ਹੈ ਫ ਮੈਂ ਅਜੇ ਰਲੀਵਿੰਗ ਚਿਟ ਬਣਵਾ ਹੀ ਰਿਹਾ ਸੀ ਕਿ ਦਵਿੰਦਰ ਕੌਰ ਨੇ ਦੇਸ ਰਾਜ ਦੀ ਦੁਕਾਨ ਤੋਂ ਚਾਹ-ਪਾਣੀ ਮੰਗਵਾ ਕੇ ਦੂਜੇ ਕਮਰੇ ਵਿਚ ਰੱਖ ਦਿੱਤਾ ਸੀ। ਭਾਵੇਂ ਅਸੀਂ ਛੇ-ਸੱਤ ਮੁਲਾਜ਼ਮ ਹੀ ਹਾਜ਼ਰ ਸੀ, ਪਰ ਦਵਿੰਦਰ ਕੌਰ ਦੇ ਚਿਹਰੇ 'ਤੇ ਬਹੁਤ ਉਦਾਸੀ ਸੀ ਜਿਵੇਂ ਉਸ ਦਾ ਕੋਈ ਸਕਾ ਭਰਾ ਉਸ ਨੂੰ ਛੱਡ ਕੇ ਜਾ ਰਿਹਾ ਹੋਵੇ। ਮਨ ਉਸ ਦਾ ਵੀ ਭਰ ਆਇਆ ਸੀ ਤੇ ਮੇਰਾ ਵੀ। ਦਰਸ਼ਨ ਸਿੰਘ ਸੰਧੂ ਤੇ ਸ਼ੁਕਲਾ ਵੀ ਬਹੁਤ ਉਦਾਸ ਸਨ। ਮੇਰੀ ਇਹ ਪਿਆਰੀ ਭੈਣ ਤੇ ਦੋਵੇਂ ਮਿੱਤਰ ਮੈਨੂੰ ਬੜੇ ਯਾਦ ਆਉਂਦੇ ਹਨ। ੧੯੭੯ ਵਿਚ ਪਤਾ ਲੱਗਾ ਸੀ ਕਿ ਸ਼ੁਕਲੇ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਮੈਂ ਡਾਢਾ ਦੁਖੀ ਹੋਇਆ ਸੀ। ਉਸ ਦੇ ਸਾਰੇ ਭਰਾ ਪਹਿਲਾਂ ਹੀ ਇਕ ਇਕ ਕਰਕੇ ਤੁਰ ਗਏ ਸਨ। ਬੱਸ ਉਹ ਇਕੱਲਾ ਹੀ ਮਾਂ ਦਾ ਇਕੋ ਇਕ ਸਹਾਰਾ ਸੀ। ਜਦੋਂ ਵੀ ਮੈਂ ਪਟਿਆਲੇ ਗਿਆ, ਉਸ ਮਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਪੂਰਾ ਪਤਾ ਨਾ ਹੋਣ ਕਾਰਨ ਮੈਂ ਉਸ ਬੇਸਹਾਰਾ ਵਿਧਵਾ ਮਾਂ ਨਾਲ ਦੁੱਖ ਸਾਂਝਾ ਕਰਨ ਦਾ ਮੌਕਾ ਹਾਸਲ ਨਾ ਕਰ ਸਕਿਆ।
ਦਰਸ਼ਨ ਸਿੰਘ ਸੰਧੂ ਪਟਿਆਲੇ ਰਾਜਿੰਦਰਾ ਹਸਪਤਾਲ ਵਿਚ ਬਦਲ ਗਿਆ ਸੀ। ਕਿਸੇ ਨੇ ਦੱਸਿਆ ਸੀ ਕਿ ਉਸ ਦੀ ਲੱਤ ਤੇ ਬਾਂਹ ਦਾ ਓਪਰੇਸ਼ਨ ਕੀਤਾ ਗਿਆ ਸੀ ਤੇ ਉਹ ਅੱਗੇ ਨਾਲੋਂ ਠੀਕ ਤੁਰ-ਫਿਰ ਲੈਂਦਾ ਹੈ ਪਰ ਜਦੋਂ ਇਕ ਦਿਨ ਮੈਂ ਉਸ ਨੂੰ ਹਸਪਤਾਲ ਮਿਲਣ ਗਿਆ, ਉਹ ਛੁੱਟੀ 'ਤੇ ਸੀ। ਕੁੜੀ ਹੋਣ ਕਾਰਨ ਮੈਂ ਦਵਿੰਦਰ ਕੌਰ ਨੂੰ ਕਦੇ ਵੀ ਮਿਲਣ ਦਾ ਯਤਨ ਨਹੀਂ ਕੀਤਾ। ਸੋਚਦਾ ਸੀ ਕਿ ਮਾਂ ਤੇ ਭਰਾ ਕੀ ਸੋਚਣਗੇ। ਵਿਆਹ ਪਿੱਛੋਂ ਤਾਂ ਅਜਿਹਾ ਕਰਨਾ ਹੋਰ ਵੀ ਔਖਾ ਸੀ। ਪਰ ਉਹ ਮੇਰੇ ਪਿਆਰੇ ਸਾਥੀ ਤੇ ਬੀਬੀਆਂ, ਜਿੰਨ੍ਹਾਂ ਮੈਨੂੰ ਤੁਰਨ ਵੇਲੇ ਭਰੇ ਮਨ ਨਾਲ ਵਿਦਾ ਕੀਤਾ ਸੀ, ਉਹਨਾਂ ਦੇ ਚਿਹਰੇ ਅਜੇ ਵੀ ਕਦੇ-ਕਦਾਈਂ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੇ ਹਨ।
ਵਿਦਾਇਗੀ ਪਿੱਛੋਂ ਅਗਲੇ ਦਿਨ ਸਵੇਰੇ ਅਸੀਂ ਤਪੇ ਲਈ ਤੁਰਨਾ ਸੀ। ਸੰਧੂ ਤੇ ਸ਼ੁਕਲੇ ਦੀਆਂ ਮਾਵਾਂ ਤਾਂ ਉਦਾਸ ਸਨ ਹੀ, ਰਾਜ ਰਾਣੀ ਵੀ ਬੇਹੱਦ ਉਦਾਸ ਸੀ। ਬਖਸ਼ੀ ਦੀਆਂ ਅੱਖਾਂ ਅੰਦਰ ਹੰਝੂ ਸਨ। ਸੇਵਾ ਸਿੰਘ ਮੇਰਾ ਸਮਾਨ ਚੜ੍ਹਾਉਣ ਲਈ ਅੱਡੇ ਉਤੇ ਆਇਆ ਹੋਇਆ ਸੀ। ਮੁੜ ਸ਼ਤਰਾਣੇ ਹਸਪਤਾਲ ਵਿਚ ੧੯੯੭ ਵਿਚ ਗਿਆ ਸੀ, ਪੂਰੇ ੩੨ ਸਾਲ ਬਾਅਦ। ਬੱਸ ਉਥੋਂ ਦੀ ਲੰਘਿਆ ਸੀ, ਉਸ ਦਿਨ ਛੁੱਟੀ ਹੋਣ ਕਾਰਨ ਹਸਪਤਾਲ ਵਿਚ ਕੋਈ ਨਹੀਂ ਸੀ। ਦੇਸ ਰਾਜ ਤੇ ਬਖਸ਼ੀ ਦੇ ਪਰਿਵਾਰ ਵਿਚੋਂ ਵੀ ਕੋਈ ਨਹੀਂ ਸੀ ਮਿਲਿਆ। ਮੇਰੇ ਵੇਲੇ ਦਾ ਕੋਈ ਵੀ ਮੁਲਾਜ਼ਮ ਉਥੇ ਨਹੀਂ ਸੀ ਅਤੇ ਜਿਹੜੀ ਦਾਈ ਤੇ ਚੌਕੀਦਾਰ ਮੈਨੂੰ ਮਿਲੇ ਵੀ, ਉਹ ਵੀ ਓਪਰਿਆਂ ਵਾਂਗ।
ਫਾਰਗ ਹੋਣ ਪਿੱਛੋਂ ਮਾਸਟਰ ਦੀ ਪੋਸਟ 'ਤੇ ਹਾਜ਼ਰ ਹੋਣ ਲਈ ਮੈਨੂੰ ਦੋ ਪੜਾਵਾਂ ਵਿਚੋਂ ਦੀ ਲੰਘਣਾ ਪੈਣਾ ਸੀ। ਉਦੋਂ ਅਜੇ ਹਰਿਆਣਾ ਪੰਜਾਬ ਤੋਂ ਵੱਖ ਨਹੀਂ ਸੀ ਹੋਇਆ ਤੇ ਕੁੱਲੂ ਤੇ ਕਾਂਗੜਾ ਜ਼ਿਲ੍ਹੇ ਵੀ ਪੰਜਾਬ ਵਿਚ ਹੀ ਸਨ। ਐਸ.ਐਸ.ਐਸ.ਬੋਰਡ ਨੇ ਮੇਰੇ ਹੁਕਮਾਂ ਵਿਚ ਕੁੱਲੂ ਤੇ ਕਾਂਗੜਾ ਜ਼ਿਲ੍ਹੇ ਵਿਚ ਮੇਰੀ ਨਿਯੁਕਤੀ ਦੀ ਸਿਫਾਰਸ਼ ਕੀਤੀ ਸੀ, ਜਿਸ ਕਾਰਨ ਮੈਨੂੰ ਡੀ.ਪੀ.ਆਈ. ਦੇ ਦਫਤਰ ਵਿਚੋਂ ਹੁਕਮ ਲੈ ਕੇ ਮੰਡਲ ਸਿਖਿਆ ਅਫਸਰ ਜਲੰਧਰ ਤੋਂ ਕਾਂਗੜਾ ਜਾਂ ਕੁੱਲੂ ਦੇ ਕਿਸੇ ਸਟੇਸ਼ਨ ਦੇ ਹੁਕਮ ਪ੍ਰਾਪਤ ਕਰਨ ਦੀ ਹਦਾਇਤ ਹੋਈ ਸੀ। ਇਸ ਤੋਰੇ-ਫੇਰੇ ਵਿਚ ਅਪ੍ਰੈਲ ਦਾ ਦੂਜਾ ਹਫਤਾ ਸ਼ੁਰੂ ਹੋ ਗਿਆ ਸੀ। ਬਾਹਰ ਲੱਗੀ ਖਾਲੀ ਪੋਸਟਾਂ ਦੀ ਲਿਸਟ ਉਤੇ ਸਰਕਾਰੀ ਹਾਇਰ ਸੈਕੰਡਰੀ ਸਕੂਲ, ਨਦੌਣ ਵਿਚ ਵੀ ਸ.ਸ.ਮਾਸਟਰ ਦੀ ਥਾਂ ਖਾਲੀ ਵਿਖਾਈ ਗਈ ਸੀ। ਇਸ ਲਈ ਮੈਂ ਫਾਰਮ ਵਿਚ ਨਦੌਣ ਭਰ ਕੇ ਦੇ ਦਿੱਤਾ। ਉਸ ਦਿਨ ਹੀ ਮੇਰੇ ਆਰਡਰ ਹੋ ਗਏ। ਆਰਡਰਾਂ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਸੀ.ਐਮ.ਓ. ਧਰਮਸਾਲਾ ਤੋਂ ਮੈਡੀਕਲ ਫਿੱਟਨੈਸ ਸਰਟੀਫਿਕੇਟ ਲੈਣ ਦੀ ਹਦਾਇਤ ਸੀ। ਉਦੋਂ ਜ਼ਿਲ੍ਹਾ ਤਾਂ ਕਾਂਗੜਾ ਸੀ ਪਰ ਜ਼ਿਲ੍ਹੇ ਦੇ ਸਾਰੇ ਦਫਤਰ ਧਰਮਸਾਲਾ ਵਿਚ ਸਨ।
ਮੈਡੀਕਲ ਫਿੱਟਨੈ=ੱਸ ਸਰਟੀਫਿਕੇਟ ਦੀ ਹਦਾਇਤ ਪੜ੍ਹ ਕੇ ਮੈਂ ਪੂਰੀ ਤਰ੍ਹਾਂ ਹਿੱਲ ਗਿਆ ਸੀ। ਹਿੱਲਿਆ ਹੋਇਆ ਤਾਂ ਮੈਂ ਪਹਿਲਾਂ ਹੀ ਸੀ, ਵੱਧ ਗਰੇਡ ਦੀ ਪੋਸਟ ਤੋਂ ਘੱਟ ਗਰੇਡ ਦੀ ਪੋਸਟ 'ਤੇ ਲੱਗਣ ਕਾਰਨ ਤੇ ਦੂਜੇ ਜਿਸ ਇਲਾਕੇ ਨੂੰ ਮੈਂ ਸਲ੍ਹਾਭੇ ਵਾਯੂਮੰਡਲ ਕਾਰਨ ਛੱਡ ਕੇ ਗਿਆ ਸੀ, ਉਸ ਇਲਾਕੇ ਵਿਚ ਹੀ ਮੁੜ ਜਾਣ ਲਈ ਮਜਬੂਰ। ਪਰ ਮੁੜ ਮੈਡੀਕਲ ਫਿੱਟਨੈਸ ਸਰਟੀਫਿਕੇਟ ਲੈਣ ਵਾਲੀ ਹਦਾਇਤ ਤਾਂ ਮੇਰੇ ਲਈ ਅਸਲੋਂ ਡਰਾਉਣੀ ਤੇ ਕਾਂਬਾ ਛੇੜਣ ਵਾਲੀ ਸੀ। ਪਿਛਲੇ ਸਾਲ ਹੀ ਸੰਗਰੂਰ ਤੋਂ ਜਿਹੜੇ ਦੋਜ਼ੀਂੀਂ ਮੈਡੀਕਲ ਫਿੱਟਨੈਸ ਸਰਟੀਫਿਕੇਟ ਲਿਆ ਸੀ, ਉਹ ਮੈਨੂੰ ਹੀ ਪਤਾ ਸੀ ਜਾਂ ਮੇਰੇ ਭਰਾ ਨੂੰ।
ਸੋਚਦੇ ਸੋਚਦੇ ਆੀਂਰ ਦਿਮਾਗ ਕੰਮ ਕਰ ਹੀ ਗਿਆ। ਪਿਛਲੇ ਮੈਡੀਕਲ ਸਰਟੀਫਿਕੇਟ ਦੀ ਤਸਦੀਕ ਸ਼ੁਦਾ ਕਾਪੀ ਮੇਰੇ ਕੋਲ ਸੀ। ਸ਼ਾਇਦ ਇਹ ਸਰਟੀਫਿਕੇਟ ਹੀ ਕੰਮ ਆ ਜਾਵੇ---ਇਹ ਸੋਚ ਕੇ ਮੈਂ ਚਿਕ ਚੁੱਕੀ ਅਤੇ ਈ.ਓ. ਦੇ ਕਮਰੇ ਵਿਚ ਵੜ ਗਿਆ। ਈ.ਓ. ਅਰਥਾਤ ਅਮਲਾ ਅਫਸਰ, ਜਿਵੇਂ ਬਾਹਰ ਤੀਂਤੀ ਲੱਗੀ ਹੋਈ ਸੀ, ਕੋਈ ਬੰਤਾ ਸਿੰਘ ਸੀ। ਚਿੱਟੀ ਦਾੜ੍ਹੀ ਵਾਲਾ ਇਹ ਬੜਾ ਭਲਾ ਪੁਰਸ਼ ਜਾਪਦਾ ਸੀ। ਮੈਂ ਡਰਦੇ ਡਰਦੇ ਕਿਹਾ, **ਸਰ, ਮੈਂ ਰਿਟਰੈਂਚਡ ਇੰਪਲਾਈ ਹਾਂ। ਪਿਛਲੇ ਸਾਲ ਮਈ ਵਿਚ ਹੀ ਮੇਰਾ ਮੈਡੀਕਲ ਹੋਇਆ ਸੀ।'' ਮੈਡੀਕਲ ਫਿੱਟਨੈਸ ਸਰਟੀਫਿਕੇਟ ਦੀ ਨਕਲ ਮੈਂ ਉਸ ਦੇ ਮੇਜ਼ 'ਤੇ ਰਖਦਿਆਂ ਕਿਹਾ। **ਫੇਰ ਤੁਹਾਨੂੰ ਮੈਡੀਕਲ ਕਰਵਾਉਣ ਦੀ ਕੋਈ ਲੋੜ ਨਹੀਂ, ਅਰਜ਼ੀ ਲਿਖੋ ਮੈਂ ਹੁਣੇ ਆਰਡਰ ਕਰ ਦਿੰਦਾ ਹਾਂ।'' ਈ.ਓ.ਸਾਹਿਬ ਮੈਨੂੰ ਰੱਬ ਦੇ ਰੂਪ ਤੋਂ ਘੱਟ ਨਹੀਂ ਸੀ ਲੱਗ ਰਿਹਾ। ਮੈਂ ਮੰਡਲ ਸਿਖਿਆ ਅਫਸਰ ਜਲੰਧਰ ਨੂੰ ਮੁਖਾਤਿਬ ਹੋ ਕੇ ਬਿਨੈ-ਪੱਤਰ ਲਿਖ ਦਿੱਤਾ। ਈ.ਓ.ਸਾਹਿਬ ਨੇ ਅਰਜ਼ੀ ਮਾਰਕ ਕੀਤੀ ਤੇ ਮੈਨੂੰ ਸੁਪਰਡੈਂਟ ਸਾਹਿਬ ਕੋਲ ਭੇਜ ਦਿੱਤਾ। ਪੰਜ ਵਜੇ ਤੋਂ ਪਹਿਲਾਂ ਮੈਨੂੰ ਮੈਡੀਕਲ ਫਿੱਟਨੈਸ ਸਰਟੀਫਿਕੇਟ ਤੋਂ ਛੋਟ ਸਬੰਧੀ ਪੱਤਰ ਪ੍ਰਿੰਸੀਪਲ, ਸਰਕਾਰੀ ਹਾਇਰ ਸੈਕੰਡਰੀ ਸਕੂਲ, ਨਦੌਣ ਦੇ ਨਾਂ ਬਣਾ ਕੇ ਦੇ ਦਿੱਤਾ ਗਿਆ। ਮੇਰੀ ਜਾਨ ਵਿਚ ਜਾਨ ਆਈ।
......ਚਲਦਾ......